ਸਾਧੂ ਬਿਨਿੰਗ
ਫੋਨ: 778-773-1886
ਅਸੀਂ ਜਦੋਂ ਨੈਤਿਕਤਾ (ਚੰਗਿਆਈ, ਸਦਾਚਾਰ) ਦੀ ਗੱਲ ਕਰਦੇ ਹਾਂ ਤਾਂ ਇੱਕ ਵਿਅਕਤੀ ਦੇ ਸਮਾਜ ਵਿਚ ਵਿਚਰਦਿਆਂ ਦੂਜੇ ਵਿਅਕਤੀਆਂ, ਹੋਰ ਜੀਵਾਂ, ਕੁਦਰਤ ਅਤੇ ਵਸਤਾਂ ਨਾਲ ਰਿਸ਼ਤੇ ਤੇ ਵਿਹਾਰ ਦੀ ਗੱਲ ਕਰਦੇ ਹਾਂ। ਅਸੀਂ ਇਹ ਦੇਖਦੇ ਹਾਂ ਕਿ ਉਹ ਵਿਅਕਤੀ ਆਪਣੇ ਖੂਨ ਦੇ ਰਿਸ਼ਤਿਆਂ ਨਾਲ ਹੀ ਨਹੀਂ, ਸਗੋਂ ਸਮਾਜ ਦੇ ਬਾਕੀ ਲੋਕਾਂ ਅਤੇ ਜੀਵਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦਾ ਹੈ; ਦੂਜੇ ਲੋਕਾਂ ਨਾਲ ਆਪਣੇ ਵਖਰੇਵੇਂ ਜਾਂ ਝਗੜੇ ਕਿਸ ਤਰ੍ਹਾਂ ਸੁਲਝਾਉਂਦਾ ਹੈ; ਦੂਜੇ ਜੀਵਾਂ ਅਤੇ ਕੁਦਰਤੀ ਸੋਮਿਆਂ ਵੱਲ ਕਿਸ ਕਿਸਮ ਦਾ ਨਜ਼ਰੀਆ ਰੱਖਦਾ ਹੈ।
ਨੈਤਿਕਤਾ ਦੀ ਗੱਲ ਭਾਵੇਂ ਵਿਅਕਤੀ ਦੇ ਵਿਹਾਰ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਂਦੀ ਹੈ, ਪਰ ਕਿਸੇ ਵੀ ਸਮੇਂ ਕਿਸੇ ਵੀ ਸਮਾਜ ਵਿਚ ਵਿਚਰਦੇ ਵਿਅਕਤੀ ਦਾ ਵਰਤਾਓ ਆਪਣੀਆਂ ਵਿਅਕਤੀਗਤ ਵਿਲੱਖਣਤਾਵਾਂ ਜਾਂ ਵਖਰੇਵਿਆਂ ਦੇ ਬਾਵਜੂਦ ਉਸ ਸਮਾਜ ਦੀ ਬੋਲੀ ਤੇ ਪ੍ਰਚਲਿਤ ਤੌਰ-ਤਰੀਕਿਆਂ ਅਨੁਸਾਰ ਹੀ ਹੋਵੇਗਾ। ਇਸ ਲਈ ਨੈਤਿਕਤਾ ਬਾਰੇ ਵਿਚਾਰ ਕਰਨ ਵੇਲੇ ਸਮੇਂ ਤੇ ਸਮਾਜ ਨੂੰ ਵੀ ਧਿਆਨ ਦੇ ਕੇਂਦਰ ਵਿਚ ਰੱਖਿਆ ਜਾਂਦਾ ਹੈ। ਹੁਣ ਕਿਉਂਕਿ ਨਵੇਂ ਸੰਚਾਰ ਸਾਧਨਾਂ ਕਾਰਨ ਸਾਰੀ ਦੁਨੀਆਂ ਹੀ ਪਹਿਲਾਂ ਨਾਲੋਂ ਵੱਧ ਇੱਕ ਸਮਾਜ ਵਾਂਗ ਜਾਪਦੀ ਹੈ, ਇਸ ਕਰਕੇ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਅਤੇ ਜੋ ਸਹੀ ਵੀ ਹੈ ਕਿ ਜਿਵੇਂ ਗੱਲ ਸਮੁੱਚੀ ਮਨੁੱਖਤਾ ਬਾਰੇ ਕੀਤੀ ਜਾ ਰਹੀ ਹੋਵੇ। ਨੈਤਿਕਤਾ ਦੇ ਸਬੰਧ ਵਿਚ ਅਕਸਰ ਇਹ ਸਵਾਲ ਉਠਾਇਆ ਜਾਂਦਾ ਹੈ ਕਿ ਕੀ ਇਨਸਾਨ ਰੱਬ ਦੇ ਡਰ ਬਿਨਾ ਨੈਤਿਕ ਬਣ ਸਕਦਾ ਹੈ? ਨਾਲ ਹੀ ਇਹ ਅਹਿਮ ਸਵਾਲ ਵੀ ਕਿ ਇਨਸਾਨ ਦੀ ਨੈਤਿਕਤਾ ਦਾ ਸੋਮਾ ਕੀ ਹੈ? ਕੀ ਇਸ ਦਾ ਸੋਮਾ ਰੱਬ ਹੈ, ਜਿਸ ਦਾ ਧਰਮਾਂ ਵਲੋਂ ਦਾਅਵਾ ਕੀਤਾ ਜਾਂਦਾ ਹੈ ਅਤੇ ਜਿਸ ਦੀ ਜਾਣਕਾਰੀ ਧਾਰਮਿਕ ਸਿੱਖਿਆ ਰਾਹੀਂ ਸਾਡੇ ਮਨਾਂ ਵਿਚ ਵਸਾਈ ਜਾਂਦੀ ਹੈ? ਜਾਂ ਕੀ ਇਹ ਮਨੁੱਖ ਹੋਣ ਦਾ ਕੁਦਰਤੀ ਤੌਰ ‘ਤੇ ਹਿੱਸਾ ਹੈ?
ਦੁਨੀਆਂ ਦੇ ਹੋਰ ਬਹੁਤੇ ਸਮਾਜਾਂ ਵਾਂਗ, ਸਗੋਂ ਸ਼ਾਇਦ ਬਾਕੀਆਂ ਨਾਲੋਂ ਵੱਧ ਹੀ, ਪੰਜਾਬੀ/ਭਾਰਤੀ ਸਮਾਜ ਵਿਚ ਇਹ ਗੱਲ ਪੱਕੇ ਤੌਰ ‘ਤੇ ਮੰਨੀ ਜਾਂਦੀ ਰਹੀ ਹੈ ਅਤੇ ਹਾਲੇ ਵੀ ਮੰਨੀ ਜਾਂਦੀ ਹੈ ਕਿ ਬੰਦੇ ਨੂੰ ਸਮਾਜ ਵਿਚ ਵਿਚਰਨ ਲਈ ਇੱਕ ਚੰਗਾ, ਇਖਲਾਕੀ ਜਾਂ ਨੈਤਿਕ ਇਨਸਾਨ ਬਣਾਉਣ ਵਿਚ ਸਭ ਤੋਂ ਵੱਡਾ ਹੱਥ ਧਰਮ ਦਾ ਹੁੰਦਾ ਹੈ। ਇਸ ਸਮਝ ਅਨੁਸਾਰ ਜੇ ਬੰਦਾ ਧਰਮ ਵਲੋਂ ਪ੍ਰਚਾਰੇ ਰੱਬ ਦੇ ਡਰ ਵਿਚ ਰਹਿ ਕੇ ਚੱਲੇ ਤਾਂ ਉਹ ਖੁਦ ਨੂੰ ਵੀ ਤੇ ਦੂਜਿਆਂ ਨੂੰ ਵੀ ਸਮਾਜ ਵਿਚ ਸੁਖੀ ਤੇ ਖੁਸ਼ ਰੱਖ ਸਕਦਾ ਹੈ। ਦੂਜੇ ਪਾਸੇ, ਜੇ ਬੰਦੇ ਦੇ ਮਨ ਵਿਚੋਂ ਰੱਬ ਦਾ ਡਰ ਚੁੱਕਿਆ ਜਾਵੇ ਅਤੇ ਉਹ ਆਪਣੀ ਧਾਰਮਿਕ ਸਿੱਖਿਆ ਅਨੁਸਾਰ ਵਿਹਾਰ ਨਾ ਕਰੇ ਤਾਂ ਸਮਾਜ ਦਾ ਕਾਰੋਬਾਰ ਠੀਕ ਤੌਰ ‘ਤੇ ਚੱਲਣਾ ਅਸੰਭਵ ਹੋ ਜਾਵੇ। ਵਿਸ਼ਵਾਸ ਆਧਾਰਤ ਸੋਚ ਇਹ ਕਹਿੰਦੀ ਹੈ ਕਿ ਅਜਿਹੀ ਸਥਿਤੀ ਵਿਚ ਹਰ ਕੋਈ ਖੁਦਗਰਜ਼ ਹੋ ਜਾਵੇਗਾ ਤੇ ਕਿਸੇ ਦੂਜੇ ਦੀ ਪਰਵਾਹ ਕੀਤੇ ਬਿਨਾ ਸਿਰਫ ਤੇ ਸਿਰਫ ਆਪਣੇ ਫਾਇਦੇ ਬਾਰੇ ਹੀ ਸੋਚੇਗਾ। ਲੱਗਦਾ ਹੈ ਕਿ ਰੂਸੀ ਲੇਖਕ ਦੋਸਤੋਏਵਸਕੀ ਦੇ ਪਾਤਰ ਇਵਾਨ ਕਰਮਾਜ਼ੋਵ ਦੀ ਕਹੀ ਗੱਲ, “ਰੱਬ ਦੀ ਗੈਰਹਾਜ਼ਰੀ ‘ਚ ਕੁਝ ਵੀ ਕੀਤਾ ਜਾ ਸਕਦਾ ਹੈ” ਵਿਚਲੇ ਡਰ ਕਾਰਨ ਨੈਤਿਕਤਾ ਦੀ ਗੱਲ ਕਰਨ ਵੇਲੇ ਰੱਬ ਦੇ ਹਵਾਲੇ ਤੋਂ ਆਸੇ-ਪਾਸੇ ਨਹੀਂ ਜਾਇਆ ਜਾਂਦਾ।
ਦੁਨੀਆਂ ਦੇ ਹੋਰ ਬਹੁਤ ਸਾਰੇ ਸਮਾਜਾਂ ਵਾਂਗ ਭਾਰਤ ਵਿਚ ਵੀ ਨੈਤਿਕਤਾ ਜਾਂ ਸਦਾਚਾਰ ਦੀ ਸਿੱਖਿਆ ਨੂੰ ਹੁਣ ਤੱਕ ਮੁੱਖ ਤੌਰ ‘ਤੇ ਧਰਮ ਦੇ ਘੇਰੇ ਵਿਚ ਆਉਂਦੀ ਹੀ ਸਮਝਿਆ ਜਾਂਦਾ ਰਿਹਾ ਹੈ। ਆਧੁਨਿਕ ਸਮੇਂ ਦੀ ਸਕੂਲੀ ਸਿੱਖਿਆ ਵਿਚ ਨੈਤਿਕਤਾ ਨੂੰ ਧਿਆਨ ਵਿਚ ਰੱਖ ਕੇ ਬਹੁਤੀਆਂ ਤਬਦੀਲੀਆਂ ਨਹੀਂ ਕੀਤੀਆਂ ਗਈਆਂ। ਬਸਤੀਵਾਦੀ ਲਾਰਡ ਮਕਾਲੇ ਨੇ 1835 ਵਿਚ ਭਾਰਤੀਆਂ ਨੂੰ ਅੰਗਰੇਜ਼ੀ ਸਿਖਾ ਕੇ ਆਪਣੀ ਸਰਕਾਰ ਦੇ ਕੰਮ ਚਲਾਉਣ ਲਈ ਕਲਰਕ ਪੈਦਾ ਕਰਨ ਦੀ ਜੋ ਸਿੱਖਿਆ ਨੀਤੀ ਘੜੀ ਸੀ, ਉਸ ਅਨੁਸਾਰ ਹੀ ਵਿਦਿਆਰਥੀਆਂ ਨੂੰ ਵੱਖਰੇ ਵੱਖਰੇ ਖੇਤਰਾਂ ਵਿਚ ਸਮੇਂ ਦੀ ਲੋੜ ਮੁਤਾਬਕ ਨੌਕਰੀਆਂ ਲਈ ਤਿਆਰ ਕਰਨਾ ਸਕੂਲੀ ਸਿੱਖਿਆ ਦਾ ਮੁੱਖ ਨਿਸ਼ਾਨਾ ਰਿਹਾ ਹੈ। ਸੋ, ਨਤੀਜੇ ਵਜੋਂ ਆਮ ਪੜ੍ਹੇ-ਲਿਖੇ ਲੋਕਾਂ ਵਿਚ ਵੀ ਤਰਕਸ਼ੀਲ ਜਾਂ ਵਿਗਿਆਨਕ ਸੋਚ ਦਾ ਵਿਕਾਸ ਨਹੀਂ ਹੋ ਸਕਿਆ। ਇਸ ਸਬੰਧ ਵਿਚ ਜਿ਼ਆਦਾ ਹੈਰਾਨੀ ਤੇ ਨਿਰਾਸ਼ਾ ਵਾਲੀ ਗੱਲ ਇਹ ਹੈ ਕਿ ਚੋਖੀ ਗਿਣਤੀ ਵਿਗਿਆਨੀ ਵੀ ਆਪਣੇ ਆਮ ਜੀਵਨ ਵਿਚ ਵਿਗਿਆਨਕ ਸੂਝ ਤੇ ਪਹੁੰਚ ਦੀ ਵਰਤੋਂ ਨਹੀਂ ਕਰਦੇ ਅਤੇ ਬਚਪਨ ਵਿਚ ਮਿਲੀ ਧਾਰਮਿਕ ਸਿੱਖਿਆ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦੇ ਹਨ।
ਜਿੱਥੇ ਧਾਰਮਿਕ ਵਿਸ਼ਵਾਸ ਅਤੇ ਸਿੱਖਿਆ ਇਹ ਕਹਿੰਦੀ ਹੈ ਕਿ ਰੱਬ ਦੇ ਡਰ ਬਿਨਾ ਬੰਦੇ ਵਿਚ ਨੈਤਿਕਤਾ ਦਾ ਵਿਕਾਸ ਹੋਣਾ ਸੰਭਵ ਨਹੀਂ, ਉੱਥੇ ਵਿਗਿਆਨਕ ਪਹੁੰਚ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਰੱਬ ਦੀ ਹੋਂਦ ਵਿਚ ਵਿਸ਼ਵਾਸ ਤੋਂ ਬਿਨਾ ਵੀ ਇਨਸਾਨ ਨੈਤਿਕ ਹੋ ਸਕਦਾ ਹੈ, ਸਗੋਂ ਬਹੁਤੀਆਂ ਸਥਿਤੀਆਂ ਵਿਚ ਉਹ ਧਾਰਮਿਕ ਲੋਕਾਂ ਨਾਲੋਂ ਕਿਤੇ ਵਧੀਆ ਨੈਤਿਕਤਾ ਵਾਲਾ ਜੀਵਨ ਜਿਉਂ ਸਕਦਾ ਹੈ। ਦੇਖਣ ਵਿਚ ਆਇਆ ਹੈ ਕਿ ਧਰਮ ਵੱਖਰੇ ਵੱਖਰੇ ਕਾਰਨਾਂ ਵੱਸ ਇਨਸਾਨ ਨੂੰ ਮਾੜੇ ਕੰਮਾਂ ਵੱਲ ਜਿ਼ਆਦਾ ਪ੍ਰੇਰਿਤ ਕਰਦਾ ਹੈ। ਨੋਬਲ ਇਨਾਮ ਜੇਤੂ ਭੌਤਿਕ ਵਿਗਿਆਨੀ ਸਟੀਵਨ ਵੀਨਬਰਗ ਅਨੁਸਾਰ, “ਧਰਮ ਨਾਲ ਜਾਂ ਧਰਮ ਤੋਂ ਬਿਨਾ, ਚੰਗੇ ਲੋਕ ਚੰਗੇ ਤੇ ਮਾੜੇ ਲੋਕ ਮਾੜੇ ਕੰਮ ਕਰਨਗੇ। ਪਰ ਚੰਗੇ ਲੋਕ ਮਾੜੇ ਕੰਮ ਕਰਨ, ਇਹ ਧਰਮ ਦਾ ਹੀ ਕ੍ਰਿਸ਼ਮਾ ਹੈ।”
ਇਸ ਸਵਾਲ ਬਾਰੇ ਸੋਚਣਾ ਜ਼ਰੂਰੀ ਹੈ ਕਿ ਨੈਤਿਕਤਾ ਦਾ ਸੋਮਾ ਕੀ ਹੈ? ਧਰਤੀ ‘ਤੇ ਪੈਦਾ ਹੋਣ ਵਾਲੇ ਹਰ ਜੀਵ ਦੀਆਂ ਮੁਢਲੀਆਂ ਤਿੰਨ ਮੁੱਖ ਲੋੜਾਂ ਹੁੰਦੀਆਂ ਹਨ: ਇੱਕ, ਖੁਰਾਕ; ਦੋ, ਦੂਜਿਆਂ ਦੀ ਖੁਰਾਕ ਬਣਨ ਤੋਂ ਬਚਾਅ; ਤਿੰਨ, ਆਪਣੀ ਜਾਤੀ ਜਾਂ ਨਸਲ (ਸਪੀਸੀ) ਚਲਦੀ ਰੱਖਣ ਲਈ ਸੰਤਾਨ ਪੈਦਾ ਕਰਨੀ। ਹਰ ਜੀਵ ਦੀ ਜਿਉਂਦੇ ਰਹਿਣ ਦੀ ਲੋੜ ਵਜੋਂ ਉਸ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਉਸ ਦੀ ਜਾਤੀ ਕਾਇਮ ਰਹੇ, ਕਿਉਂਕਿ ਇਸ ਤਰ੍ਹਾਂ ਉਹਦੇ ਅਤੇ ਉਹਦੀ ਸੰਤਾਨ ਦੇ ਜਿਉਂਦੇ ਰਹਿਣ ਦੇ ਮੌਕੇ ਵਧ ਜਾਂਦੇ ਹਨ। ਆਪਣੇ ਇਸ ਮੁਢਲੇ ਮਕਸਦ ਲਈ ਸਾਰੇ ਜੀਵ ਕੁਦਰਤੀ ਸ਼ਕਤੀਆਂ ਨਾਲ ਸਿੱਝਣ ਲਈ ਅਤੇ ਦੂਜੇ ਜੀਵਾਂ ਦੀ ਖੁਰਾਕ ਬਣਨ ਤੋਂ ਆਪਣਾ ਬਚਾਅ ਕਰਨ ਲਈ ਵੱਖਰੇ ਵੱਖਰੇ ਢੰਗ ਤਰੀਕੇ ਅਪਨਾਉਂਦੇ ਹਨ। ਆਲੇ-ਦੁਆਲੇ ਵਾਤਾਵਰਨ ਦੀਆਂ ਜਾਂ ਭੁਗੋਲਿਕ ਤਬਦੀਲੀਆਂ ਕਾਰਨ ਜੀਵਾਂ ਵਿਚ ਵੀ ਤਬਦੀਲੀਆਂ ਵਾਪਰਦੀਆਂ ਹਨ। ਇਨ੍ਹਾਂ ‘ਚੋਂ ਕੁਝ ਤਬਦੀਲੀਆਂ ਨੂੰ ਡਾਰਵਿਨ ਦੇ ਸਿਧਾਂਤ ਅਨੁਸਾਰ ਮਿਊਟੇਸ਼ਨ ਕਿਹਾ ਜਾਂਦਾ ਹੈ, ਜੋ ਜੀਵ ਆਪਣੀ ਅਗਲੀ ਪੀੜ੍ਹੀ ਵਿਚ ਛੱਡ ਜਾਂਦੇ ਹਨ। ਕਿਸੇ ਵੀ ਜਾਤੀ ਦੇ ਉਹ ਮੈਂਬਰ ਹੀ ਜੀਵਤ ਰਹਿ ਸਕਦੇ ਹਨ, ਜੋ ਖੁਦ ਨੂੰ ਆਪਣੇ ਆਲੇ-ਦੁਆਲੇ ਵਾਪਰਦੀਆਂ ਤਬਦੀਲੀਆਂ ਅਨੁਸਾਰ ਢਾਲ ਸਕਣ। ਇਹ ਸਭ ਕੁਦਰਤੀ ਵਰਤਾਰਾ ਹੈ।
ਇਹ ਗੱਲ ਵੀ ਸਾਫ ਹੈ ਕਿ ਕੁਦਰਤ ਦਾ ਅਤੇ ਕੁਦਰਤ ਦੇ ਨਿਯਮਾਂ ਦਾ ਨੈਤਿਕਤਾ ਜਾਂ ਸਦਾਚਾਰ ਨਾਲ ਕੋਈ ਸਿੱਧਾ ਸਬੰਧ ਨਹੀਂ। ਬਹੁਤ ਸਾਰੇ ਜੀਵਾਂ ਲਈ ਆਪਣਾ ਜੀਵਨ ਚਲਦਾ ਰੱਖਣ ਲਈ ਦੂਜਿਆਂ ਨੂੰ ਆਪਣਾ ਭੋਜਨ ਬਣਾਉਣਾ ਜ਼ਰੂਰੀ ਹੈ; ਵੱਡੀ ਮੱਛੀ ਛੋਟੀ ਮੱਛੀ ਨੂੰ ਖਾਧੇ ਬਿਨਾ ਖੁਦ ਜੀਵਤ ਨਹੀਂ ਰਹਿ ਸਕਦੀ। ਕੁਦਰਤ ਦੇ ਨਜ਼ਰੀਏ ਤੋਂ ਇਹ ਗੱਲ ਨਾ ਮਾੜੀ ਹੈ ਤੇ ਨਾ ਹੀ ਚੰਗੀ। ਭੁਚਾਲ, ਤੁਫਾਨ, ਸੁਨਾਮੀ ਜਾਂ ਹੋਰ ਕੁਦਰਤੀ ਆਫਤਾਂ ਦਾ ਨੈਤਿਕਤਾ ਜਾਂ ਸਦਾਚਾਰ ਨਾਲ ਕੋਈ ਸਬੰਧ ਨਹੀਂ ਹੁੰਦਾ, ਭਾਵੇਂ ਚਲਾਕ ਧਾਰਮਿਕ ਲੋਕ ਇਸ ਨੂੰ ਇਨਸਾਨ ਵਲੋਂ ਧਰਮ ਖਿਲਾਫ ਜਾਂ ਰੱਬ ਖਿਲਾਫ ਕੀਤੀਆਂ ਗਲਤੀਆਂ ਲਈ ਸਜ਼ਾ ਵਜੋਂ ਪੇਸ਼ ਕਰਦੇ ਹੋਣ। ਇੱਕ ਖੋਜ ਅਨੁਸਾਰ ਹੁਣ ਤੱਕ ਧਰਤੀ ‘ਤੇ ਪੈਦਾ ਹੋਏ ਜੀਵਾਂ ਦੀਆਂ ਜਾਤੀਆਂ (ਸਪੀਸੀਜ਼) ਵਿਚੋ 99.9% ਸਦਾ ਲਈ ਖਤਮ ਹੋ ਚੁਕੀਆਂ ਹਨ, ਜਿਸ ਨਾਲ ਕੁਦਰਤ ਨੂੰ ਕੋਈ ਫਰਕ ਨਹੀਂ ਪਿਆ। ਹਰ ਜਾਤੀ ਵਿਚਲੇ ਜੀਵ ਭਾਵੇਂ ਇੱਕ-ਦੂਜੇ ਨਾਲ ਲੜਦੇ ਭਿੜਦੇ ਹਨ, ਪਰ ਫਿਰ ਵੀ ਉਨ੍ਹਾਂ ‘ਚੋਂ ਬਹੁਤੇ ਆਪਣੇ ਬਚਾਅ ਲਈ ਸਮੂਹਾਂ ਵਿਚ ਵੀ ਵਿਚਰਦੇ ਹਨ ਤੇ ਨਤੀਜੇ ਵਜੋਂ ਇੱਕ-ਦੂਜੇ ਨੂੰ ਸਹਿਯੋਗ ਦਿੰਦੇ ਹਨ ਅਤੇ ਲੋੜ ਵੇਲੇ ਇੱਕ-ਦੂਜੇ ਦੀ ਮਦਦ ਕਰਦੇ ਹਨ।
ਵਿਗਿਆਨੀ ਲੇਖਕ ਫਰਾਂਜ਼ ਡੀ ਵਾਲ ਅਨੁਸਾਰ “ਬਹੁਤ ਸਾਰੇ ਜਾਨਵਰ ਇੱਕ-ਦੂਜੇ ਨੂੰ ਖਤਮ ਕਰਕੇ ਜਾਂ ਸਭ ਕੁਝ ਆਪਣੇ ਕਬਜ਼ੇ ਵਿਚ ਰੱਖਣ ਕਰਕੇ ਜੀਵਤ ਨਹੀਂ ਰਹਿੰਦੇ, ਸਗੋਂ ਇੱਕ-ਦੂਜੇ ਨਾਲ ਸਾਂਝ ਅਤੇ ਸਹਿਯੋਗ ਨਾਲ ਜੀਵਤ ਰਹਿੰਦੇ ਹਨ।” ਇਸੇ ਤਰ੍ਹਾਂ ਇਨਸਾਨ ਹਮੇਸ਼ਾ ਤੋਂ ਦੂਜੇ ਇਨਸਾਨਾਂ ਨਾਲ ਲੜਦਾ-ਝਗੜਦਾ ਵੀ ਰਿਹਾ ਹੈ ਤੇ ਇੱਕ-ਦੂਜੇ ਦੀ ਮਦਦ ਵੀ ਕਰਦਾ ਰਿਹਾ ਹੈ। ਅਸਲ ਵਿਚ ਇਨਸਾਨ ਦੇ ਦੂਜਿਆਂ ਜੀਵਾਂ ਤੋਂ ਵੱਖਰੇ ਵਿਕਾਸ ਵਿਚ ਸਭ ਤੋਂ ਵੱਧ ਯੋਗਦਾਨ ਉਸ ਦੇ ਇੱਕ-ਦੂਜੇ ਨਾਲ ਸਹਿਯੋਗ ਅਤੇ ਉਸ ਲਈ ਲੋੜੀਂਦੇ ਸੰਚਾਰ ਦੀ ਲੋੜ ਕਾਰਨ ਪੈਦਾ ਹੋਈ ਭਾਸ਼ਾ ਦੀ ਯੋਗਤਾ ਨੇ ਪਾਇਆ ਹੈ। ਇਨਸਾਨ ਦੀ ਨੈਤਿਕਤਾ ਉਸ ਦੇ ਦੂਜੇ ਇਨਸਾਨਾਂ ਨਾਲ ਸਹਿਯੋਗ ਦੀ ਲੋੜ ਤੋਂ ਹੀ ਸ਼ੁਰੂ ਹੁੰਦੀ ਹੈ।
ਵਿਗਿਆਨ ਰਾਹੀਂ ਪੈਦਾ ਹੋਈ ਸਮਝ ਅਨੁਸਾਰ ਹੁਣ ਇਹ ਮੰਨਿਆ ਜਾਂਦਾ ਹੈ ਕਿ ਇਨਸਾਨ ਆਪਣੇ ਅਜੋਕੇ ਰੂਪ (ਹੋਮੋ ਸੇਪੀਅਨਜ਼-ਸੋਚ ਵਾਲਾ ਸਿਆਣਾ ਮਨੁੱਖ) ਵਿਚ ਕੋਈ ਤਿੰਨ ਕੁ ਲੱਖ ਸਾਲ ਪਹਿਲਾਂ ਅਫਰੀਕਾ ‘ਚ ਹੋਂਦ ਵਿਚ ਆਇਆ ਅਤੇ ਉੱਥੋਂ ਇਹ ਹੌਲੀ ਹੌਲੀ ਦੁਨੀਆਂ ਦੇ ਬਾਕੀ ਹਿੱਸਿਆਂ ਵੱਲ ਗਿਆ। ਇਨਸਾਨ ਦੂਜੇ ਜੀਵਾਂ ਨਾਲੋਂ ਜੀਵਨ ਨਾਲ ਸਬੰਧਤ ਕਈ ਗੱਲਾਂ ਵਿਚ ਵੱਖਰਾ ਹੈ। ਮਿਸਾਲ ਵਜੋਂ ਇਨਸਾਨ ਦਾ ਬੱਚਾ ਪੈਦਾ ਹੋਣ ਤੋਂ ਪਹਿਲਾਂ ਨੌਂ ਮਹੀਨੇ ਤੱਕ ਆਪਣੀ ਮਾਂ ਦੇ ਪੇਟ ਵਿਚ ਪਲਦਾ ਹੈ ਤੇ ਫਿਰ ਪੈਦਾ ਹੋਣ ਬਾਅਦ ਲੰਮਾ ਸਮਾਂ ਉਸ ਨੂੰ ਦੂਜਿਆਂ ਇਨਸਾਨਾਂ (ਮਾਂ-ਪਿਓ, ਭੈਣ-ਭਰਾ, ਪਿੰਡ-ਕਬੀਲੇ ਦੇ ਲੋਕ) ਦੀ ਮਦਦ ਦੀ ਲੋੜ ਹੁੰਦੀ ਹੈ। ਇਨਸਾਨ ਇਸ ਤਰ੍ਹਾਂ ਲੰਮੇ ਅਰਸੇ ਬਾਅਦ ਖੁਦ ਦੁਨੀਆਂ ਵਿਚ ਵਿਚਰਨ ਅਤੇ ਅੱਗੇ ਸੰਤਾਨ ਪੈਦਾ ਕਰਨ ਯੋਗ ਹੁੰਦਾ ਹੈ। ਇਸ ਦੇ ਮੁਕਾਬਲੇ ਹੋਰ ਕਈ ਜੀਵ ਕੁਝ ਦਿਨ ਜਾਂ ਹਫਤੇ ਹੀ ਮਾਂ ਦੇ ਪੇਟ ਜਾਂ ਆਂਡੇ ਵਿਚ ਪਲਦੇ ਹਨ ਤੇ ਜਨਮ ਬਾਅਦ ਛੇਤੀ ਹੀ ਖੁਦ ਨੂੰ ਸੰਭਾਲਣ ਅਤੇ ਸੰਤਾਨ ਪੈਦਾ ਕਰਨ ਯੋਗ ਹੋ ਜਾਂਦੇ ਹਨ। ਇਨਸਾਨ ਦੇ ਜਨਮ ਤੋਂ ਲੈ ਕੇ ਖੁਦ ਸੰਤਾਨ ਪੈਦਾ ਕਰਨ ਨੂੰ ਲਗਦੇ ਇਸ ਮੁਕਾਬਲਤਨ ਲੰਮੇ ਸਮੇਂ ਕਾਰਨ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਉਸ ਨੇ ਆਪਣੀ ਜਾਤੀ ਦੇ ਹੋਰ ਜੀਆਂ ਨਾਲ ਦੂਜੇ ਜੀਵਾਂ ਨਾਲੋਂ ਵੱਧ ਤਾਲ-ਮੇਲ ਵਧਾਇਆ। ਨਤੀਜੇ ਵਜੋਂ ਇਨਸਾਨਾਂ ਵਿਚ ਭਾਸ਼ਾ ਤੇ ਸੋਚ ਦਾ ਵਿਕਾਸ ਹੋਇਆ ਅਤੇ ਉਹ ਧਰਤੀ ਉੱਪਰਲੇ ਹੋਰ ਜੀਵਾਂ ਉਤੇ ਆਪਣੀ ਪ੍ਰਭਿਤਾ ਕਾਇਮ ਕਰਨ ਵਿਚ ਸਫਲ ਹੋ ਗਿਆ ਤੇ ਅੱਗੇ ਤੋਂ ਅੱਗੇ ਵਧੀਆ ਜੀਵਨ ਜਿਉਣ ਵਿਚ ਉਨਤੀ ਕਰਦਾ ਗਿਆ।
ਕੋਈ ਬਾਰਾਂ ਕੁ ਹਜ਼ਾਰ ਸਾਲ ਪਹਿਲਾਂ ਮਨੁੱਖ ਨੇ ਫਸਲਾਂ ਉਗਾਉਣ ਦੀ ਕਾਢ ਕੱਢ ਲਈ ਅਤੇ ਕੁਝ ਜਾਨਵਰਾਂ ਨੂੰ ਖੁਰਾਕ ਲਈ (ਦੁੱਧ ਅਤੇ ਮਾਸ), ਕੰਮਕਾਰ ਲਈ, ਸਵਾਰੀ ਲਈ ਅਤੇ ਰਾਖੀ ਜਾਂ ਸਾਥ ਲਈ ਪਾਲਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕਾਢਾਂ ਕਾਰਨ ਇਨਸਾਨ ਦੀ ਸਦਾ ਰਹਿਣਯੋਗ ਨਵੀਆਂ ਥਾਂਵਾਂ ਦੀ ਖੋਜ ਵਿਚ ਘੁੰਮਦੇ ਰਹਿਣ ਦੇ ਅਮਲ ਵਿਚ ਤਬਦੀਲੀ ਆਈ ਅਤੇ ਉਹਨੇ ਝੀਲਾਂ ਤੇ ਦਰਿਆਵਾਂ ਕੰਢੇ ਸਮੂਹਾਂ ਵਿਚ ਰਹਿਣਾ ਸ਼ੁਰੂ ਕੀਤਾ ਅਤੇ ਨਤੀਜੇ ਵਜੋਂ ਹੌਲੀ ਹੌਲੀ ਸਮਾਜ ਵਿਕਸਿਤ ਹੋਏ। ਇਥੇ ਇਹ ਗੱਲ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਇਨਸਾਨ ਵਲੋਂ ਸਮਾਜ ਦੀ ਸਿਰਜਣਾ ਪਿੱਛੇ ਉਸ ਦੀ ਆਪਣੀ ਅਤੇ ਆਪਣੀ ਜਾਤੀ, ਟੱਬਰ ਜਾਂ ਕਬੀਲੇ ਦੇ ਬਚਾਅ ਦੀ ਲੋੜ ਵੀ ਕੰਮ ਕਰਦੀ ਸੀ। ਪੱਕੀਆਂ ਰਿਹਾਇਸ਼ਾਂ ਸਥਾਪਤ ਕਰਨ ਤੋਂ ਪਹਿਲਾਂ ਵੀ ਉਸ ਦੀ ਲੋੜ ਸੀ ਕਿ ਉਹ ਕੁਦਰਤੀ ਆਫਤਾਂ, ਸਣੇ ਉਸ ਦਾ ਸਿ਼ਕਾਰ ਕਰਨ ਦਾ ਇਰਾਦਾ ਰੱਖਦੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਸਮੂਹਾਂ ਵਿਚ ਵਿਚਰੇ। ਇਨਸਾਨ ਦਾ ਇੱਕ-ਦੂਜੇ ਨਾਲ ਸਹਿਯੋਗ ਅਤੇ ਲੋੜ ਵੇਲੇ ਇੱਕ-ਦੂਜੇ ਦੀ ਮਦਦ ਕਰਨਾ, ਇੱਕ-ਦੂਜੇ ਦੇ ਕੰਮ ਆਉਣਾ ਉਸ ਦੀ ਹੋਂਦ ਲਈ ਜ਼ਰੂਰੀ ਸੀ। ਜਿਵੇਂ ਪਹਿਲਾਂ ਵੀ ਕਿਹਾ ਗਿਆ ਹੈ ਕਿ ਉਸ ਦੀ ਇਹ ਬੁਨਿਆਦੀ ਲੋੜ ਨੈਤਿਕਤਾ ਦੀ ਜਨਮਦਾਤੀ ਹੈ। ਬਾਅਦ ਵਿਚ ਧਰਮ ਨੇ ਇਸ ਕੁਦਰਤੀ ਖੂਬੀ ਨੂੰ ਆਪਣੀ ਕਾਢ ਬਣਾ ਕੇ ਪੇਸ਼ ਕੀਤਾ ਅਤੇ ਅਜੇ ਵੀ ਇਸ ਨੂੰ ਆਪਣੇ ਕਬਜ਼ੇ ਵਿਚ ਰੱਖਣ ਦੀ ਪੂਰੀ ਕੋਸਿ਼ਸ਼ ਵਿਚ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਇੱਕ-ਦੂਜੇ ਨਾਲ ਸਹਿਯੋਗ ਦੀ ਇਸ ਮੌਲਿਕ ਲੋੜ ਬਿਨਾ ਖੁਦ ਧਰਮ ਵੀ ਹੋਂਦ ਵਿਚ ਨਹੀਂ ਸੀ ਆ ਸਕਦਾ।
ਅਜੋਕੀ ਵਿਗਿਆਨਕ ਸੂਝ ਤੱਕ ਪਹੁੰਚਣ ਲਈ ਇਨਸਾਨ ਨੇ ਲੰਮਾ ਸਫਰ ਤੈਅ ਕੀਤਾ ਹੈ। ਉਸ ਵਾਸਤੇ ਸਭ ਤੋਂ ਵੱਧ ਡਰ ਵਾਲੀ ਗੱਲ ਮੌਤ ਸੀ, ਜਿਸ ‘ਤੇ ਕਾਬੂ ਪਾਉਣ ਲਈ ਉਸ ਨੇ ਇਸ ਜੀਵਨ ਤੋਂ ਬਾਅਦ ਵੀ ਜੀਵਨ ਹੋਣ ਦੀ ਕਲਪਨਾ ਕੀਤੀ ਅਤੇ ਇਹ ਵਿਚਾਰ ਬਣਾਇਆ ਕਿ ਬੰਦਾ ਅਸਲ ਵਿਚ ਮਰਦਾ ਨਹੀਂ, ਸਿਰਫ ਉਸ ਦੇ ਸ਼ਰੀਰ ਦਾ ਅੰਤ ਹੁੰਦਾ ਹੈ ਅਤੇ ਉਸ ਦਾ ਅਸਲ (ਉਹਦੀ ਰੂਹ) ਅਮਰ ਰਹਿੰਦੀ ਹੈ। ਜਨਮ, ਮੌਤ ਤੇ ਕੁਦਰਤੀ ਆਫਤਾਂ ਨੂੰ ਸਮਝਣ ਤੇ ਉਨ੍ਹਾਂ ਉੱਪਰ ਕਾਬੂ ਪਾਉਣ ਦੇ ਇਰਾਦੇ ਨਾਲ ਉਸ ਨੇ ਇਨ੍ਹਾਂ ਵੱਖਰੀਆਂ ਵੱਖਰੀਆਂ ਸ਼ਕਤੀਆਂ ਨੂੰ ਦੇਵਤਿਆਂ, ਦੇਵੀਆਂ ਦੇ ਰੂਪਾਂ ਵਿਚ ਚਿਤਵਿਆ ਤੇ ਆਪਣੇ ਹੱਕ ਵਿਚ ਭੁਗਤਾਉਣ ਲਈ ਉਨ੍ਹਾਂ ਦੀ ਪੂਜਾ, ਖੁਸ਼ਾਮਦ ਆਦਿ ਸ਼ੁਰੂ ਕੀਤੀ। ਆਪਣੇ ਸਿਰਜੇ ਪਹਿਲਾਂ ਵੱਖਰੇ ਵੱਖਰੇ ਦੇਵਤਿਆਂ, ਦੇਵੀਆਂ ਜਾਂ ਰੱਬਾਂ ਦੇ ਸੰਕਲਪ ਤੋਂ ਚੱਲ ਕੇ ਫੇਰ ਹੌਲੀ ਹੌਲੀ ਇੱਕ ਸਰਵਸ਼ਕਤੀਮਾਨ ਰੱਬ ਦਾ ਸੰਕਲਪ ਸਿਰਜਿਆ। ਇਨਸਾਨ ਨੇ ਆਪਣੇ ਸਿਰਜੇ ਇਸ ਸੰਕਲਪ ਵਿਚ ਉਹ ਸਭ ਚੰਗਿਆਈਆਂ ਭਰ ਦਿੱਤੀਆਂ, ਜੋ ਉਹ ਖੁਦ ਵਿਚ ਦੇਖਣ ਦਾ ਚਾਹਵਾਨ ਸੀ।
ਫਰਾਂਸੀਸੀ ਦਾਰਸ਼ਨਿਕ ਮੀਸ਼ੈਅਲ ਓਨਫਰੇਅ ਦੇ ਸ਼ਬਦਾਂ ਵਿਚ, “ਮੈਂ ਨਾਸ਼ਵਾਨ ਹਾਂ, ਪਰ ਰੱਬ ਸਦੀਵੀ ਹੈ। ਮੈਂ ਸੀਮਿਤ ਹਾਂ, ਪਰ ਰੱਬ ਅਸੀਮ ਹੈ। ਮੇਰੀ ਹੱਦ ਹੈ, ਪਰ ਰੱਬ ਬੇਹੱਦਾ ਹੈ। ਮੈਨੂੰ ਸਭ ਕਾਸੇ ਬਾਰੇ ਨਹੀਂ ਪਤਾ ਹੈ, ਪਰ ਰੱਬ ਸਰਬ-ਗਿਆਤਾ ਹੈ। ਮੈਂ ਸਭ ਕੁਝ ਨਹੀਂ ਕਰ ਸਕਦਾ, ਪਰ ਰੱਬ ਸਰਬਸ਼ਕਤੀਮਾਨ ਹੈ। ਮੈਨੂੰ ਇੱਕ ਸਮੇਂ ਹਰ ਜਗ੍ਹਾ ਹੋਣ ਦੀ ਦਾਤ ਪ੍ਰਾਪਤ ਨਹੀਂ, ਪਰ ਰੱਬ ਸਰਬਵਿਆਪੀ ਹੈ। ਮੈਨੂੰ ਸਿਰਜਿਆ ਗਿਆ ਸੀ, ਪਰ ਰੱਬ ਨੂੰ ਕਿਸੇ ਨੇ ਸਿਰਜਿਆ ਨਹੀਂ ਹੈ। ਮੈਂ ਕਮਜ਼ੋਰ ਹਾਂ, ਪਰ ਰੱਬ ਸਰਬਸ਼ਕਤੀਮਾਨ ਹੈ। ਮੈਂ ਧਰਤੀ `ਤੇ ਵਸਦਾ ਹਾਂ, ਪਰ ਰੱਬ ਸਵਰਗ ਦਾ ਵਾਸੀ ਹੈ। ਮੈਂ ਅਪੂਰਨ ਹਾਂ, ਪਰ ਰੱਬ ਸੰਪੂਰਨ ਹੈ। ਮੈਂ ਕੁਝ ਵੀ ਨਹੀਂ, ਪਰ ਰੱਬ ਸਭ ਕੁਝ ਹੈ।”
ਇਨ੍ਹਾਂ ਸਾਰੇ ਗੁਣਾਂ ਨੂੰ ਪਾਉਣ ਦੀ ਖਾਹਿਸ਼ ਨਾਲ ਬੰਦੇ ਨੇ ਉਹ ਚੀਜ਼ ਸਿਰਜੀ, ਜਿਹਦੇ ਵਿਚ ਇਹ ਸਾਰੇ ਗੁਣ, ਸਾਰੀਆਂ ਸ਼ਕਤੀਆਂ ਸਨ ਅਤੇ ਫਿਰ ਆਪ ਹੀ ਉਸ ਦੇ ਅੱਗੇ ਗੋਡੇ ਟੇਕ ਦਿੱਤੇ-ਜਿਹਦੀ ਖਾਹਿਸ਼ ਉਹਦੇ ਆਪਣੇ ਦਿਲ ਵਿਚ ਸੀ ਕਿ ਦੂਜੇ ਇਨਸਾਨ ਉਹਦੇ ਅੱਗੇ ਝੁਕਣ। ਇਸੇ ਹੀ ਸੰਦਰਭ ਵਿਚ ਮਨੁੱਖ ਨੇ ਆਪਣੇ ਸਿਰਜੇ ਦੇਵਤਿਆਂ ਵਰਗੇ ਗੁਣਾਂ ਵਾਲੇ ਇਨਸਾਨਾਂ (ਦੇਵਪੁਰਸ਼, ਹੀਰੋ) ਦੀ ਵੀ ਕਲਪਨਾ ਕੀਤੀ, ਜੋ ਹਰ ਇਨਸਾਨੀ ਚੰਗਿਆਈ ਦੇ ਮਾਲਕ ਸਨ, ਹਰ ਪੱਖੋਂ ਪਰਮ ਮਨੁੱਖ ਸਨ। ਇਨ੍ਹਾਂ ਚੰਗਿਆਈਆਂ ਵਾਲੇ ਰੱਬ ਲਈ ਤੇ ਉਹਦੇ ਵਰਗੇ ਵਿਹਾਰਾਂ ਵਾਲੇ ਮਨੁੱਖਾਂ ਦੇ ਰਹਿਣ ਵਾਲੀ ਥਾਂ ਨੂੰ ਸਵਰਗ ਦਾ ਨਾਂ ਦਿੱਤਾ, ਜਿੱਥੇ ਸਭ ਕੁਝ ਚੰਗਾ ਤੇ ਆਰਾਮ ਵਾਲਾ ਸੀ। ਨਾਲ ਹੀ ਬੁਰੇ ਤੇ ਸਮਾਜ ਲਈ ਨਾਂਹਵਾਚਕ ਲੋਕਾਂ ਦੇ ਰਹਿਣ ਲਈ ਨਰਕ ਵੀ ਸਿਰਜ ਦਿੱਤਾ, ਤਾਂ ਜੋ ਬੁਰੇ ਕੰਮ ਕਰਨ ਵਾਲਿਆਂ ਜਾਂ ਧਰਮ ਅਤੇ ਰੱਬ ਵਿਚ ਵਿਸ਼ਵਾਸ ਤੋਂ ਨਾਬਰ ਹੋਣ ਵਾਲਿਆਂ ਦੇ ਮਨਾਂ ਵਿਚ ਡਰ ਪੈਦਾ ਕੀਤਾ ਜਾ ਸਕੇ। ਸਮਾਜ ਵਿਚਲੇ ਜਿਨ੍ਹਾਂ ਵਿਅਕਤੀਆਂ ਨੇ ਇਹ ਸੰਕਲਪ ਸਿਰਜਣ ਵਿਚ ਮੋਢੀ ਭੂਮਿਕਾ ਨਿਭਾਈ, ਉਨ੍ਹਾਂ ਨੇ ਖੁਦ ਨੂੰ ਆਪਣੀਆਂ ਸਿਰਜੀਆਂ ਸ਼ਕਤੀਆਂ ਦੇ ਭੇਜੇ ਹੋਏ ਦੂਤਾਂ ਵਜੋਂ ਪੇਸ਼ ਕੀਤਾ। ਇਸ ਢਾਂਚੇ ਵਾਲੇ ਸਮਾਜ ਵਿਚ ਉਨ੍ਹਾਂ ਵਿਅਕਤੀਆਂ ਦਾ ਰੁਤਬਾ ਸਭ ਨਾਲੋਂ ਉੱਤਮ ਮੰਨਿਆ ਗਿਆ ਅਤੇ ਨਾਲ ਹੀ ਉਨ੍ਹਾਂ ਦੇ ਹੱਥ ਵਿਚ ਸਭ ਤੋਂ ਵੱਧ ਸ਼ਕਤੀ ਵੀ ਥਮਾਈ ਗਈ। ਇਨ੍ਹਾਂ ਵਿਅਕਤੀਆਂ ਦੀ ਗੱਲ ਨੂੰ ਸਹੀ ਮੰਨਣ ਵਾਲੇ ਅਤੇ ਅੱਗੇ ਪ੍ਰਚਾਰਨ ਵਾਲੇ ਲੋਕਾਂ ਦਾ ਵੀ ਸਮਾਜ ਵਿਚ ਦਰਜਾ ਦੂਜਿਆਂ ਨਾਲੋਂ ਉੱਚਾ ਹੁੰਦਾ ਗਿਆ। ਸਮਾਜ ਵਿਚਲੇ ਇਨਸਾਨਾਂ ਨੂੰ ਇਨ੍ਹਾਂ ਸਿੱਖਿਆਵਾਂ ਅਨੁਸਾਰ ਚੱਲਣ ਲਈ ਨਿਯਮਾਂ ਅਤੇ ਕਰਮਕਾਡਾਂ ਦੀ ਰਚਨਾ ਕੀਤੀ ਗਈ। ਇਹ ਸਭ ਕੁਝ ਉਸ ਸਮਾਜ ਦੇ ਧਰਮ ਵਜੋਂ ਜਾਣਿਆਂ ਜਾਣ ਲੱਗਾ।
ਸਮਾਜ ਦੀ ਬਿਹਤਰੀ ਲਈ ਜ਼ਰੂਰੀ ਸੀ ਕਿ ਇਨਸਾਨ ਆਪਣੇ ਵਿਚੋਂ ਉਨ੍ਹਾਂ ਪਸੂ ਬਿਰਤੀਆਂ ਨੂੰ ਖਤਮ ਕਰੇ, ਜੋ ਉਸ ਦੇ ਸਮਾਜਕ ਹੋਣ ਵਿਚ ਬਾਧਕ ਬਣਦੀਆਂ ਸਨ। ਇਸ ਅਮਲ ਵਿਚੋਂ ਇਨਸਾਨ ਦੇ ਜਿਹੜੇ ਕਾਰਜ ਸਮੇਂ ਅਨੁਸਾਰ ਸਮਾਜ ਨੂੰ ਕਾਇਮ ਰੱਖਣ ਅਤੇ ਵਧਣ-ਫੁਲਣ ਵਿਚ ਸਹਾਈ ਹੁੰਦੇ ਸਨ, ਉਨ੍ਹਾਂ ਨੂੰ ਚੰਗੇ, ਨੈਤਿਕ ਜਾਂ ਸਦਾਚਾਰਕ ਗਰਦਾਨਿਆਂ ਤੇ ਸਮਾਜ ਦੇ ਜਾਂ ਸਮਾਜ ਦੇ ਉਸ ਪੜਾਅ ‘ਤੇ ਸਥਾਪਤ ਸਮਾਜ ਨੂੰ ਚਲਾਉਣ ਵਾਲੀਆਂ ਤਾਕਤਾਂ ਵਿਰੁੱਧ ਜਾਣ ਵਾਲੇ ਕਾਰਜਾਂ ਤੇ ਵਰਤਾਰਿਆਂ ਨੂੰ ਮਾੜੇ ਜਾਂ ਅਨੈਤਿਕ। ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਸਮਾਜ ਵਿਚਲਾ ਹਰ ਵਿਅਕਤੀ ਇਨ੍ਹਾਂ ਦਾ ਪਾਲਣ ਕਰੇ ਇਨ੍ਹਾਂ ਦਾ ਸਿੱਧਾ ਸਬੰਧ ਰੱਬ, ਸਵਰਗ, ਨਰਕ, ਪਾਪ ਤੇ ਪੁੰਨ ਨਾਲ ਸਥਾਪਤ ਕਰ ਦਿੱਤਾ। ਸਮਾਜ ਵਿਚ ਚੰਗੇ ਵਰਤਾਅ ਵਾਲੇ ਵਿਅਕਤੀ ਲਈ ਰੱਬ ਦੀਆਂ ਨਜ਼ਰਾਂ ਵਿਚ ਮਾਨਤਾ, ਸਵਰਗ ਵਿਚ ਰਹਿਣ ਲਈ ਥਾਂ ਤੇ ਉਹਦੇ ਨਾਲ ਕਈ ਕਿਸਮ ਦੇ ਹੋਰ ਲਾਲਚ ਜੋੜੇ ਗਏ ਤੇ ਮਾੜੇ ਕੰਮਾਂ ਵਾਲੇ ਵਿਅਕਤੀ ਲਈ ਨਰਕ ਤੇ ਰੱਬ ਦੀ ਕਰੋਪੀ ਦਾ ਡਰਾਵਾ ਵੀ ਜੋੜਿਆ ਗਿਆ। ਹਰ ਧਰਮ ਨੇ ਇਨਸਾਨ ਨੂੰ ਸਮਾਜ ਵਿਚ ਚੰਗੀ ਤਰ੍ਹਾਂ ਰਹਿਣ ਲਈ ਲਾਲਚ ਤੇ ਡਰ ਪੈਦਾ ਕਰਨ ਵਾਲੀਆਂ ਅਨੇਕਾਂ ਕਿਸਮਾਂ ਦੀਆਂ ਮਿੱਥਾਂ ਘੜੀਆਂ। ਮਿਸਾਲ ਵਜੋਂ, ਭਾਰਤ ਵਿਚਲੇ ਹਿੰਦੂ ਅਤੇ ਸਿੱਖ ਧਰਮ ਵਿਚ ਇਸ ਕਿਸਮ ਦੀਆਂ ਮਿੱਥਾਂ ਆਮ ਦੇਖਣ ਨੂੰ ਮਿਲਦੀਆਂ ਹਨ। ਜਿਵੇਂ 84 ਲੱਖ ਜੂਨਾਂ, ਕਰਮ, ਕਿਸਮਤ ਆਦਿ ਦੀ ਮਿੱਥ। ਇਨਸਾਨੀ ਜੀਵਨ ਨੂੰ ਕੁਦਰਤ ਵਿਚਲੇ ਬਾਕੀ ਜੀਵਾਂ ਤੋਂ ਉੱਪਰ ਰੱਖਿਆ ਗਿਆ ਅਤੇ ਇਹ ਮੰਨਿਆ ਗਿਆ ਕਿ ਇਹ ਜੂਨ ਬਹੁਤ ਔਖੀ ਮਿਲਦੀ ਹੈ ਤੇ ਇਸ ਜੀਵਨ ਦੌਰਾਨ ਮਾੜੇ ਕਰਮ ਕਰਨ ਵਾਲੇ ਨੂੰ ਮੁੜ ਸਾਰੀਆਂ ਦੂਜੀਆਂ ਜੂਨਾਂ ਵਿਚ ਦੀ ਲੰਘਣਾ ਪੈਂਦਾ ਹੈ ਤੇ ਫਿਰ ਮਨੁੱਖੀ ਜੀਵਨ ਪ੍ਰਾਪਤ ਹੁੰਦਾ ਹੈ। ਹਿੰਦੂ ਧਰਮ ਵਿਚ ਇਹ ਮਿੱਥ ਵੀ ਘੜੀ ਗਈ ਕਿ ਕੁਝ ਲੋਕ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਉੱਚੀ ਕੁੱਲ ਵਿਚ ਜਨਮ ਲੈਂਦੇ ਹਨ ਅਤੇ ਕੁਝ ਲੋਕ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਕਰਕੇ ਨੀਵੀਂ ਜਗ੍ਹਾ ਜਨਮ ਲੈਂਦੇ ਹਨ। ਇਸ ਮਿੱਥ ‘ਤੇ ਆਧਾਰਤ ਜਾਤ-ਪਾਤ ਭਾਰਤੀ ਸਮਾਜ ਦਾ ਸਭ ਤੋਂ ਕੋਹਜ ਭਰਿਆ ਤੇ ਮਨੁੱਖਤਾ ਵਿਰੋਧੀ ਰੂਪ ਹੈ।
ਜਿਸ ਤਰ੍ਹਾਂ ਪਹਿਲਾਂ ਵੀ ਜਿ਼ਕਰ ਕੀਤਾ ਗਿਆ ਹੈ ਕਿ ਧਾਰਮਿਕ ਵਿਸ਼ਵਾਸ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਰੱਬ ਦੇ ਡਰ ਬਿਨਾ ਮਨੁੱਖ ਨੈਤਿਕ ਨਹੀਂ ਬਣ ਸਕਦਾ। ਜਦ ਕਿ ਅਸਲ ਵਿਚ ਕੋਈ ਵੀ ਧਾਰਮਿਕ ਵਿਅਕਤੀ ਸਹੀ ਅਰਥਾਂ ਵਿਚ ਨੈਤਿਕ ਹੋ ਹੀ ਨਹੀਂ ਸਕਦਾ, ਕਿਉਂਕਿ ਉਸ ਲਈ ਕਿਸੇ ਦੂਜੇ ਵਿਅਕਤੀ ਜਾਂ ਸਮਾਜ ਲਈ ਕੁਝ ਚੰਗਾ ਕਰਨ ਦਾ ਮੁੱਖ ਕਾਰਨ ਡਰ, ਰੱਬ ਦੀਆਂ ਨਜ਼ਰਾਂ ਵਿਚ ਚੰਗਾ ਬਣਨਾ ਅਤੇ ਆਪਣੀ ਅਗਲੀ ਜਿ਼ੰਦਗੀ ਨੂੰ ਸੁਧਾਰਨਾ ਹੰੁਦਾ ਹੈ, ਨਾ ਕਿ ਵਿਅਕਤੀ ਜਾਂ ਸਮਾਜ ਦੀ ਭਲਾਈ। ਉਸ ਦੀ ਚੰਗਿਆਈ ਖੁਦਗਰਜ਼ੀ ਵਾਲੀ ਅਤੇ ਵਿਸ਼ਵਾਸ ‘ਤੇ ਆਧਾਰਤ ਹੁੰਦੀ ਹੈ, ਨਾ ਕਿ ਮਨੁੱਖੀ ਤਜਰਬੇ, ਤਰਕ ਜਾਂ ਇਨਸਾਨੀਅਤ ‘ਤੇ। ਅਜਿਹੇ ਵਿਅਕਤੀ ਲਈ ਸਮੁੱਚੀ ਮਨੁੱਖਤਾ ਨੂੰ ਇੱਕ ਨਜ਼ਰੇ ਦੇਖ ਸਕਣਾ ਸੰਭਵ ਨਹੀਂ ਹੁੰਦਾ, ਕਿਉਂਕਿ ਉਹਦੇ ਲਈ ਉਹਦਾ ਧਰਮ ਇੱਕ ਨਾ ਟੱਪੀ ਜਾ ਸਕਣ ਵਾਲੀ ਕੰਧ ਬਣ ਜਾਂਦਾ ਹੈ। ਉਸ ਕੰਧ ਦੇ ਇੱਕ ਪਾਸੇ ਉਹਦੇ ਧਰਮ ਨੂੰ ਮੰਨਣ ਵਾਲੇ ਉਹਦੇ ‘ਆਪਣੇ’ ਲੋਕ ਹੁੰਦੇ ਹਨ ਤੇ ਦੂਜੇ ਪਾਸੇ ਕਿਸੇ ਹੋਰ ਧਰਮ ਨੂੰ ਮੰਨਣ ਵਾਲੇ ‘ਦੂਜੇ’ ਲੋਕ ਹੁੰਦੇ ਹਨ। ਆਮ ਹਾਲਤਾਂ ਵਿਚ ਆਪੇ ਸਾਜੀਆਂ ਨੈਤਿਕ ਕਦਰਾਂ ਕੀਮਤਾਂ ਦਾ ਪਾਲਣ ਕਰਨ ਵਾਲੇ ਲੋਕ ਧਰਮ ਦੇ ਨਾਂ ‘ਤੇ ਸਿਰੇ ਦੇ ਅਨੈਤਿਕ ਬਣ ਜਾਂਦੇ ਹਨ। ਕਈ ਹਾਲਤਾਂ ਵਿਚ ਧਰਮ ਇਸ ਗੱਲ ਦੀ ਮੰਗ ਕਰਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ, ਜੋ ਧਰਮ ਖਿਲਾਫ ਕੁਝ ਕਹਿੰਦੇ ਜਾਂ ਕਰਦੇ ਹਨ ਜਾਂ ਜੇ ਕੋਈ ਆਪਣੇ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਨੂੰ ਅਪਨਾਉਂਦੇ ਹਨ। ਮਨੁੱਖੀ ਨੈਤਿਕਤਾ ਦੇ ਨਜ਼ਰੀਏ ਤੋਂ ਇੱਕ ਇਨਸਾਨ ਦਾ ਦੂਜੇ ਇਨਸਾਨਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਸਹੀ ਨਹੀਂ ਮੰਨਿਆ ਜਾ ਸਕਦਾ।
ਇਸੇ ਤਰ੍ਹਾਂ ਹੀ ਸਾਰੇ ਧਰਮਾਂ ਦੀ ਇੱਕ-ਦੂਜੇ ਨਾਲ ਅਤੇ ਬਹੁਤੀ ਵਾਰੀ ਇੱਕੋ ਧਰਮ ਦੀਆਂ ਵੱਖੋ ਵੱਖ ਸੰਪਰਦਾਵਾਂ ਦੀ ਵੀ ਇੱਕ-ਦੂਜੇ ਨਾਲ ਟੱਕਰ ਚਲਦੀ ਰਹਿੰਦੀ ਹੈ। ਇਸ ਤੱਥ ਦੀਆਂ ਮਨੁੱਖੀ ਇਤਿਹਾਸ ਵਿਚ ਅਣਗਿਣਤ ਮਿਸਾਲਾਂ ਸਾਡੇ ਸਾਹਮਣੇ ਹਨ। ਯਹੂਦੀ ਤੇ ਜੈਂਟਾਇਲ, ਈਸਾਈ ਤੇ ਪੈਗਨ, ਮੁਸਲਿਮ ਤੇ ਕਾਫਿਰ ਸਾਰੇ ਇੱਕ-ਦੂਜੇ ਦੇ ਦੁਸ਼ਮਣ ਕੈਂਪਾਂ ਦੇ ਨਾਮ ਹਨ। ਇਕੱਲੇ ਇਸਾਈ ਧਰਮ ਵਿਚ ਹੀ ਪੈਂਤੀ ਹਜ਼ਾਰ ਤੋਂ ਵੱਧ ਸੰਪਰਦਾਵਾਂ ਹਨ ਅਤੇ ਬਹੁਤੀਆਂ ਦੀ ਆਪਸ ਵਿਚ ਖਿੱਚੋਤਾਣ ਚਲਦੀ ਹੀ ਰਹਿੰਦੀ ਹੈ। ਇਹੋ ਹਾਲ ਬਾਕੀ ਧਰਮਾਂ ਦਾ ਵੀ ਹੈ। ਯਹੂਦੀਆਂ ਦੀ ਧਰਮ ਪੁਸਤਕ ਵਿਚ ਸੈਂਕੜੇ ਛੋਟੀਆਂ-ਮੋਟੀਆਂ ਜੰਗਾਂ ਦਾ ਜਿ਼ਕਰ ਹੈ। ਇਸਾਈਆਂ ਦੇ ਆਪਸੀ ਦੁਸ਼ਮਣ ਫਿਰਕਿਆਂ ਵਿਚ ਹੋਏ ਅਨੇਕਾਂ ਯੁੱਧ, ਮੁਸਲਮਾਨਾਂ ਦੀ ਜਿਹਾਦੀ ਰੁਚੀ ਤੋਂ ਪੈਦਾ ਹੋਏ ਹਮਲੇ ਦੁਨੀਆਂ ਦੇ ਇਤਿਹਾਸ ਦਾ ਵੱਡਾ ਹਿੱਸਾ ਹਨ। ਭਾਰਤ ਵਿਚ ਜਾਤ-ਪਾਤ ਦਾ ਵਿਤਕਰਾ ਹਿੰਦੂ ਧਰਮ ਦਾ ਅਨਿੱਖੜਵਾਂ ਅੰਗ ਹੈ, ਜਿਸ ਰਾਹੀਂ ਸਮਾਜ ਦੇ ਵੱਡੇ ਹਿੱਸੇ ਨੂੰ ਇੱਕੀਵੀਂ ਸਦੀ ਦੌਰਾਨ ਵੀ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ। ਇਨ੍ਹਾਂ ਪੁਰਾਣੇ ਸਥਾਪਤ ਧਰਮਾਂ ਦੇ ਮੁਕਾਬਲੇ ਨਵਾਂ ਹੋਣ ਦੇ ਬਾਵਜੂਦ ਸਿੱਖ ਧਰਮ ਵਿਚ ਵੀ ਅਨੇਕਾਂ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਪੈਦਾ ਹੋ ਚੁਕੀਆਂ ਹਨ ਅਤੇ ਉਹ ਹੋਰਨਾਂ ਧਰਮਾਂ ਦੇ ਫਿਰਕਿਆਂ ਵਾਂਗ ਹੀ ਆਪਸ ਵਿਚ ਲੜ-ਝਗੜ ਰਹੀਆਂ ਹਨ।
ਪਿਛਲੀ ਸਦੀ ਦੇ ਅੱਸੀਵੀਆਂ ਦੌਰਾਨ ਸਿੱਖ ਧਰਮ ਵਿਚਲੇ ਸੰਕਟ ਦੀ ਸ਼ੁਰੂਆਤ ਦਾ ਮੁੱਖ ਕਾਰਨ ਸੰਪਰਦਾਵਾਂ ਦਾ ਆਪਸੀ ਟਕਰਾਅ ਹੀ ਸੀ। ਨੈਤਿਕਤਾ ਦੇ ਪੱਖੋਂ ਇਹ ਸਮੱਸਿਆ ਹੋਰ ਵੀ ਗੰਭੀਰ ਹੁੰਦੀ ਹੈ, ਜਦੋਂ ਕਿਸੇ ਇੱਕ ਤੋਂ ਵੱਧ ਧਰਮਾਂ ਵਾਲੇ ਸਮਾਜ ਵਿਚ ਰਾਜਸੀ ਤਾਕਤ ਇੱਕ ਧਰਮ ਦੇ ਹੱਥ ਆ ਜਾਵੇ। ਜੋ ਕੁਝ ਇਸ ਵੇਲੇ ਭਾਰਤ ਵਿਚ ਹੋ ਰਿਹਾ ਹੈ, ਉਹ ਇਸ ਦੀ ਪ੍ਰਤੱਖ ਮਿਸਾਲ ਹੈ। ਇਸ ਸਬੰਧੀ ਜੇਮਜ਼ ਹਾਅਟ ਆਪਣੀ ਪੁਸਤਕ ‘ਧਰਮ ਦੀਆਂ ਦਹਿਸ਼ਤਾਂ’ (ਹੋਲੀ ਹੌਰਰਜ਼) ਵਿਚ ਲਿਖਦਾ ਹੈ, “ਜਦੋਂ ਕਿਸੇ ਸਮਾਜ ਵਿਚ ਧਰਮ ਰਾਜ ਕਰਨ ਵਾਲੀ ਤਾਕਤ ਹੁੰਦਾ ਹੈ, ਇਹ ਦਹਿਸ਼ਤ ਪੈਦਾ ਕਰਦਾ ਹੈ।” ਇਹ ਗੱਲ ਸਾਰੇ ਧਰਮਾਂ ਉੱਪਰ ਲਾਗੂ ਹੁੰਦੀ ਹੈ ਕਿ ਜਦੋਂ ਧਰਮ ਕਮਜ਼ੋਰ ਹੁੰਦਾ ਹੈ ਤਾਂ ਨਿਮਰਤਾ ਦੀ ਗੱਲ ਕਰਦਾ ਹੈ, ਤਾਕਤ ਫੜਦਿਆਂ ਹੀ ਜਾਲਮ ਬਣ ਬੈਠਦਾ ਹੈ। ਇਸ ਸਬੰਧੀ ਅਸੀਂ ਬੁੱਧ ਧਰਮ ਦੀ ਗੱਲ ਕਰ ਸਕਦੇ ਹਾਂ। ਬਹੁਤੀਆਂ ਸਥਿਤੀਆਂ ਵਿਚ ਆਪਣਾ ਨਿਮਰਤਾ ਦਾ ਰੂਪ ਪੇਸ਼ ਕਰਨ ਵਾਲਾ ਬੁੱਧ ਧਰਮ ਮਾਈਨਮਾਰ (ਬਰਮਾ) ਵਿਚ ਮੁਸਲਮਾਨਾਂ ਵਿਰੁੱਧ ਆਪਣਾ ਵੱਖਰਾ ਰੂਪ ਦਿਖਾ ਰਿਹਾ ਹੈ। ਇਸ ਦੀ ਕੋਈ ਹੈਰਾਨੀ ਵੀ ਨਹੀਂ, ਕਿਸੇ ਵੀ ਧਰਮ ਤੋਂ ਇਸ ਤੋਂ ਵੱਖਰੇ ਵਿਹਾਰ ਦੀ ਆਸ ਨਹੀਂ ਕੀਤੀ ਜਾ ਸਕਦੀ।
ਸਾਡੇ ਲਈ (ਪੰਜਾਬੀਆਂ/ਭਾਰਤੀਆਂ ਲਈ) ਸਭ ਤੋਂ ਵੱਡੀ ਅਤੇ ਸਦਾ ਦੁੱਖ ਦੇਣ ਵਾਲੀ ਘਟਨਾ ਧਰਮਾਂ ਦੇ ਨਾਂ ‘ਤੇ 1947 ਵਿਚ ਹੋਇਆ ਬਟਵਾਰਾ ਸੀ। ਸਦੀਆਂ ਤੋਂ ਇੱਕ-ਦੂਜੇ ਨਾਲ ਰਲ-ਮਿਲ ਕੇ ਰਹਿਣ ਵਾਲੇ ਲੋਕ ਧਰਮ ਦੇ ਨਾਂ ‘ਤੇ ਇੱਕ-ਦੂਜੇ ਦੇ ਖੂਨ ਦੇ ਪਿਆਸੇ ਬਣ ਗਏ। ਇਹ ਗੱਲ ਜੱਗ ਜਾਹਰ ਹੈ ਕਿ ਉਸ ਸਮੇਂ ਉਹ ਲੋਕ ਹੀ ਇਸ ਹਨੇਰੀ ਤੋਂ ਬਚ ਸਕੇ, ਜਿਨ੍ਹਾਂ ਕੋਲ ਸਮੱਸਿਆ ਨੂੰ ਵਿਗਿਆਨਕ ਪਹੁੰਚ ਨਾਲ ਦੇਖਣ ਤੇ ਸਮਝਣ ਦੀ ਸੂਝ ਸੀ। ਉਸ ਸਮੇਂ ਧਾਰਮਿਕ ਲੋਕਾਂ ਦੀ ਨੈਤਿਕਤਾ ਉਨ੍ਹਾਂ ਦੇ ਵਿਸ਼ਵਾਸ ਅੱਗੇ ਗੋਡੇ ਟੇਕ ਗਈ। ਦਿੱਲੀ ਅਤੇ ਭਾਰਤ ਦੇ ਕਈ ਹਿੱਸਿਆਂ ਵਿਚ 1984 ਦੌਰਾਨ ਸਮੇਂ ਦੀ ਸਰਕਾਰ ਵਿਚਲੇ ਧਾਰਮਿਕ ਨਫਰਤ ਪਾਲਣ ਵਾਲੇ ਲੋਕਾਂ ਨੇ ਸਿੱਖਾਂ ਵਿਰੁੱਧ ਜਿਸ ਕਿਸਮ ਦੀਆਂ ਹਿੰਸਕ ਕਾਰਵਾਈਆਂ ਕੀਤੀਆਂ ਅਤੇ ਕਰਵਾਈਆਂ, ਉਹ ਸਿਰਫ ਧਾਰਮਿਕ ਲੋਕ ਹੀ ਕਰ ਸਕਦੇ ਹਨ। ਫਿਰ ਡੇੜ ਦਹਾਕਾ ਪੰਜਾਬ ਵਿਚ ਸਮੇਂ ਦੀ ਸਰਕਾਰ ਅਤੇ ਸਿੱਖਾਂ ਲਈ ਧਰਮ ਆਧਾਰਤ ਵੱਖਰੇ ਮੁਲਕ ਦੀ ਮੰਗ ਕਰਨ ਵਾਲਿਆਂ ਵਿਚ ਚੱਲੀ ਹਿੰਸਕ ਲਹਿਰ ਵਿਚ ਵੀ ਅਨੇਕਾਂ ਬੇਦੋਸ਼ੇ ਲੋਕਾਂ ਦਾ ਖੂਨ ਵਹਾਇਆ ਗਿਆ। ਇਸ ਸਮੇਂ ਦੌਰਾਨ ਧਾਰਮਿਕ ਲੜਾਈ ਲੜਨ ਵਾਲਿਆਂ ਵਲੋਂ ਲੋਕਾਂ ਨਾਲ ਅਨੇਕਾਂ ਅਨੈਤਿਕ ਵਰਤਾਅ ਕੀਤੇ ਗਏ ਅਤੇ ਇਸ ਜਨੂੰਨੀ ਹਨੇਰੀ ਅੱਗੇ ਡੱਟ ਕੇ ਖੜ੍ਹਨ ਵਾਲੇ ਵਿਗਿਆਨਕ ਸੋਚ ਦੇ ਧਾਰਨੀ ਲੋਕ ਸਨ, ਜਿਨ੍ਹਾਂ ਵਿਚੋਂ ਕਈਆਂ ਨੇ ਆਪਣੇ ਜੀਵਨ ਤੱਕ ਦੀ ਕੁਰਬਾਨੀ ਦਿੱਤੀ। ਇਸੇ ਤਰ੍ਹਾਂ ਭਾਰਤ ਦੇ ਵੱਖਰੇ ਵੱਖਰੇ ਹਿੱਸਿਆਂ ਵਿਚ ਸਮੇਂ ਸਮੇਂ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਹੁੰਦੇ ਫਸਾਦ ਅਤੇ ਸਮਾਜ ਦੇ ਸਭ ਤੋਂ ਵੱਧ ਦੱਬੇ-ਕੁਚਲੇ ਦਲਿਤ ਲੋਕਾਂ ਨਾਲ ਲਗਾਤਾਰ ਹੁੰਦੀ ਹਿੰਸਾ, ਆਦਿ ਜਿਹੀਆਂ ਸਾਰੀਆਂ ਘਟਨਾਵਾਂ ਪਿੱਛੇ ਜੇ ਹਰ ਵਾਰ ਨਹੀਂ ਤਾਂ ਬਹੁਤੀ ਵਾਰ ਧਰਮ ਹੀ ਹੁੰਦਾ ਹੈ, ਜੋ ਆਮ ਵਿਅਕਤੀਆਂ ਨੂੰ ਅਨੈਤਿਕ ਕੰਮ ਕਰਨ ਲਈ ਉਕਸਾਉਂਦਾ ਹੈ।
ਬਹੁਤੀ ਵਾਰੀ ਧਾਰਮਿਕ ਲੋਕਾਂ ਅਤੇ ਧਰਮਾਂ ਵਲੋਂ ਇਹ ਗੱਲ ਵੀ ਦਾਅਵੇ ਨਾਲ ਕਹੀ ਜਾਂਦੀ ਹੈ ਕਿ ਉਹ ਮਨੁੱਖਤਾ ਦੀ ਸੇਵਾ ਕਰਦੇ ਹਨ। ਕਈ ਵਾਰੀ ਅਜਿਹਾ ਲੱਗਦਾ ਵੀ ਹੈ ਕਿ ਧਰਮ ਜਾਂ ਧਾਰਮਿਕ ਲੋਕ ਸਮਾਜ ਦੀਆਂ ਹੋਰ ਸੰਸਥਾਵਾਂ ਦੇ ਮੁਕਾਬਲੇ ਲੋੜਵੰਦਾਂ ਦੀ ਵੱਧ ਮਦਦ ਕਰਦੇ ਹਨ, ਪਰ ਘੋਖ ਕੀਤਿਆਂ ਪਤਾ ਲੱਗਦਾ ਹੈ ਕਿ ਗੱਲ ਏਨੀ ਸਾਫ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੀ ਸਾਹਮਣੇ ਆਉਂਦੀ ਹੈ ਕਿ ਧਾਰਮਿਕ ਲੋਕਾਂ ਦੀ ਸੇਵਾ ਦਾ ਅਸਲ ਮਕਸਦ ਆਪਣਾ ਅੱਗਾ ਸੁਆਰਨਾ ਅਤੇ ਆਪਣੇ ਧਰਮ ਨੂੰ ਦੂਜਿਆਂ ਦੇ ਮੁਕਾਬਲੇ ਬਿਹਤਰ ਸਾਬਤ ਕਰਨਾ ਹੁੰਦਾ ਹੈ। ਭਾਰਤੀ ਸਮਾਜ ਵਿਚ ਖਾਸ ਕਰਕੇ, ਸੇਵਾ ‘ਕੀਤੀ’ ਨਹੀਂ ਜਾਂਦੀ, ਸੇਵਾ ‘ਕਮਾਈ’ ਜਾਂਦੀ ਹੈ ਤਾਂ ਕਿ ਪਰਮਾਤਮਾ ਦੀ ਨਜ਼ਰ ਵਿਚ ਚੰਗਾ ਬਣਿਆ ਜਾ ਸਕੇ। ਇਸ ਕਿਸਮ ਦੀ ਬਿਰਤੀ ਦੂਜੇ ਧਰਮਾਂ ਵਿਚ ਵੀ ਦੇਖਣ ਨੂੰ ਮਿਲਦੀ ਹੈ। ਮਿਸਾਲ ਵਜੋਂ ਇਸਾਈ ਮੱਤ ਦਾ ਕੈਥੋਲਿਕ ਧੜਾ (ਸੈਕਟ) ਦੁਨੀਆਂ ਦੇ ਕਰੀਬ ਹਰ ਹਿੱਸੇ ਵਿਚ ਫੈਲਿਆ ਹੋਇਆ ਹੈ। ਉਹ ਹਰ ਜਗ੍ਹਾ ਲੋੜਵੰਦਾਂ ਦੀ ਮਦਦ ਕਰਨ ਦਾ ਦਾਅਵਾ ਕਰਦੇ ਹਨ, ਪਰ ਜਿਨ੍ਹਾਂ ਥਾਂਵਾਂ `ਤੇ ਉਹ ਲੋਕਾਂ ਦੀ ਮਦਦ ਕਰਦੇ ਰਹੇ ਹਨ, ਉੱਥੋਂ ਦੇ ਲੋਕਾਂ ਦੇ ਆਮ ਜੀਵਨ ਵਿਚ ਸਦੀਆਂ ਬਾਅਦ ਵੀ ਆਰਥਕ ਪੱਖੋਂ ਕੋਈ ਖਾਸ ਤਬਦੀਲੀ ਦੇਖਣ ਨੂੰ ਨਹੀਂ ਮਿਲਦੀ। ਨਾਲ ਹੀ ਇਹ ਸੱਚਾਈ ਸਾਫ ਦਿਸਦੀ ਹੈ ਕਿ ਇਹ ਧੜਾ ਦੁਨੀਆਂ ਦਾ ਸਭ ਤੋਂ ਵੱਡਾ ਜਗੀਰਦਾਰ ਹੈ, ਦੂਜੇ ਸ਼ਬਦਾਂ ਵਿਚ ਇਸ ਚਰਚ ਦੇ ਨਾਮ ਦੁਨੀਆਂ ਭਰ ਵਿਚ ਬੇਸ਼ੁਮਾਰ ਜਮੀਨ ਲੱਗੀ ਹੋਈ ਹੈ। ਇਸ ਫਿਰਕੇ ਨੇ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਜਾ ਕੇ ਲੋਕਾਂ ਦੀ ਆਰਥਕ ਲੁੱਟ ਹੀ ਨਹੀਂ ਕੀਤੀ, ਨਾਲ ਹੀ ਉਨ੍ਹਾਂ ਦੇ ਸਭਿਆਚਾਰ ਤੇ ਬੋਲੀ ਨੂੰ ਵੀ ਨਸ਼ਟ ਕਰਨ ਦੀ ਕੋਸਿ਼ਸ਼ ਕੀਤੀ।
ਇਸ ਦੀ ਇੱਕ ਵੱਡੀ ਮਿਸਾਲ ਕੈਨੇਡਾ ਦੇ ਆਦਿਵਾਸੀ ਬੱਚਿਆਂ ਨੂੰ ਜਬਰੀ ਉਨ੍ਹਾਂ ਦੇ ਮਾਪਿਆਂ ਤੋਂ ਖੋਹ ਕੇ ਰੀਜ਼ਰਵੇਸ਼ਨ ਸਕੂਲਾਂ ਵਿਚ ਰੱਖ ਕੇ ਪੜ੍ਹਾਉਣਾ ਸੀ ਤਾਂ ਕਿ ਉਹ ਆਪਣੀ ਬੋਲੀ ਤੇ ਸਭਿਆਚਾਰ ਤੋਂ ਪੂਰੀ ਤਰ੍ਹਾਂ ਅਲੱਗ ਹੋ ਜਾਣ। ਇਨ੍ਹਾਂ ਸਕੂਲਾਂ ਵਿਚ ਇਨ੍ਹਾਂ ਬੱਚਿਆਂ ਨਾਲ ਹਰ ਕਿਸਮ ਦੀ ਬਦਸਲੂਕੀ ਦੇ ਨਾਲ ਨਾਲ ਇਨ੍ਹਾਂ ਦਾ ਕਾਮੁਕ ਸ਼ੋਸ਼ਣ ਵੀ ਵੱਡੇ ਪੱਧਰ `ਤੇ ਕੀਤਾ ਗਿਆ। ਹੁਣ ਇਹ ਗੱਲ ਵੀ ਆਮ ਜਾਣੀ ਜਾਂਦੀ ਹੈ ਕਿ ਬਹੁਤ ਸਾਰੇ ਕੈਥੋਲਿਕ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਪਾਦਰੀ ਆਪਣੀ ਕਾਮੁਕ ਭੁੱਖ ਮਿਟਾਉਣ ਲਈ ਵਰਤਦੇ ਰਹੇ। ਇਸ ਚੱਕਰ ਵਿਚ ਦੇਖਣ, ਸੋਚਣ ਵਾਲੀ ਗੱਲ ਇਹ ਹੈ ਕਿ ਇਸ ਦੁਨੀਆਂ ਦੇ ਸਭ ਤੋਂ ਤਾਕਤਵਰ ਚਰਚ ਨੇ ਆਪਣੇ ਪਾਦਰੀਆਂ ਦੀਆਂ ਹਰ ਪੱਖੋਂ ਅਨੈਤਿਕ ਹਰਕਤਾਂ ਨੂੰ ਪੂਰੀ ਤਰ੍ਹਾਂ ਲੁਕੋਇਆ ਅਤੇ ਉਨ੍ਹਾਂ ਨੂੰ ਕਾਨੂੰਨੀ ਸਜ਼ਾਵਾਂ ਤੋਂ ਬਚਾਉਣ ਦੀ ਹਰ ਸੰਭਵ ਕੋਸਿ਼ਸ਼ ਕੀਤੀ। ਇਨ੍ਹਾਂ ਦੇ ਇਸ ਵਿਹਾਰ ਵਿਚ ਨੈਤਿਕਤਾ ਨਾਂ ਦੀ ਕੋਈ ਚੀਜ਼ ਦੇਖਣ ਨੂੰ ਵੀ ਨਹੀਂ ਮਿਲਦੀ।
ਇਸੇ ਸੈਕਟ ਨਾਲ ਸਬੰਧਤ ਭਾਰਤ ਦੇ ਗਰੀਬ ਲੋਕਾਂ ਦੀ ਮਦਦ ਕਰਕੇ ਨੋਬਲ ਇਨਾਮ ਪ੍ਰਾਪਤ ਕਰਨ ਵਾਲੀ ਮਦਰ ਟੈਰਿਸਾ ਦੀ ਮਿਸਾਲ ਸਾਡੇ ਸਾਹਮਣੇ ਹੈ। ਉਹ ਗਰੀਬਾਂ ਨੂੰ ਸਿੱਖਿਆ ਦਿੰਦੀ ਸੀ, ਕਿਉਂਕਿ ਉਹ ਗਰੀਬ ਹਨ, ਇਸ ਲਈ ਉਹ ਬਹੁਤ ਕਿਸਮਤ ਵਾਲੇ ਹਨ; ਪਰਮਾਤਮਾ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਪਿਆਰ ਕਰਦਾ ਹੈ ਤੇ ਗਰੀਬ ਹੋਣਾ ਬਹੁਤ ਮਹਾਨ ਗੱਲ ਹੈ। ਅਸਲੀਅਤ ਇਹ ਹੈ ਕਿ ਮਦਰ ਟੈਰਿਸਾ ਨੇ ਗਰੀਬਾਂ ਦੀ ਮਦਦ ਕਰਨ ਦੇ ਨਾਂ ‘ਤੇ ਵੱਡੀ ਤਾਦਾਦ ਵਿਚ ਪੈਸਾ ਇਕੱਠਾ ਕਰਕੇ ਆਪਣੇ ਚਰਚ ਨੂੰ ਦਿੱਤਾ। ਕ੍ਰਿਸਟੋਫਰ ਹਿਚਨ ਅਨੁਸਾਰ, “ਮਦਰ ਟੈਰੇਸਾ ਇੱਕ ਕੱਟੜ, ਮੂਲਵਾਦੀ ਅਤੇ ਧੋਖੇਬਾਜ ਸੀ। ਜੇ ਉਹਦੀਆਂ ਮਿਸਾਲਾਂ ਮਗਰ ਜਾਇਆ ਜਾਵੇ ਤਾਂ ਹੋਰ ਜਿ਼ਆਦਾ ਲੋਕ ਗਰੀਬ ਤੇ ਬਿਮਾਰ ਹੋਣਗੇ।”
ਦੁਨੀਆਂ ਵਿਚ ਬਹੁਤ ਸਾਰੇ ਅਮੀਰ ਲੋਕ ਹਨ, ਜੋ ਆਪੋ ਆਪਣੇ ਰੱਬ ਜਾਂ ਪਰਮਾਤਮਾ ਦੇ ਨਾਂ ‘ਤੇ ਹਰ ਕਿਸਮ ਦਾ ਦਾਨ ਦਿੰਦੇ ਹਨ ਅਤੇ ਮੰਦਿਰ, ਗੁਰਦੁਆਰੇ, ਚਰਚ ਤੇ ਮਸੀਤਾਂ ਆਦਿ ਬਣਵਾਉਂਦੇ ਹਨ ਅਤੇ ਆਮ ਲੋਕਾਂ ਵਿਚ ਦਾਨੀ ਤੇ ਧਰਮੀ ਅਖਵਾਉਂਦੇ ਹਨ; ਪਰ ਜਿਨ੍ਹਾਂ ਦੀ ਸਖਤ ਮਿਹਨਤ ਦੀ ਲੁੱਟ ਕਰਕੇ ਉਹ ਐਸ਼ਪ੍ਰਸਤੀ ਦਾ ਜੀਵਨ ਜਿਉਂਦੇ ਹਨ ਅਤੇ ਧਾਰਮਿਕ ਤੇ ਸਿਆਸੀ ਸੰਸਥਾਵਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ, ਉਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਜੋਗੀ ਵੀ ਮਜ਼ਦੂਰੀ ਦੇਣ ਨੂੰ ਤਿਆਰ ਨਹੀਂ ਹੁੰਦੇ। ਖਾਸ ਕਰ ਉਨ੍ਹਾਂ ਮਜ਼ਦੂਰਾਂ ਨਾਲ ਇਹ ਵੱਧ ਸਖਤੀ ਨਾਲ ਪੇਸ਼ ਆਉਂਦੇ ਹਨ, ਜੋ ਜਥੇਬੰਦ ਹੋ ਕੇ ਬਿਹਤਰ ਤਨਖਾਹਾਂ, ਕੰਮ ਦੀਆਂ ਹਾਲਤਾਂ ਵਿਚ ਸੁਧਾਰ ਤੇ ਖੁਦ ਲਈ ਥੋੜ੍ਹੇ ਸਤਿਕਾਰ ਦੀ ਮੰਗ ਕਰਨ। ਇਹ ਨਿਹਾਇਤ ਹੀ ਅਨੈਤਿਕ ਲੋਕ ਆਪਣੇ ਪੈਸੇ ਦੇ ਜ਼ੋਰ ਨਾਲ ਤੇ ਧਰਮ ਦੀ ਆੜ ਵਿਚ ਸਭ ਤੋਂ ਵੱਧ ਨੈਤਿਕ ਦਿਸਦੇ ਹਨ।
(ਬਾਕੀ ਅਗਲੇ ਅੰਕ `ਚ)