ਅੰਬਰ ਜਿੱਡੀ ਉਡਾਣ

ਪਹਿਲੀ ਨਜ਼ਰੇ 18 ਸਾਲਾ ਸ਼ਵੇਤਾ ਅੱਲੜ ਉਮਰ ਦੀ ਕਿਸੇ ਵੀ ਹੋਰ ਕੁੜੀ ਵਰਗੀ ਲਗਦੀ ਹੈæææਕਾਲੀ ਟੀ-ਸ਼ਰਟ ਅਤੇ ਜੀਨ ਵਿਚ ਲਿਪਟੀ, ਉਹ ਘਬਰਾਈ ਜਿਹੀ ਮੁਸਕਰਾਹਟ ਆਪਣੇ ਚਿਹਰੇ ਉਤੇ ਲਿਆਉਂਦੀ ਹੈ। ਉਸ ਨੂੰ ਦੇਖ ਕੇ ਲਗਦਾ ਨਹੀਂ ਕਿ ਇਹ ਕੁੜੀ ਨਿਊ ਯਾਰਕ ਦੇ ਵੱਕਾਰੀ ਬਾਰਡ ਕਾਲਜ ਵਿਚ ਸਾਈਕੋਲੋਜੀ ਦੀ ਡਿਗਰੀ ਲਈ ਚੁਣੀ ਗਈ ਹੈ। ਇਸ ਸਾਲ ਅਪਰੈਲ ਵਿਚ ਉਸ ਨੂੰ ‘ਨਿਊਜ਼ ਵੀਕ’ ਦੇ ਔਰਤਾਂ ਵਾਲੇ ਅੰਕ ਵਿਚ ਸੰਸਾਰ ਦੀਆਂ ਅੰਡਰ-25 ਕੁੜੀਆਂ ਵਿਚ ਸ਼ੁਮਾਰ ਕੀਤਾ ਗਿਆ ਸੀ।
ਸ਼ਵੇਤਾ ਦਾ ਇਸ ਚੋਟੀ ਉਤੇ ਪਹੁੰਚਣ ਦਾ ਪਹਿਲਾ ਪੈਂਡਾ ਬਹੁਤ ਬਿਖੜਾ ਹੈ। ਸ਼ਵੇਤਾ ਕਰਨਾਟਕਾ ਤੋਂ ਹੈ ਅਤੇ ਉਸ ਦਾ ਦਾਦਾ ਚਕਲਾ ਚਲਾਉਂਦਾ ਸੀ, ਪਰ ਉਸ ਦੀ ਸ਼ਰਾਬ ਪੀਣ ਅਤੇ ਹੋਰ ਨਸ਼ੇ ਖਾਣ ਦੀ ਆਦਤ ਕਾਰਨ ਉਸ ਦੀ ਦਾਦੀ ਨੂੰ ਲੋਕਾਂ ਨੇ ਘਰਾਂ ਵਿਚ ਨੌਕਰਾਣੀ ਬਣਨਾ ਪਿਆ। ਆਪਣੀ ਧੀ (ਸ਼ਵੇਤਾ ਦੀ ਮਾਂ) ਨੂੰ ਚੰਗੀ ਜ਼ਿੰਦਗੀ ਦੇਣ ਖਾਤਿਰ ਉਸ ਨੇ ਉਸ ਨੂੰ ਆਪਣੇ ਜੱਦੀ ਪਿੰਡ ਭੇਜ ਦਿੱਤਾ, ਪਰ ਉਥੇ ਕਹਾਣੀ ਹੋਰ ਹੀ ਬਣ ਗਈ। ਸ਼ਵੇਤਾ ਦੀ ਮਾਂ ਉਸ ਬੰਦੇ ਨਾਲ ਪਿਆਰ ਪਾ ਬੈਠੀ ਜਿਹੜਾ ਪਹਿਲਾਂ ਹੀ ਵਿਆਹਿਆ ਹੋਇਆ ਸੀ। ਸ਼ਵੇਤਾ ਦੱਸਦੀ ਹੈ- “ਮੇਰੀ ਮਾਂ ਵੇਸਵਾ ਨਹੀਂ, ਉਹ ਤਾਂ ਦੇਵਦਾਸੀ ਸੀ। ਉਹ ਉਸ ਬੰਦੇ ਨਾਲ ਵਿਆਹ ਨਹੀਂ ਸੀ ਕਰਵਾ ਸਕਦੀ, ਪਰ ਉਹ ਚਾਹੁੰਦੀ ਸੀ ਕਿ ਉਸ ਦੇ ਪਿਆਰ ਦੀ ਕੋਈ ਨਿਸ਼ਾਨੀ ਹੋਵੇ ਤੇ ਇਸ ਹਾਲਾਤ ਵਿਚੋਂ ਹੀ ਮੇਰਾ ਜਨਮ ਹੋਇਆ।” ਮੁੰਬਈ ਆਉਣ ਤੋਂ ਪਹਿਲਾਂ ਸ਼ਵੇਤਾ ਦੀ ਮਾਂ ਇਕ ਹੋਰ ਸ਼ਖ਼ਸ ਨਾਲ ਰਹਿੰਦੀ ਰਹੀ। ਇਸ ਸ਼ਖ਼ਸ ਨੇ ਸ਼ਵੇਤਾ ਨੂੰ ਵੀ ਆਪਣੇ ਕੋਲ ਰੱਖਿਆ ਅਤੇ ਆਪਣਾ ਉਪ ਨਾਮ ਵੀ ਦਿੱਤਾ। ਆਪਣੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਸ਼ਵੇਤਾ ਦੱਸਦੀ ਹੈ, “ਕਮਾਠੀਪੁਰਾ ਵਿਚ ਜ਼ਿੰਦਗੀ ਬਸਰ ਕਰਨੀ ਸੌਖੀ ਨਹੀਂ ਸੀ। ਮੇਰਾ ਪਿਉ ਸ਼ਰਾਬੀ ਸੀ। ਸਿੱਟੇ ਵਜੋਂ ਮੇਰੀ ਮਾਂ ਨੂੰ ਫੈਕਟਰੀ ਵਿਚ ਕੰਮ ਕਰਨਾ ਪੈਂਦਾ ਸੀ। ਮੈਨੂੰ ਮੁਕਾਮੀ (ਲੋਕਲ) ਮਿਊਂਸੀਪਲ ਸਕੂਲ ਵਿਚ ਪੜ੍ਹਾਇਆ ਗਿਆ।æææਪੁਲਿਸ ਦੇ ਛਾਪੇ ਆਮ ਪੈਂਦੇ ਸਨ ਅਤੇ ਵੇਸਵਾਵਾਂ ਨੂੰ ਪੁਲਿਸ ਵਾਲਿਆਂ ਤੋਂ ਬਚਣ ਲਈ ਆਪਣੀਆਂ ਨਾਈਟੀਆਂ ਸਣੇ ਇੱਧਰ-ਉਧਰ ਭੱਜਣਾ ਪੈ ਜਾਂਦਾ ਸੀ।æææਜਦੋਂ ਮੈਂ 10 ਕੁ ਸਾਲ ਦੀ ਹੋਈ, ਲੋਕਾਂ ਨੇ ਮੇਰੇ ਉਤੇ ਵੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ।”
ਵੇਸਵਾਵਾਂ ਦੇ ਰੈੱਡ ਲਾਈਟ ਏਰੀਏ ਦੇ ਕੁਝ ਕੁ ਸੁਖਦ ਪਲਾਂ ਨੂੰ ਵੀ ਉਹ ਯਾਦ ਕਰਦੀ ਹੈ- “ਮੇਰੀ ਮਾਂ ਸਵੇਰੇ 9 ਤੋਂ 7 ਵਜੇ ਤੱਕ ਕੰਮ ਕਰਦੀ ਸੀ। ਫਿਰ ਵੇਸਵਾਵਾਂ ਹੀ ਮੈਨੂੰ ਸਕੂਲ ਜਾਣ ਲਈ ਤਿਆਰ ਕਰਦੀਆਂ ਅਤੇ ਵਾਪਸੀ ‘ਤੇ ਮੇਰਾ ਪੂਰਾ ਧਿਆਨ ਰੱਖਦੀਆਂ।” ਜਿਉਂ ਹੀ ਸ਼ਵੇਤਾ ਵੱਡੀ ਹੋਈ, ਉਸ ਦੇ ਪਿਉ ਨੇ ਹੀ ਉਸ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ। ਸ਼ਵੇਤਾ ਦੀਆਂ ਅੱਖਾਂ ਭਰ ਆਉਂਦੀਆਂ ਹਨ- “ਪਹਿਲਾਂ ਤਾਂ ਮੈਨੂੰ ਸਮਝ ਹੀ ਨਾ ਲੱਗੀ ਕਿ ਹੋ ਕੀ ਰਿਹਾ ਹੈ? ਉਹ ਮੈਨੂੰ ਵਾਰ-ਵਾਰ ਛੂੰਹਦਾ ਸੀ। ਕੁਝ ਸਾਲ ਪਹਿਲਾਂ ਜਦੋਂ ਇਹ ਗੱਲ ਮੈਂ ਆਪਣੀ ਮਾਂ ਨਾਲ ਕੀਤੀ ਤਾਂ ਉਹ ਸੁੰਨ ਹੋ ਕੇ ਰਹਿ ਗਈ, ਪਰ ਉਸ ਨੂੰ ਤਸੱਲੀ ਸੀ ਕਿ ਉਹਦੀ ਧੀ ਇਸ ਜੰਜਾਲ ਵਿਚੋਂ ਬਚ ਕੇ ਨਿਕਲ ਆਈ ਸੀ।”
ਅਸਲ ਵਿਚ ਨੰਨ੍ਹੀ ਜਾਨ ਸ਼ਵੇਤਾ ਨੇ ਜ਼ਿੰਦਗੀ ਵਿਚ ਆਈ ਹਰ ਮੁਸ਼ਕਿਲ ਪਾਰ ਕਰਨ ਦਾ ਹੀਆ ਕੀਤਾ। ਉਹ ਕਹਿੰਦੀ ਹੈ, “ਮੇਰਾ ਰੰਗ ਕਾਲਾ ਸੀ। ਛੋਟੇ ਹੁੰਦਿਆਂ ਮੈਨੂੰ ਮੇਰੇ ਸਹਿਪਾਠੀ ਅਤੇ ਗੁਆਂਢੀ ‘ਕਾਲੀ’ ਕਹਿ ਕੇ ਸੱਦਦੇ ਸਨ। ਇਸ ਦਾ ਮੇਰੇ ਮਨ ਉਤੇ ਬੜਾ ਬੁਰਾ ਅਸਰ ਪਿਆ।” ਇਸ ਤੋਂ ਬਾਅਦ ਮਾਂ ਦੇ ਜ਼ੋਰ ਪਾਉਣ ਉਤੇ ਉਸ ਨੇ ‘ਆਪਨੇ ਆਪ’ ਵਿਖੇ ਜਾਣਾ ਸ਼ੁਰੂ ਕੀਤਾ। ‘ਆਪਨੇ ਆਪ’ ਕਮਾਠੀਪੁਰਾ ਵਿਚ ਕੁਝ ਔਰਤਾਂ ਨੇ ਸੰਸਥਾ ਸ਼ੁਰੂ ਕੀਤੀ ਸੀ ਅਤੇ ਇਹ ਵੇਸਵਾਵਾਂ ਦੇ ਬੱਚਿਆਂ ਲਈ ਕੰਮ ਕਰਦੀ ਸੀ। ਸ਼ਵੇਤਾ ਦੱਸਦੀ ਹੈ, “ਮਾਂ ਨੂੰ ਮੇਰੀ ਸਮਰੱਥਾ ਬਾਰੇ ਪਤਾ ਸੀ। ਇਸੇ ਕਰ ਕੇ ਉਹ ਮੈਨੂੰ ਪੜ੍ਹਾਈ ਲਈ ਜ਼ੋਰ ਦਿੰਦੀ ਸੀ। ਮੈਂ ਵੀ ਕਮਾਠੀਪੁਰਾ ਤੋਂ ਨਿਕਲਣਾ ਚਾਹੁੰਦੀ ਸੀ।”æææਤੇ ‘ਆਪਨੇ-ਆਪ’ ਹੀ ਸ਼ਵੇਤਾ ਲਈ ਰਾਹ ਬਣਿਆ। ਉਥੇ ਉਸ ਦਾ ਸੰਪਰਕ ਗ਼ੈਰ-ਸਰਕਾਰੀ ਸੰਸਥਾ (ਐਨæਜੀæਓæ) ‘ਕ੍ਰਾਂਤੀ’ ਦੇ ਰੌਬਿਨ ਚੌਰਸੀਆ ਨਾਲ ਹੋਇਆ। ਇਹ ਬੰਦਾ ਵੇਸਵਾਵਾਂ ਦੀਆਂ ਕੁੜੀਆਂ ਦੀ ਭਲਾਈ ਲਈ ਕੰਮ ਕਰਦਾ ਸੀ। ਸ਼ਵੇਤਾ ਫਿਰ ਦੱਸਦੀ ਹੈ, “ਰੌਬਿਨ ਨੇ ਮੇਰੀ ਗੱਲ ਬੜੇ ਤਹੱਮਲ ਨਾਲ ਸੁਣੀ ਅਤੇ ਜਦੋਂ ਗੱਲ ਖ਼ਤਮ ਹੋਈ ਤਾਂ ਮੈਂ ਸਵੈ-ਵਿਸ਼ਵਾਸ ਨਾਲ ਭਰੀ ਹੋਈ ਸਾਂ। ਉਸ ਨੇ ਮੈਨੂੰ ਅੰਗਰੇਜ਼ੀ ਸਿੱਖਣ ਲਈ ਕਿਹਾ। ਅਸਲ ਵਿਚ ਇਹ ਉਹ ਸ਼ਖ਼ਸ ਸੀ ਜਿਸ ਨੂੰ ਪਹਿਲੀ ਵਾਰ ਮੈਂ ਆਪਣੀ ਜੀਵਨ ਕਹਾਣੀ ਸੁਣਾਈ ਸੀ। ਫਿਰ ਮੈਂ ‘ਕ੍ਰਾਂਤੀ’ ਵੱਲੋਂ ਦਿਵਾਏ ਬੀæਐਚæਕੇæ ਫਲੈਟ ਵਿਚ ਚਲੀ ਗਈ। ਉਥੇ 8 ਹੋਰ ਕੁੜੀਆਂ ਵੀ ਸਨ।” ਇਸੇ ਸਾਲ ਜਨਵਰੀ ਵਿਚ ਉਸ ਨੇ ਇਕ ਇੰਟਰਨੈਸ਼ਨਲ ਪ੍ਰੋਗਰਾਮ ‘ਸਮੈਸਟਰ ਐਟ ਸੀ’ ਵਿਚ ਦਾਖ਼ਲਾ ਪਾ ਲਿਆ, ਪਰ ਉਸ ਨੂੰ ਸਮੇਂ ਸਿਰ ਪਾਸਪੋਰਟ ਹੀ ਨਾ ਮਿਲਿਆ। ਉਂਜ, ਇਸ ਨਾਲ ਉਸ ਦਾ ਨਾਂ ‘ਨਿਊਜ਼ ਵੀਕ’ ਦੀ ਸੂਚੀ ਵਿਚ ਆ ਗਿਆ। ਫਿਰ ਅਪਰੈਲ ਵਿਚ ਨਿਊ ਯਾਰਕ ਵਿਚ ਹੋਈ ਮਹਿਲਾ ਮਹਾਂਸਭਾ ਵਿਚ ਉਸ ਨੂੰ ਸੱਦਾ ਆ ਗਿਆ। ਅਸਲ ਵਿਚ ਰੌਬਿਨ ਨੇ ਉਸ ਬਾਰੇ ਵੇਰਵੇ ਅਤੇ ਸ਼ਵੇਤਾ ਵੱਲੋਂ ਦਿੱਲੀ ਵਾਲੇ 16 ਦਸੰਬਰ ਰੇਪ ਕੇਸ ਬਾਰੇ ਉਹਦਾ ਲਿਖਿਆ ਲੇਖ ‘ਨਿਊਜ਼ ਵੀਕ’ ਨੂੰ ਭੇਜ ਦਿੱਤਾ ਸੀ। ਸ਼ਵੇਤਾ ਦਾ ਇਹ ਲੇਖ ‘ਨਿਊਜ਼ ਵੀਕ’ ਨੂੰ ਪਸੰਦ ਆ ਗਿਆ। ਫਿਰ ਬਾਰਡ ਯੂਨੀਵਰਸਿਟੀ ਦੇ ਨੁਮਾਇੰਦੇ ਨਾਲ ਅਚਾਨਕ ਗੱਲਬਾਤ ਹੋ ਗਈ ਤੇ ਹੁਣ ਉਹ ਇਸੇ ਸਾਲ ਅਗਸਤ ਵਿਚ ਇਸ ਕਾਲਜ ਵਿਚ ਡਿਗਰੀ ਕੋਰਸ ਕਰਨ ਜਾ ਰਹੀ ਹੈ। ਉਸ ਨੂੰ 50 ਹਜ਼ਾਰ ਡਾਲਰ ਦਾ ਵਜ਼ੀਫਾ ਮਿਲਿਆ ਹੈ। ਇਸ ਨਾਲ ਉਸ ਦੀ ਟਿਊਸ਼ਨ ਫੀਸ ਅਤੇ ਰਹਿਣ ਦਾ ਅੱਧਾ ਖ਼ਰਚ ਚੁਕਤਾ ਹੋ ਜਾਵੇਗਾ। ਹਰ ਸਾਲ ਉਸ ਉਤੇ ਕੁੱਲ 68 ਹਜ਼ਾਰ ਡਾਲਰ ਖ਼ਰਚ ਹੋਣੇ ਹਨ। ਸ਼ਵੇਤਾ ਨੇ ਆਪਣੇ ਭਵਿੱਖ ਬਾਰੇ ਯੋਜਨਾਵਾਂ ਵੀ ਬਣਾ ਲਈਆਂ ਹਨ। ਉਹ ਚਾਹੁੰਦੀ ਹੈ ਕਿ ਪੜ੍ਹਾਈ ਤੋਂ ਬਾਅਦ ਉਹ ਭਾਰਤ ਆ ਕੇ ਵੇਸਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਥਰੈਪੀ ਕੇਂਦਰ ਖੋਲ੍ਹੇ। ਆਪਣੇ ਅੱਜ ਬਾਰੇ ਉਹ ਆਖਦੀ ਹੈ, “ਮੈਂ ਉਸ ਤਰ੍ਹਾਂ ਜਿਉਣਾ ਚਾਹੁੰਦੀ ਹਾਂ ਜਿਸ ਤਰ੍ਹਾਂ ਮੈਂ ਚਾਹੁੰਦੀ ਹਾਂ। ਸਭ ਤੋਂ ਵੱਡੀ ਗੱਲ ਮੈਂ ਮਾਂ ਨੂੰ ਸੁੱਖ ਦੇਣਾ ਚਾਹੁੰਦੀ ਹਾਂ ਜਿਸ ਦੀ ਮੇਰੇ ਜੀਵਨ ਵਿਚ ਬਹੁਤ ਅਹਿਮੀਅਤ ਹੈ।”
-ਰਿੰਕੀ ਕੁਮਾਰ
____________________________
ਸਾਰਾ ਜਹਾਂ ਹਮਾਰਾæææ
ਸ਼ਵੇਤਾ ਨੂੰ ਆਪਣੀ ਮਾਂ ਦੇ ਜਿੰਨੇ ਵੀ ਫੋਨ ਆਉਂਦੇ ਹਨ, ਉਨ੍ਹਾਂ ਦਾ ਜਵਾਬ ਦੇਣ ਤੋਂ ਬਾਅਦ ਅਖੀਰ ‘ਚ ਉਹ ‘ਆਈ ਲਵ ਯੂ’ ਕਹਿਣਾ ਨਹੀਂ ਭੁੱਲਦੀ। ਉਸ ਦੀ ਮਾਂ ਉਹਦੇ ਲਈ ਹਮੇਸ਼ਾ ਥੰਮ੍ਹ ਬਣੀ ਰਹੀ ਹੈ। ਸ਼ਵੇਤਾ ਕਹਿੰਦੀ ਹੈ, “ਔਰਤਾਂ ਨੂੰ ਸਿਰਫ਼ ਆਪਣੇ ਸੁਪਨੇ ਪੂਰੇ ਕਰਨ ਦਿਉ, ਚਾਰੇ ਪਾਸੇ ਬਹਾਰ ਆ ਜਾਵੇਗੀ।” ਉਸ ਦਾ ਮਤਰੇਆ ਬਾਪ ਵੀ ਉਸ ਨੂੰ ਫੋਨ ਕਰਦਾ ਹੈ। ਉਸ ਨੂੰ ਉਸ ਨਾਲ ਵੀ ਹੁਣ ਕੋਈ ਹਿਰਖ ਨਹੀਂ। ਹੁਣ ਉਹ ਆਪਣੀ ਜ਼ਿੰਦਗੀ ਦੀ ਅੰਬਰ ਜਿੱਡੀ ਉਡਾਣ ਭਰ ਰਹੀ ਹੈ। ਇੱਦਾਂ ਦੇ ਬੰਦੇ ਹੁਣ ਬਹੁਤ ਪਿਛਾਂਹ ਰਹਿ ਗਏ ਹਨ।

Be the first to comment

Leave a Reply

Your email address will not be published.