ਗਾਇਕ ਰਾਹਤ ਫਤਹਿ ਅਲੀ ਖਾਨ ਦੇ ਗੀਤ ‘ਜ਼ਰੂਰੀ ਥਾ’ ਨੂੰ ਯੂਟਿਊਬ ਉਤੇ ਇੱਕ ਅਰਬ ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਇਹ ਗਾਣਾ ਛੇ ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਅਤੇ ਇਹ ਅਦਾਕਾਰਾ ਗੌਹਰ ਖਾਨ ਅਤੇ ਅਦਾਕਾਰ ਕੁਸ਼ਾਲ ਟੰਡਨ ‘ਤੇ ਫਿਲਮਾਇਆ ਗਿਆ ਸੀ ਜਿਨ੍ਹਾਂ ਨੇ ਮਸ਼ਹੂਰ ਰਿਐਲਟੀ ਸ਼ੋਅ ‘ਬਿੱਗ ਬੌਸ 7’ ਵਿਚ ਆਪਣੀ ਪੇਸ਼ਕਾਰੀ ਮਗਰੋਂ ਕਾਫੀ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਅਤੇ ਅਸਲ ਜਿ਼ੰਦਗੀ ਵਿਚ ਵੀ ਇਕ-ਦੂਜੇ ਦੇ ਨੇੜੇ ਆ ਗਏ ਸਨ। ਇਹ ਗਾਣਾ ਸੰਗੀਤ ਐਲਬਮ ‘ਬੈਕ 2 ਲਵ’ ਦਾ ਹਿੱਸਾ ਸੀ ਜੋ ਜੂਨ 2014 ਵਿਚ ਸੰਸਾਰ ਪੱਧਰ ‘ਤੇ ਰਿਲੀਜ਼ ਹੋਈ ਸੀ ਅਤੇ ਉਸ ਵਕਤ ਵੀ ਇਸ ਨੂੰ ਭਰਵਾਂ ਹੁੰਗਾਰਾ ਸੀ। ਨਾਲ ਹੀ ਇਸ ਅਦਾਕਾਰ ਜੋੜੀ ਦੀ ਚਰਚਾ ਹਰ ਗਲੀ, ਹਰ ਕੂਚੇ ਅੰਦਰ ਹੋਈ ਸੀ।
‘ਯੂਟਿਊਬ ‘ਤੇ ਇਸ ਗਾਣੇ ਨੂੰ ਇੱਕ ਅਰਬ ਲੋਕਾਂ ਵੱਲੋਂ ਦੇਖੇ ਜਾਣ ‘ਤੇ ਰਾਹਤ ਫਤਹਿ ਅਲੀ ਖਾਨ ਬੇਹੱਦ ਖੁਸ਼ ਹੈ। ਇਸ ਪ੍ਰਾਂਪਤੀ ਲਈ ਉਨ੍ਹਾਂ ਨੇ ਗੀਤ ਦੀ ਤਿਆਰੀ ਵਿਚ ਸ਼ਾਮਲ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਟੀਮ ਵਿਚ ਗੀਤਕਾਰ ਖਲੀਲ-ਉਰ-ਰਹਿਮਾਨ ਕਮਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਗੀਤ ਨੂੰ ਖੂਬਸੂਰਤ ਬਣਾਉਣ ਅਤੇ ਹਿੱਟ ਕਰਨ ਦਾ ਕੰਮ ਕੀਤਾ ਹੈ। ਗੀਤ ਵਿੱਚ ਗੌਹਰ ਖਾਨ ਅਤੇ ਕੁਸ਼ਾਲ ਟੰਡਨ ਦੀ ਸਕਰੀਨ ਕੈਮਿਸਟਰੀ ਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀ।
ਗਾਇਕ ਰਾਹਤ ਅਲੀ ਖਾਨ ਅੱਜ ਸੰਗੀਤ ਦੀ ਦੁਨੀਆ ਦਾ ਵੱਡਾ ਨਾਂ ਹੈ। ਉਸ ਦਾ ਜਨਮ 9 ਦਸੰਬਰ 1974 ਨੂੰ ਕੱਵਾਲਾਂ ਅਤੇ ਕਲਾਸੀਕਲ ਗਾਇਕਾਂ ਦੇ ਇਕ ਪਰਿਵਾਰ ਵਿਚ ਫੈਸਲਾਬਾਦ (ਲਹਿੰਦਾ ਪੰਜਾਬ) ਵਿਚ ਹੋਇਆ। ਉਸ ਦੇ ਅੱਬਾ ਦਾ ਨਾਂ ਫਾਰੁਖ ਫਤਿਹ ਅਲੀ ਖਾਨ ਅਤੇ ਦਾਦੇ ਦਾ ਨਾਂ ਫਤਿਹ ਅਲੀ ਖਾਨ ਹੈ। ਮਿਸਾਲੀ ਕੱਵਾਲੀ ਗਾਇਕ ਨੁਸਰਤ ਫਤਿਹ ਅਲੀ ਖਾਨ ਉਸ ਦਾ ਚਾਚਾ ਸੀ। ਰਾਹਤ ਨੇ ਬਚਪਨ ਵਿਚ ਹੀ ਸੰਗੀਤ ਦੀ ਦੁਨੀਆ ਵਿਚ ਆਪਣਾ ਰੰਗ ਦਿਖਾਉਣਾ ਆਰੰਭ ਕਰ ਦਿੱਤਾ ਸੀ। ਉਹ ਨੌਂ ਵਰ੍ਹਿਆਂ ਦਾ ਸੀ ਜਦੋਂ ਉਹਨੇ ਪਹਿਲੀ ਵਾਰ ਜਨਤਕ ਤੌਰ ‘ਤੇ ਸੁਰਾਂ ਲਾਈਆਂ। ਇਹ ਉਹਦੇ ਦਾਦੇ ਦੀ ਬਰਸੀ ਦਾ ਮੌਕਾ ਸੀ। 15 ਸਾਲ ਦੀ ਉਮਰ ਤੱਕ ਅੱਪੜਦਿਆਂ ਉਹ ਨੁਸਰਤ ਫਤਿਹ ਅਲੀ ਖਾਨ ਦੀ ਟੀਮ ਦਾ ਸਰਕਰਦਾ ਮੈਂਬਰ ਬਣ ਗਿਆ ਅਤੇ ਫਿਰ ਤਾਂ ਚੱਲ ਸੋ ਚੱਲ, ਉਹ ਸੰਗੀਤ ਦੀ ਦੁਨੀਆ ਦੇ ਪੌਡੇ ਚੜ੍ਹਦਾ ਗਿਆ।
-ਆਮਨਾ ਕੌਰ