ਸ਼ੋਪੀਆਂ (ਕਸ਼ਮੀਰ): ਸ਼ੋਪੀਆਂ ਵਿਚ ਪਿਛਲੇ ਸਾਲ ਹੋਏ ਕਥਿਤ ਫਰਜੀ ਮੁਕਾਬਲੇ ‘ਚ ਸ਼ਾਮਲ ਫੌਜੀ ਕਪਤਾਨ ਨੇ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕਰਨ ਲਈ ਦੋ ਨਾਗਰਿਕਾਂ ਨਾਲ ਮਿਲ ਕੇ ਇਹ ਸਾਜਿਸ਼ ਰਚੀ ਸੀ। ਉਕਤ ਕਥਿਤ ਫਰਜੀ ਮੁਕਾਬਲੇ ਵਿਚ ਤਿੰਨ ਨੌਜਵਾਨ ਮਾਰੇ ਗਏ ਸਨ। ਉਸ ਨੇ ਫੌਜ ਦੇ ਜਵਾਨਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕੀਤੇ ਜਾਣ ਤੋਂ ਪਹਿਲਾਂ ਹੀ ਪੀੜਤਾਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਇਹ ਦਾਅਵਾ ਪੁਲਿਸ ਨੇ ਇਕ ਦੋਸ਼ ਪੱਤਰ ਵਿਚ ਕੀਤਾ ਹੈ।
ਕੈਪਟਨ ਭੁਪਿੰਦਰ ਸਿੰਘ ਇਸ ਵੇਲੇ ਫੌਜ ਦੀ ਹਿਰਾਸਤ ‘ਚ ਹੈ। ਕਾਰਵਾਈ ਸਬੰਧੀ ਜਾਣਕਾਰ ਸੂਤਰਾਂ ਅਨੁਸਾਰ ਉਸ ਦਾ ਕੋਰਟ ਮਾਰਸ਼ਲ ਹੋ ਸਕਦਾ ਹੈ। ਇਹ ਮਾਮਲਾ 18 ਜੁਲਾਈ, 2020 ਨੂੰ ਇਥੇ ਅਮਸ਼ੀਪੁਰਾ ਵਿਚ ਹੋਏ ਮੁਕਾਬਲੇ ਨਾਲ ਸਬੰਧਤ ਹੈ, ਜਿਸ ਵਿਚ ਰਾਜੌਰੀ ਜਿਲ੍ਹੇ ਦੇ ਨੌਜਵਾਨ ਇਮਤਿਆਜ ਅਹਿਮਦ, ਅਬਰਾਰ ਅਹਿਮਦ ਅਤੇ ਮੁਹੰਮਦ ਇਬਰਾਰ ਮਾਰੇ ਗਏ ਸਨ ਅਤੇ ਉਨ੍ਹਾਂ ਨੂੰ ਅਤਿਵਾਦੀ ਦੱਸਿਆ ਗਿਆ ਸੀ।
ਜਿਲ੍ਹੇ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਕੋਲ ਦਾਇਰ ਕੀਤੇ ਗਏ ਦੋਸ਼ ਪੱਤਰ ਵਿੱਚ ਦੋ ਨਾਗਰਿਕਾਂ ਤਾਬਿਸ਼ ਨਜੀਰ ਤੇ ਬਿਲਾਲ ਅਹਿਮਦ ਲੋਨ ਦੀ ਮਾਮਲੇ ‘ਚ ਭੂਮਿਕਾ ਦਾ ਜਕਿਰ ਵੀ ਕੀਤਾ ਗਿਆ ਹੈ। ਲੋਨ ਇਕ ਸਰਕਾਰੀ ਗਵਾਹ ਬਣ ਚੁੱਕਿਆ ਹੈ ਅਤੇ ਉਸ ਨੇ ਇਕ ਮੈਜਿਸਟਰੇਟ ਕੋਲ ਬਿਆਨ ਦਰਜ ਕਰਵਾਏ ਸਨ। ਸੋਸ਼ਲ ਮੀਡੀਆ ‘ਤੇ ਇਹ ਰਿਪੋਰਟਾਂ ਨਸ਼ਰ ਹੋਣ ਤੋਂ ਬਾਅਦ ਕਿ ਤਿੰਨੋਂ ਨੌਜਵਾਨਾਂ ਦਾ ਅਤਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਫੌਜ ਨੇ ਮਾਮਲੇ ‘ਚ ‘ਕੋਰਟ ਆਫ ਇਨਕੁਆਰੀ‘ ਦਾ ਹੁਕਮ ਦਿੱਤਾ ਸੀ ਜਿਸ ਨੇ ਸਤੰਬਰ ਵਿਚ ਮਾਮਲੇ ਦੀ ਜਾਂਚ ਪੂਰੀ ਕੀਤੀ। ਉਸ ਨੂੰ ਇਸ ਸਬੰਧੀ ‘ਪਹਿਲੀ ਨਜਰੇ‘ ਸਬੂਤ ਮਿਲੇ ਸਨ ਕਿ ਸੈਨਿਕਾਂ ਨੇ ਹਥਿਆਰਬੰਦ ਫੌਜਾਂ ਵਿਸ਼ੇਸ਼ ਪਾਵਰ ਐਕਟ (ਅਫਸਪਾ) ਅਧੀਨ ਮਿਲੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਸੀ। ਇਸ ਆਧਾਰ ‘ਤੇ ਫੌਜ ਨੇ ਅਨੁਸ਼ਾਸਨੀ ਕਾਰਵਾਈ ਆਰੰੰਭ ਦਿੱਤੀ ਸੀ। ਪੁਲੀਸ ਵੱਲੋਂ ਦਾਇਰ ਕੀਤੇ ਗਏ ਦੋਸ਼ ਪੱਤਰ ਵਿੱਚ ਚਾਰ ਫੌਜੀ ਸੈਨਿਕਾਂ ਸੂਬੇਦਾਰ ਗਾਰੂ ਰਾਮ, ਲਾਂਸ ਨਾਇਕ ਰਵੀ ਕੁਮਾਰ, ਸਿਪਾਹੀ ਅਸ਼ਵਨੀ ਕੁਮਾਰ ਤੇ ਯੋਗੇਸ਼ ਦੇ ਬਿਆਨ ਵੀ ਦਰਜ ਹਨ ਜੋ ਘਟਨਾ ਵੇਲੇ ਕੈਪਟਨ ਭੁਪਿੰਦਰ ਸਿੰਘ ਦੀ ਟੀਮ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਮੌਕੇ ‘ਤੇ ਪਹੁੰਚਣ ‘ਤੇ ਉਨ੍ਹਾਂ ਚਾਰੋਂ ਨੂੰ ਵੱਖ-ਵੱਖ ਦਿਸ਼ਾਵਾਂ ‘ਚ ਜਾ ਕੇ ਇਲਾਕੇ ਦੀ ਘੇਰਾਬੰਦੀ ਕਰਨ ਲਈ ਕਿਹਾ ਗਿਆ ਸੀ। ਜਦੋਂ ਉਹ ਵਾਹਨ ਤੋਂ ਉਤਰ ਕੇ ਪੈਦਲ ਅੱਗੇ ਵਧ ਰਹੇ ਸਨ ਤਾਂ ਉਨ੍ਹਾਂ ਨੂੰ ਗੋਲੀਆਂ ਚੱਲਣ ਦੀ ਆਵਾਜ ਸੁਣਾਈ ਦਿੱਤੀ। ਉਪਰੰਤ ਕੈਪਟਨ ਭੁਪਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਛੁਪੇ ਹੋਏ ਅਤਿਵਾਦੀ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਵਾਸਤੇ ਉਸ ਨੂੰ ਗੋਲੀਆਂ ਚਲਾਉਣੀਆਂ ਪਈਆਂ।
ਦੋਸ਼ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਥਿਤ ਫਰਜੀ ਮੁਕਾਬਲਾ ਕਰਨ ਤੋਂ ਬਾਅਦ ਕੈਪਟਨ ਤੇ ਦੋ ਨਾਗਰਿਕਾਂ ਨੇ ਅਧਰਾਧ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਨ੍ਹਾਂ ਵੱਲੋਂ ਇਹ ਸਾਜਿਸ਼ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕਰਨ ਲਈ ਰਚੀ ਗਈ ਸੀ। ਕੈਪਟਨ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵੀ ਗਲਤ ਜਾਣਕਾਰੀ ਦਿੱਤੀ।