ਗੁਲਜ਼ਾਰ ਸਿੰਘ ਸੰਧੂ
ਸੁਰਜੀਤ ਹਾਂਸ ਨੂੰ ਫਾਨੀ ਸੰਸਾਰ ਤੋਂ ਤੁਰਿਆਂ ਇਕ ਸਾਲ ਹੋ ਗਿਆ ਹੈ। ਮੇਰੀ ਉਹਦੇ ਨਾਲ ਪਹਿਲੀ ਮੁਲਾਕਾਤ ਜੂਨ 1980 ਵਿਚ ਬਰਤਾਨੀਆਂ ਵਾਲੀ ਆਲਮੀ ਪੰਜਾਬੀ ਕਾਨਫਰੰਸ ਸਮੇਂ ਇੰਗਲੈਂਡ ਵਿਚ ਹੋਈ ਸੀ। ਮਾਹਿਲਪੁਰੀਆ ਹੋਣ ਕਾਰਨ ਉਹ ਮੇਰੇ ਨਾਲ ਵਧੇਰੇ ਹਿੱਤ ਰੱਖਦਾ ਸੀ। ਮਿੱਤਰਾਂ ਨੂੰ ਸ਼ਰਾਬਖਾਨਿਆਂ ਵਿਚ ਦਾਰੂ ਦਾ ਸੱਦਾ ਦਿੰਦਾ ਤਾਂ ਮੇਰਾ ਉਚੇਚਾ ਧਿਆਨ ਰੱਖਦਾ। ਸਾਨੂੰ ਕਿਸੇ ਨੂੰ ਪੈਸੇ ਨਾ ਦੇਣ ਦਿੰਦਾ। ਉਹ ਪੰਜਾਬ ਦੇ ਕਾਲਜਾਂ ਦੀ ਪ੍ਰੋਫੈਸਰੀ ਛੱਡ ਕੇ ਸ਼ੇਕਸਪੀਅਰ ਤੇ ਮਿਲਟਨ ਦੀ ਦੁਨੀਆਂ ਦੇ ਆਬਕਾਰੀ ਮਹਿਕਮੇ ਵਿਚ ਛੋਟੀ ਮੋਟੀ ਨੌਕਰੀ ਕਰਨ ਵਲਾਇਤ ਜਾ ਵੜਿਆ ਸੀ। ਬਾਇਰਨ, ਕੀਟਸ, ਸ਼ੈਲੀ ਦੀ ਕਾਰਜ ਭੂਮੀ ਦਾ ਅਨੰਦ ਮਾਣਨ, ਜਿਨ੍ਹਾਂ ਨੂੰ ਪੜ੍ਹਨਾ-ਪੜ੍ਹਾਉਣਾ ਆਪਣੇ ਦੇਸ਼ ਰਹਿੰਦਿਆਂ ਉਸ ਦਾ ਮਨ ਭਾਉਂਦਾ ਕਿੱਤਾ ਸੀ।
ਉਂਜ ਉਸ ਨੇ ਐਮ. ਏ. ਤੱਕ ਦੀ ਪੜ੍ਹਾਈ ਅੰਗਰੇਜ਼ੀ ਤੋਂ ਬਿਨਾ ਇਤਿਹਾਸ ਤੇ ਫਿਲਾਸਫੀ ਦੀ ਵੀ ਕੀਤੀ ਹੋਈ ਸੀ। ਉਹ ਤੁਰਦਾ ਫਿਰਦਾ ਇਨਸਾਈਕਲੋਪੀਡੀਆ ਸੀ। ਉਸ ਦੇ ਕਾਰਜ ਖੇਤਰਾਂ ਦੀ ਕਹਾਣੀ ਬਹੁਤ ਲੰਮੀ ਹੈ।
ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿਚ ਪੜ੍ਹਦੇ ਸਮੇਂ ਉਥੋਂ ਦੇ ਹੋਸਟਲ ਵਿਚ ਰਹਿੰਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਉਸ ਦਾ ਜਾਣੂ ਹੋ ਚੁਕਾ ਸੀ। ਕੇਂਦਰ ਵਿਚ ਵਿੱਤ ਮੰਤਰੀ ਹੁੰਦਿਆਂ ਡਾ. ਮਨਮੋਹਨ ਸਿੰਘ ਨੇ ਚੰਡੀਗੜ੍ਹ ਦੇ ਲਾਜਪਤ ਰਾਇ ਭਵਨ ਵਿਚ ਕਿਸੇ ਸਮਾਗਮ ਦਾ ਉਦਘਾਟਨ ਕਰਨਾ ਸੀ। ਉਹ ਸਮੇਂ ਤੋਂ ਦੋ ਚਾਰ ਮਿੰਟ ਪਹਿਲਾਂ ਹੀ ਪਹੁੰਚ ਗਿਆ। ਸਮਾਗਮ ਦਾ ਮੁਖ ਪ੍ਰਬੰਧਕ ਓਂਕਾਰ ਚੰਦ ਉਸ ਨੂੰ ਅੰਦਰ ਬਿਠਾਉਣ ਆਇਆ ਤਾਂ ਮੈਨੂੰ ਉਹਦੇ ਕੋਲ ਬਿਠਾ ਗਿਆ। ਮੈਂ ਉਦੋਂ ਪੰਜਾਬ ਰੈੱਡ ਕਰਾਸ ਦਾ ਸੈਕਟਰੀ ਸਾਂ।
“ਮੈਨੂੰ ਪਤਾ ਸੀ ਕਿ ਉਹ ਹਾਂਸ ਨੂੰ ਜਾਣਦਾ ਸੀ। ਮੈਂ ਦੱਸਿਆ ਕਿ ਮੈਂ ਹਾਂਸ ਨੂੰ ਜਾਣਦਾ ਹਾਂ। ਮੈਨੂੰ ਪਤਾ ਏ ਉਹ ਅੱਜ ਕਲ੍ਹ ਪੰਜਾਬੀ ਯੂਨੀਵਰਸਿਟੀ ਵਿਚ ਵਿਜ਼ਟਿੰਗ ਪ੍ਰੋਫੈਸਰ ਹੈ।” ਉਸ ਦੀ ਟਿੱਪਣੀ ਨੇ ਮੈਨੂੰ ਹੈਰਾਨ ਕਰ ਦਿੱਤਾ। ਦੇਸ਼ ਦਾ ਵਿੱਤ ਮੰਤਰੀ ਹੋਣ ਤੱਕ ਉਹ ਸੁਰਜੀਤ ਹਾਂਸ ਦੀ ਪੈੜ ਨਪਦਾ ਰਿਹਾ ਸੀ। ਉਸ ਦੀ, ਜਿਸ ਨੇ ਉਹਦੇ ਕੋਲੋਂ ਕਦੀ ਕੋਈ ਮੰਗ ਨਹੀਂ ਸੀ ਮੰਗੀ।
ਹਾਂਸ ਦੀਆਂ ਗੱਲਾਂ ਤੇ ਪ੍ਰਾਪਤੀਆਂ ਦੀ ਗਾਥਾ ਬਹੁਤ ਲੰਮੀ ਹੈ। ਮੈਂ ਦਿੱਲੀ ਛੱਡ ਕੇ ‘ਪੰਜਾਬੀ ਟ੍ਰਿਬਿਊਨ’ ਦਾ ਐਡੀਟਰ ਬਣ ਕੇ ਚੰਡੀਗੜ੍ਹ ਆਇਆ ਤਾਂ ਮੇਰਾ ਦਿੱਲੀ ਤੋਂ ਜਾਣੂ ਕਪੂਰ ਸਿੰਘ ਘੰੁਮਣ 15 ਜਨਵਰੀ 1985 ਨੂੰ ਮੈਨੂੰ ਮਿਲਣ ਆਇਆ ਤਾਂ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨਕੋਸ਼ ਮੈਨੂੰ ਭੇਟ ਕਰ ਗਿਆ। ਪਿਛਲੇ ਸਾਲ ਤਕ ਮੈਨੂੰ ਉਹ ਵਾਲਾ ਕੋਸ਼ ਵਰਤਣ ਦੀ ਲੋੜ ਹੀ ਨਹੀਂ ਪਈ। ਲੋੜੀਂਦੀ ਜਾਣਕਾਰੀ ਲਈ ਮਹਾਨਕੋਸ਼ ਦੇ ਵਰਕੇ ਫਰੋਲਣ ਨਾਲੋਂ ਹਾਂਸ ਨੂੰ ਟੈਲੀਫੋਨ ਕਰਕੇ ਪੁੱਛ ਲੈਣਾ ਸੌਖਾ ਸੀ। ਕਈ ਵਾਰੀ ਉਹਦੇ ਵਲੋਂ ਦਿੱਤੀ ਜਾਣਕਾਰੀ ਮਹਾਨਕੋਸ਼ ਨਾਲੋਂ ਵੀ ਪਾਇਦਾਰ ਹੁੰਦੀ ਸੀ।
ਜਾਂਦੇ ਜਾਂਦੇ ਇਹ ਵੀ ਦੱਸ ਦਿਆਂ ਕਿ ਹਾਂਸ ਨੇ ਆਪਣੇ ਹਰ ਜਾਣੂ ਦਾ ਨਾਂ ਰੱਖਿਆ ਹੋਇਆ ਸੀ। ਪਟਿਆਲਾ ਯੂਨੀਵਰਸਿਟੀ ਵਾਲੀ ਡਾ. ਧਨਵੰਤ ਕੌਰ ਦਾ ਧੰਨੋ, ਓਥੋਂ ਦੇ ਵਾਈਸ ਚਾਂਸਲਰ ਦੇ ਸਕੱਤਰ ਮੋਹਨ ਸਿੰਘ ਜੌਹਲ ਦਾ ਮੈਕਸੀ ਤੇ ਜਨ ਸੰਚਾਰ ਵਿਭਾਗ ਦੇ ਮੁਖੀ ਨਵਜੀਤ ਜੌਹਲ ਦਾ ਮਿੰਨੀ ਅਤੇ ਵਾਈਸ ਚਾਂਸਲਰ ਜੇ. ਐਸ. ਪੁਆਰ ਦਾ ਬੜਾ ਬਾਬੂ ਤੇ ਮੇਰਾ ਛੋਟਾ ਬਾਬੂ; ਪਰ ਉਸ ਨੂੰ ਪਤਾ ਸੀ ਜਾਂ ਨਹੀਂ, ਮੈਂ ਤੇ ਮੇਰਾ ਜਲੰਧਰ ਵਾਲਾ ਮਿੱਤਰ ਪ੍ਰੇਮ ਪ੍ਰਕਾਸ਼ ਉਸ ਨੂੰ ‘ਬੁੜ੍ਹਾ’ ਕਹਿ ਕੇ ਚੇਤੇ ਕਰਦੇ ਸਾਂ, ਉਸ ਦੀ ਸਿਆਣਪ ਕਾਰਨ। ਉਸ ਦੇ ਰਚੇ ਨਾਟਕਾਂ, ਨਾਵਲਾਂ ਤੇ ਕਾਵਿ ਪੁਸਤਕਾਂ ਨੂੰ ਭੁੱਲ ਵੀ ਜਾਈਏ ਤਾਂ ਉਸ ਦੀ ਪੰਜਾਬੀ ਸਾਹਿਤ ਨੂੰ ਸਭ ਤੋਂ ਵੱਡੀ ਦੇਣ ਉਹਦੇ ਵਲੋਂ ਕੀਤਾ ਸ਼ੇਕਸਪੀਅਰ ਦੀ ਸਮੁੱਚੀ ਰਚਨਾ ਦਾ ਪੰਜਾਬੀ ਅਨੁਵਾਦ ਹੈ। ਉਸ ਦੇ ਸੌਨੇਟਾਂ ਸਮੇਤ ਇਸ ਦੀਆਂ 39 ਜਿਲਦਾਂ ਬਣਦੀਆਂ ਹਨ। ਉਸ ਦੀ ਹੁਣੇ ਹੁਣੇ ਛਪੀ ਕਾਵਿ-ਪੁਸਤਕ ‘ਮ੍ਰਿਤ ਦਾ ਸੁਪਨਾ’ ਹੈ, ਜਿਸ ਦਾ ਮੁਖ ਬੰਦ ਪ੍ਰੇਮ ਪ੍ਰਕਾਸ਼ ਨੇ ਲਿਖਿਆ ਹੈ।
ਕਿਸਾਨ ਮੋਰਚੇ ਤੋਂ ਚੋਂਦੀਆਂ ਚੋਂਦੀਆਂ:
(ੳ) ਕਿਸੇ ਹਵਾਈ ਜਹਾਜ ਦਾ ਸਫਾਈ ਕਰਮਚਾਰੀ ਛੁੱਟੀ ’ਤੇ ਸੀ। ਮਾਲਕਾਂ ਨੇ ਇਹ ਡਿਊਟੀ ਆਪਣੇ ਵੇਟਰ ਨੂੰ ਸੌਂਪ ਦਿੱਤੀ, ਜਿਸ ਨੂੰ ਜਹਾਜ ਦੇ ‘ਕਾਕ ਪਿੱਟ’ ਵਿਚ ਇਕ ਕਿਤਾਬਚਾ ਮਿਲ ਗਿਆ। ਲਿਖਿਆ ਸੀ ਕਿ ਸਟਾਰਟ ਕਰਨ ਲਈ ਪੀਲਾ ਬਟਨ ਦਬੋ। ਬਟਨ ਦੱਬਿਆ ਤਾਂ ਚਾਲੂ ਹੋਣ ਦੀ ਅਵਾਜ਼ ਆਉਣ ਲੱਗੀ। ਅਗੇ ਪੜ੍ਹਿਆ, ਤੋਰਨ ਲਈ ਹਰਾ ਬਟਣ ਦੱਸੋ। ਜਹਾਜ ਤੁਰ ਪਿਆ। ਉਡਾਉਣ ਲਈ ਲਾਲ ਬਟਨ ਸੀ। ਉਸ ਨੇ ਲਾਲ ਬਟਣ ਦੱਬਿਆ ਤਾਂ ਅਸਮਾਨੀ ਹਵਾ ਦੇ ਨਜ਼ਾਰੇ ਆਉਣ ਲੱਗ ਪਏ। ਮਜ਼ੇ ਲੈਣ ਤੋਂ ਪਿੱਛੋਂ ਉਸ ਨੇ ਸੋਚਿਆ ਉਡਣ ਖਟੋਲੇ ਨੂੰ ਧਰਤੀ ਉੱਤੇ ਉਤਾਰ ਲਈਏ। ਕਿਤਾਬਚਾ ਦੇਖਿਆ ਤਾਂ ਉਸ ਵਿਚ ਲਿਖਿਆ ਸੀ ਕਿ ਇਹਦੇ ਲਈ ਦੂਜਾ ਕਿਤਾਬਚਾ ਪੜ੍ਹੋ, ਜਿਹੜਾ ਹਵਾਈ ਅੱਡੇ ਦੇ ਬੁਕ ਸਟਾਲ ਤੋਂ ਮਿਲਦਾ ਹੈ।
ਉਡਾਉਣ ਵਾਲਾ ਕੌਣ ਸੀ? ਦੱਸਣ ਦੀ ਲੋੜ ਨਹੀਂ।
(ਅ) ਇਕ ਵਕੀਲ ਦਾ ਖੂਹ ਜੱਟ ਨੇ ਖਰੀਦ ਲਿਆ। ਵਕੀਲ ਨੇ ਜਿੰਨੇ ਪੈਸੇ ਮੰਗੇ, ਜੱਟ ਨੇ ਦੇ ਦਿੱਤੇ। ਵਕੀਲ ਦੇ ਮਨ ਵਿਚ ਆਈ ਕਿ ਜੱਟ ਤੋਂ ਹੋਰ ਵੀ ਪੈਸੇ ਲਏ ਜਾ ਸਕਦੇ ਹਨ। ਉਹਦੇ ਘਰ ਗਿਆ ਤੇ ਜੱਟ ਨੂੰ ਕਹਿਣ ਲੱਗਾ ਕਿ ਮੈਨੂੰ ਖੂਹ ਦੇ ਪੈਸੇ ਤਾਂ ਮਿਲ ਗਏ ਹਨ, ਇਹਦੇ ਵਿਚਲੇ ਪਾਣੀ ਦੇ ਨਹੀਂ, ਇਹ ਤੇਰੇ ਵਲ ਹੋਰ ਬਣਦੇ ਨੇ। ਜੱਟ ਨੇ ਕਿਹਾ ਕਿ ਜਲ ਪਾਣੀ ਛਕੋ, ਇਹ ਗੱਲ ਵੀ ਕਰਦੇ ਹਾਂ।
ਜੱਟ ਬੋਲਿਆ ਕਿ ਮੈਂ ਤਾਂ ਖੁਦ ਤੁਹਾਡੇ ਘਰ ਆਉਣਾ ਸੀ। ਇਹ ਕਹਿਣ ਕਿ ਆਪਣਾ ਪਾਣੀ ਫਟਾਫਟ ਕਢ ਲਓ ਨਹੀਂ ਤਾਂ ਕੱਲ ਤੋਂ ਕਿਰਾਇਆ ਲੱਗਣਾ ਸ਼ੁਰੂ ਹੋ ਜਾਣਾ ਏ।
(ੲ) ਵਿਰੋਧੀ ਕਹਿਣ ਲੱਗੇ ਪ੍ਰਧਾਨ ਮੰਤਰੀ ਨੇ ਲਾਲ ਕਿਲਾ, ਬੀਮਾ ਕੰਪਨੀ, ਹਵਾਈ ਜਹਾਜ ਤੇ ਰੇਲਾਂ ਵੇਚ ਛੱਡੀਆਂ ਹਨ।
ਪ੍ਰਧਾਨ ਮੰਤਰੀ ਦੇ ਸਮਰਥਕਾਂ ਨੇ ਉੱਤਰ ਦਿੱਤਾ, ਹੋਸ਼ ਨਾਲ ਗੱਲ ਕਰੋ। ਉਸ ਨੇ ਚੋਣ ਕਮਿਸ਼ਨ, ਮੀਡੀਆ, ਸੀ. ਬੀ. ਆਈ. ਜਾਂਚ ਬਿਊਰੋ ਤੇ ਸੁਪਰੀਮ ਕੋਰਟ ਖਰੀਦੀ ਵੀ ਤਾਂ ਹੈ।
ਅੰਤਿਕਾ: (ਲੋਕ ਬੋਲੀਆਂ/ਗੁਰਭਜਨ ਗਿੱਲ)
ਕਈ ਤੁਰ ਗਏ ਕਈਆਂ ਨੇ ਤੁਰ ਜਾਣਾ
ਦਿੱਲੀਏ ਤੂੰ ਮਾਣ ਨਾ ਕਰੀਂ
ਅਸੀਂ ਸੱਤ ਪਤਣਾਂ ਦੇ ਤਾਰੂ
ਆ ਬੈਠੇ ਜੀ. ਟੀ. ਰੋਡ ’ਤੇ
ਸਾਨੂੰ ਏਕਤਾ ਦਾ ਸਬਕ ਪੜ੍ਹਾਇਆ
ਕਾਲਿਆਂ ਕਾਨੂੰਨਾਂ ਨੇ।