ਚਾਰਲੀ ਚੈਪਲਿਨ ਦੀ ਆਖਰੀ ਫਿਲਮ ‘ਲਾਈਮਲਾਈਟ`

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਚਾਰਲੀ ਚੈਪਲਿਨ ਦੀ ਫਿਲਮ ‘ਲਾਈਮਲਾਈਟ` ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਚਾਰਲੀ ਚੈਪਲਿਨ ਨੇ ਫਿਲਮਸਾਜ਼ੀ ਅਤੇ ਜ਼ਿੰਦਗੀ ਨਾਲ ਜੁੜੀਆਂ ਸੁਰਾਂ ਦੀ ਸਾਰੰਗੀ ਉਤੇ ਆਪਣੀ ਸ਼ਖਸੀਅਤ ਦਾ ਗਜ਼ ਫੇਰਿਆ ਹੈ।

ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਫਿਲਮਸਾਜ਼ ਚਾਰਲੀ ਚੈਪਲਿਨ ਦੀ ਆਖਰੀ ਫਿਲਮ ‘ਲਾਈਮਲਾਈਟ` ਸਿਨੇਮਾ ਦੇ ਇਤਿਹਾਸ ਵਿਚ ਦੰਦ-ਕਥਾ ਬਣ ਚੁੱਕੀ ਹੈ। ਇਸ ਫਿਲਮ ਦੇ ਨਿਰਮਾਣ ਦੀ ਪ੍ਰਕਿਰਿਆ ਨਾਲ ਜੁੜਿਆ ਸਾਰਾ ਕੁਝ ਇੰਨਾ ਅਚੰਭਿਤ ਕਰ ਦੇਣ ਵਾਲਾ ਹੈ ਕਿ ਇਸ ਦੀ ਕਹਾਣੀ, ਕਿਰਦਾਰਾਂ ਅਤੇ ਨਿਰਦੇਸ਼ਨ ਨਾਲੋਂ ਇਸ ਨੂੰ ਬਣਾਉਣ ਵਾਲੇ ਦੀ ਸੋਚ ਤੇ ਬੌਧਿਕਤਾ ਤੇ ਰਸ਼ਕ ਆਉਂਦਾ ਹੈ। ਜਦੋਂ ਇਹ ਫਿਲਮ ਬਣਨੀ ਸ਼ੁਰੂ ਹੋਈ ਤਾਂ ਚਾਰਲੀ ਚੈਪਲਿਨ ਆਪਣੀ ਫਿਲਮੀ ਜ਼ਿੰਦਗੀ ਦੀ ਫੇਡ ਹੋ ਰਹੀ ਲਾਈਮਲਾਈਟ ਅਤੇ ਆਪਣੀ ਅਸਲ ਜ਼ਿੰਦਗੀ ਵਿਚ ਵੀ ਅਨੇਕਾਂ ਦਵੰਦਾਂ ਤੇ ਵਿਸੰਗਤੀਆਂ ਵਿਚ ਘਿਰਿਆ ਹੋਇਆ ਸੀ। ਅਕਤੂਬਰ 1952 ਨੂੰ ਜਦੋਂ ਉਹ ਲੰਡਨ ਵਿਚ ਆਪਣੀ ਇਸ ਫਿਲਮ ਦੇ ਪਹਿਲੇ ਸ਼ੋਅ ਸਮੇਂ ਇਸ ਦਾ ਪਰਦਾ ਉਠਣ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੀਆਂ ਫਿਲਮਾਂ ਦੀ ਸਮਾਜਵਾਦੀ ਸੁਰ ਕਾਰਨ ਉਸ ਨੂੰ ਅਮਰੀਕਾ ਨੇ ਜਲਾਵਤਨ ਕਰ ਦਿੱਤਾ ਹੈ। ਇਸ ਕਾਰਨ ਇਸ ਫਿਲਮ ਦੀ ਰਿਲੀਜ਼ ਤੋਂ ਬਾਅਦ ਉਸ ਨੂੰ ਬਦਲੇ ਹਾਲਾਤ ਕਾਰਨ ਸਵਿੱਟਜ਼ਰਲੈਂਡ ਲਈ ਰਵਾਨਾ ਹੋਣਾ ਪਿਆ।
ਇਸ ਫਿਲਮ ਬਾਰੇ ਦੂਜੀ ਮਹਤੱਵਪੂਰਨ ਗੱਲ ਇਹ ਹੋਈ ਕਿ ਜਦੋਂ ਹੀ ਉਸ ਦੀ ਜਲਾਵਤਨੀ ਦਾ ਫੈਸਲਾ ਅਮਰੀਕੀ ਲੋਕਾਂ ਤੱਕ ਪਹੁੰਚਿਆ, ਉਸ ਦੀ ਫਿਲਮ ਦੇ ਡਿਸਟ੍ਰੀਬਿਊਟਰਾਂ ਅਤੇ ਸਿਨੇਮਾ ਮਾਲਕਾਂ ਨੇ ਫਿਲਮ ਨੂੰ ਸਿਨੇਮਿਆਂ ਵਿਚ ਲਗਾਉਣ ਤੋਂ ਇਨਕਾਰ ਕਰ ਦਿੱਤਾ। ਫਿਲਮ ਰਾਤੋ-ਰਾਤ ਬਕਸਿਆਂ ਵਿਚ ਬੰਦ ਹੋ ਗਈ। ਅਜੀਬ ਗੱਲ ਇਹ ਵੀ ਸੀ ਕਿ ਇਸ ਫਿਲਮ ਦੀ ਕਹਾਣੀ ਵੀ ਅਸਲ ਵਿਚ ਅਸਫਲ ਹੀਰੋ ਅਤੇ ਅਸਫਲ ਬੈਲੇ ਡਾਂਸਰ ਦੀ ਹੈ ਜਿਸ ਵਿਚ ਉਹ ਲਗਭਗ ਆਪਣੀ ਜ਼ਿੰਦਗੀ ਤੇ ਕੈਰੀਅਰ ਦੀਆਂ ਸਭ ਤੋਂ ਨੀਵੀਆਂ ਖਾਈਆਂ ਵਿਚੋਂ ਲੰਘ ਰਹੇ ਹਨ। ਇਸ ਤਰ੍ਹਾਂ ਇਸ ਫਿਲਮ ਦਾ ਸਫਰ ਹੀ ਆਪਣੇ ਆਪ ਵਿਚ ਬਹੁਤ ਅਨੋਖਾ ਅਤੇ ਦਿਲਚਸਪ ਹੈ।
ਇਹ ਫਿਲਮ ਚਾਰਲੀ ਚੈਪਲਿਨ ਦੇ ਦਿਲ ਦੇ ਇਸ ਲਈ ਵੀ ਨੇੜੇ ਹੈ ਕਿਉਂਕਿ ਇਸ ਵਿਚ ਉਸ ਦੇ ਘੱਟੋ-ਘੱਟ ਪੰਜ ਪਰਿਵਾਰਕ ਜੀਆਂ ਨੇ ਅਦਾਕਾਰੀ ਕੀਤੀ ਤੇ ਪਰਿਵਾਰ ਦੇ ਕਈ ਹੋਰ ਜੀਆਂ ਨੇ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ। ਫਿਲਮ ਦੀ ਕਹਾਣੀ ਵੀ ਲੀਹ ਤੋਂ ਹਟ ਕੇ ਹੈ। ਇਸ ਨੂੰ ਦੇਖਦਿਆਂ ਅਤੇ ਇਸ ਵਿਚ ਸ਼ਾਮਿਲ ਲੰਮੀਆਂ ਗੱਲਾਂ-ਬਾਤਾਂ ਨੂੰ ਸਮਝਦਿਆਂ ਹੈਰਾਨੀ ਹੁੰਦੀ ਹੈ ਕਿ ਇੰਨਾ ਸਮਾਂ ‘ਮੂਕ` ਫਿਲਮਾਂ ‘ਤੇ ਰਾਜ਼ ਕਰਨ ਵਾਲੇ ਚਾਰਲੀ ਚੈਪਲਿਨ ਦੇ ਦਿਲ ਵਿਚ ਦੁਨੀਆ ਨੂੰ ਦੱਸਣ ਅਤੇ ਸੁਣਾਉਣ ਲਈ ਇੰਨਾ ਕੁਝ ਕਿਵੇਂ ਬਚਿਆ ਪਿਆ ਸੀ!
ਇਹ ਫਿਲਮ ਹਰ ਪੱਧਰ ‘ਤੇ ਚਾਰਲੀ ਚੈਪਲਿਨ ਦੀ ਸੰਜੀਦਗੀ ਅਤੇ ਬੌਧਿਕਤਾ ਉਪਰ ਮੋਹਰ ਲਗਾਉਂਦੀ ਹੈ। ਜਿਉਂ-ਜਿਉਂ ਫਿਲਮ ਦੀ ਕਹਾਣੀ ਅੱਗੇ ਵਧਦੀ ਹੈ, ਦਰਸ਼ਕਾਂ ਦੀਆਂ ਨਜ਼ਰਾਂ ਵਿਚ ਉਸ ਦਾ ਮਸਖਰੇ ਤੇ ਕਾਮੇਡੀ-ਕਿੰਗ ਵਾਲਾ ਬਿੰਬ ਟੁੱਟਦਾ ਜਾਂਦਾ ਹੈ ਅਤੇ ਉਸ ਬਾਰੇ ਨਵੇਂ ਸਿਰਿਉਂ ਸੋਚਣ ਦੀ ਸੁਰ ਉਚੀ ਹੁੰਦੀ ਜਾਂਦੀ ਹੈ। ਉਸ ਅਨੁਸਾਰ, ਇਸ ਫਿਲਮ ਦਾ ਨਿਰਮਾਣ ਉਹਦੇ ਲਈ ਉਹਦੀ ਆਪਣੀ ਸਫਲਤਾ ਅਤੇ ਕਮੀਆਂ ਬਾਰੇ ਵਿਹਾਰਕ ਤੇ ਸੰਵੇਦਨਸ਼ੀਲ ਖੁਦ ਨਾਲ ਸੰਵਾਦ ਕਰਨ ਵਾਂਗ ਸੀ। ਲਾਈਮਲਾਈਟ ਦਾ ਫੇਡ ਹੋਣਾ ਜ਼ਿੰਦਗੀ ਦੀ ਲਗਾਤਾਰਤਾ ਦਾ ਅਹਿਮ ਹਿੱਸਾ ਹੈ। ਇਸ ਤੋਂ ਮੁਨਕਰ ਹੋਣਾ ਸੰਭਵ ਹੀ ਨਹੀਂ। ਅਸਲ ਮਸਲਾ ਤੁਹਾਡਾ ਆਪਣੇ ਆਪ ਅਤੇ ਆਪਣੇ ਕੰਮ ਪ੍ਰਤੀ ਸਮਰਪਿਤ ਹੋਣਾ ਹੈ। ਇਹੀ ਇਕਲੌਤਾ ਸੱਚ ਇਤਿਹਾਸ ਵਿਚ ਕਿਸੇ ਵੀ ਕਲਾਕਾਰ ਜਾਂ ਆਮ ਬੰਦੇ ਦੀ ਜਗ੍ਹਾ ਤੈਅ ਕਰਦਾ ਹੈ।
ਇਸ ਫਿਲਮ ਦੀ ਕਹਾਣੀ ਅਤੇ ਇਸ ਦੇ ਕੇਂਦਰੀ ਨੁਕਤਿਆਂ ਬਾਰੇ ਗੱਲ ਕਰਨੀ ਜ਼ਰੂਰੀ ਹੈ। ਇਸ ਫਿਲਮ ਰਾਹੀਂ ਚਾਰਲੀ ਚੈਪਲਿਨ ਦੁਨੀਆ ਵਿਚ ਸਫਲ ਜਾਂ ਅਸਫਲ ਹੋਣ, ਆਪਣੀ ਜ਼ਿੰਦਗੀ ਦੇ ਸੁਫਨਿਆਂ ਦੀ ਪ੍ਰਾਪਤੀ ਅਤੇ ਆਪਣੀ ਕਲਾ ਨੂੰ ਸਵੀਕਾਰਨ ਬਾਰੇ ਚੀਰ-ਫਾੜ ਕਰਦਾ ਹੈ। ਉਸ ਦਾ ਮੰਨਣਾ ਹੈ ਕਿ ਜ਼ਿੰਦਗੀ ਦਾ ਅੰਤਿਮ ਸੱਚ ਇਸ ਨੂੰ ਜਿਊਣਾ ਹੈ, ਇਸ ਦੀਆਂ ਮੁਸ਼ਕਿਲਾਂ ਤੇ ਸੰਘਰਸ਼ਾਂ ਵਿਚੋਂ ਸਾਬਤ-ਸਬੂਤੇ ਨਿਕਲਣਾ ਹੈ। ਜ਼ਿੰਦਗੀ ਦੀ ਤੋਰ ਇੰਨੀ ਲਗਾਤਾਰ ਅਤੇ ਬੇਰੋਕ ਹੈ ਕਿ ਉਸ ਵਿਚ ਬੰਦੇ ਦੀ ਹੋਂਦ ਕਿਣਕਾ ਮਾਤਰ ਹੈ। ਅਸੀਂ ਕਿੱਥੋਂ ਆਏ ਹਾਂ? ਇੱਥੇ ਕੀ ਕਰ ਰਹੇ ਹਾਂ? ਅਸੀਂ ਅੱਗੇ ਕਿੱਥੇ ਜਾਣਾ ਹੈ? ਇਨ੍ਹਾਂ ਸਾਰੇ ਸਵਾਲਾਂ ਦਰਮਿਆਨ ਸਾਡੀ ਹੋਂਦ ਲਗਾਤਾਰ ਦੂਜਿਆਂ ਨਾਲ ਵੱਖ-ਵੱਖ ਪੱਧਰਾਂ ‘ਤੇ ਟਕਰਾ ਰਹੀ ਹੈ। ਉਨ੍ਹਾਂ ਦਾ ਨਜ਼ਰੀਆਂ ਸਾਨੂੰ ਕਿਵੇਂ ਘੜਦਾ ਹੈ? ਇਸ ਘਾੜਤ ਵਿਚੋਂ ਅਸੀਂ ਕਿੰਨੇ ਖਾਲਸ ਜਾਂ ਖਰੇ ਹੋ ਕੇ ਨਿੱਤਰਦੇ ਹਾਂ, ਇਹ ਨੁਕਤਾ ਮਨੁੱਖੀ ਹੋਂਦ ਨਾਲ ਜੁੜਿਆ ਹੋਇਆ ਹੈ।
ਇਸ ਫਿਲਮ ਦਾ ਤਾਣਾ-ਬਾਣਾ ਪ੍ਰੇਮ ਕਹਾਣੀ ਦੇ ਇਰਦ-ਗਿਰਦ ਬੁਣਿਆ ਗਿਆ ਹੈ ਪਰ ਇਹ ਕਹਾਣੀ ਸਾਧਾਰਨ ਨਹੀਂ। ਇਸ ਵਿਚ ਬਹੁਤ ਕੁਝ ਅਜਿਹਾ ਹੈ ਜੋ ਅਸਹਿਜ ਕਰਦਾ ਹੈ, ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਮਜ਼ਬੂਰ ਕਰਦਾ ਹੈ। ਫਿਲਮ ਦੀ ਸੁਰ ਇਹੀ ਹੈ ਕਿ ਬਹੁਤ ਜ਼ਿਆਦਾ ਔਖੀਆਂ ਘੜੀਆਂ ਵੀ ਆਖਰਕਾਰ ਗੁਜ਼ਰ ਜਾਂਦੀਆਂ ਹਨ। ਬੱਸ, ਆਪਣਾ ਸਿਦਕ ਤੇ ਇਮਾਨ ਜ਼ਿੰਦਾ ਰੱਖਣਾ ਜ਼ਰੂਰੀ ਹੈ। ਇਸ ਫਿਲਮ ਨਾਲ ਜੁੜਿਆ ਸਭ ਤੋਂ ਮਹੱਤਵਪੂਰਨ ਕਿੱਸਾ ਚਾਰਲੀ ਚੈਪਲਿਨ ਦੇ ਸਮਕਾਲੀ ਅਤੇ ਬਰਾਬਰ ਦੇ ਕਲਾਕਾਰ ਬਸਟਨ ਕੀਟਨ ਦੇ ਇਸ ਫਿਲਮ ਵਿਚ ਰੋਲ ਕਰਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੋਵਾਂ ਦੀ ਪੇਸ਼ੇਵਰ ਦੁਸ਼ਮਣੀ ਅਤੇ ਮੁਕਾਬਲੇ ਬਾਰੇ ਸਾਰਾ ਹਾਲੀਵੁੱਡ ਜਾਣੂ ਸੀ। ਇਸ ਫਿਲਮ ਦੇ ਨਿਰਮਾਣ ਦੌਰਾਨ ਇੱਕ ਦਿਨ ਚਾਰਲੀ ਚੈਪਲਿਨ ਕੋਲ ਉਸ ਦਾ ਨਾਮ ਸਹਾਇਕ ਅਦਾਕਾਰ ਵਜੋਂ ਵਿਚਾਰਨ ਲਈ ਆਇਆ। ਉਹ ਇਸ ਨਾਮ ਨੂੰ ਸੁਣ ਕੇ ਦੰਗ ਰਹਿ ਗਿਆ। ਬਾਅਦ ਵਿਚ ਚਾਰਲੀ ਚੈਪਲਿਨ ਦੇ ਮੁੰਡੇ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਕਿਵੇਂ ਚਾਰਲੀ ਨੇ ਨਾ ਸਿਰਫ ਆਪਣਾ ਰੋਲ ਕੱਟ ਕੇ ਉਸ ਦੀ ਭੂਮਿਕਾ ਨੂੰ ਲੰਮੀ ਕੀਤਾ ਬਲਿਕ ਉਸ ਨੇ ਗੱਲਾਂ-ਗੱਲਾਂ ਵਿਚ ਮਜ਼ਾਕੀਆਂ ਢੰਗ ਨਾਲ ਉਸ ਨੂੰ ਆਪਣੇ ਹਿੱਸੇ ਆਪਣੇ ਢੰਗ ਨਾਲ ਲਿਖਣ, ਕਰਨ ਅਤੇ ਨਿਰਦੇਸ਼ਤ ਕਰਨ ਲਈ ਵੀ ਆਜ਼ਾਦ ਕਰ ਦਿੱਤਾ। ਇੱਕ ਕਲਾਕਾਰ ਦੀ ਇਸ ਤੋਂ ਵੱਧ ਮਹਾਨਤਾ ਹੋਰ ਕੀ ਹੋ ਸਕਦੀ ਹੈ?
ਇਹ ਪਹਿਲੀ ਅਤੇ ਆਖਰੀ ਫਿਲਮ ਸੀ ਜਿਸ ਵਿਚ ਸਿਨੇਮਾ ਦੇ ਇਤਿਹਾਸ ਵਿਚ ਮੂਕ ਫਿਲਮਾਂ ਦੇ ਦੋ ਮਹਾਂਰਥੀ ਇਕੱਠੇ ਸਨ ਤੇ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਸੁੰਨ ਕਰ ਦਿੱਤਾ। ਇਸ ਫਿਲਮ ਦੀ ਕਹਾਣੀ ਮੁਤਾਬਿਕ ਚਾਰਲੀ ਚੈਪਲਿਨ ਦਾ ਕਿਰਦਾਰ ਨੌਜਵਾਨ ਬੈਲੇ ਡਾਂਸਰ ਨੂੰ ਮੁੜ ਤੋਂ ਜਿਊਣ ਦੀ ਪ੍ਰੇਰਨਾ ਦਿੰਦਾ ਹੈ, ਫਿਲਮ ਤੋਂ ਬਾਹਰ ਉਹ ਆਪਣੇ ਸਮਕਾਲੀ ਅਤੇ ਜ਼ਿੰਦਗੀ ਭਰ ਉਸ ਨਾਲ ਸਖਤ ਮੁਕਾਬਲੇ ਵਿਚ ਰਹੇ ਬਸਟਨ ਕੀਟਨ ਨੂੰ ਫਿਰ ਤੋਂ ਨਵਿਆ ਦਿੰਦਾ ਹੈ। ਇਹ ਕਲਾ ਦੀ ਹੀ ਸਾਰਥਿਕਤਾ ਹੋ ਸਕਦੀ ਹੈ। ਇਹੀ ਜ਼ਿੰਦਗੀ ਦਾ ਕੁੱਲ ਸਰਮਾਇਆ ਹੋ ਨਿਬੜਦਾ ਹੈ।