ਪ੍ਰੋæ ਹਰਪਾਲ ਸਿੰਘ ਪੰਨੂ*
ਪੰਜਾਬ ਟਾਈਮਜ਼ ਦੇ 20 ਅਕਤੂਬਰ ਦੇ ਅੰਕ ਵਿਚ ਮਰਹੂਮ ਹਰਿੰਦਰ ਸਿੰਘ ਮਹਿਬੂਬ ਦੇ ਸੰਦਰਭ ਵਿਚ ਡਾæ ਗੁਰਤਰਨ ਸਿੰਘ ਦੀਆਂ ਟਿੱਪਣੀਆਂ ਪੜ੍ਹੀਆਂ, ਦਿਲਚਸਪ ਹਨ। ਉਨ੍ਹਾਂ ਮੈਨੂੰ ਅਨਪੜ੍ਹ ਅਤੇ ਨਾਸਤਿਕ ਕਿਹਾ ਹੈ ਤੇ ਮੇਰੀਆਂ ਕਿਤਾਬਾਂ ਵਿਚਲੀਆਂ ਲਿਖਤਾਂ ਲੱਕੜ ਦੀਆਂ ਦੁਕਾਨਾਂ ਗਰਦਾਨੀਆਂ ਹਨ। ਮੈਨੂੰ ਆਪਣੇ ਬਾਰੇ ਲਿਖਿਆ ਅਨਪੜ੍ਹ ਲਫਜ਼ ਬੁਰਾ ਨਹੀਂ ਲੱਗਿਆ ਕਿਉਂਕਿ ਮੈਨੂੰ ਆਪਣੀ ਵਿਦਵਤਾ ਉਪਰ ਖੁਦ ਸ਼ੱਕ ਹੈ। ਮੈਂ ਕਦੀ ਲਿਖਤ ਜਾਂ ਬੋਲ ਰਾਹੀਂ ਖੁਦ ਨੂੰ ਵਿਦਵਾਨ ਸਵੀਕਾਰ ਨਹੀਂ ਕੀਤਾ। ਲਿਖਤ ਵਿਚ ਕਿਧਰੇ ਜਾਨ ਹੈ ਕਿ ਨਹੀਂ, ਇਸ ਦਾ ਨਿਰਣਾ ਪਾਠਕਾਂ ਉਪਰ ਛੱਡ ਦੇਣਾ ਯੋਗ ਹੋਵੇਗਾ।
ਅਸਲ ਮਸਲਾ ਹਰਿੰਦਰ ਸਿੰਘ ਮਹਿਬੂਬ ਬਾਬਤ ਟਿੱਪਣੀਆਂ ਦਾ ਹੈ। ਇਸੇ ਸੰਦਰਭ ਵਿਚ ਡਾæ ਗੁਰਤਰਨ ਸਿੰਘ ਨੇ ਮੈਨੂੰ ਨਾਸਤਿਕ ਹੋਣ ਦਾ ਫਤਵਾ ਦਿਤਾ ਹੈ। ਬ੍ਰਾਹਮਣ ਪੁਜਾਰੀ ਵਾਸਤੇ ਨਾਸਤਿਕ ਉਹ ਨਹੀਂ ਜਿਹੜਾ ਰੱਬ ਤੋਂ ਮੁਨਕਿਰ ਹੋਵੇ। ਜੋਗ ਅਤੇ ਸਾਂਖ ਮੱਤ ਰੱਬ ਦੀ ਹੋਂਦ ਤੋਂ ਮੁਨਕਿਰ ਹੋਣ ਦੇ ਬਾਵਜੂਦ ਆਸਤਿਕ ਹਨ ਕਿਉਂਕਿ ਉਹ ਵੇਦਾਂ ਵਿਚ ਵਿਸ਼ਵਾਸ ਕਰਦੇ ਹਨ। ਬ੍ਰਾਹਮਣ ਵਾਸਤੇ ਵੇਦ ਤੋਂ ਮੁਨਕਿਰ ਹੋਣਾ ਨਾਸਤਿਕਤਾ ਹੈ। ਡਾæ ਗੁਰਤਰਨ ਸਿੰਘ ਵਾਸਤੇ ਮਹਿਬੂਬ ਦੀਆਂ ਲਿਖਤਾਂ ਵੇਦ ਹਨ। ਜਿਹੜਾ ਬੰਦਾ ਉਨ੍ਹਾਂ ਉਪਰ ਕਿੰਤੂ ਪ੍ਰੰਤੂ ਕਰੇਗਾ ਉਹ ਨਾਸਤਿਕ ਹੈ। ਮੈਂ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕਦਾ ਹਾਂ ਅਤੇ ਪਾਠ ਕਰਦਾ ਹਾਂ ਤਾਂ ਵੀ ਨਾਸਤਿਕ ਹੋ ਗਿਆ ਕਿਉਂਕਿ ਮਹਿਬੂਬ ਦਾ ਗ੍ਰੰਥ ਵਧੀਕ ਮਹੱਤਵਪੂਰਨ ਹੈ। ਮੈਨੂੰ ਮਹਿਬੂਬ ਦੇ ਪੁਜਾਰੀਆਂ ਉਪਰ ਕੋਈ ਇਤਰਾਜ਼ ਨਹੀਂ, ਏਨਾ ਕੁ ਗਿਲਾ ਹੈ ਕਿ ਉਸ ਦੀ ਲਿਖਤ ਨੂੰ ਗੁਰਬਾਣੀ ਤੋਂ ਵੱਡਾ ਮੰਨਦਿਆਂ ਕਿਸੇ ਨੂੰ ਨਾਸਤਿਕ ਕਹਿਣਾ ਨਾਦਾਨੀ ਹੈ।
ਮਹਿਬੂਬ ਬਾਬਤ ਮੇਰੀਆਂ ਆਖੀਆਂ ਗੱਲਾਂ ਨੂੰ ਡਾæ ਗੁਰਤਰਨ ਸਿੰਘ ਨੇ ਰੱਦ ਨਹੀਂ ਕੀਤਾ, ਮੇਰੇ ਲਈ ਇਹੋ ਤੱਥ ਤਸੱਲੀਪੂਰਨ ਹੈ। ਮੈਂ ਮਹਿਬੂਬ ਦਾ ਸਤਿਕਾਰ ਕਰਦਾ ਰਿਹਾ ਹਾਂ ਭਾਵੇਂ ਮੈਨੂੰ ਪਤਾ ਹੈ ਉਹ ਆਪਣੇ ਤੋਂ ਪੂਰਬਲੇ ਸਿੱਖ ਵਡੇਰਿਆਂ ਨੂੰ ਅਤੇ ਸਮਕਾਲੀਆਂ ਨੂੰ ਤੁੱਛ ਸਮਝਦਾ ਸੀ। ਉਸ ਦੀ ਇਹ ਭਾਵਨਾ ਉਸ ਦੀਆਂ ਲਿਖਤਾਂ ਵਿਚ ਮੌਜੂਦ ਹੈ। ਉਹ ਕੁਝ ਭ੍ਰਾਂਤੀਆਂ ਦਾ ਵੀ ਸ਼ਿਕਾਰ ਸੀ। ਉਦਾਹਰਣ ਵਜੋਂ ਗੁਰੂ ਸਾਹਿਬਾਨ ਦੇ ਨਾਂਵਾਂ ਨਾਲ ਦੇਵ ਸ਼ਬਦ ਨਹੀਂ ਲਾਉਂਦਾ ਸੀ, ਸਾਹਿਬ ਲਿਖਦਾ ਸੀ ਜਿਵੇਂ ਗੁਰੂ ਨਾਨਕ ਸਾਹਿਬ, ਗੁਰੂ ਅਰਜਨ, ਗੋਬਿੰਦ ਸਾਹਿਬ ਆਦਿਕ। ਆਪਣੀ ਮਰਜ਼ੀ ਨਾਲ ਅਸੀਂ ਗੁਰੂ ਵਿਅਕਤੀਆਂ ਦਾ ਨਾਮ ਬਦਲਣ ਦੇ ਅਧਿਕਾਰੀ ਨਹੀਂ ਹਾਂ ਪਰ ਉਸ ਨੂੰ ਦੇਵ ਲਫਜ਼ ਇਸ ਕਰਕੇ ਬੁਰਾ ਲਗਦਾ ਸੀ ਕਿਉਂਕਿ ਦੇਵ/ਦੇਵਤਾ ਹਿੰਦੂ ਪਰੰਪਰਾ ਦਾ ਸ਼ਬਦ ਹੈ। ਪਰ ਅੰਗਦ, ਅਮਰ, ਰਾਮ, ਅਰਜਨ ਵੀ ਹਿੰਦੂ ਪਰੰਪਰਾ ਦੇ ਲਫਜ਼ ਹਨ। ਜੇ ਉਸ ਨੂੰ ਪਤਾ ਹੁੰਦਾ ਕਿ ਦੇਵ ਮਾਇਨੇ ਆਕਾਸ਼ ਹੁੰਦਾ ਹੈ, ਫਿਰ ਸ਼ਾਇਦ ਉਹ ਅਜਿਹਾ ਨਾ ਕਰਦਾ। ਦੇਵ ਤੋਂ ਦਿਵਯ, ਦੈਵੀ, ਦਿੱਬ ਸ਼ਬਦ ਹੋਂਦ ਵਿਚ ਆਏ ਹਨ।
ਜਦੋਂ ਸ਼ ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਮਹਿਬੂਬ ਨੂੰ ਧਨਰਾਸ਼ੀ ਦੇਣੀ ਸੀ ਉਦੋਂ ਉਨ੍ਹਾਂ ਨੇ ਇਕ ਖਦਸ਼ਾ ਵੀ ਸਾਂਝਾ ਕੀਤਾ ਸੀ। ਕਹਿਣ ਲੱਗੇ, “ਮਹਿਬੂਬ ਦੀਆਂ ਲਿਖਤਾਂ ਵਿਚ ਸ਼੍ਰੀ ਦਸਮ ਗ੍ਰੰਥ ਬਾਬਤ ਬਹੁਤ ਮਾੜੇ ਵਾਕ ਲਿਖੇ ਹੋਏ ਹਨ ਜਦੋਂ ਕਿ ਸ਼੍ਰੋਮਣੀ ਕਮੇਟੀ ਇਸ ਗ੍ਰੰਥ ਦਾ ਸਤਿਕਾਰ ਕਰਦੀ ਹੈ। ਮੈਂ ਮਹਿਬੂਬ ਨੂੰ ਸਨਮਾਨਿਤ ਕਰ ਦੇਵਾਂ ਤਾਂ ਕੀ ਇਸੇ ਗੱਲ ਸਦਕਾ ਕੋਈ ਬਖੇੜਾ ਖੜ੍ਹਾ ਤਾਂ ਨਹੀਂ ਹੋ ਜਾਵੇਗਾ?” ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਹੋਰ ਕੋਈ ਹੁੰਦਾ ਅਜਿਹਾ ਹੋਣ ਦੀ ਸੰਭਾਵਨਾ ਸੀ ਪਰ ਮਹਿਬੂਬ ਦੇ ਕੇਸ ਵਿਚ ਇਹ ਮੁੱਦਾ ਕੋਈ ਨਹੀਂ ਉਠਾਏਗਾ। ਇਹੋ ਹੋਇਆ। ਕਿਸੇ ਨੇ ਕਿੰਤੂ ਪ੍ਰੰਤੂ ਨਹੀਂ ਕੀਤਾ।
ਜਿਹੜਾ ਮਸਲਾ ਮੈਂ ਛੁਹਿਆ ਸੀ ਉਸ ਵਲ ਡਾæ ਗੁਰਤਰਨ ਸਿੰਘ ਆਇਆ ਹੀ ਨਹੀਂ। ਮਹਿਬੂਬ ਨੂੰ ਖਾਲਿਸਤਾਨੀ ਥਿੰਕ ਟੈਂਕ ਵਜੋਂ ਨਾਇਕ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਮੇਰਾ ਸਵਾਲ ਤਾਂ ਇਹ ਹੈ ਕਿ ਖਾਲਿਸਤਾਨ ਦਾ ਅਰਥ ਹੈ ਹਿੰਦੁਸਤਾਨ ਸਟੇਟ ਨਾਲ ਟੱਕਰ। ਅੰਗਰੇਜ਼ਾਂ ਵਿਰੁਧ ਆਜ਼ਾਦੀ ਅੰਦੋਲਨ ਵਿਚ ਜੂਝਣ ਵਾਲੇ ਸੰਗਰਾਮੀਆਂ ਨੇ ਅੰਗਰੇਜ਼ਾਂ ਤੋਂ ਸਨਮਾਨ ਨਹੀਂ ਲਏ। ਟੈਗੋਰ ਵਰਗਿਆਂ ਨੇ ਮਿਲੇ ਸਨਮਾਨ ਵਗਾਹ ਮਾਰੇ। ਭਾਰਤੀ ਸਟੇਟ ਤੋਂ ਮਹਿਬੂਬ ਨੇ ਐਵਾਰਡ ਕਿਉਂ ਲਿਆ? ਉਹ ਵੀ ਇੰਦਰਾ ਗਾਂਧੀ ਵਿਰੁਧ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹੱਕ ਵਿਚ ਲਿਖੇ ਵਰਕੇ ਪਾੜ ਕੇ। ਇਨ੍ਹਾਂ ਵਰਕਿਆਂ ਦੇ ਕਿਤਾਬ ਵਿਚ ਹੁੰਦਿਆਂ ਵੀ ਜੇ ਸਟੇਟ ਇਨਾਮ ਦਿੰਦੀ ਤਾਂ ਵੀ ਨਹੀਂ ਲੈਣਾ ਚਾਹੀਦਾ ਸੀ। ਸਰਕਾਰ ਤੋਂ ਤਾਂ ਕੀ ਅਕਾਲੀ ਮੋਰਚਿਆਂ ਵਿਚ ਜੇਲ੍ਹਾਂ ਕੱਟਣ ਵਾਲੇ ਯੋਧਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਪੈਨਸ਼ਨਾਂ ਲੈਣ ਤੋਂ ਇਨਕਾਰ ਕਰ ਦਿਤਾ ਸੀ। ਇਹੋ ਇਤਰਾਜ਼ ਮੈਂ ਸ਼ ਕਪੂਰ ਸਿੰਘ ਆਈæਸੀæਐਸ਼ ‘ਤੇ ਕੀਤਾ ਸੀ। ਜਿਸ ਵਕਤ ਅਕਾਲੀ ਜਥੇਦਾਰ ਅੰਗਰੇਜ਼ਾਂ ਵਿਰੁਧ ਖੰਡਾ ਖੜਕਾ ਰਹੇ ਸਨ ਉਦੋਂ ਸੁਭਾਸ਼ ਚੰਦਰ ਬੋਸ ਨੇ ਆਈæਸੀæਐਸ਼ ਤੋਂ ਅਸਤੀਫਾ ਦੇ ਦਿਤਾ ਸੀ। ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਲੰਡਨ ਤੋਂ ਲਾਅ ਕਰਕੇ ਆਏ ਸਨ ਪਰ ਪ੍ਰੈਕਟਿਸ ਕਰਕੇ ਧਨ ਕਮਾਉਣ ਦੀ ਥਾਂ ਆਜ਼ਾਦੀ ਸੰਗਰਾਮ ਵਿਚ ਕੁੱਦ ਪਏ ਸਨ। ਸ਼ ਕਪੂਰ ਸਿੰਘ ਅਫਸਰੀਆਂ ਦਾ ਅਨੰਦ ਲੈਂਦੇ ਰਹੇ, ਸ਼ਿਕਾਰ ਖੇਡਦੇ ਰਹੇ ਤੇ ਜਥੇਦਾਰਾਂ ਦੀਆਂ ਨਾਦਾਨੀਆਂ ਨੂੰ ਗਾਲਾਂ ਦਿੰਦੇ ਰਹੇ।
ਡਾæ ਗੁਰਤਰਨ ਸਿੰਘ ਦਾ ਸੁਭਾਅ ਝਗੜਾਲੂ ਹੋਣ ਕਾਰਨ ਪੰਜਾਬੀ ਵਿਭਾਗ ਦੇ ਕਿਸੇ ਅਧਿਆਪਕ ਨਾਲ ਉਨ੍ਹਾਂ ਦੀ ਸੁਰ ਨਹੀਂ ਰਲੀ। ਤਿੰਨ ਸਾਲ ਪਹਿਲਾਂ, ਰਿਟਾਇਰ ਹੋਣ ਤੋਂ ਬਾਦ ਉਨ੍ਹਾਂ ਦੇ ਮਨ ਵਿਚ ਫੁਰਨਾ ਫੁਰਿਆ ਕਿ ‘ਸਹਿਜੇ ਰਚਿਓ ਖਾਲਸਾ’ ਦਾ ਅੰਗਰੇਜ਼ੀ ਅਨੁਵਾਦ ਕਰਵਾ ਕੇ ਛਾਪਿਆ ਜਾਵੇ ਤਾਂ ਜੋ ਦੁਨੀਆਂ ਨੂੰ ਸਿੱਖੀ ਬਾਰੇ ਪਤਾ ਲੱਗੇ। ਇਸ ਵਿਚ ਕੁੱਝ ਵੀ ਮਾੜਾ ਨਹੀਂ ਸੀ। ਸ਼ ਰਸ਼ਪਾਲ ਸਿੰਘ ਗਿੱਲ (ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ) ਨੇ ਪ੍ਰਿੰæ ਅਮਰਜੀਤ ਸਿੰਘ ਪਰਾਗ ਨੂੰ ਕਿਹਾ ਕਿ ਦੋ ਚਿਠੀਆਂ ਡਰਾਫਟ ਕਰੋ। ਇਕ ਚਿਠੀ ਸ਼ ਸੁਖਦੇਵ ਸਿੰਘ ਢੀਂਡਸਾ ਵਲੋਂ ਤੇ ਦੂਜੀ ਸ਼ ਬੀਰਦੇਵਿੰਦਰ ਸਿੰਘ ਵਲੋਂ ਵਾਈਸ ਚਾਂਸਲਰ ਸ਼ ਜਸਪਾਲ ਸਿੰਘ ਨੂੰ ਕਿ ਯੂਨੀਵਰਸਿਟੀ ਡਾæ ਗੁਰਤਰਨ ਸਿੰਘ ਦੀ ਨਿਗਰਾਨੀ ਵਿਚ ਅਨੁਵਾਦ ਕਰਵਾ ਕੇ ਮਹਿਬੂਬ ਦੀ ਕਿਤਾਬ ਛਾਪੇ। ਡਾæ ਜਸਪਾਲ ਸਿੰਘ ਦਾ ਸੁਭਾਅ ਹੈ, ਉਨ੍ਹਾਂ ਨੂੰ ਦੱਸ ਦਿਉ ਕਿ ਸਿੱਖੀ ਦੀ ਅਕਾਦਮਿਕ ਸੇਵਾ ਕਿਸ ਪ੍ਰਾਜੈਕਟ ਰਾਹੀਂ ਹੋ ਸਕਦੀ ਹੈ, ਉਹ ਤੁਰੰਤ ਮਨਜੂਰੀ ਦੇ ਦਿੰਦੇ ਹਨ। ਡਾæ ਗੁਰਤਰਨ ਸਿੰਘ ਦਾ ਅੰਗਰਜ਼ੀ ਵਿਚ ਹੱਥ ਤੰਗ ਹੈ ਤਾਂ ਵੀ ਜਦੋਂ ਵਾਈਸ ਚਾਂਸਲਰ ਨੂੰ ਦੋ ਪੱਤਰ ਪ੍ਰਾਪਤ ਹੋਏ ਉਨ੍ਹਾਂ ਨੇ ਡਾæ ਗੁਰਤਰਨ ਸਿੰਘ ਨੂੰ ਬੁਲਾ ਕੇ ਕਿਹਾ ਕਿ ਤੁਹਾਨੂੰ ਫੈਲੋਸ਼ਿਪ ਦੇ ਦਿਆਂਗੇ, ਇਹ ਕੰਮ ਹੋਣਾ ਚਾਹੀਦਾ ਹੈ। ਮੇਰੇ ਖਿਆਲ ਵਿਚ ਅਜਿਹਾ ਕੰਮ ਅੰਗਰੇਜ਼ੀ ਦੇ ਵਿਦਵਾਨ ਦੀ ਨਿਗਰਾਨੀ ਵਿਚ ਹੋਣਾ ਚਾਹੀਦਾ ਸੀ ਪਰ ਇਕ ਕਾਂਗਰਸੀ ਨੇਤਾ, ਦੂਜਾ ਅਕਾਲੀ ਨੇਤਾ-ਦੋਵੇਂ ਡਾæ ਗੁਰਤਰਨ ਸਿੰਘ ਦੀ ਨਿਗਰਾਨੀ ਵਿਚ ਕੰਮ ਕਰਵਾਉਣ ਲਈ ਰਜ਼ਾਮੰਦ ਸਨ।
ਗੁਰਦੇਵ ਚੌਹਾਨ ਨੇ ਅੰਗਰੇਜ਼ੀ ਵਿਚ ਅਨੁਵਾਦ ਕਰਨਾ ਮੰਨ ਲਿਆ। ਇਹ ਸਾਰਾ ਕੁਝ ਅਜੇ ਜ਼ਬਾਨੀ ਕਲਾਮੀ ਚੱਲ ਰਿਹਾ ਸੀ ਕਿ ਗੁਰਤਰਨ ਸਿੰਘ ਡਾæ ਗੁਰਨੈਬ ਸਿੰਘ (ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ) ਕੋਲ ਜਾਣ ਲੱਗ ਪਏ ਤੇ ਕਿਹਾ ਕਿ ਮੈਨੂੰ ਬੈਠਣ ਲਈ ਕਮਰਾ, ਇਕ ਸਟੈਨੋ ਤੇ ਇਕ ਸੇਵਾਦਾਰ ਦਿਉ। ਲੋੜ ਪਈ ਤਾਂ ਦੋ ਰਿਸਰਚ ਸਕਾਲਰ ਰੱਖ ਲਵਾਂਗੇ। ਚਾਰ ਪੰਜ ਜੁਆਨਾਂ ਨੂੰ ਗੁਰਤਰਨ ਸਿੰਘ ਨੇ ਕਹਿ ਵੀ ਦਿਤਾ ਸੀ ਕਿ ਤੁਹਾਨੂੰ ਰਿਸਰਚ ਸਕਾਲਰ ਰੱਖਾਂਗੇ। ਵਿਭਾਗ ਵਿਚ ਜਾ ਕੇ ਉਨ੍ਹਾਂ ਨੇ ਉਥੇ ਨਿਯੁਕਤ ਅਧਿਆਪਕਾਂ ਦੇ ਕੀਤੇ ਕੰਮ ਕਾਜ ਦੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿਤੀ। ਅਧਿਆਪਕਾਂ ਨੇ ਡਾæ ਗੁਰਨੈਬ ਸਿੰਘ ਨੂੰ ਘੇਰ ਲਿਆ ਤੇ ਪੁੱਛਿਆ ਕਿ ਅੰਗਰੇਜ਼ੀ ਭਾਸ਼ਾ ਵਿਚ ਕੋਈ ਕੰਮ ਕਰਵਾਉਣ ਵਿਚ ਗੁਰਤਰਨ ਸਿੰਘ ਦੀ ਕੀ ਯੋਗਤਾ ਹੈ? ਗੁਰਨੈਬ ਸਿੰਘ ਇਹ ਕੰਮ ਕਰਵਾਉਣ ਦਾ ਇਛੁਕ ਸੀ ਪਰ ਗੁਰਤਰਨ ਸਿੰਘ ਦੇ ਵਿਹਾਰ ਨੇ ਉਸ ਨੂੰ ਬੇਬਸ ਕਰ ਦਿਤਾ। ਸਾਰਾ ਵਿਭਾਗ ਵਾਈਸ ਚਾਂਸਲਰ ਕੋਲ ਗਿਆ ਤੇ ਕਿਹਾ, ਸਾਨੂੰ ਮਹਿਬੂਬ ਦੇ ਕੰਮ ਕਾਜ ਨੂੰ ਅੰਗਰੇਜ਼ੀ ਵਿਚ ਕਰਵਾਉਣ ਵਿਰੁਧ ਕੋਈ ਇਤਰਾਜ਼ ਨਹੀਂ। ਕੇਵਲ ‘ਸਹਿਜੇ ਰਚਿਓ ਖਾਲਸਾ’ ਨਹੀਂ ਬੇਸ਼ਕ ਸਾਰੀਆਂ ਲਿਖਤਾਂ ਦਾ ਅਨੁਵਾਦ ਕਰਵਾ ਦਿਉ ਪਰ ਗੁਰਤਰਨ ਸਿੰਘ ਕੋਲ ਇਸ ਕੰਮ ਨੂੰ ਕਰਵਾਉਣ ਦੀ ਕੀ ਯੋਗਤਾ ਹੈ? ਕੇਵਲ ਇਸ ਲਈ ਕਿ ਉਹ ਮਹਿਬੂਬ ਦਾ ਮਿੱਤਰ ਹੈ? ਅਕਾਦਮਿਕਤਾ ਨਾਲ ਮਿਤਰਤਾ ਦਾ ਕੋਈ ਸਰੋਕਾਰ ਨਹੀਂ। ਅਸੀਂ ਗੁਰਤਰਨ ਸਿੰਘ ਨੂੰ ਵਿਭਾਗ ਵਿਚ ਕੰਮ ਕਰਨ ਯੋਗ ਨਹੀਂ ਸਮਝਦੇ। ਫਲਸਰੂਪ ਇਹ ਪ੍ਰਾਜੈਕਟ ਠੱਪ ਹੋ ਗਿਆ। ਆਪਣੇ ਮਿੱਤਰ ਮਹਿਬੂਬ ਦੇ ਹੱਕ ਵਿਚ ਇਹ ਹੈ, ਡਾæ ਗੁਰਤਰਨ ਸਿੰਘ ਦੀ ਮਹਾਨ ਸੇਵਾ ਜਿਹੜੀ ਉਨ੍ਹਾਂ ਨੇ ਨਿਭਾਈ। ਡਾæ ਗੁਰਤਰਨ ਸਿੰਘ ਦੀ ਆਸਤਿਕਤਾ ਅਤੇ ਅਕਾਦਮਿਕਤਾ ਨੂੰ ਮੇਰਾ ਸਲਾਮ।
ਰਸ਼ਪਾਲ ਸਿੰਘ ਗਿੱਲ ਉਦੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਨ ਜਦੋਂ ਸਾਲ 2000 ਵਿਚ ਮੇਰੇ ਕੋਲ ਆਏ ਤੇ ਇੱਛਾ ਪ੍ਰਗਟਾਈ ਕਿ ‘ਸਹਿਜੇ ਰਚਿਓ ਖਾਲਸਾ’ ਕਿਤਾਬ ਪੰਜਾਬੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਰਿਲੀਜ਼ ਕਰਨ ਤਾਂ ਸ਼ਾਨ ਬਣੇਗੀ। ਮੈਂ ਡਾæ ਜਸਬੀਰ ਸਿੰਘ ਆਹਲੂਵਾਲੀਆ ਨੂੰ ਮਿਲਿਆ ਜੋ ਉਦੋਂ ਵਾਈਸ ਚਾਂਸਲਰ ਸਨ। ਉਨ੍ਹਾਂ ਨੇ ਖੁਸ਼ੀ ਨਾਲ ਰਜ਼ਾਮੰਦੀ ਦੇ ਦਿਤੀ। ਸਟੇਜ ਕੰਡਕਟ ਕਰਨ ਦੀ ਜ਼ਿੰਮੇਵਾਰੀ ਮੈਂ ਨਿਭਾਈ। ਇਸ ਸਮਾਰੋਹ ਵਿਚ ਹਾਜ਼ਰ ਵਿਦਵਾਨਾਂ ਨੇ ਰੱਜ ਕੇ ਮਹਿਬੂਬ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਹਰਿੰਦਰ ਸਿੰਘ ਮਹਿਬੂਬ, ਗੁਰਤਰਨ ਸਿੰਘ ਅਤੇ ਰਸ਼ਪਾਲ ਸਿੰਘ ਗਿੱਲ ਬਹੁਤ ਪ੍ਰਸੰਨ ਹੋਏ। ਇਹ ਪ੍ਰਸੰਗ ਪਾਠਕਾਂ ਅਗੇ ਮੈਂ ਇਸ ਮਨੋਰਥ ਨਾਲ ਰੱਖਿਆ ਹੈ ਤਾਂ ਕਿ ਦੱਸ ਸਕਾਂ ਕਿ ਮੈਂ ਇਨ੍ਹਾਂ ਦਾ ਦੁਸ਼ਮਣ ਨਹੀਂ ਦੋਸਤ ਅਤੇ ਪ੍ਰਸ਼ੰਸਕ ਹਾਂ ਤੇ ਮੇਰੀ ਕਾਮਨਾ ਹੈ ਕਿ ਇਹ ਆਪਣੇ ਨੁਕਸਾਂ ਤੋਂ ਮੁਕਤ ਹੋਣ। ਮੇਰੇ ਵਿਚ ਬੜੇ ਨੁਕਸ ਹਨ, ਦੋਸਤਾਂ ਦੀਆਂ ਦੁਆਵਾਂ ਸਦਕਾ ਘਟ ਜਾਣਗੇ। ਜਾਰਜ ਲੂਈ ਬੋਰਖੇਜ਼ ਦਾ ਕਥਨ ਹੈ, “ਜਦੋਂ ਆਪਣੇ ਵਿਰੁਧ ਲਿਖੀ ਕਿਸੇ ਆਲੋਚਕ ਦੀ ਲਿਖਤ ਪੜ੍ਹਦਾ ਹਾਂ, ਸੋਚਦਾ ਹਾਂ ਇਹਦੇ ਤੋਂ ਵਧੀਆਂ ਮੈਂ ਲਿਖ ਸਕਦਾ ਸੀ। ਮੰਨਣ ਜਾਂ ਨਾ, ਉਨ੍ਹਾਂ ਦੀ ਮਰਜ਼ੀ, ਛਪਵਾਉਣ ਤੋਂ ਪਹਿਲਾਂ ਆਲੋਚਕ ਆਪਣੀ ਰਚਨਾ ਮੈਨੂੰ ਦਿਖਾ ਦਿਆ ਕਰਨ ਤਾਂ ਮੈਂ ਉਸ ਵਿਚ ਜਾਨ ਪਾ ਸਕਦਾ ਹਾਂ। ਕਈ ਵਾਰ ਮੈਂ ਸੋਚਿਆ, ਆਪਣਾ ਕੋਈ ਫਰਜ਼ੀ ਨਾਮ ਰੱਖ ਕੇ ਆਪਣੇ ਖਿਲਾਫ ਉਹ ਤੂਫਾਨ ਖੜ੍ਹਾ ਕਰ ਦਿਆਂ ਕਿ ਸੰਸਾਰ ਦੰਗ ਰਹਿ ਜਾਏ। ਜਿੰਨਾ ਆਪਣੇ ਖਿਲਾਫ ਮੈਂ ਖੁਦ ਹਾਂ, ਹੋਰ ਕੋਈ ਹੋ ਈ ਨਹੀਂ ਸਕਦਾ।”
*ਮੁਖੀ ਧਰਮ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
Leave a Reply