ਅੱਬਾਸ ਧਾਲੀਵਾਲ, ਮਲੇਰਕੋਟਲਾ
ਫੋਨ: 91-98552-59650
ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂ ਸਮੇਂ ਸਮੇਂ ਆਪਣੇ ਸਾਥੀਆਂ ਅਤੇ ਅੰਦੋਲਨ ਨਾਲ ਜੁੜੇ ਕਿਸਾਨਾਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਰਹਿੰਦੇ ਹਨ। ਇਸੇ ਸੰਦਰਭ ਵਿਚ ਬੀਤੇ ਰੋਜ਼ ਇਕ ਖੁੱਲ੍ਹਾ ਪੱਤਰ ਲਿਖ ਕੇ ਬਲਵੀਰ ਸਿੰਘ ਰਾਜੇਵਾਲ ਵਲੋਂ ਕਿਸਾਨਾਂ ਨੂੰ ਅਪੀਲਾਂ ਕੀਤੀਆਂ ਗਈਆਂ ਹਨ। ਸ. ਰਾਜੇਵਾਲ ਲਿਖਦੇ ਹਨ ਕਿ ਇਸ ਵੇਲੇ ਅਸੀਂ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਹਾਂ। ਜਿਸ ਸਿਰੜ ਅਤੇ ਅਨੁਸ਼ਾਸਨ ਨਾਲ ਤੁਸੀਂ ਸ਼ਾਂਤਮਈ ਰਹਿ ਕੇ ਇਹ ਅੰਦੋਲਨ ਹੁਣ ਤਕ ਚਲਾਇਆ ਹੈ, ਉਸ ਦੀ ਦੁਨੀਆਂ ਵਿਚ ਕੋਈ ਮਿਸਾਲ ਨਹੀਂ ਮਿਲਦੀ। ਇਹ ਇਤਿਹਾਸ ਵਿਚ ਦੁਨੀਆਂ ਵਿਚ ਸਭ ਤੋਂ ਲੰਮਾ ਸਮਾਂ, ਸਭ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਵਾਲਾ, ਪੂਰਨ ਸ਼ਾਂਤਮਈ ਅੰਦੋਲਨ ਹੋ ਨਿਬੜਿਆ ਹੈ। ਪੂਰੇ ਸੰਸਾਰ ਦੀਆਂ ਅੱਖਾਂ ਇਸ ਨੂੰ ਤੀਬਰਤਾ ਨਾਲ ਦੇਖ ਰਹੀਆਂ ਹਨ।
ਉਨ੍ਹਾਂ ਅੱਗੇ ਲਿਖਿਆ ਹੈ ਕਿ ਇਹ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ। ਦੇਸ਼ ਦੇ ਹਰ ਵਰਗ ਨੇ ਇਨ੍ਹਾਂ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਨੂੰ ਸਮਝ ਕੇ ਇਸ ਵਿਚ ਆਪਣੀ ਸ਼ਮੂਲੀਅਤ ਦਰਜ ਕਰਵਾਈ ਹੈ। ਅੱਜ ਇਹ ਦੇਸ਼ ਭਰ ਵਿਚ ਜਨ ਅੰਦੋਲਨ ਬਣ ਗਿਆ ਹੈ। ਸ. ਰਾਜੇਵਾਲ ਨੇ ਪੱਤਰ ਵਿਚ ਅਪੀਲ ਕਰਦਿਆਂ ਕਿਹਾ, ਭਰਾਵੋ! ਮੈਂ ਹਮੇਸ਼ਾ ਤੁਹਾਨੂੰ ਸਭ ਨੂੰ ਵਾਰ ਵਾਰ ਅਪੀਲ ਕਰਦਾ ਰਿਹਾ ਹਾਂ ਕਿ ਅੰਦੋਲਨ ਸਿਰਫ ਉਹ ਹੀ ਸਫਲ ਹੁੰਦਾ ਹੈ, ਜੋ ਪੂਰੀ ਤਰ੍ਹਾਂ ਸ਼ਾਂਤਮਈ ਰਹੇ। ਜਦੋਂ ਵੀ ਅੰਦੋਲਨ ਵਿਚ ਹਿੰਸਾ ਆਈ, ਉਸ ਦਾ ਪਤਨ ਸ਼ੁਰੂ ਹੋ ਜਾਂਦਾ ਹੈ। ਤੁਸੀਂ ਇਸ ਨੂੰ ਹੁਣ ਤਕ ਸ਼ਾਂਤਮਈ ਰੱਖਿਆ, ਉਸ ਲਈ ਮੈਂ ਤੁਹਾਡਾ ਸਭ ਦਾ ਧੰਨਵਾਦੀ ਹਾਂ। ਅੰਦੋਲਨ ਹਮੇਸ਼ਾ ਪੜਾਅਵਾਰ ਅੱਗੇ ਵਧਦੇ ਹਨ। ਤੁਸੀਂ ਸੈਮੀਨਾਰਾਂ, ਧਰਨਿਆਂ ਤੋਂ ਲੈ ਕੇ, ਰੇਲ ਪੱਟੜੀਆਂ ਦੇ ਅੰਦੋਲਨ ਰਾਹੀਂ, ਭਾਰਤ ਬੰਦ ਵਰਗੇ ਸਫਲ ਕਦਮਾਂ ਨਾਲ ਦਿੱਲੀ ਦੁਆਲੇ ਵੱਖ ਵੱਖ ਨਾਕਿਆਂ ਉੱਤੇ ਵੱਡੀ ਗਿਣਤੀ ਵਿਚ ਇਕੱਠੇ ਹੋ ਬੈਠੇ ਹੋ। ਕੜਾਕੇ ਦੀ ਠੰਢ ਅਤੇ ਮੀਂਹ ਦੇ ਬਾਵਜੂਦ ਤੁਸੀਂ ਆਪਣੀਆਂ ਟਰਾਲੀਆਂ ਵਿਚ ਘਰ ਪਾ ਕੇ ਸ਼ਾਂਤਮਈ ਬੈਠੇ ਹੋ।
ਅੰਦੋਲਨ ਆਪਣੀ ਚਾਲ ਸ਼ਾਂਤਮਈ ਢੰਗ ਨਾਲ ਹਰ ਪੜਾਅ ਨੂੰ ਸਫਲਤਾ ਨਾਲ ਪਾਰ ਕਰ ਰਿਹਾ ਹੈ। ਅੰਦੋਲਨ ਵਿਚ ਹਰ ਸਮੇਂ ਰਣਨੀਤੀ ਅਨੁਸਾਰ ਨਵੇਂ ਪੜਾਅ ਤੈਅ ਕਰਨੇ ਹੁੰਦੇ ਹਨ। ਇਸੇ ਲਈ ਅਸੀਂ ਲੋਹੜੀ ਉੱਤੇ ਇਨ੍ਹਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਭਾਵ 20 ਜਨਵਰੀ ਨੂੰ ਅਸੀਂ ਸੰਕਲਪ ਦਿਵਸ ਵਜੋਂ ਮਨਾਵਾਂਗੇ ਅਤੇ ਖਾਸ ਤੌਰ ’ਤੇ ਸਤਿਗੁਰਾਂ ਦੇ ਸ਼ਬਦ ‘ਦੇਹਿ ਸਿਵਾ ਬਰ ਮੋਹਿ ਇਹੈ’ ਦਾ ਗਾਇਨ ਕਰ ਕੇ ਅੰਦੋਲਨ ਵਿਚ ਸ਼ਾਂਤਮਈ ਰਹਿਣ ਦਾ ਸੰਕਲਪ ਲਵਾਂਗੇ। ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ 23 ਜਨਵਰੀ ਨੂੰ ਆਜ਼ਾਦ ਹਿੰਦ ਕਿਸਾਨ ਦਿਵਸ ਵਜੋਂ ਮਨਾਵਾਂਗੇ। ਹਰ ਸਾਲ ਵਾਂਗ 26 ਜਨਵਰੀ ਸਾਡਾ ਗਣਤੰਤਰ ਦਿਵਸ ਹੈ। ਅਸੀਂ ਉਸ ਦਿਨ ਵੱਡੀ ਗਿਣਤੀ ਵਿਚ ਦਿੱਲੀ ਦੇ ਬਾਰਡਰਾਂ ਦੇ ਨਾਕਿਆਂ ਤੋਂ ਕਿਸਾਨ ਪਰੇਡ ਕਰਾਂਗੇ। ਉਸ ਤੋਂ ਬਾਅਦ ਦੇ ਪੜਾਅ ਉਦੋਂ ਤਕ ਜਾਰੀ ਰੱਖੇ ਜਾਣਗੇ, ਜਦੋਂ ਤਕ ਅੰਦੋਲਨ ਸਫਲ ਨਹੀਂ ਹੋ ਜਾਂਦਾ।
ਸ. ਰਾਜੇਵਾਲ ਨੇ ਗਣਤੰਤਰ ਦਿਵਸ ਦੇ ਸੰਦਰਭ ਵਿਚ ਅੰਦੋਲਨ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਗਲਤਫਹਿਮੀਆਂ ਨੂੰ ਵਿਰਾਮ ਦਿੰਦਿਆਂ ਲਿਖਿਆ ਹੈ ਕਿ ਮੈਂ ਖਾਸ ਤੌਰ ’ਤੇ ਤੁਹਾਨੂੰ ਇਸ ਲਈ ਸੰਬੋਧਿਤ ਹੋ ਰਿਹਾ ਹਾਂ ਤਾਂ ਜੋ 26 ਜਨਵਰੀ ਦੇ ਅੰਦੋਲਨ ਸਬੰਧੀ ਫੈਲਾਈਆਂ ਜਾ ਰਹੀਆਂ ਗਲਤਫਹਿਮੀਆਂ ਦੂਰ ਹੋ ਸਕਣ। ਅਫਵਾਹਾਂ ਤੋਂ ਚੌਕਸ ਹੀ ਨਹੀਂ, ਬਹੁਤ ਗੰਭੀਰ ਹੋਣ ਦੀ ਲੋੜ ਹੈ। ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਵੇਂ ਕਿਸਾਨਾਂ ਵੱਲੋਂ ਬਗਾਵਤ ਕਰਨ ਦਾ ਪ੍ਰੋਗਰਾਮ ਹੋਵੇ ਅਤੇ ਇਹ ਅੰਦੋਲਨ ਦਾ ਆਖਰੀ ਪੜਾਅ ਹੋਵੇ। ਕੁਝ ਲੋਕ ਕਹਿ ਰਹੇ ਹਨ ਕਿ ਉਸ ਦਿਨ ਲਾਲ ਕਿਲੇ ਉੱਤੇ ਝੰਡਾ ਲਹਿਰਾਉਣਾ ਹੈ। ਕੋਈ ਕਹਿ ਰਿਹਾ ਹੈ ਕਿ ਪਾਰਲੀਮੈਂਟ ਉੱਤੇ ਕਬਜ਼ਾ ਕਰਨਾ ਹੈ। ਕਈ ਤਰ੍ਹਾਂ ਦਾ ਬੇਬੁਨਿਆਦ ਭੜਕਾਊ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਕੂੜ ਪ੍ਰਚਾਰ ਨੇ ਸਿਰਫ ਮੈਨੂੰ ਜਾਂ ਸਾਰੀਆਂ ਹੀ ਅੰਦੋਲਨ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਗੰਭੀਰ ਚਿੰਤਾ ਵਿਚ ਨਹੀਂ ਪਾਇਆ, ਸਗੋਂ ਸਭ ਦੀ ਨੀਂਦ ਹਰਾਮ ਕਰ ਦਿੱਤੀ ਹੈ। ਕੁਝ ਕਿਸਾਨ ਵਿਰੋਧੀ ਤਾਕਤਾਂ ਨੇ ਕਿਸਾਨਾਂ ਅਤੇ ਆਮ ਲੋਕਾਂ ਦੇ ਸ਼ਾਂਤਮਈ ਅੰਦੋਲਨ ਨੂੰ ਫੇਲ੍ਹ ਕਰਨ ਲਈ ਇਸ ਕੂੜ ਪ੍ਰਚਾਰ ਉੱਤੇ ਪੂਰੀ ਵਾਹ ਲਾਈ ਹੋਈ ਹੈ। ਸਰਕਾਰੀ ਏਜੰਸੀਆਂ ਵੀ ਅਜਿਹੇ ਲੋਕਾਂ ਦੀ ਮਦਦ ਕਰਨ ਲਈ ਪੱਬਾਂ ਭਾਰ ਹਨ। ਧਰਨੇ ਵਾਲੀਆਂ ਥਾਂਵਾਂ ਉੱਤੋਂ ਸਾਡੇ ਵਾਲੰਟੀਅਰ ਹਰ ਰੋਜ਼ ਅਜਿਹੇ ਕਿਸਾਨ ਦੋਖੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਰਹੇ ਹਨ।
ਸ. ਰਾਜੇਵਾਲ ਨੇ ਹੋਰ ਲਿਖਿਆ ਹੈ, ਭਰਾਵੋ! ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਵੇਲੇ ਦੁਨੀਆਂ ਇਸ ਅੰਦੋਲਨ ਦੀ ਸਫਲਤਾ ਲਈ ਅਰਦਾਸਾਂ ਕਰ ਰਹੀ ਹੈ। ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਉੱਥੋਂ ਦੇ ਆਗੂਆਂ ਨੇ ਇਸ ਅੰਦੋਲਨ ਦੀ ਹਮਾਇਤ ਕੀਤੀ ਹੈ। ਇਸ ਸਬੰਧੀ ਮੋਦੀ ਸਰਕਾਰ ਨੂੰ ਲਿਖਿਆ ਵੀ ਹੈ। ਹਰ ਦੇਸ਼ ਅਤੇ ਭਾਰਤ ਦੇ ਹਰ ਰਾਜ ਵਿਚ ਇਸ ਅੰਦੋਲਨ ਦੇ ਹੱਕ ਵਿਚ ਹਰ ਰੋਜ਼ ਸ਼ਾਂਤਮਈ ਧਰਨੇ, ਮੁਜਾਹਰੇ ਕੀਤੇ ਜਾ ਰਹੇ ਹਨ।
ਅੰਦੋਲਨ ਪ੍ਰਤੀ ਕਿਸਾਨਾਂ ਨੂੰ ਉਨ੍ਹਾਂ ਦੀ ਜਿ਼ੰਮੇਵਾਰੀ ਪ੍ਰਤੀ ਗੰਭੀਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੀ ਦੁਨੀਆਂ ਇਸ ਦੀ ਸਫਲਤਾ ਲੋਚਦੀ ਹੈ। ਮੈਂ ਪੁੱਛਦਾ ਹਾਂ ਕਿ ਜਿਸ ਅੰਦੋਲਨ ਦੀ ਸਫਲਤਾ ਲਈ ਸ੍ਰੀ ਦਰਬਾਰ ਸਾਹਿਬ ਤੋਂ ਅਰਦਾਸ ਹੋਈ ਹੋਵੇ, ਹਰ ਪਿੰਡ ਦੇ ਗੁਰੂ ਘਰ ਤੋਂ ਅਰਦਾਸਾਂ ਹੋਣ, ਹਿੰਦੂ ਭਰਾ ਹਵਨ ਕਰਵਾਉਂਦੇ ਹੋਣ, ਮੁਸਲਮਾਨ ਭਰਾ ਤੁਹਾਡੇ ਨਾਲ ਹੋਣ-ਕੀ ਕੋਈ ਕਿਸਾਨ ਇਸ ਨੂੰ ਹਿੰਸਕ ਭੀੜ ਬਣਾ ਕੇ ਅੰਦੋਲਨ ਨੂੰ ਫੇਲ੍ਹ ਕਰਨ ਬਾਰੇ ਸੋਚ ਸਕਦਾ ਹੈ? ਕਦੀ ਨਹੀਂ। ਮੈਨੂੰ ਅਤੇ ਮੇਰੇ ਸਾਥੀਆਂ ਨੂੰ ਇਹ ਉੱਕਾ ਹੀ ਯਕੀਨ ਨਹੀਂ ਹੋ ਰਿਹਾ।
ਮੈਂ ਸਮਝਦਾ ਹਾਂ ਕਿ ਅਜਿਹੀ ਮਾੜੀ ਸੋਚ ਕਿਸਾਨ ਦੀ ਤਾਂ ਹੋ ਹੀ ਨਹੀਂ ਸਕਦੀ। ਫਿਰ ਵੀ ਸਰਕਾਰ ਸਾਡੇ ਅੰਦੋਲਨ ਵਿਚ ਖਾਲਿਸਤਾਨੀਆਂ ਅਤੇ ਅਤਿਵਾਦੀਆਂ ਦੇ ਹੋਣ ਦੇ ਇਲਜ਼ਾਮ ਲਾ ਰਹੀ ਹੈ। ਅਜਿਹੇ ਸਮੇਂ ਹਰ ਕਿਸਾਨ ਦੀ ਜਿ਼ੰਮੇਵਾਰੀ ਹੋਰ ਵਧ ਜਾਂਦੀ ਹੈ। ਭਰਾਵੋ, ਇਹ ਅੰਦੋਲਨ ਤੁਹਾਡਾ ਆਪਣਾ ਹੈ, ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਕੀ ਤੁਸੀਂ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਦਾਅ ਉੱਤੇ ਲਾ ਸਕਦੇ ਹੋ? ਜੇ ਨਹੀਂ ਤਾਂ ਆਓ ਆਪਾਂ ਸਾਰੇ ਮਿਲ ਕੇ ਇਸ ਨੂੰ ਸ਼ਾਂਤਮਈ ਰੱਖਣ ਲਈ ਪੂਰੀ ਵਾਹ ਲਾਈਏ।
ਪੱਤਰ ਦੇ ਆਖਰੀ ਪੈਰਾ ਵਿਚ ਰਾਜੇਵਾਲ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ 26 ਜਨਵਰੀ ਨੂੰ ਵੱਧ ਤੋਂ ਵੱਧ ਕਿਸਾਨ, ਕਿਸਾਨ ਬੀਬੀਆਂ ਦਿੱਲੀ ਜ਼ਰੂਰ ਪੁੱਜਣ। ਹਰ ਕਿਸਾਨ ਇਕ ਵਾਲੰਟੀਅਰ ਬਣ ਕੇ ਕਿਸਾਨ ਦੋਖੀਆਂ ਉੱਤੇ ਨਿਗਾਹ ਰੱਖੇ। ਜਿਸ ਅੰਦੋਲਨ ਦੀ ਸਫਲਤਾ ਲਈ ਸਾਰੀ ਦੁਨੀਆਂ ਦਾ ਦਿਲ ਧੜਕਦਾ ਹੈ, ਉਸ ਨੂੰ ਹਰ ਹਾਲ ਸ਼ਾਂਤਮਈ ਰੱਖਣ ਦਾ ਦ੍ਰਿੜ੍ਹ ਇਰਾਦਾ ਰੱਖੋ। ਕਿਸਾਨ ਦੋਖੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਬੇਪਰਦ ਕਰਨ ਵਿਚ ਮਦਦ ਕਰੋ। ਅੰਦੋਲਨ ਨੂੰ ਸ਼ਾਂਤਮਈ ਰੱਖੋਗੇ ਤਾਂ ਹਰ ਹਾਲਤ ਵਿਚ ਸਫਲ ਹੋਵੋਗੇ। ਭੜਕਾਊ ਨਾਅਰੇ ਅਤੇ ਗਰਮ ਜੋਸ਼ੀਲੀਆਂ ਗੱਲਾਂ ਅੰਦੋਲਨ ਨੂੰ ਲੀਹ ਤੋਂ ਲਾਹ ਦੇਣਗੀਆਂ। ਆਓ, ਸਾਰੇ ਮਿਲ ਕੇ, ਜਿਨ੍ਹਾਂ ਨੇ ਹੁਣ ਤਕ ਇਸ ਨੂੰ ਮਜ਼ਬੂਤ ਕਰਨ ਲਈ ਪੂਰੀ ਵਾਹ ਲਾਈ ਹੈ, ਇਸ ਦੀ ਸਫਲਤਾ ਲਈ ਸਾਰੀ ਤਾਕਤ ਝੋਕ ਦੇਈਏ। ਸ਼ਾਂਤਮਈ ਰਹਿਣਾ ਹੀ ਇਸ ਦੀ ਸਫ਼ਲਤਾ ਦੀ ਕੂੰਜੀ ਹੈ ਅਤੇ ਹਿੰਸਾ ਅੰਦੋਲਨ ਲਈ ਫਾਂਸੀ ਸਮਾਨ। ਆਓ ਰਲ ਕੇ ਸਫਲਤਾ ਵੱਲ ਵਧੀਏ।
ਯਕੀਨਨ ਉਕਤ ਪੱਤਰ ਵਿਚ ਸ. ਰਾਜੇਵਾਲ ਨੇ ਜੋ ਜੋ ਖਦਸ਼ੇ ਪ੍ਰਗਟਾਏ ਹਨ, ਅੱਜ ਲੋੜ ਹੈ ਉਨ੍ਹਾਂ ਤੋਂ ਮੁਹਤਾਤ ਰਹਿੰਦੇ ਹੋਏ ਉਨ੍ਹਾਂ `ਤੇ ਸੰਜੀਦਗੀ ਨਾਲ ਧਿਆਨ ਕੇਂਦਰਿਤ ਕਰਨ ਦੀ ਅਤੇ ਹਰ ਤਰ੍ਹਾਂ ਦੇ ਵਾਦ-ਵਿਵਾਦ ਤੇ ਹਿੰਸਕ ਘਟਨਾਵਾਂ ਤੋਂ ਦੂਰ ਰੱਖਣ ਦੀ।