ਕਾਂਗਰਸੀਆਂ ਨੂੰ ਆਪਸੀ ਰੋਸੇ ਭੁਲਾਉਣ ਦੀ ਨਸੀਹਤ

ਚੰਡੀਗੜ੍ਹ: ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦੇ ਨਵੇਂ ਲਾਏ ਇੰਚਾਰਜ ਸ਼ਕੀਲ ਅਹਿਮਦ ਨੇ ਕਾਂਗਰਸੀਆਂ ਨੂੰ ਆਪਸੀ ਗਿਲੇ ਸ਼ਿਕਵੇ ਭੁਲਾਉਣ ਦੀ ਨਸੀਹਤ ਦਿੱਤੀ ਹੈ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਸਾਬਕਾ ਕੇਂਦਰੀ ਮੰਤਰੀ ਸ਼ਕੀਲ ਅਹਿਮਦ ਨੇ ਲੰਘੇ ਦਿਨ ਬੰਦ ਕਮਰਾ ਮੀਟਿੰਗ ਵਿਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਨੇਤਾਵਾਂ ਨੂੰ ਏਕਤਾ ਦਾ ਪਾਠ ਪੜ੍ਹਾਇਆ। ਉਨ੍ਹਾਂ ਨੇ ਪ੍ਰਦੇਸ ਕਾਂਗਰਸ ਕਮੇਟੀ ਦੀ ਪਲੇਠੀ ਮੀਟਿੰਗ ਵਿਚ ਕਿਹਾ ਕਿ ਆਪਸੀ ਗੁੱਸੇ ਗਿਲੇ ਭੁੱਲੇ ਤੋਂ ਬਗ਼ੈਰ ਸੱਤਾ ਹੱਥ ਆਉਣੀ ਮੁਸ਼ਕਲ ਹੈ।
ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਉਨ੍ਹਾਂ ਨੇ ਵਾਰ ਵਾਰ ਦੁਹਰਾਇਆ ਕਿ ਲੋਕ ਸਭਾ ਦੀਆਂ ਅਗਲੀਆਂ ਚੋਣਾਂ ਵਿਚ ਰਾਜ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਅਕਾਲੀ ਭਾਜਪਾ ਗੱਠਜੋੜ ਤੋਂ ਵਿਧਾਨ ਸਭਾ ਦੀ ਹਾਰ ਦਾ ਬਦਲਾ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਲੋਕ ਸਭਾ ਦੀਆਂ ਚੋਣਾ ਜਿੱਤਣ ਵਾਸਤੇ ਰਲਮਿਲ ਕੇ ਚੱਲਣ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਉਨ੍ਹਾਂ ਨੇ ਆਪਣੀ ਗੱਲ ਹੋਰ ਸਪਸ਼ਟ ਕਰਦਿਆਂ ਕਿਹਾ ਕਿ ਚੋਣਾਂ ਤਾਂ ਪਾਰਟੀ ਦੀ ਕਾਰਗੁਜ਼ਾਰੀ ਨਾਲ ਹੀ ਜਿੱਤੀਆਂ ਜਾ ਸਕਣਗੀਆਂ ਪਰ ਉਨ੍ਹਾਂ ਦੀ ਡਿਊਟੀ ਪਾਰਟੀ ਅੰਦਰਲੇ ਮਸਲੇ ਹੱਲ ਕਰਨ ਦੀ ਲਾਈ ਗਈ ਹੈ ਤੇ ਉਹ ਲੋੜ ਪੈਣ ਵੇਲੇ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹਨ। ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਅਕਾਲੀ ਭਾਜਪਾ ਸਰਕਾਰ ਦੀਆਂ ਜ਼ਿਆਦਤੀਆਂ ਦੇ ਖ਼ਿਲਾਫ਼ ਡਟ ਜਾਣ ਦਾ ਸੱਦਾ ਦਿੱਤਾ। ਮੀਟਿੰਗ ਵਿਚ ਭਾਵੇਂ ਪਾਰਟੀ ਦੇ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਹੋਰ ਅਹੁਦੇਦਾਰ ਸੱਦੇ ਹੋਏ ਸਨ ਪਰ ਕਾਂਗਰਸ ਦੇ ਕੌਮੀ ਨੇਤਾਵਾਂ ਤੋਂ ਬਗ਼ੈਰ ਹੋਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਾ ਦਿੱਤਾ ਗਿਆ। ਮੀਟਿੰਗ ਦੀ ਸ਼ੁਰੂਆਤ ਮੌਕੇ ਬੋਲਦਿਆਂ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਵਿਚ ਮੁੜ ਤੋਂ ਸੱਤਾ ਵਿਚ ਆਉਣ ਲਈ ਸਭ ਦਾ ਰਲ ਕੇ ਚੱਲਣਾ ਜ਼ਰੂਰੀ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮੁਨੀਸ਼ ਤਿਵਾੜੀ ਨੇ ਕਿਸੇ ਵੀ ਨੇਤਾ ਦਾ ਨਾਂ ਲਏ ਤੋਂ ਬਗ਼ੈਰ ਅਖ਼ਬਾਰਾਂ ਵਿਚ ਤਸਵੀਰਾਂ ਛਪਵਾਉਣ ਨਾਲੋਂ ਕੰਮ ਕਰਨ ਦੀ ਨਸੀਹਤ ਦਿੱਤੀ।
ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸੰਤੋਸ਼ ਚੌਧਰੀ ਨੇ ਵਰਕਰਾਂ ਦਾ ਗੁੱਸਾ ਸ਼ਾਂਤ ਕਰਨ ਲਈ ਐਂਬੂਲੈਂਸ 108 ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਨਾ ਲਾਹੁਣ ਦੀ ਸੂਰਤ ਵਿਚ ਕੇਂਦਰੀ ਗਰਾਂਟ ਬੰਦ ਕਰਾਉਣ ਦੀ ਧਮਕੀ ਮੁੜ ਦੁਹਰਾਈ। ਪ੍ਰਦੇਸ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਸਭ ਨੂੰ ਨਾਲ ਲੈ ਕੇ ਤੁਰਨ ਦਾ ਪ੍ਰਣ ਦੁਹਰਾਇਆ। ਉਨ੍ਹਾਂ ਨੇ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਾਰੇ ਸੀਨੀਅਰ ਨੇਤਾਵਾਂ ਦੀ ਸਲਾਹ ਨਾਲ ਕੰਮ ਕਰਨਗੇ। ਉਨ੍ਹਾਂ ਨੇ ਇਸ ਮੌਕੇ ਐਲਾਨ ਕੀਤਾ ਕਿ ਉਹ ਪੰਦਰਾਂ ਜੁਲਾਈ ਤੋਂ ਪੰਜਾਬ ਦੇ 117 ਵਿਧਾਨ ਸਭਾ ਦੇ ਹਲਕਿਆਂ ਦਾ ਦੌਰਾ ਕਰਨਗੇ। ਮੀਟਿੰਗ ਵਿਚੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਿੰਦਰ ਕੌਰ ਭੱਠਨ ਸਮੇਤ ਹੋਰ ਅੱਧੀ ਦਰਜਨ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਗੈਰਹਾਜ਼ਰ ਰਹੇ।

Be the first to comment

Leave a Reply

Your email address will not be published.