ਨਵੀਂ ਦਿੱਲੀ: ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਕਾਇਮ ਕਮੇਟੀ ਦੇ ਸਾਰੇ ਤਿੰਨ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ। ਚੋਣ ਕਮੇਟੀ (2020-21) ਦੇ ਚੇਅਰਮੈਨ ਸੀਨੀਅਰ ਵਕੀਲ ਜੈਦੀਪ ਗੁਪਤਾ ਤੇ ਦੋ ਹੋਰ ਮੈਂਬਰ ਹਰਿਨ ਪੀ. ਰਾਵਲ ਤੇ ਨਕੁਲ ਦੀਵਾਨ ਸਨ। ਐਸੋਸੀਏਸ਼ਨ ਦੇ ਕਾਰਜਕਾਰੀ ਸਕੱਤਰ ਰੋਹਿਤ ਪਾਂਡੇ ਨੂੰ ਲਿਖੇ ਪੱਤਰ ਵਿਚ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਚੋਣਾਂ ਡਿਜੀਟਲ ਪਲੇਟਫਾਰਮ ਉਤੇ ਕਰਵਾਉਣ ਦਾ ਫੈਸਲਾ ਕੀਤਾ ਸੀ ਤੇ ਇਸ ਲਈ ਡਿਜੀਟਲ ਫਰਮ ਐਨ.ਐਸ.ਡੀ.ਐਲ. ਨਾਲ ਵਿਚਾਰ-ਚਰਚਾ ਵੀ ਕੀਤੀ ਗਈ ਸੀ।
ਐਨ.ਐਸ.ਡੀ.ਐਲ. ਨਾਲ ਹੋਏ ਸਮਝੌਤੇ ਦਾ ਖਰੜਾ ਤੇ ਖਰਚੇ ਬਾਰੇ ਪੱਤਰ ਐਸੋਸੀਏਸ਼ਨ ਦੇ ਕਾਰਜਕਾਰੀ ਕਮੇਟੀ ਨੂੰ 14 ਜਨਵਰੀ ਨੂੰ ਭੇਜਿਆ ਗਿਆ ਸੀ। ਚੋਣ ਕਮੇਟੀ ਦੇ ਮੈਂਬਰਾਂ ਮੁਤਾਬਕ ਕਾਰਜਕਾਰੀ ਕਮੇਟੀ ਨੇ ਇਕ ਮਤਾ ਭੇਜਿਆ ਹੈ ਜਿਸ ਵਿਚ ਕੁਝ ਫੈਸਲੇ ਲਏ ਗਏ ਹਨ। ਮੈਂਬਰਾਂ ਨੇ ਕਿਹਾ ਕਿ ਉਹ ਇਸ ਨੂੰ ਕਾਰਜਕਾਰੀ ਕਮੇਟੀ ਵੱਲੋਂ ‘ਇਨਕਾਰ` ਕੀਤਾ ਜਾਣਾ ਮੰਨਦੇ ਹਨ। ਮੈਂਬਰਾਂ ਨੇ ਕਿਹਾ ਕਿ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦਾ ਜਵਾਬ ਉਨ੍ਹਾਂ ਦੀਆਂ ਹਦਾਇਤਾਂ ਨੂੰ ਮੰਨਣ ਤੋਂ ਇਕ ਤਰ੍ਹਾਂ ਦਾ ਇਨਕਾਰ ਹੈ ਜਦਕਿ ਉਹ ਐਸੋਸੀਏਸ਼ਨ ਦੇ ਨੇਮ 17ਏ ਮੁਤਾਬਕ ਆਖਰੀ ਹਨ ਤੇ ਮੰਨੀਆਂ ਜਾਣੀਆਂ ਚਾਹੀਦੀਆਂ ਸਨ। ਮੈਂਬਰਾਂ ਨੇ ਕਿਹਾ ਕਿ ਇਸ ਸਥਿਤੀ ਵਿਚ ਉਹ ਹੁਣ ਚੋਣ ਕਮੇਟੀ ਵਿਚ ਬਣੇ ਰਹਿਣਾ ਸੰਭਵ ਨਹੀਂ ਸਮਝਦੇ। ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਨੇ ਪਿਛਲੇ ਸਾਲ ਦਸੰਬਰ ਵਿਚ ਚੋਣ ਕਮੇਟੀ ਦਾ ਗਠਨ ਕੀਤਾ ਸੀ। ਬਾਰ ਐਸੋਸੀਏਸ਼ਨ ਦੇ ਕੁਝ ਆਗੂ ਵਰਚੁਅਲ ਚੋਣਾਂ ਦੇ ਹੱਕ ਵਿਚ ਨਹੀਂ ਸਨ। ਉਹ ਚਾਹੁੰਦੇ ਹਨ ਕਿ ਵੋਟਾਂ ਨਿੱਜੀ ਤੌਰ `ਤੇ ਹਾਜਰ ਹੋ ਕੇ ਪਾਉਣ ਅਤੇ ਵਰਚੁਅਲ ਪਾਉਣ (ਹਾਈਬ੍ਰਿਡ ਮੋਡ), ਦੋਵਾਂ ਦੀ ਇਜਾਜ਼ਤ ਦਿੱਤੀ ਜਾਵੇ।
ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਚੀਫ ਜਸਟਿਸ ਐੱਸ.ਏ. ਬੋਬੜੇ ਨੂੰ ਬੇਨਤੀ ਕੀਤੀ ਹੈ ਕਿ ਚੋਣਾਂ ਕਰਵਾਉਣ ‘ਚ ਆਈ ਖੜੋਤ ਤੋੜੀ ਜਾਵੇ ਤੇ ਇਸ ਲਈ ਇਕ ਬੈਂਚ ਗਠਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੁਸ਼ਯੰਤ ਦਵੇ ਨੇ ਚੋਣ ਕਮੇਟੀ ਬਣਾਉਣ ਵਿਚ ਮਹੀਨੇ ਦੀ ਦੇਰੀ ਕੀਤੀ। ਫਿਰ ਚੋਣ ਕਮੇਟੀ ਨੂੰ ਹਦਾਇਤਾਂ ਜਾਰੀ ਕਰਨ ਵਿਚ ਹਫਤੇ ਦੀ ਦੇਰੀ ਹੋਰ ਕੀਤੀ ਗਈ। ਸੁਪਰੀਮ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਜੇ ਉਹ ਚੋਣਾਂ ‘ਹਾਈਬ੍ਰਿਡ ਮੋਡ‘ ਵਿਚ ਕਰਵਾਉਣਾ ਚਾਹੁੰਦੇ ਸਨ ਤਾਂ ਦਸੰਬਰ ਵਿਚ ਹੀ ਫੈਸਲਾ ਲੈਂਦੇ। ਵਿਕਾਸ ਸਿੰਘ ਨੇ ਕਿਹਾ ਕਿ ਹੁਣ ਕਮੇਟੀ ਨੂੰ ਚੋਣਾਂ ਫਰਵਰੀ ਦੇ ਤੀਜੇ ਹਫਤੇ ਵਿਚ ਕਰਵਾਉਣ ਲਈ ਕਹਿਣਾ ਦਵੇ ਵੱਲੋਂ ਆਪਣਾ ਕਾਰਜਕਾਲ ਵਧਾਉਣ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਦਵੇ ਨੇ ਅਸਤੀਫਾ ਦੇ ਕੇ ਡਰਾਮਾ ਕੀਤਾ ਹੈ ਤਾਂ ਕਿ ਚੋਣ ਕਮੇਟੀ ਅਸਤੀਫਾ ਨਾਮਨਜ਼ੂਰ ਕਰਨ ਲਈ ਮਜਬੂਰ ਹੋ ਜਾਵੇ।