ਕਿਸਾਨ ਮਸਲੇ ਦੇ ਹੱਲ ਲਈ ਧਾਰਮਿਕ ਪੱਤਾ ਖੇਡਣ ਦੀ ਰਣਨੀਤੀ

ਚੰਡੀਗੜ੍ਹ: ਕਿਸਾਨੀ ਅੰਦੋਲਨ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਨਮੋਸ਼ੀ ਝੱਲ ਰਹੀ ਮੋਦੀ ਸਰਕਾਰ ਇਸ ਮਸਲੇ ਦੇ ਹੱਲ ਲਈ ਵਿਚਕਾਰਲਾ ਰਾਹ ਲੱਭਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ। ਭਾਜਪਾ ਦੀ ਕੌਮੀ ਲੀਡਰਸ਼ਿਪ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਮਨਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਅਚਾਨਕ ਨਾਨਕਸਰ ਸੰਪਰਦਾ ਦੇ ਬਾਬਾ ਲੱਖਾ ਸਿੰਘ ਦੀ ਮੀਟਿੰਗ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਹੋਣੀ ਵੀ ਇਸੇ ਕੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਇਸ ਮੀਟਿੰਗ ਦਾ ਪ੍ਰਬੰਧ ਪੰਜਾਬ ਦੇ ਇਕ ਵੱਡੇ ਸਿਆਸੀ ਘਰਾਣੇ ਵੱਲੋਂ ਕਰਵਾਇਆ ਦੱਸਿਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨਾਲ ਅੱਠਵੀਂ ਮੀਟਿੰਗ ਵੀ ਬੇਸਿੱਟਾ ਰਹਿਣ ਕਾਰਨ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ ਕਿਉਂਕਿ 26 ਜਨਵਰੀ ਨੇੜੇ ਆ ਰਹੀ ਹੈ ਜਿਸ ਦਿਨ ਕਿਸਾਨਾਂ ਨੇ ‘ਟਰੈਕਟਰ ਪਰੇਡ` ਕਰਨ ਦਾ ਐਲਾਨ ਕੀਤਾ ਹੋਇਆ ਹੈ। ਕਿਸਾਨਾਂ ਤੇ ਕੇਂਦਰ ਵਿਚਾਲੇ ਸਾਲਸੀ ਬਾਰੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਕਿਹਾ, ‘ਹਾਲਾਂਕਿ ਮੌਜੂਦਾ ਸੰਕਟ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਇਸ ਬਾਰੇ ਆਖਰੀ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਕਰਨਗੇ। ਕੇਂਦਰ ਕੋਲ ਬਹੁਤ ਸਾਰੇ ਬੁੱਧੀਜੀਵੀ ਹਨ ਜੋ ਸਾਲਸ ਦੀ ਭੂਮਿਕਾ ਨਿਭਾਅ ਸਕਦੇ ਹਨ।` ਦਿੱਲੀ ਤੋਂ ਭਾਜਪਾ ਦੇ ਇਕ ਸੀਨੀਅਰ ਆਗੂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ `ਤੇ ਦੱਸਿਆ ਕਿ ਮੋਦੀ ਸਰਕਾਰ ਇਸ ਮਸਲੇ ਦਾ ਨਿਬੇੜਾ ਚਾਹੁੰਦੀ ਹੈ ਤਾਂ ਜੋ ਦੋਵੇਂ ਧਿਰਾਂ ਦਾ ਇੱਜ਼ਤ-ਮਾਣ ਬਰਕਰਾਰ ਰਹੇ। ਇਸ ਸਬੰਧੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਈਲ `ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
_________________________
ਅਕਾਲ ਤਖਤ ਦੀ ਕੋਈ ਭੂਮਿਕਾ ਨਹੀਂ: ਜਥੇਦਾਰ
ਅੰਮ੍ਰਿਤਸਰ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ‘ਚ ਕੋਈ ਦਖਲ ਦੇਣ ਤੋਂ ਇਨਕਾਰ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਸਲਾ ਕਿਸਾਨਾਂ ਅਤੇ ਸਰਕਾਰ ਦਾ ਹੈ, ਜੋ ਕਿ ਕਾਨੂੰਨ ਨਾਲ ਜੁੜਿਆ ਹੋਇਆ ਹੈ ਅਤੇ ਇਸ ਮਸਲੇ ਦਾ ਹੱਲ ਦੋਵਾਂ ਧਿਰਾਂ ਨੂੰ ਆਪਸ ਵਿਚ ਬੈਠ ਕੇ ਜਲਦੀ ਕੱਢਣਾ ਚਾਹੀਦਾ ਹੈ। ਕੇਂਦਰ ਸਰਕਾਰ ਮਸਲੇ ਦੇ ਹੱਲ ਲਈ ਆਪਣੇ ਵਿਚੋਲਿਆਂ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕਰ ਰਹੀ ਹੈ, ਸਬੰਧੀ ਲਾਈਆਂ ਜਾ ਰਹੀਆਂ ਕਿਆਸਰਾਈਆਂ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਸ੍ਰੀ ਅਕਾਲ ਤਖਤ ਦੀ ਕੋਈ ਵੀ ਭੂਮਿਕਾ ਨਹੀਂ ਹੈ। ਇਹ ਕਿਸਾਨਾਂ ਅਤੇ ਸਰਕਾਰ ਦਾ ਮਸਲਾ ਹੈ, ਜੋ ਕਿ ਕਾਨੂੰਨ ਨਾਲ ਜੁੜਿਆ ਹੋਇਆ ਹੈ।
_________________________
ਕੇਂਦਰ ਸਰਕਾਰ ਦੇ ਹਥਕੰਡਿਆਂ ‘ਚ ਨਹੀਂ ਫਸਾਂਗੇ: ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਡੇਰਾ ਮੁਖੀਆਂ ਤੇ ਧਾਰਮਿਕ ਆਗੂਆਂ ਨੂੰ ਅੱਗੇ ਕਰਕੇ ਕੇਂਦਰ ਸਰਕਾਰ ਧਾਰਮਿਕ ਪੱਤਾ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘ਜੇਕਰ ਅਸੀਂ ਜਥੇਦਾਰ ਵੱਲੋਂ ਆਖੀ ਗਈ ਗੱਲ ਨਾਲ ਸਹਿਮਤੀ ਜ਼ਾਹਿਰ ਨਾ ਕੀਤੀ ਤਾਂ ਉਹ ਕਹਿਣਗੇ ਕਿ ਅਸੀਂ ਅਕਾਲ ਤਖਤ ਦੀ ਪਾਲਣਾ ਨਹੀਂ ਕਰ ਰਹੇ। ਇਹ ਪੂਰੀ ਤਰ੍ਹਾਂ ਕਾਨੂੰਨੀ ਮੁੱਦਾ ਹੈ ਅਤੇ ਅਸੀਂ ਇਨ੍ਹਾਂ ਹਥਕੰਡਿਆਂ `ਚ ਨਹੀਂ ਫਸਾਂਗੇ।`