ਚੰਡੀਗੜ੍ਹ: ਅੰਤਰਰਾਸ਼ਟਰੀ ਬਾਜ਼ਾਰ `ਚ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਭਾਰਤ ਵਿਚ ਪੈਟਰੋਲ ਅਤੇ ਡੀਜ਼ਲਲ ਦੀਆਂ ਕੀਮਤਾਂ ਨੇ ਸ਼ੂੂਟ ਵੱਟੀ ਹੋਈ ਹੈ। ਕੇਂਦਰ ਅਤੇ ਰਾਜ ਸਰਕਾਰਾਂ ਦੇ ਪੈਟਰੋਲ ਅਤੇ ਡੀਜ਼ਲ ਦੇ ਉਪਰ ਐਨੇ ਜਿਆਦਾ ਅਲੱਗ-ਅਲੱਗ ਟੈਕਸ ਹਨ ਕਿ ਉਹ ਅਸਲ ਕੀਮਤ ਤੋਂ ਜਿਆਦਾ ਪੁੱਜ ਗਏ ਹਨ। ਇਕ ਜਾਣਕਾਰੀ ਮੁਤਾਬਕ ਕੇਂਦਰ ਦੇ ਪੈਟਰੋਲ, ਡੀਜ਼ਲ ਦੇ ਉਪਰ 28 ਤੋਂ 30 ਰੁਪਏ ਪ੍ਰਤੀ ਲੀਟਰ ਤੱਕ ਤੇ ਰਾਜ ਸਰਕਾਰਾਂ ਦੇ 14 ਤੋਂ 15 ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ ਡੀਜ਼ਲ ਦੀ ਅਸਲ ਕੀਮਤ ਉਤੇ ਅਲੱਗ ਤੋਂ ਟੈਕਸ ਹਨ। ਕੀਮਤ ਘਟਾਉਣ ਦਾ ਮੌਕਾ ਆਉਂਦਾ ਹੈ ਤਾਂ ਕੇਂਦਰ ਸਰਕਾਰ ਆਬਕਾਰੀ ਡਿਊਟੀ ਅਤੇ ਰਾਜ ਸਰਕਾਰਾਂ ਵੈਟ ਵਧਾ ਕੇ ਸਾਰੀ ਕਸਰ ਪੂਰੀ ਕਰ ਦਿੰਦੀਆਂ ਹਨ।
ਮਈ 2014 `ਚ ਕੱਚੇ ਤੇਲ ਦੀ ਕੀਮਤ 105.71 ਡਾਲਰ ਪ੍ਰਤੀ ਬੈਰਲ ਸੀ, ਉਸ ਵੇਲੇ ਪੈਟਰੋਲ ਦੀ ਕੀਮਤ 71.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ 56.71 ਰੁਪਏ ਪ੍ਰਤੀ ਲੀਟਰ ਸੀ ਜਦਕਿ ਦਸੰਬਰ 2020 `ਚ ਅੰਤਰਰਾਸ਼ਟਰੀ ਬਾਜ਼ਾਰ `ਚ ਕੱਚੇ ਤੇਲ ਦਾ ਉਤਪਾਦਨ ਘਟਣ ਤੋਂ ਬਾਅਦ ਹੁਣ ਇਹ 47.58 ਡਾਲਰ ਪ੍ਰਤੀ ਬੈਰਲ ਸੀ, ਉਸ ਵੇਲੇ ਪੈਟਰੋਲ ਦੀ ਕੀਮਤ 90.34 ਰੁਪਏ ਤੇ ਡੀਜ਼ਲ ਦੀ 80.51 ਰੁਪਏ ਪ੍ਰਤੀ ਲੀਟਰ ਪੁੱਜ ਗਈ ਸੀ। ਜਦਕਿ ਹੁਣ ਪੈਟਰੋਲ ਅਤੇ ਡੀਜ਼ਲ ਦੀ ਕੀਮਤ 85.20 ਰੁਪਏ ਤੇ 75.95 ਰੁਪਏ ਪ੍ਰਤੀ ਲੀਟਰ ਹੈ।
ਤੇਲ ਦੀਆਂ ਕੀਮਤਾਂ ਬਾਰੇ ਅਪਣਾਈ ਖੁੱਲ੍ਹੀ/ਆਜਾਦ ਮੰਡੀ ਦੀ ਨੀਤੀ ਕਾਰਨ ਤੇਲ ਕੰਪਨੀਆਂ ਨੂੰ ਖੁੱਲ੍ਹ ਦਿੱਤੀ ਗਈ ਹੈ ਕਿ ਉਹ ਆਏ ਦਿਨ ਖੁਦ ਹੀ ਕੀਮਤਾਂ ਵਧਾਉਣ ਜਾਂ ਘਟਾਉਣ ਦਾ ਐਲਾਨ ਕਰ ਸਕਦੀਆਂ ਹਨ। ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਹਰ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਤਾਂ ਦਿੱਤੀਆਂ ਜਾਂਦੀਆਂ ਹਨ ਪਰ ਜਦੋਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘਟਦੀਆਂ ਹਨ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਸ ਅਨੁਪਾਤ ਵਿਚ ਘਟਾਈਆਂ ਨਹੀਂ ਜਾਂਦੀਆਂ।
ਦਿੱਲੀ ਵਿਚ ਹੁਣ ਤੇਲ ਪਿਛਲੇ ਸਮਿਆਂ ਨਾਲੋਂ ਸਭ ਤੋਂ ਮਹਿੰਗਾ ਪੈਟਰੋਲ ਮਿਲੇਗਾ। ਅਕਤੂਬਰ 2018 ਵਿਚ ਪੈਟਰੋਲ ਦੀ ਕੀਮਤ 84 ਰੁਪਏ ਪ੍ਰਤੀ ਲੀਟਰ ਹੋਈ ਸੀ ਅਤੇ ਉਦੋਂ ਕੌਮਾਂਤਰੀ ਮੰਡੀ ਵਿਚ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਸੀ। ਇਸ ਵਕਤ ਕੱਚੇ ਤੇਲ ਦੀ ਕੀਮਤ 54 ਡਾਲਰ ਪ੍ਰਤੀ ਬੈਰਲ ਹੈ ਪਰ ਪੈਟਰੋਲ 84 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੀਮਤ ਉੱਤੇ ਮਿਲੇਗਾ। ਇਸ ਪਿੱਛੇ ਵੱਡਾ ਕਾਰਨ ਸਰਕਾਰਾਂ ਵੱਲੋਂ ਵਸੂਲੇ ਜਾਂਦੇ ਟੈਕਸਾਂ ਦਾ ਹੈ। ਸਾਲ 2019 ਦੇ ਸ਼ੁਰੂ ਵਿਚ ਪੈਟਰੋਲ ਉਤੇ ਕੇਂਦਰ ਸਰਕਾਰ ਦੀ ਆਬਕਾਰੀ ਡਿਊਟੀ 19.98 ਰੁਪਏ ਪ੍ਰਤੀ ਲੀਟਰ ਸੀ, ਜਦੋਂਕਿ ਹੁਣ ਇਹ ਵਧ ਕੇ 32.98 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਸਮੇਂ ਦੌਰਾਨ ਡੀਜ਼ਲ ਉਤੇ ਆਬਕਾਰੀ ਡਿਊਟੀ 15.83 ਰੁਪਏ ਤੋਂ ਵਧਾ ਕੇ 31.83 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਕ ਅਨੁਮਾਨ ਅਨੁਸਾਰ ਕੇਂਦਰ ਸਰਕਾਰ ਨੂੰ ਅਪਰੈਲ 2020 ਤੋਂ ਮਾਰਚ 2021 ਤੱਕ ਪਹਿਲਾਂ ਹੀ ਵਧੀ ਹੋਈ ਆਬਕਾਰੀ ਡਿਊਟੀ ਨਾਲ ਹੀ 1.60 ਲੱਖ ਕਰੋੜ ਰੁਪਏ ਵਾਧੂ ਹਾਸਲ ਹੋਣਗੇ।
ਮਈ 2013 ਤੋਂ ਲੈ ਕੇ ਦਸੰਬਰ 2020 ਤੱਕ ਦੇ ਅੰਕੜੇ ਦੱਸਦੇ ਹਨ ਕਿ ਜਦੋਂ ਵੀ ਅੰਤਰਰਾਸ਼ਟਰੀ ਬਾਜ਼ਾਰ `ਚ ਕੱਚੇ ਤੇਲ ਦੀਆਂ ਕੀਮਤਾਂ ਮਈ 2015 ਤੋਂ ਬਾਅਦ ਘਟਣ ਲੱਗੀਆਂ ਤਾਂ ਤੇਲ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ `ਚ ਵਾਧਾ ਕੀਤਾ ਜਾਂਦਾ ਰਿਹਾ ਹੈ। ਮਈ 2013 `ਚ 99.37 ਡਾਲਰ ਪ੍ਰਤੀ ਬੈਰਲ ਤੇ ਪੈਟਰੋਲ 71.13 ਰੁਪਏ, ਡੀਜ਼ਲ 54.59 ਰੁਪਏ ਪ੍ਰਤੀ ਲੀਟਰ ਤੇ ਇਸੇ ਤਰ੍ਹਾਂ ਨਾਲ ਦਸੰਬਰ 2014 `ਚ 60.07 ਡਾਲਰ ਪ੍ਰਤੀ ਬੈਰਲ, ਪੈਟਰੋਲ 70.95 ਤੇ ਡੀਜ਼ਲ 57 ਰੁਪਏ, ਮਈ 2015 `ਚ 62.51 ਡਾਲਰ ਪ੍ਰਤੀ ਬੈਰਲ, ਪੈਟਰੋਲ 74.12, ਡੀਜ਼ਲ 59.86 ਰੁਪਏ, ਦਸੰਬਰ 2015 ਵਿਚ 36.57 ਡਾਲਰ ਪ੍ਰਤੀ ਬੈਰਲ, ਪੈਟਰੋਲ 67.04 ਤੇ ਡੀਜ਼ਲ 59.86, ਦਸੰਬਰ 2016 ਵਿਚ 52.62 ਡਾਲਰ ਪ੍ਰਤੀ ਬੈਰਲ, ਪੈਟਰੋਲ 74.12, ਡੀਜ਼ਲ 60.17, ਜੂਨ 2017 ਵਿਚ 46.17 ਡਾਲਰ ਪ੍ਰਤੀ ਬੈਰਲ, ਪੈਟਰੋਲ 66.12 ਤੇ ਡੀਜ਼ਲ 63.12 ਰੁਪਏ, ਦਸੰਬਰ 2017 ਵਿਚ 61.19 ਡਾਲਰ ਪ੍ਰਤੀ ਬੈਰਲ ਤੇ ਪੈਟਰੋਲ 76.55 ਤੇ ਡੀਜ਼ਲ 63.19, ਜੂਨ 2018 ‘ਚ 71.98 ਡਾਲਰ ਪ੍ਰਤੀ ਬੈਰਲ ਤੇ ਪੈਟਰੋਲ 83.06 ਤੇ ਡੀਜ਼ਲ 71.99 ਰੁਪਏ, ਦਸੰਬਰ 2018 ਵਿਚ 53.96 ਡਾਲਰ ਪ੍ਰਤੀ ਬੈਰਲ ਤੇ ਪੈਟਰੋਲ 74.47 ਰੁਪਏ ਡੀਜ਼ਲ 66.79, ਜੂਨ 2019 ਵਿਚ 59.76 ਡਾਲਰ ਪ੍ਰਤੀ ਬੈਰਲ ਤੇ ਪੈਟਰੋਲ 76.6 ਰੁਪਏ ਤੇ ਡੀਜ਼ਲ 68.76 ਰੁਪਏ, ਦਸੰਬਰ 2019 ਵਿਚ 63.35 ਡਾਲਰ ਪ੍ਰਤੀ ਬੈਰਲ ਤੇ ਪੈਟਰੋਲ 80.59 ਅਤੇ ਡੀਜ਼ਲ 71.29 ਰੁਪਏ, ਜੂਨ 2020 ਵਿਚ 39.46 ਡਾਲਰ ਪ੍ਰਤੀ ਬੈਰਲ ਤੇ ਪੈਟਰੋਲ 87.19 ਰੁਪਏ ਅਤੇ ਡੀਜ਼ਲ ਦੀ ਕੀਮਤ 78.83 ਰੁਪਏ ਪ੍ਰਤੀ ਲੀਟਰ ਸੀ।