ਸਮੇਂ-ਸਮੇਂ ਬਦਲਦੇ ਰਹੇ ਨੇ ਕਲਾਕਾਰਾਂ ਦੀ ਪ੍ਰਸਿੱਧੀ ਦੇ ਮਾਪਦੰਡ

-ਸਵਰਨ ਸਿੰਘ ਟਹਿਣਾ
ਫੋਨ: 91-98141-78883
ਜਦੋਂ ਕੋਠਿਆਂ ‘ਤੇ ਸਪੀਕਰ ਲੱਗਦੇ ਸਨ ਤੇ ਇਕਲੌਤੀ ਵੱਡੀ ਸੰਗੀਤ ਕੰਪਨੀ ‘ਐਚæਐਮæਵੀ’ ਕਲਾਕਾਰ ਨੂੰ ਰਿਕਾਰਡ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਟੁਣਕਾ ਕੇ ਦੇਖਦੀ ਸੀ, ਉਦੋਂ ਤੇ ਅੱਜ ਦੀ ਮਸ਼ਹੂਰੀ ਵਾਲੀ ਪਰਿਭਾਸ਼ਾ ਵਿਚ ਬਹੁਤ ਫ਼ਰਕ ਏ। ਉਦੋਂ ਉਸ ਗਾਇਕ ਨੂੰ ਪ੍ਰਸਿੱਧ ਮੰਨਿਆ ਜਾਂਦਾ, ਜਿਸ ਨੂੰ ਦੇਖਣ ਲਈ ਗੱਡਿਆਂ ‘ਤੇ ਚੜ੍ਹ ਅਖਾੜੇ ਵਾਲੀ ਥਾਂ ਲੋਕ ਅੱਪੜਦੇ। ਕਲਾਕਾਰ ਨਹੀਂ ਸੀ ਜਾਣਦਾ ਕਿ ਉਸ ਦਾ ਰਿਕਾਰਡ ਕਿੰਨਾ ਵਿਕਿਆ, ਉਹ ਇਹ ਵੀ ਨਹੀਂ ਸੀ ਜਾਣਦਾ ਕਿ ਉਸ ਦਾ ਰਿਕਾਰਡ ਤਿਆਰ ਕਰਨ ‘ਤੇ ਖਰਚਾ ਕਿੰਨਾ ਆਇਆ, ਉਹ ਵਿਚਾਰਾ ਸਾਦਾ ਜਿਹਾ ਹੁੰਦਾ ਸੀ ਤੇ ਸੁਣਨ ਵਾਲੇ ਉਸ ਤੋਂ ਵੀ ਸਾਦੇ। ਜਿੰਨਾ ਚਿਰ ਲੋਕ ਦੇਖਣ-ਸੁਣਨ ਆਉਂਦੇ ਰਹਿੰਦੇ, ਕਲਾਕਾਰ ਦੀ ਚੜ੍ਹਤ ਬਣੀ ਰਹਿੰਦੀ।
ਫੇਰ ਕੈਸਿਟ ਦੌਰ ਚੱਲ ਪਿਆ ਤਾਂ ਕਲਾਕਾਰ ਦੀ ਪ੍ਰਸਿੱਧੀ ਦਾ ਮਾਪਦੰਡ ਟਰੈਕਟਰਾਂ ‘ਤੇ ਵੱਜਦੇ ਗਾਣੇ ਬਣ ਗਏ। ਉਹ ਕਲਾਕਾਰ ਪ੍ਰਸਿੱਧ ਮੰਨਿਆ ਜਾਂਦਾ, ਜਿਸ ਦੀ ਨਵੀਂ ਆਈ ਕੈਸਿਟ ਹੱਥੋ-ਹੱਥ ਵਿਕਦੀ ਹੋਵੇ। ਹੱਟੀ, ਭੱਠੀ, ਸੱਥ, ਵਿਆਹ, ਹਰ ਥਾਂ ਜਿਹੜੇ ਕਲਾਕਾਰ ਦੀ ਗੱਲ ਛਿੜੇ, ਉਹ ਪ੍ਰਸਿੱਧ ਮੰਨਿਆ ਜਾਂਦਾ। ਉਦਾਸ ਗੀਤਾਂ ਵਾਲੇ ਸੱਭਿਆਚਾਰਕ ਮੇਲਿਆਂ ਦੇ ‘ਸ਼ਹਿਨਸ਼ਾਹ’ ਅਖਵਾਉਂਦੇ ਤੇ ਭੰਗੜੇ ਵਾਲੇ ਵਿਆਹਾਂ ਦੇ। ਮੇਲਿਆਂ ਦਾ ਰੇਟ ਮਸੀਂ ਇੱਕੀ ਸੌ, ਇਕੱਤੀ ਸੌ ਤੇ ਵਿਆਹਾਂ ਦਾ ਵੀਹ-ਪੱਚੀ ਹਜ਼ਾਰ ਹੁੰਦਾ ਤੇ ਇਹ ਵੀ ਉਨ੍ਹਾਂ ਨੂੰ ਹੀ ਮਿਲਦਾ, ਜਿਨ੍ਹਾਂ ਨੂੰ ਦੇਖਣ ਲਈ ਲੋਕ ਵਹੀਰਾਂ ਘੱਤ ਤੁਰਦੇ।
ਫੇਰ ਕੈਸਿਟ ਦੌਰ ਮੁੱਕਿਆ ਤਾਂ ਸੀæਡੀæ ਦੌਰ ਨੇ ਕਰਵਟ ਲਈ। ਹੁਣ ਉਹ ਕਲਾਕਾਰ ਹਿੱਟ ਮੰਨਿਆ ਜਾਣ ਲੱਗਾ, ਜਿਸਦੀ ਸੀæਡੀ ਅਸਾਨੀ ਨਾਲ ਚਾਲੀ-ਪੰਜਾਹ ਹਜ਼ਾਰ ਵਿਕ ਜਾਵੇ। ਉਹਨੂੰ ਹੋਰ ਜ਼ਿਆਦਾ ਹਿੱਟ ਮੰਨਿਆ ਜਾਣ ਲੱਗਾ, ਜਿਸ ਦੇ ਗਾਣੇ ਫੋਨ ਦੀਆਂ ਰਿੰਗ ਟੋਨਾਂ ਬਣਦੇ ਹੋਣ। ਸੰਗੀਤ ਕੰਪਨੀਆਂ ਦੇ ਫੋਨ ਕੰਪਨੀਆਂ ਨਾਲ ਸਮਝੌਤੇ ਹੋਏ ਤੇ ਰਿੰਗ ਟੋਨ ਬਦਲੇ ਗਾਹਕਾਂ ਤੋਂ ਲਏ ਜਾਣ ਵਾਲੇ ਪੈਸੇ ਦੋਹੇਂ ਧਿਰਾਂ ਨੇ ਅੱਧੇ-ਅੱਧੇ ਵੰਡਣੇ ਸ਼ੁਰੂ ਕੀਤੇ। ਉਸ ਦੌਰ ‘ਚ ਕਈ ਉਨ੍ਹਾਂ ਕਲਾਕਾਰਾਂ ਨੂੰ ਕੰਪਨੀਆਂ ਨੇ ਹਿੱਟ ਮੰਨਿਆ, ਜਿਨ੍ਹਾਂ ਦਾ ਇੱਕ ਇੱਕ ਗਾਣਾ ਲੱਖਾਂ ਲੋਕਾਂ ਨੇ ਰਿੰਗ ਟੋਨ ਵਜੋਂ ਅਪਣਾਇਆ।
ਪਰ ਜਿਹੜਾ ਦੌਰ ਅੱਜ ਚੱਲ ਰਿਹਾ ਹੈ, ਇਹ ਬਿਲਕੁਲ ਨਿਵੇਕਲਾ ਵੀ ਏ ਤੇ ਕਈਆਂ ਦੀ ਸਮਝੋਂ ਪਰ੍ਹੇ ਵੀ। ਅੱਜ ਕਈ ਉਨ੍ਹਾਂ ਕਲਾਕਾਰਾਂ ਨੂੰ ਵੀ ਹਿੱਟ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਦੀ ਆਮ ਪੇਂਡੂ ਸਰੋਤਿਆਂ ਤੱਕ ਸਿੱਧੀ ਪਹੁੰਚ ਨਹੀਂ। ਇਹ ਉਹ ਲੋਕ ਨੇ, ਜਿਨ੍ਹਾਂ ਨੂੰ ਇੰਟਰਨੈਟ ਬਾਰੇ ਗਿਆਨ ਨਹੀਂ। ਕੋਈ ਪਤਾ ਨਹੀਂ ਕਿ ‘ਫੇਸਬੁਕ’, ‘ਟਵਿਟਰ’, ‘ਯੂ ਟਿਊਬ’ ਤੇ ਵੈਬਸਾਈਟਾਂ ਵੀ ਕਲਾਕਾਰਾਂ ਨੂੰ ਮਕਬੂਲ ਕਰਨ ਦਾ ਜ਼ਰੀਆ ਬਣ ਚੁੱਕੀਆਂ ਨੇ। ਜ਼ਾਹਰ ਹੈ, ਪੰਜਾਬ ਦਾ ਇਕ ਵਰਗ ਇਸ ਤਕਨੀਕ ਨਾਲ ਹਾਲੇ ਤੱਕ ਨਹੀਂ ਜੁੜ ਸਕਿਆ, ਕਿਉਂਕਿ ਜ਼ਿੰਦਗੀ ਦੇ ਹੋਰ ਝਮੇਲਿਆਂ ‘ਚੋਂ ਹੀ ਉਨ੍ਹਾਂ ਨੂੰ ਵਿਹਲ ਨਹੀਂ ਮਿਲੀ। ਫੇਰ ਵੀ ਕਾਲਜੀਏਟ ਤੇ ਸ਼ਹਿਰੀ ਵਰਗ ਇਨ੍ਹਾਂ ਸਭ ਗੱਲਾਂ ਬਾਬਤ ਚੰਗੀ ਤਰ੍ਹਾਂ ਜਾਨਣ ਲੱਗਾ ਏ।
ਅੱਜ ਟੈਲੀਵਿਜ਼ਨ ‘ਤੇ ਲਗਾਤਾਰ ਦਿਸਦੇ ਰਹਿਣਾ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ। ਪੰਜਾਬ ਦਾ ਇਕ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੀæਵੀæ ਚੈਨਲ ਤੀਹ ਸੈਕਿੰਡ ਦੇ ਇਕ ਪ੍ਰੋਮੋ ਦਾ ਸਤਾਰਾਂ ਸੌ ਤੋਂ ਵੱਧ ਮੁੱਲ ਵਸੂਲਦਾ ਹੈ, ਦੂਜੇ ਨੰਬਰ ਵਾਲਾ ਤੇਰਾਂ ਸੌ ਤੋਂ ਵੱਧ ਤੇ ‘ਜਲੰਧਰ ਦੂਰਦਰਸ਼ਨ’ ਉਦੋਂ ਤੋਂ ਹਾਸ਼ੀਏ ‘ਤੇ ਚਲਾ ਗਿਆ ਏ, ਜਦੋਂ ਤੋਂ ਲੋਕਾਂ ਦੇ ਘਰਾਂ ਵਿਚ ‘ਡਿਸ਼ਾਂ’ ਲੱਗ ਗਈਆਂ ਨੇ। ਕੁਝ ਇਕ ਕਲਾਕਾਰਾਂ ਨੂੰ ਛੱਡ ਬਾਕੀਆਂ ਦੀ ਏਨੀ ਪਹੁੰਚ ਨਹੀਂ ਕਿ ਉਹ ਦਿਨ ਦੇ ਚਾਲੀ-ਚਾਲੀ ਪ੍ਰੋਮੋ ਕਈ-ਕਈ ਮਹੀਨੇ ਚਲਾ ਕੇ ਜੋ ਪਹਿਲਾਂ ਕਮਾਇਆ, ਉਹ ਵੀ ਉਜਾੜ ਛੱਡਣ, ਏਸੇ ਕਰਕੇ ਉਨ੍ਹਾਂ ਕਲਾਕਾਰਾਂ ਨੂੰ ਸੋਸ਼ਲ ਸਾਈਟਾਂ ਨੇ ਮਾਂਵਾਂ ਵਰਗਾ ਪਿਆਰ ਦੇਣਾ ਸ਼ੁਰੂ ਕੀਤੈ।
ਇਨ੍ਹਾਂ ਸਾਈਟਾਂ ‘ਤੇ ਬਿਨਾਂ ਕੋਈ ਪੈਸਾ ਖਰਚ ਕੀਤਿਆਂ ਕੋਈ ਵੀ, ਕੁਝ ਵੀ ਅਪਲੋਡ ਕਰ ਸਕਦਾ ਹੋਣ ਕਰਕੇ ਕਲਾਕਾਰਾਂ ਦੀ ਗਿਣਤੀ ਵਿਚ ਅੰਤਾਂ ਦਾ ਵਾਧਾ ਹੋ ਗਿਐ। ਹੁਣ ਹਰ ਕੋਈ ਕਲਾਕਾਰ ਹੈ, ਸਟੂਡੀਓ ‘ਚ ਪੰਜ-ਸੱਤ ਹਜ਼ਾਰ ਦੀ ਰਿਕਾਰਡਿੰਗ ਕਰਾ ਕੇ ਗਾਣਾ ਸਾਈਟ ‘ਤੇ ਚੜ੍ਹਾ ਦਿਓ ਤੇ ਬਾਕੀ ਗੁੱਭ-ਗਲ੍ਹਾਟ ਲੋਕੀਂ ਕੁਮੈਂਟਾਂ ਜ਼ਰੀਏ ਆਪੇ ਕੱਢ ਲੈਂਦੇ ਨੇ। ਜਿਸ ਤਰ੍ਹਾਂ ਪਹਿਲਾਂ ਉਹ ਕਲਾਕਾਰ ਸਭ ਤੋਂ ਵੱਧ ਪ੍ਰਭਾਵ ਵਾਲਾ ਮੰਨਿਆ ਜਾਂਦਾ ਸੀ, ਜਿਸ ਦੇ ਪ੍ਰੋਮੋ ਚੈਨਲਾਂ ‘ਤੇ ਸਭ ਤੋਂ ਵੱਧ ਚੱਲਦੇ ਹੋਣ, ਉਸੇ ਤਰ੍ਹਾਂ ਹੁਣ ਉਹ ਵੱਧ ਕਾਮਯਾਬ ਮੰਨਿਆ ਜਾਂਦੈ, ਜਿਸ ਦੀ ਇੰਟਰਨੈਟ ‘ਤੇ ਸਰਗਰਮੀ ਜ਼ਿਆਦਾ ਹੋਵੇ। ਏਸੇ ਕਰਕੇ ਕਈ ਕਲਾਕਾਰਾਂ ਨੇ ਥੋੜ੍ਹੇ-ਥੋੜ੍ਹੇ ਪੈਸਿਆਂ ‘ਤੇ ਇੰਟਰਨੈਟ ਕਾਮੇ ਰੱਖੇ ਹੋਏ ਨੇ। ਇਹ ਕਾਮੇ ਕਲਾਕਾਰ ਦੇ ਗਾਣਿਆਂ ਨੂੰ ਲੋਕਾਂ ਨਾਲ ਪੂਰਾ ਦਿਨ ‘ਸ਼ੇਅਰ’ ਕਰਦੇ  ਨੇ, ਜਾਅਲੀ ਅਕਾਊਂਟ ਬਣਾ ਕੇ ਵੱਖ-ਵੱਖ ਨਾਂਵਾਂ ਤਹਿਤ ਗਾਣੇ ਥੱਲੇ ਕੁਮੈਂਟ ਕਰਦੇ ਨੇ, ‘ਨਾਈਸ ਵੀਰ ਜੀ’, ‘ਚੱਕ ‘ਤੇ ਫੱਟੇ’, ‘ਏਦੂੰ ਸਿਰਾ ਹੋਰ ਨਹੀਂ ਹੋ ਸਕਦਾ’ ਵਗੈਰਾ-ਵਗੈਰਾ।
ਕੰਪਨੀਆਂ ਨੂੰ ਕਿਉਂਕਿ ‘ਯੂ ਟਿਊਬ’, ‘ਆਈ ਟਿਊਨ’ ਤੇ ਹੋਰ ਸਾਈਟਾਂ ਤੋਂ ਪੈਸੇ ਮਿਲਣੇ ਸ਼ੁਰੂ ਹੋ ਗਏ ਨੇ, ਉਸ ਕਰਕੇ ਨਵੇਂ ਦੌਰ ਵਿਚ ਉਹ ਕਲਾਕਾਰ ਪ੍ਰਸਿੱਧੀ ਦੇ ਮਾਪਦੰਡ ‘ਤੇ ਖਰਾ ਉੱਤਰਦਾ ਹੈ, ਜਿਸ ਦਾ ਗਾਣਾ ਕੁਝ ਘੰਟਿਆਂ ਵਿਚ ‘ਯੂ ਟਿਊਬ’ ‘ਤੇ ਲੱਖਾਂ ਲੋਕ ਦੇਖ ਲੈਣ ਜਾਂ ਜਿਸ ਦੇ ਗਾਣੇ ਦੀ ‘ਆਈ ਟਿਊਨ’ ਤੋਂ ਡਾਊਨਲੋਡਿੰਗ ਜ਼ਿਆਦਾ ਹੁੰਦੀ ਹੋਵੇ।
ਇਹ ਸਸਤਾ ਸਾਧਨ ਜਿੱਥੇ ਕਲਾਕਾਰਾਂ ਲਈ ਅਲਾਦੀਨ ਦੇ ਚਿਰਾਗ ਵਰਗਾ ਸਾਬਤ ਹੋ ਰਿਹੈ, ਉਥੇ ਸਧਾਰਨ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਜ਼ਰੀਆ ਵੀ ਬਣ ਚੁੱਕੈ। ਪਿੱਛੇ ਜਹੇ ਇੱਕ ਉਭਰ ਰਹੇ ਕਲਾਕਾਰ ਦਾ ਬੇਤੁਕਾ ਜਿਹਾ ਗੀਤ ਰਿਲੀਜ਼ ਹੋਇਆ। ਜਿਸ ਦਿਨ ਉਸ ਨੇ ਗੀਤ ‘ਯੂ ਟਿਊਬ’ ‘ਤੇ ਅਪਲੋਡ ਕੀਤਾ, ਉਸ ਤੋਂ ਦੋ ਦਿਨ ਬਾਅਦ ਫੋਨ ਕਰਕੇ ਕਹਿੰਦਾ, ‘ਦੇਖੋ ਜੀ, ਹੁਣ ਤਾਂ ਮੇਰੇ ਬਾਰੇ ਕੁਝ ਲਿਖਣਾ ਬਣਦੈ, ਤੁਹਾਡੇ ਵੀਰ ਦਾ ਗਾਣਾ ਦੋ ਦਿਨਾਂ ਵਿਚ ਸਤਾਰਾਂ ਲੱਖ ਲੋਕਾਂ ਨੇ ਸੁਣ ਲਿਐæææ।’
ਮੈਂ ਹੈਰਾਨ ਸਾਂ ਕਿ ਇਹ ਕਿਵੇਂ ਹੋ ਗਿਆ। ਇਹੋ ਜਹੀਆਂ ਗੱਲਾਂ ਚਾਰ-ਪੰਜ ਥਾਂਵਾਂ ਤੋਂ ਹੋਰ ਸੁਣਨ ਨੂੰ ਮਿਲੀਆਂ ਤਾਂ ਪਤਾ ਲੱਗਾ ਕਿ ਇੰਟਰਨੈਟ ‘ਤੇ ਦਰਸ਼ਕਾਂ ਦੀ ਗਿਣਤੀ ਵਧਾਉਣੀ ਕੋਈ ਲੰਮੀ-ਚੌੜੀ ਖੇਡ ਨਹੀਂ, ਸਗੋਂ ਪਲਕ ਝਪਕਣ ਦਾ ਕੰਮ ਏ। ਅਜਿਹੇ ਸਾਫ਼ਟਵੇਅਰ ਆ ਚੁੱਕੇ ਨੇ, ਜਿਹੜੇ ਇੱਕ ਕਲਿੱਕ ਨਾਲ ਦਰਸ਼ਕਾਂ ਦੀ ਗਿਣਤੀ ਲੱਖਾਂ ‘ਚ ਕਰ ਦੇਂਦੇ ਨੇ। ਇਹ ਦਰਸ਼ਕ ਅਸਲ ਨਹੀਂ ਹੁੰਦੇ, ਪਰ ਜਿਹੜੀ ਥਾਂ ਦਰਸ਼ਕਾਂ ਦੀ ਗਿਣਤੀ ਦਿਸਦੀ ਹੈ, ਉਸ ਥਾਂ ਅੰਕੜਾ ਲਗਾਤਾਰ ਅੱਗੇ ਵਧਦਾ ਜਾਂਦਾ ਏ।
ਪੰਜਾਬ ‘ਚ ਲੁਧਿਆਣਾ, ਚੰਡੀਗੜ੍ਹ ਤੇ ਕਈ ਹੋਰ ਥਾਂਈਂ ਕਈ ਇੰਟਰਨੈਟ ਮਾਹਰ ਬੈਠੇ ਨੇ, ਜਿਹੜੇ ਦੋ ਲੱਖ ਦਰਸ਼ਕ ਦਰਸਾਉਣ ਦਾ ਵੀਹ ਹਜ਼ਾਰ ਰੁਪਿਆ ਲੈਂਦੇ ਨੇ। ਕਲਾਕਾਰ ਸੋਚਦੇ ਨੇ ਏਦਾਂ ਕਰਨ ਨਾਲ ਉਹ ਲੋਕਾਂ ਦੀਆਂ ਨਜ਼ਰਾਂ ‘ਚ ‘ਹਿੱਟ’ ਸਾਬਤ ਹੋਣਗੇ, ਪਰ ਉਹ ਇਹ ਨਹੀਂ ਜਾਣਦੇ ਕਿ ਇਸ ਤਰ੍ਹਾਂ ਉਹ ਆਪਣੇ ਆਪ ਨਾਲ ਧੋਖਾ ਕਰ ਰਹੇ ਨੇ।
ਪਿਛਲੇ ਦਿਨੀਂ ਇਕ ਨਾਮੀ ਸੰਗੀਤ ਕੰਪਨੀ ਦੇ ਮਾਲਕ ਨਾਲ ਇਸ ਵਿਸ਼ੇ ‘ਤੇ ਲੰਮੀ-ਚੌੜੀ ਗੱਲਬਾਤ ਹੋਈ। ਉਸ ਦੱਸਿਆ ਕਿ ਅੱਜ ਜਿਹੜੀ ਸੀæਡੀæ ਪੰਜ ਹਜ਼ਾਰ ਵੀ ਵਿਕ ਜਾਵੇ, ਅਸੀਂ ਉਸ ਨੂੰ ਹਿੱਟ ਮੰਨਦੇ ਹਾਂ। ਕੋਈ ਸੀæਡੀæ ਨਹੀਂ ਖਰੀਦਦਾ, ਸੌ ਵਿਚੋਂ ਪਚਾਨਵੇਂ ਤਾਂ ਪੰਦਰਾਂ ਸੌ ਦਾ ਅੰਕੜਾ ਵੀ ਪਾਰ ਨਹੀਂ ਕਰਦੀਆਂ। ਗਾਣੇ ਮੋਬਾਈਲਾਂ, ਚੈਨਲਾਂ, ਇੰਟਰਨੈਟ, ਪੈਨ ਡਰਾਈਵਾਂ ਤੇ ਐਫ਼æਐਮ ਤੱਕ ਸੀਮਤ ਹੋ ਕੇ ਰਹਿ ਗਏ ਨੇ। ਕਲਾਕਾਰ ਵਧ ਗਏ ਨੇ ਤੇ ਜਦੋਂ ਵਿਕਦਾ ਕੁਝ ਨਹੀਂ ਤਾਂ ਕੰਪਨੀਆਂ ਇਨ੍ਹਾਂ ‘ਤੇ ਧੇਲਾ ਤੱਕ ਵੀ ਕਿਉਂ ਖਰਚਣ। ਅਸੀਂ ਉਨ੍ਹਾਂ ਪੰਜ-ਸੱਤ ਕਲਾਕਾਰਾਂ ਨੂੰ ਰਿਲੀਜ਼ ਕਰਦੇ ਹਾਂ, ਜਿਨ੍ਹਾਂ ਦਾ ਨਾਂ ਬਣਿਆ ਹੋਇਐ ਤੇ ਜਿਹੜੇ ਨੈਟ ‘ਤੇ ਦੇਖੇ-ਸੁਣੇ ਜਾਂਦੇ ਨੇ। ਟੀæਵੀæ ਇਨ੍ਹਾਂ ਕਲਾਕਾਰਾਂ ਨੂੰ ਦਿਖਾਉਣ ਦੇ ਪੈਸੇ ਲੈਂਦੈ ਤੇ ਨੈਟ ਪੈਸੇ ਦਿੰਦੈ, ਸੋ ਸਾਡੀ ਕਮਾਈ ਦੇ ਸੂਤਰ ਬਦਲ ਗਏ ਨੇ।
ਸੀæਡੀæ ਵਾਲੇ ਦੌਰ ਦਾ ਭੋਗ ਇਸ ਕਦਰ ਪੈ ਚੁੱਕਾ ਹੈ ਕਿ ਕੰਪਨੀਆਂ ਨੇ ਜ਼ਿਆਦਾਤਰ ਕਲਾਕਾਰਾਂ ਦੀਆਂ ਸੀਡੀਆਂ ਰਿਲੀਜ਼ ਕਰਨੀਆਂ ਬੰਦ ਕਰ ਦਿੱਤੀਆਂ ਨੇ, ਉਹ ਕਲਾਕਾਰ ਦਾ ਇਕ ਗੀਤ ਰਿਲੀਜ਼ ਕਰਦੀਆਂ ਨੇ ਤੇ ਸਰੋਤਿਆਂ ਨੂੰ ਖੁੱਲ੍ਹੀ ਛੋਟ ਦਿੰਦੀਆਂ ਨੇ ਕਿ ਇਸ ਗੀਤ ਨੂੰ ਜਾਇਜ਼, ਨਜਾਇਜ਼ ਜਿਹੜੇ ਮਰਜ਼ੀ ਤਰੀਕੇ ਨਾਲ ਸੁਣੋ, ਬਸ ਸੁਣੋ ਜ਼ਰੂਰ।
ਕਹਿਣ ਦਾ ਭਾਵ ਗਾਇਕੀ ‘ਚ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕੀਤੇ ਜਾਂਦੇ ਤਜਰਬਿਆਂ ਵਾਂਗ ਸਮੇਂ-ਸਮੇਂ ‘ਤੇ ਪ੍ਰਸਿੱਧੀ ਦੀ ਪਰਿਭਾਸ਼ਾ ਵੀ ਬਦਲਦੀ ਰਹਿਣੀ ਹੈ। ਭਵਿੱਖ ਵਿਚ ਕਲਾਕਾਰ ਨੂੰ ‘ਹਿੱਟ’ ਮੰਨੇ ਜਾਣ ਦਾ ਪੈਮਾਨਾ ਕੀ ਹੋਏਗਾ, ਇਹ ਗੱਲ ਭਵਿੱਖ ਦੀ ਬੁੱਕਲ ਵਿਚ ਹੀ ਲੁਕੀ ਹੋਈ ਹੈ।
ਪੰਜਾਬ ਪੁਲਿਸ ਨੇ ਮਾਰਿਆ ਸਟਾਈਲ
ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੱਟ ਐਂਡ ਜੂਲੀਅਟ 2’ ਨੇ ਕਾਮਯਾਬੀ ਤੇ ਕਮਾਈ ਦੋਹਾਂ ਪੱਖਾਂ ਤੋਂ ਇਕ ਵਾਰ ਫੇਰ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਅਠਾਈ ਜੂਨ ਨੂੰ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਸ ਦਾ ਪ੍ਰੋਮੋ ‘ਓਏ ਛੋਟੂ, ਪੰਜਾਬ ਪੁਲਿਸ ਸਟਾਈਲ ਵੀ ਮਾਰਦੀ ਆ ਓਏæææ’ ਵੱਖ-ਵੱਖ ਟੀæਵੀæ ਚੈਨਲਾਂ ‘ਤੇ ਚੱਲ ਰਿਹਾ ਸੀ ਤੇ ਪੰਜਾਬ ਪੁਲਿਸ ਦੇ ਸਟਾਈਲ ਨੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿਚ ਸਫ਼ਲਤਾ ਹਾਸਲ ਕਰ ਲਈ।
ਕਿਉਂਕਿ ਪਿਛਲੇ ਸਾਲ ਰਿਲੀਜ਼ ਹੋਈ ‘ਜੱਟ ਐਂਡ ਜੂਲੀਅਟ’ ਬਹੁਤ ਮਕਬੂਲ ਹੋਈ ਸੀ, ਇਸ ਲਈ ਦਰਸ਼ਕਾਂ ਦੇ ਵੱਡੇ ਹਿੱਸੇ ਨੂੰ ਉਮੀਦ ਸੀ ਕਿ ਇਹ ਫ਼ਿਲਮ ਆਪ ਮੁਹਾਰੇ ਚੱਲ ਨਿਕਲੇਗੀ, ਪਰ ਨਾਲ ਹੀ ਇਹ ਵੀ ਸੋਚ ਸੀ ਕਿ ਜੇ ਇਹ ਫ਼ਿਲਮ ਪਹਿਲੀ ਦੇ ਮੁਕਾਬਲੇ ਪੱਧਰ ‘ਚ ਊਣੀ-ਪੌਣੀ ਹੋਈ ਤਾਂ ਸ਼ਾਇਦ ਗੱਲ ਨਾ ਬਣੇ। ਪਰ ਜਿਸ ਤਰ੍ਹਾਂ ਫ਼ਿਲਮ ਨੂੰ ਪਿਆਰ ਮਿਲਿਆ ਏ ਤੇ ਸਿਨੇਮਾਘਰ ਵਿਚੋਂ ਬਾਹਰ ਨਿਕਲਦੇ ਦਰਸ਼ਕ ਫ਼ਿਲਮ ‘ਚ ਫ਼ਤਹਿ ਸਿੰਘ ਦਾ ਗੁਣਗਾਣ ਕਰ ਰਹੇ ਨੇ, ਉਸ ਨਾਲ ਭਵਿੱਖ ਵਿਚ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫ਼ਿਲਮਾਂ ‘ਤੇ ਵੀ ਚੰਗਾ ਪ੍ਰਭਾਵ ਪੈਣ ਦੀ ਉਮੀਦ ਹੈ।
ਚਾਲੂ ਅਤੇ ਅਗਲੇ ਮਹੀਨੇ ਵਿਚ ਚਾਰ ਕੁ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣੀਆਂ ਨੇ। ਸਭ ਤੋਂ ਪਹਿਲਾਂ ਰੌਸ਼ਨ ਪ੍ਰਿੰਸ ਦੀ ‘ਫੇਰ ਮਾਮਲਾ ਗੜਬੜ ਗੜਬੜ’ ਰਿਲੀਜ਼ ਹੋਏਗੀ, ਫੇਰ ਜੈਜ਼ੀ ਬੀ ਦੀ ‘ਬੈਸਟ ਆਫ਼ ਲੱਕ’ ਤੇ ਬਾਅਦ ਵਿਚ ‘ਜੱਟ ਬੁਆਏਜ਼-ਪੁੱਤ ਜੱਟਾਂ ਦੇ’, ਇਹ ਫ਼ਿਲਮਾਂ ਕੇਹੀ ਕਮਾਲ ਦਿਖਾਉਣਗੀਆਂ, ਇਹ ਗੱਲ ਇਨ੍ਹਾਂ ਦੀ ਕਹਾਣੀ ਤੇ ਡਾਇਰਕੈਸ਼ਨ ‘ਤੇ ਨਿਰਭਰ ਕਰੇਗੀ। ਫਿਰ ਵੀ ਜਿਸ ਤਰ੍ਹਾਂ ‘ਜੱਟ ਐਂਡ ਜੂਲੀਅਟ 2’ ਨੇ ਪੰਜਾਬੀ ਫ਼ਿਲਮਾਂ ਲਈ ਕਾਮਯਾਬੀ ਦਾ ਰਾਹ ਪੱਧਰਾ ਕੀਤਾ ਹੈ, ਉਸ ਨਾਲ ਨਿਰਮਾਤਾ-ਨਿਰਦੇਸ਼ਕਾਂ ਦੇ ਚਿਹਰੇ ‘ਤੇ ਖੁਸ਼ੀ ਦਾ ਖੇੜਾ ਆ ਗਿਆ ਹੈ।

Be the first to comment

Leave a Reply

Your email address will not be published.