ਭਾਰਤ ‘ਚ ਕਰੋਨਾ ਟੀਕਾਕਰਨ ਲਈ ਮੁਹਿੰਮ ਤੇਜ਼

ਨਵੀਂ ਦਿੱਲੀ: ਭਾਰਤ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਪਹਿਲੇ ਗੇੜ ‘ਚ ਤਿੰਨ ਕਰੋੜ ਸਿਹਤ ਕਾਮਿਆਂ ਤੇ ਪਹਿਲੀਆਂ ਸਫਾਂ ‘ਚ ਡਟੇ ਹੋਏ ਕਰੋਨਾ ਯੋਧਿਆਂ ਨੂੰ ਤਰਜੀਹੀ ਆਧਾਰ ‘ਤੇ ਟੀਕੇ ਲਗਾਏ ਜਾਣਗੇ।

ਪ੍ਰਧਾਨ ਮੰਤਰੀ ਵੱਲੋਂ ਮੀਟਿੰਗ ਦੌਰਾਨ ਦੇਸ਼ ‘ਚ ਕਰੋਨਾ ਵਾਇਰਸ ਦੇ ਹਾਲਾਤ ਤੇ ਟੀਕੇ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੇ ਜਾਣ ਤੋਂ ਬਾਅਦ ਇਸ ਸਬੰਧੀ ਫੈਸਲਾ ਲਿਆ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਕੋਵਿਡ-19 ਪ੍ਰਬੰਧਨ ਨਾਲ ਜੁੜੇ ਵੱਖ ਵੱਖ ਪਹਿਲੂਆਂ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਕਿਹਾ, ‘ਲੋਹੜੀ, ਮਾਘੀ, ਪੌਂਗਲ ਵਰਗੇ ਤਿਉਹਾਰਾਂ ਨੂੰ ਧਿਆਨ ‘ਚ ਰੱਖਦਿਆਂ ਸਮੀਖਿਆ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਕੋਵਿਡ-19 ਟੀਕਾਕਰਨ ਮੁਹਿੰਮ 16 ਜਨਵਰੀ 2021 ਤੋਂ ਸ਼ੁਰੂ ਕੀਤੀ ਜਾਵੇਗੀ।‘ ਕੋਵਿਡ-19 ਟੀਕਾਕਰਨ ਮੁਹਿੰਮ ‘ਚ ਕਰੀਬ ਤਿੰਨ ਕਰੋੜ ਸਿਹਤ ਕਾਮਿਆਂ ਤੇ ਮੂਹਰਲੀਆਂ ਸਫਾਂ ‘ਚ ਤਾਇਨਾਤ ਕਰਮਚਾਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 50 ਸਾਲ ਤੋਂ ਵੱਧ ਉਮਰ ਦੇ ਕਰੀਬ 27 ਕਰੋੜ ਵਿਅਕਤੀਆਂ ਤੇ ਹੋਰ ਬਿਮਾਰੀਆਂ ਤੋਂ ਪੀੜਤ 50 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਇਕ ਨਹੀਂ, ਬਲਕਿ ਦੋ ‘ਮੇਡ ਇਨ ਇੰਡੀਆ` ਕਰੋਨਾ ਵਾਇਰਸ ਟੀਕਿਆਂ ਨਾਲ ਮਨੁੱਖਤਾ ਦੀ ਰਾਖੀ ਲਈ ਤਿਆਰ ਹੈ ਅਤੇ ਦੁਨੀਆਂ ਨਾ ਸਿਰਫ ਕੋਵਿਡ-19 ਤੋਂ ਬਚਾਅ ਲਈ ਭਾਰਤ ਦੇ ਟੀਕਿਆਂ ਦੀ ਉਡੀਕ ਕਰ ਰਹੀ ਹੈ ਬਲਕਿ ਇਸ `ਤੇ ਦੁਨੀਆਂ ਦੀਆਂ ਨਜਰਾਂ ਹਨ ਕਿ ਭਾਰਤ ਕਿਵੇਂ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾਉਂਦਾ ਹੈ। ਪ੍ਰਧਾਨ ਮੰਤਰੀ ਨੇ 16ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਨੂੰ ਡਿਜੀਟਲ ਢੰਗ ਨਾਲ ਸੰਬੋਧਨ ਕਰਦਿਆਂ ਕਿਹਾ, ‘ਅੱਜ ਭਾਰਤ ਹੀ ਉਹ ਸਥਾਨ ਹੈ ਜਿਥੇ ਲੋਕਤੰਤਰ ਸਭ ਤੋਂ ਵੱਧ ਮਜਬੂਤ ਤੇ ਅਸਰਦਾਰ ਹੈ।` ਉਨ੍ਹਾਂ ਕਿਹਾ, ‘ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਕਿਹਾ ਜਾਂਦਾ ਸੀ ਕਿ ਇਹ ਗਰੀਬ ਦੇਸ਼ ਹੈ, ਘੱਟ ਪੜ੍ਹਿਆ ਲਿਖਿਆ ਦੇਸ਼ ਹੈ ਤੇ ਖਿੰਡ ਜਾਵੇਗਾ ਤੇ ਟੁੱਟ ਜਾਵੇਗਾ। ਇਹ ਵੀ ਕਿਹਾ ਜਾਂਦਾ ਸੀ ਕਿ ਲੋਕਤੰਤਰ ਤਾਂ ਇੱਥੇ ਸੰਭਵ ਹੀ ਨਹੀਂ ਹੈ।`
___________________________
ਕਰੋਨਾ ਵੈਕਸੀਨ ਟਰਾਇਲ ‘ਚ ਹਿੱਸਾ ਲੈਣ ਵਾਲੇ ਵਾਲੰਟੀਅਰ ਦੀ ਮੌਤ
ਭੋਪਾਲ: ਮੱਧ ਪ੍ਰਦੇਸ਼ ਦੇ ਭੋਪਾਲ ‘ਚ ਕੋਵੈਕਸੀਨ ਦੇ ਟਰਾਇਲ ‘ਚ ਹਿੱਸਾ ਲੈਣ ਤੋਂ ਤਕਰੀਬਨ ਦਸ ਦਿਨ ਬਾਅਦ ਇਕ 42 ਸਾਲਾ ਵਾਲੰਟੀਅਰ ਦੀ ਮੌਤ ਹੋ ਗਈ ਹੈ। ਪੀਪਲਜ ਮੈਡੀਕਲ ਕਾਲਜ ਤੇ ਹਸਪਤਾਲ ਜਿਥੇ ਕਰੋਨਾ ਵੈਕਸੀਨ ਦਾ ਟਰਾਇਲ ਹੋਇਆ ਸੀ, ਦੇ ਵਾਈਸ ਚਾਂਸਲਰ ਡਾ. ਰਾਜੇਸ਼ ਕਪੂਰ ਨੇ ਕਿਹਾ ਕਿ ਦੀਪਕ ਮਰਾਵੀ ਨੇ 12 ਦਸੰਬਰ 2020 ਨੂੰ ਇਥੇ ਹੋਏ ਟਰਾਇਲ ‘ਚ ਹਿੱਸਾ ਲਿਆ ਸੀ। ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਇਹ ਮੌਤ ਜਹਿਰ ਕਾਰਨ ਹੋਣ ਦਾ ਖਦਸ਼ਾ ਜਾਹਿਰ ਕੀਤਾ ਹੈ।
___________________________
ਸਭ ਤੋਂ ਪਹਿਲਾਂ ਕਰੋਨਾ ਟੀਕਾ ਮੋਦੀ ਲਗਵਾਉਣ: ਆਰ.ਜੇ.ਡੀ. ਨੇਤਾ
ਮਥੁਰਾ: ਕਰੋਨਾ ਵਾਇਰਸ ਟੀਕਾਕਰਨ ਬਾਰੇ ਚੱਲ ਰਹੀ ਸਿਆਸੀ ਬਿਆਨਬਾਜੀ ਦੌਰਾਨ ਬਿਹਾਰ ਦੇ ਸਾਬਕਾ ਸਿਹਤ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜ ਪ੍ਰਤਾਪ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਪਹਿਲਾਂ ਕਰੋਨਾ ਟੀਕਾ ਲਗਵਾਉਣਾ ਚਾਹੀਦਾ ਹੈ, ਜਿਸ ਨਾਲ ਦੇਸ਼ ਨੂੰ ਚੰਗਾ ਸੁਨੇਹਾ ਜਾਵੇਗਾ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਵੱਡਾ ਬੇਟਾ ਇਨ੍ਹੀਂ ਦਿਨੀਂ ਬ੍ਰਜ ਦੀ ਧਰਤੀ ਦਾ ਦੌਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾਂ ਕਰੋਨਾ ਰੋਕੂ ਟੀਕਾ ਲਗਵਾਉਣਾ ਚਾਹੀਦਾ ਹੈ, ਜਿਸ ਨਾਲ ਟੀਕਾਕਰਨ ਬਾਰੇ ਸੁਆਲ ਖਤਮ ਹੋ ਜਾਣਗੇ।
___________________________
ਸਮੁੱਚੀ ਆਬਾਦੀ ਦਾ ਕੀਤਾ ਜਾਵੇਗਾ ਟੀਕਾਕਰਨ: ਵਰਧਨ
ਚੇਨੱਈ: ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ-19 ਖਿਲਾਫ ਤਰਜੀਹੀ ਲੋਕਾਂ ਦੇ ਟੀਕਾਕਰਨ ਮਗਰੋਂ ਜਲਦੀ ਹੀ ਪੂਰੀ ਆਬਾਦੀ ਦਾ ਟੀਕਾਕਰਨ ਇਕ ਸੱਚਾਈ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਨੇ ਟੀਕਾਕਰਨ ਦੇ ਸੰਭਾਵੀ ਲਾਭਪਾਤਰੀਆਂ ਦਾ ਪਤਾ ਲਾਉਣ ਲਈ ਨਵੇਂ ਕੋਵਿਡ-19 ਮੰਚ ਦੀ ਸ਼ੁਰੂਆਤ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਨੂੰ ਈ-ਪ੍ਰਮਾਣ ਪੱਤਰ ਵੀ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਬਹੁਤ ਘੱਟ ਸਮੇਂ ਅੰਦਰ ਟੀਕਾ ਵਿਕਸਿਤ ਕਰਨ ‘ਚ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਮੌਜੂਦਾ ਸਮੇਂ ‘ਚ ਦੋ ਟੀਕਿਆਂ ਦੀ ਹੰਗਾਮੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ।