ਬੋਲੀ ਦੀ ਵਰਤੋਂ ਦਾ ਪਹੁੰਚਿਆ ਹੋਇਆ ਜਾਦੂਗਰ

ਗਾਰਗੀ-3
ਗੁਰਬਚਨ ਸਿੰਘ ਭੁੱਲਰ
ਨਾਟਕਾਂ ਤੋਂ ਇਲਾਵਾ ਬਲਵੰਤ ਗਾਰਗੀ ਨੇ ਦਿਲਚਸਪ ਨਾਵਲਾਂ ਤੇ ਬੜੀਆਂ ਖ਼ੂਬਸੂਰਤ ਕਹਾਣੀਆਂ ਦੀ ਰਚਨਾ ਕੀਤੀ। ਵੈਸੇ ਉਹਨੇ ਆਪਣੇ ਤਿੰਨਾਂ ਨਾਵਲਾਂ ਵਿਚੋਂ ਅਰੰਭਕ ਦੌਰ ਦੇ ਲਿਖੇ ‘ਕੱਕਾ ਰੇਤਾ’ ਨੂੰ ਹੀ ਹਮੇਸ਼ਾ ਨਾਵਲ ਕਿਹਾ, ਬਾਕੀ ਦੋਵਾਂ, ‘ਨੰਗੀ ਧੁੱਪ’ ਤੇ ‘ਕਾਸ਼ਨੀ ਵਿਹੜਾ’ ਨੂੰ ਮੌਕੇ ਤੇ ਲੋੜ ਅਨੁਸਾਰ ਕਦੀ ਉਹ ਨਾਵਲਾਂ ਦੇ ਖਾਨੇ ਵਿਚ ਪਾ ਦਿੰਦਾ ਸੀ ਤੇ ਕਦੀ ਆਤਮਕਥਾ ਆਖ ਦਿੰਦਾ ਸੀ। ਉਹਦੀਆਂ ਇਨ੍ਹਾਂ ਦੋ ਪੁਸਤਕਾਂ ਦੀ ਚਰਚਾ ਸੁਆਦ ਲੈ ਲੈ ਲਿਖੇ ਗਏ ਕਾਮੀ ਦ੍ਰਿਸ਼ਾਂ ਕਾਰਨ ਵਧੀਕ ਹੋਈ। ਇਨ੍ਹਾਂ ਤੋਂ ਵੱਖਰੇ ਰੂਪ ਵਿਚ ਉਹਦੀਆਂ ਕਈ ਕਹਾਣੀਆਂ ਸਮਾਜਕ ਤੇ ਸਭਿਆਚਾਰਕ ਪੱਖੋਂ ਬਹੁਤ ਮਹੱਤਵਪੂਰਨ ਵਿਸ਼ਿਆਂ ਨੂੰ ਛੋਂਹਦੀਆਂ ਹਨ। ਸ਼ਾਇਦ ਬਹੁਤੇ ਪਾਠਕਾਂ ਨੂੰ ਪਤਾ ਨਹੀਂ ਕਿ ਗਾਰਗੀ ਮੁੱਢਲੇ ਦੌਰ ਵਿਚ ਲੰਮਾ ਸਮਾਂ ਪ੍ਰਗਤੀਵਾਦੀ ਲਹਿਰ, ਖਾਸ ਕਰਕੇ ਇਪਟਾ ਨਾਲ ਜੁੜਿਆ ਰਿਹਾ ਸੀ। ਸੁਭਾਵਿਕ ਸੀ ਕਿ ਉਹਦੀਆਂ ਉਸ ਦੌਰ ਦੀਆਂ ਰਚਨਾਵਾਂ ਲੋਕ-ਪੱਖੀ ਲੱਛਣ ਵਾਲੀਆਂ ਹੁੰਦੀਆਂ।
ਮਿਸਾਲ ਵਜੋਂ ਉਹਦੀ ਇਕ ਕਹਾਣੀ ਹੈ, ‘ਟਿਕਟ ਚੈਕਰ।’ ਇਸ ਵਿਚ 1954 ਵਿਚ ਭਾਰਤੀ ਰੇਲ ਦੀ ਸ਼ਤਾਬਦੀ ਸਮੇਂ ਤੀਹ ਰੁਪਿਆਂ ਦੀ ‘ਸ਼ਤਾਬਦੀ ਟਿਕਟ’ ਨਾਲ ਪੰਦਰਾਂ ਦਿਨ ਜਿੰਨਾ ਮਰਜ਼ੀ, ਜਿਧਰ ਮਰਜ਼ੀ ਸਫਰ ਕਰਨ ਦੀ ਖੁੱਲ੍ਹ ਦਾ ਲਾਭ ਉਠਾ ਕੇ ਤੀਹ ਕਲਾਕਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਲਈ ਦਿੱਲੀ ਤੋਂ ਮੁੰਬਈ ਜਾ ਰਹੇ ਹਨ। ਸ਼ਤਾਬਦੀ ਟਿਕਟ ਉਸ ਉਤੇ ਲਿਖੇ ਨਾਂ ਵਾਲੇ ਵਿਅਕਤੀ ਨੂੰ ਦਸਤਖ਼ਤ ਕਰ ਕੇ ਆਪਣੇ ਕੋਲ ਰੱਖਣੀ ਪੈਂਦੀ ਸੀ। ਝਾਂਸੀ ਤੋਂ ਅੱਗੇ ਪੰਜਾਹ ਕੁ ਸਾਲਾਂ ਦਾ ਸਰਦਾਰ ਟਿਕਟ-ਚੈਕਰ ਆ ਜਾਂਦਾ ਹੈ। ਉਹ ਪੰਜਾਬ ਦੇ ਗੁਜਰਾਤ ਨਗਰ ਵਿਚ ਰਹਿੰਦੇ ਪਿਤਾ ਨੂੰ ਸੀਪੀ ਵਿਚ ਜ਼ਮੀਨ ਮਿਲ ਗਈ ਹੋਣ ਕਾਰਨ ਅੱਠ ਸਾਲ ਦੀ ਉਮਰ ਤੋਂ ਉਥੇ ਹੀ ਪਲਿਆ, ਪੜ੍ਹਿਆ, ਵਿਆਹਿਆ ਤੇ ਬਾਲ-ਬੱਚੇਦਾਰ ਬਣਿਆ। ਗਾਰਗੀ ਅਨੁਸਾਰ ਉਹ ਅੱਧੀ ਉਰਦੂ, ਅੱਧੀ ਅੰਗਰੇਜ਼ੀ ਵਾਲੀ ‘ਰੁਅਬਦਾਰ ਸਰਕਾਰੀ ਜ਼ਬਾਨ’ ਬੋਲਦਾ ਹੈ।
ਲੇਖਕ ਨੇ ਕਲਾਕਾਰਾਂ ਦੇ ਨਾਂ ਅਸਲੀ ਵਰਤੇ ਹਨ। ਤਾਸ਼ ਖੇਡਦਾ ਸੋਢੀ ਜੁਗਿੰਦਰ ਸਿੰਘ ਜੇਬ ਵਿਚੋਂ ਟਿਕਟ ਦਿੰਦਾ ਹੈ ਤਾਂ ਚੈਕਰ ਪੁਛਦਾ ਹੈ, ਤੁਸੀਂ ਸੁਰਿੰਦਰ ਕੌਰ ਹੋ? ਉਹ ਕੱਚਾ ਹੋ ਕੇ ਆਖਦਾ ਹੈ, ਨਹੀਂ, ਸੁਰਿੰਦਰ ਕੌਰ ਮੇਰੀ ਪਤਨੀ ਹੈ। ਚੈਕਰ ਟਿਕਟ ਜੇਬ ਵਿਚ ਪਾ ਲੈਂਦਾ ਹੈ। ਟਿਕਟ ਦੀ ਛੋਟ ਵਾਲੀ ਉਮਰ ਤੋਂ ਵੱਡੀ ਹੋ ਚੁੱਕੀ ਡੌਲੀ (ਅੱਜ ਦੀ ਡੌਲੀ ਗੁਲੇਰੀਆ) ਦੀ ਟਿਕਟ ਛੋਟੀ ਉਮਰ ਆਖ ਕੇ ਕੰਮ ਚਲਾ ਲੈਣ ਦੀ ਆਸ ਨਾਲ ਖਰੀਦੀ ਹੀ ਨਹੀਂ ਸੀ ਗਈ। ਇਕ ਹੋਰ ਕਲਾਕਾਰ ਅਨਵਰ ਨੇ ਆਪਣੀ ਟਿਕਟ ਉਤੇ ਦਸਤਖ਼ਤ ਨਹੀਂ ਸਨ ਕੀਤੇ ਹੋਏ। ਬਾਕੀ ਸਭ ਟਿਕਟਾਂ ਦੇਖ ਕੇ ਚੈਕਰ ਇਨ੍ਹਾਂ ਢਾਈ ਟਿਕਟਾਂ ਦੀ ਰਕਮ ਦੀ ਜੁਰਮਾਨੇ ਸਮੇਤ ਪਰਚੀ ਕੱਟਣ ਲਗਦਾ ਹੈ। ਉਹ ਆਪਣਾ ਕਲਾਕਾਰ ਹੋਣਾ ਦਸਦੇ ਹਨ, ਸਭਿਆਚਾਰ ਦੀ ਬਾਤ ਛੇੜਦੇ ਹਨ, ਪੰਜਾਬੀ ਹੋਣ ਦਾ ਪੱਤਾ ਖੇਡਦੇ ਹਨ, ਲੋਕ-ਹਿਤ ਦੀ ਗੱਲ ਕਰਦੇ ਹਨ, ਪਰ ਸਾਰੀ ਖਲਕਤ ਨੂੰ ਕੇਵਲ ਟਿਕਟ ਵਾਲਿਆਂ ਤੇ ਬੇਟਿਕਟਿਆਂ ਵਜੋਂ ਦੋ ਧੜਿਆਂ ਵਿਚ ਵੰਡ ਕੇ ਦੇਖਣ ਦਾ ਆਦੀ ਚੈਕਰ ਮਨੁੱਖਾਂ ਦੀ ਹੋਰ ਕੋਈ ਤੀਜੀ ਕਿਸਮ ਜਾਣਦਾ ਹੀ ਨਹੀਂ!
ਹੁਣ ਪ੍ਰੋæ ਹਰਚਰਨ ਸਿੰਘ ਮੋਰਚਾ ਸੰਭਾਲਦੇ ਹਨ। ਉਹ ਚੈਕਰ ਨੂੰ ਸੁਰਿੰਦਰ ਕੌਰ, ਉਹਦੀ ਗਾਇਕੀ, ਮੋਹਨ ਸਿੰਘ, ਸਾਵੇ ਪੱਤਰ, ਫ਼ਜ਼ਲ ਸ਼ਾਹ, ਦਮੋਦਰ, ਵਗੈਰਾ ਵਗੈਰਾ ਬਾਰੇ ਸੁਣਿਆ ਹੋਣ ਦੇ ਸਵਾਲ ਪੁਛਦੇ ਹਨ ਪਰ ਉਹਦਾ ਇਕੋ ਜਵਾਬ ਹੈ, ਨਹੀਂ! ਆਖਰ ਉਹ ਪੁਛਦੇ ਹਨ, ਤੁਸੀਂ ਗੁਜਰਾਤ ਦੇ ਹੋ, ਸੋਹਣੀ-ਮਹੀਂਵਾਲ ਬਾਰੇ ਤਾਂ ਜਾਣਦੇ ਹੋਵੋਗੇ? ਉਹ ‘ਹਾਂ’ ਆਖਦਾ ਹੈ ਤੇ ਬਚਪਨ ਵਿਚ ਝਨਾਂ ਵਿਚ ਨ੍ਹਾਉਂਦਾ ਰਿਹਾ ਹੋਣ ਬਾਰੇ ਦਸਦਾ ਹੈ। ਇਸ ਮੌਕੇ ਸਾਰੇ ਸੁਰਿੰਦਰ ਕੌਰ ਨੂੰ ਗਾਉਣ ਲਈ ਆਖਦੇ ਹਨ। ਉਹ ਲੋਕਗੀਤ ਛੇੜਦੀ ਹੈ, ਡੌਲੀ ਤੋਤਲੀ ਜ਼ਬਾਨ ਵਿਚ ਉਹਦੀ ਸੰਗਤ ਕਰਦੀ ਹੈ ਤੇ ਸਾਰੇ ਤਾੜੀਆਂ ਦਾ ਤਾਲ ਮੇਲਦੇ ਹਨ। ਚੈਕਰ, ਜੋ ਗਾਰਗੀ ਦੇ ਸ਼ਬਦਾਂ ਵਿਚ ਹੁਣ ਪੰਜਾਬ ਨੂੰ ਭੁੱਲ ਚੁੱਕਿਆ ਸੀ ਤੇ ਇਹ ਵੀ ਭੁੱਲ ਚੁੱਕਿਆ ਸੀ ਕਿ ਉਹ ਭੁੱਲ ਚੁੱਕਿਆ ਹੈ, ਬੈਠ ਜਾਂਦਾ ਹੈ। ਸਿੱਕੇ ਦੇ ਜਿੰਦਰੇ ਵਰਗਾ ਉਹਦਾ ਠੋਸ ਤੇ ਕਰੜਾ ਚਿਹਰਾ ਜਜ਼ਬਿਆਂ ਦੀ ਗਰਮੀ ਨਾਲ ਪੰਘਰ ਜਾਂਦਾ ਹੈ। ਉਹਦੇ ਬੁੱਲ੍ਹ ਕੰਬਣ ਲਗਦੇ ਹਨ। ਉਹਦੀਆਂ ਅੱਖਾਂ ਵਿਚ ਹੰਝੂ ਛਲਕ ਆਉਂਦੇ ਹਨ। ਉਹਦਾ ਸਾਰਾ ਵਜੂਦ ਗਲੋਟੇ ਵਾਂਗ ਉਧੜਨ ਲਗਦਾ ਹੈ।
ਪੰਜਾਬ ਦੇ ਗੀਤ, ਜੋ ਧਰਤੀ ਹੇਠ ਦੱਬੇ ਪਏ ਸਨ, ਮੁੜ ਹਰੇ ਹੋ ਕੇ ਬੂਟਿਆਂ ਵਾਂਗ ਉਹਦੇ ਸਾਹਮਣੇ ਉਗ ਖਲੋਂਦੇ ਹਨ। ਉਹ ਸੋਢੀ ਤੇ ਅਨਵਰ ਦੀਆਂ ਟਿਕਟਾਂ ਮੋੜਦਾ ਹੈ, ਅਨਵਰ ਨੂੰ ਦਸਤਖ਼ਤ ਕਰ ਲੈਣ ਲਈ ਆਖਦਾ ਹੈ, ਡੌਲੀ ਨੂੰ ਗੋਦੀ ਚੁੱਕ ਕੇ ਪਿਆਰ ਕਰਦਾ ਹੈ ਤੇ ਗਿੱਲੀਆਂ ਅੱਖਾਂ ਲੈ ਕੇ ਗੱਡੀ ਵਿਚੋਂ ਉਤਰ ਜਾਂਦਾ ਹੈ! ਭਾਸ਼ਾ ਤੇ ਸਭਿਆਚਾਰ ਦੀ ਅਸੀਮ ਸ਼ਕਤੀ ਦਾ ਗਿਆਨ ਪ੍ਰਾਪਤ ਕਰਨ ਲਈ ਸਾਡੇ ਵਿਦਵਾਨਾਂ ਦੇ ਇਧਰੋਂ-ਉਧਰੋਂ ਜੁਗਾੜ ਕਰ ਕੇ ਲਿਖੇ ਪੋਥੇ ਪੜ੍ਹਨ ਨਾਲੋਂ ਗਾਰਗੀ ਦੀ ਇਹ ਇਕ ਕਹਾਣੀ ਪੜ੍ਹਨੀ ਵਧੇਰੇ ਲਾਭਦਾਇਕ, ਸਿਖਿਆਦਾਇਕ ਤੇ ਗਿਆਨਦਾਇਕ ਰਹੇਗੀ। ਹੈਰਾਨੀ ਹੈ ਕਿ ਸਾਡੇ ਪਾਠ-ਪੁਸਤਕੀ ਸੰਪਾਦਕ ਕੋਰਸਾਂ ਵਿਚ ਸ਼ਾਮਲ ਕਰ ਕੇ ਇਹਦਾ ਪਾਠ ਵਿਦਿਆਰਥੀਆਂ ਲਈ ਲਾਜ਼ਮੀ ਕਿਉਂ ਨਹੀਂ ਬਣਾਉਂਦੇ!
ਗਾਰਗੀ ਵਿਚ ਬਹੁਤ ਲੰਮੀ-ਚੌੜੀ ਗੱਲ ਕੁਛ ਹੀ ਸ਼ਬਦਾਂ ਵਿਚ ਬੇਹੱਦ ਸਰਲ ਤੇ ਸਫਲ ਤਰੀਕੇ ਨਾਲ ਕਹਿ ਸਕਣ ਦੀ ਵੱਡੀ ਸਮਰੱਥਾ ਸੀ। ਸਮਾਜ ਵਿਚ ਲੇਖਕ ਦੇ ਸਥਾਨ ਨੂੰ ਦੱਸਣ ਲਈ ਜਿਥੇ ਬਹੁਤੇ ਲੇਖਕ ਪੰਨਿਆਂ ਦੇ ਪੰਨੇ ਕਾਲੇ ਕਰ ਦੇਣਗੇ, ਗਾਰਗੀ ਬੜੀ ਖੂਬਸੂਰਤੀ ਨਾਲ ਦੋ ਵਾਕਾਂ ਵਿਚ ਗੱਲ ਮੁਕਦੀ ਕਰ ਦਿੰਦਾ ਹੈ। ਉਹ ਲਿਖਦਾ ਹੈ, ਇਕ ਦਿਨ ਉਹਨੂੰ ਸੁਫਨਾ ਆਇਆ ਕਿ ਉਹ ਮਰ ਗਿਆ ਹੈ। ‘ਅੰਗਰੇਜ਼ੀ ਅਖ਼ਬਾਰਾਂ ਵਿਚ ਗਿਆਰ੍ਹਵੇਂ ਸਫ਼ੇ ਉਤੇ, ਜਿਥੇ ਕਪਾਹ ਤੇ ਸਰ੍ਹੋਂ ਦੇ ਤੇਲ ਦੇ ਭਾਅ ਦਿੱਤੇ ਹੁੰਦੇ ਹਨ, ਇਕ ਨਿੱਕੀ ਜਿਹੀ ਖ਼ਬਰ ਛਪੀ ਕਿ ਪੰਜਾਬੀ ਦਾ ਨਾਟਕਕਾਰ ਮਰ ਗਿਆ। ਇਸ ਦੇ ਉਪਰ ਮੋਟੇ ਮੋਟੇ ਅੱਖਰਾਂ ਵਿਚ ਚਿੜੀਆਘਰ ਦੇ ਪਹਾੜੀ ਬਿੱਲੇ ਦੇ ਬੀਮਾਰ ਹੋ ਜਾਣ ਦੀ ਖ਼ਬਰ ਸੀ।’ ਉਹ ਤਾਂ ਦੋ-ਚਾਰ ਸ਼ਬਦਾਂ ਵਿਚ ਦੋ ਰਹਿਤਲਾਂ ਦਾ ਫਰਕ ਦੱਸ ਸਕਦਾ ਸੀ। ਉਹ ਸਾਹ ਲੈਂਦੇ, ਮਿੱਟੀ ਨਾਲ ਲਿੱਪੇ-ਪੋਚੇ ਪਰੰਪਰਾਗਤ ਕੱਚੇ ਘਰਾਂ ਅਤੇ ਨਿਰਜਿੰਦ ਆਧੁਨਿਕ ਸੀਮਿੰਟੀ ਇਮਾਰਤਾਂ ਦਾ ਟਾਕਰਾ ਨੋਰਾ ਰਿਚਰਡਜ਼ ਦੇ ਛੱਪਰਾਂ ਵਾਲੇ ਕੱਚੇ ਡੇਰੇ ਦੇ ਹਵਾਲੇ ਨਾਲ ਇਉਂ ਕਰਦਾ ਹੈ: ਮਿੱਟੀ ਵਿਚ ਨਿੱਘ ਹੈ, ਸੀਮਿੰਟ ਵਿਚ ਕੋਰਾਪਣ!
ਇਥੇ ਮੈਨੂੰ ਦੋ ਰਹਿਤਲਾਂ ਦਾ ਫਰਕ ਦਿਖਾਉਂਦੀ ਉਹਦੀ ਕਹਾਣੀ ‘ਟਿੱਡਾ ਸਾਈਂ’ ਚੇਤੇ ਆ ਗਈ। ਨੇਤਰਹੀਣ ਟਿੱਡੇ ਸਾਈਂ ਦੇ ਤਕੀਏ ਦੇ ਸਵਾ ਗਜ਼ ਉਚੇ, ਜ਼ਰੀ ਨਾਲ ਮੜ੍ਹੇ ਹੋਏ, ਦੂਹਰੇ ਲਾਲ ਨੇਚੇ, ਦੋ ਹੱਥ ਲੰਮੀ ਨੜੀ ਤੇ ਪਿੱਤਲ ਦੀ ਲਿਸ਼ਕਦੀ ਹੋਈ ਵੱਡੀ ਕਲਸੀ, ਦੋ ਪਾਥੀਆਂ ਦੀ ਅੱਗ ਸਾਂਭਣ ਜੋਗੀ ਚਿਲਮ ਉਤੇ ਲੋਹੇ ਦੀ ਜਾਲੀਦਾਰ ਟੋਪੀ ਤੇ ਨਾਲ ਲਮਕਦੀ ਚਿਮਟੀ ਵਾਲੇ ਹੁੱਕੇ ਵਿਚ ਤਮਾਕੂ ਦਾ ਅੱਧ ਸੇਰ ਪੱਤਾ ਪੈਂਦਾ ਅਤੇ ਸਾਰਾ ਦਿਨ ਗਰਮ ਰਹਿੰਦੇ ਹੁੱਕੇ ਨੂੰ ਸਾਰਾ ਤਕੀਆ ਪੀਂਦਾ ਰਹਿੰਦਾ। ਹਫਤੇ ਪਿਛੋਂ ਆਉਂਦੇ ਜਮਾਲੇ ਡਾਕੀਏ ਨੇ ਇਕ ਵਾਰ ਅੰਗਰੇਜ਼ਾਂ ਦੇ ਇਕ ਪੈਸੇ ਵਿਚ ਮਿਲਦੇ, ਹੌਲੇ ਫੁੱਲ, ਪਤਲੀਆਂ ਪਤੰਗ ਤੇ ਤੁਰਨ ਦੀ ਥਾਂ ਹਵਾ ਵਿਚ ਉਡਦੀਆਂ ਮੇਮਾਂ ਵਰਗੇ ਵਲਾਇਤੀ ਹੁੱਕੇ ਦੀ ਖਬਰ ਦਿੱਤੀ, ਜਿਸ ਨੂੰ ਨਾ ਪਾਥੀ ਦੀ ਲੋੜ ਸੀ ਤੇ ਨਾ ਪਾਣੀ ਦੀ। ਸੁਣ ਕੇ ਦੰਗ ਰਹੇ ਸਾਈਂ ਨੇ ਉਹਨੂੰ ਅਗਲੀ ਵਾਰ ਵਲਾਇਤੀ ਹੁੱਕਾ ਲਿਆਉਣ ਦੀ ਪੱਕੀ ਕਰਦਿਆਂ ਆਪਣਾ ਹੁੱਕਾ ਪਰ੍ਹੇ ਧੱਕ ਕੇ ਕਿਹਾ, “ਬਈ ਮੇਰਾ ਹੁੱਕਾ ਤਾਂ ਹੁਣ ਬਦਲਣ ਜੋਗਾ ਹੋ ਗਿਆ ਏ। ਸੌ ਰੋਗ ਨੇ ਇਸ ਨੂੰ। ਨੜੀ ਵੀ ਤਿੜਕ ਗਈ ਏ, ਚਿਲਮ ਵੀ ਠੀਕਰਾ ਹੋਈ ਪਈ ਏ!”
ਅਗਲੀ ਵਾਰ ਹਥੇਲੀ ਉਤੇ ਜਮਾਲੇ ਦੀ ਰੱਖੀ ਸਿਗਰਟ ਪਲੋਸਦਿਆਂ ਅੰਗਰੇਜ਼ਾਂ ਦੀ ਬੱਲੇ ਬੱਲੇ ਤੇ ਵਲਾਇਤੀ ਹੁੱਕੇ ਦੀ ਵਾਹ ਵਾਹ ਕਰਦਾ ਸਾਈਂ ਹੁਕਮ ਦਿੰਦਾ ਹੈ, “ਉਏ ਫੱਤਿਆ, ਮੇਰਾ ਦੇਸੀ ਹੁੱਕਾ ਸੁੱਟ ਦੇ, ਅੱਜ ਤੋਂæææ!” ਉਹ ਅਣਸੁਲਘਾਈ ਸਿਗਰਟ ਦੇ ਸੂਟੇ ਖਿੱਚ ਕੇ ਹੀ ਧੰਨ ਹੁੰਦਾ ਹੈ ਤਾਂ ਜਮਾਲਾ ਉਹਨੂੰ ਦੱਸ ਕੇ ਸੀਖ ਲਾਉਂਦਾ ਹੈ। ਹਾਬੜੇ ਹੋਏ ਸਾਈਂ ਦੇ ਜ਼ੋਰ ਦੇ ਕੁਛ ਹੀ ਸੂਟਿਆਂ ਨਾਲ ਸਿਰੇ ਲੱਗੀ ਸਿਗਰਟ ਤੋਂ ਉਹਦੀਆਂ ਦਾੜ੍ਹੀ-ਮੁੱਛਾਂ ਨੂੰ ਬਣਿਆ ਖਤਰਾ ਦੇਖ ਕੇ ਜਮਾਲਾ ਚੀਕਦਾ ਹੈ, “ਬੱਸ, ਬੱਸ,æææਹੁੱਕਾ ਖ਼ਤਮ!æææਇਸ ਨੂੰ ਛੇਤੀ ਦੇਣੇ ਸੁੱਟ ਦਿਉ, ਨਹੀਂ ਤਾਂ ਤੁਹਾਡੀ ਦਾੜ੍ਹੀ ਦੀ ਖੈਰ ਨਹੀਂ!” ਸਾਈਂ ਕਹਿੰਦਾ ਹੈ, “ਇਨ੍ਹਾਂ ਅੱਲਾ ਮਾਰਿਆਂ ਅੰਗਰੇਜ਼ਾਂ ਦੀ ਹਰ ਇਕ ਗੱਲ ਵਿਚ ਚਲਾਕੀ ਹੁੰਦੀ ਏ। ਦੋ ਸੂਟੇ ਲਾਏ ਤੇ ਹੁੱਕਾ ਮੁੱਕ ਗਿਆ। ਤੇ ਸਾਡਾ ਹੁੱਕਾ ਪਿਛਲੇ ਵੀਹਾਂ ਸਾਲਾਂ ਤੋਂ ਤੁਰਿਆ ਆਉਂਦਾ ਏ।æææਉਏ ਫੱਤਿਆ, ਜਾ ਆਪਣਾ ਦੇਸੀ ਹੁੱਕਾ ਚੁੱਕ ਲਿਆ। ਸਾਈਂ ਦੀ ਮਾਰ ਇਨ੍ਹਾਂ ਅੰਗਰੇਜ਼ਾਂ ਨੂੰ!æææਹੁੱਕੇ ਨੂੰ ਚਾਹੇ ਸਾਰਾ ਤਕੀਆ ਪੀਏ!” ਹੁੱਕੇ ਤੇ ਸਿਗਰਟ ਵਰਗੀਆਂ ਤੁੱਛ ਚੀਜ਼ਾਂ ਦੇ ਬਹਾਨੇ ਉਹ ਰਹਿਤਲਾਂ ਦੇ ਫਰਕ ਦੀ ਕਿੱਡੀ ਵੱਡੀ ਗੱਲ ਕਹਿ ਜਾਂਦਾ ਹੈ।
ਸਰਕਾਰਾਂ ਦੇ ਕੰਮ ਕੱਛੂ-ਚਾਲ ਚਲਦੇ ਹਨ ਅਤੇ ਫ਼ੈਸਲੇ ਦੀ ਉਡੀਕ ਕਰਦੇ ਕਰਦੇ ਬੰਦੇ ਮਨੁੱਖ ਤੋਂ ਰੁੱਖ ਬਣ ਜਾਂਦੇ ਹਨ, ਸਰਕਾਰ ਚਾਹੇ ਉਹਦੀ ਕਹਾਣੀ ‘ਸੌ ਮੀਲ ਦੌੜ’ ਵਾਂਗ ਰਾਜਾਸ਼ਾਹੀ ਹੋਵੇ ਤੇ ਚਾਹੇ ਹੁਣ ਵਾਂਗ ਲੋਕਰਾਜੀ। ਕਿਸਾਨਾਂ ਦੀ ਇਕ ਬੈਠਕ ਵਿਚ ਅਗਲੇ ਦਿਨ ਤਰਕਾਲੀਂ ਜ਼ਿਲਾ ਕਿਸਾਨ ਕਮੇਟੀ ਦੀ ਮੀਟਿੰਗ ਬੁਲਾਉਣ ਦਾ ਫ਼ੈਸਲਾ ਹੁੰਦਾ ਹੈ। ਜ਼ਮਾਨਾ ਉਹ ਜਦੋਂ ਨਾ ਫੋਨ ਸਨ ਤੇ ਨਾ ਤਾਰ, ਨਾ ਸੜਕਾਂ ਤੇ ਨਾ ਸਵਾਰੀ। ਸਵਾਲ ਹੈ, ਦਰਜਨ ਪਿੰਡਾਂ ਵਿਚ ਖਬਰ ਪਹੁੰਚੇ ਕਿਵੇਂ! ਕੀਹਨੂੰ ਕਿੱਧਰ ਭਜਾਇਆ ਜਾਵੇ! ਪਾਟੇ-ਪੁਰਾਣੇ ਕੱਪੜਿਆਂ ਵਾਲਾ ਵੀਹ-ਬਾਈ ਸਾਲ ਦਾ ਇਕ ਗੱਭਰੂ ਬੂਟਾ ਸਿੰਘ ਕਹਿੰਦਾ ਹੈ, “ਜੀ ਮੈਨੂੰ ਦਿਉ ਇਹ ਪਰਚੀਆਂ।æææਰਾਤੋ-ਰਾਤ ਮਾਰ ਆਊਂਗਾ ਗੇੜਾ। ਸੱਠ ਕੋਹਾਂ ਤੋਂ ਉਤੇ ਵਾਟ ਤਾਂ ਨਹੀਂ ਹੋਣੀ!” ਇਕ ਬਜ਼ੁਰਗ ਪੁਸ਼ਟੀ ਕਰਦਾ ਹੈ ਕਿ ਇਹ ਸਹਿਆਂ, ਗਿੱਦੜਾਂ ਤੇ ਹੋਰ ਜੰਗਲੀ ਜਨੌਰਾਂ, ਘੋੜੀਆਂ, ਬਛੇਰਿਆਂ ਤੇ ਬੋਤਿਆਂ ਮਗਰ ਭੱਜ ਭੱਜ ਕੇ ਵੱਡਾ ਹੋਇਆ ਹੈ ਤੇ ਸੌ ਮੀਲ ਦੌੜ ਲੈਂਦਾ ਹੈ। ਜਦੋਂ ਪਰਚੀਆਂ ਪੁਜਦੀਆਂ ਕਰਨ ਵਾਲੀ ਗੱਲ ਸੱਚੀ ਨਿਕਲਦੀ ਹੈ ਤਾਂ ਸਿਆਣੇ ਬੰਦੇ ਫ਼ੈਸਲਾ ਕਰਦੇ ਹਨ ਕਿ ਪਹਿਲਾਂ ਆਪ ਸੌ ਮੀਲ ਦੌੜਾ ਕੇ ਦੇਖਿਆ ਜਾਵੇ ਤੇ ਸਫਲਤਾ ਦੀ ਸੂਰਤ ਵਿਚ ਮਹਾਰਾਜਾ ਪਟਿਆਲਾ ਦੀ ਮਦਦ ਨਾਲ ਉਹਨੂੰ ਲੰਡਨ ਦੀਆਂ ਦੌੜਾਂ ਵਿਚ ਹਿੱਸਾ ਲੈਣ ਲਈ ਭੇਜਿਆ ਜਾਵੇ।
ਸੌ ਮੀਲ ਦੌੜ ਦੀ ਪਿੰਡ ਵਾਲੀ ਪਰਖ ਵਿਚ ਖਰਾ ਉਤਰਨ ਮਗਰੋਂ ਕਈ ਸਿਫਾਰਸ਼ੀ ਚਿੱਠੀਆਂ ਨਾਲ ਲੈਸ ਹੋ ਕੇ ਉਹ ਪਟਿਆਲੇ ਪਹੁੰਚ ਜਾਂਦਾ ਹੈ। ਮਹਾਰਾਜਾ ਸਾਹਿਬ ਨੂੰ ਕਦੇ ਕੋਈ ਕੰਮ, ਕਦੇ ਕੋਈ ਰੁਝੇਵਾਂ! ਆਖਰ ਕੋਈ ਹਮਦਰਦ ਅਧਿਕਾਰੀ ਮੁਲਾਕਾਤ ਹੋਣ ਤੱਕ ਗੁਜ਼ਾਰੇ ਵਾਸਤੇ ਉਹਨੂੰ ਲੱਸੀ-ਖਾਨੇ ਵਿਚ ਨੌਕਰੀ ਦੇ ਦਿੰਦਾ ਹੈ। ਪਟਿਆਲੇ ਕਿਸੇ ਕੰਮ ਆਏ ਮੈਂ-ਪਾਤਰ ਨੂੰ ਉਹ ਹਰ ਵਾਰ ਕਹਿੰਦਾ ਹੈ, ਬੱਸ ਹੁਣ ਕੰਮ ਬਣਿਆ ਕਿ ਬਣਿਆ! ਇਉਂ ਹੀ ਤਿੰਨ-ਚਾਰ ਸਾਲ ਨਿਕਲ ਜਾਂਦੇ ਹਨ ਤਾਂ ਇਕ ਦਿਨ ਮੈਂ-ਪਾਤਰ ਬੂਟੇ ਨੂੰ ਰਿਕਸ਼ੇ ਵਿਚ ਜਾ ਰਿਹਾ ਦੇਖਦਾ ਹੈ। ਮਾਂ ਰੋ ਕੇ ਦਸਦੀ ਹੈ, “ਵੇ ਪੁੱਤਰਾ, ਮੇਰਾ ਬੂਟਾ ਤਾਂ ਸੁੱਖ ਨਾਲ ਉਡਾਰੂ ਪੰਛੀ ਸੀ। ਇਸ ਨੂੰ ਇਨ੍ਹਾਂ ਜਾਏ-ਖਾਣੀਆਂ ਨੌਕਰੀਆਂ ਦਾ ਕੀ ਪਤਾ ਸੀ।æææਬਸ ਏਸ ਤਰ੍ਹਾਂ ਬੈਠੇ ਬੈਠੇ ਇਸ ਦੇ ਪੱਟਾਂ ਤੇ ਪਿੰਜਣੀਆਂ ਦਾ ਲਹੂ ਗੋਡਿਆਂ ‘ਚ ਕੱਠਾ ਹੋ ਗਿਆ ਐ।æææਹਾਏ ਨੀ ਅੰਮੜੀਏ!”
ਬੂਟਾ ਸੁੱਜ ਕੇ ਪਾਥੀਆਂ ਵਰਗੇ ਹੋਏ ਗੋਡੇ ਦਿਖਾਉਂਦਾ ਹੈ ਤੇ ਆਖਦਾ ਹੈ, “ਡਾਕਟਰ ਬਿਜਲੀ ਦੇ ਸੂਇਆਂ ਨਾਲ ਮੇਰਾ ਇਲਾਜ ਕਰ ਰਿਹਾ ਐ। ਅੱਠ-ਦਸ ਦਿਨਾਂ ਵਿਚ ਮੈਂ ਰਾਜੀ-ਬਾਜੀ ਹੋ ਜਾਵਾਂਗਾ ਤੇ ਫਿਰ ਪਹਿਲਾਂ ਵਾਂਗ ਦੌੜਨ ਲੱਗਾਂਗਾ। ਇਸ ਪਿਛੋਂ ਜੀ ਮੈਂ ਲੰਡਨ ਜਾਊਂਗਾ ਤੇ ਸੌ ਮੀਲ ਦੌੜ ਦੌੜੂੰਗਾæææ!” ਲਾਲਫ਼ੀਤਾਸ਼ਾਹੀ ਦਾ ਇਹਤੋਂ ਵਧੀਆ ਪਰਦਾਫਾਸ਼ ਹੋਰ ਕੀ ਹੋ ਸਕਦਾ ਹੈ! ਕੁਦਰਤੀ ਜੀਵਨ ਤੇ ਬਣਾਉਟੀ ਸ਼ਹਿਰੀ ਜੀਵਨ ਦਾ ਫਰਕ ਵੱਖਰਾ ਉਜਾਗਰ ਹੋ ਜਾਂਦਾ ਹੈ।
ਉਹਦੇ ਲਿਖੇ ਕਲਮੀ ਚਿੱਤਰਾਂ ਦਾ ਤਾਂ ਜੋੜ ਹੀ ਕੋਈ ਨਹੀਂ। ਉਹਦਾ ਕਮਾਲ ਸਿਰਲੇਖਾਂ ਤੋਂ ਹੀ ਦਿੱਸ ਪੈਂਦਾ ਹੈ। ਪੁਸਤਕ ‘ਨਿੰਮ ਦੇ ਪੱਤੇ’ ਵਿਚ ਤਾਂ ਉਹ ਕਲਮੀ ਚਿੱਤਰਾਂ ਨੂੰ ਲੇਖਕਾਂ ਦੇ ਨਾਂ ਹੀ ਦਿੰਦਾ ਹੈ, ਪਰ ਪੁਸਤਕ ‘ਸੁਰਮੇ ਵਾਲੀ ਅੱਖ’ ਵਿਚ ਉਹ ਸਿਰਲੇਖਾਂ ਵਜੋਂ ਕਈ ਲੇਖਕਾਂ ਦੇ ਤਾਂ ਨਾਂ ਵਰਤਦਾ ਹੈ, ਪਰ ਕਈਆਂ ਨੂੰ ਅਜਿਹੇ ਦਿਲਚਸਪ ਸਿਰਲੇਖ ਦਿੰਦਾ ਹੈ ਜੋ ਉਨ੍ਹਾਂ ਦੀ ਸ਼ਖਸੀਅਤ ਨੂੰ ਦੋ-ਤਿੰਨ ਸ਼ਬਦਾਂ ਵਿਚ ਪੇਸ਼ ਕਰ ਦਿੰਦੇ ਹਨ। ਉਹ ਸ਼ਿਵ ਕੁਮਾਰ ਨੂੰ ‘ਛਲਣੀ ਫੇਫੜੇ’, ਹਰਨਾਮ ਸਿੰਘ ਸ਼ਾਨ ਨੂੰ ‘ਦੁੱਧ ਵਿਚ ਬਰਾਂਡੀ’, ਸੰਤੋਖ ਸਿੰਘ ਧੀਰ ਨੂੰ ‘ਸੁਰਮੇ ਵਾਲੀ ਅੱਖ’, ਪ੍ਰੋæ ਪ੍ਰੀਤਮ ਸਿੰਘ ਨੂੰ ‘ਨਾਨਕ-ਸ਼ਾਹੀ ਇੱਟ’, ਨੋਰਾ ਰਿਚਰਡਜ਼ ਨੂੰ ‘ਨਾਟਕ ਦੀ ਨਕੜਦਾਦੀ’ ਆਖਦਾ ਹੈ। ਪੁਸਤਕ ‘ਕੌਡੀਆਂ ਵਾਲਾ ਸੱਪ’ ਵਿਚ ਅੰਮ੍ਰਿਤਾ, ਮੋਹਨ ਸਿੰਘ ਤੇ ਦੁੱਗਲ ਬਾਰੇ ਲੇਖਾਂ ਨੂੰ ਤਾਂ ਉਹ ਅਸਲੀ ਨਾਂ ਦਿੰਦਾ ਹੈ, ਪਰ ਅਜੀਤ ਕੌਰ ਨੂੰ ‘ਕਾੜ੍ਹਨੀ’, ਸੇਖੋਂ ਨੂੰ ‘ਕਾਲਜ ਦਾ ਵਾਈਸ ਚਾਂਸਲਰ’ ਤੇ ਸ਼ਿਵ ਕੁਮਾਰ ਨੂੰ ‘ਕੌਡੀਆਂ ਵਾਲਾ ਸੱਪ’ ਦਾ ਸਿਰਲੇਖ ਦਿੰਦਾ ਹੈ। ਪੁਸਤਕ ‘ਹੁਸੀਨ ਚਿਹਰੇ’ ਵਿਚ ਉਹ ਸਤਿਆਰਥੀ ਨੂੰ ‘ਭ੍ਰਿਗੂ ਰਿਸ਼ੀ’ ਤੇ ਸਾਹਿਰ ਲੁਧਿਆਣਵੀ ਨੂੰ ‘ਜਵਾਨੀ ਦਾ ਸ਼ਾਇਰ’ ਆਖਦਾ ਹੈ। ਉਹਦੇ ਕਲਮੀ ਚਿੱਤਰ ਪੜ੍ਹ ਕੇ ਪਾਠਕ ਜਿੰਨਾ ਅਨੰਦ ਮਾਣਦੇ ਰਹੇ, ਸਬੰਧਤ ਲੇਖਕ ਓਨੇ ਹੀ ਔਖੇ ਹੁੰਦੇ ਤੇ ਰੁਸਦੇ ਰਹੇ। ਉਹ ਆਖਦੇ ਸਨ, ਗਾਰਗੀ ਨੇ ਉਨ੍ਹਾਂ ਦੇ ਨਾਂ ਨਾਲ ਝੂਠੀਆਂ ਗੱਲਾਂ ਤੇ ਘਟਨਾਵਾਂ ਜੋੜ ਦਿੱਤੀਆਂ ਹਨ। ਪਰ ਗਾਰਗੀ ਨੂੰ ਇਸ ਗੱਲ ਦਾ ਕੋਈ ਪਛਤਾਵਾ, ਆਪਣੀ ਕਰਨੀ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ। ਉਹ ਆਪਣੇ ਰਾਹ ਨੂੰ ਠੀਕ ਮੰਨਦਾ ਤੇ ਦਸਦਾ ਰਿਹਾ ਅਤੇ ਉਸੇ ਉਤੇ ਚਲਦਾ ਰਿਹਾ।
ਅਸਲ ਵਿਚ ਜਿਵੇਂ ਉਹਦੇ ਚੁੱਲ੍ਹੇ ਉਤੇ ਬਣਦੀ ਹਰੀਆਂ ਮਿਰਚਾਂ, ਅਧਰਕ ਤੇ ਟਮਾਟਰਾਂ ਦੇ ਤੜਕੇ ਵਾਲੀ ਮਾਂਹਾਂ ਦੀ ਦਾਲ ਮਸ਼ਹੂਰ ਸੀ, ਉਹ ਸਮਝਦਾ ਸੀ, ਕਿਸੇ ਮਨੁੱਖ ਦਾ ਸ਼ਬਦੀ ਨਕਸ਼ਾ ਵੀ ਉਹਦੇ ਸੁਭਾਅ, ਬੋਲਚਾਲ ਤੇ ਪਹਿਨਣ-ਪਚਰਨ ਦੇ ਢੰਗ ਨੂੰ ਤੜਕਾ ਲਾਏ ਬਿਨਾਂ ਖਿੱਚਿਆ ਨਹੀਂ ਜਾ ਸਕਦਾ! ਜ਼ਰਾ ਦੇਖੋ, ‘ਸੁਰਮੇ ਵਾਲੀ ਅੱਖ’ ਵਿਚ ਧੀਰ ਬਾਰੇ ਉਹ ਕੀ ਤੇ ਕਿਵੇਂ ਲਿਖਦਾ ਹੈ, “ਨਿਹੰਗਾਂ ਦੇ ਡੇਰੇ ਸਵੇਰੇ ਸਵੇਰੇ ਘੋਟਣਾ ਖੜਕਦਾ ਹੈ, ਪੁਜਾਰੀ ਦੇ ਮੰਦਰ ਵਿਚ ਟੱਲ, ਤੇ ਜਿਸ ਘਰ ਧੀਰ ਠਹਿਰਿਆ ਹੋਵੇ, ਉਥੇ ਸਵੇਰੇ ਸਵੇਰੇ ਸੁਰਮਚੂ ਖੜਕਦਾ ਹੈ।æææਸੁਰਮੇ ਨੂੰ ਉਹ ਕਛਿਹਰੇ ਤੇ ਝੱਗੇ ਵਾਂਗ ਪਾਉਂਦਾ ਹੈ।æææਮੇਰੇ ਘਰੋਂ ਕਈ ਵਾਰ ਉਹ ਟੈਲੀਫੋਨ ਕਰਦਾ ਤਾਂ ਦਰਵਾਜ਼ਾ ਭੀੜ ਕੇ, ਅੱਖਾਂ ਵਿਚ ਸੁਰਮਾ ਪਾ ਕੇ, ਤੇ ਠਾਠਾ ਬੰਨ੍ਹ ਕੇ। ਟੈਲੀਫੋਨ ਨੂੰ ਗੋਦੀ ਵਿਚ ਬਿਠਾ ਕੇ ਉਹ ਗੱਲ ਕਰਦਾ-ਹੌਲੀ ਹੌਲੀ। ਮੈਂ ਆਖਿਆ, ਠਾਠਾ ਲਾਹ ਦੇ। ਦੂਜੇ ਪਾਸੇ ਤੇਰੀ ਦਾੜ੍ਹੀ ਨਜ਼ਰ ਨਹੀਂ ਆਉਂਦੀ।”
ਗਾਰਗੀ ਦੀ ਦੋਸਤ ਇਕ ਅਮਰੀਕਨ ਜੋੜੀ ਮਿਲ ਕੇ ਜਾਣ ਲਗਦੀ ਹੈ ਤਾਂ ਗਾਰਗੀ ਸਹਿਜ-ਸੁਭਾਅ ਹੀ ਪਤਨੀ ਨੂੰ ਉਨ੍ਹਾਂ ਦੇ ਸਭਿਆਚਾਰ ਅਨੁਸਾਰ ਗੱਲ੍ਹ ਚੁੰਮ ਕੇ ਵਿਦਾ ਕਰਦਾ ਹੈ। ਉਹ ਧੀਰ ਦੇ, ਜੋ ਉਸ ਅਨੁਸਾਰ ਇਕ ਖੂੰਜੇ ਬੈਠਾ ਘੂਰ ਰਿਹਾ ਸੀ, ਮੂੰਹੋਂ ਕਹਾਉਂਦਾ ਹੈ, “ਬਲਵੰਤ, ਚੁੰਮੀਆਂ ਤਾਂ ਅੰਗਰੇਜ਼ ਕੁੜੀਆਂ ਦਿੰਦੀਆਂ ਨੇ, ਗੱਲ੍ਹ ਮੱਕੀ ਦੇ ਟੁੱਕ ਵਰਗੀ! ਸਾਡੀਆਂ ਤੋਂ ਜੇ ਚੁੰਮੀ ਲੈਣੀ ਹੋਵੇ ਤਾਂ ਢਾਹ ਕੇ ਲੈਣੀ ਪੈਂਦੀ ਹੈ, ਜਿਵੇਂ ਪਸੂ ਨੂੰ ਖੁਰੀਆਂ ਲਾਉਣੀਆਂ ਹੋਣ!” ਮੈਂ ਧੀਰ ਜੀ ਨੂੰ ਪੁੱਛਿਆ ਤਾਂ ਉਹ ਕੱਚਾ ਜਿਹਾ ਹੱਸ ਕੇ ਕਹਿੰਦੇ, “ਐਵੇਂ ਭਕਾਈ ਮਾਰਦਾ ਐ ਲੁੱਚਾ ਕਰਿਆੜ!”
ਸਾਡੀ ਲੋਕਗੀਤੀ ਪਰੰਪਰਾ ਵਿਚ ਸੁਰਮੇ ਦੀ ਮਹੱਤਤਾ ਦਿਖਾਉਣ ਵਾਸਤੇ ਇਹਨੂੰ ਸਾਧਾਰਨ ਗੱਡੀ ਵਿਚ ਆਇਆ ਹੋਣ ਦੀ ਥਾਂ ਡਾਕ ਗੱਡੀ ਵਿਚ ਆਇਆ ਦੱਸਿਆ ਗਿਆ ਹੈ, “ਸੁਰਮਾ ਨੌਂ ਰੱਤੀਆਂ, ਡਾਕ ਗੱਡੀ ਵਿਚ ਆਇਆ।” ਸੁਰਮਾ ਪਾ ਤਾਂ ਕੋਈ ਵੀ ਲੈਂਦਾ ਹੈ, ਮਟਕਾਉਣਾ ਧੀਰ ਵਰਗੇ ਕਿਸੇ ਕਿਸੇ ਨੂੰ ਹੀ ਆਉਂਦਾ ਹੈ। ਪਰ ਗਾਰਗੀ ਆਪਣੇ ਮਿੱਤਰ ਧੀਰ ਤੋਂ ਵੀ ਅੱਗੇ ਸੀ। ਉਹ ਸੁਰਮੇ ਨੂੰ ਬਿਨ-ਪਾਇਆਂ ਵੀ ਮਟਕਾ ਸਕਦਾ ਸੀ!
‘ਸੁਰਮੇ ਵਾਲੀ ਅੱਖ’ ਦੇ ਮੁੱਖ-ਸ਼ਬਦਾਂ ਵਿਚ ਉਹ ਆਪ ਦਸਦਾ ਹੈ, “ਇਸ ਤੋਂ ਪਹਿਲੀ ਪੁਸਤਕ ‘ਨਿੰਮ ਦੇ ਪੱਤੇ’ ਛਪੀ। ਇਸ ਵਿਚ ਨੌਂ ਸਾਹਿਤਕਾਰ ਮਿੱਤਰਾਂ ਦੇ ਰੇਖਾ-ਚਿੱਤਰ ਸਨ। ਮੈਂ ਇਨ੍ਹਾਂ ਮਿੱਤਰਾਂ ਨੂੰ ਬਹੁਤ ਸਤਿਕਾਰਦਾ ਹਾਂ। ਕਿਤਾਬ ਛਪਣ ਉਤੇ ਸਾਰੇ ਨਾਰਾਜ਼ ਹੋ ਗਏ। ਅੰਮ੍ਰਿਤਾ ਪ੍ਰੀਤਮ ਛੇ ਮਹੀਨੇ ਰੁੱਸੀ ਰਹੀ। ਕਰਤਾਰ ਸਿੰਘ ਦੁੱਗਲ ਬਹੁਤ ਗੁੱਸੇ ਹੋਇਆ। ਪ੍ਰੋਫ਼ੈਸਰ ਮੋਹਨ ਸਿੰਘ ਨੂੰ ਜਦ ਮੈਂ ਉਨ੍ਹਾਂ ਦੇ ਘਰ ਮਿਲਣ ਗਿਆ ਤਾਂ ਉਨ੍ਹਾਂ ਨੇ ਇਤਨੇ ਸਖਤ ਸ਼ਬਦ ਵਰਤੇ ਕਿ ਮੈਨੂੰ ਸੂਟਕੇਸ ਚੁੱਕ ਕੇ ਵਾਪਸ ਦਿੱਲੀ ਆਉਣਾ ਪਿਆ। ਸੰਤ ਸਿੰਘ ਸੇਖੋਂ ਤੇ ਪ੍ਰੋਫ਼ੈਸਰ ਅਤਰ ਸਿੰਘ ਨੇ ਵਕੀਲ ਦੀ ਮਾਰਫਤ ਕਾਨੂੰਨੀ ਨੋਟਿਸ ਘਲਿਆ। ਸਵਰਗਵਾਸੀ ਪ੍ਰਿੰਸੀਪਲ ਤੇਜਾ ਸਿੰਘ, ਜਿਨ੍ਹਾਂ ਨੂੰ ਮੈਂ ਪਿਤਾ ਸਮਾਨ ਸਮਝਦਾ ਸਾਂ, ਜਿਊਂਦੇ ਜੀਅ ਮੇਰੀਆਂ ਲਿਖਤਾਂ ਉਤੇ ਪ੍ਰਸੰਨ ਸਨ, ਪਰ ਉਨ੍ਹਾਂ ਦੀ ਮ੍ਰਿਤੂ ਦੇ ਚਾਰ ਸਾਲ ਪਿਛੋਂ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਮੈਨੂੰ ਨੋਟਿਸ ਭੇਜਿਆ ਕਿ ਮੈਂ ਤੇਜਾ ਸਿੰਘ ਦੀ ਬੇਇੱਜ਼ਤੀ ਕੀਤੀ ਹੈ। ਇਨ੍ਹਾਂ ਝਗੜਿਆਂ ਤੇ ਸਖਤ ਚਿੱਠੀਆਂ ਨਾਲ ਮੈਂ ਪ੍ਰੇਸ਼ਾਨ ਹੋ ਗਿਆ। ਇਸ ਗੱਲ ਨੂੰ ਤਿੰਨ ਸਾਲ ਹੋ ਗਏ ਹਨ। ਨਾਰਾਜ਼ ਮਿੱਤਰ ਪਹਿਲਾਂ ਨਾਲੋਂ ਵੀ ਵਧੇਰੇ ਪੱਕੇ ਮਿੱਤਰ ਬਣ ਗਏ ਹਨ। ਜਿਵੇਂ ਥੋੜ੍ਹੇ ਜਿਹੇ ਬੁਖਾਰ ਪਿਛੋਂ ਕਈ ਵਾਰ ਸਰੀਰ ਵਧੇਰੇ ਨਰੋਆ ਤੇ ਨਿਰਮਲ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ ਦੋਸਤੀਆਂ ਵੀ ਨਿੱਖਰ ਆਈਆਂ।”
ਅੱਗੇ ਉਹ ਆਪਣੀ ਇਸ ਸ਼ਰਾਰਤ ਦਾ ਕਾਰਨ ਵੀ ਦਸਦਾ ਹੈ, “ਹਕੀਕਤ ਕੀ ਹੈ? ਸਾਹਿਤਕਾਰ ਇਸ ਨੂੰ ਫੜਨਾ ਚਾਹੁੰਦਾ ਹੈ, ਪਰ ਅੰਤਮ ਸੱਚ ਦਾ ਤਾਂ ਕਿਸੇ ਨੂੰ ਵੀ ਪਤਾ ਨਹੀਂ।æææਪ੍ਰਸਿੱਧ ਚਿੱਤਰਕਾਰ ਮੁਦੁਗੁਲਿਆਨੀ ਆਪਣੀਆਂ ਸੁੰਦਰ ਪਾਤਰਾਂ ਦੀ ਗਰਦਨ ਲੰਮੀ ਕਰ ਦਿੰਦਾ ਸੀ; ਮੂਰਤੀਕਾਰ ਐਪਸਟਾਈਨ ਆਪਣੇ ਬੁੱਤਾਂ ਦੀਆਂ ਲੱਤਾਂ ਮੁਹਲਿਆਂ ਵਰਗੀਆਂ ਬਣਾਉਂਦਾ ਸੀ; ਆਧੁਨਿਕ ਚਿੱਤਰਕਾਰ ਕਿਰਕੋਸ਼ਕਾ ਆਪਣੇ ਪਾਤਰਾਂ ਦੇ ਹੱਥਾਂ ਉਤੇ ਸੁਰਖ਼ ਰੰਗ ਦੇ ਬੁਰਸ਼ ਮਾਰ ਕੇ ਉਨ੍ਹਾਂ ਵਿਚ ਸ਼ਕਤੀ ਭਰ ਦਿੰਦਾ ਹੈ। ਇਹ ਸਾਰੇ ਲੋਕ ਅਸਲ ਦੀ ਢੂੰਡ ਵਿਚ ਹਨ। ਮੈਂ ਵੀ ਅਸਲੀਅਤ ਨੂੰ ਢੂੰਡ ਰਿਹਾ ਹਾਂ।” ਉਹ ਆਖਦਾ ਸੀ, ਮੈਂ ਇਤਿਹਾਸਕਾਰ ਨਹੀਂ ਜੋ ਦਿਸਦੇ ਨੂੰ ਕਾਗ਼ਜ਼ ਉਤੇ ਹੂਬਹੂ ਉਤਾਰ ਦੇਵਾਂ, ਮੈਂ ਲੇਖਕ ਹਾਂ ਤੇ ਲੇਖਕ ਨੇ ਦਿਸਦੇ ਦੇ ਪਿਛਲਾ ਅਣਦਿਸਦਾ ਵੀ ਉਜਾਗਰ ਕਰਨਾ ਹੁੰਦਾ ਹੈ।
ਉਹਦੀਆਂ ਬਹੁਤ ਘੱਟ ਰਚਨਾਵਾਂ ਤੜਕੇ ਤੋਂ ਵਿਰਵੀਆਂ ਹਨ। ਇਕ ਥਾਂ ਉਹ ਲਿਖਦਾ ਹੈ ਕਿ ਕਿਤੇ ਦਿੱਲੀ ਤੋਂ ਬਾਹਰ ਪ੍ਰੋਗਰਾਮ ਦੇ ਕੇ ਆਈ ਪਾਕਿਸਤਾਨੀ ਗਾਇਕਾ ਰੇਸ਼ਮਾ ਨੇ ਵਰ੍ਹਦੇ ਮੀਂਹ ਵਿਚ ਡੂੰਘੀ ਰਾਤ ਉਹਦਾ ਬੂਹਾ ਆ ਖੜਕਾਇਆ। ਪੜ੍ਹ ਕੇ ਮੈਂ ਹੈਰਾਨ ਹੋਇਆ ਕਿ ਉਸ ਵਿਚਾਰੀ ਦੇ ਪ੍ਰਬੰਧਕ ਤੇ ਮੇਜ਼ਬਾਨ ਉਹਨੂੰ ਰਾਤ ਨੂੰ ਵਰ੍ਹਦੇ ਮੀਂਹ ਵਿਚ ਬਿਗਾਨੇ ਦੇਸ ਸੜਕ ਉਤੇ ਇਕੱਲੀ ਛੱਡ ਕੇ ਕਿਥੇ ਚਲੇ ਗਏ ਸਨ? ਤੇ ਜੇ ਭਲਾ ਉਹ ਚਲੇ ਹੀ ਗਏ ਸਨ, ਕੀ ਰੇਸ਼ਮਾ ਨੂੰ ਕੋਈ ਹੋਟਲ ਨਾ ਦਿੱਸਿਆ ਜੋ ਭੀੜੀ-ਹਨੇਰੀ ਗਲੀ ਦਾ ਗਾਰਾ ਮਿਧਦੀ ਗਾਰਗੀ ਦੇ ਘਰ ਆਈ! ਇਸੇ ਤਰ੍ਹਾਂ ਉਹ ਇਕ ਵਾਰ ਅਚਾਨਕ ਪ੍ਰਵੀਨ ਬਾਬੀ ਉਹਦੇ ਘਰ ਆ ਟਪਕੀ ਹੋਣ ਦਾ ਜ਼ਿਕਰ ਕਰਦਾ ਹੈ। ਉਹਦੇ ਇਕ ਬਹੁਤ ਹੀ ਨੇੜਲੇ ਮਿੱਤਰ ਨੇ ਭੇਤ ਦੀ ਗੱਲ ਦੱਸੀ, ਆਈ ਨਾ ਰੇਸ਼ਮਾ ਸੀ ਤੇ ਨਾ ਬਾਬੀ।
ਉਸ ਮਿੱਤਰ ਨੇ ਇਕ ਹੋਰ ਦਿਲਚਸਪ ਗੱਲ ਵੀ ਦੱਸੀ। ਜਦੋਂ ਕਦੀ ਗਾਰਗੀ ਮੁੰਬਈ ਜਾਂਦਾ, ਆਪਣੇ ਕਿਸੇ ਫਿਲਮੀ ਦੋਸਤ ਨੂੰ ਕਿਸੇ ਵੀ ਹੋ ਰਹੀ ਪਾਰਟੀ ਦੇ ਸੱਦੇ ਦਾ ਪ੍ਰਬੰਧ ਕਰਨ ਲਈ ਆਖਦਾ। ਪਾਰਟੀ ਵਿਚ ਉਹ ਕਿਸੇ ਫ਼ੋਟੋਗ੍ਰਾਫ਼ਰ ਨੂੰ ਗੰਢਦਾ ਤੇ ਫੇਰ ਉਹਦਾ ਹੱਥ ਮਿਲਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਕਿਸੇ ਵੀ ਪਾਰਟੀ ਵਿਚ ਤੁਸੀਂ ਕਿਸੇ ਵੀ ਬੰਦੇ ਵੱਲ ‘ਹੈਲੋ, ਫਲਾਣਾ ਸਾਹਿਬ’ ਆਖ ਕੇ ਹੱਥ ਵਧਾ ਦਿਉ, ਉਹ ਸੋਚੇਗਾ, ਪਤਾ ਨਹੀਂ ਕੌਣ ਜਾਣਕਾਰ ਹੈ ਤੇ ਮੁਸਕਰਾ ਕੇ ਹੱਥ ਤਾਂ ਮਿਲਾਵੇਗਾ ਹੀ! ਇਹ ਤਸਵੀਰਾਂ ਮਗਰੋਂ ‘ਬਾਵਕਤ ਜ਼ਰੂਰਤ’ ਕੰਮ ਆਉਂਦੀਆਂ ਰਹਿੰਦੀਆਂ ਸਨ।
ਉਹਦੇ ਨਾਟਕਾਂ ਬਾਰੇ ਤਾਂ ਜਾਣਕਾਰਾਂ ਦਾ ਖੁੱਲ੍ਹਮਖੁੱਲ੍ਹਾ ਕਹਿਣਾ ਸੀ ਕਿ ਉਨ੍ਹਾਂ ਵਿਚੋਂ ਕਈਆਂ ਦਾ ਸਾਰ ਮੌਲਿਕ ਹੋਣ ਦੀ ਥਾਂ ਹੋਰ ਥਾਂਵਾਂ ਤੋਂ ਲਿਆ ਗਿਆ ਹੈ ਅਤੇ ਸਥਾਨਕ ਵਿਸ਼ੇ ‘ਤੇ ਪੰਜਾਬੀ ਦੇ ਭਾਸ਼ਾਈ ਮੁਹਾਵਰੇ ਦਾ ਕਰਾਰਾ ਤੜਕਾ ਲਾ ਕੇ ਉਨ੍ਹਾਂ ਨੂੰ ਅਸਲੋਂ ਹੀ ਨਵਾਂ ਰੂਪ ਦੇ ਦਿੱਤਾ ਗਿਆ ਹੈ। ਨਮੂਨੇ ਵਜੋਂ, ਉਹ 1936 ਵਿਚ 38 ਸਾਲ ਦੀ ਭਰ-ਜਵਾਨ ਉਮਰ ਵਿਚ ਚਲਾਣਾ ਕਰ ਗਏ ਸਪੇਨ ਦੇ ਬੇਹੱਦ ਜ਼ਹੀਨ ਨਾਟਕਕਾਰ, ਨਿਰਦੇਸ਼ਕ, ਕਵੀ ਤੇ ਚਿੱਤਰਕਾਰ ਫੈਡੇਰੀਕੋ ਗਾਰਸੀਆ ਲੋਰਕਾ ਦੇ ਨਾਟਕ ‘ਬਲੱਡ ਵੈਡਿੰਗ’ (1932) ਨੂੰ ਗਾਰਗੀ ਦੇ ‘ਕਣਕ ਦੀ ਬੱਲੀ’ (1968) ਦਾ ਅਤੇ ‘ਯਰਮਾ’ (1934) ਨੂੰ ‘ਧੂਣੀ ਦੀ ਅੱਗ’ (1977) ਦਾ ਆਧਾਰ ਦਸਦੇ ਹਨ।
ਇਕ ਵਾਰ ਮਿੱਤਰ ਤਾਰਾ ਸਿੰਘ, ਜੋ ਗਾਰਗੀ ਦਾ ਵੀ ਬਹੁਤ ਗੂੜ੍ਹਾ ਦੋਸਤ ਸੀ, ਨਾਲ ਗੱਲ ਚੱਲੀ ਤਾਂ ਉਹਨੇ ਬੜਾ ਵਧੀਆ ਜਵਾਬ ਦਿੱਤਾ। ਇਕ ਬੰਦੇ ਨੂੰ ਕਲਾ-ਵਸਤਾਂ ਇਕੱਠੀਆਂ ਕਰਨ ਦਾ ਸ਼ੌਕ ਸੀ। ਉਹਦੇ ਘਰ ਮੇਜ਼, ਅਲਮਾਰੀ, ਸਟੂਲ, ਟਾਂਡ ਆਦਿ ਉਤੇ ਤਾਂ ਹੋਣੀਆਂ ਹੀ ਸਨ, ਕੁਰਸੀ ਤੇ ਮੰਜੇ ਉਤੇ ਵੀ ਕਲਾ-ਵਸਤਾਂ ਪਈਆਂ ਸਨ। ਸਭ ਉਤੇ ਧੂੜ ਦਾ ਜੰਮਣਾ ਤਾਂ ਕੁਦਰਤੀ ਸੀ। ਇਕ ਦਿਨ ਉਹ ਚੋਰੀ ਹੋ ਗਈਆਂ। ਉਹਨੇ ਪੈੜ ਕੱਢਣ ਵਾਲਾ ਖੋਜੀ ਬੁਲਾਇਆ ਤਾਂ ਪੈੜ ਜਿਹੜੇ ਘਰ ਪਹੁੰਚੀ, ਉਹਨੂੰ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ। ਸਬੱਬ ਨਾਲ ਇਕ ਖਿੜਕੀ ਦਾ ਪਰਦਾ ਹਟਿਆ ਹੋਇਆ ਸੀ। ਉਹਨੇ ਅੰਦਰ ਝਾਤ ਮਾਰੀ ਤਾਂ ਸਭ ਵਸਤਾਂ ਝਾੜ-ਪੂੰਝ ਕੇ ਬੜੇ ਸਲੀਕੇ ਨਾਲ ਢੁੱਕਵੇਂ ਥਾਂਵਾਂ ਉਤੇ ਸਜਾਈਆਂ ਪਈਆਂ ਸਨ। ਉਹ ਖੋਜੀ ਨੂੰ ਬੋਲਿਆ, “ਆ ਜਾ, ਚੱਲੀਏ। ਇਹ ਇਥੇ ਹੀ ਸੋਭਦੀਆਂ ਨੇ!” ਤਾਰਾ ਸਿੰਘ ਨੇ ਤੋੜਾ ਝਾੜਿਆ, “ਜੇ ਲੋਰਕਾ ਆਪ ਵੀ ਗਾਰਗੀ ਦੇ ਨਾਟਕ ਪੜ੍ਹ ਜਾਂ ਦੇਖ ਲਵੇ, ਚੋਰੀ ਤੋਂ ਗੁੱਸੇ ਹੋਣ ਦੀ ਥਾਂ ਖ਼ੁਸ਼ ਹੋ ਕੇ ਆਖੂ, ਇਹਨੇ ਤਾਂ ਮੇਰੀ ਗੱਲ ਮੇਰੇ ਨਾਲੋਂ ਵੀ ਵਧੀਆ ਬਣਾ ਕੇ ਪੇਸ਼ ਕਰ ਦਿੱਤੀ! ਇਹ ਨਾਟਕ ਇਹਦੇ ਹੀ ਨੇ, ਭਾਈ!”
(ਚਲਦਾ)

Be the first to comment

Leave a Reply

Your email address will not be published.