ਨਿਰੰਜਣ ਬੋਹਾ, ਮਾਨਸਾ
ਫੋਨ: 91-89682-82700
ਪੰਜਾਬ ਖੇਤਰ ਵਿਚ ਸਮੇਂ ਸਮੇਂ ਚਲੀਆਂ ਸਥਾਪਤੀ ਵਿਰੋਧੀ ਤੇ ਲੋਕ ਪੱਖੀ ਲਹਿਰਾਂ ਨੇ ਇਸ ਖੇਤਰ ਦੀ ਜੰਗਜੂ ਤੇ ਜੁਝਾਰੂ ਪਛਾਣ ਸਥਾਪਿਤ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਇਨ੍ਹਾਂ ਲਹਿਰਾਂ ਕਾਰਨ ਹੀ ਇਸ ਖੇਤਰ ਦੇ ਲੋਕਾਂ ਦੀ ਸਿਆਸੀ ਚੇਤਨਾ ਐਨੀ ਵਿਕਸਿਤ ਹੈ ਕਿ ਪੂੰਜੀਵਾਦੀ ਸੱਤਾ ਪ੍ਰਬੰਧ ਨੂੰ ਦੇਸ਼ ਦੇ ਹੋਰ ਖੇਤਰਾਂ ਦੇ ਮੁਕਾਬਲੇ ਵਿਚ ਇੱਥੇ ਕਾਰਪੋਰੇਟ ਜਗਤ ਨੂੰ ਲਾਭ ਪਹੁੰਚਾਉਣ ਵਾਲੀਆਂ ਨੀਤੀਆਂ ਲਾਗੂ ਕਰਨ ਵਿਚ ਵਧੇਰੇ ਮੁਸ਼ਕਿਲ ਪੇਸ਼ ਆਉਂਦੀ ਹੈ ਤੇ ਕਈ ਵਾਰ ਇਹ ਨੀਤੀਆਂ ਲਾਗੂ ਕਰਨ ਲਈ ਵਿਸ਼ੇਸ਼ ਰਣਨੀਤੀ ਵੀ ਤਿਆਰ ਕਰਨੀ ਪੈਂਦੀ ਹੈ।
ਜੇ ਅਸੀਂ ਪੰਜਾਬ ਦੇ ਇਤਿਹਾਸ `ਤੇ ਝਾਤ ਮਾਰਦੇ ਹਾਂ ਤਾਂ ਸਾਨੂੰ ਮਾਣ ਹੁੰਦਾ ਹੈ ਕਿ ਭਾਰਤ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਤੇ ਪੱਛਮੀ ਬੰਗਾਲ ਦੇ ਲੋਕਾਂ ਅੰਦਰ ਲੋਕ ਪੱਖੀ ਸਿਆਸੀ ਚੇਤਨਾ ਦਾ ਪਸਾਰ ਵੱੱਧ ਰਿਹਾ ਹੈ। ਭਾਰਤ ਦੀ ਖੜਗ ਭੁਜਾ ਹੋਣ ਕਾਰਨ ਵਿਦੇਸ਼ੀ ਹਮਲਿਆਂ ਦਾ ਸਭ ਤੋਂ ਵੱੱਧ ਸਾਹਮਣਾ ਵੀ ਪੰਜਾਬ ਨੂੰ ਹੀ ਕਰਨਾ ਪਿਆ ਹੈ ਤੇ ਦੇਸ਼ ਦੀ ਆਜ਼ਾਦੀ ਦੇ ਨਾਂ ‘ਤੇ ਹੋਏ ਦੁਨੀਆਂ ਦੇ ਸਭ ਤੋਂ ਵੱਡੇ ਮਨੁੱਖੀ ਕਤਲੇਆਮ ਦਾ ਸੰਤਾਪ ਵੀ ਇਸ ਖੇਤਰ ਦੇ ਲੋਕਾਂ ਨੂੰ ਹੀ ਭੋਗਣਾ ਪਿਆ ਹੈ। ਇਸ ਲਈ ਇੱਥੋਂ ਦੇ ਲੋਕਾਂ ਦੇ ਸੁਭਾਅ ਦੀ ਤਾਸੀਰ ਸੁਭਾਵਿਕ ਤੌਰ `ਤੇ ਹੀ ਕੁਝ ਗਰਮ ਹੈ ਤੇ ਲੋਕਾਂ ਦੇ ਇਸੇ ਸੁਭਾਅ ਅਨੁਸਾਰ ਇਸ ਖੇਤਰ ਦੀ ਸਿਆਸੀ ਚੇਤਨਾ ਵੀ ਆਪਣਾ ਨਿਵੇਕਲਾ ਜੁਝਾਰੂ ਖਾਸਾ ਰੱਖਦੀ ਹੈ। ਇਹ ਖੇਤਰ ਮੁੱਢ ਤੋਂ ਹੀ ਲੋਕ ਘੋਲਾਂ ਦੇ ਅਗਵਾਨੂੰ ਰਹੇ ਯੋਧਿਆਂ ਦੀ ਕਰਮ ਭੂਮੀ ਰਿਹਾ ਹੈ।
ਪੰਜਾਬ ਖੇਤਰ ਦੇ ਲੋਕਾਂ ਦੀ ਵਿਕਸਿਤ ਸਿਆਸੀ ਚੇਤਨਾ ਕਾਰਨ ਹੀ ਅੰਗਰੇਜ਼ ਸਾਮਰਾਜ ਸਾਰੇ ਭਾਰਤ `ਤੇ ਕਬਜ਼ਾ ਕਰਨ ਤੋਂ ਬਾਅਦ ਹੀ ਪੰਜਾਬ ਨੂੰ ਆਪਣੇ ਵਿਚ ਸ਼ਾਮਿਲ ਕਰਨ ਵਿਚ ਕਾਮਯਾਬ ਹੋ ਸਕਿਆ ਸੀ। ਪੰਜਾਬ ਵਿਚ ਹਰ ਦੋ-ਤਿੰਨ ਦਹਾਕਿਆਂ ਬਾਅਦ ਲੋਕ ਚੇਤਨਾ ਨੂੰ ਪ੍ਰਚੰਡ ਕਰਨ ਵਾਲੀ ਕੋਈ ਨਾ ਕੋਈ ਲਹਿਰ ਜਾਂ ਅੰਦੋਲਨ ਪੈਦਾ ਹੁੰਦਾ ਹੀ ਰਹਿੰਦਾ ਹੈ। ਇਸ ਖੇਤਰ ਦੇ ਲੋਕਾਂ ਨੂੰ ਸਰਬੰਸ ਦਾਨੀ ਸੰਗਰਾਮੀ ਯੋਧੇ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਹਾਸਿਲ ਹੈ ਤੇ ਇਸ ਖੇਤਰ ਨਾਲ ਸਬੰਧਿਤ ਬਜੁਰਗਾਂ ਨੇ ਗੁਰਦੁਆਰਾ ਸੁਧਾਰ ਲਹਿਰ, ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਮੁਜ਼ਾਰਾ ਲਹਿਰ, ਖੁਸ਼ ਹੈਸੀਅਤ ਟੈਕਸ ਵਿਰੋਧੀ ਲਹਿਰ, ਗਦਰ ਲਹਿਰ, ਪਰਜਾ ਮੰਡਲ ਲਹਿਰ, ਨਕਸਲਵਾੜੀ ਲਹਿਰ ਤੇ ਸੰਨ 1984 ਦੀ ਖਾੜਕੂ ਲਹਿਰ ਵਿਚ ਵੱੱਧ ਚੜ੍ਹ ਕੇ ਹਿੱਸਾ ਪਾਇਆ ਹੈ। ਪੰਜਾਬ ਵਿਚ ਪੈਦਾ ਹੋਈ ਹਰ ਲਹਿਰ ਦਾ ਭਾਵੇਂ ਆਪਣਾ ਵੱਖਰਾ ਇਤਿਹਾਸ ਹੈ ਤੇ ਇਨ੍ਹਾਂ ਦੇ ਪੈਦਾ ਹੋਣ ਦੇ ਕਾਰਨ ਵੀ ਵੱਖੋ ਵੱਖਰੇ ਹਨ, ਪਰ ਇਹ ਲਹਿਰਾਂ ਆਪਣੇ ਖਾਤਮੇ ਤੋਂ ਬਾਅਦ ਵੀ ਲੋਕ ਮਨਾਂ ਵਿਚ ਜਿਉਂਦੀਆਂ ਹਨ। ਇਸੇ ਕਰਕੇ ਇਸ ਖੇਤਰ ਵਿਚ ਪੈਦਾ ਹੋਣ ਵਾਲੀ ਹਰ ਨਵੀਂ ਲਹਿਰ ਅੰਦੋਲਨ ਇਨ੍ਹਾਂ ਪਿਛੋਕੜੀ ਲਹਿਰਾਂ ਤੋਂ ਵਿਚਾਰਧਾਰਕ ਊਰਜਾ ਵੀ ਲੈਂਦਾ ਹੈ ਤੇ ਪੂਰਵਲੇ ਸੰਘਰਸ਼ੀ ਯੋਧਿਆਂ ਦੇ ਤਜਰਬਿਆਂ ਤੋਂ ਲਾਭ ਵੀ ਉਠਾਉਂਦਾ ਹੈ।
ਮੌਜੂਦਾ ਸਮੇਂ ਦੇ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਏ ਤੇ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚੇ ਕਿਸਾਨ ਅੰਦੋਲਨ ਨੇ ਵੀ ਪੰਜਾਬ ਦੀਆਂ ਵਿਰਸਾਗਤ ਸੰਘਰਸ਼ੀ ਲਹਿਰਾਂ ਤੋਂ ਬਹੁਤ ਕੁਝ ਹਾਸਲ ਵੀ ਕੀਤਾ ਹੈ ਅਤੇ ਆਪਣੀਆਂ ਬਹੁਤ ਸਾਰੀਆਂ ਮੌਲਿਕ ਵਿਸ਼ੇਸ਼ਤਾਈਆਂ, ਵਿਲੱਖਣਤਾਵਾਂ ਤੇ ਸੰਭਾਵਨਾਵਾਂ ਨੂੰ ਵੀ ਉਜਾਗਰ ਕੀਤਾ ਹੈ। ਇਹ ਕਿਸਾਨੀ ਅੰਦੋਲਨ ਭਾਵੇਂ ਪੰਜਾਬ ਦੇ ਹੱਦ ਬੰਨ੍ਹੇ ਟੱਪ ਕੇ ਦੇਸ਼ ਵਿਆਪੀ ਅੰਦੋਲਨ ਦਾ ਰੂਪ ਧਾਰਨ ਕਰ ਚੁਕਾ ਹੈ, ਪਰ ਪੰਜਾਬ ਖੇਤਰ ਦੀ ਜੰਗਜੂ ਤੇ ਜੁਝਾਰੂ ਖਾਸੇ ਵਾਲੀ ਪਛਾਣ ਕਾਰਨ ਇਸ ਦੀ ਮੁੱਖ ਅਗਵਾਈ ਅਜੇ ਪੰਜਾਬ ਕੋਲ ਹੀ ਹੈ। ਸੰਸਾਰ ਦੇ ਬਹੁਤ ਸਾਰੇ ਮਨੁੱਖੀ ਸੰਗਠਨਾਂ ਦੀਆਂ ਅਵਾਜ਼ਾਂ ਇਸ ਅੰਦੋਲਨ ਦੇ ਹੱਕ ਵਿਚ ਉੱਠਣ ਕਾਰਨ ਕਾਰਪੋਰੇਟ ਪੱਖੀ ਸੱਤਾ ਪ੍ਰਬੰਧ ਨੂੰ ਪੜਾਅ ਵਾਰ ਕਿਸਾਨਾਂ ਦੇ ਇਸ ਅੰਦੋਲਨ ਅੱਗੇ ਝੁੱਕਣਾ ਵੀ ਪੈ ਰਿਹਾ ਹੈ ਤੇ ਇਹ ਗੱਲ ਵੀ ਸਵੀਕਾਰਨੀ ਪਈ ਹੈ ਕਿ ਕਿਸਾਨੀ ਹਿੱਤਾ ਨੂੰ ਦਰ-ਕਿਨਾਰ ਕਰਕੇ ਤਿੰਨ ਖੇਤੀਬਾੜੀ ਕਾਨੂੰਨ ਉਨ੍ਹਾਂ ਕਾਰਪੋਰੇਟ ਜਗਤ ਨੂੰ ਹੋਰ ਮਜਬੂਤ ਕਰਨ ਲਈ ਹੀ ਬਣਾਏ ਹਨ। ਭਾਵੇਂ ਇਸ ਅੰਦੋਲਨ ਨੂੰ ਸਾਰੇ ਦੇਸ਼ ਦੇ ਕਿਸਾਨਾਂ ਤੇ ਇਨਸਾਫ-ਪਸੰਦ ਲੋਕਾਂ ਦਾ ਸਮਰਥਨ ਹਾਸਿਲ ਹੈ, ਪਰ ਫਿਰ ਵੀ ਸਾਰੇ ਦੇਸ਼ ਵਿਚ ਇਹੀ ਸੰਦੇਸ਼ ਗਿਆ ਹੈ ਕਿ ਜੇ ਕੋਈ ਖੇਤਰ ਕੇਂਦਰ ਦੀਆਂ ਫਾਂਸੀਵਾਦੀ ਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਕੋਈ ਡੱਟ ਕੇ ਮੁਕਾਬਲਾ ਕਰ ਸਕਦਾ ਤਾਂ ਉਹ ਪੰਜਾਬ ਖੇਤਰ ਹੀ ਹੈ।
ਕਿਸੇ ਵੀ ਵੱਡੇ ਅੰਦੋਲਨ ਨੂੰ ਸਫਲਤਾ ਯਕ ਦਮ ਤੇ ਇੱਕੋ ਵੇਲੇ ਨਹੀਂ ਮਿਲ ਜਾਂਦੀ ਸਗੋਂ ਇਹ ਸਫਲਤਾ ਬਹੁ-ਪੜਾਵੀ ਤੇ ਬਹੁ-ਪਰਤੀ ਹੁੰਦੀ ਹੈ। ਇਸੇ ਤਰ੍ਹਾਂ ਕਿਸੇ ਸੰਘਰਸ਼ ਦੀ ਮੁੱਖ ਜਿੱਤ ਨਾਲ ਕੁਝ ਉਪ ਤੇ ਸਹਾਇਕ ਜਿੱਤਾਂ ਵੀ ਜੁੜੀਆਂ ਹੁੰਦੀਆਂ ਹਨ। ਜੇ ਮੌਜੂਦਾ ਕਿਸਾਨ ਸੰਘਰਸ਼ ਦੀਆਂ ਇਨ੍ਹਾਂ ਉਪ ਜਿੱਤਾਂ ਵੱਲ ਨਜ਼ਰ ਮਾਰੀਏ ਤਾਂ ਅੰਕੜੇ ਦੱਸਦੇ ਹਨ ਕਿ ਜਦੋਂ ਦਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਦਾ ਪੰਜਾਬ ਵਿਚ ਕਿਸਾਨੀ ਖੁਦਕੁਸ਼ੀਆਂ ਦਾ ਰੁਝਾਨ ਵੀ ਬਹੁਤ ਤੇਜੀ ਨਾਲ ਘਟਿਆ ਹੈ। ਬਹੁਤਾ ਸਮਾਂ ਨਹੀਂ ਹੋਇਆ, ਜਦੋਂ ਪੰਜਾਬੀ ਅਖਬਾਰਾਂ ਆਪਣੇ ਮੁੱਖ ਪੰਨੇ `ਤੇ ਕਿਸਾਨੀ ਖੁਦਕੁਸ਼ੀਆਂ ਦੀ ਖਬਰ ਛਾਪਣ ਲਈ ਥਾਂ ਰਾਖਵੀਂ ਰੱਖਦੀਆਂ ਸਨ ਤੇ ਕਈ ਵਾਰ ਇੱਕਠੀਆਂ ਦੋ-ਤਿੰਨ ਖਬਰਾਂ ਵੀ ਕਿਸਾਨੀ ਮੌਤ ਦੇ ਕੀਰਨੇ ਪਾਉਂਦੀਆਂ ਵਿਖਾਈ ਦੇ ਜਾਂਦੀਆਂ ਸਨ। ਇਹ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਕਿਸਾਨੀ ਸੋਚ ਵਿਚ ਢਾਹੂ ਤੇ ਨਿਰਾਸ਼ ਬਿਰਤੀਆਂ ਤੋਂ ਲਗਭਗ ਛੁਟਕਾਰਾ ਪਾ ਕੇ ਸੰਘਰਸ਼ ਦੇ ਰਾਹ ਪੈ ਗਈ ਹੈ। ਹੁਣ ਅਖਬਾਰਾਂ ਦੇ ਮੁੱਖ ਪੰਨੇ `ਤੇ ਖੁਦਕੁਸ਼ੀਆਂ ਦੀਆਂ ਖਬਰਾਂ ਦੀ ਥਾਂ ਉਨ੍ਹਾਂ ਦੇ ਸੰਘਰਸ਼, ਸਿਦਕ ਤੇ ਹੌਸਲੇ ਦੀਆਂ ਖਬਰਾਂ ਛਪਦੀਆਂ ਹਨ। ਅਖਬਾਰਾਂ ਵੱਲੋਂ ਕਿਸਾਨੀ ਖੁਦਕੁਸ਼ੀਆਂ ਲਈ ਰੱਖੀ ਰਾਖਵੀਂ ਥਾਂ ਵੀ ਹੁਣ ਉਨ੍ਹਾਂ ਦੀਆਂ ਸੰਘਰਸ਼ੀ ਸਰਗਰਮੀਆਂ ਨੂੰ ਮਿਲਣ ਲੱਗ ਪਈ ਹੈ। ਇਸ ਤਰ੍ਹਾਂ ਕਿਸਾਨੀ ਅੰਦੋਲਨ ਨੇ ਖੁਦਕੁਸ਼ੀ ਦੇ ਰਾਹ ਪੈ ਸਕਦੇ ਥੁੜ੍ਹੇ-ਟੁੱਟੇ ਕਿਸਾਨਾਂ ਅੰਦਰ ਆਸ ਦੀ ਨਵੀਂ ਉਮੀਦ ਪੈਦਾ ਕੀਤੀ ਹੈ। ਭਾਵੇਂ ਕਿਸਾਨੀ ਸੰਘਰਸ਼ ਦੌਰਾਨ ਵੀ ਕੁਝ ਕੀਮਤੀ ਜਾਨਾਂ ਵੱਖ ਵੱਖ ਕਾਰਨਾਂ ਕਰਕੇ ਗਈਆਂ ਹਨ, ਪਰ ਇਨ੍ਹਾਂ ਨੂੰ ਸ਼ਹੀਦੀ ਦਰਜ਼ਾ ਹਾਸਿਲ ਹੈ। ਕਹਿ ਸਕਦੇ ਹਾਂ ਕਿ ਇਸ ਅੰਦੋਲਨ ਨੇ ਭੰਗ ਦੇ ਭਾੜੇ ਜਾ ਸਕਦੀਆਂ ਕਈ ਕੀਮਤੀ ਜਾਨਾਂ ਨੂੰ ਵੀ ਬਚਾਇਆ ਹੈ।
ਇਹ ਸੰਘਰਸ਼ ਭਾਵੇਂ ਅਜੇ ਸਾਡੇ ਇੱਛਤ ਮੁਕਾਮ ‘ਤੇ ਨਹੀਂ ਪੁੱਜਾ ਪਰ ਇਸ ਆਪਣੀ ਪੜਾਅ ਵਾਰ ਜਿੱਤ ਦੇ ਬਹੁਤ ਸਾਰੇ ਟੀਚੇ ਹਾਸਿਲ ਕਰ ਲਏ ਹਨ। ਕਿਸਾਨੀ ਸੋਚ ਨੂੰ ਸੰਘਰਸ਼ੀ ਦਿਸ਼ਾ ਦੇਣੀ ਤੇ ਉਸ ਨੂੰ ਭਵਿੱਖ ਲਈ ਆਸਵੰਦ ਬਣਾਉਣਾ ਇਸ ਸੰਘਰਸ਼ ਦੀ ਅਜਿਹੀ ਵੱਡੀ ਜਿੱਤ ਹੈ, ਜਿਸ ਦੇ ਨਤੀਜੇ ਬਹੁਤ ਦੂਰ ਅੰਦੇਸ਼ੀ ਸਾਬਤ ਹੋਣਗੇ। ਕਿਸਾਨ ਹੁਣ ਖੁਦਕੁਸ਼ੀਆਂ ਵਾਲੇ ਪਾਸਿਉਂ ਮੁੜ ਕੇ ਅਜਿਹੇ ਦਬਾਉ ਸਮੂਹ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ, ਜਿਹੜੇ ਸਮੇਂ ਦੀਆਂ ਸਰਕਾਰਾਂ ‘ਤੇ ਦਬਾਉ ਬਣਾ ਕੇ ਉਨ੍ਹਾਂ ਨੂੰ ਮਜਬੂਰ ਕਰ ਸਕਦਾ ਹੈ ਕਿ ਉਹ ਆਪਣੀਆਂ ਆਰਥਕ ਨੀਤੀਆਂ ਦੀ ਵਿਉਂਤਬੰਦੀ ਇਸ ਤਰ੍ਹਾਂ ਕਰਨ ਕਿ ਕਿਸੇ ਵੀ ਕਿਸਾਨ ਮਜਦੂਰ ਜਾਂ ਛੋਟੇ ਦੁਕਾਨਦਾਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੀ ਨਾ ਹੋਣਾ ਪਵੇ। ਸਾਂਈਂ ਬੁਲ੍ਹੇ ਸ਼ਾਹ ਆਖਦੇ ਹਨ, “ਬੁਲ੍ਹਿਆ ਮਨ ਦਾ ਕੀ ਸਮਝਾਉਣਾ, ਏਧਰੋਂ ਪੁੱਟਣਾ ਉਧਰ ਲਾਉਣਾ।” ਕਿਸਾਨੀ ਅੰਦੋਲਨ ਤੋਂ ਪ੍ਰਾਪਤ ਹੋਣ ਵਾਲੀ ਸੰਘਰਸ਼ੀ ਊਰਜਾ ਸੱਚਮੁਚ ਕਿਸਾਨੀ ਮਨ ਨੂੰ ਇੱਧਰੋਂ ਪੁੱਟ ਕੇ ਉੱਧਰ ਲਾਉਣ ਵਾਲੀ ਸਾਬਿਤ ਹੋਈ ਹੈ। ਕਿਸਾਨੀ ਅੰਦੋਲਨ ਦੀ ਇਹ ਪ੍ਰਾਪਤੀ ਵਕਤੀ ਹੀ ਸਾਬਿਤ ਨਾ ਹੋਵੇ ਇਸ ਲਈ ਕਿਸਾਨ ਜੱਥੇਬੰਦੀਆਂ ਨੂੰ ਕਿਸਾਨੀ ਹਿੱਤਾਂ ਲਈ ਕੀਤੇ ਜਾਣ ਵਾਲੇ ਪ੍ਰਚਾਰ ਦੀ ਭਵਿੱਖਤ ਵਿਉਂਤਬੰਦੀ ਇਸ ਤਰ੍ਹਾਂ ਨਾਲ ਕਰਨੀ ਪਵੇਗੀ ਕਿ ਕਿਸਾਨੀ ਖੁਦਕੁਸ਼ੀ ਬਾਰੇ ਸੋਚਣ ਦੀ ਥਾਂ ਜੀਵਨ ਸੰਘਰਸ਼ ਦੀ ਸੋਚ ਨੂੰ ਆਪਣੀ ਮਾਨਸਿਕਤਾ ਦਾ ਸਥਾਈ ਹਿੱਸਾ ਬਣਾ ਲਵੇ।
ਕਿਸਾਨੀ ਅੰਦੋਲਨ ਨਾਲ ਪੰਜਾਬ ਦੀ ਰਾਜਨੀਤੀ ਵਿਚ ਵੀ ਬਹੁਤ ਸਾਰੀਆਂ ਸਕਾਰਾਤਮਕ ਤਬਦੀਲੀਆਂ ਆਉਣ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਪਿਛਲੇ ਸਮੇਂ ਦੌਰਾਨ ਮਹਿੰਗਾਈ, ਬੇਰੁਜ਼ਗਾਰੀ, ਬੇਕਾਰੀ, ਭ੍ਰਿਸ਼ਾਟਾਚਾਰ, ਸਿਆਸੀ ਕੁਨਬਾਪ੍ਰਸਤੀ, ਭਾਈ ਭਤੀਜਾਵਾਦ ਅਰਾਜਕਤਾ, ਨਸ਼ਿਆਂ ਦੇ ਹੜ੍ਹ ਤੇ ਕਿਸਾਨੀ ਖੁਦਕੁਸ਼ੀਆਂ ਵਿਚ ਇਸ ਕਦਰ ਵਾਧਾ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਅਹਿਸਾਸ ਤੀਬਰਤਾ ਨਾਲ ਹੋਣ ਲੱਗਾ ਕਿ ਦੇਸ਼ ਦਾ ਮੌਜੂਦਾ ਰਾਜਨੀਤਕ ਪ੍ਰਬੰਧ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਰੱਖਦਾ। ਲੋਕ ਇਹ ਵੀ ਮਹਿਸੂਸ ਕਰਨ ਲੱਗ ਪਏ ਸਨ ਕਿ ਮੌਜੂਦਾ ਸੱਤਾ ਪ੍ਰਬੰਧ ਨੂੰ ਦੇਸ਼ ਦੇ ਅਵਾਮ ਦੀ ਭਲਾਈ ਨਾਲੋਂ ਕਾਰਪੋਰੇਟ ਜਗਤ ਦੀ ਭਲਾਈ ਦਾ ਵੱੱਧ ਫਿਕਰ ਹੈ। ਲੋਕਾਂ ਇਹ ਵੀ ਜਾਣ ਲਿਆ ਕਿ ਸੱਤਾ ਪ੍ਰਬੰਧ ਕਾਰਪੋਰੇਟ ਜਗਤ ਦੇ ਪੈਸੇ ਨਾਲ ਆਪਣੀਆਂ ਸੱਤਾ ਦੀਆਂ ਕੁਰਸੀਆਂ ਪੱਖੀਆਂ ਕਰਨ ਦੇ ਰਾਹ ਪੈ ਗਿਆ ਹੈ ਤੇ ਉਸ ਨੂੰ ਹੁਣ ਲੋਕਾਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਰਿਹਾ।
ਅਜਿਹੀ ਹਾਲਤ ਵਿਚ ਮੁੱਖ ਸਿਆਸੀ ਪਾਰਟੀਆਂ ਤੋਂ ਮੋਹ ਭੰਗਤਾ ਦੀ ਸਥਿਤੀ ਪੈਦਾ ਹੋਣ ‘ਤੇ ਪੰਜਾਬ ਦੇ ਕੁਝ ਲੋਕਾਂ ਨੇ ਆਮ ਆਦਮੀ ਪਾਰਟੀ ‘ਤੇ ਆਸ ਰੱਖੀ ਸੀ ਕਿ ਉਹ ਅਵਾਮ ਪੱਖੀ ਸੋਚ ਅਪਨਾਵੇਗੀ, ਪਰ ਜਦੋਂ ਇਹ ਪਾਰਟੀ ਵੀ ਕੁਰਸੀ ਵੰਡ ਦੇ ਆਪਸੀ ਕਲੇਸ਼ ਵਿਚ ਉਲਝ ਕੇ ਰਹਿ ਗਈ ਤਾਂ ਪੰਜਾਬ ਦੇ ਲੋਕਾਂ ਦੀ ਸਿਆਸੀ ਮੋਹ ਭੰਗਤਾ ਆਪਣੇ ਸਿਖਰ `ਤੇ ਪਹੁੰਚ ਗਈ। ਸਿਆਸੀ ਪਾਰਟੀਆਂ ਦੇ ਕੁਝ ਭਗਤ ਕਿਸਮ ਦੇ ਲੋਕਾਂ ਨੂੰ ਛੱਡ ਕੇ ਪੰਜਾਬ ਦੀ ਆਮ ਜਨਤਾ ਇਹ ਸੋਚਣ ਤੇ ਮਹਿਸੂਸ ਕਰਨ ਲੱਗ ਪਈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਤਾਰ ਕਾਰਪੋਰੇਟ ਜਗਤ ਨਾਲ ਜੁੜੇ ਹੋਏ ਹੁੰਦੇ ਹਨ ਤੇ ਇਨ੍ਹਾਂ ਤੋਂ ਆਪਣੀ ਭਲਾਈ ਦੀ ਆਸ ਰੱਖਣਾ ਆਪਣੇ ਆਪ ਨੂੰ ਧੋਖਾ ਦੇਣਾ ਹੈ। ਇਸ ਤਰ੍ਹਾਂ ਪੰਜਾਬ ਦੇ ਲੋਕਾਂ ਅੰਦਰ ਪੈਦਾ ਹੋਈ ਸਿਆਸੀ ਮੋਹ ਭੰਗਤਾ ਨੇ ਵੀ ਕਿਸਾਨੀ ਸੰਘਰਸ਼ ਦੇ ਉਭਾਰ ਵਿਚ ਵੱਡਾ ਯੋਗਦਾਨ ਪਾਇਆ ਹੈ।
ਕਾਰਪੋਰੇਟ ਜਗਤ ਸਿਰਫ ਅੰਬਾਨੀਆਂ-ਅਡਾਨੀਆਂ ਤੀਕ ਹੀ ਸੀਮਤ ਨਹੀਂ ਤੇ ਨਾ ਹੀ ਸਿਰਫ ਭਾਰਤ ਦੀ ਕਿਸਾਨੀ ਹੀ ਆਪਣੀ ਜ਼ਮੀਨ ਇਸ ਦੇ ਹੱਥਾਂ ਵਿਚ ਜਾਣ ਤੋਂ ਬਚਾਉਣ ਦੀ ਲੜਾਈ ਲੜ ਰਹੀ ਹੈ। ਇਸ ਵੇਲੇ ਦੁਨੀਆਂ ਭਰ ਦੇ ਕਾਰਪੋਰੇਟ ਇੱਕਠੇ ਹਨ ਤੇ ਉਨ੍ਹਾਂ ਦੀ ਅੱਖ ਸਾਰੀ ਦੁਨੀਆਂ ਦੀ ਵਾਹੀਯੋਗ ਜ਼ਮੀਨ ‘ਤੇ ਟਿੱਕੀ ਹੋਈ ਹੈ। ਇਸ ਲਈ ਸੰਕੇਤਕ ਤੌਰ `ਤੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਸਾਰੀ ਦੁਨੀਆਂ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਹਨ। ਸੰਸਾਰ ਬੈਂਕ ਦੇ ਪ੍ਰਭਾਵ ਅਧੀਨ ਜਦੋਂ ਸਾਰੇ ਮੁਲਕਾਂ ਵਿਚ ਪੜਾਅ ਦਰ ਪੜਾਅ ਕਿਸਾਨ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ ਅਤੇ ਵੱਖ ਵੱਖ ਮੁਲਕਾਂ ਵਿਚ ਕਿਸਾਨ ਹਾਰ ਰਿਹਾ ਹੈ ਤਾਂ ਕਿਸਾਨੀ ਹਾਰ ਦਾ ਇਹ ਸਿਲਸਲਾ ਰੋਕਣ ਲਈ ਪੰਜਾਬ ਦੇ ਲੋਕਾਂ ਨੇ ਪਹਿਲਕਦਮੀ ਹੀ ਨਹੀਂ ਕੀਤੀ, ਸਗੋਂ ਉਹ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਕਰੋ ਜਾਂ ਮਰੋ ਦੀ ਭਾਵਨਾ ਨਾਲ ਹਿੱਕ ਡਾਹ ਕੇ ਵੀ ਖਲੋਤੇ ਹਨ।
ਭਾਰਤ ਸਰਕਾਰ ਵੱਲੋਂ ਮਨਾਏ ਜਾਣ ਵਾਲੇ ਗਣਤੰਤਰ ਸਮਾਰੋਹ ਵਿਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੁੱਖ ਮਹਿਮਾਨ ਵਜੋਂ ਭਾਰਤ ਸਰਕਾਰ ਦਾ ਸੱਦਾ ਕਬੂਲਣ ਤੋਂ ਬਾਅਦ ਨਾਂਹ ਕਰਨ ਦੇ ਮਾਮਲੇ ਵਿਚ ਭਾਰਤ ਸਰਕਾਰ ਕਰੋਨਾ ਸਮੇਤ ਕਿੰਨੇ ਹੀ ਬਹਾਨੇ ਬਣਾਵੇ, ਪਰ ਹਕੀਕਤ ਇਹੋ ਹੈ, ਪ੍ਰਧਾਨ ਮੰਤਰੀ ਬੋਰਿਸ ‘ਤੇ ਆਪਣੇ ਕਿਸਾਨੀ ਪਿੱਛੋਕੜ ਰੱਖਦੇ ਭਾਰਤੀਆਂ ਤੇ ਪਾਰਲੀਮੈਂਟ ਵਿਚ ਪਹੁੰਚੇ ਸਿੱਖ ਮੈਂਬਰਾਂ ਦਾ ਦਬਾਉ ਹੈ ਕਿ ਉਹ ਕਿਸਾਨੀ ਹਿੱਤਾਂ ਨਾਲ ਖਿਲਵਾੜ ਕਰ ਰਹੀ ਭਾਰਤ ਸਰਕਾਰ ਦਾ ਸੱਦਾ ਨਾ ਕਬੂਲੇ। ਇਸ ਤਰ੍ਹਾਂ ਇਹ ਪੰਜਾਬ ਦੀ ਲੋਕ ਪੱਖੀ ਅੰਦੋਲਨਾਂ ਲਈ ਉਪਜਾਊ ਧਰਤੀ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਵੇਖਦਿਆਂ ਹੀ ਵੇਖਦਿਆਂ ਪਹਿਲਾਂ ਕੌਮੀ ਤੇ ਫਿਰ ਕੌਮਾਂਤਰੀ ਰੂਪ ਧਾਰ ਗਿਆ ਹੈ। ਇਸ ਵੇਲੇ ਦੁਨੀਆਂ ਭਰ ਦੇ ਕਿਸਾਨ ਤੇ ਇਨਸਾਫ-ਪਸੰਦ ਲੋਕ ਇਸ ਅੰਦੋਲਨ ਨੂੰ ਆਸ ਦੀ ਨਜ਼ਰ ਨਾਲ ਵੇਖ ਰਹੇ ਹਨ ਤੇ ਇਸ ਦੀ ਸਫਲਤਾ ਲਈ ਦੁਆ ਹੀ ਨਹੀਂ, ਸਗੋਂ ਨੈਤਿਕ ਮਦਦ ਵੀ ਕਰ ਰਹੇ ਹਨ।
ਮੌਜੂਦਾ ਕਿਸਾਨ ਅੰਦੋਲਨ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਇਹ ਸਬਕ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਤੌਰ ‘ਤੇ ਭਾਵੁਕ ਕਰਕੇ ਹੁਣ ਸਿਆਸੀ ਰੋਟੀਆਂ ਸੇਕਣ ਦਾ ਕੰਮ ਉਨ੍ਹਾਂ ਲਈ ਅਸਾਨ ਨਹੀਂ ਰਿਹਾ। ਸਿਆਸੀ ਪਾਰਟੀਆਂ ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਵਧੇਰੇ ਸਮਾਂ ਲਾਰਿਆਂ ਵਿਚ ਵੀ ਨਹੀਂ ਰੱਖਿਆ ਜਾ ਸਕਦਾ ਹੈ। ਕਿਸਾਨੀ ਸੰਘਰਸ਼ ਦੌਰਾਨ ਸਿਆਸੀ ਆਗੂਆਂ ਦਾ ਹੋਣ ਵਾਲਾ ਵਿਰੋਧ ਇਹ ਵੀ ਸੰਕੇਤ ਦਿੰਦਾ ਹੈ ਕਿ ਜੇ ਸਿਆਸੀ ਲੋਕਾਂ ਨੇ ਆਪਣੀ ਸਿਆਸਤ ਦੀਆਂ ਪੁਰਾਣੀਆਂ ਚਾਲਾਂ ਨੂੰ ਫਿਰ ਤੋਂ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਲ ਉਨ੍ਹਾਂ ਨੂੰ ਮਹਿੰਗੀ ਵੀ ਪੈ ਸਕਦੀ ਹੈ। ਇਸ ਅੰਦੋਲਨ ਦੇ ਨੇ ਸੱਤਾ ਪੱਖ ਨਾਲ ਜੁੜੇ ਸਾਰੇ ਸਿਆਸਤਦਾਨਾਂ ਵਿਚ ਇਹ ਡਰ ਜ਼ਰੂਰ ਪੈਦਾ ਕੀਤਾ ਹੈ ਕਿ ਲੋਕ ਭਾਵਨਾਵਾਂ ਦੀ ਅਣਦੇਖੀ ਕਰਕੇ ਉਹ ਵਧੇਰੇ ਸਮਾਂ ਸੱਤਾ ‘ਤੇ ਕਾਬਜ਼ ਨਹੀਂ ਰਹਿ ਸਕਦੇ ਤੇ ਉਨ੍ਹਾਂ ਨੂੰ ਨਾ ਚਾਹੁੰਦੇ ਹੋਏ ਵੀ ਆਪਣੀਆ ਸਿਆਸੀ ਨੀਤੀਆਂ ਨੂੰ ਲੋਕ ਮੁਖੀ ਬਣਾਉਣਾ ਹੀ ਪਵੇਗਾ। ਇਸ ਅੰਦੋਲਨ ਨੇ ਇਕ ਨਵੀਂ ਲੋਕ ਧਾਰਨਾਂ ਦੀ ਸਥਾਪਨਾ ਕੀਤੀ ਹੈ ਕਿ ਲੋਕ ਸਭਾ, ਰਾਜ ਸਭਾ ਜਾਂ ਵਿਧਾਨ ਸਭਾ ਵਿਚ ਕਾਰਪੋਰੇਟ ਜਗਤ ਦੇ ਹੱਕ ਵਿਚ ਬਣਾਏ ਕਾਨੂੰਨ ਹੁਣ ਸਿਰਫ ਰਾਸ਼ਟਰਪਤੀ ਜਾਂ ਰਾਜਪਾਲ ਦੇ ਦਸਤਖਤਾਂ ਨਾਲ ਹੀ ਪਾਸ ਨਹੀਂ ਮੰਨੇ ਜਾਣਗੇ, ਸਗੋਂ ਇਨ੍ਹਾਂ ਨੂੰ ਲਾਗੂ ਕਰਨ ਲਈ ਉਨ੍ਹਾਂ ਲੋਕਾਂ ਦੀ ਸਹਿਮਤੀ ਵੀ ਜ਼ਰੂਰੀ ਹੈ, ਜਿਨ੍ਹਾਂ ਨੂੰ ਇਹ ਪ੍ਰਭਾਵਿਤ ਕਰਦੇ ਹਨ।
ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਤਿੰਨੇ ਮੁੱਖ ਸਿਆਸੀ ਪਾਰਟੀਆਂ ਨੇ ਕਾਰਪੋਰੇਟ ਜਗਤ ਨਾਲ ਆਪਣੀ ਲੁੱਕਵੀਂ ਸਾਂਝ ਦੇ ਚਲਦਿਆਂ ਕਈ ਅਜਿਹੀਆਂ ਗਲਤੀਆਂ ਤੇ ਚਲਾਕੀਆਂ ਕੀਤੀਆਂ ਹਨ, ਜਿਹੜੀਆਂ ਕਿਸਾਨੀ ਹਿੱਤਾਂ ਦੇ ਬਿਲਕੁਲ ਵਿਰੋਧ ਵਿਚ ਭੁਗਤਦੀਆਂ ਹਨ। ਇਸ ਲਈ ਇਹ ਸਿਆਸੀ ਪਾਰਟੀਆਂ ਇਸ ਵੇਲੇ ਆਪਣੇ ਗੁਆਚੇ ਵਿਸ਼ਵਾਸ ਦੀ ਪੂਰਤੀ ਲਈ ਅੱਕੀ ਪਲਾਹੀਂ ਹੱਥ ਮਾਰ ਰਹੀਆਂ ਹਨ। ਇਸ ਵੇਲੇ ਪੰਜਾਬ ਦੀ ਹਰ ਹਰ ਸਿਆਸੀ ਪਾਰਟੀ ਆਪਣੇ ਆਪ ਨੂੰ ਕਿਸਾਨਾਂ ਦਾ ਸੱਚਾ ਹਮਦਰਦ ਤੇ ਦੂਸਰੀਆਂ ਪਾਰਟੀਆ ਨੂੰ ਡਰਾਮੇਬਾਜ ਸਾਬਿਤ ਕਰਨ ਦੀ ਖੇਡ ਖੇਡ ਰਹੀ ਹੈ।
ਇਸ ਅੰਦੋਲਨ ਨੇ ਪੰਜਾਬ ਵਿਚ ਸਾਰੇ ਵਰਗਾਂ ਤੇ ਸਾਰੇ ਫਿਰਕਿਆਂ ਵਿਚਕਾਰ ਆਪ ਮੁਹਾਰੀ ਏਕਤਾ ਤੇ ਸਾਂਝ ਦਾ ਮਾਹੌਲ ਸਿਰਜ ਦਿੱਤਾ ਹੈ। ਕਿਸਾਨੀ ਅੰਦੋਲਨ ਨੇ ਫਿਰਕੂ ਸਿਆਸਤ ਨੂੰ ਵੀ ਪੰਜਾਬ ਵਿਚ ਕਰਾਰੀ ਹਾਰ ਦਿੱਤੀ ਹੈ। ਇਸ ਨਾਲ ਸਿਰਫ ਪੰਜਾਬ ਵਿਚ ਆਪਸੀ ਭਾਈਚਾਰੇ ਦਾ ਨਵਾਂ ਮਾਹੌਲ ਹੀ ਨਹੀਂ ਸਿਰਜਿਆ ਗਿਆ ਸਗੋਂ ਭੱਜੀਆਂ ਬਾਂਹਾਂ ਗਲ ਨੂੰ ਆਉਣ ਦੀ ਕਹਾਵਤ ਨੂੰ ਸਹੀ ਸਾਬਿਤ ਕਰਦਿਆਂ ਮਨੋ-ਮਨੋ ਦੂਰੀਆਂ ਬਣਾਈ ਬੈਠੇ ਪੰਜਾਬ ਤੇ ਹਰਿਆਣੇ ਦੇ ਲੋਕਾਂ ਵਿਚ ਵੀ ਫਿਰ ਤੋਂ ਨਿੱਘੀਆਂ ਗਲਵੱਖੜੀਆਂ ਪਈਆਂ ਹਨ। ਮੋਦੀ ਸਰਕਾਰ ਲਈ ਰਾਸ਼ਟਰਵਾਦ ਦੇ ਅਰਥ ਸਾਰੇ ਦੇਸ਼ ਨੂੰ ਭਗਵੇਂ ਰੰਗ ਵਿਚ ਰੰਗਣਾ ਹੋ ਸਕਦੇ ਹਨ, ਪਰ ਕਿਸਾਨੀ ਸੰਘਰਸ਼ ਨੇ ਇਸ ਦੇ ਮੁਕਾਬਲੇ ਦਾ ਇਕ ਨਵਾਂ ਰਾਸ਼ਰਟਵਾਦ ਸਿਰਜ ਦਿੱਤਾ ਹੈ, ਜੋ ਸਹੀ ਸਹੀ ਅਰਥਾਂ ਵਿਚ ਅਨੇਕਤਾ ਵਿਚ ਏਕਤਾ ਦਾ ਆਦਰਸ਼ਕ ਨਮੂਨਾ ਹੈ। ਜੇ ਅੱਜ ਦੇਸ਼ ਵਿਚ ਕਿਤੇ ਅਸਲ ਰਾਸ਼ਟਰਵਾਦ ਦੇ ਦਰਸ਼ਨ ਕਰਨੇ ਹੋਣ ਤਾਂ ਉਹ ਦਿੱਲੀ ਦੇ ਸਿੰਘੂ ਜਾਂ ਟਿਕਰੀ ਬਾਰਡਰ ਤੇ ਕੀਤੇ ਜਾ ਸਕਦੇ ਹਨ, ਜਿੱਥੇ ਦੇਸ਼ ਦੇ ਸਾਰੇ ਫਿਰਕਿਆਂ ਤੇ ਸਾਰੀਆਂ ਕੌਮਾਂ ਦੇ ਲੋਕ ਮੋਦੀ ਦੇ ਨਫਰਤੀ ਰਾਸ਼ਟਰਵਾਦ ਖਿਲਾਫ ਸਾਂਝੀ ਲੜਾਈ ਲੜ ਰਹੇ ਹਨ।
ਵੱਖ ਵੱਖ ਵਿਚਾਰਧਾਰਾਵਾਂ ਅਤੇ ਕੰਮ ਕਰਨ ਦੇ ਵੱਖੋ ਵੱਖਰੇ ਢੰਗ ਤਰੀਕੇ ਅਪਨਾਉਂਦੀਆ ਆ ਰਹੀਆਂ ਕਿਸਾਨ ਜਥੇਬੰਦੀਆਂ ਜਦੋਂ ਆਪਣੇ ਸਾਰੇ ਵਖਰੇਵਿਆਂ ਨੂੰ ਇਕ ਪਾਸੇ ਰੱਖ ਕੇ ਆਪਣੇ ਸਾਂਝੇ ਦੁਸ਼ਮਣ ਦੇ ਮੁਕਾਬਲੇ ਲਈ ਇਕ ਪਲੇਟ ਫਾਰਮ ਤੇ ਇੱਕਠੀਆਂ ਹੋ ਗਈਆਂ ਤਾਂ ਫਿਰ ਹੋਰ ਲੋਕਾਂ ਨੂੰ ਵੀ ਇਸ ਮੁੱਦੇ `ਤੇ ਇੱਕਠੇ ਹੋਣ ਲਈ ਤਕੜਾ ਆਧਾਰ ਮਿਲ ਗਿਆ। ਇਸ ਅੰਦੋਲਨ ਦੇ ਜ਼ਰੀਏ ਪੰਜਾਬ ਦੇ ਦੋ ਮੁੱਖ ਫਿਰਕਿਆਂ ਵਿਚਕਾਰ ਪੰਜਾਬੀਅਤ ਦੇ ਨਾਂ `ਤੇ ਹੋਈ ਏਕਤਾ ਪੰਜਾਬੀਆਂ ਨੂੰ ਆਪਸ ਵਿਚ ਲੜਾਉਂਦੀਆਂ ਰਹੀਆਂ ਫਿਰਕੂ ਤਾਕਤਾਂ ਦੀ ਵੱਡੀ ਹਾਰ ਹੈ।
ਇਸ ਅੰਦੋਲਨ ਦੀ ਇਕ ਵੱਡੀ ਪ੍ਰਾਪਤੀ ਇਹ ਵੀ ਰਹਿ ਹੈ ਕਿ ਇਸ ਪੰਜਾਬ ਦੇ ਜੋਸ਼ ਤੇ ਹੋਸ਼ ਵਿਚ ਇਕ ਅਜਿਹਾ ਸਤੁੰਲਨ ਪੈਦਾ ਕੀਤਾ ਹੈ ਜਿਸ ਤੋਂ ਪੰਜਾਬ ਦੇ ਭਵਿੱਖ ਦੇ ਲੋਕ ਅੰਦੋਲਨ ਵੀ ਅਗਵਾਈ ਲੈਂਦੇ ਰਹਿਣਗੇ। ਪੰਜਾਬ ਦੇ ਜੋਸ਼ ਦੇ ਪ੍ਰਤੀਕ ਨੌਜਵਾਨਾਂ ਵੱਲੋਂ ਪਹਿਲੀ ਵਾਰ ਹੋਸ਼ ਦੇ ਪ੍ਰਤੀਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਕਬੂਲੀ ਗਈ ਹੈ ਤਾਂ ਇਸ ਦੇ ਬਹੁਤ ਹੀ ਸਾਰਥਿਕ ਸਿੱਟੇ ਉਭਰ ਕੇ ਆਏ ਹਨ। ਪੰਜਾਬ ਦੇ ਨੌਜਵਾਨਾਂ ਬਾਰੇ ਇਹ ਧਾਰਨਾ ਰਹੀ ਹੈ ਕਿ ਇਹ ਵਧੇਰੇ ਜੁਸ਼ੀਲੇ ਹੋਣ ਕਰਕੇ ਕਿਸੇ ਦੀ ਅਗਵਾਈ ਨਹੀਂ ਕਬੂਲਦੇ, ਜ਼ਾਬਤੇ ਵਿਚ ਨਹੀਂ ਰਹਿੰਦੇ ਤੇ ਛੇਤੀ ਹੀ ਮਾਰ ਕੁਟਾਈ ਤੇ ਤੋੜ ਭੰਨ ਤੇ ਉਤਰ ਆਉਂਦੇ ਹਨ; ਪਰ ਇਸ ਅੰਦੋਲਨ ਨੇ ਸਿੱਧ ਕਰ ਦਿੱਤਾ ਹੈ ਕਿ ਜੇ ਪੰਜਾਬ ਦੇ ਨੌਜਵਾਨਾਂ ਨੂੰ ਠੀਕ ਅਗ਼ਵਾਈ ਤੇ ਠੀਕ ਟੀਚਾ ਮਿਲੇ ਤਾਂ ਉਹ ਦੇਸ਼ ਹੀ ਨਹੀਂ, ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਨੌਜਵਾਨਾਂ ਦੇ ਮੁਕਾਬਲੇ ਵਿਚ ਵੱੱਧ ਅਨੁਸ਼ਾਸਿਤ ਰਹਿ ਸਕਦੇ ਹਨ। ਇਸ ਅੰਦੋਲਨ ਵਿਚ ਨੌਜਵਾਨਾਂ ਦੀ ਭੂਮਿਕਾ ਦੁਨੀਆਂ ਵਿਚ ਇਕ ਵੱਡੀ ਮਿਸਾਲ ਬਣ ਕੇ ਉਭਰੀ ਹੈ।
ਕੋਈ ਵੀ ਵੱਡਾ ਤੇ ਫੈਸਲਾਕੁੰਨ ਸੰਘਰਸ਼ ਜੁਆਨੀ ਦੀ ਸਰਗਰਮ ਸਮੂਲੀਅਤ ਤੋਂ ਬਿਨਾ ਨਹੀਂ ਲੜਿਆ ਜਾ ਸਕਦਾ। ਜੁਆਨੀ ਆਪਣੇ ਆਪ ਵਿਚ ਇਕ ਸਿਰਜਣਾਤਮਕ ਸ਼ਕਤੀ ਹੈ। ਸਾਡੇ ਦੇਸ਼ ਦੀਆਂ ਸਰਕਾਰਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਇਸ ਸ਼ਕਤੀ ਨੂੰ ਕਦੇ ਵੀ ਅਜਿਹੀ ਸਿਰਜਣਾਤਮਕ ਦਿਸ਼ਾ ਨਾ ਮਿਲੇ, ਜੋ ਉਸ ਨੂੰ ਸੱਤਾ ਪ੍ਰਬੰਧ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਸ ਤੋਂ ਸੁਆਲ ਪੁੱਛਣ ਦੀ ਦਲੇਰੀ ਪੈਦਾ ਕਰ ਸਕਦੀ ਹੋਵੇ। ਸਿਆਸੀ ਪਾਰਟੀਆਂ ਨੇ ਹਮੇਸ਼ਾ ਨੌਜਵਾਨਾਂ ਨੂੰ ਆਪਣੇ ਪਿਛਲੱਗੂ ਤੇ ਬੂਥ ਕੈਪਚਰ ਬਣਾਉਣ ਦੀ ਹੀ ਕੋਸ਼ਿਸ਼ ਕੀਤੀ ਹੈ, ਪਰ ਇਸ ਕਿਸਾਨੀ ਅੰਦੋਲਨ ਨੇ ਨੌਜਵਾਨਾਂ ਅੰਦਰ ਛੁਪੀ ਸਿਰਜਣਾਤਮਕ ਸ਼ਕਤੀ ਨੂੰ ਪਛਾਣਿਆ ਵੀ ਹੈ ਤੇ ਸਹੀ ਦਿਸ਼ਾ ਦੇ ਕੇ ਇਸ ਸ਼ਕਤੀ ਦੀ ਸੁਚੇਤ ਵਰਤੋਂ ਵੀ ਕੀਤੀ ਹੈ। ਇਸ ਸੰਘਰਸ਼ ਨੇ ਪੰਜਾਬ ਦੇ ਨੌਜਵਾਨਾਂ ਅੰਦਰ ਅਜਿਹਾ ਵਿਸ਼ਵਾਸ ਪੈਦਾ ਕੀਤਾ ਹੈ ਕਿ ਜਿੱਤ ਦੇ ਨਿਸ਼ਾਨ ਬਣਾਉਣ ਵਾਲਾ ਝੰਡਾ ਫੜ੍ਹ ਕੇ ਤੁਰੇ ਨੌ ਜਵਾਨਾਂ ਨੇ ਮੋਦੀ ਸਰਕਾਰ ਵਿਰੁੱਧ ਲੜੀ ਜਾ ਰਹੀ ਲੜਾਈ ਨੂੰ ਆਪਣੇ ਸਵੈਮਾਣ ਨੂੰ ਬਰਕਾਰਾਰ ਰੱਖਣ ਦੀ ਲੜਾਈ ਬਣਾ ਲਿਆ ਹੈ।
ਪੰਜਾਬ ਦੇ ਨੌਜਵਾਨਾਂ ਦੇ 80 ਫੀਸਦੀ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਵਾਲਿਆਂ ਨੂੰ ਹੁਣ ਮੋੜਵੇਂ ਸੁਆਲ ਹੋਣ ਲੱਗ ਪਏ ਹਨ ਕਿ ਜੇ ਪੰਜਾਬ ਦੇ ਬਹੁ-ਗਿਣਤੀ ਨੌਜਵਾਨ ਨਸ਼ਿਆਂ ਵਿਚ ਡੁਬ ਚੁੱਕੇ ਨੇ ਤਾਂ ਫਿਰ ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰ ‘ਤੇ ਸੰਘਰਸ਼ ਕਰ ਰਹੇ ਨੌਜਵਾਨ ਕਿਹੜੇ ਖਿਤੇ ਵਿਚੋਂ ਆਏ ਹਨ। ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਦੇਸ਼ ਦੇ ਸੱਤਾ ਪ੍ਰਬੰਧ ‘ਤੇ ਕਾਬਜ਼ ਰਹੀਆਂ ਸਰਕਾਰਾਂ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਸੀਮਤ ਕਰਕੇ ਕੁਝ ਸਮੇਂ ਲਈ ਨੌਜਾਵਾਨਾਂ ਦੀ ਸੋਚ ਵਿਚ ਇਸ ਤਰ੍ਹਾਂ ਦੀ ਨਿਰਾਸ਼ਾ ਪੈਦਾ ਕਰ ਦਿੱਤੀ ਸੀ ਕਿ ਉਨ੍ਹਾਂ ਦਾ ਇੱਕ ਸੀਮਤ ਹਿੱਸਾ ਨਸ਼ਿਆਂ ਰਾਹੀਂ ਵਕਤੀ ਮਾਨਸਿਕ ਰਾਹਤ ਤਲਾਸ਼ ਕਰਨ ਦੇ ਰਾਹ ਪੈ ਗਿਆ ਸੀ, ਪਰ ਕਿਸਾਨੀ ਸੰਘਰਸ਼ ਸ਼ੁਰੂ ਹੋਣ ‘ਤੇ ਉਸ ਹਿੱਸੇ ਦੀ ਸੋਚ ਵਿਚ ਵੀ ਇਕ ਦਮ ਸਕਾਰਾਤਮਕ ਤਬਦੀਲੀ ਆਈ ਹੈ ਤੇ ਉਹ ਆਪਣੇ ਮੱਥੇ `ਤੇ ਲੱਗਾ ਨਸ਼ੇੜੀ ਹੋਣ ਦਾ ਧੱਬਾ ਧੋਣ ਅਤੇ ਆਪਣਾ ਗੁਆਚਿਆ ਵਿਸ਼ਵਾਸ ਬਹਾਲ ਕਰਨ ਲਈ ਸੰਘਰਸ਼ ਵਿਚ ਕੁੱਦ ਪਏ ਹਨ।
ਕਿਸਾਨੀ ਅੰਦੋਲਨ ਨੇ ਪੰਜਾਬ ਦੇ ਅਸਲ ਤੇ ਲੋਕ ਪੱਖੀ ਸਭਿਆਚਾਰ ਦੀ ਪੁਨਰ ਉਸਾਰੀ ਕਰਨ ਦੇ ਸਬੰਧ ਵਿਚ ਵੀ ਬਹੁਤ ਸਕਾਰਾਤਮਕ ਭੂਮਿਕਾ ਨਿਭਾਈ ਹੈ। ਇਸ ਅੰਦੋਲਨ ਨੇ ਲੱਚਰ ਤੇ ਅਸ਼ਲੀਲ ਗਾਇਕੀ ਦੇ ਵਹਿਣ ਨੂੰ ਹੁਣ ਅਜਿਹੀ ਠੱਲ੍ਹ ਲਾ ਦਿੱਤੀ ਹੈ ਕਿ ਹਰ ਪੰਜਾਬ ਵਾਸੀ ਦੀ ਜ਼ੁਬਾਨ ‘ਤੇ ਕਿਸਾਨੀ ਪੱਖ ਨੂੰ ਮਜਬੂਤ ਕਰਦੇ ਗੀਤ ਥਿਰਕਣ ਲੱਗ ਪਏ ਹਨ। ਇਸ ਨਵਾਂ ਰੁਝਾਨ ਇਸ ਹੱਦ ਤੱਕ ਵਿਕਸਿਤ ਹੋ ਗਿਆ ਹੈ ਕਿ ਵਿਆਹ ਸ਼ਾਦੀਆਂ ਤੇ ਹੋਰ ਖੁਸ਼ੀ ਦੇ ਮੌਕਿਆਂ `ਤੇ ਵੀ ਕਿਸਾਨੀ ਸੰਘਰਸ਼ ਦੇ ਹੀ ਗੀਤ ਗਾਏ ਜਾਣ ਲੱਗ ਪਏ ਹਨ।
ਇਹ ਭਾਰਤੀ ਸਿਆਸਤ ਨਾਲ ਜੁੜਿਆ ਕੌੜਾ ਸੱਚ ਹੈ ਕਿ ਇਸ ਦੇਸ਼ ਦੀਆਂ ਸਰਕਾਰਾਂ ਭਾਵੇ ਪ੍ਰਤੱਖ ਤੌਰ `ਤੇ ਆਮ ਵੋਟਰਾਂ ਰਾਹੀਂ ਚੁਣੀਆਂ ਜਾਂਦੀਆਂ ਹਨ, ਪਰ ਕਿਸੇ ਵੀ ਸਿਆਸੀ ਪਾਰਟੀ ਨੂੰ ਸੱਤਾਧਾਰੀ ਬਣਾਉਣ ਲਈ ਕਾਰਪੋਰੇਟ ਜਗਤ ਦੇ ਪੈਸੇ ਦੀ ਅਹਿਮ ਭੂਮਿਕਾ ਹੁੰਦੀ ਹੈ। ਕਾਰਪੋਰੇਟ ਜਗਤ ਅਤੇ ਸਿਆਸੀ ਪਾਰਟੀਆਂ ਦੀ ਚਿਰਾਂ ਤੋਂ ਚਲਦੀ ਭਾਈਵਾਲੀ ਕਾਰਨ ਚੋਣਾਂ ਐਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਕੋਈ ਵੀ ਸਰਕਾਰ ਕਾਰਪੋਰੇਟ ਦੀ ਮਦਦ ਲਏ ਬਿਨਾ ਹੋਂਦ ਵਿਚ ਆ ਹੀ ਨਹੀਂ ਸਕਦੀ। ਇਹ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਨੇ ਮੋਦੀ ਸਰਕਾਰ ਦੇ ਨਾਲ ਨਾਲ ਇਸ ਦੇ ਸਰਪ੍ਰਸਤ ਅੰਬਾਨੀ ਤੇ ਅਡਾਨੀ ਨੂੰ ਵੀ ਆਪਣੇ ਨਿਸ਼ਾਨੇ `ਤੇ ਰੱਖਿਆ ਹੋਇਆ ਹੈ। ਕਿਸਾਨੀ ਅੰਦੋਲਨ ਦੇ ਬਹਾਨੇ ਲੋਕਾਂ ਵੱਲੋਂ ਆਪਣੇ ਅਸਲ ਦੁਸ਼ਮਣ ਦੀ ਪਛਾਣ ਕਰ ਲੈਣੀ ਵੀ ਇਸ ਸੰਘਰਸ਼ ਦੀ ਅਹਿਮ ਪ੍ਰਾਪਤੀ ਹੈ।
ਅੰਦੋਲਨ ਅਜੇ ਜਾਰੀ ਹੈ, ਇਸ ਲਈ ਇਸ ਦੀ ਅੰਤਿਮ ਜਿੱਤ ਤੋਂ ਪਹਿਲਾਂ ਹੋਣ ਵਾਲੀਆਂ ਉਪ ਤੇ ਸਹਾਇਕ ਜਿੱਤਾਂ ਦਾ ਸਿਲਸਲਾ ਵੀ ਜਾਰੀ ਹੈ। ਇਹ ਸੰਘਰਸ਼ ਸਿਰਫ ਪੰਜਾਬ ਵਿਚ ਹੀ ਨਹੀਂ, ਸਗੋਂ ਸਾਰੇ ਦੇਸ਼ ਵਿਚ ਨਵੀਆਂ ਰਾਜਨੀਤਕ, ਆਰਥਿਕ ਸਮਾਜਿਕ ਤੇ ਸਭਿਆਚਾਰਕ ਤਬਦੀਲੀਆਂ ਲਿਆਉਣ ਦਾ ਜ਼ਰੀਆ ਬਣੇਗਾ।