ਉਜਾਗਰ ਸਿੰਘ
ਫੋਨ: 91-94178-13072
ਕਿਸਾਨ ਅੰਦੋਲਨ ਨੇ ਕਈ ਨਵੇਂ ਕੀਰਤੀਮਾਨ ਸਿਰਜ ਦਿੱਤੇ ਹਨ। ਜਿਹੜੀਆਂ ਸਹੂਲਤਾਂ ਕਿਸਾਨਾਂ ਨੂੰ ਪਿੰਡਾਂ ਵਿਚ ਪੈਸੇ ਖਰਚ ਕੇ ਵੀ ਨਹੀਂ ਸਨ ਮਿਲਦੀਆਂ, ਉਹ ਅੰਦੋਲਨ ਵਿਚ ਮੁਫਤ ਮਿਲ ਰਹੀਆਂ ਹਨ। ਟਿਕਰੀ ਸਰਹੱਦ `ਤੇ ਅਮਰੀਕਾ ਤੋਂ ਆਇਆ 35 ਸਾਲਾ ਨੌਜਵਾਨ ਦਿਲ ਦੀਆਂ ਬਿਮਾਰੀਆਂ ਦਾ ਡਾਕਟਰ ਸਵੈਮਾਨ ਸਿੰਘ ਪੱਖੋਕੇ ਬਹੁਤ ਹੀ ਸਾਧਾਰਨ ਪਹਿਰਾਵੇ ਵਿਚ ਮਰੀਜ ਵੇਖਦਾ ਅਤੇ ਉਸ ਵਲੋਂ ਬਣਾਏ ਗਏ ਹਸਪਤਾਲ ਦੇ ਕੰਮ ਕਾਜ ਦੀ ਨਿਗਰਾਨੀ ਕਰਦਾ ਦਿਸੇਗਾ।
ਕਈ ਵਾਰ ਉਹ ਖੁਦ ਹੀ ਸਫਾਈ ਕਰਦਾ ਹੈ। ਉਸ ਨੇ ਧਾਰਮਿਕ ਅਤੇ ਦੇਸ਼ ਭਗਤੀ ਦੀਆਂ ਪੁਸਤਕਾਂ ਦਾ ਲੰਗਰ ਵੀ ਲਾਇਆ ਹੋਇਆ ਹੈ। ਹਰ ਮਰੀਜ਼ ਤੇ ਮਿਲਣ ਵਾਲੇ ਨਾਲ ਅਪਣਤ ਇੰਨੀ ਕਰਦਾ ਹੈ ਕਿ ਲਗਦਾ ਹੀ ਨਹੀਂ ਕਿ ਕਿਸੇ ਅਣਜਾਣ ਨਾਲ ਗੱਲ ਕਰ ਰਹੇ ਹੋਵੋ। ਸੇਵਾ ਕਰਨ ਦਾ ਜਜ਼ਬਾ ਵੀ ਉਸ ਦਾ ਵੇਖਣ ਵਾਲਾ ਹੈ। ਨਿਊ ਜਰਸੀ ਸਟੇਟ ਤੋਂ ਆਏ ਡਾ. ਸਵੈਮਾਨ ਸਿੰਘ ਪੱਖੋਕੇ ਨੇ ਟਿਕਰੀ ਸਰਹੱਦ ‘ਤੇ ‘ਰਿਵਰਜ਼ ਹਰਟ ਐਸੋਸੀਏਸ਼ਨ ਜੈਕਸਨ, ਨਿਊ ਜਰਸੀ’ ਵੱਲੋਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸੰਗਤ ਦੇ ਸਹਿਯੋਗ ਨਾਲ ਬਣਾਏ ਇਸ ਮੇਕ ਸ਼ਿਫਟ ਹਸਪਤਾਲ ਵਿਚ ਪੰਜਾਬ ਅਤੇ ਚੰਡੀਗੜ੍ਹ ਤੋਂ 10 ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਟੀਮ ਕਿਸਾਨਾਂ ਦੇ ਇਲਾਜ ਲਈ ਤਤਪਰ ਰਹਿੰਦੀ ਹੈ। ਉਹ ਕਹਿੰਦੇ ਹਨ ਕਿ ਗੰਭੀਰ ਬਿਮਾਰੀ ਦੀ ਸੂਰਤ ਵਿਚ ਸੰਸਾਰ ਪੱਧਰ ਦੇ ਮਾਹਿਰ ਡਾਕਟਰਾਂ ਦੀ ਰਾਏ ਲੈਣ ਲਈ ਟੈਲੀ ਮੈਡੀਸਨ ਦੀ ਪ੍ਰਣਾਲੀ ਵੀ ਅਪਨਾਵਾਂਗੇ। ਹਰ ਰੋਜ਼ ਲਗਪਗ 6000 ਮਰੀਜ਼ ਆਉਂਦੇ ਹਨ। ਸਾਰਿਆਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ। ਡਾ. ਸਵੈਮਾਨ ਸਿੰਘ ਪੱਖੋਕੇ ਨੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਸਵੈ ਇੱਛਤ ਸੰਸਥਾਵਾਂ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ 100 ਲੜਕੇ ਅਤੇ ਲੜਕੀਆਂ ਵਾਲੰਟੀਅਰਜ਼ ਬਣਾਏ ਹਨ, ਜੋ ਲੋਕ ਸੇਵਾ ਵਿਚ ਜੁਟੇ ਰਹਿੰਦੇ ਹਨ।
ਜਦੋਂ ਡਾ. ਸਵੈਮਾਨ ਸਿੰਘ ਆਪਣੀ ਨੌਕਰੀ ਛੱਡ ਕੇ ਟਿਕਰੀ ਸਰਹੱਦ ਉਪਰ ਪਹੁੰਚਿਆ ਸੀ ਤਾਂ ਉਹ ਇਕੱਲਾ ਸੀ, ਪਰ ਉਸ ਨੂੰ ਕੁਝ ਸਾਥੀ ਰੁਪਿੰਦਰ ਸਿੰਘ ਹੋਰੀਂ ਮਿਲੇ ਤੇ ਕਾਫਲਾ ਵਧਦਾ ਗਿਆ। 100 ਤਾਂ ਪੱਕੇ ਉਸ ਦੇ ਨਾਲ ਸੇਵਾ ਵਿਚ ਜੁਟੇ ਰਹਿੰਦੇ ਹਨ, ਕਈ ਪਿੰਡਾਂ ਤੋਂ ਵਾਰੀ ਬੰਨ੍ਹ ਕੇ ਆਉਂਦੇ ਹਨ। ਹਸਪਤਾਲ ਅਤੇ ਰੈਣ ਬਸੇਰੇ ਵਿਚ ਸਫਾਈ, ਪੀਣ ਵਾਲਾ ਸਾਫ ਸੁਥਰਾ ਪਾਣੀ ਅਤੇ ਹੋਰ ਰੋਜ਼ ਮੱਰ੍ਹਾ ਦੀ ਵਰਤੋਂ ਵਾਲੀਆਂ ਚੀਜ਼ਾਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਕਰੀਬ 4000 ਔਰਤਾਂ ਦੇ ਠਹਿਰਨ ਲਈ ਇਕ ਰੈਣ ਬਸੇਰਾ ਬਣਾਇਆ ਹੋਇਆ ਹੈ। ਔਰਤਾਂ ਦੇ ਨਹਾਉਣ ਲਈ ਗਰਮ ਪਾਣੀ ਦੇ ਗੀਜ਼ਰ ਸਮੇਤ ਹੋਰ ਵੀ ਸਹੂਲਤਾਂ ਹਨ। ਇਸ ਕੰਪਲੈਕਸ ਦਾ ਨਾਮ ਉਨ੍ਹਾਂ ‘ਪਿੰਡ ਕੈਲੀਫੋਰਨੀਆ’ ਰੱਖਿਆ। ਡਾ. ਸਵੈਮਾਨ ਸਿੰਘ ਪੱਖੋਕੇ ਦਸਦੇ ਹਨ ਕਿ ਪੰਜਾਬ ਦੇ ਇਕ ਰਾਜਨੇਤਾ ਨੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਐਲਾਨ ਕੀਤਾ ਸੀ, ਪਰ ਉਹ ਉਨ੍ਹਾਂ ਦਾ ਸਪਨਾ ਪੂਰਾ ਨਹੀਂ ਹੋਇਆ। ਇਸ ਲਈ ਮੈਂ ਇਸ ਦਾ ਨਾਮ ‘ਪਿੰਡ ਕੈਲੀਫੋਰਨੀਆ’ ਰੱਖਿਆ ਹੈ। ਕੈਲੀਫੋਰਨੀਆ ਵਿਚ ਤਿੰਨ ਸਹੂਲਤਾਂ ਹਰ ਨਾਗਰਿਕ ਨੂੰ ਮਿਲਦੀਆਂ ਹਨ। ਇਸ ਪਿੰਡ ਵਿਚ ਵੀ ਉਹੀ ਤਿੰਨ ਸਹੂਲਤਾਂ-ਸਿਖਿਆ, ਸਿਹਤ ਅਤੇ ਸਵੱਛ ਵਾਤਵਰਨ ਇਥੇ ਦਿੱਤਾ ਜਾਵੇਗਾ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਧਾਰਮਿਕ ਅਤੇ ਨੈਤਿਕ ਵਿਦਿਆ ਦੇਣ ਲਈ ਇਕ ਸਕੂਲ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਤਿੰਨ ਸਾਲ ਦਾ ਪ੍ਰਬੰਧ ਕਰ ਰਹੇ ਹਾਂ। ਜੇ ਲੋੜ ਪਈ ਤਾਂ ਹੋਰ ਵੀ ਵਧਾ ਲਵਾਂਗੇ। ਇਕ ਮੀਡੀਆ ਰੂਮ ਬਣਾਇਆ ਜਾ ਰਿਹਾ ਹੈ, ਜਿਥੇ ਮੁਫਤ ਵਾਈ ਫਾਈ ਦੀ ਸਹੂਲਤ ਹੋਵੇਗੀ। ਇਸ ਸਾਰੇ ਕੁਝ ਲਈ ਅਸੀਂ ਕਿਸੇ ਤੋਂ ਚੰਦਾ ਨਹੀਂ ਲੈਂਦੇ, ਪਰ ਸਾਡੇ ਮਿੱਤਰ, ਸਹਿਯੋਗੀ ਅਤੇ ਗਰੂ ਘਰਾਂ ਦੇ ਪ੍ਰਬੰਧਕ, ਜਦੋਂ ਅਸੀਂ ਕਿਸੇ ਚੀਜ ਲਈ ਕਹਿੰਦੇ ਹਾਂ, ਉਹ ਤੁਰੰਤ ਪਹੁੰਚਾ ਦਿੰਦੇ ਹਨ।
ਡਾ. ਸਵੈਮਾਨ ਸਿੰਘ ਪੱਖੋਕੇ ਨੇ ਜਦੋਂ ਅਮਰੀਕਾ ਵਿਚ ਕਿਸਾਨ ਅੰਦੋਲਨ ਦੀ ਇਕ ਵੀਡੀਓ ਵੇਖੀ, ਜਿਸ ਵਿਚ ਬਜੁਰਗ, ਬੱਚੇ ਅਤੇ ਬੀਬੀਆਂ ਕੜਾਕੇ ਦੀ ਠੰਡ ਵਿਚ ਡਟੇ ਹੋਏ ਹਨ ਤਾਂ ਉਸੇ ਵਕਤ ਉਨ੍ਹਾਂ ਨੇ ਅੰਦੋਲਨ ਵਿਚ ਆ ਕੇ ਸਿਹਤ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਅਤੇ ਮਨ ਵਿਚ ਸੋਚਿਆ ਕਿ ਮੇਰੇ ਡਾਕਟਰ ਹੋਣ ਦਾ ਕੀ ਲਾਭ, ਜੇ ਮੈਂ ਆਪਣਿਆਂ ਦੇ ਕੰਮ ਨਾ ਆ ਸਕਾਂ! ਜਦੋਂ ਉਹ ਅਮਰੀਕਾ ਤੋਂ ਆਏ ਸਨ ਤਾਂ ਉਹ ਆਪਣੀ ਸੰਸਥਾ ਵੱਲੋਂ ਅੰਦੋਲਨ ਵਿਚ ਹਿੱਸਾ ਲੈ ਰਹੇ ਲੋਕਾਂ ਦੀ ਸਿਰਫ ਸਿਹਤ ਲਈ ਮੈਡੀਕਲ ਸਹੂਲਤ ਦੇਣ ਦੇ ਮੰਤਵ ਨਾਲ ਪਹੁੰਚੇ ਸਨ, ਪਰ ਫਿਰ ਉਨ੍ਹਾਂ ਨੇ ਸਿਹਤ ਸਹੂਲਤਾਂ ਦੇ ਨਾਲ ਹੀ ਆਪ ਮੂਹਰੇ ਲੱਗ ਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਮਨ ਵਿਚ ਆਇਆ ਕਿ ਲੋਕਾਂ ਨੂੰ ਵੀ ਸਫਾਈ ਬਾਰੇ ਜਾਗਰੂਕ ਕੀਤਾ ਜਾਵੇ। ਇਕ ਦਿਨ ਉਨ੍ਹਾਂ ਇਕ ਬਜੁਰਗ ਨੂੰ ਸਰਦੀ ਕਰਕੇ ਠੰਡ ਲੱਗਣ ਨਾਲ ਤੜਪਦੇ ਸਵਰਗਵਾਸ ਹੁੰਦੇ ਵੇਖਿਆ ਤਾਂ ਉਨ੍ਹਾਂ ਦੇ ਮਨ `ਤੇ ਇਸ ਘਟਨਾ ਦਾ ਗਹਿਰਾ ਪ੍ਰਭਾਵ ਪਿਆ। ਉਸੇ ਵਕਤ ਉਨ੍ਹਾਂ ਨੇ ਇਕ ਰੈਣ ਬਸੇਰਾ ਬਣਾਉਣ ਦਾ ਫੈਸਲਾ ਕਰ ਲਿਆ। ਬੜੀ ਜਦੋਜਹਿਦ ਪਿਛੋਂ ਇਕ ਸਰਕਾਰੀ ਬਸ ਸਟੈਂਡ ਦੀ ਅਧੂਰੀ ਇਮਾਰਤ ਪਤਾ ਲੱਗੀ ਤਾਂ ਸਰਕਾਰ ਨਾਲ ਤਾਲਮੇਲ ਕਰਕੇ ਉਸ ਨੂੰ ਆਪਣੇ ਖਰਚੇ `ਤੇ ਸਰਕਾਰੀ ਸਪੈਸੀਫੀਕੇਸਨ ਮੁਤਾਬਕ ਮੁਕੰਮਲ ਕਰਵਾਇਆ।
ਡਾ. ਸਵੈਮਾਨ ਸਿੰਘ ਦਾ ਜਨਮ ਅੰਮ੍ਰਿਤਸਰ ਜਿਲੇ ਦੇ ਪਿੰਡ ਪੱਖੋਕੇ ਵਿਚ 9 ਮਈ 1986 ਵਿਚ ਮਾਤਾ ਸੁਰਿੰਦਰ ਕੌਰ ਅਤੇ ਪਿਤਾ ਜਸਵਿੰਦਰਪਾਲ ਸਿੰਘ ਪੱਖੋਕੇ ਦੇ ਘਰ ਹੋਇਆ। ਅੱਜ ਕਲ੍ਹ ਇਹ ਪਿੰਡ ਤਰਨਤਾਰਨ ਜਿਲੇ ਵਿਚ ਹੈ। ਚੌਥੀ ਤੱਕ ਦੀ ਪੜ੍ਹਾਈ ਉਨ੍ਹਾਂ ਅੰਮ੍ਰਿਤਸਰ ਪ੍ਰਾਪਤ ਕੀਤੀ। ਉਨ੍ਹਾਂ ਐਮ. ਬੀ. ਬੀ. ਐਸ. ਅਮੈਰਿਕਨ ਯੂਨੀਵਰਸਿਟੀ ਆਫ ਐਨਟੀਗੂਆ ਤੋਂ ਇਨਟਰਨਲ ਮੈਡੀਸਨ ਰੈਜੀਡੈਂਸੀ ਹਨੇਮਨ ਡਰੈਕਸਲ ਯੂਨੀਵਰਸਿਟੀ ਫਿਲਾਡੈਲਫੀਆ ਅਤੇ ਕਾਰਡੀਆਲੋਜੀ ਫੈਲੋਸ਼ਿਪ ਤੀਜਾ ਸਾਲ ਬੈਥ ਇਸਰਾਈਲ ਹਾਸਪੀਟਲ ਨਿਊ ਯਾਰਕ/ਨਿਊ ਜਰਸੀ ਵਿਖੇ ਕੀਤੀ। ਹੁਣ ਉਨ੍ਹਾਂ ਨੂੰ 5 ਲੱਖ ਡਾਲਰ ਸਾਲਾਨਾ ਦੀ ਨੌਕਰੀ ਦੀ ਆਫਰ ਸੀ, ਪਰ ਉਨ੍ਹਾਂ ਕਿਸਾਨ ਅੰਦੋਲਨ ਵਿਚ ਸੇਵਾ ਕਰਨ ਨੂੰ ਪਹਿਲ ਦਿੱਤੀ ਹੈ। ਪੜ੍ਹਾਈ ਦੌਰਾਨ ਉਨ੍ਹਾਂ ਦਾ ਕੈਰੀਅਰ ਸ਼ਾਨਦਾਰ ਰਿਹਾ ਹੈ। ਡਾ. ਸਵੈਮਾਨ ਸਿੰਘ ਪੱਖੋਕੇ ਦਾ ਵਿਆਹ 2014 ਵਿਚ ਕੁਲਕਿਰਨ ਪ੍ਰੀਤ ਕੌਰ ਨਾਲ ਹੋਇਆ, ਜੋ ਐਮ. ਬੀ. ਏ. ਹੈ। ਉਨ੍ਹਾਂ ਦੀ ਦੋ ਸਾਲ ਦੀ ਬੇਟੀ ਸਮਈਆ ਹੈ। ਉਨ੍ਹਾਂ ਦੇ ਮਾਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਨੌਕਰੀ ਕਰਦੇ ਸਨ। ਮਾਤਾ ਪਿਤਾ ਦੋਵੇਂ ਹੀ ਵਿਦਿਆਰਥੀ ਜੀਵਨ ਵਿਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਵਿਚ ਸਰਗਰਮੀ ਨਾਲ ਕੰਮ ਕਰਦੇ ਰਹੇ ਹਨ। ਜਸਵਿੰਦਰਪਾਲ ਸਿੰਘ ਪੱਖੋਕੇ ਤਾਂ ਇਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸਨ ਅਤੇ ਸੁਰਿੰਦਰ ਕੌਰ ਕਾਰਜਕਾਰੀ ਮੈਂਬਰ ਰਹੇ ਹਨ। ਸੁਰਿੰਦਰ ਕੌਰ ਯੂਨੀਵਰਸਿਟੀ ਦੀ ਕਰਮਚਾਰੀ ਐਸੋਸੀਏਸ਼ਨ ਵਿਚ ਵੀ ਸਰਗਰਮ ਰਹੇ ਹਨ।
ਸਵੈਮਾਨ ਸਿੰਘ ਦੇ ਪਿਤਾ 1993 ਵਿਚ ਅਮਰੀਕਾ ਆ ਗਏ ਸਨ। ਉਹ ਆਪਣੀ ਮਾਤਾ, ਵੱਡੇ ਭਰਾ ਸੰਗਰਾਮ ਸਿੰਘ ਅਤੇ ਭੈਣ ਕਮਲ ਨਾਲ 1997 ਵਿਚ ਅਮਰੀਕਾ ਆ ਗਏ। ਅਗਲੀ ਪੜ੍ਹਾਈ ਉਨ੍ਹਾਂ ਅਮਰੀਕਾ ਵਿਚ ਹੀ ਕੀਤੀ। ਅਮਰੀਕਾ ਵਿਚ ਸੈਟਲ ਹੋਣ ਲਈ ਸਾਰੇ ਪਰਿਵਾਰ ਨੂੰ ਸਖਤ ਮਿਹਨਤ ਕਰਨੀ ਪਈ। ਤਿੰਨੋ ਬੱਚੇ ਪੜ੍ਹਾਈ ਦੇ ਨਾਲ ਹੀ ਕੰਮ ਕਰਦੇ ਸਨ। ਸਵੈਮਾਨ ਸਿੰਘ ਪੱਖੋਕੇ ਕਾਊਂਟੀ ਕਾਲਜ ਵਿਚ ਪੜ੍ਹਦਿਆਂ ਪੰਦਰਾਂ ਘੰਟੇ ਸਟੋਰ `ਤੇ ਕੰਮ ਕਰਦਾ ਰਿਹਾ। ਜਦੋਂ ਉਹ ਡਾਕਟਰੀ ਦੀ ਪੜ੍ਹਾਈ ਕਰਦਾ ਸੀ ਤਾਂ ਇੰਗਲੈਂਡ ਵਿਚ ਊਧਮ ਸਿੰਘ ਦੀ ਯਾਦਗਾਰ ਕੈਕਸਟਨ ਹਾਲ ਵੇਖਣ ਗਿਆ ਸੀ। ਉਨ੍ਹਾਂ ਦੇ ਪੜਨਾਨਾ ਤਾਰਾ ਸਿੰਘ ਨੇ ਜੈਤੋ ਦੇ ਮੋਰਚੇ ਦੇ ਤੀਜੇ ਜਥੇ ਵਿਚ ਗ੍ਰਿਫਤਾਰੀ ਦਿੱਤੀ ਅਤੇ ਨਾਭਾ ਜੇਲ੍ਹ ਵਿਚ ਤੇਜਾ ਸਿੰਘ ਸਮੁੰਦਰੀ ਨਾਲ ਨਜ਼ਰਬੰਦ ਰਹੇ। ਇਸੇ ਤਰ੍ਹਾਂ ਉਨ੍ਹਾਂ ਦੇ ਦਾਦਾ ਜਗਜੀਤ ਸਿੰਘ ਸਾਰੀ ਉਮਰ ਆਪਣੇ ਪਿੰਡ ਪੱਖੋਕੇ ਦੇ ਸਰਪੰਚ ਰਹੇ ਅਤੇ ਪੰਜਾਬੀ ਸੂਬਾ ਮੋਰਚੇ ਵਿਚ ਹਿੱਸਾ ਲੈਂਦੇ ਰਹੇ। ਉਨ੍ਹਾਂ ਦੇ ਪਿਤਾ ਕਿਤੇ ਵਜੋਂ ਵਕੀਲ ਸਨ। ਸਮਾਜ ਸੇਵਾ ਦੀ ਪ੍ਰਵਿਰਤੀ ਹੋਣ ਕਰਕੇ ਪਿੰਡ ਦੀ ਡਿਸਪੈਂਸਰੀ ਵਿਚ ਮੁਫਤ ਦਵਾਈਆਂ ਦਿੰਦੇ, ਕਿਸਾਨਾਂ ਦੇ ਹਿਤਾਂ ਲਈ ਕੰਮ ਕਰਦੇ, ਫੈਕਟਰੀ ਮਜ਼ਦੂਰਾਂ ਦੇ ਕੇਸ ਮੁਫਤ ਲੜਦੇ ਅਤੇ ਕਿਸਾਨਾਂ ਦੇ ਹਿਤਾਂ ਲਈ ਕੰਮ ਕਰਦੇ ਰਹੇ ਹਨ।
ਜਦੋਂ ਦਾ ਸਵੈਮਾਨ ਸਿੰਘ ਡਾਕਟਰ ਬਣਿਆ ਹੈ, ਉਦੋਂ ਤੋਂ ਹਰ ਸਾਲ ਆਪੀਣੇ ਪਿੰਡ ਪੱਖੋਕੇ ਜਾਂਦਾ ਹੈ। ਮਿੱਟੀ ਦਾ ਮੋਹ ਉਸ ਨੂੰ ਪੰਜਾਬ ਆਉਣ ਲਈ ਕੁਰੇਦਦਾ ਰਹਿੰਦਾ ਹੈ। ਪਿੰਡ ਦੀ ਡਿਸਪੈਂਸਰੀ ਵਿਚ ਤਾਂ ਹਰ ਰੋਜ਼ ਮੁਫਤ ਮਰੀਜ਼ ਵੇਖਦਾ ਅਤੇ ਮੁਫਤ ਦਵਾਈਆਂ ਦਿੰਦਾ ਹੈ। ਇਸ ਤੋਂ ਇਲਾਵਾ 5 ਰਿਵਰਜ਼ ਹਰਟ ਐਸੋਸੀਏਸ਼ਨ ਜੈਕਸਨ, ਨਿਊ ਜਰਸੀ ਵੱਲੋਂ ਪੰਜਾਬ ਵਿਚ ਘੱਟੋ ਘੱਟ 20 ਮੁਫਤ ਮੈਡੀਕਲ ਚੈਕਅਪ ਕੈਂਪ ਆਪਣੇ ਦੋਸਤ ਡਾਕਟਰਾਂ ਦੇ ਸਹਿਯੋਗ ਨਾਲ ਲਾਉਂਦਾ ਹੈ। ਇਸ ਸੰਸਥਾ ਦਾ ਪੰਜਾਬ ਵਿਚ ਕੰਮ ਕੰਵਰ ਸਰਾਏ ਵੇਖਦਾ ਹੈ। ਦਵਾਈਆਂ ਦੇ 10 ਬੈਗ ਭਰ ਕੇ ਅਮਰੀਕਾ ਤੋਂ ਲੈ ਕੇ ਜਾਂਦਾ ਹੈ। ਮਾਰਚ 2019 ਕਰੋਨਾ ਹੋਣ ਕਰਕੇ ਪਿੰਡਾਂ ਵਿਚ ਤਜਵੀਜ਼ਤ 18 ਕੈਂਪ ਲੱਗ ਨਹੀਂ ਸਕੇ, ਪਰ ਉਹ ਸਾਰੀਆਂ ਲੱਖਾਂ ਰੁਪਏ ਦੀਆਂ ਦਵਾਈਆਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਦੇ ਕੇ ਆਏ ਹਨ ਤਾਂ ਜੋ ਮਰੀਜ਼ਾਂ ਨੂੰ ਇਹ ਦਵਾਈਆਂ ਮੁਫਤ ਦਿੱਤੀਆਂ ਜਾਣ। ਉਸ ਨੇ ਆਪਣੀ ਵੈਬਸਾਈਟ 5ਰਵਿੲਰਸਹੲਅਰਟ।ੋਰਗ ਬਣਾਈ ਹੋਈ ਹੈ।