ਹੈਡਮਾਸਟਰ ਗਿਆਨ ਸਿੰਘ ਜੱਬੋਵਾਲ ਨੂੰ ਯਾਦ ਕਰਦਿਆਂ

ਇਕਬਾਲ ਸਿੰਘ ਜੱਬੋਵਾਲ
ਫੋਨ: 917-375-6395
ਵੀਹ ਸਾਲ ਹੋ ਗਏ ਵੱਡੇ ਵੀਰ ਹੈਡਮਾਸਟਰ ਗਿਆਨ ਸਿੰਘ ਨੂੰ ਵਿਛੜਿਆਂ। ਉਹਦੀਆਂ ਪ੍ਰਾਪਤੀਆਂ ਤੇ ਉਚੇਰੀ ਵਿੱਦਿਆ ਹਮੇਸ਼ਾ ਯਾਦਾਂ `ਚ ਵਸੇ ਰਹਿੰਦੇ ਨੇ। ਬੀ. ਏ., ਬੀ. ਐਡ, ਐਮ. ਏ., ਐਮ. ਐਡ। ਚਾਰ ਵਿਸਿ਼ਆਂ `ਚ ਐਮ. ਏ.-ਅੰਗਰੇਜ਼ੀ, ਹਿਸਟਰੀ, ਪੁਲੀਟੀਕਲ ਸਾਇੰਸ ਅਤੇ ਪੰਜਾਬੀ।

1982-83 `ਚ ਟੀਚਰ ਯੂਨੀਅਨ ਬਲਾਕ ਨਵਾਂ ਸ਼ਹਿਰ ਦਾ ਪ੍ਰਧਾਨ ਬਣਿਆ। 1990 ਤੋਂ 1992 ਤੱਕ ਤਿੰਨ ਸਾਲ ਜਿਲਾ ਜਲੰਧਰ `ਚ ਬੱਚਿਆਂ ਦੀਆਂ ਸਕੂਲੀ ਖੇਡਾਂ ਦਾ ਪ੍ਰਧਾਨ ਰਿਹੈ। (ਨਵਾਂਸ਼ਹਿਰ ਉਦੋਂ ਤਹਿਸੀਲ ਹੁੰਦੀ ਸੀ, ਜਿਲਾ 1995 `ਚ ਬਣਿਆ)। 1993 `ਚ ਬੱਚਿਆਂ ਦੇ ਸਾਲਾਨਾ ਪੇਪਰਾਂ `ਚ ਛਾਪੇ ਮਾਰਨ ਲਈ ਫਲਾਇੰਗ-ਸਕੁਐਡ (ਉਡਣ ਦਸਤਾ) ਦੀ ਸੇਵਾ ਨਿਭਾਈ। ਨਵਾਂਸ਼ਹਿਰ, ਬੰਗਾ ਤੇ ਐਸ. ਐਨ. ਕਾਲਜ ਬੰਗਾ ਅਤੇ ਜਲੰਧਰ ਤੱਕ ਦੇ 18 ਸਕੂਲਾਂ ਅਤੇ ਕਾਲਜਾਂ `ਚ ਛਾਪੇ ਮਾਰਨਾ ਉਹਦੇ ਅਧਿਕਾਰ ਖੇਤਰ ਵਿਚ ਸੀ। ਕਈ ਵਾਰ ਸਾਥੀ ਅਧਿਆਪਕ ਪੂਰੇ ਨਾ ਹੁੰਦੇ ਤਾਂ ਮੈਂ ਵੀ ਨਾਲ ਚਲੇ ਜਾਂਦਾ।
ਮਾਹਿਲ-ਗਹਿਲਾਂ ਤੋਂ ਹਾਈ ਸਕੂਲ ਦੀ ਪੜ੍ਹਾਈ ਉਪਰੰਤ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਦਾਖਲ ਹੋਇਆ। ਨਾਲ ਨਾਲ ਦੌੜਾਂ ਲਾਈਆਂ, ਸਾਈਕਲ ਚਲਾਇਆ ਤੇ ਫੁੱਟਬਾਲ ਖਿਡਾਰੀ ਬਣਿਆ। ਪੰਜਾਬ ਯੂਨੀਵਰਸਿਟੀ (ਪੰਜਾਬ, ਹਰਿਆਣਾ ਤੇ ਹਿਮਾਚਲ) ਦਾ ਅਥਲੀਟ ਤੇ ਫੁੱਟਬਾਲ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਹੋਇਆ। ਕਾਲਜ ਦੇ ਸਾਥੀ ਖਿਡਾਰੀਆਂ `ਚ ਨਵਾਂਸ਼ਹਿਰ ਦੇ ਸ਼ਾਂਤੀ ਰਾਮ ਬਾਲੀ (ਦਿੱਲੀ ਏਅਰਪੋਰਟ ਦਾ ਰਹਿ ਚੁਕਾ ਡਾਇਰੈਕਟਰ) ਤੇ ਦੌਲਤਪੁਰ ਵਾਲੇ ਕੈਪਟਨ ਮਹਿਤਾ ਸਿੰਘ (ਅਸ਼ੋਕਾ ਚੱਕਰ) ਦਾ ਬੇਟਾ ਅਤੇ ਕੈਲੀਫੋਰਨੀਆ ਰਹਿੰਦੇ ਕਲਮਜੀਤ ਸਿੰਘ ਮੱਖਣ ਤੇ ਨੀਟੂ ਦਾ ਪਿਤਾ ਮਾਸਟਰ ਨਰਿੰਦਰ ਸਿੰਘ ਹੁੰਦੇ ਸਨ। ਕਾਲਜ ਅਤੇ ਇਲਾਕੇ ਦਾ ਵਧੀਆ ਖਿਡਾਰੀ ਹੋਣ ਕਰਕੇ ਜਿਲਿਆਂ ਦੇ ਮੈਚਾਂ ਲਈ ਚੁਣਿਆ ਗਿਆ। ਉਨ੍ਹਾਂ ਸਮਿਆਂ `ਚ ਸਿਫਾਰਸ਼ ਜਾਂ ਪੈਸਾ ਨਹੀਂ, ਸਗੋਂ ਚੰਗੀ ਖੇਡ ਦੀ ਕਦਰ ਹੁੰਦੀ ਸੀ। ਬੀ. ਐਡ ਕਰਨ ਪਿਛੋਂ ਥਾਣੇਦਾਰੀ ਦੀ ਨੌਕਰੀ ਦੀ ਪੇਸ਼ਕਸ਼ ਹੋਈ ਸੀ। ਫਿਰ ਉਹਨੇ ਪੁਲਿਸ ਮਹਿਕਮੇ ਦੀ ਥਾਂ ਸਿਖਿਆ ਵਿਭਾਗ ਵਿਚ ਜਾਣਾ ਬਿਹਤਰ ਸਮਝਿਆ।
1970-71 `ਚ ਨਕੋਦਰ ਨੇੜੇ ਉਦੋਵਾਲ ਦੇ ਸਰਕਾਰੀ ਹਾਈ ਸਕੂਲ `ਚ ਨੌਕਰੀ ਸ਼ੁਰੂ ਕੀਤੀ। ਉਹ ਤੇ ਮਾਸਟਰ ਗਿਆਨ ਸਿੰਘ ਸੰਘਾ (ਕਾਮਰੇਡ) ਕਿਰਾਏ ਦੇ ਇਕੋ ਕਮਰੇ `ਚ ਰਹਿੰਦੇ ਸਨ। ਭਾਰ ਸਿੰਘਪੁਰ, ਗੁਣਾਚੌਰ, ਰਟੈਂਡਾ, ਗੋਬਿੰਦਪੁਰ (ਨੇੜੇ ਬੰਗਾ) ਤੇ ਮੂਸਾਪੁਰ ਨੌਕਰੀ ਕਰਨ ਉਪਰੰਤ ਹੈਡਮਾਸਟਰ ਬਣ ਕੇ ਸਰਕਾਰੀ ਹਾਈ ਸਕੂਲ ਲੰਗੜੋਆ ਚਲੇ ਗਿਆ। ਲੰਗੜੋਆਂ ਤੋਂ ਫਿਰ ਮੂਸਾਪੁਰ ਦੀ ਬਦਲੀ ਹੋ ਗਈ। ਮੂਸਾਪੁਰ ਤੋਂ ਗੜ੍ਹੀ ਮਹਾਂ ਸਿੰਘ। ਆਖਰੀ ਸਮਾਂ ਉਹ ਗੜ੍ਹੀ ਮਹਾਂ ਸਿੰਘ ਦੇ ਹਾਈ ਸਕੂਲ `ਚ ਹੈਡਮਾਸਟਰ ਦੀ ਸੇਵਾ ਨਿਭਾ ਰਿਹਾ ਸੀ। ਗੜ੍ਹੀ ਦੇ ਸਰਪੰਚ ਸ. ਦਾਲੀ ਦੇ ਕਹਿਣ `ਤੇ ਸ. ਗਿਆਨ ਸਿੰਘ ਟੂਰਨਾਮੈਂਟ ਸ਼ੁਰੂ ਕਰਾ ਗਿਆ ਸੀ, ਜੋ ਹੁਣ ਵੀ ਜਾਰੀ ਹਨ।
ਭਾਅ ਜੀ (ਗਿਆਨ ਸਿੰਘ) ਦੀ ਮੌਤ ਪਿਛੋਂ ਮੈਂ ਗੜ੍ਹੀ ਮਹਾਂ ਸਿੰਘ ਦੇ ਹਾਈ ਸਕੂਲ ਸਟਾਫ ਨੂੰ ਮਿਲਣ ਗਿਆ ਤਾਂ ਸਾਰਾ ਸਟਾਫ ਤੇ ਬੱਚੇ ਦੁਖ ਸਾਂਝਾ ਕਰਨ ਮੇਰੇ ਕੋਲ ਆ ਗਏ। ਸੈਕਿੰਡ ਹੈਡਮਾਸਟਰ ਸ. ਬਲਵੰਤ ਸਿੰਘ ਉਹਦੀ ਵੱਡੀ ਘਾਟ ਮਹਿਸੂਸ ਕਰ ਰਿਹਾ ਸੀ। ਸਭ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਗਿਆਨ ਸਿੰਘ ਵਧੀਆ ਇਨਸਾਨ ਤੇ ਅਸੂਲਾਂ ਵਾਲਾ ਹੈਡਮਾਸਟਰ ਸੀ, ਸਾਰੇ ਇਹੋ ਕਹਿ ਰਹੇ ਸਨ।
ਫਿਰ ਸਟਾਫ ਵਾਲਿਆਂ ਦੱਸਿਆ ਕਿ ਗਿਆਨ ਸਿੰਘ ਔਸ ਖੂੰਜੇ ਕੁਰਸੀ `ਤੇ ਬਹਿ ਜਾਂਦਾ ਸੀ ਤੇ ਸਾਰਾ ਕੁਝ ਵੇਖਦਾ ਰਹਿੰਦਾ। ਕਹਿਣਾ ਕੁਝ ਨਹੀਂ, ਬੱਸ ਦੇਖੀ ਜਾਣਾ-ਅੱਖਾਂ ਦੀ ਦਹਿਸ਼ਤ ਹੀ ਬੜੀ ਹੁੰਦੀ ਸੀ।
ਹਰ ਸਕੂਲ `ਚ ਜ਼ਾਬਤਾ ਬਣਾ ਕੇ ਰੱਖਦਾ। ਜੇ ਕਿਤੇ ਅਧਿਆਪਕਾਂ ਨੇ ਇਕ ਦੂਜੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਤਾਂ ਕਹਿਣਾਂ, ਜਿਸ ਕੰਮ ਦੀ ਤਨਖਾਹ ਲੈਂਦੇ ਓਂ, ਪਹਿਲਾ ਉਹ ਪੂਰਾ ਕਰੋ, ਗੱਲਾਂ ਘਰ ਜਾ ਕੇ। ਬੱਚਿਆਂ ਨੂੰ ਬਿਨਾ ਮਤਲਬ ਘੁੰਮਣ ਨਾ ਦੇਣਾ। ਮੁੰਡਿਆਂ ਨੂੰ ਪੁੱਠੇ-ਸਿੱਧੇ ਵਾਲ ਨਾ ਕਰਨ ਦੇਣਾ। ਕੁੜੀਆਂ ਨੂੰ ਹਰ ਵਕਤ ਚੁੰਨੀ ਲੈ ਕੇ ਰੱਖਣ ਦੀ ਤਾੜਨਾ ਦੇਣੀ। ਇਕ ਵਾਰ ਚਿਤਾਵਨੀ ਦੇ ਕੇ ਛੱਡ ਦੇਣਾ। ਮੁੜ ਵੇਖ ਲਿਆ ਤਾਂ ਘਰਦਿਆਂ ਨੂੰ ਬੁਲਾ ਕੇ ਲਿਆਉਣ ਲਈ ਕਹਿ ਦੇਣਾ।
ਕੈਨੇਡਾ ਤੋਂ ਗਿਆ ਉਹਦਾ ਪਰਮ-ਮਿੱਤਰ ਸੁਖਦੇਵ ਸਿੰਘ ਗਰਚਾ ਗੜ੍ਹੀ ਮਹਾਂ ਸਿੰਘ ਦੇ ਹਾਈ ਸਕੂਲ ਮਿਲਣ ਗਿਆ ਤੇ ਵਧੀਆ ਅਨੁਸ਼ਾਸਨ ਵੇਖ ਕੇ ਦੰਗ ਰਹਿ ਗਿਆ, ਜਦੋਂ ਕਲਾਸਾਂ ਖਤਮ ਹੋਣ `ਤੇ ਬੱਚੇ ਅਤੇ ਟੀਚਰ ਚੁੱਪ-ਚਾਪ ਕਮਰਿਆਂ `ਚੋਂ ਬਾਹਰ ਨਿਕਲੇ।
ਵਿਦਿਆਰਥੀ ਖਿਡਾਰੀਆਂ ਨੂੰ ਉਹ ਬੜਾ ਪਿਆਰ ਕਰਦਾ ਸੀ। ਖਿਡਾਰੀਆਂ ਨੂੰ ਹੌਸਲਾ ਦਿੰਦਾ ਤੇ ਉਨ੍ਹਾਂ ਦੇ ਖਾਣ ਲਈ ਕੁਝ ਨਾ ਕੁਝ ਫਰੂਟ ਬਗੈਰਾ ਲਿਜਾ ਕੇ ਦਿੰਦਾ ਰਹਿੰਦਾ। ਲੰਗੜੋਆ ਦੇ ਹਾਈ ਸਕੂਲ `ਚ ਹੈਡਮਾਸਟਰ ਦੀ ਸੇਵਾ ਨਿਭਾਉਂਦਿਆਂ ਉਹਦੀ ਵਿਦਿਆਰਥਣ ਗੁਰਪ੍ਰੀਤ ਕੌਰ ਪੁਰੇਵਾਲ ਪੰਜਾਬ ਦੀ ਹਂੈਡਬਾਲ ਖਿਡਾਰਨ ਬਣੀ। ਉਹ ਲੁਧਿਆਣਾ ਪੁਲਿਸ ਦੀ ਵਿਜੀਲੈਂਸ ਵਿਭਾਗ ਵਿਚ ਡੀ. ਐਸ. ਪੀ. ਰਹਿ ਚੁਕੀ ਹੈ। ਕੌਮਾਂਤਰੀ ਕਬੱਡੀ ਖਿਡਾਰੀ ਜੀਤਾ ਜੱਬੋਵਾਲੀਆ ਵੀ ਉਹਦੇ ਹੌਸਲੇ ਤੇ ਥਾਪੜੇ ਦਾ ਸਬੂਤ ਹੈ।
ਭਾਅ ਜੀ ਗਰੀਬ ਲੋੜਵੰਦ ਬੱਚਿਆਂ ਦੀ ਮਦਦ ਕਰਦੇ ਰਹਿੰਦੇ। ਕਿਤਾਬਾਂ ਤੇ ਫੀਸਾਂ ਕੋਲੋਂ ਭਰ ਦੇਣੀਆਂ। ਚੰਗੀ ਤਰ੍ਹਾਂ ਪੜ੍ਹਨ ਦੀ ਨਸੀਹਤ ਦੇਣੀ। ਇਕ ਵਾਰ ਸਕੂਲ ਦੀ ਗਰਾਊਂਡ `ਚ ਖੇਡਦੇ ਬੱਚਿਆਂ ਦੀ ਫੁੱਟਬਾਲ ਨਾਲ ਦੇ ਖੇਤ `ਚ ਡਿੱਗ ਪਈ ਤੇ ਖੇਤ ਵਾਹੁੰਦੇ ਮਾਲਕ ਨੇ ਖੇਤ ਖਰਾਬ ਕਰਨ ਦਾ ਬਹਾਨਾ ਬਣਾ ਕੇ ਫੁੱਟਬਾਲ ਰੱਖ ਲਿਆ। ਬੱਚਿਆਂ ਨੇ ਦਫਤਰ ਬੈਠੇ ਭਾਅ ਜੀ ਨੂੰ ਆ ਦੱਸਿਆ, “ਸਰ ਜੀ, ਨਾਲ ਦੇ ਖੇਤ ਵਾਲੇ ਨੇ ਬਾਲ ਚੁੱਕ ਲਿਆ, ਦੇ ਨਹੀਂ ਰਿਹਾ।”
“ਉਹਨੂੰ ਜਾ ਕੇ ਕਹੋ ਫੁੱਟਬਾਲ ਗੁਆਵੇ ਨਾ, ਉਹਦੇ ਬੱਚਿਆਂ ਦੇ ਖੇਡਣ ਦੇ ਕੰਮ ਆਵੇਗਾ,” ਕਹਿੰਦੇ ਨੇ ਕੋਲੋਂ ਪੈਸੇ ਦੇ ਕੇ ਹੋਰ ਫੁੱਟਬਾਲ ਲੈ ਆਉਣ ਲਈ ਕਹਿ ਦਿੱਤਾ। ਉਸੇ ਸਕੂਲ `ਚ ਪੜ੍ਹਾਉਂਦਾ ਲਾਦੜ੍ਹਿਆਂ ਵਾਲੇ ਮੱਖਣ ਕ੍ਰਾਂਤੀ ਉਹਦੀ ਖੁੱਲ੍ਹਦਿਲੀ ਨੂੰ ਬੜਾ ਯਾਦ ਕਰਦਾ ਹੁੰਦਾ ਸੀ। ਅਫਸੋਸ ਅੱਜ ਦੋਨੋਂ ਸਾਡੇ ਵਿਚਕਾਰ ਨਹੀਂ ਹਨ।
ਬੰਗਾ ਇਲਾਕੇ ਦੇ ਸਾਰੇ ਸਕੂਲ ਅਧਿਆਪਕਾਂ ਦਾ ਬੰਗਿਆਂ ਵਾਲੇ ਸਗਲੀ ਰਾਮ ਦਾ ਟੈਂਟ ਹਾਊਸ ਟਿਕਾਣਾ ਹੁੰਦਾ। ਗਿਆਨ ਸਿੰਘ ਦੇ ਸਾਰੇ ਜਿਗਰੀ-ਯਾਰ ਹੋਣ ਕਰਕੇ ਹਰ ਕੋਈ ਉਸ ਦੀ ਕਦਰ ਕਰਦਾ ਸੀ। ਉਹ ਕਹਿਣੀ ਤੇ ਕਰਨੀਂ ਦਾ ਪੂਰਾ ਸੀ। ਜਿਥੇ ਖੜ੍ਹ ਗਿਆ, ਖੜ੍ਹ ਗਿਆ। ਆਪਣੀ ਪਾਵਰ ਤੋਂ ਕਈ ਗੁਣਾਂ ਵੱਧ ਪਾਵਰ ਵਰਤ ਜਾਂਦਾ ਸੀ। ਸੱਚ `ਤੇ ਅਡੋਲ ਡੱਟ ਕੇ ਖੜ੍ਹ ਜਾਂਦਾ। ਸੱਚ `ਤੇ ਖੜ੍ਹੇ ਨੂੰ ਕਈ ਵਾਰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਔਖੇ ਪਲਾਂ `ਚ ਵੀ ਚੜ੍ਹਦੀ ਕਲਾ `ਚ ਰਹਿੰਦਾ ਸੀ। ਰੱਬ ਦੀ ਰਜ਼ਾ `ਚ ਰਹਿ ਕੇ ਬੇਖੌਫ, ਬੇਪ੍ਰਵਾਹ ਮਸਤ ਹਾਥੀ ਦੀ ਚਾਲੇ ਤੁਰਿਆ ਜਾਂਦਾ ਤੇ ਨਾਲ ਦੇ ਸਾਥੀਆਂ ਨੂੰ ਹੌਸਲਾ ਦਿੰਦਾ ਰਹਿੰਦਾ।
ਗਿਆਨੀ ਬਖਤਾਵਰ ਸਿੰਘ ਜਗਤਪੁਰ, ਬਲਵੀਰ ਰਾਏ ਬੈਸਾਂ, ਨਰਿੰਦਰ ਸਿੰਘ ਰੰਧਾਵਾ ਪੀ. ਟੀ.,ਮੋਹਣ ਸਿੰਘ ਰਾਏਪੁਰ ਡੱਬਾ, ਪ੍ਰਦੀਪ ਕੁਮਾਰ ਬੰਗਿਆਂ, ਅਵਤਾਰ ਸਿੰਘ ਸਾਈਂ ਥਾਂਦੀਆਂ, ਡੀ. ਈ. ਓ. ਸਵਰਨ ਸਿੰਘ ਆਨੰਦਪੁਰ ਸਾਹਿਬ, ਪਿ੍ਰੰਸੀਪਲ ਬਲਦੇਵ ਸਿੰਘ ਸਿੱਧੂ, ਪ੍ਰਿੰ. ਜਗਤਾਰ ਸਿੰਘ ਗੜ੍ਹਸ਼ੰਕਰ, ਡੀ. ਈ. ਓ. ਦਿਨੇਸ਼ ਕੁਮਾਰ ਕਰੀਹਾ, ਬਲਵੀਰ ਪੀ. ਟੀ. ਗੁਣਾਚੌਰ, ਪਿ੍ਰੰ. ਬਹਾਦੁਰ ਸਿੰਘ ਮੰਡੇਰਾਂ, ਹਰਿੰਦਰ ਸਿੰਘ ਬੀਸਲਾ, ਕੇਹਰ ਸਿੰਘ ਥਾਂਦੀ ਤੇ ਅਨੇਕਾਂ ਹੋਰ ਅਧਿਆਪਕ ਸਾਥੀ ਅਤੇ ਇਲਾਕੇ ਦੇ ਸੱਜਣ ਅੱਜ ਵੀ ਯਾਦ ਕਰਦੇ ਹਨ। ਗਿਆਨੀ ਬਖਤਾਵਰ ਸਿੰਘ ਨੇ ਉਹਨੂੰ ਖੁਲ੍ਹਦਿਲਾ, ਦਲੇਰ ਤੇ ਵਿਸ਼ਾਲ ਵਿਰਾਸਤ ਦਾ ਮਾਲਕ ਦੱਸਿਆ, ਜਦ ਕਿ ਸਵਰਨ ਸਿੰਘ ਉਹਨੂੰ ਦੋਆਬੇ ਦਾ ਸ਼ੇਰ ਕਹਿੰਦਾ ਹੁੰਦਾ ਸੀ। ਐਮ. ਪੀ. ਹਰਭਜਨ ਲਾਖਾ, ਹਲਕਾ ਵਿਧਾਇਕ ਸਰਬਣ ਸਿੰਘ ਫਿਲੌਰ ਅਤੇ ਹਲਕਾ ਵਿਧਾਇਕ ਨਵਾਂ ਸ਼ਹਿਰ ਤੇ ਖੇਤੀਬਾੜੀ ਮੰਤਰੀ ਦਿਲਬਾਗ ਸਿੰਘ ਸੈਣੀ ਜਿਹੇ ਨੇਤਾਵਾਂ ਨਾਲ ਚੰਗੀ ਗੱਲਬਾਤ ਸੀ। ਦਿਲਬਾਗ ਸਿੰਘ ਸੈਣੀ ਦੀ ਮੌਤ ਪਿਛੋਂ ਵਿਧਾਇਕ ਚਰਨਜੀਤ ਚੰਨੀ ਤੇ ਪ੍ਰਕਾਸ਼ ਸਿੰਘ ਨਾਲ ਵਧੀਆ ਰਿਸ਼ਤੇ ਸਨ। ਜਦੋਂ ਉਨ੍ਹੀਂ ਕਿਤੇ ਪਿੰਡ ਆਉਣਾ ਹੁੰਦਾ ਤਾਂ ਸਾਰਾ ਪ੍ਰਬੰਧ ਭਾਅ ਜੀ ਹੀ ਕਰਦੇ।
ਨਵਾਂਸ਼ਹਿਰ ਏਰੀਆ ਦੇ ਕਿਸੇ ਅਧਿਆਪਕ ਦੀ ਗੰਗਾਨਗਰ ਵੱਲ ਦੀ ਬਦਲੀ ਹੋ ਗਈ। ਦੂਰ ਹੋਣ ਕਰਕੇ ਉਹ ਘਬਰਾ ਗਿਆ। ਸਕੂਲੇ ਜਾਂਦਾ ਉਹ ਸਿੱਧਾ ਹੈਡਮਾਸਟਰ ਸਾਹਿਬ ਦੇ ਦਫਤਰ ਚਲਾ ਗਿਆ। ਚਾਹ-ਪਾਣੀ ਦੀ ਸੇਵਾ ਪਿਛੋਂ ਪੁੱਛਣ `ਤੇ ਪਤਾ ਲੱਗਾ ਕਿ ਉਹ ਨਵਾਂਸ਼ਹਿਰ ਤੋਂ ਹੈ। ਹੈਡਮਾਸਟਰ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਦੱਸਣਾ, ਗਿਆਨ ਸਿੰਘ ਸਾਡਾ ਵੀ ਵਧੀਆ ਮਿੱਤਰ ਐ।
ਸਾਡੀ ਵੱਡੀ ਭੈਣ ਕਿਸੇ ਸਕੂਲੇ ਆਪਣੇ ਨਿਆਣੇ ਦਾਖਲ ਕਰਾਉਣ ਗਈ ਤਾਂ ਉਥੋਂ ਦਾ ਹੈਡਮਾਸਟਰ ਆਨਾ-ਕਾਨੀ ਕਰਨ ਲੱਗ ਪਿਆ। ਬੱਚੇ ਪੂਰੇ ਹੋਣ ਦਾ ਬਹਾਨਾ ਜਿਹਾ ਬਣਾਉਣ ਲੱਗ ਪਿਆ। ਭੈਣ ਨੇ ਭਾਜੀ ਗਿਆਨ ਸਿੰਘ ਦੀ ਕੋਲ ਸੰਭਾਲ ਕੇ ਰੱਖੀ ਫੋਟੋ ਵਿਖਾਈ ਤਾਂ ਹੈਡਮਾਸਟਰ ਨੇ ਝੱਟ ਪਛਾਣ ਕੇ ਕਿਹਾ, “ਇਹ ਤਾਂ ਸ. ਗਿਆਨ ਸਿੰਘ ਨੇ!” “ਹਾਂ ਜੀ, ਹਾਂ ਜੀ ਮੇਰਾ ਵੀਰ ਐ ਜੀ।” “ਲਿਆਉ ਜੀ ਲਿਆਉ, ਤੁਹਾਡਾ ਕੰਮ ਹੁਣੇ ਕਰਦੇ ਆਂ, ਪਰ ਏਹ ਗੱਲ ਗਿਆਨ ਸਿੰਘ ਕੋਲ ਨਾ ਕਰਿਉ, ਸਾਡੀ ਕੁੱਤੇ-ਖਾਣੀ ਕਰੂ।”
ਪੇਪਰਾਂ ਦੀ ਚੈਕਿੰਗ `ਤੇ ਜਲੰਧਰ ਲੜਕੀਆਂ ਦੇ ਕਾਲਜ ਗਏ ਤਾਂ ਇਕ ਮੈਡਮ ਨੇ ਪਛਾਣ ਕੇ ਮੈਡਮ ਪਿ੍ਰੰਸੀਪਲ ਨੂੰ ਯਾਦ ਕਰਵਾਇਆ ਕਿ ਜਿਲੇ ਦੇ ਟੂਰਨਾਮੈਂਟਾਂ `ਚ ਕਿਸੇ ਕਾਰਨ ਕਰਕੇ ਉਨ੍ਹਾਂ ਦੇ ਕਾਲਜ ਨੂੰ ਟਰਾਫੀ ਨਹੀਂ ਸੀ ਮਿਲ ਰਹੀ, ਤਾਂ ਸ. ਗਿਆਨ ਸਿੰਘ ਨੇ ਜਿਲਾ ਪ੍ਰਧਾਨ ਹੋਣ ਕਰਕੇ ਉਨ੍ਹਾਂ ਦੇ ਕਾਲਜ ਨੂੰ ਟਰਾਫੀ ਦੁਆਈ ਸੀ। ਸੁਣ ਕੇ ਮੈਡਮ ਪ੍ਰਿੰਸੀਪਲ ਨੇ ਵਾਰ ਵਾਰ ਧੰਨਵਾਦ ਕੀਤਾ।

1991 ਦੇ ਕਾਲੇ ਦੌਰ ਦੇ ਦਿਨਾਂ `ਚ ਮੈਂ ਪੰਜਾਬ ਗਿਆ ਹੋਇਆ ਸਾਂ। ਫਿਲੌਰ ਵਲੋਂ ਆਉਂਦਿਆਂ ਹਨੇਰਾ ਹੋ ਗਿਆ। ਕਾਲੀਆਂ ਕੰਬਲੀਆਂ ਲਈ ਅਸਾਂ ਦੋਵੇਂ ਸਕੂਟਰ `ਤੇ ਵਾਪਸ ਪਿੰਡ ਆ ਰਹੇ ਸਾਂ। ਅੱਪਰੇ ਕੋਲ ਆਏ ਤਾਂ ਮੂਹਰਿਉਂ ਆ ਰਹੀ ਮਾਰੂਤੀ ਵੈਨ ਦੀਆਂ ਲਾਈਟਾਂ ਵੱਜੀਆਂ। ਮੈਂ ਕਿਹਾ, “ਭਾਅ ਜੀ ਸਕੂਟਰ ਰੋਕ ਲਈ, ਪੁਲਿਸ ਵਾਲੇ ਹੋਣਗੇ।”
ਗੱਡੀ ਬਰਾਬਰ ਆ ਰੁਕੀ ਤੇ ਮੂਹਰਲੀ ਸੀਟ `ਤੇ ਪਟਕਾ ਬੰਨ੍ਹੀ ਬੈਠੇ ਸਰਦਾਰ ਜੀ ਨੇ ਪੁਛਿਆ, “ਕਿਧਰੋਂ ਆਏ ਓਂ?”
“ਜੀ, ਨਾਲ ਦੇ ਪਿੰਡੋਂ ਆਏ ਆਂ।”
“…ਕਰਦੇ ਕੀ ਓਂ?”
“ਮੈਂ ਲੰਗੜੋਆ ਦੇ ਹਾਈ ਸਕੂਲ `ਚ ਹੈਡਮਾਸਟਰ ਲੱਗਾ ਹੋਇਆਂ ਤੇ ਏਹ ਮੇਰਾ ਛੋਟਾ ਭਾਈ ਅਮਰੀਕਾ ਤੋਂ ਆਇਆ ਹੋਇਐ।”
“ਮੁੰਡਿਆ ਜਾ ਕੇ ਚੈਕ ਕਰ।”
ਗੱਡੀ `ਚ ਸਾਰੇ ਸਿਵਲ ਕੱਪੜਿਆਂ `ਚ ਬੈਠੇ ਹੋਏ ਸਨ। ਸਾਨੂੰ ਤਾਂ ਪਹਿਲੋਂ ਅੰਦਾਜ਼ਾ ਹੋ ਗਿਆ ਸੀ ਕਿ ਪੁਲਿਸ ਵਾਲੇ ਹੋਣਗੇ। ਹੁਕਮ ਦਾ ਬੱਧਾ ਮੁੰਡਾ ਕੋਲ ਆਇਆ ਤੇ ਸ਼ਾਇਦ ਭਾਜੀ ਕੋਲ ਪੜ੍ਹਦਾ ਰਿਹਾ ਸੀ, ਪਛਾਣ ਕੇ ਕਹਿੰਦਾ, “ਸਰ ਜੀ, ਤੁਸੀਂ ਕਿਧਰ ਐਸ ਵੇਲੇ?”
ਮੁੰਡਾ ਉਨ੍ਹੀਂ ਪੈਰੀਂ ਵਾਪਸ ਜਾ ਕੇ ਆਪਣੇ ਸਾਹਿਬ ਨੂੰ ਕਹਿਣ ਲੱਗਾ, “ਜੀ ਏਹ ਤਾਂ ਸਾਡੇ ਗੁਰੂ ਨੇ, ਅਸੀਂ ਇਨ੍ਹਾਂ ਕੋਲ ਪੜ੍ਹੇ ਆਂ।”
“ਕੁਵੇਲੇ ਹੋਏ ਨਾ ਤੁਰਿਆ ਕਰੋ, ਹਾਲਾਤ ਬੜੇ ਖਰਾਬ ਨੇ। ਨਾਲੇ ਆਹ ਕਾਲੀਆਂ ਕੰਬਲੀਆਂ ਨਾ ਲਿਆ ਕਰੋ, ਐਵੇਂ ਭੁਲੇਖੇ `ਚ ਮਾਰੇ ਜਾਉਗੇ।” ਨਸੀਹਤ ਦੇ ਕੇ ਗੱਡੀ ਅੱਗੇ ਤੁਰ ਗਈ।

ਮੇਰੇ ਦੋਸਤਾਂ ਨੇ ਬਾਹਰੋਂ ਜਾ ਕੇ ਉਹਨੂੰ ਸਕੂਲੇ ਮਿਲਣ ਜਾਣਾ ਤਾਂ ਧੱਕੇ ਨਾਲ ਪਿੰਨੀਆਂ, ਅੰਡੇ, ਕਾਜ਼ੂ, ਬਦਾਮ ਖੁਆਉਣੇ। ਮਨ੍ਹਾਂ ਕਰਦੇ ਤਾਂ ਪੁਲਸੀਆ ਲਹਿਜ਼ੇ `ਚ ਦਬਕਾ ਮਾਰ ਕੇ ਕਾਹਮੇ ਵਾਲੇ ਦਿਲਾਵਰ ਵਰਗਿਆਂ ਨੂੰ ਧੱਕੇ ਨਾਲ ਖੁਆਉਣੇ।
ਉਹ ਗੁਰੂ ਗ੍ਰੰਥ ਸਾਹਿਬ ਦਾ ਬੜਾ ਸ਼ਰਧਾਵਾਨ ਸੀ। 1970-71 `ਚ ਜਦੋਂ ਪਹਿਲੀ ਨੌਕਰੀ ਦੀ ਸ਼ੁਰੂਆਤ ਹੋਈ ਤਾਂ ਪਹਿਲੀ ਤਨਖਾਹ `ਚੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਆ ਕੇ ਭੇਟ ਕੀਤੀ। ਕਈ ਵਾਰ ਪਿੰਡ `ਚ ਅਖੰਡ ਪਾਠ ਸਾਹਿਬ ਦੀਆਂ ਰੌਲਾਂ ਵੀ ਲਾ ਦੇਣੀਆਂ ਤੇ ਮਾਇਆ-ਭੇਟਾ ਗੁਰਦੁਆਰਾ ਸਾਹਿਬ ਦੀ ਗੋਲਕ ਵਾਸਤੇ ਕਹਿ ਦੇਣਾ। ਪਿੰਡ `ਚ ਲੜਕੀਆਂ ਦੇ ਵਿਆਹਾਂ `ਤੇ ਅਨੰਦ ਕਾਰਜ ਕਰਾਉਣ ਲਈ ਛੁੱਟੀ ਲੈ ਕੇ ਆ ਜਾਂਦਾ। ਪਿੰਡ ਦੇ ਨੌਜਵਾਨਾਂ ਵਲੋਂ ਪਿੰਡ `ਚ ਰੱਖੇ ਖੁਸ਼ੀ-ਗਮੀ ਦੇ ਸਹਿਜ ਪਾਠ ਦਾ ਆ ਕੇ ਭੋਗ ਪਾ ਦਿੰਦਾ। ਬੱਚਿਆਂ ਦੇ ਸਾਲਾਨਾ ਪੇਪਰਾਂ ਵੇਲੇ ਸਕੂਲ `ਚ ਅਖੰਡ ਪਾਠ ਸਾਹਿਬ ਰਖਵਾਇਆ ਜਾਂਦਾ। ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਦਾ। ਉਹਦੇ ਪੜ੍ਹਾਏ ਵਿਦਿਆਰਥੀ ਪੁਲਿਸ ਵਿਭਾਗ, ਸਿਖਿਆ ਵਿਭਾਗ ਤੇ ਹੋਰ ਚੰਗੇ ਚੰਗੇ ਅਹੁਦਿਆਂ `ਤੇ ਲੱਗੇ ਹੋਏ ਨੇ ਅਤੇ ਵਿਦੇਸ਼ਾਂ ਵਿਚ ਵੀ ਬੜੇ ਸੈਟਲ ਨੇ।
ਜਨਵਰੀ 2000 ਦੇ ਪਹਿਲੇ ਹਫਤੇ ਮੈਂ ਬੇਟਿਆਂ-ਨਵਜੋਤ ਸਿੰਘ ਤੇ ਮਨਜੋਤ ਸਿੰਘ ਦੀ ਲੋਹੜੀ ਪਾਉਣ ਪਿੰਡ ਗਿਆ। ਲੋਹੜੀ ਦੀ ਖੁਸ਼ੀ `ਚ ਘਰ ਹਵੇਲੀ ਰਖਵਾਏ ਅਖੰਡ ਪਾਠ ਸਾਹਿਬ ਦੇ ਭੋਗ ਵੇਲੇ ਰੌਣਕਾਂ ਹੀ ਰੌਣਕਾਂ ਸਨ। ਭਾਅ ਜੀ ਜਿਲੇ ਦਾ ਪ੍ਰਧਾਨ ਹੋਣ ਕਰਕੇ ਇਲਾਕੇ ਦੇ ਸਾਰੇ ਪੀ. ਟੀ., ਡੀ. ਪੀ., ਮਾਸਟਰ, ਹੈਡਮਾਸਟਰ ਤੇ ਇਲਾਕੇ ਦੇ ਹੋਰ ਪਤਵੰਤੇ ਸੱਜਣਾਂ-ਮਿੱਤਰਾਂ ਨਾਲ ਰੌਣਕਾਂ ਬਣੀਆਂ ਹੋਈਆਂ ਸਨ। ਸ਼੍ਰੋਮਣੀ ਢਾਡੀ ਗਿਆਨੀ ਦਿਆ ਸਿੰਘ ਦਿਲਵਰ (ਮੇਰੇ ਵਿਆਹ ਵੇਲੇ ਦਿਆ ਸਿੰਘ ਦਿਲਬਰ ਨੇ ਇਸੀ ਹਵੇਲੀ `ਚ ਢਾਡੀ ਵਾਰਾਂ ਨਾਲ ਰੰਗ ਬੰਨ੍ਹਿਆ ਸੀ) ਦੇ ਬੇਟੇ ਗਿਆਨੀ ਕੁਲਜੀਤ ਸਿੰਘ ਦਿਲਵਰ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਲੋਹੜੀ ਦੇ ਸਾਰੇ ਕਾਰਜ ਹੱਥੀਂ ਪੂਰੇ ਕੀਤੇ।
…ਪਰ ਦੂਜੇ ਦਿਨ ਖੁਸ਼ੀਆਂ, ਗਮੀਆਂ `ਚ ਬਦਲ ਗਈਆਂ, ਜਦੋਂ ਘਰੇ ਸਿਹਤ ਖਰਾਬ ਹੋਣ ਲੱਗ ਪਈ, ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਬੰਗੀਂ ਰਾਜੇ ਦੇ ਹਸਪਤਾਲ `ਚ ਦੋ ਦਿਨਾਂ ਦੇ ਇਲਾਜ ਤੋਂ ਬਾਅਦ ਜਲੰਧਰ ਦੇ ਟੈਗੋਰ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਪੂਰੀ ਵਾਹ ਲਾਈ, ਪਰ ਭੌਰ ਉਡਾਰੀ ਮਾਰ ਗਿਆ। ਮਹਾਨ ਸ਼ਖਸੀਅਤ ਤੇ ਖਿਡਾਰੀ ਦਾ ਛੇਆਂ ਦਿਨਾਂ `ਚ ਸਾਰਾ ਖੇਲ ਖਤਮ ਹੋ ਗਿਆ। ਹਫਤਾ ਪਹਿਲਾਂ ਰੌਣਕਾਂ ਵਾਲੀ ਹਵੇਲੀ `ਚ ਇਕ ਦਮ ਮਾਤਮ ਛਾ ਗਿਆ ਸੀ। ਸੱਥਰ ਵਿਛ ਗਿਆ। ਯਾਰਾਂ ਦਾ ਯਾਰ ਹਿੰਮਤੀ ਇਨਸਾਨ ਗਿਆਨ ਸਿੰਘ ਦੁਨੀਆਂ ਤੋਂ ਬੇਫਿਕਰਾਂ ਘੂਕ ਸੁੱਤਾ ਪਿਆ ਸੀ। ਲਾਡਾਂ ਨਾਲ ਪਾਲਣ ਵਾਲੀ ਮਾਂ ਦੇ ਅਸਮਾਨ ਚੀਰਦੇ ਵੈਣ ਸੁਣੇ ਨਹੀਂ ਸਨ ਜਾਂਦੇ। ਜਿਸ ਮਾਂ ਦੀ ਅਰਥੀ ਨੂੰ ਪੁੱਤ ਨੇ ਮੋਢਾ ਦੇਣਾ ਸੀ, ਅੱਜ ਉਸੇ ਸ਼ੇਰ ਪੁੱਤ ਦੀ ਅਰਥੀ ਉਠਦੀ ਮਾਂ ਵੇਖ ਰਹੀ ਸੀ। ਮੈਨੂੰ ਤਾਂ ਕਝ ਵੀ ਸਮਝ ਨਹੀਂ ਸੀ ਆ ਰਹੀ। ਦੁਨੀਆਂ ਦੇ ਸਭ ਰੰਗ ਫਿਕੇ ਫਿਕੇ ਲੱਗਦੇ ਸਨ। ਭਤੀਜਾ ਹਰਪ੍ਰੀਤ ਸਿੰਘ ਰਿੰਕੂ ਹਾਲੇ ਨਿਆਣਾ ਸੀ। ਸਾਰੀਆਂ ਜਿੰਮੇਵਾਰੀਆਂ ਖੁਦ ਨਿਭਾਈਆਂ। ਭਤੀਜੇ ਦੇ ਵਿਆਹ ਤੋਂ ਲੈ ਕੇ ਇੰਗਲੈਂਡ ਭੇਜਣ ਤੱਕ ਦੀ ਜਿ਼ੰਮੇਵਾਰੀ ਨਿਭਾਉਣ ਪਿਛੋਂ ਮੇਰੇ ਮਨ ਦਾ ਕੁਝ ਬੋਝ ਹਲਕਾ ਹੋਇਐ।
ਉਹਦੇ ਮਹਿਕਮੇ ਦੇ ਸਾਥੀ ਜਾਂ ਹੋਰ ਸੱਜਣ ਅੱਜ ਵੀ ਯਾਦ ਕਰਦੇ ਨੇ। ਵਿਦੇਸ਼ਾਂ `ਚ ਅਚਾਨਕ ਕਈ ਵਾਰ ਮਿਲ ਜਾਂਦੇ ਨੇ ਤਾਂ ਕਹਿੰਦੇ ਨੇ, “ਇਕਬਾਲ ਸਿੰਹਾਂ, ਜੱਬੋਵਾਲ ਦਾ ਗਿਆਨ ਸਿੰਘ ਹੁੰਦਾ ਸੀ, ਬੜਾ ਦਲੇਰ ਸੀ। ਮਹਿਕਮੇ `ਚ ਕਈ ਸਾਲ ਸਰਦਾਰੀ ਕਰ ਗਿਐ।” ਕਬੱਡੀ ਕਮੈਂਟਰੀ ਕਿੰਗ ਪ੍ਰੋ. ਮੱਖਣ ਸਿੰਘ ਹਕੀਮਪੁਰ ਵੀ ਅਕਸਰ ਵਿਦੇਸ਼ਾਂ `ਚ ਹੁੰਦੇ ਖੇਡ ਮੇਲਿਆਂ `ਚ ਯਾਦ ਕਰ ਲੈਂਦੇ ਨੇ।
ਗਿਆਨ ਸਿੰਘ ਦੀ ਯਾਦ ਵਿਚ ਮੈਂ ਨਿਮਾਣੀ ਜਿਹੀ ਕੋਸਿ਼ਸ਼ ਕਰਦਿਆਂ ਪਿੰਡ ਵਿਚ ‘ਹੈਡਮਾਸਟਰ ਗਿਆਨ ਸਪੋਰਟਸ ਕਲੱਬ’ ਨਾਂ ਦਾ ਵੱਡਾ ਕਮਰਾ ਬਣਾ ਕੇ ਪਿੰਡ ਦੇ ਨੌਜਵਾਨਾਂ ਨੂੰ ਸਮਰਪਿਤ ਕੀਤਾ ਹੋਇਐ। ਉਸ ਵੇਲੇ ਦੀ ਮੌਜੂਦਾ ਪੰਚਾਇਤ ਤੇ ਸਰਪੰਚ ਅਵਤਾਰ ਸਿੰਘ ਤਾਰੀ ਖਾਲਸਾ ਨੇ ਕਲੱਬ ਵਾਸਤੇ ਸਕੂਲ ਕੋਲ ਪਏ ਛੱਪੜ ਨੂੰ ਪੂਰ ਕੇ ਜਗ੍ਹਾ ਦਾ ਪ੍ਰਬੰਧ ਕੀਤਾ ਸੀ। ਜਿੰਮ ਵਿਚ ਮਸ਼ੀਨਾਂ ਵੀ ਰੱਖੀਆਂ ਹੋਈਆਂ ਨੇ। 2009 `ਚ ਭਾਅ ਜੀ ਦੀ ਯਾਦ ਵਿਚ ਪਿੰਡ ਟੂਰਨਾਮੈਂਟ ਕਰਾਇਆ। ਪਿੰਡ ਵਾਸੀਆਂ ਨੇ ਬੜਾ ਸਾਥ ਦਿਤਾ। ਬੈਲ-ਗੱਡੀਆਂ ਦੀਆਂ ਦੌੜਾਂ, ਛੋਟੇ ਬੱਚਿਆਂ ਦੇ ਕਬੱਡੀ ਮੈਚ, ਪਿੰਡ ਪੱਧਰ ਅਤੇ ਅਕੈਡਮੀਆਂ ਦੇ ਤਕੜੇ ਮੈਚ ਹੋਏ। ਸਰਬਣ ਸਿੰਘ ਫਿਲੌਰ ਨੇ ਇਨਾਮਾਂ ਦੀ ਵੰਡ ਕੀਤੀ ਤੇ ਭਾਅ ਜੀ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਇਹ ਵੀ ਕਿਹਾ ਕਿ ਜੱਬੋਵਾਲ ਭਾਗਾਂ ਵਾਲਾ ਪਿੰਡ ਹੈ, ਜਿਥੇ ਗਿਆਨ ਸਿੰਘ ਵਰਗੇ ਇਨਸਾਨ ਨੇ ਜਨਮ ਲਿਆ।
ਜਿਸ ਨਹਿਰ `ਤੇ ਗਿਆਨ ਸਿੰਘ ਕਦੇ ਦੌੜਾਂ ਲਾਉਂਦਾ ਹੁੰਦਾ ਸੀ, ਉਸੇ ਨਹਿਰ `ਤੇ ਉਹਦੇ ਵੱਲ ਵੇਖ ਗਿਆਨ ਨਾਗਰਾ ਪੁੱਲੂ (ਬਿੱਲਿਆਂ ਦੇ ਆਦਰ ਦਾ ਭਰਾ) ਤੇ ਜੋਗਿੰਦਰ ਮੱਗੋ ਹੁਰੀਂ ਵੀ ਦੌੜਾਂ ਲਾਉਣ ਲੱਗੇ ਅਤੇ ਕਾਲਜਾਂ ਦੇ ਖਿਡਾਰੀ ਤੇ ਅਥਲੀਟ ਬਣੇ। ਹਰਬੰਸ ਪੈਂਟਰ ਦੇ ਬੇਟੇ ਬਲਜਿੰਦਰ ਦੇ ਦੱਸਣ ਅਨੁਸਾਰ ਹੈਡਮਾਸਟਰ ਸਾਹਿਬ ਪਿੰਡ ਦੇ ਨੌਜਵਾਨਾਂ ਦਾ ਬੜਾ ਖਿਆਲ ਰੱਖਦਾ ਸੀ। ਪਿੰਡ `ਚ ਬਣਾਈ ਰੱਸਾ-ਕਸ਼ੀ ਟੀਮ ਦੂਰ ਦੂਰ ਤੱਕ ਮੁਕਾਬਲੇ ਲੜਨ ਜਾਂਦੀ। ਉਹ ਪਿੰਡ ਦੇ ਨੌਜਵਾਨਾਂ ਨੂੰ ਹਮੇਸ਼ਾ ਖੇਡਾਂ ਵੱਲ ਪ੍ਰੇਰਤ ਕਰਦਾ।
ਮਾਂ-ਬਾਪ ਭਾਵੇਂ ਅਨਪੜ੍ਹ ਸਨ, ਪਰ ਆਪ ਅੱਗੇ ਤੋਂ ਅੱਗੇ ਪੜ੍ਹਦਾ ਗਿਆ। ਮੈਂ ਕਹਿਣਾ, ਭਾਅ ਜੀ ਪੜ੍ਹ ਜਿੰਨਾ ਮਰਜੀ। ਪਹਿਲਾਂ ਤੂੰ ਮੈਨੂੰ ਪੜ੍ਹਾਇਆ, ਹੁਣ ਮੈਂ ਤੈਨੂੰ ਪੜ੍ਹਾਉਣਾ। ਉਨ੍ਹਾਂ ਮੁਸਕਰਾ ਪੈਣਾ। ਮੇਰਾ ਬੜਾ ਹੌਸਲਾ ਸੀ ਉਹਨੂੰ। ਸਕੂਲ ਟਾਈਮ ਤੋਂ ਬਾਅਦ ਦਫਤਰ ਬੈਠੇ ਪੜ੍ਹੀ ਜਾਣਾ। 1996-97 `ਚ ਇਕ ਧਾਰਮਿਕ ਕਿਤਾਬ ਵੀ ਲਿਖੀ, ਜਿਸ ਦਾ ਮੁੱਖਬੰਦ ਪ੍ਰਿੰਸੀਪਲ ਬਲਦੇਵ ਸਿੰਘ ਮੰਗੂਵਾਲ ਅਤੇ ਉਨ੍ਹਾਂ ਦੀ ਪਤਨੀ ਪ੍ਰਿੰ. ਰਾਜਵਿੰਦਰ ਕੌਰ ਨੇ ਲਿਖਿਆ ਸੀ।
ਮੇਰੇ ਕਲਾਸ-ਫੈਲੋ ਤੇ ਮਿੱਤਰ ਐਮ. ਪੀ. ਸਵਰਗੀ ਨਸਤਨਾਮ ਸਿੰਘ ਕੈਂਥ ਉਹਦਾ ਅਫਸੋਸ ਕਰਨ ਪਿੰਡ ਆਏ ਤੇ ਕਹਿਣ ਲੱਗੇ, “ਇਕਬਾਲ ਸਿੰਹਾਂ, ਐਮ. ਏ. ਇਕ ਕਰਨੀ ਔਖੀ ਐ, ਪਰ ਹੈਡਮਾਸਟਰ ਸਾਹਿਬ ਤਾਂ ਚਾਰ ਕਰ ਗਏ, ਪਤਾ ਨੀ ਕਿਵੇਂ?”
ਦੂਰਦਰਸ਼ਨ ਜਲੰਧਰ ਦੇ ਡਾਇਰੈਕਟਰ ਪੁਨੀਤ ਸਹਿਗਲ ਦੇ ਛੋਟੇ ਅਧਿਆਪਕ ਭਰਾ ਹਿਤੇਸ਼ ਸਹਿਗਲ ਨੇ ਗੱਲ ਦੱਸੀ ਕਿ ਇਲਾਕਾ ਵਿਧਾਇਕ ਨਵਾਂਸ਼ਹਿਰ ਦਿਲਬਾਗ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਦੇ ਬਹੁਤੇ ਸਕੂਲਾਂ ਦੇ ਸਟਾਫ ਸ. ਗਿਆਨ ਸਿੰਘ ਨੂੰ ਨਵਾਂਸ਼ਹਿਰ ਇਲਾਕੇ ਦਾ ਲੀਡਰ ਵੇਖਣਾ ਚਾਹੁੰਦੇ ਸਨ। ਪਰ ਅਫਸੋਸ!
ਮੈਨੂੰ ਮਾਂ-ਬਾਪ ਦਾ ਪਿਆਰ ਦੇ ਕੇ ਪੁੱਤਾਂ ਵਾਂਗ ਪਾਲਿਆ। ਭਰਾ ਦਾ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਸੀ। ਬਾਪ ਵਰਗੇ ਭਰਾ ਦਾ ਸਿਰ ਤੋਂ ਸਾਇਆ ਉਠ ਗਿਆ ਸੀ। ਉਹਦੀ ਮੌਤ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਹੋਰ ਵੀ ਕੋਈ ਮਾਂ-ਬਾਪ ਹਨ। ਮਾਂ ਨੇ ਜਨਮ ਜਰੂਰ ਦਿਤਾ, ਪਰ ਉਗਲੀ ਫੜ੍ਹ ਕੇ ਤੁਰਨਾ ਭਰਾ ਨੇ ਸਿਖਾਇਆ। ਪਹਿਲੀ ਵਾਰ ਮੈਂ ਅਮਰੀਕਾ ਤੋਂ ਗਿਆ ਸਾਂ ਤਾਂ ਮੈਨੂੰ ਵੇਖ ਕੇ ਬੜਾ ਚਾਅ ਚੜ੍ਹਿਆ ਸੀ। ਚਾਅ ਚਾਅ ਵਿਚ ਮੈਨੂੰ ਦੋ ਪੀਪੇ ਘਿਉ ਦੇ ਚਾਰ ਕੇ ਭੜੋਲਾ ਜਿਹਾ ਬਣਾ ਦਿੱਤਾ ਸੀ। ਪਰਿਵਾਰ `ਚੋਂ ਛੋਟਾ ਹੋਣ ਕਰਕੇ ਡਾਂਟ ਵੀ ਦਿੰਦਾ। ਉਹ ਮੈਨੂੰ ਇਕ ਵਧੀਆ ਸਪੋਰਟਸਮੈਨ ਦੇ ਤੌਰ `ਤੇ ਵੇਖਣਾ ਚਾਹੁੰਦਾ ਸੀ, ਪਰ ਉਡਾਰੀਆਂ-ਉਤਾਰੀਆਂ ਸਭ ਮਾਲਕ ਦੇ ਹੱਥ ਹੁੰਦੀਆਂ ਨੇ। ਮੈਂ ਭਾਗਾਂ ਵਾਲਾ ਹਾਂ, ਜਿਸ ਨੂੰ ਇਕ ਚੰਗੀ ਸੋਚ, ਵਧੀਆ ਖਿਡਾਰੀ, ਦਾਨੀ ਦਲੇਰ, ਚੰਗੀ ਪੜ੍ਹਾਈ ਵਾਲਾ ਤੇ ਮਹਾਨ ਸ਼ਖਸੀਅਤ ਭਰਾ ਮਿਲਿਆ। ਹੁਣ ਜਦੋਂ ਮੈਂ ਪਿੰਡ ਜਾਂਦਾ ਹਾਂ ਉਹਦੇ ਬਿਨਾ ਸਾਰਾ ਕੁਝ ਸੁੰਨਾ ਸੁੰਨਾ ਲੱਗਦੈ। ਮੈਨੂੰ ਉਦਾਸ ਅੱਖਾਂ ਉਨ੍ਹਾਂ ਲੱਭਦੀਆਂ ਰਹਿੰਦੀਆਂ। ਅਜਿਹੇ ਪੁੱਤ ਮਾਂਵਾਂ ਕਦੀ ਕਦੀ ਜੰਮਦੀਆਂ ਨੇ।
ਬਲਿਹਾਰੇ ਯੋਧੇ ਬਲਕਾਰੀਆਂ ਦੇ
ਨਾਂ ਦੇਸ਼ ਦਾ ਉਚਾ ਕਰ ਜਾਂਦੇ ਨੇ।
ਤੁਰ ਗਿਆਂ `ਤੇ ਲੋਕੀ ਯਾਦ ਕਰਦੇ,
ਭਲੇ ਦਲੇਰ ਜਦੋਂ ਤੁਰ ਜਾਂਦੇ ਨੇ।
ਭਲਾ ਕਰਨ ਦੀ ਚਾਹਤ ਹੋਵੇ
ਜਿਸ ਵਿਚ ‘ਇਕਬਾਲ ਸਿੰਹਾਂ’
ਵੱਡੇ ਪਰਬਤ ਵੀ ਸਰ ਕਰ ਜਾਂਦੇ ਨੇ।