ਅਮਰੀਕਾ ਦੇ 46ਵੇਂ ਪ੍ਰਧਾਨ ਜੋਅ ਬਾਇਡਨ ਦੇ ਉਦਘਾਟਨੀ ਅਵਸਰ ‘ਤੇ
ਡਾ. ਸੁਖਪਾਲ ਸੰਘੇੜਾ
ਕੋਵਿਡ-19 ਸੰਕਟ ਦਾ ਅਧਿਐਨ ਅਸੀਂ ਇਸ ਮਾਡਲ ਅਧੀਨ ਕਰ ਰਹੇ ਹਾਂ ਕਿ ਨਵੀਂ ਕਰੋਨਾ ਵਾਇਰਸ ਦੇ ਨਾਲ, ਕੁਦਰਤ ਨੇ ਵਿਸ਼ਵ ਨੂੰ ਇਕ ਪ੍ਰਯੋਗਸ਼ਾਲਾ ਵਿਚ ਬਦਲ ਦਿੱਤਾ; ਆਧੁਨਿਕ ਯੁੱਗ ਵਿਚ ਮਨੁੱਖ ਦੀ ਤਰਕ, ਵਿਗਿਆਨ ਤੇ ਮਾਨਵਵਾਦ ਪ੍ਰਤੀ ਵਚਨਬੱਧਤਾ ਦੀ ਪਰਖ ਕਰਨ ਲਈ। ਪ੍ਰਬੋਧਨ ਲਹਿਰ ਦੇ ਤਿੰਨ ਮੂਲ ਆਦਰਸ਼-ਤਰਕ, ਵਿਗਿਆਨ ਤੇ ਮਾਨਵਵਾਦ ਨੇ ਆਧੁਨਿਕ ਯੁੱਗ ਲਿਆਂਦਾ ਸੀ। ਇਸ ਵਿਆਪਕ ਪ੍ਰਯੋਗ ਦੇ ਗਲੋਬਲ ਪੈਮਾਨੇ ‘ਤੇ, ਕੁਦਰਤ ਮਨੁੱਖ ਨੂੰ ਪੁੱਛਦੀ ਹੈ:
1. ਕੀ ਤੁਸੀਂ ਮੇਰੀਆਂ ਚੀਜ਼ਾਂ ਦੀ ਕਦਰ ਕਰਦੇ ਹੋ, ਭਾਵ ਉਨ੍ਹਾਂ ਨਾਲ ਮੇਰੇ ਸਿਧਾਂਤਾਂ ਅਨੁਸਾਰ ਸਲੂਕ ਕਰ ਰਹੇ ਹੋ? ਮਿਸਾਲ ਵਜੋਂ, ਕਰੋਨਾ ਨਾਲ ਇਹਦੇ ਵਿਗਿਆਨਕ ਸੱਚ ਦੇ ਆਧਾਰ ‘ਤੇ ਨਜਿੱਠਦੇ ਹੋ ਜਾਂ ਨਹੀ?
2. ਵਾਇਰਸ ਨਾਲ ਨਜਿੱਠਣ ਵੇਲੇ, ਕੀ ਤੁਸੀਂ ਆਮ ਵਿਗਿਆਨਕ ਸੂਝ ਤੇ ਤਰਕ ਦੀ ਵਰਤੋਂ ਕਰ ਰਹੇ ਹੋ, ਨਾ ਕਿ ਆਪਣੇ ਧਾਰਮਿਕ ਜਾਂ ਹੋਰ ਵਿਸ਼ਵਾਸਾਂ ਦੀ?
3. ਕੀ ਤੁਸੀਂ ਮਾਨਵਵਾਦ ਦੇ ਤਰੀਕਿਆਂ ਨਾਲ ਇਸ ਵਾਇਰਸ ਨਾਲ ਲੜ ਰਹੇ ਹੋ, ਅਰਥਾਤ ਸਮਾਜਿਕ ਤਾਲਮੇਲ ਨਾਲ? ਮਿਸਾਲ ਵਜੋਂ, ਨਕਾਬ (ਮਸਕ) ਪਹਿਨਣਾ ਤੁਹਾਡੇ ਆਸ-ਪਾਸ ਦੇ ਲੋਕਾਂ ਨੂੰ ਤੁਹਾਡੇ ਸੰਭਾਵਿਤ ਵਿਸ਼ਾਣੂਆਂ ਤੋਂ ਸੁਰੱਖਿਅਤ ਰੱਖਦਾ ਹੈ; ਇਸ ਲਈ ਜੇ ਸਾਰੇ ਮਾਸਕ ਪਹਿਨਦੇ ਹੋ, ਤਾਂ ਇਕ ਦੂਜੇ ਦੀ ਵਾਇਰਸ ਤੋਂ ਰੱਖਿਆ ਕਰਦੇ ਹੋ।
ਜੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ‘ਹਾਂ’ ਵਿਚ ਹੈ, ਤੁਸੀਂ ਠੀਕ ਹੋ; ਜਵਾਬ ‘ਨਹੀਂ’ ਵਿਚ ਹੈ, ਤਾਂ ਤੁਸੀਂ ਵਾਇਰਸ ਨੂੰ ਮਹਾਮਾਰੀ ਬਣਾਉਣ ਵਿਚ ਯੋਗਦਾਨ ਪਾ ਰਹੇ ਹੋ।
ਸ਼ੁਰੂ ਤੋਂ ਹੀ ਕੋਵਿਡ-19 ਵਿਸ਼ਾਣੂ ਦੀ ਸੱਚਾਈ ਜਾਣਨ ਦੇ ਬਾਵਜੂਦ, ਟਰੰਪ ਇਸ ਨੂੰ ਆਮ ਫਲੂ ਦੀ ਤਰ੍ਹਾ ਕਹਿ ਕੇ ਅਣਡਿਠ ਕਰਦਾ ਹੋਇਆ ਇਸ ਨੂੰ ਫੈਲਣ ਤੋਂ ਰੋਕਣ ਦੇ ਸਾਰੇ ਉਪਾਵਾਂ ਦਾ ਵਿਰੋਧ ਕਰਦਾ ਰਿਹਾ, ਜਿਵੇਂ ਕਿ ਨਕਾਬ, ਸਮਾਜਕ ਦੂਰੀ ਅਤੇ ਟੈਸਟਿੰਗ; ਇੰਜ ਲਾਗਾਂ ਅਤੇ ਮੌਤਾਂ ਨੂੰ ਵਧਣ ਦਿੱਤਾ। ਇਸ ਕਾਰਨ 2020 ਦੀਆਂ ਅਮਰੀਕੀ ਚੋਣਾਂ ਨੂੰ ਪਹੁੰਚਦਿਆ, ਕੋਵਿਡ-19 ਭਿਆਨਕ ਮਹਾਮਾਰੀ ਬਣ ਕੇ ਅਮਰੀਕੀ ਜੀਵਨ ਨੂੰ ਪ੍ਰਭਾਵਿਤ ਕਰ ਚੁੱਕੀ ਸੀ ਕਿ ਟਰੰਪ ਦੀ ਪ੍ਰਚਾਰ (ਪ੍ਰਾਪੇਗੰਡਾ) ਮਸ਼ੀਨਰੀ ਲਈ ਵੀ ਵਾਇਰਸ ਸੰਕਟ ਨੂੰ ਚੋਣਾਂ ਤੋਂ ਵੱਖ ਕਰਨਾ ਅਸੰਭਵ ਹੋ ਗਿਆ। ਮਿਸਾਲ ਵਜੋਂ, ਏ. ਬੀ. ਸੀ. ਨਿਊਜ਼/ਵਾਸਿੰ਼ਗਟਨ ਪੋਸਟ ਦੇ 11 ਅਕਤੂਬਰ 2020 ਨੂੰ ਜਾਰੀ ਪੋਲ ਨਤੀਜਿਆਂ ਅਨੁਸਾਰ, ਰਜਿਸਟਰਡ ਵੋਟਰਾਂ ਵਿਚੋਂ ਦੋ ਤਿਹਾਈ ਨੇ ਕਿਹਾ ਕਿ ਟਰੰਪ ਵਾਇਰਸ ਵਿਰੁੱਧ ਸਾਵਧਾਨੀ ਵਰਤਣ ਵਿਚ ਅਸਫਲ ਰਿਹਾ, 62 ਫੀਸਦੀ ਨੂੰ ਵਾਇਰਸ ਬਾਰੇ ਟਰੰਪ ਦੇ ਕਹੇ ਉੱਤੇ ਭਰੋਸਾ ਨਹੀਂ ਸੀ ਅਤੇ ਅਮਰੀਕਾ ਵਿਚ ਵਾਇਰਸ ਦੀ ਆਮਦ ਦੇ ਅੱਠ ਮਹੀਨੇ ਬਾਅਦ ਵੀ ਕੇਵਲ 21 ਪ੍ਰਤੀਸ਼ਤ ਨੇ ਕਿਹਾ ਕਿ ਇਹ ਨਿਯੰਤਰਣ (ਕੰਟਰੋਲ) ਵਿਚ ਹੈ। ਬਹੁ-ਗਿਣਤੀ ਵੋਟਰਾਂ ਲਈ ਵਾਈਰਸ ਚੋਣਾਂ ਵਿਚ ਮੁੱਖ ਮੁੱਦਾ ਸੀ।
ਟਰੰਪ ਦੀ ਸੱਤਾ ਨੂੰ ਚੰਬੜੇ ਰਹਿਣ ਦੀ ਯੋਜਨਾ: ਕੋਵਿਡ-19 ਪ੍ਰਤੀ ਟਰੰਪ ਦੇ ਰਵੱਈਏ ਕਾਰਨ, ਡੈਮੋਕਰੈਟਿਕ ਵੋਟਰ ਵਾਇਰਸ ਨੂੰ ਰਿਪਬਲੀਕਨ ਵੋਟਰਾਂ ਨਾਲੋਂ ਵੱਧ ਗੰਭੀਰਤਾ ਨਾਲ ਲੈਂਦੇ ਸਨ ਅਤੇ ਇਸ ਦੇ ਫੈਲਣ ਦੇ ਵਿਰੁੱਧ ਵਿਗਿਆਨਕ ਉਪਾਵਾਂ ਦੀ ਵਰਤੋਂ ਕਰਦੇ ਸਨ। ਇਸ ਕਰਕੇ, ਇਹ ਭਵਿੱਖਵਾਣੀ ਕੀਤੀ ਜਾ ਸਕਦੀ ਸੀ ਕਿ ਰਿਪਬਲਿਕਨਾਂ ਨਾਲੋਂ ਵਧੇਰੇ ਡੈਮੋਕਰੈਟਿਕ ਵੋਟਰ, ਚੋਣ ਦਿਨ ਦੀ ਭੀੜ ਤੋਂ ਬਚਣ ਲਈ ਡਾਕ-ਵੋਟਿੰਗ ਦੀ ਵਰਤੋਂ ਕਰਨਗੇ। ਇਸ ਜਾਣਦੇ ਹੋਏ ਟਰੰਪ ਨੇ 2020 ਦੀਅ ਗਰਮੀਆਂ ਵਿਚ ਸੱਤਾ ਨਾਲ ਚੰਬੜੇ ਰਹਿਣ ਦੀ ਯੋਜਨਾ ਨੂੰ ਲਾਗੂ ਕਰਨ ਦੀਆਂ ਕੋਸਿ਼ਸ਼ਾਂ ਸ਼ੁਰੂ ਕੀਤੀਆਂ, ਜੋ 30 ਜੁਲਾਈ ਨੂੰ ਕੋਵਿਡ-19 ਦਾ ਬਹਾਨਾ ਕਰਕੇ ਚੋਣ ਨੂੰ ਮੁਲਤਵੀ ਕਰਨ ਲਈ ਟਰੰਪ ਦੇ ਸੁਝਾਅ ਨਾਲ ਸ਼ੁਰੂ ਹੋਈਆਂ। ਇੰਜ ਅਮਰੀਕਾ ਦੇ ਇਤਿਹਾਸ ਵਿਚ ਕਦੇ ਨਹੀਂ ਹੋਇਆ; ਦੋਹਾਂ-ਰਿਪਬਲੀਕਨਾਂ ਅਤੇ ਡੈਮੋਕਰੈਟਾਂ ਨੇ ਇਸ ਵਿਚਾਰ ਨੂੰ ਖਾਰਜ ਕਰ ਦਿੱਤਾ। ਉਂਜ ਵੀ ਅਮਰੀਕੀ ਪ੍ਰਧਾਨ ਕੋਲ ਚੋਣ ਮਿਤੀ ਮੁਲਤਵੀ ਕਰਨ ਦਾ ਅਧਿਕਾਰ ਨਹੀਂ ਹੈ। ਇੱਥੋਂ ਤਕ ਕਿ ਰੂੜ੍ਹੀਵਾਦੀ ਰਸਾਲੇ ‘ਨੈਸ਼ਨਲ ਰਿਵਿਊ’ ਦੇ ਸੰਪਾਦਕਾਂ ਨੇ ਵੀ ਇਸ ਨੂੰ “ਇਕ ਨਾ ਕਹਿਣੇ ਯੋਗ ਭੜਕਾਊ ਤੇ ਬੇਤੁਕੀ ਵਿਚਾਰ” ਕਿਹਾ ਤੇ ਇਹ “ਅਮਰੀਕਾ ਦੇ ਕਿਸੇ ਪ੍ਰਧਾਨ ਦੁਆਰਾ ਵਿਚਾਰੇ ਇਹ ਸੋਚਣ ਦੇ ਵੀ ਯੋਗ ਨਹੀਂ।”
ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਮੇਲ-ਇਨ (ਡਾਕ) ਵੋਟਿੰਗ ਅਸੁਰੱਖਿਅਤ, ਗਲਤ ਜਾਂ ਧੋਖਾਧੜੀ ਸੀ ਜਾਂ ਹੁੰਦੀ ਹੈ। ਪੋਲਾਂ ਅਨੁਸਾਰ ਮਹਾਮਾਰੀ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੋ ਤਿਹਾਈ ਵੋਟਰਾਂ ਨੇ ਮੇਲ-ਇਨ ਵੋਟਿੰਗ ਦੀ ਵੱਧੋ-ਵੱਧ ਉਪਲਬਧਤਾ ਦੇ ਪ੍ਰਬੰਧ ਕਰਨ ਦਾ ਸਮਰਥਨ ਕੀਤਾ। ਮੇਲ-ਇਨ ਵੋਟਿੰਗ ਨੂੰ ਧੋਖਾਧੜੀ ਕਹਿਣਾ ਟਰੰਪ ਦੀ ਚੋਣ ਮੁਹਿੰਮ ਦੀ ਯੋਜਨਾ ਦਾ ਹਿੱਸਾ ਸੀ। ਟਰੰਪ ਨੇ 15 ਸਤੰਬਰ ਨੂੰ ਨੇਵਾਡਾ ਸੂਬੇ ਦੀ ਰੈਲੀ ਵਿਚ ਦਾਅਵਾ ਕੀਤਾ ਕਿ ਡੈਮੋਕਰੈਟ ਚੋਣਾਂ ਵਿਚ ਧਾਂਦਲੀ ਮਚਾ ਰਹੇ ਸਨ, “ਕਿਉਂਕਿ ਇਹ ਹੀ ਇੱਕੋ-ਇੱਕ ਰਸਤਾ ਹੈ, ਜਿਸ ਰਾਹੀਂ ਉਹ ਜਿੱਤ ਪ੍ਰਾਪਤ ਕਰ ਸਕਦੇ ਨੇ।”
ਜਦੋਂ ਟਰੰਪ ਚੋਣ-ਧਾਂਦਲੀ ਦੀ ਮੁਹਿੰਮ ਚਲਾ ਰਿਹਾ ਸੀ, ਉਸ ਨੇ ਪਹਿਲਾਂ ਹੀ ਆਪਣੇ ਇਕ ਦੁੱਮ-ਛੱਲੇ ਲੂਯਿਸ ਡੀ. ਜੋਆਏ ਨੂੰ ਯੂ. ਐਸ. ਡਾਕ ਸੇਵਾ ਦੇ ਪੋਸਟ ਮਾਸਟਰ ਵਜੋਂ ਨਿਯੁਕਤ ਕਰ ਦਿੱਤਾ ਸੀ, ਚੋਣ-ਧਾਂਦਲੀ ਮਚਾਉਣ ਲਈ, ਜੋ ਨਵੇਂ ਪੋਸਟ ਮਾਸਟਰ ਦੀਆਂ ਕਰਤੂਤਾਂ ਤੋਂ ਸਪੱਸ਼ਟ ਹੋ ਗਿਆ। ਉਦਾਹਰਣ ਵਜੋਂ, ਜੂਨ ਵਿਚ ਅਹੁਦਾ ਸੰਭਾਲਣ ਪਿਛੋਂ ਜੋਆਏ ਨੇ ਡਾਕ ਸੇਵਾ ਵਿਚ ਭਾਰੀ ਤਬਦੀਲੀਆਂ ਲਾਗੂ ਕੀਤੀਆਂ, ਕੋਵਿਡ-19 ਦੇ ਬਹਾਨੇ ਬਣਾ ਕੇ, ਜਿਨ੍ਹਾਂ ਕਰਕੇ ਡਾਕ ਵੰਡਣ ਵਿਚ ਦੇਰੀ ਹੋਰ ਲੱਗੀ। ਸਪਸ਼ਟ ਸੀ ਕਿ ਇਸ ਸਭ ਦਾ ਨਿਸ਼ਾਨਾ ਸੀ ਡਾਕ-ਵੋਟਾਂ ਨੂੰ ਲੇਟ ਕਰਨਾ ਤਾਂ ਜੋ ਉਹ ਗਿਣੀਆਂ ਨਾ ਜਾ ਸਕਣ। ਵਿਸਕਾਨਸਿਨ ਅਤੇ ਮਿਸ਼ੀਗਨ ਵਿਚ ਬਹੁਤ ਸਾਰੇ ਵੋਟਰਾਂ ਨੂੰ ਡਾਕ ਬੈਲਟ ਮਿਲੇ ਹੀ ਨਹੀਂ।
ਇਸ ਚੋਣ-ਧਾਂਦਲੀ ਦੀਆਂ ਕੋਸਿ਼ਸ਼ਾਂ ਚੋਣਾਂ ਦੇ ਦਿਨ ਤੱਕ ਗਈਆਂ। ਡਾਕ ਸੇਵਾ ਦੇ ਅੰਕੜਿਆਂ ਤੋਂ ਪਤਾ ਚੱਲਿਆ ਕਿ ਚੋਣ ਦਿਨ ਮੰਗਲਵਾਰ ਤੋਂ ਪਹਿਲੇ ਐਤਵਾਰ ਤੱਕ, ਕਰੀਬ 300,000 ਬੈਲਟ, ਜੋ ਮੇਲ ਪ੍ਰਾਸੈਸਿੰਗ ਲਈ ਪ੍ਰਾਪਤ ਹੋਏ ਸਨ, ਨੂੰ ਚੋਣ ਅਧਿਕਾਰੀਆਂ ਦੇ ਸਪੁਰਦ ਨਹੀਂ ਕੀਤਾ ਗਿਆ ਸੀ। ਇਸ ਲਈ ਵੋਟ ਫਾਰਵਰਡ, ਐਨ.ਏ.ਏ.ਸੀ.ਪੀ., ਤੇ ਲਾਤੀਨੀ ਭਾਈਚਾਰੇ ਦੇ ਵਕੀਲਾਂ ਸਮੇਤ ਕਈ ਗਰੁੱਪਾਂ ਨੇ ਮੁਕੱਦਮੇ ਦਾਇਰ ਕੀਤੇ। ਇੱਕ ਫੈਡਰਲ ਜੱਜ ਐਮਮੇਟ ਸੁਲੀਵਾਨ ਨੇ 3 ਨਵੰਬਰ, ਯਾਨਿ ਚੋਣ ਦਿਨ ਨੂੰ ਵਾਸਿ਼ੰਗਟਨ ਡੀ.ਸੀ. ਵਿਚ ਯੂ.ਐੱਸ. ਡਾਕ ਸੇਵਾਵਾਂ ਨੂੰ ਪੂਰਾ ਤਾਣ ਲਾ ਕੇ ਡਾਕ-ਵੋਟ ਜਲਦੀ ਤੋਂ ਜਲਦੀ ਵੇਲੇ ਸਿਰ ਪਹੁੰਚਾਉਣ ਦੇ ਆਦੇਸ਼ ਦਿੱਤੇ, ਤਾਂ ਜੋ ਉਨ੍ਹਾਂ ਦੀ ਗਿਣਤੀ ਹੋ ਸਕੇ। ਇਹ ਆਦੇਸ਼ ਪੈਨਸਿਲਵੇਨੀਆ, ਮਿਸ਼ੀਗਨ, ਜਾਰਜੀਆ, ਟੈਕਸਸ, ਫਲੋਰਿਡਾ ਅਤੇ ਐਰੀਜ਼ੋਨਾ ਸੂਬਿਆਂ ਵਿਚ ਲਾਗੂ ਹੁੰਦੇ ਸਨ, ਜਿਥੇ ਚੋਣਾਂ ਵਿਚ ਟਰੰਪ ਅਤੇ ਜੋਅ ਬਾਇਡਨ ਵਿਚਾਲੇ ਸਿਰ-ਭਿੜਵਾਂ ਮੁਕਾਬਲਾ ਸੀ।
ਟਰੰਪ ਪ੍ਰਧਾਨਗੀ ਦਾ ਭੋਗ ਪਾਇਆਂ ਜਮਹੂਰੀਅਤ ਨੇ: 9 ਨਵੰਬਰ ਨੂੰ ਸਵੇਰੇ 11:30 ਵਜੇ ਦੇ ਕਰੀਬ ਐਸੋਸੀਏਟਡ ਪ੍ਰੈਸ ਦੁਆਰਾ ਬਾਇਡਨ ਨੂੰ ਪੈਨਸਿਲਵੇਨੀਆ ਸੂਬੇ ਵਿਚ ਜੇਤੂ ਕਰਾਰ ਦੇਣ ਨਾਲ ਬਾਇਡਨ ਦੀਆਂ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ 270 ‘ਤੇ ਪਹੁੰਚ ਗਈ, ਜੋ ਟਰੰਪ ਨੂੰ ਹਰਾਉਣ ਲਈ ਕਾਫੀ ਸੀ। ਲੋਕਾਂ ਦੇ ਨੱਚਦਿਆਂ ਸੜਕਾਂ ‘ਤੇ ਉਤਰਨ ਦਾ ਕਾਰਨ ਸਿਰਫ ਬਾਇਡਨ ਵਲੋਂ ਟਰੰਪ ਨੂੰ ਹਰਾਉਣ ਨਾਲੋਂ ਕਿਤੇ ਵੱਡਾ ਸੀ: ਮਸਲਨ ਰੂੜ੍ਹੀ ਉੱਪਰ ਤਰਕ ਦੀ, ਖੜਯੰਤਰਾਂ ਉੱਪਰ ਵਿਗਿਆਨ ਦੀ, ਨਸਲਵਾਦ ਉੱਪਰ ਮਾਨਵਵਾਦ ਦੀ, ਝੂਠ ਉੱਪਰ ਸੱਚ ਦੀ ਅਤੇ ਤਾਨਾਸ਼ਾਹੀ ਪ੍ਰਵਿਰਤੀਆਂ ਉੱਪਰ ਜਮਹੂਰੀਅਤ ਦੀ ਜਿੱਤ।
ਸਾਬਕਾ ਰਾਜਨੀਤਿਕ ਨੀਤੀਵਾਨ ਤੇ ਟਿੱਪਣੀਕਾਰ ਅਨਾ ਨੈਵਰੋ-ਕਾਰਡੇਨਸ ਨੇ ਟਵੀਟ ਕੀਤਾ, “ਅਮਰੀਕਾ ਦੇ ਸੀਨੇ ਤੋਂ ਇੱਕ ਭਾਰ ਚੁੱਕਿਆ ਗਿਆ ਹੈ।” ਇਸੇ ਤਰ੍ਹਾਂ, ਇੱਕ ਅਫਰੀਕਨ ਅਮਰੀਕੀ ਤੇ ਸੀ.ਐਨ.ਐਨ. ਟਿੱਪਣੀਕਾਰ ਵੈਨ ਜੋਨਸ ਦੀਆਂ ਭਾਵਨਾਵਾਂ ਦਾ ਕੜ ਟੁੱਟ ਗਿਆ, ਜਦੋਂ ਉਹ ਟੀ. ਵੀ. ‘ਤੇ ਰੋ ਪਿਆ।
ਨੱਚਦੇ, ਜੈਕਾਰਿਆਂ ਵਿਚ ਗਾਉਂਦੇ ਹੋਏ ਗਲੀਆਂ ਵਿਚ ਉੱਤਰੇ ਉਨ੍ਹਾਂ ਲੋਕਾਂ ਵਿਚ ਉਹ ਲੋਕ ਵੀ ਸਨ, ਜੋ ਆਪਣੀਆਂ ਅਵਾਜ਼ਾਂ ਤੇ ਬੈਨਰਾਂ ਨਾਲ ਜਾਰਜ ਫਲਾਇਡ ਦੇ ਕਤਲ ਦਾ ਵਿਰੋਧ ਕਰਨ ਇਨ੍ਹਾਂ ਹੀ ਗਲੀਆਂ ਵਿਚ ਨਿੱਕਲੇ ਸਨ, “ਮੈਂ ਸਾਹ ਨਹੀਂ ਲੈ ਸਕਦਾ”; ਉਹ ਹੁਣ ਆਸ ਵਿਚ ਸਾਹ ਲੈਂਦੇ ਨਿਕਲੇ। ਇਸ ਵਾਰ ਦੇ ਬੈਨਰਾਂ ਵਿਚੋਂ ਇਕ ਕਹਿ ਰਿਹਾ ਸੀ, “ਅਸੀਂ ਉਸ ਨੂੰ ਵੋਟ ਨਾਲ ਦਬੋਚ ਲਿਆ”; “ਉਸ ਨੂੰ” ਦਾ ਭਾਵ ਟਰੰਪ ਨੂੰ।
ਟੀ. ਵੀ. ਨੈਟਵਰਕਾਂ ਦੁਆਰਾ ਪ੍ਰਸਾਰਿਤ ਕੀਤੇ ਜਾ ਰਹੇ ਪ੍ਰਮੁੱਖ ਅਮਰੀਕੀ ਸ਼ਹਿਰਾਂ ਦੀਆਂ ਗਲੀਆਂ ਵਿਚ ਜਸ਼ਨਾਂ ਦੇ ਦ੍ਰਿਸ਼ਾਂ ਉੱਪਰ ਟਿੱਪਣੀ ਕਰਦਿਆਂ, ਟੀ. ਵੀ. `ਤੇ ਕੋਈ ਕਹਿ ਰਿਹਾ ਸੀ, “ਅਜਿਹਾ ਲਗਦਾ ਹੈ ਜਿਵੇਂ ਕਿਸੇ ਤਾਨਾਸ਼ਾਹ ਦਾ ਤਖਤਾ ਪਲਟ ਗਿਆ ਹੋਵੇ।” ਕੋਈ ਹੋਰ ਕਹਿ ਰਿਹਾ ਸੀ ਕਿ ਹੁਣ ਹਰ ਰੋਜ਼ ਅਸਾਨੂੰ ਵ੍ਹਾਈਟ ਹਾਊਸ ਵਿਚੋਂ ਵਿਗਿਆਨ ਵਿਰੋਧੀ, ਪਰਵਾਸੀਆਂ ਵਿਰੋਧੀ, ਨਸਲਵਾਦੀ ਅਵਾਜ਼ਾਂ ਨਹੀਂ ਸੁਣਨੀਆਂ ਪੈਣਗੀਆਂ।
“ਮੈਂ ਸਾਰੇ ਅਮਰੀਕੀਆਂ ਦਾ ਪ੍ਰਧਾਨ ਹੋਵਾਂਗਾ-ਭਾਵੇਂ ਤੁਸੀਂ ਮੈਨੂੰ ਵੋਟ ਦਿੱਤੀ ਸੀ ਜਾਂ ਨਹੀਂ, ਮੈਂ ਉਸ ਵਿਸ਼ਵਾਸ ਨੂੰ ਕਾਇਮ ਰੱਖਾਂਗਾ, ਜੋ ਤੁਸੀਂ ਮੇਰੇ ‘ਤੇ ਕੀਤਾ ਹੈ।”, ਬਾਇਡਨ ਨੇ ਟੀ. ਵੀ. ਨੈਟਵਰਕਾਂ ‘ਤੇ ਆਪਣੀ ਜਿੱਤ ਦੀ ਪੁਸ਼ਟੀ ਹੋਣ ਤੋਂ ਤੁਰੰਤ ਬਾਅਦ ਟਵੀਟ ਕੀਤਾ। ਅਮਰੀਕੀਆਂ ਨੇ ਚੋਣਾਂ ਦੁਆਰਾ ਸਾਂਝੀਆਂ ਕਦਰਾਂ ਕੀਮਤਾਂ ਦੀ ਪੁਸ਼ਟੀ ਕੀਤੀ ਅਤੇ ਟਰੰਪ ਪ੍ਰਧਾਨਗੀ ਦੇ ਹੋਰ ਦੋਸ਼ਾਂ ਦੇ ਨਾਲ ਨਾਲ ਅਸਮਰਥਤਾ, ਅਯੋਗਤਾ, ਝੂਠ ਤੇ ਭ੍ਰਿਸ਼ਟਾਚਾਰ ਦਾ ਖੰਡਨ ਕੀਤਾ।
ਆਸਰਾ ਝੂਠ ਦਾ: ਚੋਣ ਨਤੀਜਿਆਂ ਤੋਂ ਇਨਕਾਰ ਕਰੋ, ਕਰੋਨਾ ਮਹਾਮਾਰੀ ਵਾਂਗ ਹੀ। ਜਿਵੇਂ ਅਮਰੀਕਾ ਕੋਵਿਡ-19 ਕੇਸਾਂ, ਮੌਤਾਂ ਤੇ ਹਸਪਤਾਲਾਂ ਵਿਚ ਭਰਤੀ ਦੀ ਗਜਬਜਨਕ ਨਵੀਂ ਲਹਿਰ ਅਤੇ ਮੈਡੀਕਲ ਸਾਜ਼ੋਸਮਾਨ ਦੀ ਲਗਾਤਾਰ ਘਾਟ ਦਾ ਸਾਹਮਣਾ ਕਰ ਰਿਹਾ ਸੀ, ਵਿਗਿਆਨੀ ਤੇ ਜਨਤਕ ਸਿਹਤ ਮਾਹਰ ਘਾਤਕ ਸਰਦ ਰੁੱਤ ਦੀ ਭਵਿੱਖਵਾਣੀ ਕਰ ਰਹੇ ਸਨ। ਜਿਵੇਂ ਟਰੰਪ ਕੋਵਿਡ-19 ਤੋਂ ਪਾਸਾ ਵੱਟਦਾ ਆ ਰਿਹਾ ਸੀ, ਉਵੇਂ ਹੀ ਝੂਠ ਦੇ ਆਸਰੇ ਉਸ ਨੇ ਪ੍ਰਧਾਨਗੀ ਚੋਣ ਨਤੀਜਿਆਂ ਨੂੰ ਵੀ ਨਕਾਰਨਾ ਸ਼ੁਰੂ ਕਰ ਦਿੱਤਾ। ਅਮਰੀਕਾ ਦੇ ਪਹਿਲੇ ਪ੍ਰਧਾਨ ਜਾਰਜ ਵਾਸਿ਼ੰਗਟਨ ਤੋਂ ਹੁਣ ਤੱਕ ਮੌਜੂਦਾ ਪ੍ਰਧਾਨ ਤੋਂ ਅਗਲੇ, ਭਾਵ ਨਵ ਚੁਣੇ ਪ੍ਰਧਾਨ ਤੱਕ ਸ਼ਾਂਤਮਈ ਸੱਤਾ-ਤਬਦੀਲੀ ਦੀ ਇੱਕ ਸ਼ਾਨਦਾਰ ਅਮਰੀਕੀ ਜਮਹੂਰੀ ਪਰੰਪਰਾ ਰਹੀ ਹੈ। ਟਰੰਪ ਨੇ ਇਸ ਮਹਾਨ ਅਮਰੀਕੀ ਜਮਹੂਰੀ ਨਿਯਮ ਨੂੰ ਤੋੜਨ ਦਾ ਰਾਹ ਵੀ ਅਪਨਾ ਲਿਆ।
ਚੱਲ ਰਹੇ ਕਰੋਨਾ ਸਿਹਤ ਸੰਕਟ ਨਾ ਨਜਿੱਠਣ ਦੀ ਥਾਂ ਟਰੰਪ ਚੋਣ ਨਤੀਜਿਆਂ ਅਤੇ ਇਨ੍ਹਾਂ ਨੂੰ ਉਲਟਾਉਣ ਦੀ ਮੁਹਿੰਮ ‘ਤੇ ਹੀ ਕੇਂਦ੍ਰਤ ਰਿਹਾ। ਇਸ ਲਈ ਉਸ ਨੇ ਤੇ ਉਸ ਦੀ ਚੋਣ ਮੁਹਿੰਮ ਨੇ ‘ਵਿਆਪਕ ਚੋਣ-ਫਰੇਬ’ ਦਾ ਝੂਠ ਤੇ ਖੜਯੰਤਰ-ਮੱਤ ਫੈਲਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਫੇਸਬੁੱਕ ‘ਤੇ ਵੀ ਚੋਟੀ ਦੀਆਂ ਖਬਰਾਂ ਵਿਚ ਰੂੜ੍ਹੀਵਾਦੀਆਂ ਵਲੋਂ ਚੋਣ ‘ਬੇਨਿਯਮੀਆਂ’ ਅਤੇ ‘ਧੋਖਾਧੜੀ’ ਦੇ ਦਾਅਵਿਆਂ ਦਾ ਦਬਦਬਾ ਸੀ, ਪਰ ‘ਕਰੌਡ ਟੈਂਗਲ’ ਦੇ ਅੰਕੜਿਆਂ (ਡੇਟਾ) ਵਿਚ ਇਨ੍ਹਾਂ ਦਾਅਵਿਆਂ ਦਾ ਸਮਰਥਨ ਕਰਦੇ ਕੋਈ ਸਬੂਤ ਨਹੀਂ ਸਨ। ਟਰੰਪ ਤੇ ਉਸ ਦੀ ਚੋਣ ਮੁਹਿੰਮ ਅਜਿਹੀਆਂ ਕਰਤੂਤਾਂ ਵਿਚ ਇਕੱਲੇ ਨਹੀਂ ਸਨ। ਰੂੜ੍ਹੀਵਾਦੀ ਰੇਡੀਓ ਨੈਟਵਰਕ, ਦਿ ਫੌਕਸ ਨਿਊਜ਼ ਟੀ. ਵੀ. ਨੈਟਵਰਕ, ਖੜਯੰਤਰ-ਮੱਤ ਧਾਰਕ ਤੇ ਸੰਗਠਨ ਅਤੇ ਵ੍ਹਾਈਟ ਸੁਪਰੀਮੈਟਿਸਟ ਤੇ ਉਨ੍ਹਾਂ ਦੀਆਂ ਸੰਸਥਾਵਾਂ ਅਮਰੀਕੀ ਜਮਹੂਰੀਅਤ ਉੱਤੇ ਇਨ੍ਹਾਂ ਹਮਲਿਆਂ ਵਿਚ ਹਿੱਸਾ ਲੈਣ ਵਾਲੀਆਂ ਤਾਕਤਾਂ ਵਿਚ ਸ਼ਾਮਲ ਸਨ। ਰਿਪਬਲੀਕਨ ਪਾਰਟੀ ਦਾ ਇੱਕ ਹਿੱਸਾ ਇਸ ਵਿਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਸੀ ਅਤੇ ਬਾਕੀ ਦੇ ਇਨ੍ਹਾਂ ਕਰਤੂਤਾਂ ਵਿਰੁੱਧ ਨਾ ਬੋਲ ਕੇ ਇਨ੍ਹਾਂ ਦੇ ਭਾਗੀਦਾਰ ਬਣ ਰਹੇ ਸਨ।
ਅਮਰੀਕੀ ਜਮਹੂਰੀਅਤ ਖਿਲਾਫ ਇਸ ਪ੍ਰਚਾਰ ਮੁਹਿੰਮ ਦੇ ਨਾਲ ਨਾਲ ਟਰੰਪ ਨੇ ਆਉਣ ਵਾਲੇ ਬਾਇਡਨ ਪ੍ਰਸ਼ਾਸਨ ਲਈ ਅੰਤਰਕਾਲੀ ਤਬਦੀਲੀ ਪ੍ਰਕਿਰਿਆ ਨੂੰ ਰੋਕਣਾ ਜਾਰੀ ਰੱਖਿਆ। ਟਰੰਪ ਜਮਹੂਰੀਅਤ ਦੇ ਨਾਲ ਨਾਲ ਕੌਮੀ ਸੁਰੱਖਿਆ ਲਈ ਵੀ ਖਤਰਾ ਬਣਿਆ ਰਿਹਾ, ਲੁਭਾਊ ਲਹਿਰ ਦੇ ਇੱਕ ਹੋਰ ਲੱਛਣ ਦਾ ਪ੍ਰਦਰਸ਼ਨ ਕਰਦਾ ਹੋਇਆ ਕਿ ਇਹ ਭਾਵੇਂ ਵਿਸ਼ਵ ਦੀ ਥਾਂ ਕੌਮ ਨੂੰ ਤਰਜੀਹ ਦਿੰਦੀ ਹੈ, ਪਰ ਨਿੱਜੀ ਹਿੱਤਾਂ ਤੋਂ ਕੌਮ ਦੇ ਹਿੱਤ ਕੁਰਬਾਨ ਸਕਦੀ ਹੈ।
ਵਿਆਪਕ ਚੋਣ ਫਰੇਬਾਂ ਬਾਰੇ ਟਰੰਪ ਦੇ ਦਾਅਵੇ ਕੂੜੇ੍ਹ ਨਿਕਲੇ: ਪੱਤਰਕਾਰਾਂ ਵਲੋਂ ਤੱਥਾਂ ਦੀ ਛਾਣਬੀਣ ਅਤੇ ਅਦਾਲਤੀ ਜਾਂਚ-ਪੜਤਾਲ ਦੌਰਾਨ ਟਰੰਪ ਦੇ ਖੋਖਲੇ ਵਿਆਪਕ ਚੋਣ-ਫਰੇਬ ਦੋਸ਼ਾਂ ਦੀ ਇਕ ਇਕ ਕਰਕੇ ਫੂਕ ਨਿੱਕਲ ਗਈ। ਚੋਣ ਧੋਖਾਧੜੀ ਦਾ ਦੋਸ਼ ਲਾਉਣ ਵਾਲੇ ਮੁਕੱਦਮਿਆਂ ਵਿਚ ਟਰੰਪ ਦੇ ਸਮਰਥਕਾਂ ਨੇ ਅਦਾਲਤ ਵਿਚ ਉਹ ਦੱਸਿਆ, ਜੋ ਉਨ੍ਹਾਂ ਨੇ ਕਥਿਤ ਤੌਰ `ਤੇ ਦੇਖਿਆ, ਸੁਣਿਆ ਤੇ ਸ਼ੱਕ ਕੀਤਾ ਸੀ। ਉਨ੍ਹਾਂ ਦੇ ਬਹੁਤ ਸਾਰੇ ਇਲਜ਼ਾਮ ਪੜਤਾਲ ਨਾਲ ਚਕਨਾ ਚੂਰ ਹੋ ਗਏ। 13 ਨਵੰਬਰ 2020 ਤੱਕ ਭਾਵ ਚੋਣਾਂ ਤੋਂ ਬਾਅਦ ਸਿਰਫ 10 ਦਿਨਾਂ ਦੇ ਅੰਦਰ ਹੀ ਟਰੰਪ ਤੇ ਉਹਦੀ ਚੋਣ-ਮੁਹਿੰਮ ਅਦਾਲਤਾਂ ਦੀ ਵਰਤੋਂ ਦੁਆਰਾ ਚੁਣੇ ਗਏ ਪ੍ਰਧਾਨ ਬਾਇਡਨ ਦੀ ਜਿੱਤ ਨੂੰ ਲੇਟ ਕਰਨ ਜਾਂ ਰੋਕਣ ਦੀਆਂ ਕੋਸਿ਼ਸ਼ਾਂ ਵਿਚ ਕਈ ਚੋਣ ਮੁਕੱਦਮੇ ਹਾਰ ਚੁੱਕੇ ਸਨ-ਪੈਨਸਿਲਵੇਨੀਆ, ਮਿਸ਼ੀਗਨ ਅਤੇ ਐਰੀਜ਼ੋਨਾ ਸੂਬਿਆਂ ਦੇ ਕੇਸਾਂ ਸਮੇਤ। ਮਿਸਾਲ ਵਜੋਂ, ਡਿਟਰਾਇਟ (ਮਿਸ਼ੀਗਨ) ਦੀ ਤਹਿਸੀਲ ਵੇਨ ਵਿਚ ਇੱਕ ਜੱਜ ਨੇ ਵੋਟਾਂ ਦੇ ਤਸਦੀਕੀਕਰਨ ਨੂੰ ਰੋਕਣ ਦੀ ਰਿਪਬਲੀਕਨ ਕੋਸਿ਼ਸ਼ ਨੂੰ ਰੱਦ ਕਰ ਦਿੱਤਾ।
13 ਨਵੰਬਰ ਨੇ ਇਹ ਖਬਰ ਵੀ ਲਿਆਂਦੀ ਕਿ ਅਮਰੀਕਾ ਦੇ ਸੰਘੀ ਅਤੇ ਰਾਜ ਦੇ ਚੋਣ ਅਧਿਕਾਰੀਆਂ ਦੇ ਗੱਠਜੋੜ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪ੍ਰਧਾਨਗੀ ਚੋਣਾਂ ਦੌਰਾਨ ਵੋਟਾਂ ਵਿਚ ਅਦਲਾ-ਬਦਲੀ ਜਾਂ ਹੇਰਾ-ਫੇਰੀ ਕੀਤੀ ਗਈ ਸੀ। ਉਨ੍ਹਾਂ ਨੇ ਟਰੰਪ, ਉਸ ਦੀ ਮੁਹਿੰਮ ਅਤੇ ਉਨ੍ਹਾਂ ਦੇ ਬਹੁਤ ਸਾਰੇ ਸਮਰਥਕਾਂ ਦੁਆਰਾ ਕੀਤੇ ਗਏ ‘ਵੱਡੇ ਪੱਧਰ ‘ਤੇ ਧੋਖਾਧੜੀ’ ਦੇ ਨਾਕਾਮ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ। ਚੋਣ ਧੋਖਾਧੜੀ ਦੇ ਬਹੁਤ ਸਾਰੇ ਚਕਾਚੌਂਧ ਦੋਸ਼, ਜੋ ਟਰੰਪ ਜਾਂ ਉਹਦੀ ਚੋਣ-ਮੁਹਿੰਮ ਜਨਤਕ ਤੌਰ ‘ਤੇ ਲਾ ਰਹੀ ਸੀ, ਉਹ ਮੁਕੱਦਮਿਆਂ ਵਿਚ ਸ਼ਾਮਲ ਕਰਨ ਦੀ ਹਿੰਮਤ ਨਹੀਂ ਸਨ ਕਰ ਰਹੇ, ਕਿਉਂਕਿ ਉਹ ਇਤਨੇ ਅਜੀਬੋ-ਗਰੀਬ ਸਨ ਕਿ ਅਦਾਲਤ ਵਿਚ ਪੇਸ਼ ਕਰਨ ਯੋਗ ਨਹੀਂ ਸਨ। 23 ਨਵੰਬਰ 2020 ਨੂੰ ਪੈਨਸਿਲਵੇਨੀਆ ਸੁਪਰੀਮ ਕੋਰਟ ਨੇ ਟਰੰਪ ਦੀ ਮੁਹਿੰਮ ਦੁਆਰਾ ਦਾਇਰ ਕੀਤੇ ਪੰਜ ਮੁਕੱਦਮਿਆਂ ਨੂੰ ਰੱਦ ਕਰ ਦਿੱਤਾ, ਜਿਨ੍ਹਾਂ ਦਾ ਉਦੇਸ਼ ਸੀ ਤਕਨੀਕੀ ਸਰੋਕਾਰਾਂ ਦੇ ਮੱਦੇਨਜ਼ਰ ਵੋਟਾਂ ਨੂੰ ਅਯੋਗ ਬਣਾਉਣਾ। ਦੂਸਰੇ ਸੂਬਿਆਂ ਵਿਚ ਵੀ ਟਰੰਪ ਦੇ ਮੁਕੱਦਮਿਆਂ ਐਸਾ ਹੀ ਹਸ਼ਰ ਹੋਇਆ।
ਮਿਸ਼ੀਗਨ ਸੂਬੇ ਵਲੋਂ 23 ਨਵੰਬਰ ਨੂੰ ਬਾਇਡਨ ਦੇ ਵਿਜੇਤਾ ਹੋਣ ਵੀ ਤਸਦੀਕ ਪਿਛੋਂ ਸਪਸ਼ਟ ਸੰਕੇਤਾਂ ਨੂੰ ਦੇਖਦਿਆਂ ਕਿ ਟਰੰਪ ਚੋਣਾਂ ਨਤੀਜਿਆਂ ਨੂੰ ਉਲਟਾਉਣ ਵਿਚ ਅਸਫਲ ਰਿਹਾ ਸੀ, ਜਨਰਲ ਸਰਵਿਸਜ਼ ਐਡਮਨਿਸਟਰੇਸ਼ਨ ਨੇ 24 ਨਵੰਬਰ ਨੂੰ ਚੁਣੇ ਪ੍ਰਧਾਨ ਜੋਅ ਬਾਇਡਨ ਨੂੰ ਰਸਮੀ ਤਬਦੀਲੀ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਅਧਿਕਾਰ ਦਿੱਤਾ। ਪ੍ਰਸ਼ਾਸਕ ਐਮਿਲੀ ਮਰਫੀ ਨੇ ਜੋਅ ਬਾਇਡਨ ਨੂੰ ਲਿਖੇ ਪੱਤਰ ਵਿਚ ਡੋਨਲਡ ਟਰੰਪ ਦੀ ਹਾਰ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਟਰੰਪ ਪ੍ਰਸ਼ਾਸਨ ਰਸਮੀ ਤਬਦੀਲੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਤਿਆਰ ਹੈ। ਫਿਰ ਵੀ ਟਰੰਪ ਨੇ ਚੋਣਾਂ ਨੂੰ ਉਲਟਾਉਣ ਦੀਆਂ ਕੋਸਿ਼ਸ਼ਾਂ ਜਾਰੀ ਰੱਖੀਆਂ ਅਤੇ ਵੱਖ-ਵੱਖ ਵਿਭਾਗਾਂ ਵਿਚ ਉਹਦੇ ਨਿਯੁਕਤ ਰਾਜਨੀਤਿਕ ਅਧਿਕਾਰੀ ਇਸ ਤਬਦੀਲੀ ਨੂੰ ਰੋਕਣ ਜਾਂ ਇਹਦੇ ਵਿਚ ਵਿਘਨ ਪਾਉਣ ਤੇ ਇਹਨੂੰ ਅਸਫਲ ਜਾਂ ਅਧੂਰੀ ਬਣਾਉਣ ਲਈ ਸਰਗਰਮ ਰਹੇ।
ਟਰੰਪ ਦੀ ਆਪਣੀ ਸਰਕਾਰ ਚੋਣ ਧੋਖਾਧੜੀ ਬਾਰੇ ਕੀ ਕਹਿ ਰਹੀ ਸੀ: ਦਰਜਨਾਂ ਰਾਜਾਂ ਵਿਚ ਦੋਹਾਂ ਰਾਜਨੀਤਿਕ ਪਾਰਟੀਆਂ ਦੀ ਨੁਮਾਇੰਦਗੀ ਕਰਨ ਵਾਲੇ ਚੋਣ ਅਧਿਕਾਰੀਆਂ ਨੇ ਵਾਰ ਵਾਰ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਪ੍ਰਧਾਨਗੀ ਚੋਣ ਨਤੀਜੇ ਵਿਚ ਭੂਮਿਕਾ ਨਿਭਾਉਣ ਯੋਗ ਵਿਆਪਕ ਧੋਖਾਧੜੀ ਜਾਂ ਹੋਰ ਬੇਨਿਯਮੀਆਂ ਹੋਈਆਂ। ਇਹ ਬਿਆਨ ਸਿੱਧਾ ਚੋਣਾਂ ਦੇ ਇਸ ਮੂਲ ਸ੍ਰੋਤ ਦੇ ਮੂੰਹੋਂ ਆਪਣੇ ਆਪ ਵਿਚ ਟਰੰਪ ਦੇ ਕੂੜ੍ਹੇ ਚੋਣ-ਫਰੇਬਾਂ ਦੇ ਮੂੰਹ ‘ਤੇ ਕਰਾਰੀ ਚਪੇੜ ਸੀ। ਹੋਮਲੈਂਡ ਸਿਕਿਉਰਿਟੀ ਦੇ ਇੱਕ ਸੀਨੀਅਰ ਅਧਿਕਾਰੀ ਦੀ ਅਗਵਾਈ ਵਿਚ ਇੱਕ ਚੋਣ ਸੁਰੱਖਿਆ ਟੀਮ ਨੇ 12 ਨਵੰਬਰ ਨੂੰ ਇੱਕ ਪ੍ਰੈਸ ਬਿਆਨ ਵਿਚ ਜ਼ੋਰ ਦੇ ਕੇ ਕਿਹਾ, “2020 ਦੀਆਂ ਚੋਣਾਂ ਅਮਰੀਕੀ ਇਤਿਹਾਸ ਵਿਚ ਸਭ ਤੋਂ ਸੁਰੱਖਿਅਤ ਸਨ।” ਇਸ ਪ੍ਰੈਸ ਵਿਚ ਪ੍ਰਗਟ ਤੱਥ ਟਰੰਪ ਦੇ ‘ਵਿਆਪਕ ਚੋਣ ਧੋਖਾਧੜੀ’ ਦੇ ਝੂਠਾਂ ਨਾਲ ਟਕਰਾ ਗਏ। ਨਤੀਜੇ ਵਜੋਂ 18 ਨਵੰਬਰ ਨੂੰ ਟਰੰਪ ਨੇ ਸਾਈਬਰ ਸੁਰੱਖਿਆ ਤੇ ਬੁਨਿਆਦੀ ਸੁਰੱਖਿਆ ਏਜੰਸੀ ਦੇ ਡਾਇਰੈਕਟਰ ਕ੍ਰਿਸ ਕ੍ਰੇਬਜ਼ ਨੂੰ ਬਰਖਾਸਤ ਕਰ ਦਿੱਤਾ, ਇਸ ਪ੍ਰੈਸ ਰਿਲੀਜ਼ ਦੀ ਸਮਗਰੀ ਦਾ ਹਵਾਲਾ ਦਿੰਦਿਆਂ।
ਅਟਾਰਨੀ ਜਨਰਲ ਵਿਲੀਅਮ ਬਾਰ ਵ੍ਹਾਈਟ ਹਾਊਸ ਤੋਂ ਸੁਤੰਤਰ ਰਹਿਣ ਦੇ ਨਿਆਂ ਵਿਭਾਗ ਦੇ ਸਾਰੇ ਨਿਯਮਾਂ ਨੂੰ ਤੋੜਦਿਆਂ ਆਪਣੇ ਕਾਰਜਕਾਲ ਦੌਰਾਨ ਟਰੰਪ ਦਾ ਪਾਣੀ ਭਰਦਾ ਰਿਹਾ, ਜਿਵੇਂ ਉਹ ਟਰੰਪ ਦਾ ਨਿੱਜੀ ਵਕੀਲ ਹੋਵੇ। ਪਹਿਲੀ ਦਸੰਬਰ 2020 ਨੂੰ ਐਸੋਸੀਏਟਡ ਪ੍ਰੈਸ ਨਾਲ ਇੱਕ ਇੰਟਰਵਿਊ ਵਿਚ ਬਾਰ ਨੇ ਕਿਹਾ ਕਿ ਨਿਆਂ ਵਿਭਾਗ ਨੂੰ ‘ਵਿਆਪਕ ਧੋਖਾਧੜੀ’ ਦੇ ਦੋਸ਼ਾਂ ਦਾ ਸਮਰਥਨ ਕਰਦਿਆਂ ਕੋਈ ਸਬੂਤ ਨਹੀਂ ਮਿਲੇ, ਜੋ ਪ੍ਰਧਾਨਗੀ ਚੋਣਾਂ ਦੇ ਨਤੀਜੇ ਨੂੰ ਬਦਲ ਸਕਦੇ ਹੋਣ। ਉਸ ਨੇ ਮੰਨਿਆ ਕਿ ਜਸਟਿਸ ਵਿਭਾਗ ਅਤੇ ਹੋਮਲੈਂਡ ਸਿਕਿਉਰਿਟੀ ਵਿਭਾਗ-ਦੋਹਾਂ ਨੇ ਚੋਣ-ਧੋਖਾਧੜੀ ਦੇ ਦਾਅਵਿਆਂ ‘ਤੇ ਪੜਤਾਲ ਕੀਤੀ ਹੈ, ਪਰ ਕੁਝ ਹੱਥ ਨਹੀਂ ਲੱਗਿਆ। ਬਾਰ ਦੇ ਬੋਲੇ ਤੱਥ ਟਰੰਪ ਦੇ ‘ਚੋਣ ਧੋਖਾਧੜੀ’ ਝੂਠਾਂ ਨਾਲ ਟਕਰਾ ਗਏ, ਤੇ ਬਾਰ ਨੂੰ ਵੀ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ।
ਟਰੰਪ ਪ੍ਰਧਾਨਗੀ ਦੇ ਕੱਫਣ ਵਿਚ ਆਖਰੀ ਕਿੱਲ ਠੁਕੇ: ਚੋਣ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਇਲੈਕਟੋਰਲ ਕਾਲਜ ਦੀ ਬੈਠਕ ਤੋਂ ਕੁਝ ਦਿਨ ਪਹਿਲਾਂ ਟਰੰਪ ਦੁਆਰਾ ਅਸਿੱਧੇ ਤੌਰ ‘ਤੇ ਚੋਣ ਨਤੀਜਿਆਂ ਨੂੰ ਉਲਟਾਉਣ ਲਈ ਆਖਰੀ ਗੰਭੀਰ ਕਾਨੂੰਨੀ ਕੋਸਿ਼ਸ਼ ਵਜੋਂ ਟੈਕਸਸ ਸੂਬੇ ਨੇ ਯੂ. ਐਸ. ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਜਾਰਜੀਆ, ਮਿਸ਼ੀਗਨ, ਪੈਨਸਿਲਵੇਨੀਆ ਅਤੇ ਵਿਸਕਾਨਸਿਨ ਨੂੰ ਬਾਇਡਨ ਵਾਸਤੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਪਾਉਣ ਤੋਂ ਰੋਕੇ। ਇਸ ਬੇਤੁਕੇ ਲਾਅ ਸੂਟ ਵਿਚ, ਟੈਕਸਸ ਦੇ ਅਟਾਰਨੀ ਜਨਰਲ ਨੇ ਦਾਅਵਾ ਕੀਤਾ ਕਿ ਇਨ੍ਹਾਂ ਚਾਰ ਸੂਬਿਆਂ ਨੇ ਕਰੋਨਾਵਾਇਰਸ ਮਹਾਮਾਰੀ ਦਾ ਬਹਾਨਾ ਲਾਉਂਦਿਆਂ ਚੋਣ ਨਿਯਮਾਂ ਨੂੰ ਬਦਲ ਕੇ ਡਾਕ-ਵੋਟਿੰਗ ਦਾ ਜੋ ਬਹੁਤ ਵੱਡਾ ਵਿਸਥਾਰ ਕੀਤਾ, ਉਹ ਸੰਵਿਧਾਨ ਦੀ ਉਲੰਘਣਾ ਸੀ। ਇਕ ਇਤਿਹਾਸਕ, ਕਈ ਨਜ਼ਰੇ ਸ਼ਰਮਨਾਕ, ਹਰਕਤ ਵਿਚ ਕਾਂਗਰਸ ਦੇ 126 ਰਿਪਬਲੀਕਨ ਨੁਮਾਇੰਦਿਆਂ ਦੀ ਬਹੁ-ਗਿਣਤੀ ਨੇ ਉਸ ਮੁਕੱਦਮੇ ਦੀ ਹਮਾਇਤ ਵਿਚ ਸੁਪਰੀਮ ਕੋਰਟ ਨੂੰ ਭੇਜੇ ਇਕ ਐਮਿਕਸ ਸੰਖੇਪ (ਸਲਾਹਕਾਰੀ ਨੋਟ) ‘ਤੇ ਦਸਤਖਤ ਕੀਤੇ। ਮੁਕੱਦਮਾ, ਇੱਕ ਜਾਅਲੀ ਦਾਅਵੇ ‘ਤੇ ਅਧਾਰਤ, ਅਸਲ ਵਿਚ ਜੋਅ ਬਾਇਡਨ ਦੀ ਜਿੱਤ ਨੂੰ ਖਤਮ ਕਰਨ ਲਈ ਕਹਿ ਰਿਹਾ ਸੀ, ਉਸੇ ਚੋਣ ਵਿਚ ਜਿਸ ਨੇ ਉਨ੍ਹਾਂ ਨੂੰ ਵੀ ਜਿੱਤ ਬਖਸ਼ੀ ਸੀ। ਤਰਕ ਨੂੰ ਦੂਰੋਂ ਸਲਾਮ।
11 ਦਸੰਬਰ 2020 ਨੂੰ ਸੁਪਰੀਮ ਕੋਰਟ ਨੇ ਟਰੰਪ ਪ੍ਰਧਾਨਗੀ ਦੇ ਕੱਫਣ ਵਿਚ ਸਭ ਤੋਂ ਵੱਡਾ ਕਿੱਲ ਠੋਕ ਦਿੱਤਾ, ਇਨ੍ਹਾਂ 4 ਅਹਿਮ ਰਾਜਾਂ ਦੇ ਚੋਣ ਨਤੀਜਿਆਂ ਨੂੰ ਰੋਕਣ ਤੋਂ ਇਨਕਾਰ ਕਰਦਿਆਂ, ਜਿਸ ਦੀ ਮੁਕੱਦਮੇ ਵਿਚ ਮੰਗ ਕੀਤੀ ਗਈ ਸੀ। ਅਦਾਲਤ ਨੇ ਹੋਰ ਸਾਰੇ ਸਬੰਧਤ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ। ਬਹੁਤੇ ਰਿਪੋਰਟਰ ਅਤੇ ਚਿੰਤਕ ਇਸ ਗੱਲ ਨਾਲ ਸਹਿਮਤ ਨੇ ਕਿ ਟਰੰਪ ਵਲੋਂ ਚੋਣਾਂ ਉਲਟਾਉਣ ਦੀਆਂ ਕੋਸਿ਼ਸ਼ਾਂ ਵਿਚ ਬਹੁ ਗਿਣਤੀ ਰਿਪਬਲੀਕਨਾਂ ਦੀ ਸ਼ਮੂਲੀਅਤ ਨਾਲ ਅਮਰੀਕਾ ਦੇ ਇਤਿਹਾਸ ਵਿਚ ਬੇਮਿਸਾਲ ਸੀ।
ਅਮਰੀਕਾ ਦੀ ਪ੍ਰਧਾਨਗੀ ਚੋਣ ਪ੍ਰਕਿਰਿਆ ਦੇ ਇਕ ਹਿੱਸੇ ਵਜੋਂ, ਇਲੈਕਟੋਰਲ ਕਾਲਜ ਨੇ 14 ਦਸੰਬਰ ਵਾਲੀ ਮੀਟਿੰਗ ਵਿਚ ਜੋਅ ਬਾਇਡਨ ਦੀ ਡੋਨਾਲਡ ਟਰੰਪ ਉੱਤੇ ਫੈਸਲਾਕੁਨ ਜਿੱਤ ਦੀ ਪੁਸ਼ਟੀ ਕੀਤੀ। ਇਲੈਕਟੋਰਲ ਕਾਲਜ ਵਿਚ ਆਪਣੀ ਜਿੱਤ ਦੇ ਨਾਲ ਨਾਲ ਬਾਇਡਨ ਨੇ ਟਰੰਪ ਨੂੰ ਕੁੱਲ ਲੋਕ-ਵੋਟਾਂ ਵਿਚ ਵੀ 70 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਉਸ ਦਿਨ ਸ਼ਾਮ ਦੇ ਆਪਣੇ ਭਾਸ਼ਣ ਦੌਰਾਨ ਬਾਇਡਨ ਨੇ 81 ਮਿਲੀਅਨ ਲੋਕ-ਵੋਟਾਂ ਦੇ ਰਿਕਾਰਡ ਨੂੰ ਦਰਸਾਉਂਦਿਆਂ ਕਿਹਾ, “ਇੱਕ ਵਾਰ ਫਿਰ ਅਮਰੀਕਾ ਵਿਚ, ਕਾਨੂੰਨ ਦੇ ਰਾਜ, ਸਾਡੇ ਸੰਵਿਧਾਨ ਅਤੇ ਲੋਕਾਂ ਦੀ ਇੱਛਾ ਦੀ ਜਿੱਤ ਹੋਈ ਹੈ। ਧੱਕੀ, ਧਮਕਾਈ, ਪਰਖ ‘ਚ ਪਾਈ ਸਾਡੀ ਜਮਹੂਰੀਅਤ ਲਚਕੀਲੀ, ਸੱਚੀ, ਤੇ ਮਜ਼ਬੂਤ ਸਾਬਤ ਹੋਈ ਹੈ।”
ਇਹ ਕੈਸੀ ਸਹਿਜ-ਘਟਨਾ ਸੀ, ਉਸੇ ਦਿਨ ਹੀ ਕੋਵਿਡ ਵੈਕਸੀਨ ਦੇ ਟੀਕੇ ਅਮਰੀਕਾ ਦੀ ਬਾਹਾਂ ਵਿਚ ਲੱਗਣੇ ਸ਼ੁਰੂ ਹੋਏ! ਟੀਕੇ ਲੱਗਣ ਦੀ ਪਹਿਲੀ ਕਤਾਰ ਵਿਚ ਆਉਂਦੇ, ਦੇਸ਼ ਭਰ ਦੇ ‘ਸਿਹਤ ਦੇਖਭਾਲ’ ਕਰਮਚਾਰੀਆਂ ਨੇ ਸ਼ਾਟ ਲੈਣ ਲਈ ਬਾਂਹਾਂ ਉਪਰਲੇ ਸਲੀਵ ਉਤਾਂਹ ਨੂੰ ਚੁੱਕੇ। ਆਖਰਕਾਰ, ਹੌਲੀ ਹੌਲੀ ਪਰ ਨਿਸ਼ਚਿਤ ਤੌਰ ਤੇ, ਅਮਰੀਕਾ ਦੀ ਤੰਦਰੁਸਤੀ ਵਾਪਸ ਆ ਰਹੀ ਸੀ, ਵਾਇਰਸ ਤੇ ਰਾਜਨੀਤਿਕ-ਦੋਵੇਂ ਮੋਰਚਿਆਂ ‘ਤੇ। ਇਸ ਤਰ੍ਹਾਂ ਸੋਮਵਾਰ, 14 ਦਸੰਬਰ 2020 ਅਮਰੀਕੀ ਇਤਿਹਾਸ ਦਾ ਇੱਕ ਖਾਸ ਦਿਨ ਬਣ ਗਿਆ। ਵਿਗਿਆਨ, ਤਰਕ, ਮਾਨਵਵਾਦ ਅਤੇ ਉਨ੍ਹਾਂ ਦੀ ਜਾਈ ਜਮਹੂਰੀਅਤ ਜਿੱਤ ਹੋਈ ਅਤੇ ਅਮਰੀਕਾ ਦੀ ‘ਤੰਦਰੁਸਤੀ ਵਾਪਸ ਆ ਰਹੀ ਹੈ’ ਦਾ ਸੰਦੇਸ਼ ਦੇਸ਼ ਭਰ ਵਿਚ ਫੈਲ ਗਿਆ।
ਟਰੰਪ ਦੀ ਅਗਵਾਈ ਹੇਠ ਲੁਭਾਊ ਲਹਿਰ ਦੇ ਜਮਹੂਰੀਅਤ ਉੱਤੇ ਹਮਲੇ ਅਜੇ ਖਤਮ ਨਹੀਂ ਹੋਏ ਸਨ। ਲੁਭਾਊ ਲਹਿਰ ਦੇ ਇਹ ਹੋਰ ਲੱਛਣ ਦਾ ਪ੍ਰਦਰਸ਼ਨ ਕਰਨਾ ਅਜੇ ਬਾਕੀ ਸੀ: ਹਮਲਾਵਰ ਢੰਗ ਨਾਲ ਪ੍ਰਬੋਧਨ ਦੇ ਆਦਰਸ਼ਾਂ ਦਾ ਤੇ ਉਨ੍ਹਾਂ ਦੀ ਜਾਈ ਜਮਹੂਰੀਅਤ ਦਾ ਖੰਡਨ।
ਅਮਰੀਕੀ ਜਮਹੂਰੀਅਤ ‘ਤੇ ਟਰੰਪ ਦਾ ਬੇਹਿਤਾਸ਼ਾ ਹਮਲਾ: 14 ਦਸੰਬਰ ਨੂੰ ਇਲੈਕਟੋਰਲ ਕਾਲਜ ਦੁਆਰਾ ਜੋਅ ਬਾਇਡਨ ਦੀ ਜਿੱਤ ਦੀ ਪੁਸ਼ਟੀ ਹੋਣ ਤੋਂ ਬਾਅਦ, ਪਹਿਲਾਂ ਹੀ ਯੂ. ਐਸ. ਸੁਪਰੀਮ ਕੋਰਟ ਵਿਚ ਕੇਸ ਹਾਰ ਚੁੱਕੇ ਟਰੰਪ ਨੇ ਆਪਣੀ ਚੋਣ-ਹਾਰ ਨੂੰ ਉਲਟਾਉਣ ਲਈ ਆਪਣੀ ਅਗਲੀ ਚਾਲ ਦੇਸ਼ ਦੇ ਕੈਲੰਡਰ ਉੱਤੇ ਪਾ ਕੇ, 19 ਦਸੰਬਰ ਨੂੰ ਆਪਣੇ ਟਵੀਟ ਰਾਹੀਂ ਇਸ ਦਾ ਦੁਨੀਆਂ ਦੇ ਸਾਹਮਣੇ ਐਲਾਨ ਕੀਤਾ, “ਵੱਡਾ ਰੋਸ (ਫਰੋਟੲਸਟ) 6 ਜਨਵਰੀ ਨੂੰ ਡੀ. ਸੀ. ਵਿਚ। ਉਥੇ ਜਾਓ, ਇਹ ਬੜਾ ਖਰੂਦੀ (ੱਲਿਦ) ਹੋਏਗਾ!” ਉਸ ਦਿਨ ਨੂੰ ਹੱਲਾਸ਼ੇਰੀ ਦੇਣ ਵਾਲੇ ਉਸ ਦੇ ਕਈ ਟਵੀਟ ਆਏ। ਟਰੰਪ ਦੇ ਕਹਿਣ ‘ਤੇ, ਜਦੋਂ ਉਹਦੇ ਸਮਰਥਕ ਵਾਸਿ਼ੰਗਟਨ ਵਿਚ ਆਣ ਪ੍ਰਗਟ ਹੋਏ, ਤਾਂ ਉਹ ਵੀ ਉਨ੍ਹਾਂ ਲਈ ਉੱਥੇ ਸੀ। ਬੁੱਧਵਾਰ, 6 ਜਨਵਰੀ ਨੂੰ ਸਵੇਰੇ ਵ੍ਹਾਈਟ ਹਾਊਸ ਦੇ ਨਜ਼ਦੀਕ ਕੀਤੀ ਗਈ ‘ਖਰੂਦੀ’ ਰੈਲੀ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਉਨ੍ਹਾਂ ਨੂੰ ‘ਕੈਪੀਟਲ ਹਿੱਲ’ ਨੂੰ ਜਾਣ ਦਾ ਨਿਰਦੇਸ਼ ਦਿੱਤਾ, “…ਅਤੇ ਇਸ ਤੋਂ ਬਾਅਦ, ਅਸੀਂ ਤੁਰਨ ਜਾ ਰਹੇ ਹਾਂ। ਮੈਂ ਤੁਹਾਡੇ ਨਾਲ ਤੁਰਾਂਗਾ, ਅਸੀਂ ਜਾਵਾਂਗੇ…ਰਾਜਧਾਨੀ ਨੂੰ।” ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਥੇ ਜਾ ਕੇ ਕੀ ਕਰਨਾ ਹੈ, “…ਕਿਉਂਕਿ ਤੁਸੀਂ ਕਦੇ ਵੀ ਕਮਜ਼ੋਰੀ ਨਾਲ ਆਪਣੇ ਦੇਸ਼ ਨੂੰ ਵਾਪਸ ਨਹੀਂ ਲੈ ਸਕਦੇ। ਇਸ ਲਈ ਤੁਹਾਨੂੰ ਤਾਕਤ ਦਿਖਾਉਣੀ ਪਵੇਗੀ ਅਤੇ ਤੁਹਾਨੂੰ ਤਾਕਤਵਰ ਹੋਣਾ ਪਵੇਗਾ।” ਫਿਰ ਟਰੰਪ ਨੇ ਭੀੜ ਨੂੰ ਭੜਕਾਉਂਦੇ ਹੋਏ ਚੋਣ-ਝੂਠ ਦੁਹਰਾਉਂਦਿਆਂ ਨਾਲ ਕਿਹਾ ਕਿ ਚੋਣ ਵਿਚ ‘ਕੱਟੜਪੰਥੀ ਡੈਮੋਕਰੈਟਾਂ’ ਅਤੇ ‘ਜਾਅਲੀ ਮੀਡੀਆ’ ਨੇ ‘ਧਾਂਦਲੀ’ ਮਚਾਈ ਸੀ। ਉਸ ਨੇ ਉਨ੍ਹਾਂ ਨੂੰ ਕਿਹਾ, “ਨਰਕ ਵਾਂਗ ਲੜੋ (ਾਂਗਿਹਟ ਲਕਿੲ ਹੲਲਲ)”
ਟਰੰਪ ਦੇ ਬੋਲਣ ਤੋਂ ਪਹਿਲਾਂ ਉਸ ਦੇ ਵਕੀਲ ਰੂਡੀ ਜੂਲਿਆਨੀ ਨੇ “ਬਾਜੂਆਂ ਦੇ ਜ਼ੋਰ ਮੁੱਕਦਮਾ ਲੜਨ” ਲਈ ਭੀੜ ਨੂੰ ਉਕਸਾਇਆ ਅਤੇ ਟਰੰਪ ਦੇ ਛੋਕਰੇ ਡੋਨਾਲਡ ਟਰੰਪ ਜੂਨੀਅਰ ਨੇ ਟਰੰਪ ਦੇ ਵਿਰੋਧੀਆਂ ਨੂੰ ਧਮਕੀ ਦਿੱਤੀ, “ਅਸੀਂ ਤੁਹਾਡੇ ਲਈ ਆ ਰਹੇ ਹਾਂ।” ਰੈਲੀ ਵਿਚ ਸਮਰਥਕਾਂ ਨੂੰ ਇਹ ਦੱਸਣ ਤੋਂ ਬਾਅਦ ਕਿ ਉਹ ਉਨ੍ਹਾਂ ਦੇ ਨਾਲ ਚੱਲੇਗਾ, ਟਰੰਪ ਵ੍ਹਾਈਟ ਹਾਊਸ ਨੂੰ ਚਲੇ ਗਿਆ ਅਤੇ ਆਪਣੇ ਸਮਰਥਕਾਂ ਦੁਆਰਾ ਰਾਜਧਾਨੀ ਵਿਖੇ ਹਿੰਸਕ ਰਾਜਪਲਟੇ ਦੀ ਕੋਸਿ਼ਸ਼ ਨੂੰ ਵਾਪਰਦਿਆਂ ਉਸ ਟੀ. ਵੀ. ‘ਤੇ ਦੇਖਿਆ। ਰੈਲੀ ਵਿਚ ਭੜਕਾਈ ਹੋਈ ਭੀੜ ਨੇ ਕੈਪੀਟਲ ਹਿੱਲ ਵੱਲ ਕੂਚ ਕੀਤਾ, ਜਿਥੇ ਕਾਂਗਰਸ ਇਕ ਸੰਯੁਕਤ ਸੈਸ਼ਨ ਵਿਚ ਜੁੜੀ ਹੋਈ ਸੀ। ਉਪ ਪ੍ਰਧਾਨ ਮਾਈਕ ਪੈਂਸ ਅਤੇ ਹਾਊਸ ਸਪੀਕਰ ਨੈਨਸੀ ਪਲੋਸੀ ਦੀ ਪ੍ਰਧਾਨਗੀ ਹੇਠ, ਚੋਣ ਜੇਤੂ ਜੋਅ ਬਾਇਡਨ ਨੂੰ ਅਮਰੀਕਾ ਦੇ 46ਵੇਂ ਪ੍ਰਧਾਨ ਵਜੋਂ ਤਸਦੀਕ ਕਰਨ ਲਈ। ਭੀੜ ਉਥੇ ਸੀ ਕਾਂਗਰਸ ਨੂੰ ਮਜਬੂਰ ਕਰਨ ਲਈ ਕਿ ਉਹ ਬਾਇਡਨ ਦੀ ਕਾਨੂੰਨੀ ਤੇ ਜਮਹੂਰੀ ਜਿੱਤ ਨੂੰ ਰੱਦ ਕਰੇ।
ਇਸ ਭੀੜ ਵਿਚੋਂ ਉੱਠਿਆ ਹੁੱਲੜਬਾਜ਼ ਗਿਰੋਹ ਕੈਪੀਟਲ ਦੇ ਪੂਰਬ ਵਾਲੇ ਪਾਸੇ ਦੀਆਂ ਪੌੜੀਆਂ ‘ਤੇ ਬੈਰੀਕੇਡਾਂ ਨੂੰ ਤੋੜਦਾ ਉੱਪਰ ਚੜ੍ਹ ਗਿਆ, ਬਾਅਦ ਦੁਪਹਿਰ 2:15 ਵਜੇ, ਪੂਰਬੀ ਸਮੇਂ ਦੇ ਹਿਸਾਬ ਨਾਲ। ਫਿਰ, ਦੰਗੇਬਾਜ, ਜਿਨ੍ਹਾਂ ਵਿਚੋਂ ਕਈ ਸ਼ਸਤਰੀ ਵਰਦੀਆਂ ਵਿਚ ਸਨ, ਖਿੜਕੀਆਂ ਤੇ ਦਰਵਾਜੇ ਤੋੜਦੇ ਹੋਏ ਕੈਪੀਟਲ ਇਮਾਰਤ ਵਿਚ ਦਾਖਲ ਹੋ ਗਏ ਅਤੇ ਕਈ ਘੰਟਿਆਂ ਤਕ ਇਮਾਰਤ ਦੇ ਕੁਝ ਹਿੱਸਿਆਂ ‘ਤੇ ਕਬਜ਼ਾ ਕਰ ਕੇ ਤੋੜ-ਭੰਨ ਤੇ ਲੁੱਟਮਾਰ ਕੀਤੀ। ਉਹ ਹੇਕਾਂ ਲਾ ਤੇ ਚਾਂਗਰਾਂ ਮਾਰ ਰਹੇ ਸਨ ਉਸ ਝੂਠ ਤੂਫਾਨ ਦੀਆਂ, ਜੋ ਟਰੰਪ ਅਤੇ ਉਸ ਦੀ ਮੁਹਿੰਮ ਨੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਸਿਰਾਂ ਵਿਚ ਕੁੱਟ ਕੁੱਟ ਕੇ ਭਰਿਆ ਸੀ, ਜਿਵੇਂ ਟਰੰਪ ਚੋਣ ਦਾ ਅਸਲ ਵਿਜੇਤਾ ਸੀ। ਦੰਗੇਬਾਜ ਦਰ-ਬ-ਦਰ ਗਏ, ਕਾਲੇ ਅਮਰੀਕੀਆਂ ਦੀ ਗੁਲਾਮੀ ਦੇ ਪ੍ਰਤੀਕ ਕਨਫੈਡਰੇਟ ਝੰਡੇ ਲਹਿਰਾਉਂਦੇ ਹੋਏ ਅਤੇ ਸੈਨੇਟਰਾਂ ਤੇ ਨੈਨੀ ਪਲੋਸੀ ਸਮੇਤ ਸੰਸਦ ਮੈਂਬਰਾਂ ਦੇ ਦਫਤਰਾਂ ਨੂੰ ਲੁੱਟਿਆ।
ਟਰੰਪ ਪਿਛਲੇ ਕਈ ਦਿਨ ਤੋਂ ਉਪ ਪ੍ਰਧਾਨ ਮਾਈਕ ਪੈਂਸ ਉੱਤੇ ਦਬਾਅ ਪਾ ਰਿਹਾ ਸੀ ਜਨਤਕ ਤੌਰ `ਤੇ ਇਹ ਸੁਝਾਅ ਦੇ ਕੇ ਕਿ ਉਸ ਵਲੋਂ ਬਾਇਡਨ ਦੀ ਜਿੱਤ ਨੂੰ ਰੱਦ ਕਰ ਦੇਣਾ ਚਾਹੀਦਾ ਹੈ, ਇਸ ਤੱਥ ਦੇ ਮੱਦੇਨਜ਼ਰ ਵੀ ਕਿ ਪੈਂਸ ਕੋਲ ਇਹ ਕੰਮ ਕਰਨ ਲਈ ਕੋਈ ਸੰਵਿਧਾਨਕ ਸ਼ਕਤੀ ਨਹੀਂ ਸੀ। ਇਸ ਲਈ ਜਦੋਂ ਟੀ. ਵੀ. ਦੇਖਦੇ ਟਰੰਪ ਨੇ 2:24 ਵਜੇ ਟਵੀਟ ਕੀਤਾ ਕਿ ਪੈਂਸ ਵਿਚ “ਉਹ ਕਰਨ ਦੀ ਹਿੰਮਤ ਨਹੀਂ ਸੀ ਜੋ ਕਰਨਾ ਚਾਹੀਦਾ ਸੀ”, ਤਾਂ ਟਰੰਪ ਦੇ ਪੈਰੋਕਾਰਾਂ ਨੇ ਅੱਤ ਸੱਜ-ਪਿਛਾਕੜ ਸੋਸ਼ਲ ਮੀਡੀਆ ਉੱਪਰ ਪੈਂਸ ਦਾ ਸਿ਼ਕਾਰ ਕਰਨ ਦੇ ਸੱਦੇ ਦੇਣੇ ਸ਼ੁਰੂ ਕੀਤੇ। ਰਾਜਧਾਨੀ ਅੰਦਰ ਘੁੰਮ ਰਹੇ ਦੰਗੇਕਾਰ ਇਹ ਕਹਿਣ ਲੱਗੇ, “ਪੈਂਸ ਕਿੱਥੇ ਹੈ?” ਅਤੇ “ਮਾਈਕ ਪੈਂਸ ਨੂੰ ਲੱਭੋ!” ਬਾਹਰ, ਭੀੜ ਜੈਕਾਰੇ ਮਾਰਨ ਲੱਗੀ, “ਮਾਈਕ ਪੈਂਸ ਨੂੰ ਫਾਹੇ ਲਾਓ!”
ਸਦਨ ਦੀ ਸਪੀਕਰ ਨੈਨਸੀ ਪਲੋਸੀ ਅਤੇ ਸੈਨੇਟ ਘੱਟਗਿਣਤੀ ਦੇ ਨੇਤਾ ਚੱਕ ਸ਼ੂਮਰ ਨੇ ਸ਼ਾਮ 3:50 ਵਜੇ ਦੇ ਲਗਭਗ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਟਰੰਪ ਨੂੰ ਕਿਹਾ, “ਮੰਗ ਕਰੋ ਕਿ ਸਾਰੇ ਪ੍ਰਦਰਸ਼ਨਕਾਰੀ ਯੂ.ਐਸ. ਕੈਪੀਟਲ ਅਤੇ ਕੈਪੀਟਲ ਥਾਂ ਨੂੰ ਤੁਰੰਤ ਛੱਡਣ।” ਸ਼ਾਮ 4:06 ਵਜੇ ਚੁਣੇ ਗਏ ਪ੍ਰਧਾਨ ਬਾਇਡਨ ਨੇ ਦੰਗੀਆਂ ਨੂੰ ਜਮਹੂਰੀਅਤ ਉੱਤੇ ‘ਬੇਮਿਸਾਲ ਹਮਲਾ’ ਕਰਾਰ ਦਿੱਤਾ ਅਤੇ ਉਨ੍ਹਾਂ ‘ਤੇ ‘ਬਗਾਵਤ’ ਦਾ ਲੇਬਲ ਲਾਉਂਦਿਆਂ ਰਾਸ਼ਟਰੀ ਟੈਲੀਵਿਜ਼ਨ ਉੱਤੇ ਜਾ ਕੇ ਟਰੰਪ ਨੂੰ ‘ਇਸ ਘੇਰਾਬੰਦੀ ਨੂੰ ਖਤਮ’ ਕਰਵਾਉਣ ਦੀ ਅਪੀਲ ਕੀਤੀ। ਇਸ ਅਤੇ ਵ੍ਹਾਈਟ ਹਾਊਸ ਦੇ ਅੰਦਰੂਨੀ ਦੇ ਦਬਾਅ ਨਾਲ, ਟਰੰਪ ਨੇ ਦੰਗਿਆਂ ਨੂੰ ਸਥਿਤੀ ਦੀ ਗੰਭੀਰ ਨੂੰ ਘਟਾਉਂਦੇ ਹੋਇਆ ਇੱਕ ਵੀਡੀਓ ਟਵੀਟ ਕੀਤਾ, ਜਿਸ ਵਿਚ ਉਹਨੇ ਨੇ ਚੋਣ ਧੋਖਾਧੜੀ ਦੇ ਦਾਅਵਿਆਂ ਨੂੰ ਦੁਹਰਾਉਂਦਿਆਂ ਆਪਣੇ ਪੈਰੋਕਾਰਾਂ ਦੀ ਪ੍ਰਸ਼ੰਸਾ ਕੀਤੀ, “ਇਹ ਇੱਕ ਧੋਖਾਧੜੀ ਚੋਣ ਸੀ, ਪਰ ਅਸੀਂ ਇਨ੍ਹਾਂ ਲੋਕਾਂ ਦੇ ਹੱਥ ਨਹੀਂ ਖੇਡ ਸਕਦੇ। ਅਸੀਂ ਸ਼ਾਂਤੀ ਲੈਣੀ ਹੈ। ਸੋ, ਘਰ ਜਾਓ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਤੁਸੀਂ ਬਹੁਤ ਖਾਸ ਹੋ।” ਉਸ ਨੇ ਉਨ੍ਹਾਂ ਨਾਲ ਹਮਦਰਦੀ ਵੀ ਪ੍ਰਗਟ ਕੀਤੀ, “ਮੈਂ ਤੁਹਾਡੇ ਦਰਦ ਨੂੰ ਜਾਣਦਾ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਪੀੜਿਤ ਹੋ। ਸਾਡੀ ਇੱਕ ਚੋਣ ਹੋਈ ਸੀ, ਜੋ ਸਾਡੇ ਤੋਂ ਚੁਰਾ ਲਈ ਗਈ ਸੀ।” ਉਸ ਨੇ ਵਾਪਰੀ ਹਿੰਸਾ ਦੀ ਕੋਈ ਨਿੰਦਾ ਨਹੀਂ ਕੀਤੀ।
ਇਨ੍ਹਾਂ ਦੰਗਿਆਂ ਦੌਰਾਨ ਪਾਈਪ ਬੰਬ ਹੋਣ ਦੇ ਸ਼ੱਕ ਵਾਲੇ ਦੋ ਯੰਤਰ ਲੱਭੇ ਗਏ, ਇੱਕ ਰਿਪਬਲੀਕਨ ਨੈਸ਼ਨਲ ਕਮੇਟੀ ਦੇ ਦਫਤਰ ਨੇੜਿਓਂ ਅਤੇ ਦੂਜਾ ਡੈਮੋਕਰੈਟਿਕ ਨੈਸ਼ਨਲ ਕਮੇਟੀ ਦੇ ਹੈੱਡਕੁਆਰਟਰ ਵਿਖੇ ਇੱਕ ਝਾੜੀ ਦੇ ਹੇਠੋਂ। ਟਰੰਪ ਦੀ ਆਪਣੀ ਹੀ ਰਿਪਬਲੀਕਨ ਪਾਰਟੀ ਕਾਂਗਰਸ ਮੈਂਬਰ ਲਿਜ਼ ਚੇਨੀ ਦੇ ਸ਼ਬਦਾਂ ਵਿਚ, “ਅਮਰੀਕਾ ਦੇ ਪ੍ਰਧਾਨ ਨੇ ਇਸ ਉਪਦ੍ਰਵੀ ਭੀੜ ਨੂੰ ਬੁਲਾਇਆ, ਇਕੱਠਿਆਂ ਕੀਤਾ ਅਤੇ ਭੀੜ ਵਿਚ ਇਸ ਹਮਲੇ ਦੀ ਲਾਟ ਬਾਲੀ। ਉਸ ਪਿਛੋਂ ਜੋ ਵੀ ਹੋਇਆ, ਉਹ ਉਸ ਦਾ ਕਰਨਾ ਸੀ। ਪ੍ਰਧਾਨ ਤੋਂ ਬਗੈਰ ਇਹ ਸਭ ਕੁਝ ਨਹੀਂ ਹੋਣਾ ਸੀ…ਅਮਰੀਕਾ ਦੇ ਕਿਸੇ ਵੀ ਪ੍ਰਧਾਨ ਵਲੋਂ ਪ੍ਰਧਾਨਗੀ ਦੇ ਦਫਤਰ ਅਤੇ ਸੰਵਿਧਾਨ ਪ੍ਰਤੀ ਚੁੱਕ ਸਹੁੰ ਨਾਲ ਇਸ ਤੋਂ ਵੱਡਾ ਧੋਖਾ ਕਦੇ ਨਹੀਂ ਹੋਇਆ।”
ਇਸ ਸਭ ਲਈ, ਅਮਰੀਕੀ ਰਾਜਧਾਨੀ ‘ਤੇ ਹਮਲੇ ਦੇ ਇਕ ਹਫਤੇ ਬਾਅਦ ਹੀ, ਅਮਰੀਕੀ ਕਾਂਗਰਸ ਦੇ ਸੰਸਦ ਨੇ 13 ਜਨਵਰੀ ਨੂੰ ਡੋਨਾਲਡ ਟਰੰਪ ਨੂੰ ਦੂਜੀ ਵਾਰ ਮਹਾਂਦੋਸ਼ੀ ਐਲਾਨ ਕੇ ਅਮਰੀਕਾ ਦਾ ਪਹਿਲਾ ਪ੍ਰਧਾਨ ਬਣਾ ਦਿੱਤਾ, ਜੋ ਇਕ ਤੋਂ ਵੱਧ ਵਾਰ ਮਹਾਂਦੋਸ਼ੀ ਹੋਇਆ ਹੋਵੇ।
ਸਿੱਟੇ: 2020 ਦੀਆਂ ਅਮਰੀਕੀ ਚੋਣਾਂ ਅਤੇ ਕੋਵਿਡ-19 ਸੰਕਟ ਇੱਕ ਦੂਜੇ ਨਾਲ ਅਟੁੱਟ ਤਰ੍ਹਾਂ ਜੁੜੇ ਹੋਏ ਸਨ। ਸੁਚੇਤ ਜਾਂ ਅਚੇਤ ਤੌਰ ‘ਤੇ ਦੋਵੇਂ ਹੀ ਪ੍ਰਬੋਧਨ (ਓਨਲਗਿਹਟੲਨਮੲਨਟ) ਅਤੇ ਉਲਟ-ਪ੍ਰਬੋਧਨ ਸ਼ਕਤੀਆਂ ਵਿਚਕਾਰ ਲੜਾਈ ਦਾ ਮੈਦਾਨ ਬਣ ਗਏ। ਚੋਣਾਂ ਤੇ ਕੋਵਿਡ-19 ਸੰਕਟ ਦੇ ਗੱਠਜੋੜ ਨੇ ਟਰੰਪ ਦੀ ਅਗਵਾਈ ਹੇਠ ਲੁਭਾਊ (ਫੋਪੁਲਸਿਟ) ਲਹਿਰ ਦੀਆਂ ਉਲਟ ਪ੍ਰਬੋਧਨ ਵਿਸ਼ੇਸ਼ਤਾਵਾਂ ਨੂੰ ਕ੍ਰਿਸਟਲਾਈਜ਼ ਕਰ ਕੇ ਧੁੱਪ ਵਾਂਗ ਨੰਗਿਆਂ ਕਰ ਦਿੱਤਾ: ਤਰਕ-ਵਿਰੋਧੀ, ਵਿਗਿਆਨ-ਵਿਰੋਧੀ ਤੇ ਮਾਨਵਵਾਦ-ਵਿਰੋਧੀ; ਜਦ ਕਿ ਤਰਕ, ਵਿਗਿਆਨ ਤੇ ਮਾਨਵਵਾਦ ਪ੍ਰਬੋਧਨ ਲਹਿਰ ਦੇ ਮੁੱਖ ਆਦਰਸ਼ ਸਨ।
ਜਿਵੇਂ ਸਟੀਵਨ ਪਿੰਕਰ ਨੇ ਆਪਣੀ ਪੁਸਤਕ ‘ਇਨਲਾਈਟਨਮੈਂਟ ਨਾਓ’ ਵਿਚ ਦਰਸਾਇਆ ਹੈ, ਲੁਭਾਊ ਲਹਿਰ ਜਿਸ ਅੱਖੜਤਾ ਤੇ ਹਮਲਾਵਰ ਢੰਗ ਨਾਲ ਪ੍ਰਬੋਧਨ ਦੇ ਆਦਰਸ਼ਾਂ ਦਾ ਖ਼ਡਨ ਤੇ ਉਨ੍ਹਾਂ ਨੂੰ ਭੰਗ ਕਰਦੀ ਹੈ, ਉਸ ਤੋਂ ਕਿਤੇ ਘੱਟ ਜੋਸ਼ ਤੇ ਜ਼ੋਰ ਨਾਲ ਪ੍ਰਬੋਧਨ ਸ਼ਕਤੀਆਂ ਉਨ੍ਹਾਂ ਆਦਰਸ਼ਾਂ ਦੀ ਰਾਖੀ ਕਰਦੀਆਂ ਨੇ। ਇਸ ਤੱਥ ਨੂੰ ਇਸ ਸੱਚਾਈ ਨਾਲ ਮਿਲਾ ਲਵੋ ਕਿ ਵ੍ਹਾਈਟ ਹਾਊਸ ਤੇ ਯੂ. ਐਸ. ਸੈਨੇਟ ਉੱਤੇ ਕੰਟਰੋਲ ਰੱਖਣ ਕਾਰਨ ਲੁਭਾਊ ਲਹਿਰ ਕੋਲ ਅਮਰੀਕੀ ਸਰਕਾਰ ਦੀ ਤਾਕਤ ਸੀ, ਜੋ ਉਸਵਨੇ ਬੇਸ਼ਰਮੀ ਤੇ ਬੇਮਿਸਾਲ ਢੰਗ ਨਾਲ ਝੂਠ ਅਤੇ ਖੜਯੰਤਰੀ ਕੂੜ-ਕਵਾੜ ਫੈਲਾਉਣ ਲਈ ਵਰਤੀ; ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਕੋਵਿਡ-19 ਸੰਕਟ ਤੋਂ ਬਿਨਾ ਟਰੰਪ ਦੀ ਚੋਣ-ਜਿੱਤ ਸੰਭਾਵਨਾ ਬਹੁਤ ਜਿ਼ਆਦਾ ਸੀ। ਟਰੰਪ ਦੀ ਹਾਰ ਤੋਂ ਬਾਅਦ ਟਰੰਪ, ਉਸ ਦੇ ਪੈਰੋਕਾਰਾਂ ਅਤੇ ਯੂ. ਐਸ. ਕਾਂਗਰਸ ਦੇ ਰਿਪਬਲੀਕਨ ਮੈਂਬਰਾਂ ਦੀਆਂ ਕਰਤੂਤਾਂ ਨੇ ਲੁਭਾਊ ਲਹਿਰ ਦੇ ਘੋਰ ਜਮਹੂਰੀਅਤ ਵਿਰੋਧੀ ਸੁਭਾਅ ਦਾ ਪਰਦਾਫਾਸ਼ ਕਰ ਦਿੱਤਾ। ਇਸ ਦਾ ਸਿਹਰਾ ਕੋਵਿਡ-19 ਸੰਕਟ ਸਿਰ ਬੱਝਦਾ ਹੈ, ਕਿਉਂਕਿ ਟਰੰਪ ਦੇ ਜਿੱਤਣ ਨਾਲ ਇਹ ਪਰਦਾਫਾਸ਼ ਇੰਨੀ ਸਪਸ਼ਟਤਾ ਤੇ ਵਿਸ਼ਾਲਤਾ ਨਾਲ ਨਹੀਂ ਹੋਣ ਵਾਲਾ ਸੀ। ਨਾਲੇ ਜਿੱਤਣ ਦੀ ਸੂਰਤ ਵਿਚ ਟਰੰਪ ਨੂੰ ਹੋਰ ਚਾਰ ਸਾਲ ਮਿਲ ਜਾਣੇ ਸਨ ਅਮਰੀਕੀ ਜਮਹੂਰੀਅਤ ਨੂੰ ਜੜ੍ਹਾਂ ਵਿਚ ਹੌਲੀ ਹੌਲੀ ਆਰੀ ਚਲਾਉਣ ਲਈ, ਅਮਰੀਕੀ ਸਰਕਾਰ ਦੀ ਤਾਕਤ ਦੀ ਵਰਤੋਂ ਕਰਦਿਆਂ, ਜਿਵੇਂ ਉਸ ਪਿਛਲੇ ਚਾਰ ਸਾਲਾਂ ਤੋਂ ਕਰਦਾ ਆ ਰਿਹਾ ਸੀ।
ਪ੍ਰਬੋਧਨ ਅਤੇ ਉਲਟ-ਪ੍ਰਬੋਧਨ ਸ਼ਕਤੀਆਂ ਵਿਚਕਾਰ ਇਹ ਲੜਾਈ ਨਾ ਟਰੰਪ ਜਾਂ ਕਰੋਨਾ ਦੇ ਆਉਣ ਨਾਲ ਸ਼ੁਰੂ ਹੋਈ ਸੀ, ਨਾ ਉਨ੍ਹਾਂ ਦੇ ਜਾਣ ਨਾਲ ਖਤਮ ਹੋਵੇਗੀ। ਹਾਂ, ਟਰੰਪ ਨੇ ਇਸ ਲੜਾਈ ਨੂੰ ਤਿੱਖਾ ਜ਼ਰੂਰ ਕੀਤਾ ਤੇ ਕਰੋਨਾ ਨੇ ਇਸ ਵਿਚਲੀਆਂ ਧਿਰਾਂ ਦੀ ਸਪਸ਼ਟ ਪਛਾਣ ਕਰ ਦਿੱਤੀ। ਇਸ ਲੜਾਈ ਨੂੰ ਟਰੰਪਵਾਦ ਤੱਕ ਘਟਾ ਵੇਖਣਾ ਨਿਕਟ-ਅੰਦੇਸ਼ੀ ਹੋਵੇਗੀ।