ਲੋਕ ਲਹਿਰ ਬਣਿਆ ਕਿਸਾਨ ਅੰਦੋਲਨ, ਵਿਦੇਸ਼ਾਂ ਤੱਕ ਪਈ ਗੂੰਜ

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ਉਤੇ ਬੈਠੇ ਕਿਸਾਨਾਂ ਦਾ ਅੰਦੋਲਨ ਹੁਣ ਲੋਕ ਅੰਦੋਲਨ ਬਣ ਚੁੱਕਾ ਹੈ। ਇਸ ਦੀ ਗੂੰਜ ਵਿਦੇਸ਼ਾਂ ‘ਚ ਵੀ ਸੁਣ ਰਹੀ ਹੈ। ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਨੇ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦੇ ਹੱਕ ਦੀ ਤਾਈਦ ਕੀਤੀ ਸੀ।

ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਆਉਣ ਵਾਲੇ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਦੌਰਾ ਰੱਦ ਹੋ ਗਿਆ ਹੈ ਤੇ ਬਰਤਾਨੀਆ ਦੇ ਸੌ ਸੰਸਦ ਮੈਂਬਰਾਂ ਨੇ ਜੌਹਨਸਨ ਕੋਲ ਮੁੱਦਾ ਉਠਾਇਆ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਕਿਸਾਨਾਂ ਦੇ ਮੁੱਦੇ ‘ਤੇ ਗੱਲਬਾਤ ਜਰੂਰ ਕਰਨ। ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਪਹਿਲਕਦਮੀ ‘ਤੇ ਸੰਸਦ ਮੈਂਬਰਾਂ ਤੋਂ ਕਰਵਾਏ ਦਸਤਖਤਾਂ ਦਾ ਮਕਸਦ ਪੰਜਾਬੀਆਂ ਦੇ ਹੱਕ ‘ਚ ਖੜ੍ਹੇ ਹੋਣ ਦੇ ਨਾਲ ਨਾਲ ਮਨੁੱਖਤਾ ਦੇ ਆਧਾਰ ‘ਤੇ ਮਾਮਲਾ ਹੱਲ ਕਰਵਾਉਣ ‘ਚ ਮਦਦਗਾਰ ਹੋਣਾ ਹੈ।
ਤਨਮਨਜੀਤ ਸਿੰਘ ਢੇਸੀ ਨੇ ਪਹਿਲਾਂ ਵੀ ਕਿਸਾਨਾਂ ਦਾ ਮੁੱਦਾ ਬਰਤਾਨਵੀ ਸੰਸਦ ਵਿਚ ਉਠਾਇਆ ਸੀ। ਇਸ ਤੋਂ ਇਲਾਵਾ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਜਰਮਨੀ ਸਮੇਤ ਪੰਜਾਬੀਆਂ ਦੀ ਮੌਜੂਦਗੀ ਵਾਲੇ ਤਮਾਮ ਮੁਲਕਾਂ ਅੰਦਰ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਲੋਕ ਰਾਇ ਲਾਮਬੰਦ ਕੀਤੀ ਜਾ ਚੁੱਕੀ ਹੈ। ਕਈ ਹੋਰ ਦੇਸ਼ਾਂ ਦੇ ਸੰਸਦ ਮੈਂਬਰਾਂ ਨੇ ਵੀ ਅੰਦੋਲਨ ਬਾਰੇ ਸਰਕਾਰੀ ਬੇਰੁਖੀ ਦੇ ਮੁੱਦੇ ਉਤੇ ਚਿੰਤਾ ਪ੍ਰਗਟ ਕੀਤੀ ਗਈ ਹੈ ਅਤੇ ਇਸ ਨੂੰ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਦੇਖਿਆ ਹੈ। ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਦੇਸ਼ ਦੀ ਸਰਕਾਰ ਦਾ ਕੋਵਿਡ-19 ਜਿਹੀ ਮਹਾਮਾਰੀ ਦੌਰਾਨ ਤਿੰਨ ਆਰਡੀਨੈਂਸ ਜਾਰੀ ਕਰਨ ਪਿੱਛੇ ਮਕਸਦ ਕੀ ਸੀ। ਇਸ ਬਾਰੇ ਸਰਕਾਰ ਖਾਮੋਸ਼ ਹੈ ਅਤੇ ਇਹ ਵੀ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ ਕਿ ਆਰਡੀਨੈਂਸ ਕਿਹੜੇ ਖਾਸ ਹਾਲਾਤ ਅਤੇ ਜਰੂਰਤ ਕਾਰਨ ਜਾਰੀ ਕੀਤੇ ਗਏ।
ਸੰਯੁਕਤ ਰਾਸ਼ਟਰ ਦਾ 17 ਦਸੰਬਰ 2018 ਨੂੰ ਪਾਸ ਕੀਤਾ ਮਤਾ ਵੀ ਸਲਾਹ ਦਿੰਦਾ ਹੈ ਕਿ ਖੇਤੀ ਤੇ ਦਿਹਾਤੀ ਖੇਤਰ ਬਾਰੇ ਕਾਨੂੰਨ ਜਾਂ ਨੀਤੀ ਸਬੰਧਿਤ ਲੋਕਾਂ ਨਾਲ ਸਲਾਹ ਕਰ ਕੇ ਹੀ ਬਣਾਈ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਅਜੇ ਤੱਕ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਸਮਾਂ ਨਹੀਂ ਕੱਢਿਆ। ਪ੍ਰਧਾਨ ਮੰਤਰੀ ਨੇ ਵੈਸੇ ਵੀ ਖੁਦ ਨੂੰ ਸਵਾਲਾਂ ਲਈ ਪੇਸ਼ ਨਹੀਂ ਕੀਤਾ, ਦੂਸਰੀ ਵਾਰ ਸਰਕਾਰ ਬਣਾਉਣ ਦੇ ਬਾਵਜੂਦ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ। ਲੋਕਤੰਤਰ ਵਿਚ ਆਗੂਆਂ ਦੀ ਜਵਾਬਦੇਹੀ ਬੁਨਿਆਦੀ ਅਸੂਲ ਵਜੋਂ ਲਈ ਜਾਂਦੀ ਹੈ। ਪਰਵਾਸੀ ਭਾਰਤੀ ਆਪਣੇ ਰਿਸ਼ਤੇਦਾਰਾਂ ਅਤੇ ਪਿਆਰਿਆਂ ਦੀ ਹੋਣੀ ਨੂੰ ਲੈ ਕੇ ਚਿੰਤਤ ਹਨ। ਉਹ ਆਪੋ ਆਪਣੇ ਸਥਾਨਕ ਆਗੂਆਂ ਰਾਹੀਂ ਆਪਣੀ ਰਾਇ ਭਾਰਤ ਦੇ ਆਗੂਆਂ ਤੱਕ ਪਹੁੰਚਾਉਣ ਦਾ ਦਬਾਅ ਪਾ ਰਹੇ ਹਨ।
_____________________________
ਬਰਤਾਨੀਆ ਦੇ 100 ਤੋਂ ਵੱਧ ਸੰਸਦ ਮੈਂਬਰਾਂ ਦੀ ਬੋਰਿਸ ਤੱਕ ਪਹੁੰਚ
ਬਰਤਾਨੀਆ ਦੇ 100 ਤੋਂ ਵੱਧ ਸੰਸਦ ਮੈਂਬਰਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਭਾਰਤ ਵਿਚ ਚੱਲ ਰਹੇ ਸ਼ਾਂਤਮਈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਿਹਾ ਹੈ। ਇਸ ਬਾਰੇ ਪੱਤਰ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਲਿਖਿਆ ਹੈ ਤੇ ਬਾਕੀ ਸੰਸਦ ਮੈਂਬਰਾਂ ਨੇ ਇਸ ਉਪਰ ਦਸਤਖਤ ਕੀਤੇ ਹਨ। ਸ੍ਰੀ ਢੇਸੀ ਨੇ ਪ੍ਰਧਾਨ ਮੰਤਰੀ ਜੌਹਨਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਾਰੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ।
_____________________________
ਪਰਵਾਸੀ ਪੰਜਾਬੀਆਂ ਨੇ ਦਿੱਲੀ ਵੱਲ ਵਹੀਰਾਂ ਘੱਤੀਆਂ
ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਚ ਚੱਲ ਰਹੇ ਕਿਸਾਨ ਸੰਘਰਸ਼ ‘ਚ ਕੁੱਦਣ ਲਈ ਹੁਣ ਐਨ.ਆਰ.ਆਈਜ਼. ਵੀ ਪੰਜਾਬ ਪੁੱਜਣ ਲੱਗੇ ਹਨ। ਬੀਤੇ ਦਿਨੀਂ ਸੰਘਰਸ਼ ‘ਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਐਨ.ਆਰ.ਆਈਜ਼. ਤੇ ਸਮਾਜ ਸੇਵਕ ਦਰਸ਼ਨ ਸਿੰਘ ਧਾਲੀਵਾਲ ਤੇ ਚਰਨਜੀਤ ਸਿੰਘ ਰੱਖੜਾ ਆਪਣੇ ਪਿੰਡ ਰੱਖੜਾ ਪੁੱਜੇ। ਦੋਵਾਂ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਤੋਂ ਹਜ਼ਾਰਾਂ ਕਿਸਾਨ ਟਰਾਲੀਆਂ ਦੇ ਕਾਫਲੇ ਜਰੀਏ ਦਿੱਲੀ ਮੋਰਚੇ ਲਈ ਰਵਾਨਾ ਹੋਏ। ਇਸ ਕਾਫਲੇ ਨੂੰ ਦਰਸ਼ਨ ਸਿੰਘ ਧਾਲੀਵਾਲ ਨੇ ਹਰੀ ਝੰਡੀ ਦਿੱਤੀ ਅਤੇ ਉਨ੍ਹਾਂ ਨਾਲ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਹਾਜਰ ਸਨ। ਦੱਸਣਯੋਗ ਹੈ ਕਿ ਅਮਰੀਕਾ ਦੇ ਉਘੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਸਾਬਕਾ ਅਕਾਲੀ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੇ ਵੱਡੇ ਭਰਾ ਹਨ। ਰੱਖੜਾ ਪਰਿਵਾਰ ਵੱਲੋਂ ਸੌ ਤੋਂ ਵੱਧ ਟਰਾਲੀਆਂ ਦਿੱਲੀ ਰਵਾਨਾ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ ਬਹੁਤੀਆਂ ‘ਚ ਰਸਦ ਸੀ।