ਪੰਜਾਬ ਦੇ ਬਹੁਤੇ ਮੰਤਰੀਆਂ ਦੀਆਂ ਗੱਡੀਆਂ ਖੜਕੀਆਂ

ਚੰਡੀਗੜ੍ਹ: ਪੰਜਾਬ ਦੇ ਮਾਲੀ ਸੰਕਟ ਨੇ ਲਾਲ ਬੱਤੀ ਵਾਲੀਆਂ ਦਰਜਨਾਂ ਕਾਰਾਂ ਦਾ ਧੂੰਆਂ ਕੱਢ ਦਿੱਤਾ ਹੈ। ਉਪਰੋਂ ਦਿੱਖਣ ਨੂੰ ਇਹ ਆਲੀਸ਼ਾਨ ਕਾਰਾਂ ਹਨ ਪਰ ਅੰਦਰੋਂ ਖੋਖਲੀਆਂ ਹੋ ਗਈਆਂ ਹਨ। ਇਨ੍ਹਾਂ ਕਾਰਾਂ ਦੀ ਮਿਆਦ ਪੁੱਗ ਚੁੱਕੀ ਹੈ ਪਰ ਫਿਰ ਵੀ ਇਹ ਸੜਕਾਂ ‘ਤੇ ਦੌੜ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਲਈ ਤਾਂ 38 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਹੈਲੀਕਾਪਟਰ ਖਰੀਦ ਕਰ ਲਿਆ ਗਿਆ ਹੈ ਪਰ ਮੰਤਰੀਆਂ ਤੇ ਮੁੱਖ ਸੰਸਦੀ ਸਕੱਤਰਾਂ ਨੂੰ ਕਾਰਾਂ ਦੇਣ ਦਾ ਮਾਮਲਾ ਮਾਲੀ ਸੰਕਟ ਦੀ ਭੇਟ ਚੜ੍ਹ ਗਿਆ ਹੈ।
ਨਿਯਮਾਂ ਅਨੁਸਾਰ ਕੋਈ ਵੀ ਮਿਆਦ ਪੁਗਾ ਚੁੱਕੀ ਗੱਡੀ ਸੜਕ ਤੇ ਦੌੜ ਨਹੀਂ ਸਕਦੀ ਪਰ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦੀ ਸਰਕਾਰੀ ਕੈਮਰੀ ਗੱਡੀ ਦੀ ਵੀ ਮਿਆਦ ਪੁੱਗ ਚੁੱਕੀ ਹੈ। ਸਿਰਫ਼ ਸ਼ ਕੋਹਾੜ ਹੀ ਨਹੀਂ, ਸੱਤ ਹੋਰ ਮੰਤਰੀਆਂ ਤੇ 17 ਮੁੱਖ ਸੰਸਦੀ ਸਕੱਤਰਾਂ ਦੀਆਂ ਲਾਲ ਬੱਤੀ ਵਾਲੀਆਂ ਕਾਰਾਂ ਦੀ ਮਿਆਦ ਪੁੱਗ ਚੁੱਕੀ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਦੇ ਵੀæਵੀæਆਈæਪੀਜ਼ ਕੋਲ 58 ਸਰਕਾਰੀ ਵਾਹਨ ਹਨ ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ।
ਇਹ ਗੱਡੀਆਂ ਆਪਣੇ ਨਿਰਧਾਰਤ ਕਿਲੋਮੀਟਰ ਤੋਂ ਜ਼ਿਆਦਾ ਚੱਲ ਚੁੱਕੀਆਂ ਹਨ। ਸੂਚਨਾ ਅਨੁਸਾਰ ਅੱਠ ਕੈਬਨਿਟ ਮੰਤਰੀਆਂ ਦੀਆਂ ਕੈਮਰੀ ਗੱਡੀਆਂ ਆਪਣਾ ਸਮਾਂ ਪੂਰਾ ਕਰ ਚੁੱਕੀਆਂ ਹਨ ਜਿਨ੍ਹਾਂ ਵਿਚ ਅਨਿਲ ਜੋਸ਼ੀ, ਸ਼ਰਨਜੀਤ ਸਿੰਘ ਢਿੱਲੋਂ, ਅਜੀਤ ਸਿੰਘ ਕੋਹਾੜ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਰਜੀਤ ਸਿੰਘ ਰੱਖੜਾ, ਚੁੰਨੀ ਲਾਲ ਭਗਤ, ਮਦਨ ਮੋਹਨ ਮਿੱਤਲ ਤੇ ਸਰਵਣ ਸਿੰਘ ਫਿਲੌਰ ਸ਼ਾਮਲ ਹਨ। ਇਸ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਐਨæਕੇæਸ਼ਰਮਾ, ਪ੍ਰਕਾਸ਼ ਚੰਦ ਗਰਗ, ਬਲਵੀਰ ਸਿੰਘ ਘੁੰਨਸ, ਸੋਹਣ ਸਿੰਘ ਠੰਡਲ, ਵਿਰਸਾ ਸਿੰਘ ਵਲਟੋਹਾ ਤੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਸਰਕਾਰ ਵੱਲੋਂ ਕੈਮਰੀ ਗੱਡੀ ਮਿਲੀ ਹੋਈ ਹੈ ਪਰ ਹੁਣ ਇਹ ਗੱਡੀਆਂ ਖਟਾਰਾ ਹੋ ਚੁੱਕੀਆਂ ਹਨ।
ਸੂਚਨਾ ਅਨੁਸਾਰ ਮੁੱਖ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ, ਮਨਤਾਰ ਸਿੰਘ ਬਰਾੜ, ਮਹਿੰਦਰ ਕੌਰ ਜੋਸ਼, ਅਮਰਪਾਲ ਸਿੰਘ ਬੋਨੀ, ਡਾæ ਨਵਜੋਤ ਕੌਰ ਸਿੱਧੂ, ਦੇਸ ਰਾਜ ਧੁੱਗਾ, ਚੌਧਰੀ ਨੰਦ ਲਾਲ, ਕੇæ ਡੀæ ਭੰਡਾਰੀ, ਸੋਮ ਪ੍ਰਕਾਸ਼, ਨਿਸਾਰਾ ਖਤੂਨ ਤੇ ਅਵਿਨਾਸ਼ ਚੰਦਰ ਕੋਲ ਟੋਯੋਟਾ ਕੈਰੋਲਾ ਗੱਡੀਆਂ ਹਨ ਪਰ ਇਨ੍ਹਾਂ ਦੀ ਮਿਆਦ ਵੀ ਪੁੱਗ ਚੁੱਕੀ ਹੈ। ਇਨ੍ਹਾਂ ਮੁੱਖ ਸੰਸਦੀ ਸਕੱਤਰਾਂ ਵਿਚੋਂ ਅੱਠ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਦਿੱਤੀਆਂ ਜਿਪਸੀਆਂ ਵੀ ਖਟਾਰਾ ਹੋ ਚੁੱਕੀਆਂ ਹਨ। ਚਾਰ ਵਿਧਾਇਕਾਂ ਮਨੋਰੰਜਨ ਕਾਲੀਆ, ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਤੇ ਇਕ ਹੋਰ ਨੂੰ ਦਿੱਤੀਆਂ ਜਿਪਸੀਆਂ ਵੀ ਨਿਯਮਾਂ ਮੁਤਾਬਕ ਆਪਣੀ ਉਮਰ ਪੂਰੀ ਕਰ ਚੁੱਕੀਆਂ ਹਨ। ਇਸੇ ਤਰ੍ਹਾਂ ਵਿਧਾਇਕ ਤਰਲੋਚਨ ਸਿੰਘ ਸੂੰਢ ਦੀ ਇਨੋਵਾ ਗੱਡੀ ਵੀ ਆਪਣਾ ਸਮਾਂ ਪੂਰਾ ਕਰ ਚੁੱਕੀ ਹੈ।
ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਸੰਗਰੂਰ ਤੋਂ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਨੂੰ ਦਿੱਤੀ ਜਿਪਸੀ ਵੀ ਆਪਣਾ ਸਮਾਂ ਪੂਰਾ ਕਰ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਅੰਬੈਸਡਰ (ਏਸੀ) ਗੱਡੀ ਵੀ ਮਿਆਦ ਪੁਗਾ ਚੁੱਕੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਵੀæਵੀæਆਈæ ਪੀਜ਼ ਵੱਲੋਂ ਕਾਫ਼ੀ ਵਾਰ ਇਹ ਮਾਮਲਾ ਸਰਕਾਰ ਕੋਲ ਉਠਾਇਆ ਗਿਆ ਹੈ ਪਰ ਉਨ੍ਹਾਂ ਨੂੰ ਹਾਲੇ ਗੱਡੀਆਂ ਮਿਲੀਆਂ ਨਹੀਂ ਹਨ। ਪੰਜਾਬ ਸਰਕਾਰ ਵੱਲੋਂ ਨਵੀਆਂ ਗੱਡੀਆਂ ਖਰੀਦਣ ਦੀ ਤਜਵੀਜ਼ ਤਾਂ ਤਿਆਰ ਕੀਤੀ ਸੀ ਪਰ ਖਜ਼ਾਨੇ ਦੀ ਹਾਲਤ ਮਾੜੀ ਹੋਣ ਕਰਕੇ ਗੱਲ ਸਿਰੇ ਨਹੀਂ ਲੱਗ ਸਕੀ ਹੈ।
ਮੁੱਖ ਮੰਤਰੀ ਦੀ ਇਕ ਕੈਮਰੀ ਗੱਡੀ ਤੇ ਪੰਜ ਨਾਨ ਏæਸੀæ ਗੱਡੀਆਂ ਦੀ ਵੀ ਮਿਆਦ ਪੁੱਗ ਚੁੱਕੀ ਹੈ। ਇਸੇ ਤਰ੍ਹਾਂ ਉਪ ਮੁੱਖ ਮੰਤਰੀ ਨਾਲ ਚੱਲਦੀਆਂ ਇਕ ਦਰਜਨ ਗੱਡੀਆਂ ਦੀ ਮਿਆਦ ਲੰਘ ਚੁੱਕੀ ਹੈ ਜਿਨ੍ਹਾਂ ਵਿਚ ਤਿੰਨ ਨਾਨ ਏæਸੀæ ਗੱਡੀਆਂ, ਇਕ ਇਨੋਵਾ ਤੇ ਅੱਠ ਜਿਪਸੀਆਂ ਸ਼ਾਮਲ ਹਨ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਖੁਦ ਤਾਂ ਬੁਲੇਟ ਪਰੂਫ਼ ਗੱਡੀਆਂ ਵਿਚ ਸਫ਼ਰ ਕਰਦੇ ਹਨ ਜਦੋਂਕਿ ਕਾਫਲੇ ਨਾਲ ਚੱਲਦੀਆਂ ਬਾਕੀ ਗੱਡੀਆਂ ਵਿਚ ਸੁਰੱਖਿਆ ਦਸਤਾ ਹੁੰਦਾ ਹੈ।

Be the first to comment

Leave a Reply

Your email address will not be published.