ਪੂਰੇ ਮੁਲਕ ਵਿਚੋਂ ਦਿੱਲੀ ਵੱਲ ਨੂੰ ਤੁਰੇ ਕਾਫਲੇ

ਸਿੰਘੂ ਸਰਹੱਦ: ਦਿੱਲੀ ‘ਚ ਚੱਲ ਰਹੇ ਕਿਸਾਨ ਸੰਘਰਸ਼ ‘ਚ ਵੱਡੀ ਗਿਣਤੀ ਵਿਚ ਦੂਜੇ ਸੂਬਿਆਂ ਤੋਂ ਵੀ ਕਿਸਾਨਾਂ ਦੇ ਵੱਡੇ ਕਾਫਲੇ ਪੁੱਜੇ। ਕੇਂਦਰ ਸਰਕਾਰ ਇਸ ਨੂੰ ਪਹਿਲਾਂ ਪੰਜਾਬ ਦੇ ਕਿਸਾਨਾਂ ਦਾ ਹੀ ਸੰਘਰਸ਼ ਦੱਸ ਰਹੀ ਸੀ, ਉਸ ਤੋਂ ਬਾਅਦ ਹਰਿਆਣਾ ਦੇ ਕਿਸਾਨਾਂ ਨੇ ਵੱਡੀ ਗਿਣਤੀ ‘ਚ ਆ ਕੇ ਹਰ ਤਰ੍ਹਾਂ ਦਾ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਅਤੇ ਵੱਡੀ ਗਿਣਤੀ ‘ਚ ਟਰੈਕਟਰ ਮਾਰਚ ਵਿਚ ਵੀ ਹਿੱਸਾ ਲਿਆ।
ਪੰਜਾਬ-ਹਰਿਆਣਾ ਦੇ ਕਿਸਾਨਾਂ ਤੋਂ ਬਾਅਦ ਉੱਤਰ ਪ੍ਰਦੇਸ, ਰਾਜਸਥਾਨ, ਕਰਨਾਟਕ, ਗੁਜਰਾਤ ਅਤੇ ਹੋਰ ਸੂਬਿਆਂ ਤੋਂ ਵੀ ਕਿਸਾਨ ਕਾਫਲੇ ਸਿੰਘੂ ਸਰਹੱਦ ‘ਤੇ ਪੁੱਜਣੇ ਸ਼ੁਰੂ ਹੋ ਗਏ। ਉੱਤਰ ਪ੍ਰਦੇਸ ਤੋਂ ਪੁੱਜੇ ਕਿਸਾਨਾਂ ਨੇ ਆਖਿਆ ਕਿ ਇਹ ਸੰਘਰਸ਼ ਸਿਰਫ ਪੰਜਾਬ ਜਾਂ ਹਰਿਆਣਾ ਦੇ ਕਿਸਾਨਾਂ ਦਾ ਹੀ ਨਹੀਂ ਸਗੋਂ ਸਮੁੱਚੇ ਦੇਸ ਦੇ ਕਿਸਾਨਾਂ ਦਾ ਹੈ।

ਕਰਨਾਟਕ ਤੋਂ ਕਿਸਾਨ ਮੋਰਚੇ ਦੇ ਆਗੂ ਸ਼ਿਵ ਕੁਮਾਰ ਚੇਤਨ ਨੇ ਆਖਿਆ ਕਿ ਕੇਂਦਰ ਸਰਕਾਰ ਦਾ ਮੀਡੀਆ ਇਸ ਸੰਘਰਸ਼ ਨੂੰ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਨਾਲ ਹੀ ਜੋੜ ਕੇ ਦੇਸ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਦ ਕਿ ਇਹ ਸੰਘਰਸ਼ ਸਮੁੱਚੀ ਕਿਸਾਨੀ ਨਾਲ ਸਬੰਧ ਰੱਖਦਾ ਹੈ। ਮੱਧ ਪ੍ਰਦੇਸ ਤੋਂ ਆਏ ਕਿਸਾਨਾਂ ਵਲੋਂ ਸਿੰਘੂ ਮਾਰਗ ਤੋਂ ਟਿਕਰੀ ਸਰਹੱਦ ਤੱਕ ਰੋਸ ਮਾਰਚ ਕੀਤਾ ਗਿਆ।
ਉਧਰ, ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਭਰ ਦੇ ਕਿਸਾਨ ਸਾਥੀਆਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡਦਿਆਂ ਸੰਘਰਸ਼ ਦਾ ਪੱਲਾ ਫੜਨ ਦੀ ਅਪੀਲ ਕੀਤੀ ਹੈ।
ਕਿਸਾਨ ਆਗੂਆਂ ਨੇ ਸਰਕਾਰ ਨੂੰ ਦੋ ਟੁੱਕ ਸ਼ਬਦਾਂ ‘ਚ ਸਾਫ ਕਰ ਦਿੱਤਾ ਕਿ ਉਹ ਕੋਈ ਸਿਆਸੀ ਪਾਰਟੀ ਨਹੀਂ ਹਨ ਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਮਗਰੋਂ ਹੀ ਘਰਾਂ ਨੂੰ ਮੁੜਨਗੇ। ‘ਹਾਂ ਜਾਂ ਨਾਂਹ‘ ਦਾ ਨਾਅਰਾ ਦੇਣ ਵਾਲੇ ਕਿਸਾਨਾਂ ਨੇ ਦੋ ਹੋਰ ਨਾਅਰੇ ‘ਬਿੱਲ ਵਾਪਸੀ ਤੋ ਘਰ ਵਾਪਸੀ‘ ਤੇ ‘ਜਾਂ ਮਰਾਂਗੇ ਜਾਂ ਜਿੱਤਾਂਗੇ‘ ਦੇ ਨਾਅਰੇ ਦਿੱਤੇ। ਉਧਰ, ਖੇਤੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਮੀਟਿੰਗ ਬੇਸਿੱਟਾ ਰਹੀ ਕਿਉਂਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ ਦਾ ਕੋਈ ਸੰਭਾਵੀ ਬਦਲ ਨਹੀਂ ਦੇ ਸਕੇ। ਕਿਸਾਨ ਆਗੂਆਂ ਨੇ ਇਸ ਮੌਕੇ ਕਾਨੂੰਨ ਵਾਪਸੀ ਤੋਂ ਘਰ ਵਾਪਸੀ‘ ਤੇ ‘ਜਾਂ ਮਰਾਂਗੇ ਜਾਂ ਜਿੱਤਾਂਗੇ‘ ਦੇ ਦੋ ਨਵੇਂ ਨਾਅਰੇ ਵੀ ਦਿੱਤੇ। ਮੀਟਿੰਗ ਉਪਰੰਤ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੀਟਿੰਗ ਬੇਨਤੀਜਾ ਰਹੀ ਤੇ ਅਗਲੇ ਗੇੜ ਦੀ ਗੱਲਬਾਤ ਦੌਰਾਨ ਵੀ ਇਸ ਮਸਲੇ ਦਾ ਕੋਈ ਹੱਲ ਨਿਕਲਣ ਦੇ ਆਸਾਰ ਘੱਟ ਹਨ। ਉਨ੍ਹਾਂ ਕਿਹਾ, ‘ਸਾਨੂੰ ਕਾਨੂੰਨ ਰੱਦ ਕਰਨ ਤੋਂ ਛੁੱਟ ਕੁਝ ਵੀ ਸਵੀਕਾਰ ਨਹੀਂ। ਕਿਸਾਨ ਆਪਣੇ ਆਖਰੀ ਸਾਹਾਂ ਤੱਕ ਲੜਨਗੇ ਤੇ ਅਦਾਲਤ ਦੇ ਦਰਾਂ ‘ਤੇ ਜਾਣਾ ਕੋਈ ਬਦਲ ਨਹੀਂ ਹੈ।
_______________________
ਕੇਂਦਰ ਧੱਕਾ ਨਹੀਂ ਕਰ ਸਕਦਾ: ਰਾਜੇਵਾਲ
ਬੀ.ਕੇ.ਯੂ. (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਖੇਤੀ ਮੰਤਰੀ ਨੂੰ ਕਿਹਾ ਕਿ ਕਿਸਾਨ ਯੂਨੀਅਨਾਂ ਨੂੰ ਖੇਤੀ ਕਾਨੂੰਨਾਂ ‘ਤੇ ਲੀਕ ਮਾਰੇ ਜਾਣ ਤੋਂ ਛੁੱਟ ਕੁਝ ਵੀ ਮਨਜ਼ੂਰ ਨਹੀਂ। ਰਾਜੇਵਾਲ ਨੇ ਕਿਹਾ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ ਤੇ ਕੇਂਦਰ ਸਰਕਾਰ ਰਾਜਾਂ ਨਾਲ ਇਸ ਵਿਸ਼ੇ ‘ਤੇ ਧੱਕਾ ਨਹੀਂ ਕਰ ਸਕਦੀ। ਰਾਜੇਵਾਲ ਨੇ ਕਿਹਾ, ‘ਇਹ ਪ੍ਰਵਾਨਿਤ ਤੱਥ ਹੈ ਕਿ ਤੁਸੀਂ ਖੇਤੀ ਦੇ ਵਿਸ਼ੇ ‘ਚ ਦਖਲ ਨਹੀਂ ਦੇ ਸਕਦੇ। ਪਰ ਤੁਸੀਂ ਆਪਣੇ ਸਕੱਤਰ ਤੇ ਸੰਯੁਕਤ ਸਕੱਤਰ ਨੂੰ ਇਸ ਕੰਮ ‘ਤੇ ਲਾਈ ਰੱਖਿਆ ਹੈ, ਤੇ ਉਹ ਆਏ ਦਿਨ ਕੋਈ ਨਾ ਕੋਈ ਬਹਾਨਾ (ਦਖਲ ਦਾ) ਘੜਦੇ ਰਹਿੰਦੇ ਹਨ। ਮੇਰੇ ਕੋਲ ਅਜਿਹੇ ਕਈ ਕੇਸਾਂ ਦੀ ਸੂਚੀ ਹੈ, ਜਿਸ ਵਿਚ ਸੁਪਰੀਮ ਕੋਰਟ ਦੇ ਪੂਰੇ ਬੈਂਚ ਨੇ ਫੈਸਲਾ ਦਿੱਤਾ ਹੈ ਕਿ ਕੇਂਦਰ ਸਰਕਾਰ ਇਸ (ਖੇਤੀ) ਵਿਸ਼ੇ ‘ਚ ਦਖਲ ਨਹੀਂ ਦੇ ਸਕਦੀ।‘
_______________________
ਕਿਸਾਨਾਂ ਦੇ ਹੱਕ ‘ਚ ਨਿੱਤਰੇ ਕਲਾਕਾਰ
ਨਵੀਂ ਦਿੱਲੀ: ਟਿਕਰੀ ਬਾਰਡਰ ‘ਤੇ ਦੇਸ਼ ਦੇ ਨਾਮੀਂ ਅਦਾਕਾਰਾਂ ਤੇ ਗਾਇਕਾਂ ਨੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਹਰਭਜਨ ਮਾਨ, ਰੱਬੀ ਸ਼ੇਰਗਿੱਲ, ਸਵਰਾ ਭਾਸਕਰ ਤੇ ਹੋਰ ਕਲਾਕਾਰਾਂ ਨੇ ਆਪਣੀ ਹਾਜ਼ਰੀ ਟਿਕਰੀ ‘ਤੇ ਲੁਆਈ। ਕੰਵਰ ਗਰੇਵਾਲ, ਰਵਿੰਦਰ ਗਰੇਵਾਲ ਤੇ ਹੋਰ ਗਾਇਕ ਪਹਿਲਾਂ ਹੀ ਧਰਨਿਆਂ ‘ਚ ਸ਼ਮੂਲੀਅਤ ਕਰਕੇ ਕਿਸਾਨੀ ਘੋਲ ਦਾ ਹਿੱਸਾ ਬਣੇ ਹੋਏ ਹਨ। ‘ਆਰਟਿਸਟਸ ਫਾਰ ਫਾਰਮਰਜ਼‘ ਦੇ ਨਾਂ ਹੇਠ ਉਲੀਕੇ ਗਏ ਇਸ ਪ੍ਰੋਗਰਾਮ ਦੌਰਾਨ ਹਰਭਜਨ ਮਾਨ ਨੇ ਕਿਹਾ ਕਿ ਕਲਾਕਾਰ ਜੋ ਅੱਜ ਜਿਸ ਮੁਕਾਮ ‘ਤੇ ਹਨ, ਉਹ ਕਿਸਾਨਾਂ ਸਦਕਾ ਹਨ।