‘ਜਿ਼ੰਦਗੀ ਦੇ ਰੰਗ’ ਦੀ ਸੱਤਰੰਗੀ

ਡਾ. ਗੁਰਬਖਸ਼ ਸਿੰਘ ਭੰਡਾਲ
ਸੁਖਰਾਜ ਸਿੰਘ ਆਈ. ਪੀ. ਐਸ. ਅਫਸਰ, ਜੋ ਮੱਧ ਪ੍ਰਦੇਸ਼ ਦਾ ਸੇਵਾਮੁਕਤ ਡੀ. ਜੀ. ਪੀ. ਹੈ। ਉਸ ਦੀ ਰੂਹ ਵਿਚ ਹਨ ਕਵਿਤਾ ਦੀਆਂ ਕਿੱਲਕਾਰੀਆਂ ਅਤੇ ਭਾਵੁਕਤਾ ਦੀ ਰੁਮਕਣੀ। ਉਹ ਆਪਣੀਆਂ ਸੁੱਚੀਆਂ-ਸੱਚੀਆਂ ਭਾਵਨਾਵਾਂ ਨੂੰ ਸ਼ਬਦਾਂ ਦੇ ਹਵਾਲੇ ਕਰਨ ਅਤੇ ਮਨ ਦੀ ਮਸਤੀ ਵਿਚ ਆਪਣੇ ਹਿੱਸੇ ਦੀ ਜਿ਼ੰਦਗੀ ਜਿਉਣ ਲਈ ਸਮਾਂ ਕੱਢ ਹੀ ਲੈਂਦਾ ਏ। ਜਦ ਕਵੀ, ਕਵਿਤਾ ਨਾਲ ਦੁੱਖ-ਸੁੱਖ, ਰਾਜ਼, ਰੂਹ-ਰੰਗਤਾ ਅਤੇ ਰੂਹ-ਰੇਜ਼ਤਾ ਸਾਂਝੀ ਕਰਦਾ ਹੈ ਤਾਂ ਉਹ ਮਾਨਸਿਕ ਬੋਝ ਨੂੰ ਹਰਫਾਂ ਦੇ ਹਵਾਲੇ ਕਰ, ਰਾਹਤ ਮਹਿਸੂਸ ਕਰਦਾ ਹੈ।

‘ਜਿ਼ੰਦਗੀ ਦੇ ਰੰਗ’ ਪੜ੍ਹਦਿਆਂ ਇਉਂ ਲੱਗਦਾ ਹੈ ਕਿ ਕਵਿਤਾ ਸੁਖਰਾਜ ਦੇ ਨਾਲ ਅਮੁੱਕ ਯਾਤਰਾ ਤੇ ਤੁਰ ਰਹੀ ਹੈ। ਇਸ ਕਵਿਤਾ ਨੂੰ ਕਿਤਾਬੀ ਰੂਪ ਵਿਚ ਪੇਸ਼ ਕਰਕੇ ਉਸ ਨੇ ਪੰਜਾਬੀ ਮਾਂ-ਬੋਲੀ ਦਾ ਮਾਣਮੱਤਾ ਪੁੱਤ ਹੋਣ ਦਾ ਫਰਜ਼ ਨਿਭਾਇਆ ਹੈ। ਇਹ ਇਸ ਗੱਲ ਦੀ ਹਾਮੀ ਵੀ ਭਰਦਾ ਹੈ ਕਿ ਜੀਵਨੀ ਭੱਜ-ਦੌੜ, ਸਰਕਾਰੀ ਮਜਬੂਰੀਆਂ ਤੇ ਫਰਜ਼ਾਂ ਦਰਮਿਆਨ ਵੀ ਕਵਿਤਾ ਨੂੰ ਜਿਉਂਦੀ ਤੇ ਜਾਗਦੀ ਰੱਖਿਆ ਜਾ ਸਕਦਾ ਹੈ।
ਉਸ ਦੇ ਨਾਜ਼ੁਕ ਮਨ ਦਾ ਕੇਹਾ ਤਰਲਾ ਹੈ ਕਿ ਉਸ ਦੀ ਕਵਿਤਾ ਬੋਲਦੀ ਹੈ,
ਮੈਂ ਡਰਦਾ ਹਾਂ ਸ਼ੀਸ਼ਾ ਟੁੱਟ ਨਾ ਜਾਵੇ,
ਸ਼ੀਸ਼ਾ ਪੱਥਰ-ਦਿਲ ਨਹੀਂ ਹੁੰਦਾ।
ਬਹੁਤ ਵਾਰੀ ਕਵਿਤਾ ਸੱਚ ਤੋਂ ਬਹਤੁ ਦੂਰ ਹੁੰਦੀ ਹੈ, ਪਰ ਉਸ ਦੀ ਕਵਿਤਾ ਵਿਚੋਂ ਸੱਚ ਉਦੈ ਹੁੰਦਾ ਹੈ। ਅਰਥਾਂ ਵਿਚੋਂ ਅਰਦਾਸ ਤੇ ਅਰਜੋਈ ਊਰਜਾਵੰਤ ਹੁੰਦੀ ਹੈ ਅਤੇ ਆਤਮਾ ਵਿਚੋਂ ਕਵਿਤਾ ਦਾ ਪ੍ਰਵਾਹ ਵਗਦਾ ਹੈ। ਇਹ ਹੁੰਦਾ ਤਾਂ ਬਹੁਤ ਕਸ਼ਟਮਈ ਹੈ ਤਾਂ ਹੀ ਉਹ ਲਿਖਦਾ ਏ,
ਬਹੁਤ ਹੀ ਕਸ਼ਟਦਾਇਕ ਹੈ
ਸੱਚਾ ਹਰਫ
ਸੱਚੀ ਕਵਿਤਾ
ਤੇ ਸੱਚਾ ਗੀਤ ਲਿਖਣਾ।
ਜਾਂ
ਸੁੰਦਰ ਤਿੱਤਲੀਆਂ ਦਾ ਕਤਲ ਹੋਇਆ
ਮੇਰੀਆਂ ਅੱਖਾਂ ਦੇ ਸਾਹਮਣੇ
ਮੈਂ ਮੌਨ ਦੇਖਦਾ ਰਿਹਾ।

ਮੈਂ ਫਿਰ ਕਦੇ ਖੜ੍ਹਾ ਨਾ ਹੋ ਸਕਿਆ
ਆਪਣੀ ਜ਼ਮੀਰ ਦੇ ਸਾਹਮਣੇ।
ਜ਼ਮੀਰ ਨੂੰ ਮੁਖਾਤਬ ਨਾ ਹੋ ਸਕਣ ਦੀ ਬੇਬੱਸੀ ਅਤੇ ਲਾਚਾਰਗੀ ਵਿਚੋਂ ਜਨਮੀ ਕਵਿਤਾ, ਕਵੀ ਦਾ ਹਾਸਲ ਹੈ। ਉਸ ਨੂੰ ਪਤਾ ਹੈ ਕਿ,
ਖੰਡਰਾਂ ਤੇ ਸਿਵਿਆਂ ਵਿਚ
ਕੋਈ ਫਰਕ ਨਹੀਂ ਹੁੰਦਾ।

ਤੂੰ ਤੇ ਮੈਂ
ਖੰਡਰਾਂ ਤੇ ਸਿਵਿਆਂ ਵਿਚ
ਚੰਦ ਦਿਨਾਂ ਦੇ ਮਹਿਮਾਨ ਹਾਂ।
ਇਸ ਕਵਿਤਾ ਵਿਚ ਜਿ਼ੰਦਗੀ ਦੇ ਆਖਰੀ ਸੱਚ ਨੂੰ ਦੇਖਿਆ ਅਤੇ ਸਮਝਿਆ ਜਾ ਸਕਦਾ।
ਸੁਖਰਾਜ ਘੁਮੱਕੜ ਹੈ। ਆਪਣੀ ਘੁਮੱਕੜੀ ਦੌਰਾਨ ਜਦ ਉਹ ਕਿਸੇ ਦੇਸ਼, ਸ਼ਹਿਰ ਜਾਂ ਗਰਾਂ ਵਿਚੋਂ ਵਿਚਰਦਾ ਹੈ ਤਾਂ ਉਸ ਦੀ ਨੀਝ ਵਿਚ ਪਰੋਈ ਜਾਂਦੀ ਹੈ, ਉਸ ਸਥਾਨ ਦੀ ਕਾਇਨਾਤੀ ਖੂਬਸੂਰਤੀ। ਕੁਝ ਕਵਿਤਾਵਾਂ ਵਿਚ ਕੁਝ ਸ਼ਹਿਰਾਂ ਜਿਵੇਂ ਵੀਨਸ, ਰੋਮ, ਸਵਿਟਜ਼ਰਲੈਂਡ, ਲੰਡਨ, ਨਿਊ ਯਾਰਕ, ਪੈਰਿਸ ਆਦਿ ਸ਼ਹਿਰਾਂ ਦੇ ਕਾਵਿਕ ਬਿਰਤਾਂਤ ਹਨ। ਇਨ੍ਹਾਂ ਦੀ ਖੂਬਸੂਰਤੀ, ਕੁਦਰਤੀ ਕ੍ਰਿਸ਼ਮੇ, ਲੋਕਾਂ ਦਾ ਸੁਹੱਪਣ ਅਤੇ ਦੀਦਾਗਿਰੀ ਦੀ ਬਾਤ ਪਾਉਂਦੀਆਂ ਕਵਿਤਾਵਾਂ ਕਸਿ਼ਸ਼ ਪੈਦਾ ਕਰਦੀਆਂ ਹਨ। ਇਨ੍ਹਾਂ ਹੁਸੀਨ ਥਾਂਵਾਂ ਨੂੰ ਦੇਖਣ ਅਤੇ ਇਨ੍ਹਾਂ ਦੀ ਛੋਹ ਮਾਣਨ ਲਈ।
ਉਸ ਦੀ ਕਲਮ ਵਿਚੋਂ ਕਵਿਤਾ ਤਰਲਦੀ ਹੈ,
ਇਸ ਯਾਤਰਾ `ਤੇ ਯੁੱਗਾਂ ਤੋਂ
ਆਉਂਦਾ ਤੇ ਜਾਂਦਾ ਰਹਿੰਦਾ ਹਾਂ
ਉਦਾਸੀ ਵੀ ਸਫਰ ਹੈ,
ਮੇਰੀ ਜਿ਼ੰਦਗੀ ਦਾ।
ਜਦ ਕੋਈ ਉਦਾਸੀ ਤੇ ਤੁਰਦਾ ਹੈ ਤਾਂ ਉਹ ਬਾਬੇ ਨਾਨਕ ਵਾਂਗ ਕਾਵਿ-ਪੈਗਾਮ ਰਾਹੀਂ ਮਾਨਵਤਾ ਦੀ ਝੋਲੀ ਵਿਚ ਸੂਰਜ ਧਰਦਾ। ਇਸ ਦੀ ਰੋਸ਼ਨੀ ਵਿਚ ਜਗਮਗਾਉਂਦੀਆਂ ਜੀਵਨ ਦੀਆਂ ਕਾਲਖ ਰਾਹਾਂ। ਇਹ ‘ਉਦਾਸੀ’ ਹੀ ਹੈ, ਜੋ ਕਾਇਨਾਤ ਵਿਚ ਫੈਲੀ ਹੋਈ ਏ। ਮੁੱਦਤਾਂ ਬਾਅਦ ਜਦ ਉਹ ਸੁੰਨਸਾਨ ਤੇ ਵਿਰਾਨ ‘ਆਪਣੇ ਘਰ’ ਵਿਚ ਪਰਤਦਾ ਤਾਂ ਘਰ ਦੇ ਕੋਨੇ ਵਿਚ ਇਕ ਬੋਟ ਦੀ ਚਹਿਕਣੀ ਅਤੇ ਨਿੱਕੀ ਜਿਹੀ ਪਰਵਾਜ਼, ਘਰ ਦੇ ਵੱਸਦੇ-ਰੱਸਦੇ ਹੋਣ ਦਾ ਪ੍ਰਮਾਣ ਬਣਦੀ ਹੈ। ਉਸ ਦੀ ਕਵਿਤਾ ਵਿਚ ਵਾਰ ਵਾਰ ਉਦਾਸੀ ਦਸਤਕ ਦਿੰਦੀ ਏ, ਜੋ ਉਸ ਦੇ ਮਨ ਦੀ ਕੋਮਲਤਾ ਅਤੇ ਦਿਲ ਦੀ ਸੁੱਚਮਤਾ ਦੀ ਸੁੱਚੀ ਤਸ਼ਬੀਹ ਹੈ; ਤਾਂ ਹੀ ਕਹਿੰਦਾ ਹੈ,
ਇਥੇ ਹਰ ਸ਼ਖਸ ਉਦਾਸ ਹੈ
ਉਦਾਸੀ ਖਾਂਦਾ ਹੈ
ਉਦਾਸੀ ਹੀ ਪੀਂਦਾ ਹੈ…।
ਸੁਖਰਾਜ ਦੀ ਕਵਿਤਾ ਵਿਚ ਮਨ ਦੀ ਲੈਆਤਮਿਕਤਾ, ਭਾਵਨਾਵਾਂ ਦੀ ਰੰਗਤ ਅਤੇ ਸੂਖਮ ਲੋਚਾ ਦੀ ਧੜਕਣੀ ਹੈ। ਰੂਹ ਦੀ ਲਬਰੇਜ਼ਤਾ ਠਾਠਾਂ ਮਾਰਦੀ ਹੈ। ਉਸ ਲਈ ਕਵਿਤਾ ਦੀਆਂ ਮਹੀਨ ਝੀਤਾਂ ਵਿਚੋਂ ਦੇਖਣਾ, ਜਿ਼ੰਦਗੀ ਦੇ ਦੀਦਾਰੇ ਦਾ ਰਿਆਜ਼ ਹੈ।
‘ਹਸਰਤਾਂ ਦਾ ਸਫਰ ਤੇ ਸਫਰ ਦੀਆਂ ਹਸਰਤਾਂ’ ਬਹੁਤ ਕੁਝ ਬਿਆਨ ਕਰਦੀਆਂ ਨੇ, ਮਨ ਵਿਚ ਹੋ ਰਹੀ ਉਥਲ-ਪੁਥਲ, ਸੁਖਨ ਲੋਚਦੀਆਂ ਸੋਚਾਂ, ਜੀਵਨ ਨੂੰ ਨਵੀਂ ਨਕੋਰ ਧਰਾਤਲ ਅਤੇ ਸੁਪਨਿਆਂ ਦੀ ਨਿਵੇਕਲੀ ਪਰਵਾਜ਼ ਬਾਰੇ। ਤਾਂ ਹੀ ਉਹ ‘ਹਸਰਤਾਂ ਦੇ ਸਫਰ’ ਵਿਚੋਂ ਹੀ ‘ਸਫਰ ਦੀਆਂ ਹਸਰਤਾਂ’ ਦਾ ਹਮਸਫਰ ਬਣਦਾ ਏ।
‘ਨੋਕਿੰਗ ਆਫ ਏ ਬਰਡ’ ਜਿਹੀ ਮਲੂਕ ਕਵਿਤਾ ਜਦ ਸੁਖਰਾਜ ਦੀ ਕਲਮ ਵਿਚੋਂ ਕਿਰਦੀ ਹੈ ਤਾਂ ਉਸ ਦੇ ਅੰਤਰੀਵ ਵਿਚ ਝਾਕਣਾ ਅਤੇ ਇਸ ਵਿਚ ਖੁਣੀ ਹੋਈ ਇਬਾਰਤ ਨੂੰ ਪੜ੍ਹਨਾ ਆਸਾਨ ਹੋ ਜਾਂਦਾ। ਇਹ ਕਵਿਤਾ ਤਾਂ ਪੁਲਿਸ ਅਫਸਰਾਂ ਬਾਰੇ ਬਣੀ ਹੋਈ ਧਾਰਨਾ ਨੂੰ ਤੋੜਨ ਦੇ ਸਮਰੱਥ ਹੈ।
ਕਿੰਨੇ ਖੂਬਸੂਰਤ ਨੇ ਉਸ ਦੇ ਕਾਵਿਕ ਬੋਲ ਕਿ,
ਰਿਸ਼ਤਿਆਂ ਦੇ ਨਾਮ ਨਹੀਂ ਹੁੰਦੇ
ਜੋ ਨਾਮ ਹੁੰਦੇ ਆ ਉਹ ਨਾਕਾਮ ਹੁੰਦੇ ਆ।
ਇਹ ਹੈ ਸਮਾਜ ਦਾ ਸਭ ਤੋਂ ਵੱਡਾ ਸੱਚ, ਜਿਸ ਦੇ ਰੂਬਰੂ ਅਸੀਂ ਹਰ ਰੋਜ਼ ਹੁੰਦੇ ਹਾਂ, ਪਰ ਮੁਨਕਰੀ ਦੀ ਜਿ਼ੰਦਗੀ ਹੰਢਾਉਂਦੇ ਹਾਂ।
ਸੁਖਰਾਜ ਜਦ ਕਵਿਤਾ ਰਾਹੀਂ ਬਸਤਰ ਦੀ ਕੁਦਰਤੀ ਸੁੰਦਰਤਾ ਅਤੇ ਭੋਲੇ-ਭਾਲੇ ਬਾਸਿ਼ੰਦਿਆਂ ਨੂੰ ਮਿਲਦਾ ਤਾਂ ਉਸ ਦੀ ਕਵਿਤਾ ਵਿਚ ਬਰਬਾਦ ਹੋ ਰਹੇ ਬਸਤਰ ਦੀ ਚੀਖ ਸੁਣਾਈ ਦਿੰਦੀ ਹੈ। ਉਸ ਦੇ ਹਰਫ ਹੁੰਗਰਦੇ ਨੇ,
ਮੈਂ ਸੁੰਦਰ ਬਸਤਰ, ਮੈਂ ਮਰ ਰਿਹਾਂ ਹਾਂ
ਹੌਲੀ ਹੌਲੀ, ਆਪਣੀ ਹੀ ਮੌਤ।
ਸੁਖਰਾਜ ਆਪਣੀ ਜਵਾਨੀ ਦੇ ਬੇਫਿਕਰੀ ਭਰੇ ਅਤੇ ਹੁਸੀਨ ਪਲਾਂ ਦੀ ਪਿਆਰੀ ਯਾਦ ਨੂੰ ਅਰਪਿੱਤ ਕਰਦਾ, ਕਵਿਤਾ ਵਿਚ ਬੋਲਦਾ ਹੈ,
ਅੱਜ ਵੀ ਉਹ ਹੈ, ਉਹੀ ਹੈ
ਪਤਾ ਨਹੀਂ ਉਹ ਕਿਥੇ ਹੈ
ਇਥੇ ਹੈ ਜਾਂ ਉਥੇ ਹੈ
ਬੱਸ ਉਸ ਦੀ ਗੱਲ ਕੁਝ ਹੋਰ ਸੀ।
ਹਰ ਸ਼ਖਸ ਦੇ ਜੀਵਨ ਵਿਚ ਕੁਝ ਕੁ ਖਾਲੀ ਥਾਂਵਾਂ ਅਜਿਹੀਆਂ ਹੁੰਦੀਆਂ, ਜੋ ਸਦਾ ਅਪੂਰਨ ਰਹਿੰਦੀਆਂ। ਮਨੁੱਖ ਕਦੇ ਵੀ ਪੂਰਨ ਨਹੀਂ ਹੁੰਦਾ। ਅਖੀਰਲੀ ਕਵਿਤਾ ਅਜਿਹੇ ਸੱਚ ਦੇ ਰੂਬਰੂ ਹੋ ਕੂਕਦੀ ਹੈ,
ਦਰਾਰਾਂ ਚੱਲ ਰਹੀਆਂ ਹਨ ਮੇਰੇ ਨਾਲ…
ਸੁਖਰਾਜ
ਜੀਣਾ, ਮਰਨਾ ਤੇ ਰਹਿਣਾ ਹੈ ਇਨ੍ਹਾਂ ਦਰਾਰਾਂ ਦੇ ਨਾਲ।
ਸੁਖਰਾਜ ਦੀ ਕਵਿਤਾ ਦੀ ਸੱਤਰੰਗੀ ਨੂੰ ਜੀ ਆਇਆਂ ਕਹਿੰਦਾ, ਆਸ ਰੱਖਦਾ ਹਾਂ ਕਿ ਭਵਿੱਖ ਵਿਚ ਉਸ ਦਾ ਕਾਵਿ-ਸਫਰ ਹੋਰ ਮੱਲਾਂ ਮਾਰੇਗਾ ਅਤੇ ਪੰਜਾਬੀ ਮਾਂ-ਬੋਲੀ ਦੀ ਝੋਲੀ ਨੂੰ ਕਾਵਿਕ ਰੰਗਾਂ ਨਾਲ ਲਬਰੇਜ਼ ਕਰੇਗਾ।