ਕੈਪਟਨ ਸਰਕਾਰ ਨੇ ਖੋਲ੍ਹਿਆ ਭਲਾਈ ਸਕੀਮਾਂ ਦਾ ਪਿਟਾਰਾ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਾਈ ਸਕੀਮਾਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ, ਜਿਸ ਤਹਿਤ ਪੰਜਾਬ ਵਿਚ ਹਾਈ ਸਕੂਲਾਂ ਅਤੇ ਕਾਲਜਾਂ ਦੀਆਂ ਵਿਦਿਆਰਥਣਾਂ ਲਈ ਮੁਫਤ ਸੈਨੇਟਰੀ ਪੈਡਜ ਸਮੇਤ ਕਈ ਵੱਡੇ ਭਲਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਣੀ ਹੈ। ਮੁੱਖ ਮੰਤਰੀ ਨੇ ਹਜ਼ਾਰਾਂ ਝੁੱਗੀ-ਝੌਂਪੜੀ ਵਾਲਿਆਂ ਦੇ ਘਰ ਬਣਾਉਣ ਦੇ ਸੁਪਨੇ ਨੂੰ ਅਮਲੀ ਰੂਪ ਦਿੱਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ 75.64 ਕਰੋੜ ਰੁਪਏ ਦੀ ਲਾਗਤ ਵਾਲੇ ਸਮਾਰਟ ਮੀਟਰਿੰਗ ਪ੍ਰੋਜੈਕਟ `ਤੇ ਉਪਭੋਗਤਾਵਾਂ ਵੱਲੋਂ ਈ-ਫਾਈਲਿੰਗ ਰਾਹੀਂ ਸ਼ਿਕਾਇਤਾਂ ਦਾਇਰ ਕਰਨ ਲਈ ਈ-ਦਾਖਲ ਪੋਰਟਲ ਦੀ ਸ਼ੁਰੂਆਤ ਵੀ ਕੀਤੀ ਹੈ।

ਮੁੱਖ ਮੰਤਰੀ ਵੱਲੋਂ ਵਰਚੁਅਲ ਢੰਗ ਨਾਲ ਸ਼ੁਰੂ ਕੀਤੀਆਂ ਗਈਆਂ ਦੋ ਹੋਰ ਸਕੀਮਾਂ ਤਹਿਤ ਜਨਵਰੀ ਮਹੀਨੇ ਨੂੰ ‘ਧੀਆਂ ਦੀ ਲੋਹੜੀ` ਨੂੰ ਸਮਰਪਿਤ ਕਰਨ ਤੋਂ ਇਲਾਵਾ ਨੌਜਵਾਨਾਂ ਲਈ 2500 ਖੇਡ ਕਿੱਟਾਂ ਦੀ ਵੰਡ ਦਾ ਰਾਹ ਵੀ ਪੱਧਰਾ ਕੀਤਾ ਗਿਆ ਹੈ। ਧੀਆਂ ਦੀ ਲੋਹੜੀ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਸੰਕੇਤਕ ਰੂਪ `ਚ ਪੰਜ ਬੱਚੀਆਂ ਨੂੰ 5100 ਰੁਪਏ ਦਾ ਸ਼ਗਨ ਅਤੇ ਹਰੇਕ ਬੱਚੀ ਲਈ ਸਾਜ਼ੋ-ਸਾਮਾਨ ਭੇਟ ਕੀਤਾ।
ਇਸ ਵਿਸ਼ੇਸ਼ ਸਕੀਮ ਤਹਿਤ ਪ੍ਰਤੀ ਦਿਨ ਪ੍ਰੋਗਰਾਮਾਂ ਦੀ ਲੜੀ ਸਮੂਹ ਜ਼ਿਲ੍ਹਿਆਂ ਵਿਚ ਕਰਵਾਈ ਜਾਵੇਗੀ, ਜਿਸ ਦੀ ਸ਼ੁਰੂਆਤ ਮੁਹਾਲੀ ਜ਼ਿਲ੍ਹੇ ਤੋਂ ਹੋਵੇਗੀ। ਇਸ ਮੌਕੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਧੀਆਂ ਦੀ ਲੋਹੜੀ ਸਬੰਧੀ ਮਹੀਨੇ ਦੇ ਅਖੀਰ ਵਿਚ ਫਿਰੋਜ਼ਪੁਰ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਬਸੇਰਾ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਪਟਿਆਲਾ, ਬਠਿੰਡਾ, ਫਾਜ਼ਿਲਕਾ ਅਤੇ ਮੋਗਾ ਜ਼ਿਲ੍ਹਿਆਂ ਦੀਆਂ 10 ਝੁੱਗੀ-ਝੌਂਪੜੀਆਂ ਦੇ 2816 ਨਿਵਾਸੀਆਂ ਨੂੰ ਪਹਿਲੇ ਦੌਰ ਵਿਚ ਮਾਲਕਾਨਾ ਹੱਕ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਛੇ ਲਾਭਪਾਤਰੀਆਂ ਨੂੰ ਸੰਕੇਤਕ ਤੌਰ `ਤੇ ‘ਸਨਦਾਂ` ਸੌਂਪੀਆਂ ਅਤੇ ਮਾਲਕਾਨਾ ਹੱਕ ਪ੍ਰਦਾਨ ਕੀਤੇ। ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਮੁੱਖ ਮੰਤਰੀ ਝੁੱਗੀ-ਝੌਂਪੜੀ ਵਿਕਾਸ ਪ੍ਰੋਗਰਾਮ ‘ਬਸੇਰਾ` ਦੀ ਸ਼ੁਰੂਆਤ ਕੀਤੀ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਵੀ ਵਿਚਾਰ ਰੱਖੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਹਿਯੋਗੀ ਵਜ਼ੀਰਾਂ ਨੂੰ ਕਿਹਾ ਕਿ ਉਹ ਆਉਂਦੇ ਵਰ੍ਹੇ 2021-22 ਦੇ ਸਾਲਾਨਾ ਬਜਟ, ਜੋ ਕਿ ਤਿਆਰੀ ਅਧੀਨ ਹੈ, ਵਿਚ ਵਾਧੂ ਤੌਰ `ਤੇ ਫੰਡ ਹਾਸਲ ਕਰਨ ਲਈ ਆਪੋ-ਆਪਣੇ ਵਿਭਾਗਾਂ ਦੀਆਂ ਸਕੀਮਾਂ ਅਤੇ ਯੋਜਨਾਵਾਂ ਪੇਸ਼ ਕਰਨ।
____________________________
ਨੌਕਰੀਆਂ `ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ `ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਇਸ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਤਹਿਤ ਸਰਕਾਰੀ ਭਰਤੀਆਂ ਦੌਰਾਨ ਜਨਰਲ ਵਰਗ, ਐਸ.ਸੀ, ਬੀ.ਸੀ, ਸਾਬਕਾ ਫੌਜੀ, ਖੇਡ ਕੋਟੇ ਤੇ ਆਰਥਿਕ ਪੱਖੋਂ ਕਮਜ਼ੋਰ ਕੋਟੇ `ਚ ਔਰਤਾਂ ਦੀਆਂ 33 ਫੀਸਦੀ ਅਸਾਮੀਆਂ ਰਾਖਵੀਆਂ ਹੋਣਗੀਆਂ। ਸਰਕਾਰ ਨੇ ਇਸ ਰਾਖਵਾਂਕਰਨ ਨਿਯਮ ਨੂੰ ‘ਪੰਜਾਬ ਸਿਵਲ ਸੇਵਾਵਾਂ (ਅਸਾਮੀਆਂ `ਚ ਔਰਤਾਂ ਲਈ ਰਾਖਵਾਂਕਰਨ) (ਪਹਿਲੀ ਸੋਧ) ਨਿਯਮ, 2020` ਨਾਮ ਦਿੱਤਾ ਹੈ।
____________________________
ਵਿਦੇਸ਼ੀ ਨਿਵੇਸ਼ ਵਧਾਉਣ ਲਈ ਉਚ ਤਾਕਤੀ ਨਿਵੇਸ਼ ਕਮੇਟੀ ਬਣਾਈ
ਜਲੰਧਰ: ਪੰਜਾਬ ਸਰਕਾਰ ਵਲੋਂ ਸੂਬੇ `ਚ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਆਨਰੇਰੀ ਐਨ.ਆਰ.ਆਈ. ਕੋਆਰਡੀਨੇਟਰ ਆਸਟ੍ਰੇਲੀਆ, ਕਰਨ ਸਿੰਘ ਰੰਧਾਵਾ ਅਤੇ ਯੂ. ਕੇ. ਦੇ ਆਨਰੇਰੀ ਕੋਆਰਡੀਨੇਟਰ ਮਨਜੀਤ ਸਿੰਘ ਨਿੱਝਰ ਨੂੰ ਸ਼ਾਮਲ ਕਰਦੇ ਹੋਏ ‘ਪੰਜਾਬ ਹਾਈ ਪਾਵਰਡ ਇਨਵੈਸਮੈਂਟ ਕਮੇਟੀ` ਦਾ ਗਠਨ ਕੀਤਾ ਗਿਆ ਹੈ। ਇਹ ਫੈਸਲਾ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਲਿਆ ਗਿਆ। ਰੰਧਾਵਾ ਨੇ ਇਸ ਕਮੇਟੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿਰਦੇਸ਼ਾਂ ਅਨੁਸਾਰ ਇਸ ਕਮੇਟੀ ਦਾ ਗਠਨ ਪੰਜਾਬ ਦੇ ਵਿਕਾਸ `ਚ ਵਿਦੇਸ਼ੀ ਨਿਵੇਸ਼ ਨੂੰ ਵਧਾਉਣ ਦੇ ਆਸੇ ਨਾਲ ਕੀਤਾ ਗਿਆ ਹੈ।