ਅਕੀਰਾ ਕੁਰੋਸਾਵਾ ਦੇ ਸੁਫਨਿਆਂ ਦੀ ਡਾਰ ‘ਡਰੀਮਜ਼`

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਅਕੀਰਾ ਕੁਰੋਸਾਵਾ ਦੀ ਫਿਲਮ ‘ਡਰੀਮਜ਼` ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਨੇ ਉਸ ਨੂੰ ਦਾਰਸ਼ਨਿਕ ਅਤੇ ਆਤਮਿਕ ਵਿਸ਼ਲੇਸ਼ਕ ਵਜੋਂ ਨਵੀਂ ਪਛਾਣ ਦਿੱਤੀ। ਇਸ ਫਿਲਮ ਦੀਆਂ ਸੱਤ ਕਹਾਣੀਆਂ ਅਸਲ ਵਿਚ ਜ਼ਿੰਦਗੀ ਦੀਆਂ ਗੱਲਾਂ-ਬਾਤਾਂ ਹਨ।

ਸੰਪਾਦਕ
ਡਾ. ਕੁਲਦੀਪ ਕੌਰ
ਫੋਨ: +91-98554-04330
1985 ਵਿਚ ਜਦੋਂ ਫਿਲਮਸਾਜ਼ ਅਕੀਰਾ ਕੁਰੋਸਾਵਾ ਨੇ ਆਪਣੀ ਸ਼ਾਹਕਾਰ ਫਿਲਮ ‘ਰਾਨ` ਦੀ ਰਿਲੀਜ਼ ਮੌਕੇ ਇਹ ਐਲਾਨ ਕੀਤਾ ਕਿ ਸ਼ਾਇਦ ਇਹ ਮੇਰੀ ਆਖਰੀ ਫਿਲਮ ਹੈ ਤਾਂ ਉਸ ਦੀਆਂ ਫਿਲਮਾਂ ਦੇ ਦੱਖਣ-ਏਸ਼ਿਆਈ ਦਰਸ਼ਕਾਂ ਨੂੰ ਗਹਿਰਾ ਧੱਕਾ ਲੱਗਿਆ। ਉਸ ਦੀਆਂ ਫਿਲਮਾਂ ਵਿਚਲੇ ਜਾਦੂਈ ਯਥਾਰਥ ਦੇ ਕੀਲੇ ਦਰਸ਼ਕਾਂ ਨੂੰ ਧੁੰਦਲਾ ਜਿਹਾ ਅੰਦਾਜ਼ਾ ਸੀ ਕਿ ਏਸ਼ਿਆਈ ਸਿਨੇਮਾ ਦਾ ਇਹ ਮਹਾਂਰਥੀ ਫਿਲਮਸਾਜ਼ ਬਹੁਤੀ ਦੇਰ ਕੈਮਰੇ ਦੇ ਜਾਦੂ ਤੋਂ ਦੂਰ ਨਹੀਂ ਰਹਿ ਸਕਦਾ ਅਤੇ ਬਿਲਕੁੱਲ ਅਜਿਹਾ ਹੀ ਵਾਪਰਿਆ। ਅਕੀਰਾ ਨੇ ਅਚਾਨਕ 1990 ਵਿਚ ਆਪਣੀ ਮੌਤ ਦੀ ਉਡੀਕ ਕਰਦਿਆਂ ਆਪਣੇ ਬਚਪਨ ਦੇ ਸੁਫਨਿਆਂ ‘ਤੇ ਬੇਹੱਦ ਖੂਬਸੂਰਤ, ਇੱਕੋ ਸਮੇਂ ਕਈ ਸਮਿਆਂ ਵਿਚ ਸਫਰ ਕਰਨ ਵਾਲੀ ਅਤੇ ਮਨੁੱਖੀ ਮਨ ਦੇ ਸੰਸਿਆਂ, ਡਰਾਂ, ਖਦਸ਼ਿਆਂ, ਸੁਫਨਿਆਂ ਅਤੇ ਉਮੀਦਾਂ ‘ਤੇ ਆਧਾਰਿਤ ਅਚੰਭਿਤ ਕਰਨ ਵਾਲੀ ਫਿਲਮ ਬਣਾ ਦਿੱਤੀ। ਉਸ ਦੀਆਂ ਬਾਕੀ ਫਿਲਮਾਂ ਨੇ ਜਿੱਥੇ ਉਸ ਨੂੰ ਕਲਾਤਮਿਕ ਯੋਧੇ ਤੇ ਜੁਝਾਰੂ ਫਿਲਮਸਾਜ਼ ਵਜੋਂ ਸਥਾਪਿਤ ਕੀਤਾ, ਉਥੇ ਇਸ ਫਿਲਮ ‘ਡਰੀਮਜ਼` ਨੇ ਉਸ ਨੂੰ ਦਾਰਸ਼ਨਿਕ ਤੇ ਆਤਮਿਕ ਵਿਸ਼ਲੇਸ਼ਕ ਵਜੋਂ ਨਵੀਂ ਪਛਾਣ ਦਿੱਤੀ। ਇਸ ਫਿਲਮ ਬਾਰੇ ਉਸ ਦਾ ਮੰਨਣਾ ਸੀ- “ਇਨ੍ਹਾਂ ਸੁਫਨਿਆਂ ਨੇ ਸਾਰੀ ਉਮਰ ਮੇਰੇ ਨਾਲ-ਨਾਲ ਸਫਰ ਕੀਤਾ ਹੈ। ਮੈਂ ਇਨ੍ਹਾਂ ਨੂੰ ਕੁਝ ਪਲਾਂ ਲਈ ਜ਼ਿੰਦਾ ਕਰ ਕੇ ਅਤੇ ਹੱਥ ਲਗਾ ਕੇ ਮਹਿਸੂਸ ਕਰਨਾ ਚਾਹੁੰਦਾ ਸਾਂ।” ਇਸ ਫਿਲਮ ਨੂੰ ਬਣਾਉਣ ਲਈ ਉਸ ਨੇ ਜਿਸ ਤਰ੍ਹਾਂ ਦੇ ਸੈੱਟ ਲਗਾਏ, ਤੇ ਜਿਸ ਤਰ੍ਹਾਂ ਬਿਨਾ ਕਿਸੇ ਕਹਾਣੀ ਤੋਂ ਫਿਲਮ ਦੇ ਕਿਰਦਾਰਾਂ ਨੂੰ ਇੱਕ ਸੂਤਰ ਵਿਚ ਬੰਨ੍ਹੀ ਰੱਖਿਆ, ਉਸ ਦਾ ਅਹਿਸਾਸ ਇਸ ਫਿਲਮ ਵਿਚ ਗੁਜ਼ਰਦੇ ਹੋਏ ਹੀ ਕੀਤਾ ਜਾ ਸਕਦਾ ਹੈ।
ਅਕੀਰਾ ਦੀ ਇਸ ਫਿਲਮ ਦਾ ਤਾਣਾ-ਬਾਣਾ ਸੱਤ ਵੱਖੋ-ਵੱਖਰੀਆਂ ਕਹਾਣੀਆਂ ਨੂੰ ਜੋੜ ਕੇ ਬੁਣਿਆ ਹੋਇਆ ਹੈ। ਇਸ ਫਿਲਮ ਦਾ ਰੰਗ-ਢੰਗ, ਖਾਕਾ ਤੇ ਖਾਸਾ ਦੱਖਣੀ-ਏਸ਼ਿਆਈ ਰਸਮਾਂ-ਰਿਵਾਜ਼ਾਂ, ਰਵਾਇਤਾਂ ਤੇ ਜੀਵਨ-ਜਾਚ ਦਾ ਬਣਿਆ ਹੋਇਆ ਹੈ ਜਿਸ ਵਿਚ ਵਾਰ-ਵਾਰ ਇਤਿਹਾਸ-ਮਿਥਿਹਾਸ ਤੇ ਸੱਚ-ਝੂਠ ਆਪਸ ਵਿਚ ਰਲਗਡ ਹੁੰਦੇ ਰਹਿੰਦੇ ਹਨ। ਕਿੰਨਾ ਕੁਝ ਹੈ ਜਿਹੜਾ ਕਿਤੇ ਵੀ ਲਿਖਿਆ ਹੋਇਆ ਜਾਂ ਦਰਜ ਨਹੀਂ ਕੀਤਾ ਗਿਆ ਪਰ ਉਸ ਬਾਰੇ ਸਮਾਜ ਦਾ ਬੱਚਾ-ਬੱਚਾ ਸਮਝਦਾ ਤੇ ਜਾਣਦਾ ਹੈ। ਕਿੰਨਾ ਕੁਝ ਹੈ ਜਿਹੜਾ ਅਸੀਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਜਿਉਂ ਦਾ ਤਿਉਂ ਕਰਦੇ ਰਹਿੰਦੇ ਹਾਂ, ਕਿਉਂਕਿ ਅਸੀਂ ਆਪਣੇ ਆਸ-ਪਾਸ ਕਿਸੇ ਨੂੰ ਕਦੇ ਨਾ ਕਦੇ ਉਹ ਕਰਦਿਆਂ ਤੱਕਿਆ ਹੈ। ਕਿੰਨਾ ਕੁਝ ਅਜਿਹਾ ਹੈ ਜਿਸ ਨੂੰ ਅਸੀਂ ਸ਼ਬਦਾਂ ਵਿਚ ਜਾਂ ਹੋਰ ਕਿਸੇ ਤਰੀਕੇ ਨਾਲ ਕਹਿ ਨਹੀਂ ਸਕਦੇ, ਐਪਰ ਉਹ ਸਾਡੀ ਜ਼ਿੰਦਗੀ ਦੇ ਸਭ ਤੋਂ ਮਹਤੱਵਪੂਰਨ ਰਿਸ਼ਤਿਆਂ ਅਤੇ ਫੈਸਲਿਆਂ ‘ਤੇ ਸਦਾ ਹੀ ਭਾਰੂ ਰਹਿੰਦਾ ਹੈ।
ਇਸ ਫਿਲਮ ਨਾਲ ਅਕੀਰਾ ਦੀ ਸ਼ਖਸੀਅਤ ਦੇ ਅਣਦੇਖੇ ਪਹਿਲੂ ਉਜਾਗਰ ਹੁੰਦੇ ਹਨ। ਉਸ ਦੀਆਂ ਪਹਿਲੀਆਂ ਸਾਰੀਆਂ ਫਿਲਮਾਂ ਵਿਚ ਲੜਾਈ ਹੈ, ਜੰਗ ਹੈ, ਖੂਨ-ਖਰਾਬਾ ਹੈ ਪਰ ਇਸ ਫਿਲਮ ਵਿਚ ਉਸ ਮਾਹਿਰ ਚਿੱਤਰਕਾਰ ਵਾਂਗ ਲਗਾਤਾਰ ਰੰਗਾਂ, ਜਸ਼ਨਾਂ ਤੇ ਤਿਉਹਾਰਾਂ ਦੀ ਸਿਰਜਣਾ ਕਰਦਾ ਹੈ। ਫਿਲਮ ਵਿਚ ਅਜਿਹੀ ਸ਼ਾਂਤੀ ਹੈ ਜਿਸ ਨੂੰ ਸਿਰਫ ਉਹੀ ਬੰਦਾ ਮਹਿਸੂਸ ਕਰ ਸਕਦਾ ਹੈ ਜਿਸ ਨੇ ਯੁੱਧ ਦੀ ਭਿਆਨਕਤਾ ਨੂੰ ਆਪਣੇ ਹੱਡਾਂ ਉਪਰ ਹੰਢਾ ਕੇ ਦੇਖ ਲਿਆ ਹੋਵੇ।
ਇਸ ਫਿਲਮ ਦੀ ਸ਼ੁਰੂਆਤ ਵਿਆਹ ਦੇ ਜਸ਼ਨ ਤੋਂ ਅਤੇ ਅੰਤ ਮੌਤ ਦੀ ਰਸਮ ‘ਤੇ ਹੁੰਦਾ ਹੈ। ਸੱਤ ਕਹਾਣੀਆਂ ਸੁਣਾਉਣ ਦੀ ਬਾਤ ਦਾ ਆਪਣਾ ਸਭਿਆਚਾਰਕ ਪ੍ਰਸੰਗ ਹੈ। ਪਹਿਲੀ ਕਹਾਣੀ ਵਿਚ ਮੀਂਹ ਤੋਂ ਬਾਅਦ ਪੈਂਦੀ ਸਤਰੰਗੀ ਪੀਂਘ ਨਾਲ ਜੁੜੀ ਕਹਾਣੀ ਹੈ। ਇਸ ਨਾਲ ਜੁੜੀ ਮਿੱਥ ਤੇ ਵਹਿਮ ਇਹ ਹੈ ਕਿ ਸਤਰੰਗੀ ਪੀਂਘ ਇਸ ਲਈ ਬਣਦੀ ਹੈ ਕਿਉਂਕਿ ਅਸਮਾਨਾਂ ਵਿਚ ਗਿੱਦੜ-ਗਿੱਦੜੀ ਦਾ ਵਿਆਹ ਹੋ ਰਿਹਾ ਹੈ। ਅਕੀਰਾ ਛੋਟੇ ਬੱਚੇ ਦੇ ਰੂਪ ਵਿਚ ਇਨ੍ਹਾਂ ਰਸਮਾਂ ਵਿਚ ਸ਼ਾਮਿਲ ਹੋਣ ਲਈ ਜਾਂਦਾ ਹੈ ਜਦੋਂ ਕਿ ਉਸ ਦੀ ਮਾਂ ਨੇ ਉਸ ਨੂੰ ਪਹਿਲਾਂ ਹੀ ਸਖਤੀ ਨਾਲ ਵਰਜ ਦਿੱਤਾ ਹੈ। ਉਹ ਚੋਰੀ-ਚੋਰੀ ਇਸ ਵਿਆਹ ਦੀਆਂ ਰਸਮਾਂ ਦੇਖ ਲੈਂਦਾ ਹੈ ਅਤੇ ਘਰ ਪਰਤਦਾ ਹੈ। ਘਰ ਉਸ ਦੀ ਮਾਂ ਉਸ ਨੂੰ ਅੰਦਰ ਦਾਖਲ ਨਹੀਂ ਹੋ ਦਿੰਦੀ ਕਿਉਂਕਿ ਉਸ ਦਾ ਕਹਿਣਾ ਹੈ ਕਿ ਵਿਆਹ ਦੇਖ ਕੇ ਅਕੀਰਾ ਨੇ ਅਹਿਮ ਸਮਾਜਿਕ ਬੰਧੇਜ ਤੋੜਿਆ ਹੈ, ਇਸ ਲਈ ਉਹ ਸਜ਼ਾ ਦਾ ਹੱਕਦਾਰ ਹੈ। ਇਸ ਤਰ੍ਹਾਂ ਫਿਲਮ ਬਚਪਨ ਵਿਚ ਸਿੱਖੀਆਂ ਅਤੇ ਸੁਣੀਆਂ ਕਹਾਣੀਆਂ ਤੇ ਵਹਿਮਾਂ-ਭਰਮਾਂ ਦੇ ਮਨੁੱਖੀ ਮਨਾਂ ਉਪਰ ਪਏ ਗਹਿਰੇ ਅਸਰਾਂ ਦੀ ਖੂਬਸੂਰਤ ਨੱਕਾਸ਼ੀ ਕਰਦੀ ਹੈ।
ਦੂਜੀ ਕਹਾਣੀ ਮੁਤਾਬਿਕ ਅਕੀਰਾ ਅਤੇ ਉਸ ਦੀ ਭੈਣ ਗੁੱਡੀਆਂ ਨਾਲ ਸਬੰਧਿਤ ਮੇਲੇ ਦੀ ਤਿਆਰੀ ਕਰ ਰਹੇ ਹਨ। ਇਸ ਕਹਾਣੀ ‘ਅਮਰੂਦਾਂ ਦਾ ਬਾਗ` ਵਿਚ ਕੁੜੀਆਂ ਆਪਣੀਆਂ ਰੰਗ-ਬਿਰੰਗੀਆਂ ਗੁੱਡੀਆਂ ਦਾ ਪ੍ਰਦਰਸ਼ਨ ਕਰਦੀਆਂ ਹਨ ਜਿਸ ਦਾ ਸਿੱਧਾ-ਸਿੱਧਾ ਸਬੰਧ ਅਮਰੂਦਾਂ ਦੇ ਬੂਟਿਆਂ ਨੂੰ ਭਰਵਾਂ ਬੂਰ ਪੈਣ ਅਤੇ ਵਧੀਆ ਫਸਲ ਹੋਣ ਨਾਲ ਹੈ। ਅਕੀਰਾ ਦੀ ਇੱਕ ਸਹੇਲੀ ਇਸ ਰਸਮ ਵਿਚੋਂ ਗਾਇਬ ਹੈ ਜਿਸ ਦੀ ਤਲਾਸ਼ ਵਿਚ ਉਹ ਅਣਜਾਣੇ ਖੇਤਾਂ ਦੀ ਵੱਟਾਂ ‘ਤੇ ਨਿਕਲ ਜਾਂਦਾ ਹੈ। ਉਨ੍ਹਾਂ ਖੇਤਾਂ ਵਿਚ ਸਾਰੀਆਂ ਗੁੱਡੀਆਂ ਜੀਵਤ ਹੋ ਗਈਆਂ ਹਨ ਤੇ ਉਹ ਅਕੀਰਾ ਨੂੰ ਇਸ ਗੱਲ ਲਈ ਸ਼ਰਮਿੰਦਾ ਕਰਦੀਆਂ ਹਨ ਕਿ ਕਿਵੇਂ ਉਸ ਦੇ ਘਰਦਿਆਂ ਨੇ ਤਾਂ ਉਸ ਸਾਲ ਅਮਰੂਦਾਂ ਦੇ ਸਾਰੇ ਦਰਖੱਤ ਵੱਢ ਦਿੱਤੇ ਹਨ। ਫਿਰ ਉਸ ਨੂੰ ਇਹ ਤਿਉਹਾਰ ਮਨਾਉਣ ਦਾ ਕੀ ਹੱਕ ਹੈ? ਇਸ ਸੁਫਨੇ ਦੇ ਅੰਤ ‘ਤੇ ਸਾਰੀਆਂ ਗੁੱਡੀਆਂ ਦਰਖਤਾਂ ਵਿਚ ਤਬਦੀਲ ਹੋ ਜਾਂਦੀਆਂ ਹਨ। ਇਉਂ ਇਹ ਫਿਲਮ ਕੁਦਰਤ ਅਤੇ ਮਨੁੱਖ ਵਿਚ ਲਗਾਤਾਰ ਚੱਲਦੇ ਸੰਵਾਦ ਨੂੰ ਪੁਖਤਾ ਕਰਦੀ ਹੈ।
ਇਸ ਫਿਲਮ ਦੀ ਤੀਜੀ ਕਹਾਣੀ ਹੋਰ ਵੀ ਦਿਲਚਸਪ ਹੈ। ਕੁਝ ਸੈਲਾਨੀਆਂ ਦਾ ਗਰੁੱਪ ਇੱਕ ਆਗੂ ਦੀ ਕਮਾਨ ਥੱਲੇ ਪਹਾੜਾਂ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਭਿਅੰਕਰ ਬਰਫਾਨੀ ਤੂਫਾਨ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦੇ ਰਿਹਾ। ਉਹ ਸਾਰੇ ਥਕਾਵਟ, ਕੱਕਰ ਅਤੇ ਸਰੀਰਕ ਅਕੜਾਓ ਕਾਰਨ ਢੇਰੀ ਢਾਹੁਣ ਦੀ ਕਗਾਰ ‘ਤੇ ਹਨ। ਅਕੀਰਾ ਦੱਸਦਾ ਹੈ ਕਿ ਕਿਵੇਂ ਇੱਕ ਹੱਦ ਆਉਂਦੀ ਹੈ, ਜਦੋਂ ਸਰੀਰ ਤੇ ਮਨ ਦੀ ਆਪਸੀ ਲੜਾਈ ਬੰਦ ਹੋ ਜਾਂਦੀ ਹੈ ਅਤੇ ਬੰਦਾ ਲੱਖਾਂ ਔਕੜਾਂ ਤੇ ਮੁਸੀਬਤਾਂ ਵਿਚ ਵੀ ਨੀਂਦ ਦਾ ਠੌਂਕਾ ਲਾਉਣ ਤੋਂ ਨਹੀਂ ਟਲ ਸਕਦਾ, ਭਾਵੇਂ ਕਿੰਨਾ ਵੀ ਵੱਡਾ ਨੁਕਸਾਨ ਨਾ ਹੋ ਜਾਵੇ। ਉਨ੍ਹਾਂ ਦਾ ਆਗੂ ਸਿਰਫ ਚੀਕਦਾ ਰਹਿ ਜਾਂਦਾ ਹੈ ਤੇ ਅੰਤ ਹਾਰ ਮੰਨ ਲੈਂਦਾ ਹੈ।
ਫਿਲਮ ਦੀ ਚੌਥੀ ਕਹਾਣੀ ਜਾਂ ਅਕੀਰਾ ਦੇ ਚੌਥੇ ਸੁਫਨੇ ਮੁਤਾਬਿਕ ਮਿਲਟਰੀ ਦਾ ਅਫਸਰ ਘਰ ਵੱਲ ਪਰਤ ਰਿਹਾ ਹੈ। ਰਸਤੇ ਵਿਚ ਉਸ ਨੂੰ ਆਪਣਾ ਮਰ ਚੁੱਕਿਆ ਸਿਪਾਹੀ ਮਿਲਦਾ ਹੈ ਜਿਹੜਾ ਉਸ ਨੂੰ ਦੱਸਦਾ ਹੈ ਕਿ ਕਿਵੇਂ ਉਸ ਨੂੰ ਅਜੇ ਤੱਕ ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਅਸਲ ਵਿਚ ਮਰ ਚੁੱਕਿਆ ਹੈ। ਹੌਲੀ-ਹੌਲੀ ਉਸ ਦੀ ਮਰੀ ਹੋਈ ਸਾਰੀ ਬਟਾਲੀਅਨ ਉੱਥੇ ਇਕੱਠੀ ਹੋ ਜਾਂਦੀ ਹੈ ਅਤੇ ਉਸ ਨੂੰ ਪੁੱਛਦੀ ਹੈ ਕਿ ਕਿਉਂ ਉਨ੍ਹਾਂ ਦਾ ਇੰਜ ਭੰਗ ਦੇ ਭਾੜੇ ਮਰ ਜਾਣਾ ਜ਼ਰੂਰੀ ਸੀ? ਅਫਸਰ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ। ਉਹ ਪਹਿਲਾ ਹੀ ਸ਼ਰਮ ਅਤੇ ਗਿਲਾਨੀ ਵਿਚ ਧੱਸਿਆ ਹੋਇਆ ਹੈ, ਕਿਉਂਕਿ ਉਸ ਨੂੰ ਇਹ ਗੱਲ ਲਗਾਤਾਰ ਪ੍ਰੇਸ਼ਾਨ ਕਰ ਰਹੀ ਹੈ ਕਿ ਕਿਉਂਕਿ ਉਹ ਵੀ ਉਨ੍ਹਾਂ ਦੇ ਨਾਲ ਹੀ ‘ਸ਼ਹੀਦ` ਹੋ ਗਿਆ। ਉਸ ਦੀ ਇੱਕਲੌਤੀ ਜਾਨ ਦਾ ਹੁਣ ਕੀ ਅਰਥ ਬਣਦਾ ਹੈ?
ਅਗਲੀ ਕਹਾਣੀ ਵਿਚ ਕਲਾ-ਵਿਗਿਆਨ ਦਾ ਇੱਕ ਵਿਦਿਆਰਥੀ, ਵਿਨਸੈਂਟ ਵਾਨ ਗਾਗ ਨੂੰ ਚੰਗੀ ਤਰ੍ਹਾਂ ਜਾਣਨ ਦੇ ਇਰਾਦੇ ਨਾਲ ਉਸ ਕੋਲ ਪਹੁੰਚਦਾ ਹੈ। ਚਿੱਤਰਕਾਰ ਉਸ ਸਮੇਂ ਆਪਣੇ ਚਿੱਤਰ ‘ਕਾਂ` ਵਿਚ ਮਸਰੂਫ ਹੈ। ਉਹ ਦੱਸਦਾ ਹੈ ਕਿ ਕਿਵੇਂ ਉਸ ਦਾ ਕੰਨ ਉਸ ਦੇ ਕੰਮ ਵਿਚ ਅੜਿੱਕਾ ਬਣ ਰਿਹਾ ਸੀ, ਤੇ ਆਖਰਕਾਰ ਉਸ ਨੇ ਕੰਨ ਹੀ ਕੱਟ ਦਿੱਤਾ। ਇਸ ਤੋਂ ਬਾਅਦ ਉਹ ਗਾਇਬ ਹੋ ਜਾਂਦਾ ਹੈ ਅਤੇ ਵਿਦਿਆਰਥੀ ਉਸ ਦੇ ਚਿੱਤਰਾਂ ਦੀਆਂ ਘੁੰਮਣ-ਘੇਰੀਆਂ ਵਿਚ ਭਟਕਦਾ ਫਿਰਦਾ ਹੈ। ਕਿਤੇ ਨਾ ਕਿਤੇ ਅਕੀਰਾ ਕਲਾਕਾਰ ਅਤੇ ਉਸ ਦੀ ਕਲਾ ਵਿਚਕਾਰ ਜ਼ਰੂਰੀ ਪਰਦਾ ਬਣਾਉਣ ਦੀ ਕੋਸ਼ਿਸ਼ ਕਰਦਿਆਂ ਕਲਾ ਦੇ ਹੱਕ ਵਿਚ ਭੁਗਤਦਾ ਹੈ। ਕਲਾ ਤਾਂ ਸਭ ਦੀਆਂ ਅੱਖਾਂ ਦੇ ਸਾਹਮਣੇ ਹਰ ਪਲ ਵਾਪਰ ਰਹੀ ਹੈ। ਮਸਲਾ ਉਸ ਨੂੰ ਮਹਿਸੂਸ ਕਰਨ ਅਤੇ ਆਪਣੇ ਜੀਵਨ ਅੰਦਰ ਢਾਲ ਲੈਣ ਦਾ ਹੈ।
ਇਸ ਫਿਲਮ ਦੀ ਅਗਲੀ ਕਹਾਣੀ ਵਿਚ ਅਕੀਰਾ ਜਾਪਾਨੀ ਜ਼ਿੰਦਗੀ ਉਪਰ ਪਰਮਾਣੂ ਹਮਲੇ ਦੀ ਗਹਿਰੀ ਮਨੋਵਿਗਿਆਨਕ ਛਾਪ ਦੀ ਕਹਾਣੀ ਸੁਣਾਉਂਦਾ ਹੈ। ਮੁਲਕ ਦੇ ਇੱਕ ਸ਼ਹਿਰ ਮਾਊਂਟ ਫਿਜ਼ੀ ਦੇ ਪਰਮਾਣੂ ਪਲਾਂਟ ਦੇ ਸਾਰੇ ਰਿਐਕਟਰ ਪਿਘਲ ਚੁੱਕੇ ਹਨ। ਸਾਰੇ ਦਾ ਸਾਰਾ ਸ਼ਹਿਰ ਆਪਣੇ ਆਪ ਨੂੰ ਬਚਾਉਣ ਲਈ ਸਮੁੰਦਰ ਵਿਚ ਡੁੱਬਣ ਦਾ ਫੈਸਲਾ ਕਰਦਾ ਹੈ। ਸਿਰਫ ਇੱਕ ਪਰਿਵਾਰ ਮੈਦਾਨ ਵਿਚ ਬੈਠਾ ਹੈ। ਅਚਾਨਕ ਸ਼ਹਿਰੀ ਸੂਟ-ਬੂਟ ਵਿਚ ਕੋਈ ਬੁੱਢਾ ਉਨ੍ਹਾਂ ਨੂੰ ਉਥੇ ਮੌਜੂਦ ਵੱਖ-ਵੱਖ ਪੈਰਾ-ਬੈਗਨੀ ਕਿਰਨਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਣਾ ਸ਼ੁਰੂ ਕਰ ਦਿੰਦਾ ਹੈ। ਪਰਿਵਾਰ ਦੀ ਔਰਤ ਇਸ ਸਭ ਸੁਣ ਕੇ ਅਜਿਹੀਆਂ ਖੋਜਾਂ ਕਰਨ ਵਾਲਿਆਂ ‘ਤੇ ਲਾਹਣਤਾਂ ਪਾਉਣ ਲਗਦੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਉਹ ਬੰਦਾ ਉਸ ਨੂੰ ਦੱਸਦਾ ਹੈ ਕਿ ਉਹ ਖੁਦ ਵੀ ਇਹ ਸਾਰਾ ਕੁਝ ਬਣਾਉਣ ਵਿਚ ਸ਼ਾਮਲ ਹੈ। ਹੌਲੀ-ਹੌਲੀ ਉਹ ਸਾਰੇ ਇਨ੍ਹਾਂ ਕਿਰਨਾਂ ਦੇ ਅਸਰ ਹੇਠ ਖਤਮ ਹੋ ਜਾਂਦੇ ਹਨ।
ਇਸ ਤੋਂ ਅਗਲੀ ਕਹਾਣੀ ਵੀ ਇਸ ਨਾਲ ਹੀ ਸਬੰਧਿਤ ਹੈ। ਇੱਕ ਨੌਜਵਾਨ ਨੂੰ ਇੱਕ ‘ਸ਼ੈਤਾਨ` ਵਰਗਾ ਬੰਦਾ ਮਿਲਦਾ ਹੈ ਜਿਹੜਾ ਅਸਲ ਵਿਚ ਪਰਮਾਣੂ ਧਮਾਕਿਆਂ ਦੇ ਅਸਰ ਹੇਠ ਜਨਮਿਆ ਹੈ ਤੇ ਉਸ ਦਾ ਸਰੀਰ ਅਜੀਬ ਤਰੀਕੇ ਨਾਲ ਆਪਸ ਵਿਚ ਬੇਮੇਲਾ ਹੈ। ਉਹ ਉਸ ਨੌਜਵਾਨ ਨੂੰ ਦੱਸਦਾ ਹੈ ਕਿ ਕਿਵੇਂ ਉਹ ਅਤੇ ਉਸ ਵਰਗੇ ਅਨੇਕਾਂ ਹੋਰ ਮਹਾਤਮਾ ਬੁੱਧ ਦੇ ਸ਼ਾਂਤੀ ਦੇ ਰਸਤੇ ਤੋਂ ਭਟਕੇ ਇਨ੍ਹਾਂ ਬਾਰੂਦੀ ਰਾਹਾਂ ‘ਤੇ ਪੈ ਗਏ ਅਤੇ ਹੁਣ ਨਾ ਤਾਂ ਜਿਊਂਦਿਆਂ ਵਿਚ ਹਨ ਤੇ ਨਾ ਹੀ ਮਰਿਆਂ ਵਿਚ।
ਅਖੀਰ ਵਿਚ ਅਕੀਰਾ ਆਪਣੇ ਸਭ ਤੋਂ ਪਿਆਰੇ ਸੁਫਨੇ ਦੀ ਕਹਾਣੀ ਚਿਤਰਦਾ ਹੈ ਜਿਸ ਵਿਚ ਇੱਕ ਨੌਜਵਾਨ ਸ਼ਾਂਤ ਅਤੇ ਹਰਾਵਲ ਭਰਪੂਰ ਪਿੰਡ ਵਿਚ ਪਹੁੰਚਦਾ ਹੈ ਜਿੱਥੇ ਇੱਕ ਬਜ਼ੁਰਗ ਪਣ-ਚੱਕੀ ਦੀ ਮੁਰੰਮਤ ਕਰ ਰਿਹਾ ਹੈ। ਉਹ ਉਸ ਨੂੰ ਆਪਣੇ ਪਿੰਡ ਦੀ ਕਹਾਣੀ ਸੁਣਾਉਂਦਾ ਹੈ ਕਿ ਕਿਵੇਂ ਉਨ੍ਹਾਂ ਨੇ ਆਪਸੀ ਸਮਝ ਤੇ ਸਿਆਣਪ ਨਾਲ ਸ਼ਹਿਰੀ ਜ਼ਿੰਦਗੀ ਦੀਆਂ ਜ਼ਹਿਰਾਂ ਤੋਂ ਖੁਦ ਨੂੰ ਮੁਕਤ ਕਰ ਕੇ ਆਪਣੇ ਆਪ ਨੂੰ ਕੁਦਰਤ ਨਾਲ ਜੋੜ ਲਿਆ ਹੈ। ਉਹ ਉਸ ਨੂੰ ਦੱਸਦਾ ਹੈ ਕਿ ਅਸੀਂ ਲੰਮਾ ਸਮਾਂ ਪਹਿਲਾਂ ਹੀ ਮਰਨ ਅਤੇ ਜੰਮਣ ਨੂੰ ਫੁੱਲਾਂ ਵਾਂਗ ਸਹਿਣਾ ਤੇ ਬਰਦਾਸ਼ਤ ਕਰਨਾ ਸਿੱਖ ਲਿਆ ਹੈ।