ਪਿ੍ਰੰ. ਸਰਵਣ ਸਿੰਘ
ਪੰਜਾਬੀ ਵਿਚ ਖੇਡਾਂ ਤੇ ਖਿਡਾਰੀਆਂ ਬਾਰੇ ਸੌ ਤੋਂ ਵੱਧ ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ। ਖੇਡ ਸਾਹਿਤ ਹੁਣ ਵੱਖਰਾ ਵਿਸ਼ਾ ਬਣ ਚੁੱਕੈ। ਇਸ ਬਾਰੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਲਿਖੇ ਜਾ ਰਹੇ ਹਨ। ਐੱਮ.ਫਿੱਲ ਤੇ ਪੀਐੱਚ.ਡੀ. ਦੀਆਂ ਡਿਗਰੀਆਂ ਹੋ ਰਹੀਆਂ ਹਨ। ਪੰਜਾਬੀ ਖੇਡ ਅਦਬ ਵਿਚ ਨਾਮੀ ਖਿਡਾਰੀਆਂ ਦੀਆਂ ਜੀਵਨੀਆਂ, ਸਵੈਜੀਵਨੀਆਂ, ਰੇਖਾ ਚਿੱਤਰ, ਖੇਡ ਕਹਾਣੀਆਂ, ਖੇਡਾਂ ਦਾ ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡ ਤਬਸਰੇ, ਖੇਡਾਂ ਦੀ ਜਾਣ-ਪਛਾਣ, ਖੇਡਾਂ ਦੀਆਂ ਬਾਤਾਂ, ਖੇਡਾਂ ਦੇ ਨਿਯਮ, ਖੇਡਾਂ ਦਾ ਕਾਵਿ-ਸੰਸਾਰ, ਸਿ਼ਅਰ, ਗੀਤ, ਖੇਡ ਚਿੰਤਨ, ਖੇਡ ਸਾਹਿਤ ਦੇ ਅਧਿਐਨ ਬਾਰੇ ਖੋਜ ਨਿਬੰਧ ਤੇ ਖੋਜ ਪ੍ਰਬੰਧ, ਅਲੋਪ ਹੋ ਰਹੀਆਂ ਦੇਸੀ ਖੇਡਾਂ ਤੇ ਪ੍ਰਚੱਲਿਤ ਪੱਛਮੀ ਖੇਡਾਂ ਬਾਰੇ ਬਹੁਪੱਖੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਮਿਲਣ ਲੱਗ ਪਈਆਂ ਹਨ।
ਐਸੇ ਪੰਜਾਹ ਕੁ ਲੇਖਕ ਹਨ, ਜਿਨ੍ਹਾਂ ਦੀਆਂ ਇਕ ਜਾਂ ਵੱਧ ਖੇਡ ਪੁਸਤਕਾਂ ਛਪ ਚੁੱਕੀਆਂ ਹਨ। ਖੇਡਾਂ ਦੇ ਗੀਤ ਗੂੰਜਣ ਲੱਗ ਪਏ ਹਨ ਤੇ ਖਿਡਾਰੀਆਂ ਬਾਰੇ ਫਿਲਮਾਂ ਬਣਨ ਲੱਗ ਪਈਆਂ ਹਨ। ਯੂ-ਟਿਊਬ ‘ਤੇ ਕਬੱਡੀ ਕਬੱਡੀ ਹੋ ਰਹੀ ਹੈ। ਵਿਦਿਆਰਥੀਆਂ ਲਈ ਖੇਡਾਂ ਦੀਆਂ ਪਾਠ ਪੁਸਤਕਾਂ ਲੱਗਣ ਲੱਗੀਆਂ ਹਨ। ਸਾਹਿਤਕ ਗੋਸ਼ਟੀਆਂ ਵਿਚ ਵੀ ਖੇਡ ਅਦਬ ਦੀ ਗੱਲ ਹੋਣ ਲੱਗੀ ਹੈ।
ਪੰਜਾਬੀਆਂ ਦੀਆਂ ਸੌ ਤੋਂ ਵੱਧ ਦੇਸੀ ਖੇਡਾਂ ਸਨ/ਹਨ। ਛੂਹਣ ਛੁਹਾਈ ਤੇ ਗੁੱਲੀ ਡੰਡੇ ਤੋਂ ਲੈ ਕੇ ਅੱਡੀ ਟੱਪਾ ਤੇ ਕਬੱਡੀ ਕੁਸ਼ਤੀ ਤਕ। ਕੁਸ਼ਤੀ ਪੰਜਾਬੀਆਂ ਦੀ ਜੱਦੀ ਪੁਸ਼ਤੀ ਖੇਡ ਹੈ। ਸਦੀਆਂ ਤੋਂ ਪੰਜਾਬ ਦੇ ਪਹਿਲਵਾਨ ਅਖਾੜਿਆਂ ‘ਚ ਜ਼ੋਰ ਕਰਦੇ ਤੇ ਘੁਲਦੇ ਆਏ ਹਨ। ਰਿਗਵੇਦ, ਰਾਮਾਇਣ ਤੇ ਮਹਾਭਾਰਤ ਜਿਹੇ ਪੁਰਾਤਨ ਗ੍ਰੰਥਾਂ ਵਿਚ ਮੱਲਾਂ ਦੇ ਘੋਲਾਂ ਦਾ ਜਿ਼ਕਰ ਹੈ। ਮੁਗਲਾਂ ਦੇ ਰਾਜ ਸਮੇਂ ਕੁਸ਼ਤੀ ਦੰਗਲਾਂ ਨੇ ਹੋਰ ਜ਼ੋਰ ਫੜਿਆ। ਰਾਜਪੂਤ ਰਿਆਸਤਾਂ ਨੇ ਵੀ ਪਹਿਲਵਾਨ ਪਾਲੇ। ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਚ ਮੱਲਾਂ ਲਈ ਅਖਾੜਾ ਬਣਾਇਆ, ਜਿਥੇ ਹੁਣ ਗੁਰਦੁਆਰਾ ਮੱਲ ਅਖਾੜਾ ਸਾਹਿਬ ਸੁਭਾਏਮਾਨ ਹੈ। ਗੁਰੂ ਹਰਗੋਬਿੰਦ ਸਾਹਿਬ ਛਿੰਝਾਂ ਪੁਆਉਂਦੇ ਅਤੇ ਗੁਰੂ ਗੋਬਿੰਦ ਸਿੰਘ ਘੋੜਸਵਾਰੀ, ਨੇਜ਼ਾਬਾਜ਼ੀ ਤੇ ਗਤਕੇ ਵਰਗੀਆਂ ਮਾਰਸ਼ਲ ਖੇਡਾਂ ਕਰਾਉਂਦੇ ਰਹੇ। ਹਰੀ ਸਿੰਘ ਨਲੂਆ ਮਾਰਸ਼ਲ ਖੇਡ ਮੁਕਾਬਲਿਆਂ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੇ ਚੜ੍ਹਿਆ ਸੀ।
ਮੱਲਾਂ ਦੇ ਘੋਲਾਂ ਦਾ ਜਿ਼ਕਰ ਬੇਸ਼ਕ ਗੁਰਬਾਣੀ ਅਤੇ ਕਿੱਸਾ ਸਾਹਿਤ ਵਿਚ ਵੀ ਮਿਲਦਾ ਹੈ, ਪਰ ਪਹਿਲਵਾਨਾਂ ਬਾਰੇ ਪੂਰੀ ਪੁਸਤਕ ‘ਭਾਰਤ ਦੇ ਪਹਿਲਵਾਨ’ ਬਲਬੀਰ ਸਿੰਘ ਕੰਵਲ ਨੇ 1964 ਵਿਚ ਛਪਵਾਈ। ਉਸ ਵਿਚ ਮੁਗਲ ਕਾਲ ਦੇ ਪਹਿਲਵਾਨ ਉਸਤਾਦ ਨੂਰ-ਉ-ਦੀਨ ਤੋਂ ਲੈ ਕੇ ਦੇਸ਼ ਦੀ ਵੰਡ ਤਕ ਦੇ ਨਾਮੀ ਪਹਿਲਵਾਨਾਂ ਬਾਰੇ ਜਾਣਕਾਰੀ ਦਿੱਤੀ ਗਈ। ਉਹਦੇ ਵਿਚ ਪਹਿਲਵਾਨਾਂ ਦੇ ਕੱਦ-ਕਾਠ, ਖਾਧ-ਖੁਰਾਕ, ਡੰਡ-ਬੈਠਕਾਂ, ਜ਼ੋਰ ਕਰਨ ਤੇ ਕੁਸ਼ਤੀਆਂ ਲੜਨ ਬਾਰੇ ਏਨੀ ਵੰਨ-ਸੁਵੰਨੀ ਸਮੱਗਰੀ ਹੈ ਕਿ ਉਹ ਪੁਸਤਕ ਪਾਠਕਾਂ ਨੂੰ ਨਾਵਲਾਂ ਤੋਂ ਵੀ ਵੱਧ ਦਿਲਚਸਪ ਲੱਗੀ।
ਕੁਸ਼ਤੀਆਂ ਤੇ ਪਹਿਲਵਾਨਾਂ ਬਾਰੇ ਪੰਜਾਬੀ ਵਿਚ ਦਰਜਨ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਪਿਆਰਾ ਸਿੰਘ ਰਛੀਨ ਦੀ ਪੁਸਤਕ ‘ਭਾਰਤ ਦੇ ਰੁਸਤਮ ਪਹਿਲਵਾਨ’ ਅਤੇ ਐੱਚ. ਐੱਮ. ਬਿਲਗਾ ਤੇ ਪੀ. ਆਰ. ਸੋਂਧੀ ਦੀ ਪੁਸਤਕ ‘ਕੁਸ਼ਤੀ ਦੇ ਧਨੰਤਰ’ ਪੰਜ-ਪੰਜ ਸੌ ਪੰਨਿਆਂ ਦੇ ਆਸ-ਪਾਸ ਹਨ। ਬਿਲਗਾ ਤੇ ਸੋਂਧੀ ਦੀ ਇਕ ਹੋਰ ਪੁਸਤਕ ‘ਕੁਸ਼ਤੀ ਅੰਬਰ ਦੇ ਤਾਰੇ’ ਹੈ। ਪਿਆਰਾ ਸਿੰਘ ਰਛੀਨ ਨੇ ਦੋ ਹੋਰ ਖੇਡ ਪੁਸਤਕਾਂ ਲਿਖੀਆਂ ਹਨ- ‘ਕੁਸ਼ਤੀ ਅਖਾੜੇ’ ਤੇ ‘ਪਹਿਲਵਾਨ ਕਿਵੇਂ ਬਣੀਏ?’ ਪਹਿਲਵਾਨ ਦਾਰਾ ਸਿੰਘ ਨੇ ਆਪਣੀ ਜੀਵਨ ਗਾਥਾ ‘ਮੇਰੀ ਆਤਮ ਕਥਾ’ ਲਿਖੀ ਤੇ ਪਵਨ ਹਰਚੰਦਪੁਰੀ ਨੇ ਉਹਦੀ ਜੀਵਨੀ ‘ਜਿ਼ੰਦਗੀ ਦਾ ਅਸਲੀ ਸੁਪਰਮੈਨ ਦਾਰਾ ਸਿੰਘ’ ਲਿਖੀ।
ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ‘ਕੁਸ਼ਤੀ ਦਾ ਧਰੂ ਤਾਰਾ’ ਲਿਖ ਕੇ ਪੰਜਾਬੀ ਖੇਡ ਸਾਹਿਤ ਨੂੰ ਹੋਰ ਅਮੀਰ ਕੀਤਾ। ਪੰਜਾਬੀ ਦੇ ਜੀਵਨੀ ਸਾਹਿਤ ਵਿਚ ਇਸ ਪੁਸਤਕ ਦਾ ਖਾਸ ਮੁਕਾਮ ਹੈ। ਪ੍ਰੋ. ਰਾਜਿੰਦਰ ਸਿੰਘ ਨੇ ‘ਮਹਾਂਬਲੀ ਪਹਿਲਵਾਨ ਕਰਤਾਰ ਸਿੰਘ’ ਜੀਵਨੀ ਪ੍ਰਕਾਸਿ਼ਤ ਕਰਵਾਈ। ਇਕ ਹੋਰ ਜੀਵਨੀ ‘ਭਾਰਤ ਦਾ ਪਹਿਲਾ ਸਰਦਾਰ ਹਿੰਦ ਕੇਸਰੀ ਪਹਿਲਵਾਨ ਸੁਖਵੰਤ ਸਿੰਘ’ ਉਸ ਦੀ ਪਤਨੀ ਸੁਰਿੰਦਰ ਕੌਰ ਸਿੱਧੂ ਨੇ ਲਿਖੀ ਹੈ। ਬਲਵੰਤ ਸਿੰਘ ਸੰਧੂ ਨੇ ਪਹਿਲਵਾਨ ਦਾਰੇ ਦੁਲਚੀਪੁਰੀਏ ਬਾਰੇ ਨਾਵਲ ‘ਗੁੰਮਨਾਮ ਚੈਂਪੀਅਨ’ ਲਿਖ ਕੇ ਪੰਜਾਬੀ ਖੇਡ ਸਾਹਿਤ ਵਿਚ ਗਲਪੀ ਰੰਗ ਭਰਿਆ। ਪ੍ਰੋ. ਕਰਮ ਸਿੰਘ ਦੀ ਪੁਸਤਕ ‘ਮੱਲਾਂ ਦੀਆਂ ਗੱਲਾਂ’ ਵਿਚ ਪਹਿਲਵਾਨੀ ਦੇ ਦਾਅ ਪੇਚਾਂ ਸਮੇਤ ਬੜੀਆਂ ਕੰਮ ਦੀਆਂ ਗੱਲਾਂ ਹਨ। ਭਲਵਾਨਾਂ ਬਾਰੇ ਕਿੱਸਾਕਾਰਾਂ ਦੇ ਕਿੱਸੇ ਵੀ ਮਿਲਦੇ ਹਨ। ਪੰਜਾਬ ਦੇ ਨਵੇਂ ਤੇ ਪੁਰਾਣੇ ਪਹਿਲਵਾਨਾਂ ਬਾਰੇ ਫੁਟਕਲ ਲੇਖ ਅਖਬਾਰਾਂ ਤੇ ਰਸਾਲਿਆ ਵਿਚ ਅਕਸਰ ਛਪਦੇ ਹਨ। ਸੂਬਾ ਸਿੰਘ ਦਾ ਲੇਖ ‘ਕਾਹਨੂੰ ਲੱਭਦੇ ਮੱਲ ਅਖਾੜਿਆਂ ਦੇ’ ਸਕੂਲਾਂ ਦੀਆਂ ਪਾਠ ਪੁਸਤਕਾਂ ਦਾ ਅੰਗ ਬਣਿਆ ਰਿਹਾ ਹੈ।
ਮੈਂ ਖੁਦ 1965-66 ਤੋਂ ਖੇਡਾਂ-ਖਿਡਾਰੀਆਂ ਬਾਰੇ ਲਿਖਦਾ ਆ ਰਿਹਾਂ। ਮੇਰੀਆਂ ਹੁਣ ਤਕ 24 ਖੇਡ ਪੁਸਤਕਾਂ ਛਪ ਚੁੱਕੀਆਂ ਹਨ। ‘ਖੇਡ ਮੇਲੇ ਵੇਖਦਿਆਂ’ ਪੁਸਤਕ ਦੇ ਸਰਵਰਕ `ਤੇ ਮੈਂ ਲਿਖਿਆ ਸੀ, “ਸ੍ਰਿਸ਼ਟੀ ਇਕ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਹਦੇ ਖਿਡਾਰੀ ਹਨ। ਦਿਨ ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ ਉਹ ਭੁੱਲ-ਭੁਲਾ ਜਾਂਦੇ ਨੇ।”
ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਨਵਯੁਗ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸਿ਼ਤ ਕੀਤੀ ਸੀ, ਜਿਸ ਦੇ ਮੁਖਬੰਦ ਵਿਚ ਮੈਂ ਲਿਖਿਆ ਸੀ, “ਮੇਰੀ ਤਕੜਾ ਖਿਡਾਰੀ ਬਣਨ ਦੀ ਰੀਝ ਸੀ, ਜੋ ਪੂਰੀ ਨਹੀਂ ਹੋਈ। ਜੋ ਕੁਝ ਮੈਂ ਸਰੀਰ ਨਾਲ ਨਹੀਂ ਕਰ ਸਕਿਆ, ਉਹ ਕੁਝ ਕਲਮ ਨਾਲ ਕਰਨ ਦੀ ਕੋਸਿ਼ਸ਼ ਕਰ ਰਿਹਾਂ। ਇਹ ਤਾਂ ਸਮਾਂ ਹੀ ਦੱਸੇਗਾ, ਮੇਰੀ ਸੀਮਾ ਕਿਥੇ ਤਕ ਹੈ?”
ਮੈਨੂੰ ਖੁਸ਼ੀ ਹੈ ਕਿ ਮੇਰੀ ਖੇਡ ਲੇਖਣੀ ਦੀ ਮੈਰਾਥਨ ਉਮਰ ਦੇ ਅੱਸੀਵਿਆਂ ਵਿਚ ਵੀ ਜਾਰੀ ਹੈ। ਅਖਬਾਰਾਂ ਰਸਾਲਿਆਂ ਵਿਚ ਮੇਰੇ ਸੈਂਕੜੇ ਲੇਖ ਛਪ ਚੁੱਕੇ ਤੇ ਹੁਣ ਤਕ ਛਪੀ ਜਾ ਰਹੇ ਹਨ। ਦਿੱਲੀਓਂ ਛਪਦੇ ਰਹੇ ‘ਸਚਿੱਤਰ ਕੌਮੀ ਏਕਤਾ’ ਮੈਗਜ਼ੀਨ ਦਾ ਕਾਲਮ ‘ਖੇਡ ਮੈਦਾਨ `ਚੋਂ’ ਮੈਂ ਪੰਦਰਾਂ ਸਾਲ ਲਿਖਿਆ। ਮੇਰੀਆਂ ਖੇਡ ਪੁਸਤਕਾਂ ਦੇ ਨਾਂ, ਪੰਜਾਬ ਦੇ ਉੱਘੇ ਖਿਡਾਰੀ, ਖੇਡ ਸੰਸਾਰ, ਖੇਡ ਜਗਤ ਵਿਚ ਭਾਰਤ, ਪੰਜਾਬੀ ਖਿਡਾਰੀ, ਖੇਡ ਮੈਦਾਨ `ਚੋਂ, ਉਲੰਪਿਕ ਖੇਡਾਂ, ਪੰਜਾਬ ਦੀਆਂ ਦੇਸੀ ਖੇਡਾਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਉਲੰਪਿਕ ਖੇਡਾਂ ਦੀ ਸਦੀ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਕਬੱਡੀ ਕਬੱਡੀ ਕਬੱਡੀ, ਪੰਜਾਬ ਦੇ ਚੋਣਵੇਂ ਖਿਡਾਰੀ, ਖੇਡਾਂ ਦੀ ਦੁਨੀਆਂ, ਮੇਲੇ ਕਬੱਡੀ ਦੇ, ਅੱਖੀਂ ਡਿੱਠਾ ਕਬੱਡੀ ਵਰਲਡ ਕੱਪ, ਏਥਨਜ਼ ਤੋਂ ਲੰਡਨ, ਖੇਡ ਅਤੇ ਸਿਹਤ ਵਾਰਤਾ, ਕਿੱਸਾ ਕਬੱਡੀ ਦਾ, ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ, ਮਿਲਖਾ ਸਿੰਘ ਦੀ ਜੀਵਨੀ ਉੱਡਣਾ ਸਿੱਖ ਮਿਲਖਾ ਸਿੰਘ, ਖੇਡ ਖਿਡਾਰੀ ਅਤੇ ਪੰਜਾਬੀਆਂ ਦਾ ਖੇਡ ਸਭਿਆਚਾਰ ਹਨ। ਅੰਗਰੇਜ਼ੀ ਦੀ ਪੁਸਤਕ ‘ਹਾਕੀ ਇਨ ਇੰਡੀਆ’ ਦਾ ਪੰਜਾਬੀ ਅਨੁਵਾਦ ਕੀਤਾ ਹੈ, ਜਦ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਛਪੀ ਮੇਰੀ ਪੁਸਤਕ ‘ਪੰਜਾਬੀ ਖਿਡਾਰੀ’ ਅੰਗਰੇਜ਼ੀ `ਚ ਅਨੁਵਾਦ ਹੋਈ ਹੈ।
ਬਲਬੀਰ ਸਿੰਘ ਕੰਵਲ ਨੇ ‘ਪੰਜਾਬ ਕਬੱਡੀ ਦਾ ਇਤਿਹਾਸ’ ਤੇ ‘ਆਲਮੀ ਕਬੱਡੀ ਦਾ ਇਤਿਹਾਸ’ ਦੀਆਂ ਕਿਤਾਬਾਂ ਵੀ ਲਿਖੀਆਂ ਹਨ। ਬਲਿਹਾਰ ਸਿੰਘ ਰੰਧਾਵਾ ਨੇ ਦੋ ਖੇਡ ਪੁਸਤਕਾਂ ਲਿਖੀਆਂ ਹਨ, ‘ਕਬੱਡੀ ਦੇ ਅੰਗ-ਸੰਗ’ ਤੇ ‘ਖੇਡ ਮੇਲਿਆਂ ਦੇ ਅੰਗ-ਸੰਗ।’ ਇਨ੍ਹਾਂ ਵਿਚ ਕਾਫੀ ਸਾਰੇ ਕਬੱਡੀ ਖਿਡਾਰੀਆਂ ਤੇ ਕਬੱਡੀ ਮੇਲਿਆਂ ਦੀ ਜਾਣਕਾਰੀ ਦਿੱਤੀ ਹੈ। ਸੋਹਣ ਚੀਮਾ ਨੇ ‘ਖੇਡ ਮੈਦਾਨ `ਚ ਅੱਧੀ ਸਦੀ’ ਲਿਖੀ ਹੈ। ਇਸ ਵਿਚ ਉਸ ਨੇ ਇੰਗਲੈਂਡ `ਚ ਕਬੱਡੀ ਦੇ ਸ਼ੁਰੂ ਹੋਣ ਤੇ ਵਿਕਾਸ ਕਰਨ ਉਤੇ ਚਾਨਣਾ ਪਾਇਆ ਹੈ। ਇਹਦੇ ਵਿਚ ਸਵੈਜੀਵਨੀ ਦੇ ਵੀ ਅੰਸ਼ ਹਨ।
ਲਾਭ ਸਿੰਘ ਸੰਧੂ ਨੇ ‘ਗੱਭਰੂ ਪੁੱਤ ਪੰਜਾਬ ਦੇ’ ਤੇ ‘ਚੰਨ ਮਾਹੀ ਦੀਆਂ ਬਾਤਾਂ’ ਦੋ ਖੇਡ ਪੁਸਤਕਾਂ ਲਿਖੀਆਂ ਹਨ। ਪਹਿਲੀ ਪੁਸਤਕ ਵਿਚ ਪ੍ਰਸਿੱਧ ਖਿਡਾਰੀਆਂ ਦੇ ਰੇਖਾ ਚਿੱਤਰ ਹਨ ਤੇ ਦੂਜੀ ਵਿਚ ਖਿਡਾਰੀਆਂ ਦੀਆਂ ਪਤਨੀਆਂ ਦੇ ਇੰਟਰਵਿਊਜ਼ ਹਨ। ਉਨ੍ਹਾਂ ਦੀਆਂ ਗੱਲਾਂ-ਬਾਤਾਂ ਵਿਚੋਂ ਖਿਡਾਰੀਆਂ ਦੇ ਜੀਵਨ ਦੇ ਕਈ ਅਹਿਮ ਭੇਦ ਖੁੱਲ੍ਹਦੇ ਹਨ। ਪ੍ਰੋ. ਰਾਜਿੰਦਰ ਸਿੰਘ ਨੇ ਕੋਚਿੰਗ ਦੇ ਨੁਕਤੇ ਤੋਂ ‘ਕ੍ਰਿਕਟ ਕਿਵੇਂ ਖੇਡੀਏ’ ਤੇ ‘ਵਾਲੀਬਾਲ ਕਿਵੇਂ ਖੇਡੀਏ’ ਆਦਿ ਕਈ ਖੇਡ ਪੁਸਤਕਾਂ ਛਪਵਾਈਆਂ ਹਨ। ਰਾਜਿੰਦਰ ਸਿੰਘ ਦੀ ਇਕ ਪੁਸਤਕ ਹੌਲਦਾਰ ਜੋਗਿੰਦਰ ਸਿੰਘ ਦੀ ਜੀਵਨੀ ਹੈ, ਜੋ ਸੌ ਸਾਲ ਤੋਂ ਵੱਧ ਜੀਵਿਆ। ਤਰਲੋਕ ਸਿੰਘ ਨੇ ਪੀ. ਟੀ. ਊਸ਼ਾ ਦੀ ਜੀਵਨੀ ਅਤੇ ਵੈਟਰਨ ਖਿਡਾਰੀਆਂ ਬਾਰੇ ਵੀ ਇਕ ਪੁਸਤਕ ਲਿਖੀ। ਉਹ ਖੁਦ ਵੈਟਰਨ ਅਥਲੀਟ ਰਿਹਾ, ਜਿਸ ਨੇ ਆਪਣੀ ਸਵੈਜੀਵਨੀ ਵੀ ਲਿਖੀ।
ਗੋਲਾ ਸੁੱਟਣ ਵਿਚ ਏਸ਼ੀਆ ਦੇ ਚੈਂਪੀਅਨ ਰਹੇ ਜੋਗਿੰਦਰ ਸਿੰਘ ਜੋਗੀ ਨੇ ਆਪਣੀ ਸਵੈਜੀਵਨੀ ‘ਜੱਗ ਦਾ ਜੋਗੀ’ ਲਿਖੀ। ਪਿੰਡ ਕਿਸ਼ਨਪੁਰਾ ਜਿਲਾ ਰੋਪੜ ਦੇ ਜੰਮਪਲ ਜੋਗਿੰਦਰ ਸਿੰਘ ਦਾ ਸਕੂਲੇ ਪੜ੍ਹਨਾ, ਡੰਗਰ ਚਾਰਨੇ, ਯੂ. ਪੀ. ਦੇ ਜੰਗਲ ਕੱਟਣੇ, ਜੰਗਲੀ ਜਾਨਵਰਾਂ ਦੇ ਖਤਰੇ ਸਹੇੜਨੇ, ਫੌਜ `ਚ ਸਿਪਾਹੀ ਭਰਤੀ ਹੋ ਕੇ ਮੇਜਰ ਦੇ ਰੈਂਕ ਤਕ ਪੁੱਜਣਾ ਤੇ ਦਸ ਸਾਲ ਗੋਲਾ ਸੁੱਟਣ ਦਾ ਚੈਂਪੀਅਨ ਬਣੇ ਰਹਿਣਾ ਕਮਾਲ ਦੀ ਜੀਵਨ ਗਾਥਾ ਹੈ। ਮੇਰੀ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸਿ਼ਤ ਕੀਤੀ, ਜਿਸ ਵਿਚ 87 ਖੇਡਾਂ ਦਾ ਵਰਣਨ ਹੈ। ਨੈਸ਼ਨਲ ਬੁੱਕ ਟਰੱਸਟ ਵੱਲੋਂ ਛਾਪੀ ਮੇਰੀ ਪੁਸਤਕ ‘ਪੰਜਾਬ ਦੇ ਚੋਣਵੇਂ ਖਿਡਾਰੀ’ ਵਿਚ 85 ਖਿਡਾਰੀਆਂ ਦੇ ਰੇਖਾ ਚਿੱਤਰ ਹਨ।
ਸੁਖਦੇਵ ਮਾਦਪੁਰੀ ਨੇ ਦੋ ਖੇਡ ਪੁਸਤਕਾਂ ‘ਪੰਜਾਬ ਦੀਆਂ ਲੋਕ ਖੇਡਾਂ’ ਤੇ ‘ਪੰਜਾਬ ਦੀਆਂ ਵਿਰਾਸਤੀ ਖੇਡਾਂ’ ਲਿਖੀਆਂ। ਮੁਲਕ ਰਾਜ ਅਨੰਦ ਦੀ ਪੁਸਤਕ ‘ਭਾਰਤ ਦੀਆਂ ਕੁਝ ਲੋਕ ਖੇਡਾਂ’ ਨੈਸ਼ਨਲ ਬੁੱਕ ਟਰੱਸਟ ਦੀ ਅਨੁਵਾਦਤ ਪੁਸਤਕ ਹੈ। ਨੈਸ਼ਨਲ ਬੁੱਕ ਟਰੱਸਟ ਦੀਆਂ ਕੁਝ ਹੋਰ ਖੇਡ ਪੁਸਤਕਾਂ ‘ਚੋਟੀ ਤੋਂ ਚੋਟੀ’, ‘ਉਲੰਪਿਕ ਖੇਡਾਂ ਦੇ ਮਹਾਨ ਖਿਡਾਰੀ’, ‘ਭਾਰਤ ਦੇ ਕ੍ਰਿਕਟ ਖਿਡਾਰੀ’, ‘ਭਾਰਤ ਵਿਚ ਹਾਕੀ’, ‘ਪੰਜਾਬ ਦੇ ਚੋਣਵੇਂ ਖਿਡਾਰੀ’, ‘ਅਥਲੈਟਿਕਸ ਵਿਚ ਸੋਨ ਤਮਗਾ ਕਿਵੇਂ ਜਿੱਤੀਏ’ ਤੇ ‘ਪੰਜਾਬੀਆਂ ਦਾ ਖੇਡ ਸਭਿਆਚਾਰ’ ਹਨ। ਟਰੱਸਟ ਦੇ ਕੁਝ ਸਚਿੱਤਰ ਕਿਤਾਬਚੇ ਬੱਚਿਆਂ ਦੀਆਂ ਖੇਡਾਂ ਬਾਰੇ ਹਨ। ਜਗਦੀਸ਼ ਕੌਸ਼ਲ ਨੇ ‘ਗਾਓ, ਖੇਡੋ ਅਤੇ ਸਿੱਖੋ’ ਪੋਥੀ ਸਕੂਲੀ ਬੱਚਿਆਂ ਲਈ ਲਿਖੀ ਹੈ। ਖੇਡਾਂ ਦੇ ਨਿਯਮਾਂ ਸਬੰਧੀ ਕਿਤਾਬਾਂ ਹਨ। ਲਖਵੀਰ ਸਿੰਘ ਕੋਮਲ ਨੇ ‘ਸਟਾਰ ਕਬੱਡੀ ਦੇ’ ਚਾਰ ਭਾਗ ਛਪਵਾਏ ਹਨ। ਜੀਤ ਸਿੰਘ ਟਾਈਗਰ ਦੀ ਜੀਵਨੀ ‘ਜੀਤ ਨੇ ਜੱਗ ਜਿੱਤਿਆ’ ਸੁਰਿੰਦਰਪ੍ਰੀਤ ਨੇ ਲਿਖੀ ਹੈ। ਕੁਲਵਿੰਦਰ ਸਿੰਘ ਬਿਣਗ ਦੀ ਕਿਤਾਬ ਦਾ ਨਾਂ ‘ਸਿ਼ਅਰਾਂ ਸੰਗ ਕਬੱਡੀ’ ਹੈ। ਅਵਤਾਰ ਸਿੰਘ ਨੇ ‘ਗਤਕਾ, ਸਿਖਲਾਈ ਅਤੇ ਨਿਯਮਾਵਲੀ’ ਲਿਖੀ ਹੈ। ਨੱਥਾ ਸਿੰਘ ਗਾਖਲ ਨੇ ‘ਪੰਜਾਬ ਦੇ ਹੀਰੇ’ ਪੁਸਤਕ ਵਿਚ ਕਬੱਡੀ ਖਿਡਾਰੀਆਂ ਦੀ ਜਾਣ-ਪਛਾਣ ਕਰਾਈ ਹੈ।
ਮਿਲਖਾ ਸਿੰਘ ਨੇ ਆਪਣੀ ਸਵੈਜੀਵਨੀ ‘ਫਲਾਈਂਗ ਸਿੱਖ ਮਿਲਖਾ ਸਿੰਘ’ ਛਪਵਾਈ, ਜਿਸ ਨੂੰ ਲਿਖਣ ਵਿਚ ਪ੍ਰਸਿੱਧ ਕਵੀ ਪਾਸ਼ ਨੇ ਸਹਿਯੋਗ ਦਿੱਤਾ। ਇਸ ਵਿਚ ਮਿਲਖਾ ਸਿੰਘ ਦੇ ਟੁਕੜੇ ਟੁਕੜੇ ਹੋਏ ਬਚਪਨ ਦਾ ਮਾਰਮਿਕ ਬਿਰਤਾਂਤ ਹੈ। ਦੌੜਾਂ ਦੌੜਨ ਲਈ ਕੀਤੀ ਮੁਸ਼ੱਕਤ, ਰੱਖੇ ਰਿਕਾਰਡ ਤੇ ਜੀਵਨ ਵਿਚ ਵਾਪਰੀਆਂ ਨਾਟਕੀ ਘਟਨਾਵਾਂ ਦਾ ਰੌਚਿਕ ਵਰਣਨ ਹੈ। ਪ੍ਰੇਰਨਾਮਈ ਸੰਦੇਸ਼ ਹੈ। ਅਜਿਹੀਆਂ ਲਿਖਤਾਂ ਬੱਚਿਆਂ ਤੇ ਨੌਜੁਆਨਾਂ ਨੂੰ ਚੰਗੇ ਖਿਡਾਰੀ ਬਣਨ ਲਈ ਪ੍ਰੇਰ ਸਕਦੀਆਂ ਹਨ। ਮੈਂ ਵੀ ਬੱਚਿਆਂ ਤੇ ਗੱਭਰੂਆਂ ਲਈ ‘ਉੱਡਣਾ ਸਿੱਖ ਮਿਲਖਾ ਸਿੰਘ’ ਨਾਂ ਦੀ ਜੀਵਨੀ ਲਿਖੀ ਹੈ। ਇਸ ਤੋਂ ਪਹਿਲਾਂ ਉਲੰਪਿਕ ਆਈਕੋਨ ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਲਿਖੀ ਸੀ। ਭਾਸ਼ਾ ਵਿਭਾਗ ਪੰਜਾਬ ਨੇ ਵੱਖ ਵੱਖ ਖੇਡਾਂ ਦੀ ਕੋਚਿੰਗ ਬਾਰੇ ਕੁਝ ਕਿਤਾਬਚੇ ਛਪਵਾਏ ਹਨ, ਜੋ ਜੁਗਿੰਦਰ ਸਿੰਘ ਜੋਗੀ ਨੇ ਲਿਖੇ। ਉਸ ਨੇ ਪੁਸਤਕ ‘ਪੰਜਾਬ ਦੇ ਪ੍ਰਸਿੱਧ ਖਿਡਾਰੀ’ ਵੀ ਲਿਖੀ।
ਡਾ. ਚਰਨਜੀਤ ਸਿੰਘ ਪੱਡਾ ਦੀ ਪੁਸਤਕ ‘ਭਾਰਤੀ ਫੁੱਟਬਾਲ ਦਾ ਜਰਨੈਲ’ ਪ੍ਰਸਿੱਧ ਫੁੱਟਬਾਲਰ ਜਰਨੈਲ ਸਿੰਘ ਦੀ ਜੀਵਨੀ ਹੈ। ਬਲਜਿੰਦਰ ਮਾਨ ਨੇ ‘ਫੁੱਟਬਾਲ ਜਗਤ ਮਾਹਿਲਪੁਰ’ ਨਾਂ ਦੀ ਕਿਤਾਬ ਲਿਖੀ, ਜਿਸ ਵਿਚ ਮਾਹਿਲਪੁਰ ਇਲਾਕੇ ਦੀਆਂ ਫੁੱਟਬਾਲ ਹਸਤੀਆਂ ਦਾ ਵੇਰਵਾ ਤੇ ਫੁੱਟਬਾਲ ਦੇ ਟੂਰਨਾਮੈਂਟਾਂ ਦਾ ਲੇਖਾ-ਜੋਖਾ ਹੈ। ਮਾਹਿਲਪੁਰ ਦੇ ਫੁੱਟਬਾਲਰਾਂ ਬਾਰੇ ਉਹਦੀ ਦੂਜੀ ਪੁਸਤਕ ‘ਫੁੱਟਬਾਲ ਦੀ ਨਰਸਰੀ ਇਲਾਕਾ ਮਾਹਿਲਪੁਰ’ ਹੈ। ਸੰਸਾਰਪੁਰ ਦੀ ਹਾਕੀ ਬਾਰੇ ਡਾ. ਕੁਲਾਰ ਨੇ ਖੋਜ ਪ੍ਰਬੰਧ ਲਿਖਿਆ ਹੈ। ਉਸ ਵਿਚ ਉਲੰਪੀਅਨ ਗੁਰਮੀਤ ਸਿੰਘ ਕੁਲਾਰ ਤੋਂ ਲੈ ਕੇ ਸੰਸਾਰਪੁਰ ਦੇ ਦਰਜਨ ਤੋਂ ਵੱਧ ਉਲੰਪੀਅਨਾਂ ਤੇ ਕੌਮਾਂਤਰੀ ਖਿਡਾਰੀਆਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ।
ਬਲਜੀਤ ਸਿੰਘ ਸਿੱਧੂ ਨੇ ‘ਜੇ ਉਲੰਪਿਕ ਜਿੱਤਣੀ ਹੈ ਤਾਂ’ ਪੁਸਤਕ ਛਪਵਾਈ, ਜਿਸ ਵਿਚ ਖਿਡਾਰੀਆਂ ਨੂੰ ਉਲੰਪਿਕ ਖੇਡਾਂ ਤਕ ਮੰਜਿ਼ਲਾਂ ਮਾਰਨ ਦੀ ਪ੍ਰੇਰਨਾ ਦਿੱਤੀ ਗਈ ਅਤੇ ਖਿਡਾਰੀਆਂ ਨੂੰ ਵਰਜਿਤ ਡਰੱਗਾਂ ਲੈਣ ਤੋਂ ਸਾਵਧਾਨ ਕੀਤਾ ਗਿਆ। ਰਣਜੀਤ ਸਿੰਘ ਪ੍ਰੀਤ ਨੇ ‘ਵਿਸ਼ਵ ਖੇਡ ਦਰਪਨ’ ਵਿਚ ਵਿਸ਼ਵ ਦੀਆਂ ਬਹੁਤ ਸਾਰੀਆਂ ਖੇਡਾਂ ਦੀ ਜਾਣਕਾਰੀ ਦਿਤੀ ਹੈ। ਉਸ ਦੀ ਦੂਜੀ ਖੇਡ ਪੁਸਤਕ ‘ਏਸਿ਼ਆਈ ਖੇਡਾਂ ਦੀ ਰੌਚਿਕ ਕਹਾਣੀ’ ਹੈ, ਜਿਸ ਵਿਚ ਏਸਿ਼ਆਈ ਖੇਡਾਂ ਦਾ ਸੰਖੇਪ ਇਤਿਹਾਸ ਪੇਸ਼ ਕੀਤਾ ਹੈ। ਪ੍ਰਿੰ. ਸੁਜਾਨ ਸਿੰਘ ਨੇ ਸਰੀਰਕ ਸਿੱਖਿਆ ਦੀਆਂ ਪੁਸਤਕਾਂ ਲਿਖਣ ਦੇ ਨਾਲ ਇਕ ਪੁਸਤਕ ਖੇਡਾਂ ਦੇ ਨਿਯਮਾਂ ਬਾਰੇ ਲਿਖੀ। ਸਰੀਰਕ ਕਸਰਤਾਂ ਤੇ ਯੋਗਾ ਬਾਰੇ ਵੀ ਪੰਜਾਬੀ ਵਿਚ ਪੁਸਤਕਾਂ ਮਿਲਦੀਆਂ ਹਨ। ਹਰਬੰਸ ਸਿੰਘ ਵਿਰਦੀ ਨੇ ਸਿੱਖ ਉਲੰਪੀਅਨਾਂ ਬਾਰੇ ਪੁਸਤਕ ਲਿਖੀ, ਜੋ ਗੁੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਨੇ ਪ੍ਰਕਾਸਿ਼ਤ ਕੀਤੀ। ਹਾਕੀ ਦੇ ਜਾਦੂਗਰ ਧਿਆਨ ਚੰਦ ਬਾਰੇ ਲਿਖੀ ਪੁਸਤਕ ਦਾ ਨਾਂ ‘ਗੋਲ’ ਹੈ। ਜੋਗਿੰਦਰ ਸਿੰਘ ਆਹਲੂਵਾਲੀਆ, ਜੋ ਨੈਸ਼ਨਲ ਹਾਕੀ ਅੰਪਾਇਰ ਰਹੇ, ਹਾਕੀ ਦੀ ਖੇਡ ਬਾਰੇ ਲਿਖਦੇ ਵੀ ਰਹੇ। ਹਾਕੀ ਦੇ ਨਿਯਮਾਂ ਬਾਰੇ ਉਨ੍ਹਾਂ ਦੀ ਕਿਤਾਬ ‘ਹਾਕੀ ਦਾ ਖੇਲ’ ਹੈ। ਹਾਕੀ ਬਾਰੇ ਇਕ ਹੋਰ ਕਿਤਾਬ ਗਿਆਨ ਸਿੰਘ ਨੇ ਵੀ ਲਿਖੀ ਹੈ। ਸਰੀਰਕ ਸਿੱਖਿਆ ਤੇ ਖੇਡਾਂ ਬਾਰੇ ਪੰਜਾਬੀ `ਚ ਅਨੇਕਾਂ ਪਾਠ ਪੁਸਤਕਾਂ ਮਿਲਦੀਆਂ ਹਨ।
ਪ੍ਰਿੰ. ਤਰਲੋਚਨ ਸਿੰਘ ਭਾਟੀਆ ਨੇ ‘ਦਿੱਲੀ ਏਸ਼ੀਆਡ’ ਨਾਂ ਦੀ ਕਿਤਾਬ ਲਿਖੀ ਅਤੇ ਬਲਬੀਰ ਸਿੰਘ ਕੰਵਲ ਨਾਲ ਮਿਲ ਕੇ ‘ਰੁਸਤਮ’ ਨਾਂ ਦਾ ਖੇਡ ਰਸਾਲਾ ਕੱਢਿਆ। ਮੈਂ ਤੇ ਸੰਤੋਖ ਸਿੰਘ ਮੰਡੇਰ ਸਚਿੱਤਰ ਮੈਗਜ਼ੀਨ ‘ਖੇਡ ਸੰਸਾਰ’ ਕੱਢਦੇ ਰਹੇ ਹਾਂ। ਖੇਡਾਂ ਦੇ ਹੋਰ ਮੈਗਜ਼ੀਨ ‘ਅਖਾੜਾ’, ‘ਉੱਤਮ ਖੇਡ ਕਬੱਡੀ’, ‘ਬੱਲੇ ਪੰਜਾਬ’, ‘ਹਾਕ’, ‘ਖੇਡ ਮੈਦਾਨ ਬੋਲਦਾ’, ‘ਚੱਕਦੇ ਕਬੱਡੀ’, ‘ਬੱਲੇ ਕਬੱਡੀ’ ਤੇ ‘ਪੰਜਾਬ ਦੀ ਮਾਂ ਖੇਡ ਕਬੱਡੀ’ ਆਦਿ ਹਨ। ਪੰਜਾਬੀ ਦੇ ਆਮ ਅਖਬਾਰਾਂ ਰਸਾਲਿਆਂ ਵਿਚ ਖੇਡਾਂ ਖਿਡਾਰੀਆਂ ਸਬੰਧੀ ਕਾਲਮ ਛਪ ਰਹੇ ਹਨ। ਉਨ੍ਹਾਂ ਦੇ ਵਿਸ਼ੇਸ਼ ਖੇਡ ਪੰਨੇ ਹਨ। ਸੋਵੀਅਤ ਰਾਜ ਸਮੇਂ ਪ੍ਰਗਤੀ ਪ੍ਰਕਾਸ਼ਨ ਵੱਲੋਂ ‘ਸੋਸ਼ਲਿਸਟ ਦੇਸ਼ਾਂ ਵਿਚ ਖੇਡਾਂ’, ‘ਉਲੰਪਿਕ ਮਾਸਕੋ-80’, ‘ਸੋਵੀਅਤ ਦੇਸ਼ ਵਿਚ ਬੱਚਿਆਂ ਦੀਆਂ ਖੇਡਾਂ’ ਤੇ ਸੋਵੀਅਤ ਖਿਡਾਰੀਆਂ ਬਾਰੇ ਕਿਤਾਬਚੇ ਛਾਪੇ ਗਏ ਸਨ।
ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਪੰਜਾਬੀ ਖੇਡ ਸਾਹਿਤ ਦਾ ਅਧਿਐਨ ਵਿਸ਼ੇ ਉਤੇ ਪੀਐੱਚ.ਡੀ. ਕੀਤੀ ਤੇ ਇੰਡੋ-ਪਾਕਿ ਪੰਜਾਬ ਖੇਡਾਂ ਬਾਰੇ ‘ਜਦੋਂ ਖੇਡੇ ਪੰਜੇ ਆਬ’ ਕਿਤਾਬ ਲਿਖੀ। ਸੁਖਬੀਰ ਸਿੰਘ ਗਰੇਵਾਲ ਨਾਲ ਮਿਲ ਕੇ ਛਪਵਾਈ ਉਸ ਦੀ ਦੂਜੀ ਕਿਤਾਬ ਦਾ ਨਾਂ ‘ਕਰੋੜਾਂ ਦੀ ਕਬੱਡੀ’ ਹੈ। ਤੀਜੀ ਕਿਤਾਬ ਕਬੱਡੀ ਦਾ ਪਹਿਲਾ ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਬਾਰੇ ਹੈ, ਜਿਸ ਦਾ ਨਾਂ ‘ਜੱਗ ਜੇਤੂ ਕਬੱਡੀ ਖਿਡਾਰੀ’ ਹੈ। ਦੂਜੇ ਕਬੱਡੀ ਵਿਸ਼ਵ ਕੱਪ ਬਾਰੇ ਪੁਸਤਕ ਹੈ, ‘ਚੱਕ ਦੇ ਕਬੱਡੀ।’ ਵਰਲਡ ਕਬੱਡੀ ਲੀਗ ਬਾਰੇ ‘ਰੰਗੀਲੀ ਕਬੱਡੀ’ ਰੰਗੀਨ ਛਾਪੀ ਹੈ। ਪਰਮਜੀਤ ਸਿੰਘ ਬਾਗੜੀਆਂ ਦੀ ਪੁਸਤਕ ‘ਨੇੜਿਓਂ ਤੱਕਿਆ ਵਿਸ਼ਵ ਕਬੱਡੀ ਕੱਪ’ ਹੈ। ਕਬੱਡੀ ਦੀ ਖੇਡ ਤੇ ਖਿਡਾਰੀਆਂ ਬਾਰੇ ਪੰਜਾਬੀ ਵਿਚ ਦੋ ਦਰਜਨ ਤੋਂ ਵੀ ਵੱਧ ਪੁਸਤਕਾਂ ਮਿਲਦੀਆਂ ਹਨ। ਮੇਰੀਆਂ ਚਾਰ ਪੁਸਤਕਾਂ ‘ਕਬੱਡੀ ਕਬੱਡੀ ਕਬੱਡੀ’, ‘ਮੇਲੇ ਕਬੱਡੀ ਦੇ’, ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਤੇ ‘ਕਿੱਸਾ ਕਬੱਡੀ ਦਾ’ ਕਬੱਡੀ ਦੇ ਖਿਡਾਰੀਆਂ, ਦੇਸ਼ ਵਿਦੇਸ਼ ਦੇ ਕਬੱਡੀ ਮੇਲਿਆਂ ਤੇ ਕਬੱਡੀ ਪ੍ਰਮੋਟਰਾਂ ਬਾਰੇ ਹਨ। ਗੁਰਪ੍ਰੀਤ ਸਹਿਜੀ ਦੀਆਂ ਕਬੱਡੀ ਬਾਰੇ ਕਈ ਪੁਸਤਕਾਂ ਮਿਲਦੀਆਂ ਹਨ, ਜਿਨ੍ਹਾਂ ਦੇ ਨਾਂ ‘ਕਬੱਡੀ ਦੀ ਸੁਨਹਿਰੀ ਪੈੜ’, ‘ਮਸਤ ਕਬੱਡੀ ਫੰਨੇ ਖਾਂ’, ‘ਹਟ ਕਬੱਡੀ ਸ਼ਾਬਾਸ਼ੇ’, ‘ਸ਼ੀ ਸ਼ੀ ਕਬੱਡੀ ਅਸ਼ਕੇ’ ਆਦਿ ਗੁਰਜੀਤ ਤੂਤ, ਹਰਜੀਤ ਬਾਜਾਖਾਨਾ, ਅੰਬੀ ਹਠੂਰ, ਕੁਲਜੀਤ ਮਲਸੀਹਾਂ ਤੇ ਮੰਗੀ ਬੱਗਾ ਦੀਆਂ ਜੀਵਨੀਆਂ ਹਨ। ਬਿੱਟੂ ਦੁਗਾਲ ਬਾਰੇ ਨਾਵਲ ‘ਗੁੱਜਰ’ ਹੈ। ਰਣਜੀਤ ਝੁਨੇਰ ਦੀ ਕਿਤਾਬ ਦਾ ਨਾਂ ‘ਸਦੀਆਂ ਤੋਂ ਸਦੀਆਂ ਤੱਕ ਕਬੱਡੀ’ ਹੈ। ਦਿਲਬਾਗ ਸਿੰਘ ਘਰਿਆਲਾ ਦੀਆਂ ਤਿੰਨ ਖੇਡ ਪੁਸਤਕਾਂ ‘ਪੰਜਾਬ ਦੇ ਸ਼ੇਰ ਪੁੱਤ’,‘ਪੰਜਾਬ ਦੇ ਓਲੰਪੀਅਨ ਖਿਡਾਰੀ’ ਤੇ ‘ਖੇਡ ਮੈਦਾਨ ਦੇ ਹੀਰੇ’ ਹਨ।
ਨਵਦੀਪ ਸਿੰਘ ਗਿੱਲ ਨੇ ‘ਖੇਡ ਅੰਬਰ ਦੇ ਪੰਜਾਬੀ ਸਿਤਾਰੇ’, ‘ਮੈਂ ਇਵੇਂ ਵੇਖੀਆਂ ਏਸਿ਼ਆਈ ਖੇਡਾਂ’ ਤੇ ‘ਅੱਖੀਂ ਵੇਖੀਆਂ ਉਲੰਪਿਕ ਖੇਡਾਂ’ ਤਿੰਨ ਖੇਡ ਪੁਸਤਕਾਂ ਲਿਖੀਆਂ ਹਨ। ਉਹਦੀ ਲਿਖੀ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਵੀ ਤਿਆਰ ਹੈ। ਉਸ ਨੇ ‘ਪੰਜਾਬੀ ਟ੍ਰਿਬਿਊਨ’ ਵੱਲੋਂ ਦੋਹਾ ਦੀਆਂ ਏਸਿ਼ਆਈ ਖੇਡਾਂ ਤੇ ਬੀਜਿੰਗ ਦੀਆਂ ਉਲੰਪਿਕ ਖੇਡਾਂ ਕਵਰ ਕੀਤੀਆਂ ਸਨ। ‘ਮਾਣ ਕਬੱਡੀ ਦੇ’, ‘ਸਟਾਰ ਕਬੱਡੀ ਦੇ’ ਤੇ ‘ਕਬੱਡੀ ਦੇ ਚਮਕਦੇ ਹੀਰੇ’ ਕਰਮਜੀਤ ਦੌਧਰ ਦੀਆਂ ਖੇਡ ਪੁਸਤਕਾਂ ਹਨ। ਇਨ੍ਹਾਂ ਕਿਤਾਬਾਂ ਵਿਚ ਕਬੱਡੀ ਖਿਡਾਰੀਆਂ ਦੇ ਸੰਖੇਪ ਰੇਖਾ ਚਿੱਤਰ ਉਲੀਕੇ ਹਨ। ਡਾ. ਬਿੱਲੂ ਰਾਇਸਰ ਦੀ ਕਿਤਾਬ ਦਾ ਨਾਂ ‘ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਬੀ ਹਠੂਰ ਨੂੰ ਯਾਦ ਕਰਦਿਆਂ’ ਹੈ, ਜੋ ਮਰਹੂਮ ਖਿਡਾਰੀ ਅੰਬੀ ਪ੍ਰਤੀ ਸ਼ਰਧਾਂਜਲੀ ਹੈ।
ਪਾਪੂਲਰ ਮੀਡੀਆਕਾਰ ਪਰਮਵੀਰ ਬਾਠ ਨੇ ਪੁਸਤਕ ‘ਗੱਲਾਂ ਖੇਡ ਮੈਦਾਨ ਦੀਆਂ’ ਲਿਖੀ ਹੈ, ਜੋ ਖੇਡ ਤਬਸਰਿਆਂ ਦਾ ਸੰਗ੍ਰਹਿ ਹੈ। ਪ੍ਰਿੰ. ਬਲਕਾਰ ਸਿੰਘ ਬਾਜਵਾ ਨੇ ਰੰਗੀਨ ਤਸਵੀਰਾਂ ਨਾਲ ਸਿ਼ੰਗਾਰੀ ‘ਹਾਕੀ ਸਿਤਾਰੇ ਸੁਧਾਰ ਦੇ’ ਕੌਫੀ ਟੇਬਲ ਬੁੱਕ ਹੈ, ਜੋ ਇਕ ਸੌਗਾਤ ਵਜੋਂ ਲਈ ਦਿੱਤੀ ਜਾ ਸਕਦੀ ਹੈ। ਇਸ ਵਿਚ ਸੁਧਾਰ ਇਲਾਕੇ ਦੀ ਹਾਕੀ ਨੂੰ ਦੇਣ ਦਰਜ ਕੀਤੀ ਹੈ ਤੇ ਸੁਧਾਰੀਏ ਖਿਡਾਰੀਆਂ ਦੇ ਰੇਖਾ ਚਿੱਤਰ ਹਨ। ਗੁਰਮੇਲ ਮਡਾਹੜ ਦੀ ‘ਸੰਸਾਰ ਪ੍ਰਸਿੱਧ ਖੇਡ ਕਹਾਣੀਆਂ’ ਪੰਜਾਬੀ ਵਿਚ ਅਨੁਵਾਦਤ ਪੁਸਤਕ ਹੈ। ਇਹ ਖੇਡ ਕਹਾਣੀਆਂ ਕਈਆਂ ਭਾਸ਼ਾਵਾਂ ਵਿਚੋਂ ਲਈਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਨਾਲ ਪੰਜਾਬੀ ਖੇਡ ਸਾਹਿਤ ਵਿਚ ਗਲਪ ਦਾ ਪ੍ਰਵੇਸ਼ ਹੋਇਆ। ਬਲਵੰਤ ਗਾਰਗੀ ਦੀ ‘ਸੌ ਮੀਲ ਦੌੜ’ ਤੇ ਸ਼ਮਸ਼ੇਰ ਸੰਧੂ ਦੀ ‘ਚੈਂਪੀਅਨ’ ਪੰਜਾਬੀ ਖੇਡ ਸਾਹਿਤ ਦੀਆਂ ਵਧੀਆ ਕਹਾਣੀਆਂ ਹਨ।
ਸਤਵਿੰਦਰ ਸਿੰਘ ਸੁਹੇਲਾ ਨੇ ਬਲਵਿੰਦਰ ਸਿੰਘ ਫਿੱਡੂ ਬਾਰੇ ਸਚਿੱਤਰ ਪੁਸਤਕ ‘ਰੁਸਤਮੇ ਕਬੱਡੀ ਬਲਵਿੰਦਰ ਫਿੱਡਾ’ ਐਲਬਮ ਰੂਪ ਵਿਚ ਛਾਪੀ। ‘ਸ਼ੇਰ ਮੈਦਾਨਾਂ ਦੇ’ ਪੁਸਤਕ ਜਗਦੇਵ ਸਿੰਘ ਬਰਾੜ ਨੇ ਲਿਖੀ। ਸੁਖਵਿੰਦਰ ਸਿੰਘ ਮਨੌਲੀ ਦੀ ਪੁਸਤਕ ‘ਹਾਕੀ ਖਿਡਾਰੀ’ ਹੈ ਅਤੇ ਅਮਰੀਕ ਸਿੰਘ ਭਾਗੋਵਾਲੀਆ ਦੀਆਂ ਦੋ ਪੁਸਤਕਾਂ ‘ਘੋੜਿਆਂ ਵਾਲੇ ਸਰਦਾਰ’ ਤੇ ‘ਸ਼ੌਕੀ ਬਲਦਾਂ ਦੇ’ ਹਨ। ਰਾਮਫਲ ਰਾਜਲਹੇੜੀ ਦੀ ਪੁਸਤਕ ਦਾ ਨਾਂ ‘ਸਿਰਨਾਵੇਂ ਸ਼ੇਰਾਂ ਦੇ’ ਹੈ। ਇਕਬਾਲ ਸਰੋਆ ਨੇ ‘ਹਾਕੀ ਦੇ ਸੁਲਤਾਨ’ ਲਿਖੀ ਹੈ। ਡਾ. ਜਸਪਾਲ ਸਿੰਘ ਦੀ ਪੁਸਤਕ ‘ਖੇਡ ਚਿੰਤਨ’ ਵਿਚ ਖੇਡ ਅਧਿਐਨ ਹੈ। ਇਹ ਗੰਭੀਰ ਖੇਡ ਪੁਸਤਕ ਹੈ, ਜਿਸ ਵਿਚ ਖੇਡ ਮਸਲੇ ਤੇ ਖੇਡ ਨੀਤੀ ਦੀ ਚਰਚਾ ਹੈ। ਕਬੂਤਰਾਂ ਦੀਆਂ ਬਾਜ਼ੀਆਂ, ਕੁੱਤਿਆਂ ਦੀਆਂ ਦੌੜਾਂ, ਭੇਡੂਆਂ ਦੇ ਭੇੜਾਂ, ਖੱਚਰ ਰੇੜ੍ਹਾ ਦੌੜਾਂ ਤੇ ਬੈਲ ਗੱਡੀਆਂ ਦੀਆਂ ਦੌੜਾਂ ਬਾਰੇ ਅਖਬਾਰਾਂ ਵਿਚ ਆਰਟੀਕਲ ਤਾਂ ਬਥੇਰੇ ਛਪਦੇ ਹਨ, ਪਰ ਇਨ੍ਹਾਂ ਬਾਰੇ ਕੋਈ ਕਿਤਾਬ ਨਜ਼ਰ ਨਹੀਂ ਆਈ। ਸੰਭਵ ਹੈ, ਮੈਥੋਂ ਸਾਰੀਆਂ ਖੇਡ ਪੁਸਤਕਾਂ ਦਾ ਜਿ਼ਕਰ ਨਾ ਹੋ ਸਕਿਆ ਹੋਵੇ। ਖੇਡ ਲੇਖਕ ਮੇਰੇ ਧਿਆਨ ਵਿਚ ਲਿਆ ਦੇਣ।
ਪੰਜਾਬੀਆਂ ਨੇ ਕਿਸਾਨੀ, ਫੌਜ, ਖੇਡਾਂ ਤੇ ਟਰਾਂਸਪੋਰਟ ਦੇ ਖੇਤਰ ਵਿਚ ਵਿਸ਼ੇਸ਼ ਮੱਲਾਂ ਮਾਰੀਆਂ ਹਨ। ‘ਕੱਲੇ ਖੇਡ ਖੇਤਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਹਿਲਵਾਨ ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਰਹੇ ਹਨ, ਹਾਕੀ ਦੇ ਖਿਡਾਰੀ ਉਲੰਪਿਕ ਚੈਂਪੀਅਨ ਹਨ, ਸੌ ਤੋਂ ਵੱਧ ਖਿਡਾਰੀ ਏਸ਼ੀਆ ਦੇ ਚੈਂਪੀਅਨ ਬਣੇ ਤੇ ਨੈਸ਼ਨਲ ਚੈਂਪੀਅਨਾਂ ਦੀ ਤਾਂ ਗਿਣਤੀ ਹੀ ਕੋਈ ਨਹੀਂ। ਕੁਝ ਖਿਡਾਰੀਆਂ ਨੇ ਏਸ਼ੀਅਨ ਆਲ ਸਟਾਰਜ਼ ਟੀਮਾਂ ਦੀਆਂ ਕਤਪਤਾਨੀਆਂ ਕੀਤੀਆਂ। ਉਨ੍ਹਾਂ ਬਾਰੇ ਕਿਤਾਬਾਂ ਲਿਖੀਆਂ ਜਾਣੀਆਂ ਬਣਦੀਆਂ ਹਨ। ਲੋੜ ਹੈ, ਵਿਸ਼ਵ ਜੇਤੂ ਪੰਜਾਬੀ ਖਿਡਾਰੀਆਂ ਦੀਆਂ ਜੀਵਨੀਆਂ, ਕਹਾਣੀਆਂ ਨਾਵਲ ਤੇ ਮਹਾਂ-ਕਾਵਿ ਲਿਖੇ ਜਾਣ, ਜੋ ਕਦੇ ਲਿਖੇ ਵੀ ਜਾਣਗੇ। ਪੰਜਾਹ ਸਾਲ ਪਹਿਲਾਂ ਇਕ ਆਲੋਚਕ ਗੋਸ਼ਟੀ ਵਿਚ ਮੈਥੋਂ ਫੜ੍ਹ ਵੱਜ ਗਈ ਸੀ, “ਜੇ ਤੁਸੀਂ ਖੇਡ ਲੇਖਕਾਂ ਨੂੰ ਸਾਹਿਤਕਾਰ ਨਹੀਂ ਮੰਨਦੇ ਤਾਂ ਨਾ ਮੰਨੋ। ਚਲੋ ਅਸੀਂ ਸਿਹਤਕਾਰ ਹੀ ਸਹੀ! ਜੇ ਸਾਡੇ ‘ਚ ਦਮ ਹੋਇਆ ਤਾਂ ਵੇਖਦੇ ਰਹਿਓ, ਅਸੀਂ ਪੰਜਾਬੀ ਖੇਡ ਸਾਹਿਤ ਦੀ ਵੱਖਰੀ ਅਲਮਾਰੀ ਸਿ਼ੰਗਾਰ ਕੇ ਵਿਖਾ ਦਿਆਂਗੇ।”
ਹੁਣ ਮੈਂ ਇਹੋ ਆਖਾਂਗਾ, “ਖੇਡ ਦੋਸਤੋ ਆਪਣੀਆਂ ਕਲਮਾਂ ਹੋਰ ਮਜ਼ਬੂਤੀ ਨਾਲ ਫੜੋ। ਸਾਡੀ ਮਾਂ ਬੋਲੀ ਵਿਚ ਖੇਡ ਸਾਹਿਤ ਦਾ ਪਹੁਫੁਟਾਲਾ ਹੀ ਹੋਇਆ ਹੈ, ਸਵੇਰਾ ਹੋ ਰਿਹੈ, ਧੁੱਪਾਂ ਦੂਰ ਹਨ ਤੇ ਤਿੱਖੜ ਦੁਪਹਿਰ ਦੀਆਂ ਮੰਜਿ਼ਲਾਂ ਹੋਰ ਵੀ ਦੂਰ!” ਮੇਰੀ ਮੈਰਾਥਨ ਜਾਰੀ ਹੈ, ਜੋ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਡਿੱਗ ਨਹੀਂ ਪੈਂਦਾ।