ਹਮਰੀ ਬੇਦਨ ਹਰਿ ਪ੍ਰਭੁ ਜਾਨੈ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਜਿਸ ਦਿਨ ਤੋਂ ਭਾਰਤ ਵਿਚ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋਇਆ ਹੈ, ਮਨ ਬੜਾ ਬੇ-ਚੈਨ ਹੈ। ਦਿਨ ਰਾਤ ਇੱਕੋ ਹੀ ਗੱਲ, ਇੱਕੋ ਹੀ ਵਿਚਾਰ, ਇੱਕੋ ਹੀ ਚਰਚਾ; ਕਿਸੇ ਦਾ ਫੋਨ ਆ ਜਾਵੇ ਤਾਂ ਫਿਰ ਓਹੋ ਹੀ ਗੱਲਾਂ ਸ਼ੁਰੂ। ਮੈਂ ਹੀ ਕਿਓਂ, ਪੰਜਾਬ ਜਾਂ ਭਾਰਤ ਤੋਂ ਬਾਹਰ ਬੈਠਾ ਹਰ ਸ਼ਖਸ-ਚਾਹੇ ਉਹ ਕਿਸੇ ਵੀ ਮੁਲਕ ਵਿਚ ਪਿਆ ਵਸਦਾ ਹੋਵੇ, ਅੱਜ ਚਿੰਤਾਤੁਰ ਹੈ, ਕਿਓਂਕਿ ਅਸੀ ਉੱਥੋਂ ਦੇ ਜੰਮੇ ਜਾਏ ਹਾਂ, ਉਸ ਮਿੱਟੀ ਵਿਚ ਖੇਡ ਕੇ ਪਰਵਾਨ ਚੜ੍ਹੇ ਹਾਂ, ਸਾਡੇ ਜੀਵਨ ਰੂਪੀ ਦਰਖਤ ਦੀਆਂ ਜੜ੍ਹਾਂ ਉਥੇ ਹਨ। ਸਾਨੂੰ ਤਾਂ ਰਾਤੀਂ ਸੁੱਤਿਆਂ ਸੁਪਨੇ ਵੀ ਆਪਣੇ ਪਿੰਡਾਂ ਅਤੇ ਖੇਤਾਂ ਦੇ ਹੀ ਆਉਂਦੇ ਹਨ, ਸਾਡੀ ਹਰ ਸੋਚ ਸਾਡੇ ਅਤੀਤ ਨਾਲ ਜੁੜ ਸਾਨੂੰ ਉਥੇ ਹੀ ਜੋੜੀ ਰੱਖਦੀ ਹੈ,

ਮੇਰਾ ਮੁਲਕ, ਮੇਰਾ ਪਿੰਡ, ਮੇਰਾ ਘਰ, ਮੇਰੀ ਜ਼ਮੀਨ, ਮੇਰੇ ਖੇਤ, ਸਾਡੀ ਸੋਚ, ਸਾਡੀ ਚਿੰਤਾ ਗਲਤ ਵੀ ਤਾਂ ਨਹੀਂ ਹੈ!
ਟੀ. ਵੀ. ਲਾਓ ਤਾਂ ਜਾਲਮ ਸਰਕਾਰ ਦੇ ਖਰੀਦੇ ਹੋਏ ਲੋਕ ਕਿਸਾਨਾਂ ਦੇ ਹੱਕ ਵਿਚ ਨਹੀਂ, ਉਲਟ ਬੋਲਦੇ ਹਨ ਤਾਂ ਮੈਂ ਟੀ. ਵੀ. ਬੰਦ ਕਰ ਦਿੰਦੀ ਹਾਂ। ਆਪਣਾ ਫੋਨ ਫੜਦੀ ਹਾਂ ਤਾਂ ਅਣਗਿਣਤ ਚੈਨਲ ਕਿਸਾਨਾਂ ਦੀਆਂ ਲਾਈਵ ਪੋਸਟਾਂ ਦਿਖਾ ਰਹੇ ਹੁੰਦੇ ਹਨ। ਮੈਂ ਉਨ੍ਹਾਂ ਨੂੰ ਸੁਣਦੀ ਤੇ ਦੇਖਦੀ ਹਾਂ, ਮਨ ਨੂੰ ਕੁਝ ਤਸੱਲੀ ਭਾਸਦੀ ਹੈ ਕਿ ਇਹ ਲੋਕ ਸੱਚ ਬੋਲ ਤੇ ਸੱਚ ਦਿਖਾ ਰਹੇ ਹਨ; ਫਿਰ ਵੀ ਮਨ ਵਿਆਕੁਲ ਹੋ ਉਠਦਾ ਹੈ ਕਿ ਮੈਂ ਇਥੇ ਹਾਂ, ਤੇ ਉਥੇ ਕਿਓਂ ਨਹੀਂ!
ਕਾਸ਼ ਅੱਜ ਮੈਂ ਵੀ ਆਪਣੇ ਉਸ ਸਰਬ ਸਾਂਝੇ ਪਰਿਵਾਰ ਵਿਚ ਬੈਠ ਆਪਣੇ ਫਰਜ਼ ਨਿਭਾ ਰਹੀ ਹੁੰਦੀ, ਪਰ ਜੀਵਨ ਵੀ ਤਾਂ ਇਕ ਸੰਘਰਸ਼ ਹੀ ਹੈ, “ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ॥”
ਜਦ ਤੋਂ ਇਹ ਹੱਕ ਸੱਚ ਦਾ ਮੋਰਚਾ ਲੱਗਿਆ ਹੈ, ਮੈਂ ਉਪਰਾਮ ਹਾਂ, ਮੈਂ ਹਰ ਰੋਜ਼ ਘੰਟਿਆਂ ਬੱਧੀ ਲਿਖਣ ਵਾਲੀ ਗੁੰਮ ਸੁੰਮ ਜਿਹੀ ਹੋ ਗਈ ਹਾਂ। ਕਾਗਜ਼ ਕਲਮ ਲੈ ਕੇ ਬੈਠਦੀ ਹਾਂ ਤਾਂ ਸ਼ਬਦ ਦੂਰ ਤੁਰ ਜਾਂਦੇ ਹਨ, ਮੈਂ ਬਉਰੀ ਹੋ ਇੱਧਰ-ਉਧਰ ਦੇਖ ਉਠ ਪੈਂਦੀ ਹਾਂ ਅਤੇ ਇੰਟਰਨੈਟ `ਤੇ ਜਾਂਦੀ ਹਾਂ, ਖਬਰਾਂ ਦਾ ਜਿਵੇਂ ਹੜ੍ਹ ਆਇਆ ਹੋਵੇ, ਹਰ ਥਾਂ ਕਿਸਾਨ ਸੰਘਰਸ਼ ਦੀ ਤੇ ਉਨ੍ਹਾਂ ਦੇ ਹੱਕਾਂ ਦੀ ਗੱਲ ਹੀ ਹੋ ਰਹੀ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਰਾ ਵੀ ਫਿਕਰ ਨਹੀਂ। ਪੜ੍ਹਦੇ ਤੇ ਸੁਣਦੇ ਵੀ ਆਏ ਹਾਂ ਕਿ ਦੇਸ਼ ਜਾਂ ਮੁਲਕ ਦਾ ਰਾਜਾ ਪਰਜਾ ਨੂੰ ਆਪਣੀ ਔਲਾਦ ਵਾਂਗ ਪਿਆਰ ਕਰਦਾ ਹੈ, ਪਰ ਮੋਦੀ ਦੀ ਤਾਂ ਔਲਾਦ ਹੀ ਕੋਈ ਨਹੀਂ, ਇਹ ਭਲਾ ਕਾਹਨੂੰ ਪਰਜਾ ਨੂੰ ਪਿਆਰ ਕਰੇਗਾ?
ਰਾਤ ਜਦ ਸੌਣ ਤੋਂ ਪਹਿਲਾਂ ਅਰਦਾਸ ਕੀਤੀ ਤਾਂ ਸਰੀਰ ਇਥੇ ਅਤੇ ਮਨ ਉਥੇ ਹੀ ਸੀ। ਸੜਕਾਂ `ਤੇ ਬੈਠੇ ਲੱਖਾਂ ਲੋਕ ਅਤੇ ਉਨ੍ਹਾਂ ਦੇ ਲੁੱਟੇ ਜਾ ਰਹੇ ਹੱਕ, ਪਤਾ ਹੀ ਨਹੀਂ ਲਗਿਆ ਮੈਂ ਕਿਸ ਵੇਲੇ ਉਥੇ ਜਾ ਪਹੁੰਚੀ। ਜਿਸ ਪਾਸੇ ਜਿਸ ਵੀ ਸੜਕ ਵੱਲ ਵੇਖਾਂ ਖਲਕਤ ਹੀ ਖਲਕਤ, ਮੈਂ ਬਾਵਰੀ ਹੋ ਹੋ ਦੇਖਦੀ ਹਾਂ-ਚਾਰ ਚੁਫੇਰੇ ਸੰਗਤਾਂ ਹੀ ਸੰਗਤਾਂ। ਕਿਤੇ ਰਾਗੀ ਸਿੰਘ ਪਏ ਸ਼ਬਦ ਗਾਇਨ ਕਰਦੇ ਨੇ, ਕਿਤੇ ਢਾਡੀ ਪਏ ਵਾਰਾਂ ਗਾਉਂਦੇ ਨੇ ਅਤੇ ਕਿਤੇ ਪੰਜਾਬ ਦੇ ਕਲਾਕਾਰ ਪਏ ਆਪਣੇ ਹੱਕਾਂ ਦੇ ਗੀਤ ਗਾਉਂਦੇ ਨੇ; ਕਿਸਾਨ ਆਗੂ ਨੌਜਵਾਨਾਂ ਨੂੰ ਪਏ ਆਖਦੇ ਨੇ, ‘ਯੋਧਿਓ ਇਸ ਸੰਘਰਸ਼ ਨੂੰ ਅਸਾਂ ਸ਼ਾਂਤਮਈ ਬਣਾ ਕੇ ਅਗੇ ਵਧਣਾ ਹੈ, ਸਾਡੇ ਟੀਚੇ ਅਤੇ ਸ਼ਾਂਤੀ ਵਿਚ ਹੀ ਸਾਡੀ ਜਿੱਤ ਹੋਣੀ ਹੈ।’ ਪੰਜਾਬ, ਹਰਿਆਣਾ, ਯੂ. ਪੀ., ਬਿਹਾਰ, ਰਾਜਸਥਾਨ, ਹਰ ਸਟੇਟ ਦਾ ਕਿਰਤੀ ਕਿਰਸਾਨ ਅਤੇ ਮਜ਼ਦੂਰ-ਗੱਲ ਕੀ ਦਿੱਲੀ ਵਿਚੋਂ ਵੀ ਹਰ ਵਰਗ ਦੇ ਲੋਕ ਜੋ ਇਸ ਸੰਘਰਸ਼ ਵਿਚ ਆ ਜੁੜੇ ਹਨ, ਉਹ ਸਾਰਾ ਇਕ ਪਰਿਵਾਰ ਹੀ ਤਾਂ ਹੈ।
ਲੋਹਾਂ ਤਪ ਰਹੀਆਂ ਹਨ, ਬੀਬਆਂ ਤੇ ਵੀਰੇ ਪਰਸ਼ਾਦੇ ਪਕਾਈ ਜਾ ਰਹੇ ਨੇ, ਨਾਲ ਹੀ ਪਰ੍ਹਾਂ ਵੱਡੇ ਵੱਡੇ ਦੇਗਿਆਂ ਵਿਚ ਦਾਲਾਂ ਸਬਜ਼ੀਆਂ ਬਣ ਰਹੀਆਂ ਹਨ, ਹਰ ਜਾਤ ਦਾ ਹਰ ਮਜ਼ਹਬ ਦਾ ਇਨਸਾਨ ਸੇਵਾ ਕਰ ਰਿਹਾ ਹੈ,
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ॥
ਏਨੇ ਨੂੰ ਇਕ ਮਹਾਨ ਆਤਮਾ ਨੇ ਆ ਸਿਰ `ਤੇ ਹੱਥ ਰੱਖਿਆ ਤੇ ਮਿਠੜੀ ਅਵਾਜ਼ ਵਿਚ ਬੋਲੇ, “ਬੀਬਾ ਕਿਸ ਨੂੰ ਪਏ ਭਾਲਦੇ ਜੇ, ਸਾਨੂੰ ਦੱਸੋ!” ਮੈਂ ਹੱਥ ਜੋੜ ਆਖਿਆ, “ਜੀ ਮੈਂ ਤਾਂ ਸੰਗਤਾਂ ਦੇ ਦੀਦਾਰ ਕਰਨ ਆਈ ਹਾਂ ਮਨ ਬੜਾ ਵਿਆਕੁਲ ਸੀ, ਉਸੇ ਦੀ ਪਿਆਸ ਬੁਝਾਉਣ ਲਈ ਆਈ ਹਾਂ।” ਉਹ ਗੁਰੂ ਸਵਾਰੇ ਬੋਲੇ, “ਚਲੋ ਤੁਹਾਨੂੰ ਉਥੇ ਲੈ ਚਲੀਏ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ।” ਮੈਂ ਕਿਹਾ, “ਤੁਹਾਨੂੰ ਕਿੰਜ ਪਤਾ ਕਿ ਮੈਂ ਕਿੱਥੇ ਜਾਣਾ ਮੰਗਦੀ ਹਾਂ?” ਤਾਂ ਕਹਿਣ ਲੱਗੇ, “ਸਾਨੂੰ ਤਾਂ ਸਾਰਾ ਕੁਝ ਪਤੈ ਚਲੋ ਸਾਡੇ ਨਾਲ।” ਇਹ ਆਖ ਮੇਰਾ ਹੱਥ ਫੜ ਓਧਰ ਨੂੰ ਹੋ ਤੁਰੇ, ਜਿਧਰ ਇਕ ਅਲੌਕਿਕ ਨਜ਼ਾਰਾ ਦਿਖਾਈ ਦੇ ਰਿਹਾ ਸੀ, ਆਸਮਾਨ ਦੀ ਖੁੱਲ੍ਹੀ ਛੱਤ ਥੱਲੇ ਲੰਮੀਆਂ ਲੰਮੀਆਂ ਪੰਗਤਾਂ ਵਿਚ ਬੈਠ ਅਣਗਿਣਤ ਹੀ ਸੰਗਤਾਂ ਪਈਆਂ ਲੰਗਰ ਛਕਦੀਆਂ ਹਨ ਅਤੇ ਅਣਗਿਣਤ ਹੀ ਸੇਵਾਦਾਰ ਲੰਗਰ ਵਰਤਾਈ ਜਾ ਰਹੇ ਹਨ ਤੇ ਨਾਲ ਸ਼ਬਦ ਪੜ੍ਹਦੇ ਹਨ,
ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ॥
ਵਾਹ! ਵਾਹ!! ਮੈਂ ਤੱਕਦੀ ਹੀ ਰਹਿ ਗਈ, ਪਿਤਾ ਜੀ ਸੰਗਤ ਵਿਚ ਲੰਗਰ ਵਰਤਾਉਣ ਦੀ ਸੇਵਾ ਪਏ ਕਰਦੇ ਸਨ। ਮੈਨੂੰ ਵੇਖਦੇ ਹੀ ਬੋਲੇ, “ਆ ਮੇਰੇ ਜੀਤਿਆ ਆ ਜਾਹ!” ਮੈਂ ਦੌੜ ਕੇ ਪਿਤਾ ਜੀ ਦੇ ਗਲ ਲੱਗ ਗਈ, “ਪਿਤਾ ਜੀ ਤੁਸੀਂ ਇਥੇ?” ਤਾਂ ਸਿਰ `ਤੇ ਪਿਆਰ ਦਿੰਦਿਆਂ ਬੋਲੇ ਮੈਂ ਤਾਂ ਕਈ ਦਿਨਾਂ ਤੋਂ ਹੀ ਇਥੇ ਹਾਂ ਅਤੇ ਤੈਨੂੰ ਪਿਆ ਉਡੀਕਦਾ ਸੀ ਕਿ ਮੇਰਾ ਜੀਤ ਜ਼ਰੂਰ ਆਵੇਗਾ; ਹੋ ਹੀ ਨਹੀਂ ਸਕਦਾ ਕਿ ਤੂੰ ਨਾ ਆਵੇਂ।” ਆਪ ਮੁਹਾਰੇ ਹੀ ਮੇਰੇ ਹੱਥ ਸ਼ੁਕਰਾਨੇ ਵਿਚ ਜੁੜ ਗਏ ਤਾਂ ਮੈਂ ਗੁਰੂ ਸਵਾਰੇ ਜੀ ਵੱਲ ਦੇਖ ਪਿਤਾ ਜੀ ਨੂੰ ਇਸ਼ਾਰੇ ਨਾਲ ਪੁਛਿਆ ਕਿ ਇਹ ਕੌਣ ਹਨ, ਤਾਂ ਪਿਤਾ ਜੀ ਹੱਥ ਜੋੜ ਸਿਰ ਝੁਕਾ ਕੇ ਬੋਲੇ, “ਇਹ ਓਹੀ ਹਨ, ਜੋ ਸਾਰੇ ਕਾਰਜ ਪਏ ਆਪ ਹੀ ਕਰਦੇ ਹਨ; ਇਹ ਓਹੀ ਹਨ, ਜੋ ਹਰ ਵੇਲੇ ਸਭ ਦੀ ਸਾਰ ਕਰੇਂਦੇ ਹਨ; ਇਹ ਓਹੀ ਹਨ, ਜਿਨ੍ਹਾਂ ਦੀ ਮਿਹਰ ਨਾਲ ਅੱਜ ਸਾਰੀ ਮਨੁੱਖਤਾ ਇਕ ਥਾਂ ਪਰਿਵਾਰ ਵਾਂਗ ਜੁੜ ਬੈਠੀ ਹੈ, ਸਭ ਇਨਾਂ੍ਹ ਦਾ ਹੀ ਖੇਲ ਤਾਂ ਵਰਤ ਰਿਹਾ ਹੈ। ਬੇਟਾ ਇਨ੍ਹਾਂ ਦੇ ਚਰਨਾਂ `ਤੇ ਡਿੱਗ ਤੇ ਸ਼ੁਕਰਾਨੇ ਕਰ, ਇਹੋ ਹੀ ਤਾਂ ਹੈਨ ਜੋ ਤੈਨੂੰ ਇਸ ਦੁਨੀਆਂ ਵਿਚ ਸੰਭਾਲੀ ਫਿਰਦੇ ਹਨ ਵਰਨਾ…।”
ਮੈਂ ਚਰਨਾਂ `ਤੇ ਡਿੱਗ ਆਪਣਾ ਮਸਤਕ ਉਨ੍ਹਾਂ ਸੋਹਣੇ ਪਾਵਨ ਚਰਨਾਂ `ਤੇ ਰੱਖ ਆਖਿਆ, “ਭਲਾ ਮੈਂ ਬਾਵਰੀ ਕੀ ਜਾਣਾ ਸਤਿਗੁਰ ਜੀ ਤੇਰੀ ਰਹਿਮਤ ਕਿੱਥੇ ਕਿੱਥੇ ਪਈ ਵਰਸਦੀ ਹੈ! ਮੇਰੇ ਮਿਹਰਬਾਨ ਪਿਤਾ ਜੀ ਅੱਜ ਸ਼ਾਖਸ਼ਾਤ ਆਪ ਜੀ ਮੇਰੇ ਨਿਮਾਣੀ ਦੇ ਸਾਹਮਣੇ…! ਮਿਹਰ ਕਰਨਾ ਮੇਰੇ ਸਤਿਗੁਰੂ ਜੀ ਮੈਨੂੰ ਕਦੀ ਇਕੱਲਿਆਂ ਨਾ ਛੱਡਣਾ ਜੀ, ਸਦੀਵ ਮੇਰੇ ਨਾਲ ਰਹਿਣਾ ਜੀਉ, ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ॥”
ਤਾਂ ਸਿਰ `ਤੇ ਹੱਥ ਰੱਖ ਆਖਣ ਲੱਗੇ, “ਝੱਲੀ ਨਾ ਹੋਵੇ ਤਾਂ! ਤੈਨੂੰ ਜਨਮ ਤੋਂ ਲੈ ਹੁਣ ਤੱਕ ਕਦੀ ਇਕੱਲਿਆਂ ਛਡਿਆ ਈ? ਨਹੀਂ ਨਾ! ਤੇ ਅੱਗੋਂ ਕਿਵੇਂ ਛੱਡ ਦਿਆਂਗੇ, ਸਦਾ ਤੇਰੇ ਨਾਲ ਹੀ ਰਹਾਂਗੇ।”
ਜਦ ਪਿਤਾ ਜੀ ਨੇ ਬਾਹੋਂ ਫੜ ਉਠਾਇਆ ਤਾਂ ਦੇਖਾਂ ਸਾਰਾ ਕੁਝ ਤਾਂ ਹੈ, ਪਰ ਉਹ ਕਿੱਥੇ ਹਨ, ਤਾਂ ਪਿਤਾ ਜੀ ਬੋਲੇ, “ਉਹ ਇਥੇ ਹੀ ਕਿਤੇ ਹੋਣਗੇ, ਏਡੇ ਵੱਡੇ ਪਰਿਵਾਰ ਦੀ ਸਾਂਭ ਸੰਭਾਲ ਵੀ ਤਾਂ ਕਰਨੀ ਹੈ।”
“ਪਿਤਾ ਜੀ ਸਤਿਗੁਰੂ ਜੀ ਆਪ ਇਥੇ?”
ਤਾਂ ਕਹਿਣ ਲੱਗੇ, “ਪਤਾ ਈ ਨਾ ਧਰਮ ਦੇ ਨਾਮ `ਤੇ ਜਗਤ ਵਿਚ ਕੀ ਕੁਝ ਹੋ ਰਿਹਾ ਹੈ! ਧਰਮੀਆਂ ਨੇ ਧਰਮੀ ਹੋਣ ਦੇ ਢੋਂਗ ਤਾਂ ਰਚ ਲਏ ਹਨ, ਪਰ ਸਿਰਫ ਦਿਖਾਵੇ ਲਈ, ਭੋਲੇ ਭਾਲੇ ਗਰੀਬਾਂ ਨੂੰ ਲੁੱਟਣ ਲਈ। ਪੁੱਤਰਾ! ਅੱਜ ਇਕ ਨਹੀਂ, ਸਾਰੇ ਹੀ ਧਰਮਾਂ ਦੇ ਧਰਮੀ ਬਣੇ ਲੋਕ ਅਸਲ ਵਿਚ ਠੱਗ ਤੇ ਲੁਟੇਰੇ ਹਨ। ਚੋਲੇ ਭਾਵੇਂ ਭਗਵੇਂ ਹਨ ਜਾਂ ਚਿੱਟੇ, ਅੰਦਰੋਂ ਸਭ ਚੋਰ ਹਨ, ਧਰਮ ਤਾਂ ਸਾਰੇ ਚੰਗੇ ਹਨ, ਪਰ ਧਰਮੀਆਂ ਨੇ ਇਹ ਧਰਤੀ ਨਰਕ ਬਣਾ ਕੇ ਰੱਖ ਦਿੱਤੀ ਹੈ, ਬੇ-ਬੱਸ, ਮਜਬੂਰ ਗਰੀਬ ਲੋਕ ਆਪਣੇ ਢਿੱਡੋਂ ਭੁੱਖੇ ਰਹਿ ਰਹਿ ਕੇ ਇਨ੍ਹਾਂ ਦੇ ਅੱਗੇ ਚੜ੍ਹਾਵੇ ਚੜ੍ਹਾ ਰਹੇ ਹਨ ਅਤੇ ਅਮੀਰ ਪੂੰਜੀਪਤੀ ਗਰੀਬਾਂ ਦੇ ਸਿਰ `ਤੇ ਮੌਜਾਂ ਕਰ ਰਹੇ ਹਨ,
ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚਟੈ॥
ਬੇਟਾ! ਧਰਮੀਆਂ ਤੋਂ ਤਾਂ ਤਖਤਾਂ ਤਾਜਾਂ ਵਾਲਿਆਂ ਸਿੱਖਿਆ ਲੈ ਰਾਜ ਭਾਗ ਚਲਾਉਣੇ ਸਨ, ਪਰ ਧਰਮੀ ਤਾਂ ਆਪ ਹੀ ਠੱਗਾਂ ਨਾਲ ਜਾ ਰਲੇ ਹਨ। ਆਹ ਜੋ ਮੋਦੀ ਨੇ ਪਰਜਾ ਦਾ ਖੂਨ ਪੀਣਾ ਸ਼ੁਰੂ ਕੀਤਾ ਹੈ, ਇਸ ਪਿੱਛੇ ਵੀ ਬਥੇਰੇ ਧਰਮੀ ਬੈਠੇ ਹਨ ਅਤੇ ਮਾਇਆ ਦੀ ਹਵਸ ਵਿਚ ਸਣੇ ਮੋਦੀ, ਪੂੰਜੀਪਤੀਆਂ ਦੀ ਝੋਲੀ ਵਿਚ ਜਾ ਡਿੱਗੇ ਹਨ। ਉਸੇ ਦਾ ਨਤੀਜਾ ਹੈ ਕਿ ਅੱਜ ਗਰੀਬ ਕਿਰਤੀ-ਕਿਸਾਨ ਅਤੇ ਹਰ ਵਰਗ ਦਾ ਮਜ਼ਦੂਰ ਸੜਕਾਂ `ਤੇ ਬੈਠਾ ਧੱਕੇ ਖਾ ਰਿਹਾ ਹੈ, ਪਰ ਹੁਣ ਇਹ ਅਜਬ ਵਰਤਾਰਾ ਵਰਤੇਗਾ ਕਿ ਕੁਠਾਲੀ ਵਿਚ ਪਏ ਸੋਨੇ ਵਾਂਗ ਇਹ ਲੋਕ ਸਵੱਛ ਅਤੇ ਖਾਲਸ ਇਨਸਾਨ ਬਣ ਕੇ ਸੱਚ ਦਾ ਰਾਜ ਕਾਇਮ ਕਰਨਗੇ, ਕੂੜ ਦਾ ਤੇ ਅਧਰਮ ਦਾ ਰਾਜ ਖਤਮ ਹੋਵੇਗਾ, ਇਨ੍ਹਾਂ ਦੇ ਸਿਰਾਂ `ਤੇ ਮਨੁੱਖਤਾ ਦੀ ਸੇਵਾ ਦੇ ਤਾਜ ਸਜਣਗੇ। ਇਹ ਲੋਕ ਮਾਇਆ ਦੇ ਨਹੀਂ, ਮਾਨਵਤਾ ਦੇ ਪੁਜਾਰੀ ਹੋਣਗੇ। ਇੱਥੋਂ ਹੀ ਸਤਿਜੁਗ ਸ਼ੁਰੂ ਹੋਵੇਗਾ, ਰਾਜਾ ਤੇ ਰੰਕ ਇਕੋ ਜਿਹੇ ਹੋਣਗੇ, ਕੋਈ ਕਿਸੇ ਦੇ ਅਧੀਨ ਨਹੀਂ ਹੋਵੇਗਾ। ਹਰ ਪ੍ਰਾਣੀ ਉੱਚੇ ਸੁੱਚੇ ਕਿਰਦਾਰ ਵਾਲਾ ਹੋਵੇਗਾ ਅਤੇ ਸਭ ਦੇ ਹੱਕ ਇੱਕੋ ਜਿਹੇ ਹੋਣਗੇ।”
ਮੈਂ ਹੈਰਾਨ ਹੋ ਆਖਿਆ, “ਪਿਤਾ ਜੀ, ਤੁਸੀਂ ਇਹ ਸਭ ਕਿਵੇਂ ਜਾਣਦੇ ਹੋ?”
ਤਾਂ ਸ਼ੁਕਰਾਨੇ ਵਿਚ ਹੱਥ ਜੋੜ ਬੋਲੇ, “ਭਲਾ ਮੇਰੀ ਕੀ ਔਕਾਤ! ਇਹ ਬਚਨ ਤਾਂ ਪ੍ਰੀਤਮ ਪਿਆਰੇ ਜੀ ਦੇ ਆਪਣੇ ਮੁਖਾਰਬਿੰਦ `ਚੋਂ ਨਿਕਲੇ ਹੋਏ ਹਨ, ਜੋ ਉਹ ਆਪਣੇ ਨਿਕਟ ਵਰਤੀ ਪਿਆਰਿਆਂ ਨੂੰ ਪਏ ਆਖਦੇ ਸਨ।”
“ਪਿਤਾ ਜੀ, ਤੁਸਾਂ ਉਨ੍ਹਾਂ ਦੇ ਨਾਲ ਕਿਵੇਂ?” ਤਾਂ ਕਹਿਣ ਲੱਗੇ, “ਉਸ ਦੀ ਮਿਹਰ ਦਾ ਕੋਈ ਪਾਰਾਵਾਰ ਤਾਂ ਹੈ ਨਹੀਂ! ਪ੍ਰੀਤਮ ਪਿਆਰੇ ਦੇ ਘਰ ਦੇ ਬਾਹਰ ਵਾਰ ਪਿੱਛੇ ਜਿਹੇ ਕਰਕੇ ਬੈਠਾ ਰਹਿੰਦਾ ਹਾਂ ਤੇ ਦਰਸ਼ਨ ਰੂਪੀ ਅੰਮ੍ਰਿਤ ਪੀ ਪੀ ਕੇ ਜੁੜਿਆ ਰਹਿੰਦਾ ਹਾਂ ਉਸ ਮਾਲਕ ਨਾਲ। ਬੱਸ ਮਿਹਰ ਕੀਤੀ ਸੂ ਤੇ ਜਿਸ ਦਿਨ ਇਥੇ ਆਉਣਾ ਸੀ, ਇਸ਼ਾਰਾ ਕਰ ਬੋਲੇ, ‘ਗੁਰਮੁਖਾ ਚੱਲਣਾ ਈ ਸੇਵਾ ਦੇ ਸਾਗਰ ਵਿਚ ਚੁੱਭੀਆਂ ਲਾਉਣ ਲਈ?’ ਤਾਂ ਮੈਂ ਝੱਟ ਨਾਲ ਹੋ ਤੁਰਿਆ।…ਇਹ ਤਾਂ ਉਸ ਮਾਲਕ ਜੀ ਦਾ ਹੁਕਮ ਹੈ, ਜੋ ਸਤਿਗੁਰੂ ਜੀ ਸੰਸਾਰ ਵਿਚ ਵਰਤਾਉਣ ਲਈ ਆਏ ਹਨ। ਬੱਸ ਕੁਝ ਸਮਾਂ ਹੋਰ, ਫਿਰ ਮਿਹਰਾਂ ਹੀ ਮਿਹਰਾਂ ਹੋਣਗੀਆਂ, ਸਭ ਜੀਵ ਸੁੱਖੀ ਵੱਸਣਗੇ।”
ਆਨੰਦ ਵਿਭੋਰ ਹੋਈ ਪਈ ਸਾਂ ਕਿ ਅਵਾਜ਼ ਆਈ, “ਮੰਮਾ ਜੀ ਉਠੋ! ਅੱਜ ਬਹੁਤ ਸੁੱਤੇ ਹੋ।”
ਦਿਨ ਚੜ੍ਹ ਆਇਆ ਸੀ। ਸਤਿਗੁਰੂ ਜੀ ਦੇ ਦੀਦਾਰ ਨਾਲ ਤਨ-ਮਨ ਠੰਢਾ ਹੋਇਆ ਪਿਆ ਸੀ, ਤੇ ਸ਼ੁਕਰਾਨੇ ਵਿਚ ਸ਼ਬਦ ਮੂੰਹ `ਚੋ ਨਿਕਲਿਆ, “ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ॥”