ਕਿਸਾਨਾਂ ਨੇ ਟਰੈਕਟਰ ਪਰੇਡ ਲਈ ਪੰਜਾਬ ‘ਚ ਲਾਮਬੰਦੀ ਅਰੰਭੀ

ਚੰਡੀਗੜ੍ਹ: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਵਿੱਢੇ ਸੰਘਰਸ਼ ਤਹਿਤ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਕਿਸਾਨਾਂ ਨੇ ਪੰਜਾਬ ਵਿਚੋਂ ਲਾਮਬੰਦੀ ਆਰੰਭ ਦਿੱਤੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀ ਤੇ ਸਹਿਯੋਗੀ ਜਥੇਬੰਦੀਆਂ ਨੇ ਵਲੰਟੀਅਰਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਪਰੇਡ ਮੋਦੀ ਸਰਕਾਰ ਦੇ ਸਾਰੇ ਭਰਮ-ਭੁਲੇਖੇ ਦੂਰ ਕਰ ਦੇਵੇਗੀ।

ਪੰਜਾਬ ਵਿਚ ਚੱਲ ਰਹੇ ਧਰਨਿਆਂ ‘ਚ ਵੀ ਟਰੈਕਟਰ ਪਰੇਡ ਲਈ ਹਰ ਤਰ੍ਹਾਂ ਦੀ ਲਾਮਬੰਦੀ ਦਾ ਸੱਦਾ ਦਿੱਤਾ ਜਾ ਰਿਹਾ ਹੈ। ਉਧਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸੋਰ ਨੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਖੇਤ ਮਜ਼ਦੂਰਾਂ ਦਾ ਵੱਡਾ ਜਥਾ 24 ਦਸੰਬਰ ਨੂੰ ਦਿੱਲੀ ਜਾਵੇਗਾ।
ਸੂਬੇ ਵਿਚ ਸਾਢੇ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਧਰਨਿਆਂ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਜਪਾ, ਕੇਂਦਰ ਸਰਕਾਰ ਅਤੇ ਕਾਰਪੋਰੇਟਾਂ ਦੇ ਸਾਰੇ ਭਰਮ-ਭੁਲੇਖੇ ਦੂਰ ਕਰਨ ਲਈ ਕਿਸਾਨਾਂ ਨੂੰ ਜ਼ੋਰਦਾਰ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਗੱਦੀ ‘ਤੇ ਬੈਠੇ ਹੁਕਮਰਾਨਾਂ ਨੂੰ ਖੇਤਾਂ ਦੇ ਜਾਇਆਂ ਦੀ ਤਾਕਤ ਦਾ ਅਹਿਸਾਸ ਹੋ ਜਾਵੇ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਜ਼ਿੰਦਗੀਆਂ ਦਾਅ ‘ਤੇ ਲਾਉਣ ਵਾਲੇ ਕਿਸਾਨਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ ਅਤੇ ਸਰਕਾਰ ਨੂੰ ਕਿਸਾਨੀ ਅੰਦੋਲਨ ਦੀ ਮਹਿੰਗੀ ਕੀਮਤ ਅਦਾ ਕਰਨੀ ਪਵੇਗੀ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਚੱਲ ਰਹੇ ਦਿਨ-ਰਾਤ ਦੇ ਧਰਨਿਆਂ ‘ਚ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਕੇਂਦਰ ਸਰਕਾਰ ਦੇ ਹਰ ਜਬਰ-ਜ਼ੁਲਮ ਨੂੰ ਸਹਿ ਸਕਦੇ ਹਨ ਪਰ ਆਪਣੇ ਭਵਿੱਖ ਨੂੰ ਆਂਚ ਨਹੀਂ ਆਉਣ ਦੇਣਗੇ। ਬੁਲਾਰਿਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਤਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਹੀ ਚਾਨਣਾ ਹੋਇਆ ਸੀ ਕਿ ਮੋਦੀ ਸਰਕਾਰ ਸਮੁੱਚੀ ਕਿਸਾਨੀ ਨੂੰ ਅੰਬਾਨੀ ਅਤੇ ਅਡਾਨੀ ਕੋਲ ਵੇਚਣ ਜਾ ਰਹੀ ਹੈ ਪਰ ਹੁਣ ਦੇਸ਼ ਭਰ ਦੇ ਕਿਸਾਨਾਂ ਨੂੰ ਆਪਣਾ ਭਵਿੱਖ ਖਤਰੇ ਵਿਚ ਦਿਖ ਰਿਹਾ ਹੈ। ਪੰਜਾਬ ਦੇ ਧਰਨਿਆਂ ਤੋਂ ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਆਖਿਆ ਕਿ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਖੇਤ ਮਜ਼ਦੂਰਾਂ ਦਾ ਆਪਣਾ ਸੰਘਰਸ਼ ਬਣਦਾ ਜਾ ਰਿਹਾ ਹੈ।
_________________
ਹਰਿਆਣਾ ‘ਚ ਟਰੈਕਟਰ ਚਲਾਉਣਾ ਸਿੱਖ ਰਹੀਆਂ ਨੇ ਔਰਤਾਂ
ਚੰਡੀਗੜ੍ਹ: ਹਰਿਆਣਾ ਦੇ ਜੀਂਦ ਜਿਲ੍ਹੇ ਦੇ ਪਿੰਡਾਂ ਦੀਆਂ ਕਈ ਔਰਤਾਂ ਖੇਤੀ ਕਾਨੂੰਨਾਂ ਖਿਲਾਫ 26 ਜਨਵਰੀ ਨੂੰ ਰਾਸ਼ਟਰੀ ਰਾਜਧਾਨੀ ‘ਚ ਹੋ ਰਹੀ ‘ਟਰੈਕਟਰ ਪਰੇਡ‘ ਵਿਚ ਹਿੱਸਾ ਲੈਣ ਲਈ ਟਰੈਕਟਰ ਚਲਾਉਣ ਦੀ ਸਿਖਲਾਈ ਲੈ ਰਹੀਆਂ ਹਨ। ਜੀਂਦ ਦੇ 3 ਪਿੰਡਾਂ ਸਫਾ ਖੇਰੀ, ਖਟਕਰ ਤੇ ਪੱਲਵਨ ਦੀਆਂ ਔਰਤਾਂ ਟਰੈਕਟਰ ਚਲਾਉਣ ਦੀ ਸਿਖਲਾਈ ਲੈ ਰਹੀਆਂ ਹਨ। 200 ਦੇ ਕਰੀਬ ਔਰਤਾਂ ਨੂੰ ਟਰੈਕਟਰ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਕੁਝ ਔਰਤਾਂ ਖੇਤਾਂ ‘ਚ ਕੰਮ ਕਰਨ ਲਈ ਟਰੈਕਟਰ ਤਾਂ ਚਲਾ ਲੈਂਦੀਆਂ ਹਨ, ਪਰ ਉਨ੍ਹਾਂ ਨੂੰ ਸੜਕਾਂ ‘ਤੇ ਟਰੈਕਟਰ ਚਲਾਉਣ ਦਾ ਤਜਰਬਾ ਨਹੀਂ ਹੈ। ਪਿੰਡਾਂ ਦੇ ਕਈ ਲੋਕਾਂ ਵਲੋਂ ਔਰਤਾਂ ਨੂੰ ਟਰੈਕਟਰ ਦੇ ਕੇ ਉਚਿਤ ਸਿਖਲਾਈ ਦਿੱਤੀ ਜਾ ਰਹੀ ਹੈ।
_______________________
ਦਿੱਲੀ ਦੀਆਂ ਹੱਦਾਂ ਉਤੇ ਸੁਰੱਖਿਆ ਵਧਾਈ
ਨਵੀਂ ਦਿੱਲੀ: ਦਿੱਲੀ ਦੇ ਚਾਰੇ ਪਾਸੇ ਧਰਨੇ ਦੇ ਕੇ ਬੈਠੇ ਕਿਸਾਨਾਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਲਈ ਦਿੱਲੀ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਆਏ ਦਿਨ ਸੁਰੱਖਿਆ ਬੰਦੋਬਸਤ ਸਖਤ ਕੀਤੇ ਜਾ ਰਹੇ ਹਨ। ਸਿੰਘੂ ਬਾਰਡਰ ‘ਤੇ ਰੱਖੇ ਸੀਮਿੰਟ ਦੇ ਬਲਾਕ ਮੋਟੇ ਸੰਗਲਾਂ ਨਾਲ ਬੰਨ੍ਹ ਦਿੱਤੇ ਗਏ ਹਨ। ਕਿਸਾਨਾਂ ਲਈ ਪੈਦਲ ਆਉਣ-ਜਾਣ ਵਾਲੇ ਰਾਹ ਜੋ ਪਹਿਲਾਂ ਖੁੱਲ੍ਹੇ ਸਨ, ਉਨ੍ਹਾਂ ‘ਤੇ ਹੁਣ ਹੌਲੀ-ਹੌਲੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਸਿੰਘੂ ਬਾਰਡਰ ਨੂੰ ਦਿੱਲੀ ਤੋਂ ਜਾਂਦੀ ਮੁੱਖ ਸੜਕ ਦੀਆਂ ਬੰਦ ਪਈਆਂ ਲਾਲ ਬੱਤੀਆਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ। ਹੁਣ ਦਿੱਲੀ ਟਰੈਫਿਕ ਪੁਲਿਸ ਦੇ ਦਸਤੇ ਇਨ੍ਹਾਂ ਲਾਲ ਬੱਤੀਆਂ ‘ਤੇ ਟਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਦੇ ਚਲਾਣ ਕੱਟਣ ਲੱਗੇ ਹਨ। ਇਹੀ ਹਾਲ ਗਾਜ਼ੀਪੁਰ ਤੇ ਟਿਕਰੀ ਮਾਰਗਾਂ ‘ਤੇ ਚੱਲ ਰਹੇ ਧਰਨਿਆਂ ਦੇ ਰੂਟਾਂ ਉਪਰ ਹੈ ਜਿੱਥੇ ਟਰੈਫਿਕ ਪੁਲਿਸ ਨੇ ਵਾਹਨ ਚਾਲਕਾਂ ਦੇ ਧੜਾ-ਧੜ ਚਲਾਨ ਕੱਟਣੇ ਸ਼ੁਰੂ ਕੀਤੇ ਹਨ।