ਖਾਨਾਬਦੋਸ਼ ਸੰਸਾਰ

ਹਰਪਾਲ ਸਿੰਘ ਪੰਨੂ
ਫੋਨ: +91-94642-51454
ਅਚਾਨਕ ਖੁਮਾਰ ਸਾਹਿਬ ਟੱਕਰ ਪਏ, ਸਤਨਾਮ ਸਿੰਘ ਖੁਮਾਰ। ਪੁੱਛਿਆ-ਕਿਧਰੋਂ ਆ ਰਹੇ ਹੋ ਹਜ਼ੂਰ ਤੇ ਕਿੱਧਰ ਜਾਣਾ ਹੈ? ਹੱਸ ਪਏ। ਕਹਿੰਦੇ, ਸ਼ਿਅਰ ਅਰਜ਼ ਕਰਤਾ ਹੂੰ। ਇਰਸ਼ਾਦ, ਮੈਂ ਕਿਹਾ।
ਹਵਾ ਕੇ ਦੋਸ਼ ਪਰ ਬਾਦਲ ਕੇ ਟੁਕੜੇ ਕੀ ਤਰਹ ਹਮ ਹੈਂ

ਕਿਸੀ ਝੋਂਕੇ ਸੇ ਪੂਛੇਂਗੇ ਕਿ ਹਮਕੋ ਹੈ ਕਿਧਰ ਜਾਨਾ।
ਦੋਸ਼ ਮਾਇਨੇ ਕੀ ਹੋਇਆ ਖੁਮਾਰ ਸਾਹਿਬ?
ਉਤਰ-ਦੋਸ਼ ਮਾਇਨੇ ਕੰਧਾ। ਖਾਨਾਬਦੋਸ਼ ਲਫ਼ਜ਼ ਨਹੀਂ ਸੁਨਾ ਕਭੀ? ਖਾਨਾ ਮਾਇਨੇ ਘਰ। ਜਿਨ ਲੋਗੋਂ ਕਾ ਘਰ ਉਨਕੇ ਕੰਧੋਂ ਪਰ ਹੋ, ਵੋ ਲੋਗ ਖਾਨਾਬਦੋਸ਼ ਹੋਤੇ ਹੈਂ। ਪਾਂਚ ਸਾਤ ਬਾਂਸ, ਦੋ ਏਕ ਚੱਦਰੇਂ। ਜਹਾਂ ਸ਼ਾਮ ਹੁਈ, ਝੋਂਪੜੀ ਬਨਾ ਲੀ।
ਬੰਗਲਾ ਸ਼ਾਇਰ ਕਾਜ਼ੀ ਨਾਜ਼ਰੁਲ ਇਸਲਾਮ ਯਾਦ ਆ ਗਿਆ। ਲਿਖਦਾ ਹੈ:
ਆਪੋ ਆਪਣੇ ਰਾਜ਼ੀਨਾਵਿਆਂ ਦੇ ਤੰਬੂ ਤਾਣ ਕੇ
ਲੋਕ ਡੂੰਘੀ ਨੀਂਦਰ ਸੌਂ ਗਏ ਹਨ।
ਯਾ ਖੁਦਾ, ਉਨ੍ਹਾਂ ਦੀਆਂ ਨੀਂਦਰਾਂ ਵਿਚ
ਖਲਲ ਪਾ।
ਵੀਹਵੀਂ ਸਦੀ ਵਿਚ ਦੋ ਭਾਰਤੀਆਂ ਨੇ ਦੇਸ਼ ਅਤੇ ਵਿਦੇਸ਼ ਉਪਰ ਆਪਣੀ ਛਾਪ ਛੱਡੀ। ਮਹਾਤਮਾ ਗਾਂਧੀ ਨੇ ਰਾਜਨੀਤਕ ਖੇਤਰ ਵਿਚ ਅਤੇ ਰਾਬਿੰਦਰ ਨਾਥ ਟੈਗੋਰ ਨੇ ਸਾਹਿਤ ਵਿਚ। ਦੋਵੇਂ ਵਿਲੱਖਣ, ਦੋਵਾਂ ਦਾ ਸੁਭਾਅ ਵੱਖੋ-ਵੱਖ, ਇਕ ਦੂਜੇ ਦੇ ਆਲੋਚਕ ਪਰ ਕਦਰਦਾਨ। ਗਾਂਧੀ ਨੂੰ ਮਹਾਤਮਾ ਖਿਤਾਬ ਟੈਗੋਰ ਨੇ ਦਿੱਤਾ, ਟੈਗੋਰ ਨੂੰ ਗੁਰਦੇਵ ਦਾ ਖਿਤਾਬ ਗਾਂਧੀ ਨੇ। ਗਾਂਧੀ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਵਾਪਸ ਇੰਗਲੈਂਡ ਭੇਜਣ ਲਈ ਵਚਨਬਧ; ਟੈਗੋਰ ਦਾ ਸਾਰਾ ਖਾਨਦਾਨ ਸਮੇਤ ਬ੍ਰਹਮੋ ਸਮਾਜ ਦੇ, ਅੰਗਰੇਜ਼ਾਂ ਦਾ ਸਮਰਥਕ।
ਪੰਜਾਬੀਆਂ ਨੇ ਇਨ੍ਹਾਂ ਦੋਵਾਂ ਮਹਾਂਪੁਰਖਾਂ ਨੂੰ ਪਸੰਦ ਨਹੀਂ ਕੀਤਾ। ਕਾਰਨ? ਦੋਵਾਂ ਨੇ ਇਕ-ਇਕ ਵਾਕ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਬਾਰੇ ਬੇਅਦਬੀ ਪੂਰਨ ਕਿਹਾ। ਟੈਗੋਰ ਨੇ ਲਿਖਿਆ-ਗੁਰੂ ਨਾਨਕ ਦੇਵ ਦੀ ਸਫੈਦ ਚਾਦਰ ਉਪਰ ਗੁਰੂ ਗੋਬਿੰਦ ਸਿੰਘ ਨੇ ਲਹੂ ਲਿਬੜੀ ਕਿਰਪਾਨ ਰੱਖ ਦਿੱਤੀ। ਮਹਾਤਮਾ ਗਾਂਧੀ ਨੇ ਕਿਹਾ-ਗੁਰੂ ਗੋਬਿੰਦ ਸਿੰਘ ਭਟਕਿਆ ਹੋਇਆ ਦੇਸ਼ ਭਗਤ ਸੀ।
ਦੋਵਾਂ ਨੇ ਆਪੋ-ਆਪਣੀਆਂ ਗਲਤੀਆਂ ਦਾ ਅਹਿਸਾਸ ਕਰ ਕੇ ਖਿਮਾ ਮੰਗੀ ਪਰ ਪੰਜਾਬੀਆਂ ਨੇ ਖਿਮਾ ਨਹੀਂ ਦਿੱਤੀ। ਮੈਂ ਆਪਣੇ ਵਿਦਿਆਰਥੀਆਂ ਨੂੰ ਅਕਸਰ ਕਹਿੰਦਾ ਹੁੰਦਾ ਸਾਂ ਕਿ ਕਿਸੇ ਵਿਚਾਰਵਾਨ ਜਾਂ ਵਿਚਾਰਧਾਰਾ ਨੂੰ ਰੱਦ ਕਰਨ ਦਾ ਤੁਹਾਨੂੰ ਹੱਕ ਹੈ ਪਰ ਰੱਦ ਕਰਨ ਤੋਂ ਪਹਿਲਾਂ ਉਸ ਨੂੰ ਜਾਣ ਤਾਂ ਲਵੋ। ਕੋਈ ਅਸਰ ਨਹੀਂ। ਜਿਹੜਾ ਚੰਗਾ ਨਹੀਂ ਲੱਗਿਆ, ਉਸ ਨੂੰ ਜਾਣ ਕੇ ਕੀ ਕਰਨਾ ਹੋਇਆ? ਅੱਖਾਂ ਮੀਚ ਕੇ ਕਿੱਕ ਮਾਰੋ। ਫੁੱਟਬਾਲ ਕਿੱਥੇ ਡਿੱਗੇਗੀ, ਫੁੱਟਬਾਲ ਜਾਣੇ ਜਾਂ ਰੱਬ ਜਾਣੇ!
ਪੰਜਾਬੀਆਂ ਨੇ ਕਿਹਾ-ਭਟਕੇ ਹੋਏ ਦੀ ਤਾਂ ਗੱਲ ਛੱਡੋ, ਗੁਰੂ ਸਾਹਿਬਾਨ ਦੇਸ਼ ਭਗਤ ਹਨ ਹੀ ਨਹੀਂ। ਉਹ ਸਾਰੀ ਕਾਇਨਾਤ ਦੇ ਮਾਲਕ ਹਨ। ਅਵਤਾਰ, ਪੈਗੰਬਰ ਜਾਂ ਗੁਰੂ ਦੇਸ਼ ਭਗਤੀ ਦੇ ਰਸਤੇ ਨਹੀਂ ਪੈਂਦੇ। ਦੇਸ਼ ਭਗਤੀ ਬਾਰੇ ਸੈਮੁਅਲ ਜਾਨਸਨ (1709-1784) ਦਾ ਵਾਕ ਅਕਸਰ ਦੁਹਰਾਇਆ ਜਾਂਦਾ ਰਿਹਾ ਹੈ-ਬਦਮਾਸ਼ ਦੀ ਆਖਰੀ ਪਨਾਹ ਦੇਸ਼ ਭਗਤੀ ਹੁੰਦੀ ਹੈ।
ਪੰਜਾਬੀਆਂ ਦੇ ਨਾਇਕ ਕਿਹੋ ਜਿਹੇ ਹੁੰਦੇ ਹਨ, ਇਹ ਸੰਤ ਸਿੰਘ ਸੇਖੋਂ ਨੇ ਦੱਸਿਆ। ਕਹਿੰਦੇ ਖਬਰ ਮਿਲੀ ਕਿ ਹੋਰ ਵੱਡੇ ਲੀਡਰਾਂ ਸਣੇ ਮਹਾਤਮਾ ਗਾਂਧੀ ਵੀ ਲਾਹੌਰ ਆਏਗਾ। ਉਸ ਬਾਰੇ ਬੜਾ ਕੁਝ ਪੜ੍ਹਿਆ ਸੁਣਿਆ ਹੋਇਆ ਸੀ ਕਿ ਉਸ ਦੇ ਲਲਕਾਰੇ ਨਾਲ ਅੰਗਰੇਜ਼ ਤਿੱਤਰ ਹੋ ਜਾਣਗੇ। ਅੰਗਰੇਜ਼ ਉਸ ਤੋਂ ਡਰ ਨਾਲ ਥਰ-ਥਰ ਕੰਬ ਰਹੇ ਹਨ। ਅਸੀਂ ਚਾਰ ਜਮਾਤੀਆਂ ਨੇ ਇਹੋ ਜਿਹੇ ਬਲਵਾਨ ਲੀਡਰ ਨੂੰ ਦੇਖਣ ਦਾ ਮਨ ਬਣਾਇਆ। ਸੁਣਨਾ ਨਹੀਂ, ਦੇਖਣਾ ਸੀ। ਟ੍ਰੇਨ ਵਿਚ ਅੰਮ੍ਰਿਤਸਰੋਂ ਚੜ੍ਹੇ, ਲਾਹੌਰ ਜਾ ਉਤਰੇ। ਪੁੱਛਦੇ-ਪੁਛਾਉਂਦੇ ਕਾਨਫਰੰਸ ਦੀ ਥਾਂ ‘ਤੇ ਪੁੱਜ ਗਏ। ਬੈਠੇ ਲੋਕਾਂ ਨੂੰ ਪੁੱਛਿਆ-ਗਾਂਧੀ ਕਿੱਥੇ ਹੈ? ਦੱਸਿਆ-ਅਜੇ ਆਇਆ ਨਹੀਂ। ਕਹਿੰਦੇ, ਸਾਨੂੰ ਦੱਸ ਦੇਣਾ ਜਦੋਂ ਆਇਆ। ਠੀਕ ਹੈ।
ਕੁਝ ਦੇਰ ਬਾਅਦ ‘ਮਹਾਤਮਾ ਗਾਂਧੀ ਜ਼ਿੰਦਾਬਾਦ’, ‘ਭਾਰਤ ਮਾਤਾ ਜ਼ਿੰਦਾਬਾਦ’ ਦੇ ਨਾਅਰੇ ਲੱਗਣ ਲੱਗੇ। ਪਤਾ ਲੱਗਾ, ਗਾਂਧੀ ਜੀ ਆ ਗਏ ਹਨ। ਕਿਹੜੇ ਹਨ ਇਨ੍ਹਾਂ ਵਿਚ ਗਾਂਧੀ? ਦੱਸਿਆ ਕਿ ਅਹੁ ਜਿਸ ਨੇ ਲੰਗੋਟੀ ਪਹਿਨੀ ਤੇ ਹੱਥ ਵਿਚ ਸੋਟੀ ਫੜੀ ਹੋਈ ਹੈ, ਉਹ ਹੈ। ਅਸੀਂ ਬੜੇ ਦੁਖੀ ਹੋਏ। ਦਰਮਿਆਨਾ ਜਿਹਾ ਕੱਦ, ਪਤਲਾ ਜਿਸਮ, ਨੰਗ-ਧੜੰਗ। ਅਸੀਂ ਸੋਚ ਰਹੇ ਸੀ, ਬਾਣਾ ਪਹਿਨੀ ਘੋੜੇ ‘ਤੇ ਸਵਾਰ, ਹੱਥ ਵਿਚ ਨੇਜ਼ਾ, ਲੱਕ ਕਿਰਪਾਨ ਪਹਿਨੀ ਬਾਬਾ ਬੰਦਾ ਸਿੰਘ ਵਰਗਾ ਕੋਈ ਜਰਨੈਲ ਆਏਗਾ। ਇਹ ਤਾਂ ਕੋਈ ਗੱਲ ਨਾ ਬਣੀ। ਇਸ ਤੋਂ ਅੰਗਰੇਜ਼ ਡਰ ਗਿਐ? ਇਸ ਤੋਂ ਤਾਂ ਅਸੀਂ ਨਹੀਂ ਡਰਦੇ। ਦੁਖੀ ਹੋ ਕੇ ਵਾਪਸ ਅੰਮ੍ਰਿਤਸਰ ਆ ਗਏ।
ਗਾਂਧੀ ਨੇ ਜਦੋਂ ਅਨੁਭਵ ਕੀਤਾ ਕਿ ਅੰਗਰੇਜ਼ ਸਰਕਾਰ ਵਿਰੁੱਧ ਲੰਮਾ ਸਮਾਂ ਟੱਕਰ ਚੱਲੇਗੀ, ਇਹ ਦੇਖਦਿਆਂ ਕਿ ਸਰਕਾਰ ਇਸਾਈਆਂ ਦੀ ਹੈ, ਉਸ ਨੇ ਆਪਣੇ ਆਪ ਨੂੰ ਯਸੂ ਮਸੀਹ ਦੀ ਸ਼ਖਸੀਅਤ ਵਿਚ ਢਾਲਣ ਦਾ ਯਤਨ ਸ਼ੁਰੂ ਕਰ ਦਿੱਤਾ। ਇੱਟ ਦਾ ਜਵਾਬ ਪੱਥਰ ਨਹੀਂ, ਅੱਖ ਬਦਲੇ ਅੱਖ ਨਹੀਂ; ਸ਼ਾਂਤ, ਅਹਿੰਸਕ ਰਹਿ ਕੇ ਜ਼ੁਲਮ ਝੱਲਣਾ ਹੈ, ਕਰਨਾ ਨਹੀਂ। ਅਜਿਹਾ ਕਰਦਿਆਂ ਉਹ ਸਾਬਤ ਕਰ ਰਿਹਾ ਸੀ ਕਿ ਅੰਗਰੇਜ਼ ਆਪਣੇ ਮਸੀਹੇ ਨੂੰ ਭੁੱਲ ਗਏ ਹਨ। ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮੇ ਵਿਚ ਇਸ ਤਰ੍ਹਾਂ ਦਾ ਵਿਹਾਰ ਕੀਤਾ ਸੀ। ਲੰਮੇ ਖਤ ਵਿਚ ਗੁਰੂ ਜੀ ਸਾਬਤ ਕਰ ਰਹੇ ਹਨ ਕਿ ਔਰੰਗਜ਼ੇਬ! ਨਾ ਤੂੰ ਮੁਸਲਮਾਨ ਹੈਂ, ਨਾ ਇਸਲਾਮ ਦਾ ਕਦਰਦਾਨ। ਤੂੰ ਕੁਰਾਨ ਉਪਰ ਸਹੁੰਆਂ ਲਿਖ ਕੇ ਭੇਜੀਆਂ ਤੇ ਤੋੜੀਆਂ। ਮੈਂ ਕੁਰਾਨ ਉਪਰ ਇਤਬਾਰ ਕੀਤਾ, ਕੁਰਾਨ ਨੇ ਮੇਰੀ ਰਾਖੀ ਕੀਤੀ:
ਔਰੰਗਜ਼ੇਬ ਸ਼ਹਿਨਸ਼ਾਹ-ਇ-ਆਲਮੀਨ॥
ਦਾਰਾ-ਇ-ਦੌਰ ਅਸਤ ਦੂਰ ਅਸਤ ਦੀਨ॥
(ਐ ਔਰੰਗਜ਼ੇਬ! ਮੰਨ ਲਿਆ ਤੂੰ ਵੱਡੇ ਦੇਸ਼ ਦਾ ਬਾਦਸ਼ਾਹ ਹੈਂ, ਆਪਣੇ ਸਮੇਂ ਦਾ ਦਾਰਾ (ਡੇਰੀਅਸ) ਹੈਂ ਪਰ ਤੂੰ ਧਰਮ ਤੋਂ ਕੋਹਾਂ ਦੂਰ ਹੈਂ।)
ਟੈਗੋਰ ਨੂੰ ਮਿਲਣ ਗਾਂਧੀ ਜੀ ਸ਼ਾਤੀ ਨਿਕੇਤਨ ਗਏ। ਦਿਨ ਭਰ ਗੱਲਾਂ ਹੋਈਆਂ। ਸ਼ਾਮ ਪਈ, ਟੈਗੋਰ ਨੇ ਕਿਹਾ-ਸੈਰ ਕਰਨ ਚੱਲੀਏ? ਗਾਂਧੀ ਨੇ ਕਿਹਾ-ਚੱਲੋ। ਸੋਟੀ ਚੁੱਕੀ ਤੇ ਤੁਰਨ ਲਈ ਤਿਆਰ। ਟੈਗੋਰ ਨੇ ਤਿੰਨ ਪੀਸ ਵਾਲਾ ਸੂਟ ਪਹਿਨਣਾ ਸੀ, ਪਹਿਨਿਆ। ਟਾਈ ਲਾਈ। ਬੂਟ ਜ਼ੁਰਾਬਾਂ ਪਹਿਨੀਆਂ। ਸ਼ੀਸ਼ੇ ਸਾਹਮਣੇ ਖਲੋ ਕੇ ਦਾਹੜੀ ‘ਤੇ ਬੁਰਸ਼ ਫੇਰਨ ਲੱਗਾ। ਵਧੀਕ ਦੇਰ ਹੋ ਗਈ, ਗਾਂਧੀ ਜੀ ਖਿਝ ਗਏ। ਕਹਿੰਦੇ-ਇਸ ਉਮਰ ਵਿਚ ਏਨੀ ਦੇਰ ਸ਼ੀਸ਼ੇ ਸਾਹਮਣੇ ਖਲੋਣਾ ਚੰਗਾ ਨਹੀਂ ਲਗਦਾ ਗੁਰਦੇਵ। ਟੈਗੋਰ ਨੇ ਕਿਹਾ-ਜਾਣ ਬੁੱਝ ਕੇ ਬਦਸੂਰਤ ਦਿਖਾਈ ਦੇਣ ਨਾਲ ਦੇਖਣ ਵਾਲੇ ਦੇ ਦਿਲ ਉਪਰ ਸੱਟ ਲਗਦੀ ਹੈ ਮਹਾਤਮਾ। ਮੈਂ ਹਿੰਸਾ ਦੇ ਖਿਲਾਫ ਹਾਂ।
ਗਾਂਧੀ ਨੇ ਟੈਗੋਰ ਨੂੰ ਲਿਖਿਆ-ਕਦੀ ਕਦਾਈਂ ਚਰਖਾ ਕੱਤ ਲਿਆ ਕਰੋ। ਅਖਬਾਰ ਫੋਟੋਆਂ ਛਾਪਣਗੇ। ਭਾਰਤੀਆਂ ਨੂੰ ਦੇਸ਼ੀ ਵਸਤਾਂ ਦੀ ਵਰਤੋਂ ਕਰਨ ਲਈ ਉਤਸ਼ਾਹ ਮਿਲੇਗਾ। ਤੁਹਾਡੀ ਕੀਰਤੀ ਬਹੁਤ ਵੱਡੀ ਹੈ ਨਾ। ਲੋਕ ਅਸਰ ਕਬੂਲਣਗੇ।
ਟੈਗੋਰ ਨੇ ਉਤਰ ਦਿੱਤਾ-ਮੈਂ ਤੁਹਾਨੂੰ ਕਦੀ ਕਿਹਾ ਹੈ ਗੀਤ ਕੱਤਿਆ ਕਰੋ? ਤੁਹਾਨੂੰ ਗੀਤ ਕੱਤਣੇ ਨਹੀਂ ਆਉਂਦੇ, ਮੈਨੂੰ ਚਰਖਾ ਕੱਤਣਾ ਨਹੀਂ ਆਉਂਦਾ। ਜੋ ਆਉਂਦਾ ਹੋਵੇ, ਉਹੀ ਕਰੀਏ।
ਜਦੋਂ ਗਾਂਧੀ ਵੱਡੇ ਦੇਸ਼ ਦੀ ਸਿਆਸਤ ਦਾ, ਆਜ਼ਾਦੀ ਦਾ ਭਾਰਾ ਗੱਡਾ ਖਿੱਚ ਰਿਹਾ ਸੀ, ਉਦੋਂ ਟੈਗੋਰ ਇਕਾਂਤ ਵਿਚ ਬੈਠਾ ਇਹੋ ਜਿਹੇ ਗੀਤ ਰਚ ਰਿਹਾ ਸੀ:
ਪਰਬਤ ਨੇ ਪਾਣੀ ਨੂੰ ਆਜ਼ਾਦ ਕਰ ਦਿੱਤਾ
ਤਦ ਝਰਨੇ ਨੂੰ ਨੱਚਣਾ ਤੇ ਗਾਉਣਾ ਆਪੇ ਆ ਗਿਆ।

ਮੇਰੇ ਸ਼ਬਦਾਂ ਉਪਰ
ਆਪਣੀਆਂ ਪੈੜਾਂ ਛੱਡ ਜਾਹ
ਐ ਖਾਨਾਬਦੋਸ਼ ਸੰਸਾਰ॥