ਨਵੀਂ ਦਿੱਲੀ: ਭਾਰਤ ਵਿਚ ਕਰੋਨਾ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਮੁਹਿੰਮ ਦੇ ਪਹਿਲੇ ਹੀ ਦਿਨ ਇਸ ਦੀ ਭਰੋਸੇਯੋਗਤਾ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ, ਜਿਥੇ ਸਰਕਾਰ ਇਸ ਨੂੰ ਸੰਜੀਵਨੀ ਬੂਟੀ ਦਾ ਦਰਜਾ ਦੇ ਰਹੀ ਹੈ, ਦੂਜੀ ਉਥੇ ਕਾਂਗਰਸ ਨੇ ਸ਼ਬਦੀ ਹਮਲਾ ਕਰਦਿਆਂ ਤੀਸਰੇ ਪੜਾਅ ਦੇ ਕਲੀਨਿਕਲ ਟਰਾਇਲ ਤੋਂ ਬਿਨਾਂ ਵੈਕਸੀਨ ਨੂੰ ਐਮਰਜੈਂਸੀ ਪ੍ਰਵਾਨਗੀ ਦੇਣ ‘ਤੇ ਸਵਾਲ ਚੁੱਕੇ ਹਨ। ਕਾਂਗਰਸੀ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ
ਦੁਨੀਆ ਦੇ ਹਰ ਦੇਸ ਜਿਥੇ ਟੀਕਾਕਰਨ ਸ਼ੁਰੂ ਹੋਇਆ ਹੈ, ਉਥੇ ਆਗੂਆਂ ਨੇ ਪਹਿਲਾਂ ਟੀਕਾ ਲਗਵਾਇਆ ਹੈ, ਤਾਂ ਜੋ ਲੋਕਾਂ ‘ਚ ਭਰੋਸਾ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਅਤੇ ਚੁਣੀ ਗਈ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੈਕਸੀਨ ਲਗਵਾਈ ਹੈ, ਬਰਤਾਨੀਆ ‘ਚ ਮਹਾਰਾਣੀ ਐਲਿਜਾਬੈੱਥ-(ਦੂਜੀ) ਅਤੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵੀ ਟੀਕਾ ਲਗਵਾਇਆ ਹੈ, ਫਿਰ ਭਾਰਤ ‘ਚ ਸਰਕਾਰ ਅਜਿਹਾ ਕਿਉਂ ਨਹੀਂ ਕਰ ਸਕੀ। ਦੂਜੇ ਪਾਸੇ ਸਿਹਤ ਮੰਤਰੀ ਡਾ। ਹਰਸ਼ ਵਰਧਨ ਨੇ ਕਰੋਨਾ ਵੈਕਸੀਨ ਨੂੰ ਸੰਜੀਵਨੀ ਦੱਸਦਿਆਂ ਕਿਹਾ ਕਿ ਭਾਰਤ ਕੋਵਿਡ-19 ਖਿਲਾਫ ਜੰਗ ਜਿੱਤਣ ਦੇ ਫੈਸਲਾਕੁੰਨ ਦੌਰ ‘ਚ ਪਹੁੰਚ ਚੁੱਕਾ ਹੈ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਉਤੇ ਧਿਆਨ ਨਾ ਦੇਣ ਅਤੇ ਸਾਇੰਸਦਾਨਾਂ ਅਤੇ ਮਾਹਿਰਾਂ ਉਤੇ ਭਰੋਸਾ ਰੱਖਣ ਦੀ ਸਲਾਹ ਦਿੱਤੀ।
ਦੱਸ ਦਈਏ ਕਿ ਕਰੋਨਾ ਵਾਇਰਸ ਮਹਾਮਾਰੀ ਖਿਲਾਫ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਕਰੋਨਾ ਵੈਕਸੀਨ ਬਾਰੇ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਅਪੀਲ ਕੀਤੀ ਕਿ ਟੀਕਾ ਲੱਗਣ ਦੇ ਬਾਵਜੂਦ ਉਹ ਕਰੋਨਾ ਖਿਲਾਫ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤਣ। ਟੀਕਾਕਰਨ ਦੇ ਪਹਿਲੇ ਦਿਨ ਦੇਸ਼ ਭਰ ਵਿਚ ਵੱਖ-ਵੱਖ ਮੈਡੀਕਲ ਸੈਂਟਰਾਂ ‘ਤੇ ਡਾਕਟਰਾਂ ਤੇ ਨਰਸਾਂ ਤੋਂ ਇਲਾਵਾ ਸਿਹਤ ਸੰੰਭਾਲ ‘ਚ ਲੱਗੇ ਮੂਹਰਲੀ ਕਤਾਰ ਦੇ ਵਰਕਰਾਂ ਨੂੰ ਭਾਰਤ ਵਿਚ ਹੀ ਨਿਰਮਤ ਕਰੋਨਾ ਦੇ ਟੀਕੇ (ਕੋਵੀਸ਼ੀਲਡ ਤੇ ਕੋਵੈਕਸੀਨ) ਲਗਾਏ ਗਏ। ਸਿਹਤ ਕਾਮਿਆਂ ਤੋਂ ਇਲਾਵਾ ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ, ਨੀਤੀ ਆਯੋਗ ਦੇ ਮੈਂਬਰ ਵੀ.ਕੇ.ਪੌਲ, ਭਾਰਤੀ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ, ਭਾਜਪਾ ਦੇ ਸੰਸਦ ਮੈਂਬਰ ਮਹੇਸ਼ ਸ਼ਰਮਾ ਤੇ ਪੱਛਮੀ ਬੰਗਾਲ ਦੇ ਮੰਤਰੀ ਨਿਰਮਲ ਮਾਜੀ ਨੇ ਪਹਿਲੇ ਦਿਨ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਵਾਈ। ਚੇਤੇ ਰਹੇ ਕਿ ਭਾਰਤੀ ਡਰੱਗ ਕੰਟਰੋਲਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਭਾਰਤ ਵਿਚ ਨਿਰਮਤ ਦੋ ਵੈਕਸੀਨਾਂ ਕੋਵੀਸ਼ੀਲਡ ਤੇ ਕੋਵੈਕਸੀਨ ਦੀ ਹੰਗਾਮੀ ਹਾਲਾਤ ‘ਚ ਵਰਤੋਂ ਲਈ ਹਰੀ ਝੰਡੀ ਦੇ ਦਿੱਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਕਾਕਰਨ ਮੁਹਿੰਮ ਦੇ ਰਸਮੀ ਆਗਾਜ਼ ਤੋਂ ਪਹਿਲਾਂ ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ ਚੇਤੇ ਕਰਵਾਇਆ ਕਿ ਵੈਕਸੀਨ ਦੀਆਂ ਦੋ ਖੁਰਾਕਾਂ ਬਹੁਤ ਜਰੂਰੀ ਹਨ। ਉਨ੍ਹਾਂ ਲੋਕਾਂ ਨੂੰ ਚੌਕਸ ਕੀਤਾ ਕਿ ਟੀਕੇ ਦੀਆਂ ਖੁਰਾਕਾਂ ਲਗਵਾਉਣ ਦੇ ਬਾਵਜੂਦ ਉਹ ਮੂੰਹ ‘ਤੇ ਮਾਸਕ ਤੇ ਸਮਾਜਿਕ ਦੂਰੀ ਜਿਹੇ ਨੇਮਾਂ ਦੀ ਪਾਲਣਾ ਨੂੰ ਪਹਿਲਾਂ ਵਾਂਗ ਯਕੀਨੀ ਬਣਾਉਣ। ਸ੍ਰੀ ਮੋਦੀ ਨੇ ਲੋਕਾਂ ਨੂੰ ਮੁੜ ਭਰੋਸਾ ਦਿਵਾਇਆ ਕਿ ਭਾਰਤ ਵਿੱਚ ਬਣੀਆਂ ਇਨ੍ਹਾਂ ਦੋਵਾਂ ਵੈਕਸੀਨਾਂ ਨੂੰ ਵਿਗਿਆਨੀਆਂ ਵੱਲੋਂ ਨਿਰਧਾਰਿਤ ਸੁਰੱਖਿਆ ਤੇ ਹੋਰਨਾਂ ਮਾਪਦੰਡਾਂ ‘ਤੇ ਖਰਾ ਉਤਰਨ ਮਗਰੋਂ ਹੀ ਐਮਰਜੈਂਸੀ ‘ਚ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ ਹੈ।
______________________________________
ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਤੋਂ ਨਾਂਹ
ਨਵੀਂ ਦਿੱਲੀ: ਰਾਮ ਮਨੋਹਰ ਲੋਹੀਆ ਹਸਪਤਾਲ ਦੀ ਰੈਜੀਡੈਂਟਸ ਡਾਕਟਰਜ ਐਸੋਸੀਏਸ਼ਨ (ਆਰ.ਡੀ.ਏ.) ਨੇ ਕਰੋਨਾ ਖਿਲਾਫ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ ਭਾਰਤ ਵਿਚ ਹੀ ਨਿਰਮਤ ‘ਕੋਵੈਕਸੀਨ` ਦੇ ਟੀਕੇ ਬਾਰੇ ਖਦਸ਼ਾ ਜਾਹਿਰ ਕਰਦਿਆਂ ਇਸ ਮੁਹਿੰਮ `ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਹੈ। ਐਸੋਸੀਏਸ਼ਨ ਨੇ ਮੈਡੀਕਲ ਸੁਪਰਡੈਂਟ ਨੂੰ ਲਿਖੇ ਪੱਤਰ `ਚ ਕਿਹਾ ਕਿ ‘ਕੋਵੈਕਸੀਨ` ਦਾ ਤੀਜੇ ਗੇੜ ਦਾ ਟਰਾਇਲ ਮੁਕੰਮਲ ਨਾ ਹੋਣ ਨੂੰ ਲੈ ਕੇ ਉਠੇ ਖ਼ਦਸ਼ਿਆਂ ਦਰਮਿਆਨ ਰੈਜੀਡੈਂਟਸ ਡਾਕਟਰ ਥੋੜ੍ਹੇ ਫਿਕਰਮੰਦ ਹਨ, ਲਿਹਾਜ਼ਾ ਉਨ੍ਹਾਂ ਨੂੰ ਇਸ ਦੀ ਥਾਂ ਆਕਸਫੋਰਡ ਵੱਲੋਂ ਤਿਆਰ ਕੋਵਿਡ-19 ਦਾ ਭਾਰਤੀ ਵੇਰੀਐਂਟ ਕੋਵੀਸ਼ੀਲਡ ਹੀ ਲਗਾਇਆ ਜਾਵੇ।`