ਗੁਲਜ਼ਾਰ ਸਿੰਘ ਸੰਧੂ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਿਸਾਨ ਅੰਦੋਲਨ ਦੇ ਦਿਨਾਂ ਵਿਚ ਪੈਣ ਸਦਕਾ ਗੁਰੂ ਸਾਹਿਬ ਦੇ ਜੀਵਨ ਦੀਆਂ ਉਹ ਪਰਤਾਂ ਖੁੱਲ੍ਹੀਆਂ, ਜਿਨ੍ਹਾਂ ਵਲ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ। ਇਹ ਤਾਂ ਸਾਰੇ ਜਾਣਦੇ ਹਨ ਕਿ ਉਨ੍ਹਾਂ ਨੇ ਸ਼ਿਵ ਜੀ ਤੋਂ ਸ਼ੁਭ ਕਰਮਨ ਦੀ ਸਫਲਤਾ ਲਈ ਨਿਸ਼ਚੇ ਨਾਲ ਅੱਗੇ ਵਧਣ ਦਾ ਵਰ ਮੰਗਿਆ ਸੀ, ਪਰ ਸਰਬੰਸਦਾਨੀ ਸੱਚੇ ਪਾਤਸ਼ਾਹ ਦੀ ਹਸਤੀ ਦੀ ਥਾਹ ਓਨੀ ਨਹੀਂ ਪਾਈ, ਜਿੰਨੀ ਪੈਣੀ ਚਾਹੀਦੀ ਸੀ।
ਗੁਰੂ ਗੋਬਿੰਦ ਸਿੰਘ ਦਾ ਜੀਵਨ ਜਿਸ ਤਰ੍ਹਾਂ ਦਇਆ, ਧਰਮ, ਸੰਤੋਖ, ਕੁਰਬਾਨੀ ਤੇ ਬਹਾਦਰੀ ਲਈ ਪ੍ਰੇਰਦਾ ਹੈ, ਉਸ ਦਾ ਕੋਈ ਸਾਨੀ ਨਹੀਂ। ਉਨ੍ਹਾਂ ਦਾ ਜਨਮ ਪੰਜਾਬ ਤੋਂ ਬਹੁਤ ਦੂਰ ਪਟਨਾ ਸਾਹਿਬ ਵਿਖੇ ਹੋਇਆ, ਜਦੋਂ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਧਰਮ ਪ੍ਰਚਾਰ ਲਈ ਢਾਕਾ ਗਏ ਹੋਏ ਸਨ; ਤੇ ਉਸ ਤੋਂ ਪਿੱਛੋਂ ਉਹ ਸਾਰੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਪਰਤੇ ਤਾਂ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਦਿੱਲੀ ਜਾ ਕੇ ਸ਼ਹੀਦੀ ਪਾ ਗਏ। ਇਹ ਉਹ ਸਮਾਂ ਸੀ, ਜਦ ਪੂਰੇ ਦੇਸ਼ ਵਿਚ ਔਰੰਗਜ਼ੇਬ, ਪਹਾੜੀ ਹਿੰਦ ਰਾਜਿਆਂ, ਧੀਰ ਮੱਲੀਆਂ ਤੇ ਰਾਮ ਰਾਈਆਂ ਦਾ ਬੋਲਬਾਲਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਾਰਿਆਂ ਨਾਲ ਨਿਪਟਣ ਲਈ ਵੱਖ ਵੱਖ ਜਾਤਿ, ਗੋਤਾਂ ਤੇ ਥਾਂਵਾਂ ਦੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਕੋਲੋਂ ਖੁਦ ਅੰਮ੍ਰਿਤ ਛਕਿਆ ਅਤੇ ਅਜਿਹੀ ਸੇਨਾ ਤਿਆਰ ਕੀਤੀ, ਜਿਸ ਵਿਚ ਸਿੱਖ ਬੀਬੀਆਂ ਨੇ ਵੀ ਮਰਦਾਂ ਵਰਗਾ ਹੌਸਲਾ ਤੇ ਦਲੇਰੀ ਦਿਖਾਈ। ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਦਾ ਸਸਕਾਰ ਕਰਨ ਲਈ ਸ਼ਾਹੀ ਘੇਰੇ ਨੂੰ ਤੋੜ ਕੇ ਬਾਹਰ ਨਿਕਲਣ ਵਾਲੀ ਬੀਬੀ ਸ਼ਰਨ ਕੌਰ ਸੀ ਤੇ ਮੁਕਤਸਰ ਦੇ ਮੈਦਾਨ ਵਿਚ ਲੋਕ ਸ਼ਕਤੀ ਦੀ ਜਿੱਤ ਦਾ ਸਿਹਰਾ ਮਾਈ ਭਾਗੋ ਦੇ ਸਿਰ ਬੱਝਦਾ ਹੈ।
ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦਾ ਚਮਤਕਾਰ ਹੀ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਮੁਸਲਿਮ ਸ਼ਰਧਾਲੂ ਨਬੀ ਖਾਂ ਤੇ ਗਨੀ ਖਾਂ ਚਮਕੌਰ ਦੀ ਗੜ੍ਹੀ ਵਿਚੋਂ ਉਚ ਦਾ ਪੀਰ ਗਰਦਾਨ ਕੇ ਦੁਸ਼ਮਣ ਦੇ ਘੇਰੇ ਵਿਚੋਂ ਬਾਹਰ ਲੈ ਆਏ ਸਨ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਦੁਨੀ ਚੰਦ ਨਾਂ ਦਾ ਇੱਕ ਸ਼ਰਧਾਲੂ ਉਨ੍ਹਾਂ ਲਈ ਕਾਬਲ ਤੋਂ ਢਾਈ ਲੱਖ ਰੁਪਏ ਦਾ ਕੀਮਤੀ ਸ਼ਾਮਿਆਨਾ ਬਣਵਾ ਕੇ ਭੇਟ ਕਰਨ ਆਇਆ ਸੀ ਅਤੇ ਆਸਾਮ ਦਾ ਰਾਜਾ ਰਤਨ ਰਾਇ ਇਕ ਹਾਥੀ, ਪੰਜ ਘੋੜੇ, ਇੱਕ ਤਖਤ ਅਤੇ ਇਸ ਅਜਿਹਾ ਹਥਿਆਰ, ਜਿਸ ਵਿਚੋਂ ਪੰਜ ਹਥਿਆਰ ਨਿਕਲਦੇ ਸਨ, ਭੇਟ ਕਰ ਕੇ ਗਿਆ ਸੀ।
ਭਾਵੇਂ ਦਿੱਲੀ ਦੇ ਬਾਰਡਰ ਨੂੰ ਘੇਰਨ ਵਾਲੇ ਕਿਸਾਨਾਂ ਵਿਚ ਉਤਰ, ਦੱਖਣ, ਪੂਰਬ ਤੇ ਪੱਛਮ ਦੇ ਸਾਰੇ ਕਿਸਾਨ ਸ਼ਾਮਲ ਹਨ, ਪਰ ਦਿਨ-ਰਾਤ ਚੱਲ ਰਹੇ ਅਟੁੱਟ ਲੰਗਰ ਲਈ ਰਸਦ ਪਾਣੀ, ਅਖਰੋਟ, ਬਦਾਮ ਤੇ ਲੱਕੜਾਂ ਭੇਜਣ-ਭਿਜਵਾਣ ਵਾਲਿਆਂ ਵਿਚ ਬਹੁਤ ਗੁਰੂ ਦੇ ਸਿੱਖ ਹੀ ਹਨ ਅਤੇ ਉਨ੍ਹਾਂ ਵਿਚ ਸੱਤ ਸਮੰੁਦਰ ਪਾਰ ਦੇ ਸ਼ਰਧਾਲੂ ਵੀ ਸ਼ਾਮਿਲ ਹਨ। ਨਿਸ਼ਚੇ ਹੀ ਉਨ੍ਹਾਂ ਦੀ ਪ੍ਰੇਰਨਾ ਦਾ ਸੋਮਾ ਗੁਰੂ ਸਾਹਿਬ ਦੇ ਸਮਿਆਂ ਵਾਲੇ ਦੁਨੀ ਚੰਦ ਤੇ ਰਤਨ ਰਾਇ ਹਨ। ਨਾਂਦੇੜ ਵਾਲੇ ਬਾਬਾ ਬੰਦਾ ਬਹਾਦਰ ਸਮੇਤ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਵਜ਼ੀਰ ਖਾਂ ਦੇ ਸਰਿਹੰਦ ਦੀ ਇੱਟ ਨਾਲ ਇੱਟ ਵਜਾ ਛੱਡੀ ਸੀ। ਸਭਨਾਂ ਦੇ ਮਨ ਵਿਚ ‘ਨਿਸਚੇ ਕਰ ਅਪਨੀ ਜੀਤ ਕਰੋਂ’ ਵੱਸਿਆ ਹੋਇਆ ਸੀ।
ਮੇਰੇ ਨਾਨਕਿਆਂ ਦੇ ਭੰਗੂ ਤੇ ਮਲੇਰਕੋਟਲੀਏ: ਮੇਰੀ ਮਾਂ ਦਾ ਨਾਨਕਾ ਪਿੰਡ ਮਹਿਦੂਦਾਂ ਹੈ, ਜੋ ਫਤਿਹਗੜ੍ਹ ਸਾਹਿਬ ਦੀ ਬੁੱਕਲ ਵਿਚ ਪੈਂਦਾ ਹੈ। ਮੇਰੇ ਨਾਨਕੇ ਭੰਗੂ ਹਨ, ਜਿਨ੍ਹਾਂ ਦੇ ਵਡੇਰੇ ਮਹਿਤਾਬ ਸਿੰਘ ਨੇ ਹਰਿਮੰਦਰ ਸਾਹਿਬ ਵਿਚ ਕੰਜਰੀ ਦਾ ਨਾਚ ਕਰਵਾਉਣ ਵਾਲੇ ਮੱਸਾ ਰੰਘੜ ਨੂੰ ਕਤਲ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਸੀ। ਉਸ ਦੇ ਵਾਰਿਸ ਖੰਨਾ-ਸੰਘੋਲ ਸੜਕ `ਤੇ ਪੈਂਦੇ ਭੜੀ, ਚੜੀ, ਸੈਕਪੁਰ, ਕੋਟਲਾ ਤੇ ਬਡਲਾ ਨਾਂ ਦੇ ਪਿੰਡਾਂ ਵਿਚ ਵੱਸੇ ਹੋਏ ਹਨ।
ਮੇਰਾ ਜਨਮ ਮੇਰੇ ਨਾਨਕਾ ਪਿੰਡ ਕੋਟਲਾ ਬਡਲਾ ਦਾ ਹੈ, ਜਿਥੋਂ ਫਤਿਹਗੜ ਸਾਹਿਬ ਅੱਠ ਕਿਲੋਮੀਟਰ ਹੈ ਤੇ ਚਮਕੌਰ ਸਾਹਿਬ ਅਠਾਰਾਂ ਕਿਲੋਮੀਟਰ। ਬਚਪਨ ਵਿਚ ਮੈਂ ਆਪਣੀ ਮਾਂ ਤੇ ਨਾਨੀ ਨਾਲ ਸਰਦੀਆਂ ਦੀ ਅਜੋਕੇ ਸਮਿਆਂ ਵਾਲੀ ਠੰਢ ਵਿਚ ਤੁਰ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਜੋੜ ਮੇਲੇ ਵਿਚ ਸ਼ਿਰਕਤ ਕਰਦਾ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਚਮਕੌਰ ਸਾਹਿਬ ਦੇ ਜੋੜ ਮੇਲੇ ਵਿਚ ਵੀ। ਅਸੀਂ ਜਦੋਂ ਵੀ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ ਜਾਂਦੇ ਤਾਂ ਮਲੇਰਕੋਟਲੀਏ ਨਵਾਬ ਦੀ ਗੱਲ ਜ਼ਰੂਰ ਹੰੁਦੀ। ਉਸ ਨੇ ਸੂਬਾ ਸਰਹਿੰਦ ਦੇ ਵਜੀਰ ਖਾਂ ਨੂੰ ਉਸ ਦੇ ਅਮਲ ਤੋਂ ਵਰਜਿਆ ਸੀ। ਇਨ੍ਹਾਂ ਦਿਨ੍ਹਾਂ ਵਿਚ ਮੈਂ ਸਿੰਘੂ ਬਾਰਡਰ ਗਿਆ ਤਾਂ ਉਥੇ ਮਲੇਰਕੋਟਲੀਆਂ ਵਲੋਂ ਬਰਿਆਨੀ ਤੇ ਜ਼ਰਦੇ ਦਾ ਅਟੁੱਟ ਲੰਗਰ ਵਰਤ ਰਿਹਾ ਸੀ। ਮੇਰਾ ਮਨ ਸ਼ੁਕਰਾਨੇ ਤੇ ਮਾਣ ਨਾਲ ਭਰ ਗਿਆ।
ਹੁਣ ਜਦੋਂ ਕਿਸਾਨ ਮੋਰਚਾ ਲਟਕਦਾ ਵਿਖਾਈ ਦਿੱਤਾ ਤਾਂ ਮੈਨੂੰ ਜਾਪਿਆ ਕਿ ਬਾਕੀ ਦੇ ਲੰਗਰਾਂ ਨੂੰ ਰਸਦ ਪਾਣੀ ਦੀ ਕਮੀ ਨਹੀਂ ਰਹਿਣੀ, ਪਰ ਮਲੇਰਕੋਟਲੀਆਂ ਦਾ ਰੁਕ ਸਕਦਾ ਹੈ; ਪਰ ਜਮਾਤ-ਏ-ਇਸਲਾਮੀ ਦੇ ਅਬਦੁਸ ਸ਼ਊਰ ਤੋਂ ਪਤਾ ਲੱਗਿਆ ਕਿ ਉਹ ਵਾਲਾ ਲੰਗਰ ਵੀ ਕਦੀ ਨਹੀਂ ਰੁਕ ਸਕਦਾ, ਕਿਉਂਕਿ ਉਸ ਨੂੰ ਚਲਾਉਣ ਵਾਲੀ ਸਬਜ਼ੀ ਮੰਡੀ ਦੇ ਵਸੀਲੇ ਬਹੁਤ ਹਨ। ਮੈਂ ਫਿਰ ਵੀ ਆਪਣੇ ਭਤੀਜੇ ਦੇ ਹੱਥ ਕੁਝ ਨਕਦੀ ਲੰਗਰ ਲਈ ਦਾਨ ਵਜੋਂ ਭਿਜਵਾਈ ਤਾਂ ਉਹ ਲੈਣ ਹੀ ਨਾ। ਉਸ ਨੇ ਬੜੀ ਮੁਸ਼ਕਿਲ ਨਾਲ ਦਿੱਤੀ, ਜਦ ਉਸ ਨੇ ਕਿਹਾ ਕਿ ਇਹਦੇ ਨਾਲ ਸਾਡਾ ਮਾਣ ਵਧਦਾ ਹੈ। ਉਹ ਬੋਲੇ ਕਿ ਇਹ ਮਾਣ ਤਾਂ ਸਭ ਦਾ ਸਾਂਝਾ ਹੈ। ਤੁਹਾਡਾ ਦਾਨ ਸਿਰ ਮੱਥੇ, ਪਰ ਇਹ ਕਦੀ ਨਾ ਸੋਚਿਓ ਕਿ ਇਹ ਲੰਗਰ ਬੰਦ ਹੋਵੇਗਾ।
ਦੋ ਸਮਾਚਾਰ:
1. ਪਹਿਲੀਆਂ ਸਰਕਾਰਾਂ ਦੇ ਗਲਤ ਕਾਨੂੰਨਾਂ ਨੇ ਗਰੀਬਾਂ ਦਾ ਬੜਾ ਨੁਕਸਾਨ ਕੀਤਾ-ਮੋਦੀ
2. ਮੋਦੀ ਸਰਕਾਰ ਦੇ ਠੀਕ ਕਾਨੂੰਨਾਂ ਨੇ ਕਾਰਪੋਰੇਟਾਂ ਨੂੰ ਖੁੱਲੇ ਗੱਫੇ ਦਿੱਤੇ-ਗੁਮਨਾਮ
ਅੰਤਿਕਾ: ਗੁਰੂ ਗੋਬਿੰਦ ਸਿੰਘ
ਦੇਹ ਸਿਵਾ ਬਰੁ ਮੋਹਿ ਇਹੈ
ਸੁਭ ਕਰਮਨ ਤੇ ਕਬਹੂੰ ਨ ਟਰੋਂ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ
ਨਿਸਚੈ ਕਰ ਅਪੁਨੀ ਜੀਤ ਕਰੋਂ॥