ਟਰੰਪ ਭਗਤਾਂ ਨੇ ਅਮਰੀਕੀ ਜਮਹੂਰੀਅਤ ਨੂੰ ਸ਼ਰਮਿੰਦਾ ਕੀਤਾ

ਅੱਬਾਸ ਧਾਲੀਵਾਲ, ਮਲੇਰਕੋਟਲਾ
ਫੋਨ: 91-98552-59650
ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਨੇ ਤੇ ਫਿਰ ਜਿਵੇਂ ਜਿਵੇਂ ਅਮਰੀਕਨ ਲੋਕਾਂ ਦਾ ਵੋਟਾਂ ਰਾਹੀਂ ਦਿੱਤਾ ਫਤਵਾ ਰਾਸ਼ਟਰਪਤੀ ਟਰੰਪ ਦੇ ਵਿਰੁੱਧ ਆਉਣ ਲੱਗਿਆ, ਤਿਵੇਂ ਤਿਵੇਂ ਉਹ ਆਪਣੀ ਹਾਰ ਸਵੀਕਾਰ ਕਰਨ ਦੀ ਥਾਂ ਆਪਣੇ ਬਿਆਨਾਂ ਵਿਚ ਇਹੋ ਕਹਿੰਦੇ ਰਹੇ ਕਿ ਵੋਟਿੰਗ ਵਿਚ ਵੱਡੇ ਪੱਧਰ `ਤੇ ਧਾਂਦਲੀਆਂ ਹੋਈਆਂ ਹਨ। ਕਈ ਦਿਨਾਂ ਤੱਕ ਚੱਲੀ ਵੋਟਾਂ ਦੀ ਗਿਣਤੀ ਵਿਚ ਆਖਰਕਾਰ ਜੋਅ ਬਾਇਡਨ, ਟਰੰਪ ਨੂੰ ਪਟਖਨੀ ਦਿੰਦਿਆਂ ਜਿੱਤ ਹਾਸਲ ਕਰਨ `ਚ ਸਫਲ ਹੋ ਗਏ, ਪਰ ਇਸ ਉਪਰੰਤ ਧਾਂਦਲੀਆਂ ਨੂੰ ਲੈ ਕੇ ਟਰੰਪ ਦੁਆਰਾ ਅਮਰੀਕਾ ਦੀਆਂ ਅਦਾਲਤਾਂ ਵਿਚ ਪਾਈਆਂ ਸ਼ਿਕਾਇਤਾਂ ਨੂੰ ਵੀ ਨਿਰਾਧਾਰ ਕਰਾਰ ਦਿੱਤਾ ਗਿਆ।

ਇਸ ਸਭ ਕਾਸੇ ਦੇ ਬਾਵਜੂਦ ਟਰੰਪ ਆਪਣੀ ਹਿੰਡ ਛੱਡਣ ਤਿਆਰ ਨਹੀਂ ਸਨ ਅਤੇ ਉਹ ਲਗਾਤਾਰ ਇਹੋ ਰਾਗ ਅਲਾਪਦੇ ਰਹੇ ਕਿ ਉਹ ਹਾਰੇ ਨਹੀਂ ਹਨ। ਟਰੰਪ ਦੀ ਆਪਣੀ ਹਾਰ ਨਾ ਮੰਨਣ ਵਾਲੀ ਰੱਟ ਦੇ ਚਲਦਿਆਂ ਮਾਹਿਰਾਂ ਦੁਆਰਾ ਇਹ ਖਦਸ਼ੇ ਜਾਹਰ ਕੀਤੇ ਜਾ ਰਹੇ ਸਨ ਕਿ ਟਰੰਪ ਇੰਨੀ ਆਸਾਨੀ ਨਾਲ ਆਪਣਾ ਅਹੁਦਾ ਨਹੀਂ ਛੱਡਣਗੇ, ਜਿਸ ਦੇ ਨਤੀਜੇ ਵਜੋਂ ਆਉਣ ਵਾਲੇ ਸਮੇਂ ਵਿਚ ਟਰੰਪ ਦੇ ਸਮਰਥਕ ਕੋਈ ਵੀ ਵਿਸਫੋਟ ਸਥਿਤੀ ਪੈਦਾ ਕਰ ਸਕਦੇ ਹਨ। ਪਿਛਲੇ ਬੁੱਧਵਾਰ ਜੋ ਅਮਰੀਕਾ ਵਿਚ ਹੋਇਆ, ਉਸ ਨੇ ਉਨ੍ਹਾਂ ਤਮਾਮ ਖਦਸ਼ਿਆਂ ਨੂੰ ਜਿਵੇਂ ਸੁਰਜੀਤ ਕਰ ਦਿੱਤਾ, ਜੋ ਪਿਛਲੇ ਕਈ ਹਫਤਿਆਂ ਤੋਂ ਮਾਹਿਰਾਂ ਦੁਆਰਾ ਲਾਏ ਜਾ ਰਹੇ ਸਨ।
ਭਾਵੇਂ ਬੀਤੇ ਦਿਨੀਂ ਅਮਰੀਕੀ ਕਾਂਗਰਸ ਨੇ ਤਿੰਨ ਨਵੰਬਰ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਡੈਮੋਕਰੈਟ ਆਗੂ ਜੋਅ ਬਾਇਡਨ ਨੂੰ ਰਾਸ਼ਟਰਪਤੀ ਮੰਨਣ ਦੇ ਫੈਸਲੇ ’ਤੇ ਮੋਹਰ ਲਾ ਦਿੱਤੀ, ਪਰ ਇਸ ਤੋਂ ਪਹਿਲਾਂ ਕੈਪੀਟਲ ਬਿਲਡਿੰਗ ਵਿਚ ਟਰੰਪ ਸਮਰਥਕਾਂ ਨੇ ਜੋ ਖੜਦੁੰਮ ਮਚਾਇਆ, ਯਕੀਨਨ ਉਸ ਨੇ ਅਮਰੀਕੀ ਜਮਹੂਰੀਅਤ ਦੀ ਪੂਰੀ ਦੁਨੀਆਂ ਵਿਚ ਖਿੱਲੀ ਉਡਾ ਕੇ ਰੱਖ ਦਿੱਤੀ।
ਬੇਸ਼ੱਕ ਕਾਂਗਰਸ ਦੀ ਉਕਤ ਸਾਂਝੇ ਸਦਨ ਵਾਲੀ ਮੀਟਿੰਗ ਵਿਚ ਬਾਇਡਨ ਦਾ ਬਤੌਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ 20 ਜਨਵਰੀ ਨੂੰ ਹਲਫ ਲੈ ਕੇ ਆਪਣੇ ਅਹੁਦਾ ਨੂੰ ਸੰਭਾਲਣ ਦਾ ਰਾਹ ਪੱਧਰਾ ਹੋ ਗਿਆ ਹੈ। ਮੀਟਿੰਗ ਦੌਰਾਨ ਬਾਇਡਨ ਦੇ ਨਾਲ-ਨਾਲ ਕਮਲਾ ਹੈਰਿਸ ਦੀ ਉਪ-ਰਾਸ਼ਟਰਪਤੀ ਵਜੋਂ ਪ੍ਰੋੜ੍ਹਤਾ ਕਰ ਦਿੱਤੀ ਗਈ। ਹੁਣ ਉਹ ਵੀ 20 ਜਨਵਰੀ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਪੂਰੀ ਦੁਨੀਆਂ ਵਿਚ ਹੂ ਤੂ ਤੂ ਹੋਣ ਤੋਂ ਬਾਅਦ ਅਤੇ ਕਾਂਗਰਸ ਦੇ ਉਕਤ ਫੈਸਲੇ ਤੋਂ ਬਾਅਦ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਂਜ ਤਾਂ ਉਹ ਚੋਣ ਨਤੀਜਿਆਂ ਨੂੰ ਨਹੀਂ ਮੰਨਦੇ, ਪਰ ਨਿਯਮਾਂ ਮੁਤਾਬਕ ਉਹ 20 ਜਨਵਰੀ ਨੂੰ ਪੁਰਅਮਨ ਢੰਗ ਨਾਲ ਇਸ ਅਹੁਦੇ ਨੂੰ ਛੱਡ ਦੇਣਗੇ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੈਪੀਟਲ ਬਿਲਡਿੰਗ ਵਿਖੇ ਪੂਰੀ ਦੁਨੀਆਂ ਨੂੰ ਟਰੰਪ ਹਮਾਇਤੀਆਂ ਦਾ ਇਕ ਹਾਈਪਰੋਫਾਈਲ ਡਰਾਮਾ ਵੇਖਣ ਨੂੰ ਮਿਲਿਆ। ਜਦੋਂ ਟਰੰਪ ਸਮਰੱਥਕਾਂ ਨੇ ਕੈਪੀਟਲ ਬਿਲਡਿੰਗ ਉਤੇ ਧਾਵਾ ਬੋਲ ਦਿੱਤਾ। ਉਥੇ ਗੋਲੀ ਚੱਲਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਤੇ ਝੜਪਾਂ ਦੌਰਾਨ ਤਿੰਨ ਹੋਰ ਜਖਮੀ ਹੋ ਗਏ, ਜਿਨ੍ਹਾਂ ਦੀ ਬਾਅਦ ਵਿਚ ਮੈਡੀਕਲ ਐਮਰਜੈਂਸੀ ਦੌਰਾਨ ਮੌਤ ਹੋ ਗਈ।
ਉਕਤ ਧਾਵਾ ਬੋਲਣ ਵਾਲੇ ਘਟਨਾਕ੍ਰਮ ਤੋਂ ਬਾਅਦ ਇਕ ਵਾਰ ਤਾਂ ਅਮਰੀਕਾ ਦੇ ਨਾਲ ਨਾਲ ਪੂਰੀ ਦੁਨੀਆਂ ਹੈਰਾਨ ਪ੍ਰੇਸ਼ਾਨ ਹੋ ਗਈ। ਘਟਨਾ ਉਪਰੰਤ ਟਰੰਪ ਦੇ ਹੀ ਕਈ ਸਾਥੀਆਂ ਨੇ ਉਸ ਦੇ ਰਵੱਈਏ `ਤੇ ਇਤਰਾਜ਼ ਕੀਤੇ, ਜਦੋਂ ਕਿ ਰਿਪਬਲੀਕਨ ਪਾਰਟੀ ਦੇ ਕਈ ਸੰਸਦ ਮੈਂਬਰ ਵੀ ਉਨ੍ਹਾਂ ਦੇ ਖਿਲਾਫ ਹੋ ਗਏ ਤੇ ਉਨ੍ਹਾਂ ’ਤੇ ਮਹਾਂਦੋਸ਼ ਚਲਾਉਣ ਦੀ ਮੰਗ ਕਰਨ ਲੱਗੇ। ਇਸ ਦੇ ਇਲਾਵਾ ਟਰੰਪ ਨਾਲ ਜੁੜੇ ਕਈ ਅਫਸਰਾਂ ਨੇ ਵੀ ਆਪਣੇ ਅਹੁਦੇ ਛੱਡਣੇ ਸ਼ੁਰੂ ਕਰ ਦਿੱਤੇ। ਇਥੋਂ ਤਕ ਕਿ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦੇ ਚੀਫ ਆਫ ਸਟਾਫ ਸਟੈਫਨੀ ਗ੍ਰਿਸ਼ਮ ਨੇ ਉਕਤ ਘਟਨਾਕ੍ਰਮ ਤੋਂ ਬਾਅਦ ਆਪਣਾ ਅਸਤੀਫਾ ਦੇ ਦਿੱਤਾ।
ਉਧਰ ਉਪ-ਰਾਸ਼ਟਰਪਤੀ ਮਾਈਕ ਪੈਂਸ ਵੀ ਟਰੰਪ ਦਾ ਸਾਥ ਛੱਡ ਗਏ ਤੇ ਉਨ੍ਹਾਂ ਕਿਹਾ ਕਿ ਲੋਕਾਂ ਦੇ ਫਤਵੇ ਦੀ ਬੇਅਦਬੀ ਨਹੀਂ ਕੀਤੀ ਜਾ ਸਕਦੀ।
ਜਦੋਂ ਕਿ ਅਮਰੀਕਾ ਦੇ ਨਵੇਂ ਬਣਨ ਵਾਲੇ ਵਾਲੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਹਮਲੇ ਨੂੰ ਰਾਜਧ੍ਰੋਹ ਦੱਸਿਆ ਹੈ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ, “ਇਹ ਉਹ ਅਮਰੀਕਾ ਨਹੀਂ, ਜਿਸ ਦੀ ਅਸੀਂ ਕਲਪਨਾ ਕਰਦੇ ਹਾਂ।”
ਇਥੇ ਜਿ਼ਕਰਯੋਗ ਹੈ ਕਿ ਕੈਪੀਟਲ ਬਿਲਡਿੰਗ ਵਿਚ ਹੀ ਸੰਸਦ ਦੇ ਦੋਹਾਂ ਸਦਨਾਂ (ਹਾਊਸ ਆਫ ਰਿਪ੍ਰੇਜ਼ੈਨਟੇਟਿਵ ਤੇ ਸੈਨੇਟ) ਦੀ ਸਾਂਝੀ ਮੀਟਿੰਗ ਹੋਣੀ ਸੀ। ਇਸ ਵਿਚ ਟਰੰਪ ਤੇ ਬਾਇਡਨ ਨੂੰ ਮਿਲੀਆਂ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ ਹੋਣੀ ਸੀ। ਟਰੰਪ ਹਮਾਇਤੀ ਉਥੇ ਘੱਟ ਗਿਣਤੀ ਵਿਚ ਤਾਇਨਾਤ ਪੁਲਿਸ ਵਾਲਿਆਂ ਨੂੰ ਝਕਾਨੀ ਦੇ ਕੇ ਅੰਦਰ ਵੜ ਗਏ। ਅਮਰੀਕੀ ਪੁਲਿਸ ਮੁਤਾਬਕ ਹਿੰਸਾ ਵਿਚ ਕਈ ਪੁਲਿਸ ਵਾਲੇ ਜ਼ਖਮੀ ਹੋਏ ਹਨ, ਜਦੋਂ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਆਖਿਰਕਾਰ ਨੈਸ਼ਨਲ ਗਾਰਡਾਂ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਸੰਭਾਲ ਲਿਆ। ਇਸ ਅਫਰਾ-ਤਫਰੀ ਦੇ ਚਲਦਿਆਂ ਵਾਸ਼ਿੰਗਟਨ ਡੀ. ਸੀ. ਦੇ ਮੇਅਰ ਨੂੰ ਕਰਫਿਊ ਲਾ ਕੇ 15 ਦਿਨ ਦੀ ਐਮਰਜੈਂਸੀ ਦਾ ਐਲਾਨ ਕਰਨਾ ਪਿਆ।
ਉਕਤ ਘਟਨਾਕ੍ਰਮ `ਤੇ ਟਿੱਪਣੀ ਕਰਦਿਆਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ, “ਟਰੰਪ ਨੇ ਹਿੰਸਾ ਭੜਕਾਈ ਅਤੇ ਇਹ ਦੇਸ਼ ਲਈ ਬੇਹੱਦ ਅਪਮਾਨ ਤੇ ਸ਼ਰਮਿੰਦਗੀ ਦੇ ਪਲ ਹਨ।”
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, “ਹਿੰਸਾ ਲੋਕਾਂ ਦੀ ਇੱਛਾ ’ਤੇ ਕਦੇ ਵੀ ਭਾਰੀ ਨਹੀਂ ਪੈ ਸਕਦੀ। ਅਮਰੀਕਾ ਵਿਚ ਜਮਹੂਰੀਅਤ ਦੀ ਜਿੱਤ ਹੋਵੇਗੀ।” ਇਸ ਸੰਦਰਭ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਇਕ ਟਵੀਟ `ਚ ਕਿਹਾ, “ਵਾਸ਼ਿੰਗਟਨ ਵਿਚ ਦੰਗੇ ਤੇ ਹਿੰਸਾ ਦੀਆਂ ਤਸਵੀਰਾਂ ਦੇਖ ਕੇ ਚਿੰਤਾ ਹੋਈ। ਪੁਰਅਮਨ ਢੰਗ ਨਾਲ ਸੱਤਾ ਤਬਦੀਲੀ ਹੋਣੀ ਚਾਹੀਦੀ ਹੈ। ਗੈਰ-ਕਾਨੂੰਨੀ ਮੁਜਾਹਰਿਆਂ ਦੀ ਤਾਕਤ ਨਾਲ ਜਮਹੂਰੀ ਅਮਲਾਂ ਨੂੰ ਤਬਾਹ ਨਹੀਂ ਹੋਣ ਦਿੱਤਾ ਜਾ ਸਕਦਾ।”
ਉਧਰ ਅਮਰੀਕਾ ਦੇ ਕੱਟੜ ਵਿਰੋਧੀ ਚੀਨ ਦੇ ਦਲ ਚੀਨੀ ਕਮਿਊਨਿਸਟ ਪਾਰਟੀ ਦੇ ਨਜ਼ਦੀਕੀ ਸਮਝੇ ਜਾਂਦੇ ਅਖਬਾਰ ‘ਗਲੋਬਲ ਟਾਈਮਜ਼’ ਨੇ ਅਮਰੀਕੀ ਸੰਸਦ `ਚ ਵਾਪਰੀਆਂ ਉਕਤ ਹਿੰਸਕ ਘਟਨਾਵਾਂ ਦਾ ਮਜਾਕ ਉਡਾਇਆ ਅਤੇ ਇਸ ਸੰਦਰਭ ਵਿਚ ਅਖਬਾਰ ਨੇ ਪਹਿਲਾਂ ਸਟੈਚੂ ਆਫ ਲਿਬਰਟੀ ਦਾ ਮਜਾਕ ਉਡਾਇਆ ਤੇ ਫਿਰ ਸਪੀਕਰ ਨੈਂਸੀ ਪੈਲੋਸੀ `ਤੇ ਵਿਅੰਗ ਕੱਸਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਹਾਂਗਕਾਂਗ ਵਿਚ ਚੀਨੀ ਹਾਕਮਾਂ ਵਿਰੁੱਧ ਹੋਏ ਪ੍ਰਦਰਸ਼ਨਾਂ ਦੌਰਾਨ ਅਸੈਂਬਲੀ ਦੀ ਇਮਾਰਤ ਵਿਚ ਹੰਗਾਮੇ ਨੂੰ ਨੈਂਸੀ ਪੈਲੋਸੀ ਨੇ ਖੂਬਸੂਰਤ ਨਜ਼ਾਰੇ ਕਰਾਰ ਦਿੱਤਾ ਸੀ। ਅਖਬਾਰ ਨੇ ਅੱਗੇ ਕਿਹਾ ਹੈ ਕਿ ਹੁਣ ਵੇਖਣਾ ਹੋਵੇਗਾ, ਕੀ ਪੈਲੋਸੀ ਕੈਪੀਟਲ ਬਿਲਡਿੰਗ ਦੀ ਹਿੰਸਾ ਨੂੰ ਵੀ ਖੂਬਸੂਰਤ ਨਜ਼ਾਰਾ ਕਰਾਰ ਦੇਵੇਗੀ?
ਕੁਲ ਮਿਲਾ ਕੇ ਪਿਛਲੇ ਦਿਨੀਂ ਅਮਰੀਕਾ ਦੀ ਕੈਪੀਟਲ ਬਿਲਡਿੰਗ ਵਿਚ ਜੋ ਕੋਹਰਾਮ ਟਰੰਪ ਸਮਰੱਥਕਾਂ ਨੇ ਮਚਾਇਆ, ਭਾਵੇਂ ਉਸ `ਤੇ ਜਲਦੀ ਹੀ ਅਮਰੀਕਾ ਦੇ ਹਿਫਾਜ਼ਤੀ ਦਸਤਿਆਂ ਨੇ ਕਾਬੂ ਪਾ ਲਿਆ, ਪਰ ਇਸ ਘਟਨਾ ਨੇ ਅਮਰੀਕਾ ਦੀ ਲੋਕਤੰਤਰੀ ਛਵੀ `ਤੇ ਜੋ ਦਾਗ ਲਾਏ ਹਨ, ਉਨ੍ਹਾਂ ਨੂੰ ਧੋ ਪਾਉਣਾ ਬੇਹੱਦ ਮੁਸ਼ਕਿਲ ਹੈ। ਇਸ ਦੇ ਨਾਲ ਨਾਲ ਅਮਰੀਕਾ ਦੇ ਲੋਕਾਂ ਵਿਚ, ਵਿਸ਼ੇਸ਼ ਕਰ ਰਿਪਬਲਿਕਨ ਅਤੇ ਡੈਮੋਕਰੈਟਿਕ ਵਰਕਰਾਂ ਤੇ ਹਮਾਇਤੀਆਂ ਵਿਚਕਾਰ ਜੋ ਖਾਈ ਪੈਦਾ ਹੋ ਗਈ ਹੈ, ਉਸ ਨੂੰ ਪੁਰ ਕਰਨਾ ਹਾਲ ਦੀ ਘੜੀ ਬੇਹੱਦ ਮੁਸ਼ਕਿਲ ਜਾਪਦਾ ਹੈ।