ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-856
ਮੈਨੂੰ ਆਪਣੇ ਅਪਾਰਟਮੈਂਟ ਤੋਂ ਪਾਰਕਿੰਗ ਵਿਚ ਆਪਣੀ ਕਾਰ ਤੱਕ ਜਾਣ ਲਈ ਉਨ੍ਹਾਂ ਦੀ ਅਪਾਰਟਮੈਂਟ ਅੱਗਿਓਂ ਲੰਘਣਾ ਪੈਂਦਾ ਸੀ। ਮੇਰਾ ਮੇਲ ਬਾਕਸ ਵੀ ਉਨ੍ਹਾਂ ਦੀ ਅਪਾਰਟਮੈਂਟ ਅੱਗੇ ਸੀ। ਇੱਥੇ ਮੂਵ ਹੋਇਆਂ ਸਾਨੂੰ ਅਜੇ ਇਕ ਹਫ਼ਤਾ ਹੀ ਹੋਇਆ ਸੀ ਕਿ ਇਕ ਦਿਨ ਇਕ ਪੰਜਾਬਣ ਬੀਬੀ ਨੇ ਮੈਨੂੰ ਘੇਰਾ ਪਾਉਂਦਿਆਂ ਪੁੱਛਿਆ, “ਲੱਗਦਾ ਹੈ ਤੁਸੀਂ ਨਵੇਂ ਮੂਵ ਹੋਏ ਹੋ?”
“ਹਾਂ ਜੀ।” ਕੰਨਾਂ ਤੱਕ ਤਾਜ਼ੀ ਲਾਈ ਹੋਈ ਕਲਫ ਦੇ ਨਿਸ਼ਾਨ ਤੇ ਕਾਲੀਆਂ ਘਟਾਵਾਂ ਵਰਗੇ ਕੀਤੇ ਹੋਏ ਵਾਲ, ਮੁਖੜੇ ਦੇ ਨਕਸ਼ੇ ਤੋਂ ਲੱਗਦਾ ਸੀ ਕਿ ਇਸ ਬੀਬੀ ਨੇ ਚੌਥੀ ਪੰਦਰੀ ਪੂਰੀ ਕਰ ਲਈ ਹੋਵੇਗੀ; ਯਾਨਿ ਸੱਠਾਂ ਸਾਲਾਂ ਦੀ ਹੋਣ ਵਾਲੀ ਹੈ। ਮੈਂ ਦੋਚਿੱਤੀ ਵਿਚ ਫਸ ਗਿਆ ਕਿ ਭੈਣ ਜੀ ਕਹਾਂ ਜਾਂ ਆਂਟੀ ਜੀ! ਕਿਉਂਕਿ ਉਸ ਨੇ ਵੀ ਕੋਈ ਅਜਿਹਾ ਸੰਕੇਤ ਨਹੀਂ ਸੀ ਦਿੱਤਾ ਕਿ ਵੀਰ ਜੀ, ਜਾਂ ਬੇਟਾ ਜੀ ਕਿਹਾ ਹੋਵੇ। ਮੈਂ ਖਿੱਲਰ ਚੁੱਕੀ ਅਕਲ ਇਕੱਠੀ ਕੀਤੀ ਤੇ ਮੁਖੜੇ ਵਾਲਾ ਬੁਝਦਾ ਜਾ ਰਿਹਾ ਦੀਵਾ ਦੇਖ ਕੇ ਮੈਂ ‘ਹਾਂ ਜੀ, ਆਂਟੀ ਜੀ’ ਆਖ ਦਿੱਤਾ।
ਆਂਟੀ ਸ਼ਬਦ ਸੁਣ ਕੇ ਬੀਬੀ ਨੇ ਅੱਖਾਂ ਦੀਆਂ ਪਲਕਾਂ ਮੱਥੇ ਨੂੰ ਲਾ ਲਈਆਂ। ਮੈਂ ਡਰ ਜਿਹਾ ਗਿਆ ਕਿ ਗੱਲ ਕਸੂਤੀ ਕਹਿ ਬੈਠਾ ਹੋਵਾਂਗਾ। ਮੈਨੂੰ ਝੱਟ ਪਿੰਡ ਵਾਲੀ ਘਟਨਾ ਯਾਦ ਆ ਗਈ। ਮੈਂ ਅੱਠਵੀਂ ਵਿਚ ਪੜ੍ਹਦਾ ਸੀ। ਦਾਦਾ ਜੀ ਨੇ ਕਿਸੇ ਕੰਮ ਵਾਸਤੇ ਮੈਨੂੰ ਪਰਜਾਪੱਤਾਂ ਦੇ ਘਰ ਭੇਜ ਦਿੱਤਾ। ਮੈਂ ਉਨ੍ਹਾਂ ਦੇ ਘਰ ਜਾ ਕੇ ਬੂਹੇ ਅੱਗੇ ਖੜ੍ਹ ਕੇ ਕਿਹਾ, “ਤਾਈ ਜੀ, ਚਾਚਾ ਜੀ ਘਰੇ ਨੇ?” ਅੱਗਿਓਂ ਆਵਾਜ਼ ਆਈ, “ਕੀ ਕਿਹਾ ਤੈਂ?” ਮੈਂ ਕਿਹਾ, “ਤਾਈ ਜੀ, ਚਾਚਾ ਜੀ ਘਰੇ ਹੈਗੇ ਨੇ?” ਚੁੱਲ੍ਹੇ ਚੌਂਕੇ ਵਿਚੋਂ ਸਿਰ ਉਤਾਂਹ ਨੂੰ ਚੁੱਕਦੀ ਹੋਈ ਤਾਈ ਮੇਰੇ ਨਜ਼ਰੀਂ ਪਈ ਤੇ ਬੋਲੀ, “ਆ ਜਾ ਬਹਿ ਜਾ। ਮੈਂ ਹਾਕ ਮਾਰਦੀ ਹਾਂ।” ਮੈਂ ਸਾਈਕਲ ਕੰਧ ਨਾਲ ਲਾ ਕੇ ਮੰਜੇ ‘ਤੇ ਬੈਠ ਗਿਆ ਤੇ ਤਾਈ ਨੇ ਬੀਹੀ ਦਾ ਬੂਹਾ ਬੰਦ ਕਰ ਦਿੱਤਾ।
ਫਿਰ ਤਾਈ ਨੇ ਸੁਆਹ ਨਾਲ ਲਿਬੜੇ ਹੱਥਾਂ ਨਾਲ ਮੇਰੇ ਕੰਨਾਂ ਨੂੰ ਇੰਜ ਮਰੋੜਾ ਦਿੱਤਾ ਜਿਵੇਂ ਅਸੀਂ ਪਹਿਲੀਆਂ ਵਿਚ ਰੇਡੀਓ ਦੀ ਇਕਦਮ ਆਵਾਜ਼ ਉੱਚੀ ਕਰਨ ਲਈ ਉਸ ਦਾ ਗੋਲ ਜਿਹਾ ਬਟਨ ਘੁੰਮਾ ਦਿੰਦੇ ਸੀ। ਮੇਰੀ ਚੀਕ ਨਿਕਲ ਗਈ ਤਾਂ ਤਾਈ ਬੋਲੀ, “ਮਾਂ ਨੇ ਕੁਝ ਸਿਖਾਇਆ ਨਹੀਂ ਕਿ ਕਿਵੇਂ ਬੋਲੀਦਾ ਹੈ। ਜੇ ਮੈਨੂੰ ਤਾਈ ਕਿਹਾ ਤਾਂ ਉਹ ਤੇਰਾ ਤਾਇਆ ਲੱਗਿਆ, ਜੇ ਉਹਨੂੰ ਚਾਚਾ ਕਿਹਾ ਤਾਂ ਮੈਂ ਤੇਰੀ ਲੱਗੀ ਚਾਚੀ। ਗੱਲ ਪਈ ਕੰਨ ਵਿਚ ਕਿ ਨਹੀਂ?” ਤਾਈ ਨੇ ਦੋਵੇਂ ਕੰਨ ਇਕੱਠਿਆਂ ਛੱਡਦੇ ਹੋਏ ਪੁੱਛਿਆ।
“ਤਾਈ ਜੀ, ਬੀਬੀ ਨੇ ਤਾਂ ਬਹੁਤ ਕੁਝ ਸਿਖਾਇਆ ਹੈ ਪਰ ਕਾਹਲੀ ਵਿਚ ਵਾਧ-ਘਾਟ ਹੋ ਗਈ।” ਮੈਂ ਕੰਨਾਂ ਨੂੰ ਤਲੀਆਂ ਨਾਲ ਮਲਦਾ ਬੋਲਿਆ।
“ਮਾਂ ਨੂੰ ਆਖੀਂ, ਤੇਜੋ ਕੋਲੋਂ ਕੰਟ ਪਟਾ ਕੇ ਆਇਆ ਹਾਂ।” ਤਾਈ ਨੇ ਚੁੰਨੀ ਸਿਰ ਉਪਰ ਲੈਂਦਿਆਂ ਕਿਹਾ।
ਮੈਂ ਸਾਇਕਲ ਨੂੰ ਹੱਥ ਪਾ ਕੇ ਫਿਰ ਪੁੱਛ ਬੈਠਾ, “ਚਾਚੀ ਜੀ ਤਾਇਆ ਜੀ ਕਦੋਂ ਆਉਣਗੇ?”
“ਖੜ੍ਹ ਜਾ ਹਰਾæææ।” ਤਾਈ ਗੁੱਸੇ ਵਿਚ ਬੋਲੀ।
ਇਸ ਬੀਬੀ ਨੇ ਵੀ ਆਂਟੀ ਅਖਵਾਉਣ ਤੋਂ ਨੱਕ ਜਿਹਾ ਵੱਟਿਆ ਪਰ ਗੁੱਸਾ ਪੀ ਜਾਣ ਬਾਅਦ ਬੋਲੀ, “ਇਕੱਲੇ ਹੋ ਕਿ ਫੈਮਿਲੀ ਹੈ?”
“ਮੈਂ, ਢਿੱਲੋਂ, ਸੰਧੂ ਤੇ ਬਾਜਵਾ ਇਕੱਠੇ ਰਹਿੰਦੇ ਹਾਂ। ਚਾਰਾਂ ਦੀਆਂ ਫੈਮਿਲੀਆਂ ਪਿੰਡ ਨੇ।” ਮੈਂ ਜਵਾਬ ਦਿੱਤਾ। ਆਂਟੀ ਅਜੇ ਹੋਰ ਸਵਾਲ ਪੁੱਛਣਾ ਚਾਹੁੰਦੀ ਸੀ ਪਰ ਮੈਂ ਉਥੋਂ ਤੁਰ ਪਿਆ। ਦੋ ਕੁ ਹਫ਼ਤਿਆਂ ਵਿਚ ਸਾਨੂੰ ਚਾਰਾਂ ਨੂੰ ਆਂਟੀ ਨੇ ਘੇਰ-ਘੇਰ ਸਾਡਾ ਅਤਾ-ਪਤਾ, ਕੰਮ-ਕਾਰ ਸਭ ਕੁਝ ਪੁੱਛ ਲਿਆ। ਆਂਟੀ ਸਵੇਰੇ ਹੀ ਕੇਸੀਂ ਨਹਾ ਕੇ ਸੈਰ ਦੇ ਬਹਾਨੇ ਅਪਾਰਟਮੈਂਟਾਂ ਦਾ ਨੱਕ ਅਤੇ ਅੱਖਾਂ ਨਾਲ ਮੁਆਇਨਾ ਕਰਦੀ ਰਹਿੰਦੀ ਸੀ। ਇਕ ਦਿਨ ਅਸੀਂ ਸਬਜ਼ੀ ਨੂੰ ਤੜਕਾ ਲਾ ਰਹੇ ਸੀ, ਥੱਲੇ ਆਂਟੀ ਵਾਕ ਕਰ ਰਹੀ ਸੀ। ਮੈਂ ਆਂਟੀ ਨੂੰ ਦੇਖ ਕੇ ਸੰਧੂ ਨੂੰ ਜ਼ੋਰ ਨਾਲ ਕਿਹਾ, “ਸੰਧੂਆ, ਤੜਕਾ ਮੱਚ ਗਿਆ। ਹੁਣ ਮੀਟ ਪਾ ਦੇ। ਤਰੀ ਪਤਲੀ ਰੱਖੀਂ। ਪਿਛਲੀ ਵਾਰ ਤਰੀ ਗਾੜ੍ਹੀ ਸੀ। ਮੀਟ ਇਕ ਡੰਗ ਹੀ ਮਸਾਂ ਗਿਆ ਸੀ। ਫਿਰ ਸ਼ਾਮ ਨੂੰ ਮੱਛੀ ਲਿਆਉਣੀ ਪਈ ਸੀ।”
“ਢਿੱਲੋਂ, ਆਹ ਦੇਖ ਮੂੰਗੀ ਖਾਣੇ ਕੁਲਾਰ ਵੱਲ, ਮੀਟ ਕਿੰਨਾ ਵੱਡਾ ਕੱਟਿਆ ਵਾ”, ਸੰਧੂ ਨੇ ਵੀ ਮੇਰੀ ਬੋਲੀ ਦੀ ਪੈੜ ਨੱਪ ਲਈ, “ਅੱਜ ਬਣੂੰ ਹਲਵਾਈਆਂ ਵਰਗਾ।” ਸੰਧੂ ਨੇ ਕੜਛੀ ਪਤੀਲੇ ‘ਚ ਮਾਰਦਿਆਂ ਕਿਹਾ। ਸਾਡੀ ਗੱਲਬਾਤ ਨੇ ਆਂਟੀ ਨੂੰ ਪੌੜੀਆਂ ਚੜ੍ਹਨ ਲਈ ਮਜਬੂਰ ਕਰ ਦਿੱਤਾ। ਆਂਟੀ ਆ ਗਈ ਤੇ ਬੋਲੀ, “ਮੁੰਡਿਓ, ਕੀ ਬਣਾਈ ਜਾਂਦੇ ਹੋ? ਲੱਗਦਾ ਮੀਟ ਨੂੰ ਤੜਕਾ ਲਾਉਂਦੇ ਹੋ।” ਆਂਟੀ ਨੇ ਡੂੰਘੀਆਂ ਅੱਖਾਂ ਨਾਲ ਅਪਾਰਟਮੈਂਟ ਦਾ ਜਾਇਜ਼ਾ ਲੈਂਦਿਆਂ ਪੁੱਛਿਆ। “ਆਂਟੀ ਜੀ, ਤੁਹਾਨੂੰ ਪਤਾ ਹੀ ਹੈæææਕੰਮ-ਕਾਰ ਕਰ ਕੇ ਹੱਡ ਦੁਖਣ ਲੱਗ ਗਏ ਹਨ। ਅੱਜ ਸੋਚਿਆ ਆਲੂ-ਗਾਜਰਾਂ ਦਾ ਮੀਟ ਬਣਾ ਲਈਏ।” ਮੈਂ ਆਂਟੀ ਨੂੰ ਜਵਾਬ ਦਿੱਤਾ।
ਆਂਟੀ ਸਿੱਧੀ ਸਲੋਟ ਖੜ੍ਹੀ ਹੋ ਗਈ ਤੇ ਰਸੋਈ ਵੱਲ ਹੋ ਤੁਰੀ। ਝੱਟ ਪਤੀਲੇ ਦਾ ਢੱਕਣ ਚੁੱਕ ਲਿਆ। ਗਾਜਰਾਂ ਬਣਦੀਆਂ ਦੇਖ ਆਂਟੀ ਸ਼ਰਮ ਨਾਲ ਭਿੱਜ ਗਈ। ਅਸੀਂ ਆਂਟੀ ਨੂੰ ਚਾਹ ਪਿਆ ਕੇ ਤੋਰਿਆ। ਆਪਣੇ ਪਰਿਵਾਰਾਂ ਦੇ ਵੇਰਵਿਆਂ ਵਾਲੇ ਐਫੀਡੇਵਿਟ ਬਣਾ ਕੇ ਆਂਟੀ ਨੂੰ ਯਕੀਨ ਦਿਵਾਇਆ ਕਿ ਅਸੀਂ ਸਾਊ ਘਰਾਂ ਦੇ ਬੀਬੇ ਮੁੰਡੇ ਹਾਂ, ਪਰ ਆਂਟੀ ਗਈ ਤੋਂ ਬਾਅਦ ਹੱਸੇ ਬੜੇ ਕਿ ‘ਨਾ ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ’; ਬਈ ਜੇ ਤੇਰੇ ਕੋਲ ਸਮਾਂ ਹੈ, ਬੈਠ ਕੇ ਬਾਣੀ ਪੜ੍ਹ ਲੈ, ਗੁਰਦੁਆਰੇ ਜਾ ਆ, ਪਰ ਕਿਥੇ! ਚੰਗੇ ਕੰਮਾਂ ਵੱਲ ਧਿਆਨ ਨਹੀਂ ਦੇਣਾ। ਮਾਈਆਂ ਨੂੰ ਵੀ ਖੋਟੀ ਆਦਤ ਪੈ ਜਾਂਦੀ ਹੈ ਦੂਜੇ ਦੇ ਘਰਾਂ ਵੱਲ ਦੇਖਣ ਦੀ।
ਇਸ ਆਂਟੀ ਨੂੰ ਸਭ ਪਤਾ ਸੀ ਕਿ ਕਿਹੜੇ ਕਿਹੜੇ ਅਪਾਰਟਮੈਂਟ ਵਿਚ ਕੌਣ ਕੌਣ ਰਹਿੰਦਾ ਹੈ। ਸਾਰਿਆਂ ਦੇ ਪਾਰਕਿੰਗ ਨੰਬਰਾਂ ਦਾ ਵੀ ਪਤਾ ਸੀ। ਦੂਜਿਆਂ ਨੂੰ ਘੱਟ, ਪਰ ਮੈਨੂੰ ਸਭ ਤੋਂ ਵੱਧ ਆਂਟੀ ਵਾਲੇ ਬਾਰਡਰ ਤੋਂ ਲੰਘਣਾ ਪੈਂਦਾ ਸੀ।
“ਕੀ ਗੱਲ ਹੋ ਗਈ ਕੁਲਾਰ, ਕੱਲ੍ਹ ਰਾਤ ਢਿੱਲੋਂ ਬੜਾ ਲੇਟ ਆਇਆ?” ਆਂਟੀ ਨੇ ਬੂਹੇ ਅੱਗੇ ਰੱਖੇ ਗਮਲੇ ਵਿਚ ਪਾਣੀ ਪਾਉਂਦਿਆਂ ਪੁੱਛਿਆ।
“ਆਂਟੀ ਉਹ ਸੁੱਤਾ ਪਿਆ, ਮੇਰੀ ਗੱਲ ਨਹੀਂ ਹੋਈ ਉਹਦੇ ਨਾਲ।” ਮੈਂ ਹੈਰਾਨ ਕਿ ਢਿੱਲੋਂ ਰਹਿੰਦਾ ਸਾਡੇ ਨਾਲ ਹੈ, ਸਾਨੂੰ ਪਤਾ ਨਹੀਂ ਉਹ ਕਦੋਂ ਆਇਆ, ਪਰ ਆਂਟੀ ਦੀ ‘ਸੀæਆਈæਡੀæ’ ਕਮਾਲ ਦੀ ਹੈ।
ਇਕ ਦਿਨ ਅਸੀਂ ਮੰਡੀਓਂ ਕਰੇਲੇ ਲੈ ਕੇ ਆਏ। ਬਾਰਡਰ ‘ਤੇ ਆਂਟੀ ਨੇ ਘੇਰ ਲਿਆ।
“ਮੁੰਡੇ ਅੱਜ ਕਰੇਲਿਆਂ ਦਾ ਮੀਟ ਬਣਾਉਣਗੇ।” ਆਂਟੀ ਨੇ ਅੱਖਾਂ ਨਾਲ ਲਫਾਫੇ ਦਾ ਅਲਟਰਾ ਸਾਊਂਡ ਕਰਦਿਆਂ ਪੁੱਛਿਆ।
“ਆਂਟੀ ਜੀ, ਕਰੇਲੇ ਭਰ ਕੇ ਬਣਾਵਾਂਗੇ।” ਮੈਂ ਉਤਰ ਦਿੱਤਾ।
“ਵੇ ਭਰ ਕੇ ਕੌਣ ਬਣਾਊ?” ਆਂਟੀ ਨੇ ਹੈਰਾਨ ਹੁੰਦਿਆਂ ਪੁੱਛਿਆ।
“ਆਂਟੀ, ਦਰਅਸਲ ਗੱਲ ਇਹ ਹੈ ਕਿ ਢਿੱਲੋਂ ਵੱਤੋਂ ਲੰਘਦਾ ਜਾਂਦਾ। ਸੋਚਿਆ, ਇੱਥੇ ਹੀ ਕੋਈ ਲੱਭ ਲਈਏæææਇਹਦੀ ‘ਗਰਲ ਫਰੈਂਡ’ ਹੈ; ਉਹਨੂੰ ਬੁਲਾਇਆ ਹੈ ਕਿ ਦੇਖਦੇ ਹਾਂ, ਕੁੜੀ ਨੂੰ ਕਰੇਲੇ ਬਣਾਉਣੇ ਆਉਂਦੇ ਹਨ ਕਿ ਨਹੀਂ। ਨਾਲੇ ਦੋ-ਚਾਰ ਸਵਾਲ ਹੋਰ ਪੁੱਛ ਲਵਾਂਗੇ।” ਮੈਂ ਮਸਾਂ ਹਾਸਾ ਰੋਕਦੇ ਹੋਏ ਕਿਹਾ।
“ਕਰੇਲੇ ਬਣਾਉਣੇ ਕਿੱਦਣ ਨੇ? ਮੈਂ ਉਹਦੀ ਮਦਦ ਕਰਾ ਦਊਂ।” ਆਂਟੀ ਨੇ ਸੱਦਾ ਮੰਗਣ ਦੀ ਚਾਹਤ ਨਾਲ ਪੁੱਛਿਆ।
“ਆਂਟੀ, ਜੇ ਤੁਸੀਂ ਉਸ ਦੀ ਮਦਦ ਕਰਨੀ ਹੈ ਤਾਂ ਇੰਜ ਕਿਉਂ ਨਹੀਂ ਕਰਦੇ ਕਿ ਅਸੀਂ ਤੁਹਾਡੀ ਮਦਦ ਕਰ ਦਿੰਦੇ ਹਾਂ ਤੇ ਤੁਸੀਂ ਹੀ ਬਣਾ ਦਿਉ।” ਮੈਂ ਆਂਟੀ ਨੂੰ ਪੁਲਿਸ ਵਾਲਾ ਘੇਰਾ ਪਾਉਂਦਿਆਂ ਪੁੱਛਿਆ।
“ਮੈਨੂੰ ਤਾਂ ਭਾਈ ਤੇਲ ਚੜ੍ਹਦਾ ਹੈ।” ਆਂਟੀ ਚਲਾਕ ਬਲੈਕੀਏ ਵਾਂਗ ਘੇਰੇ ਵਿਚੋਂ ਨਿਕਲ ਗਈ।
“ਆਂਟੀ, ਖੱਬਾ-ਸੱਜਾ ਅਸੀਂ ਆਪ ਕਰ ਲਵਾਂਗੇ। ਬੱਸ ਤੂੰ ਸਾਨੂੰ ਕਰੇਲੇ ਬਣਾਉਣ ਦੀਆਂ ਵਿਉਂਤਾਂ ਦੱਸੀ ਜਾਈਂ।” ਮੈਂ ਫਿਰ ਆਂਟੀ ਅੱਗਿਓਂ ਘੇਰ ਲਈ।
“ਢਿੱਲੋਂ ਦੀ ‘ਗਰਲ ਫਰੈਂਡ’ ਦਾ ਫਿਰ ਕੀ ਹੋਊ? ਉਹਨੂੰ ਕਦੋਂ ਮਿਲਾਂਗੇ?” ਆਂਟੀ ਨੇ ਹੁਕਮ ਦੇ ਗੋਲੇ ‘ਤੇ ਦੁੱਕੀ ਰੱਖ ਕੇ ਤੇਰਾਂ ਨੰਬਰ ਬਣਾਉਂਦਿਆਂ ਪੁੱਛਿਆ।
“ਆਂਟੀ, ਉਹਨੂੰ ਵੀ ਮਿਲਾ ਦਿਆਂਗੇ। ਤੁਸੀਂ ਭਰ ਕੇ ਕਰੇਲੇ ਬਣਾ ਦਿਉ।” ਬਾਜਵਾ ਤਰਲਾ ਜਿਹਾ ਕੱਢਦਾ ਬੋਲਿਆ।
ਦੂਜੇ ਤੀਜੇ ਦਿਨ ਆਂਟੀ ਨੇ ਕਰੇਲੇ ਬਣਾ ਦਿੱਤੇ ਪਰ ਬਣਾਏ ਵਟਾਈ ‘ਤੇ। ਅੱਧਿਉਂ ਵੱਧ ਆਪ ਰੱਖ ਗਈ, ਸਾਨੂੰ ਤਾਂ ਪੂਛਾਂ ਜਿਹੀਆਂ ਦੇ ਗਈ।
ਇਕ ਵਾਰ ਆਂਟੀ ਗੱਲਾਂ ਗੱਲਾਂ ਵਿਚ ਕਹਿ ਗਈ ਕਿ ਮੈਂ ਪਿੰਡ ਦਸ ਬਾਰਾਂ ਜਣੇਪੇ ਆਪਣੇ ਹੱਥੀਂ ਕੱਢੇ ਨੇ।
ਇਹ ਸੁਣ ਕੇ ਸਾਡੀ ਤਾਂ ਚਾਹ ਨੱਕ ਰਾਹੀਂ ਬਾਹਰ ਆ ਗਈ। ਹੱਸ ਹੱਸ ਦੂਹਰੇ ਹੋ ਗਏ ਅਸੀਂ। ਅੱਗਿਓਂ ਆਂਟੀ ਵੀ ਦੇਖ ਕੇ ਹੱਸ ਪਈ। ਉਹਨੂੰ ਦੇਖ ਕੇ ਅਸੀਂ ਹੋਰ ਹੱਸ ਪਏ। ਹੱਸ ਹੱਸ ਕੇ ਬੁਰਾ ਹਾਲ ਕਰ ਲਿਆ।
ਆਂਟੀ ਦੇ ਕਹਿਣ ਦਾ ਮਤਲਬ ਸੀ ਕਿ ਪਿੰਡ ਜੁਆਕ ਜੰਮਣ ਤੋਂ ਲੈ ਕੇ ਪੰਜੀਰੀ ਬਣਾਉਣ ਤੱਕ ਉਹ ਆਪਣੇ ਹੱਥੀਂ ਕੰਮ ਕਰ ਲੈਂਦੀ ਸੀ। ਅਗਲੇ ਦਾ ਨਿਆਣਾ ਵੀ ਸਾਂਭ ਲੈਣਾ ਤੇ ਜਨਾਨੀ ਵੀ। ਜੱਚਾ ਬੱਚਾ ਦੋਹਾਂ ਨੂੰ ਸਾਂਭ ਲੈਂਦੀ ਸੀ।
“ਆਂਟੀ, ਫਿਰ ਤੁਸੀਂ ਤਾਂ ਪੰਜੀਰੀ ਬਹੁਤ ਸੁਵਾਦ ਬਣਾਉਂਦੇ ਹੋਵੋਗੇ? ਬਾਜਵੇ ਦੀ ਬੇਬੇ ਨੇ ਪੰਜੀਰੀ ਭੇਜੀ ਹੈ, ਕਿਸੇ ਕੰਮ ਦੀ ਪੰਜੀਰੀ ਨਹੀਂ ਬਣਾਈ।” ਮੈਂ ਪੰਜੀਰੀ ਵਾਲੀ ਕੜਾਹੀ ਆਂਟੀ ਵੱਲ ਰੱਖਣ ਦੇ ਖਿਆਲ ਨਾਲ ਕਿਹਾ।
“ਮੈਨੂੰ ਕੀ ਪਤਾ, ਮੈਨੂੰ ਕਿਹੜਾ ਸਵਾਦ ਦਿਖਾਇਆ।” ਆਂਟੀ ਨੇ ਝੱਟ ਮੂੰਹ ਮਰੋੜ ਲਿਆ।
“ਆਂਟੀ ਸੌਰੀ! ਉਹ ਪੰਜੀਰੀ ਨੂੰ ਜਿੰਦੀ ਲਾ ਗਿਆ।” ਢਿੱਲੋਂ ਗੱਲ ਬੋਚ ਗਿਆ ਸੀ। ਉਸੇ ਸ਼ਾਮ ਹੀ ਆਂਟੀ ਨੇ ਬਾਰਡਰ ‘ਤੇ ਬਾਜਵਾ ਘੇਰ ਲਿਆ ਤੇ ਪੁੱਛਿਆ, “ਕਿਉਂ ਵੇ ਬਾਜਵਿਆ! ਆਂਟੀ ਦੇ ਕਰੇਲੇ ਤਾਂ ਖਾ ਲਏ ਸੀ, ਮਾਂ ਦੀ ਪੰਜੀਰੀ ਤਾਂ ਖਵਾਈ ਨਹੀਂ।”
“ਆਂਟੀ, ਕਿਹੜੀ ਪੰਜੀਰੀ? ਕਿਹੜੀ ਮਾਂ?” ਬਾਜਵਾ ਹੱਕਾ ਬੱਕਾ ਰਹਿ ਗਿਆ ਤੇ ਫਿਰ ਬੋਲਿਆ, “ਆਂਟੀ, ਤੂੰ ਕਦੋਂ ਸੁਧਰੇਂਗੀ? ਤੈਨੂੰ ਕਿਹੜੀਆਂ ਆਫ਼ਤਾਂ ਆਈਆਂ ਨੇ ਜਿਹੜਾ ਤੂੰ ਲੋਕਾਂ ਦੇ ਘਰਾਂ ਵਿਚ ਆਹ ਭੈੜੀ ਜਿਹੀ ਆਸ਼ਕੀ ਕਰੀ ਜਾਂਦੀ ਹੈ। ਮੈਨੂੰ ਸਪੀਡ ਦੀ ਟਿਕਟ ਮਿਲ ਗਈ, ਤੈਨੂੰ ਪੰਜੀਰੀ ਦੀ ਪਈ ਹੈ।” ਬਾਜਵਾ ਸੱਚੀਂ ਅੱਕਿਆ ਪਿਆ ਸੀ।
ਮਗਰੇ ਥੋੜ੍ਹੀ ਦੇਰ ਬਾਅਦ ਸੰਧੂ ਆ ਗਿਆ। ਬਾਰਡਰ ‘ਤੇ ਆਂਟੀ ਢਿੱਲਾ ਜਿਹਾ ਮੂੰਹ ਬਣਾਈ ਬੈਠੀ ਸੀ।
“ਆਂਟੀ ਕੀ ਗੱਲ ਹੋ ਗਈ? ਚਾਹ ਨਹੀਂ ਪੀਤੀ?” ਸੰਧੂ ਨੇ ਮਜ਼ਾਕ ਜਿਹੇ ਨਾਲ ਪੁੱਛਿਆ।
“ਸੰਧੂਆ, ਤੈਨੂੰ ਚਾਹ ਦੀ ਪਈ ਹੈ; ਉਧਰ ਬਾਜਵੇ ਨੂੰ ਗੱਡੀ ਤੇਜ਼ ਭਜਾਉਣ ਦੀ ਟਿਕਟ ਮਿਲ ਗਈ।” ਆਂਟੀ ਨੇ ਮੂੰਹ ਇਸ ਤਰ੍ਹਾਂ ਕਰ ਲਿਆ ਜਿਵੇਂ ਕਿਸੇ ਦੇ ਸਸਕਾਰ ਤੋਂ ਆਈ ਹੋਵੇ।
“ਬੜੀ ਮਾੜੀ ਹੋਈ ਆਂਟੀ, ਮੈਂ ਪੁੱਛਦਾਂ ਜਾ ਕੇ।” ਸੰਧੂ ਨੇ ਫਿਕਰ ਜਿਹਾ ਕਰਦਿਆਂ ਕਿਹਾ।
“ਤੂੰ ਆਹ ਅਟੈਚੀਕੇਸ ਚੁੱਕੀ ਫਿਰਦਾਂ।” ਆਂਟੀ ਨੇ ਝੱਟ ਹੀ ਡੂੰਘੀਆਂ ਨਜ਼ਰਾਂ ਸੰਧੂ ਦੇ ਹੱਥ ਵਿਚ ਫੜੇ ਅਟੈਚੀ ਵੱਲ ਗੱਡ ਦਿੱਤੀਆਂ।
“ਇੰਡੀਆ ਦੀ ਤਿਆਰੀ ਆ, ਸਾਮਾਨ ਪਾਉਣ ਵਾਸਤੇ ਅਟੈਚੀ ਲਿਆਇਆਂ।” ਸੰਧੂ ਨੇ ਜਵਾਬ ਦਿੱਤਾ। ਜਾਣਾ ਸੰਧੂ ਨੇ ਕਿਸੇ ਪਾਸੇ ਵੀ ਨਹੀਂ ਸੀ।
ਅਸੀਂ ਕਈ ਵਾਰ ਸੋਚਿਆ ਕਿ ਇੱਥੋਂ ਛਾਉਣੀ ਬਦਲ ਲਈਏ, ਪਰ ਅਧੂਰੀ ਇਮੀਗ੍ਰੇਸ਼ਨ ਕਰ ਕੇ ਟਿਕੇ ਰਹੇ, ਕਿਉਂਕਿ ਸਾਰਿਆਂ ਦੇ ਸਿਰਨਾਵੇ ਇਸੇ ਛਾਉਣੀ ਦੇ ਸਨ। ਆਂਟੀ ਦਾ ਸਭ ਨਾਲੋਂ ਜ਼ਿਆਦਾ ਮੋਹ ਮੇਰੇ ਨਾਲ ਸੀ, ਤੇ ਦੁੱਖ ਵੀ ਮੈਨੂੰ ਹੀ ਜ਼ਿਆਦਾ ਦਿੰਦੀ ਸੀ। ਘਰੋਂ ਰੱਬ ਦਾ ਨਾਂ ਲੈ ਕੇ ਤੁਰਨਾ, ਸਤਿਗੁਰਾਂ ਦਾ ਓਟ ਆਸਰਾ ਲੈ ਕੇ ਜਾਣਾ, ਪਰ ਰਾਹ ਵਿਚ ਆਂਟੀ ਨੇ ਪੁੱਛਣਾ, “ਕੁਲਾਰ, ਬੱਚਿਆਂ ਦਾ ਕੁਝ ਬਣਿਆ ਕਿ ਨਹੀਂ?” ਰੋਜ਼ ਇਕੋ ਹੀ ਸਵਾਲ ਆਂਟੀ ਨੇ ਪੁੱਛ ਕੇ ਮੱਲੋ ਮੱਲੀ ਪਰਿਵਾਰ ਦੀ ਯਾਦ ਤਾਜ਼ਾ ਕਰਾ ਦੇਣੀ। ਉਹਨੂੰ ਮੇਰੇ ਨਾਲ ਹਮਦਰਦੀ ਸੀ ਜਾਂ ਉਹ ਜਾਣ ਬੁਝ ਕੇ ਦੁਖਦੀ ਰਗ ਨੂੰ ਹੱਥ ਪਾਉਂਦੀ ਸੀ! ਕਈ ਵਾਰ ਸੋਚਣਾ, ਆਂਟੀ ਅਮਰੀਕਾ ਤਾਂ ਆ ਗਈ ਪਰ ਪਿੰਡਾਂ ਦੀਆਂ ਮਾਈਆਂ ਵਾਲੀਆਂ ਆਦਤਾਂ ਵੀ ਨਾਲ ਲੈ ਆਈ।
ਐਰੀਜ਼ੋਨਾ ਤੋਂ ਢਿੱਲੋਂ ਦੀ ਭੈਣ ਹਫਤੇ ਭਰ ਵਾਸਤੇ ਸਾਡੇ ਕੋਲ ਆ ਗਈ। ਨਾਲ ਦੋ ਬੱਚੇ ਵੀ ਸਨ। ਢਿੱਲੋਂ ਦੀ ਭੈਣ ਸਾਡੀ ਵੀ ਭੈਣ ਸੀ। ਛੇ-ਸੱਤ ਦਿਨ ਅਸੀਂ ਭੈਣ ਤੋਂ ਮਨਮਰਜ਼ੀ ਦੇ ਖਾਣੇ ਬਣਵਾਉਂਦੇ ਰਹੇ। ਭੈਣ ਨੇ ਵੀ ਰੂਹ ਨਾਲ ਖਾਣੇ ਬਣਾਏ। ਸੰਧੂ ਕਹਿੰਦਾ, “ਭੈਣੇ, ਤੁਹਾਨੂੰ ਅਖੰਡ ਪਾਠ ਕਰਵਾਉਣ ਦੀ ਲੋੜ ਨਹੀਂ, ਸਾਡੀ ਸੇਵਾ ਨਾਲ ਹੀ ਤੁਸੀਂ ਮੂੰਹੋਂ ਮੰਗੀ ਮੁਰਾਦ ਪਾ ਲਵੋਗੇ।”
ਸਾਡੇ ਕੋਲ ਕੁੜੀ ਆਈ ਦੇਖ ਕੇ ਆਂਟੀ ਭਲਾ ਪਿੱਛੇ ਕਿਵੇਂ ਰਹਿ ਸਕਦੀ ਸੀ। ਮੈਨੂੰ ਰੋਕ ਕੇ ਪੁੱਛ ਹੀ ਲਿਆ, “ਵੇ ਕੁਲਾਰ, ਢਿੱਲੋਂ ਦਾ ਕੰਮ ਸਿਰੇ ਚੜ੍ਹ ਹੀ ਗਿਆ। ਚੱਲ ਚੰਗਾ ਹੋਇਆ ਘਰ ਵੱਸ ਗਿਆ।” ਮਨ ਵਿਚ ਇਕਦਮ ਉਬਾਲਾ ਜਿਹਾ ਉਠਿਆ, ‘ਕਰਾਂ ਤਾਂ ਹੁਣ ਕੀ ਕਰਾਂ।’æææਪਰ ਹੋਸ਼ ਟਿਕਾਣੇ ਕਰ ਕੇ ਮੈਂ ਕਿਹਾ, “ਆਂਟੀ, ਢਿੱਲੋਂ ਦੀ ਭੈਣ ਹੈ। ਪੰਜ ਸੱਤ ਦਿਨ ਸਾਡੇ ਕੋਲ ਆਈ ਹੈ। ਤੂੰ ਮੈਨੂੰ ਤਾਂ ਪੁੱਛ ਲਿਆ ਪਰ ਆਹ ਸਵਾਲ ਦੂਜਿਆਂ ਨੂੰ ਨਾ ਪੁੱਛੀਂ। ਉਹ ਤਾਂ ਤਿੰਨੇ ਚੰਗਿਆੜੇ ਨੇ।”
ਆਂਟੀ ਦੀਆਂ ਪੁੱਛ ਪੁਛਾਈ ਦੀਆਂ ਆਦਤਾਂ, ਬਿਨਾਂ ਗੱਲ ਤੋਂ ਦਖਲਅੰਦਾਜ਼ੀ ਦੇਣਾ ਸਾਨੂੰ ਪਸੰਦ ਨਹੀਂ ਸੀ ਪਰ ਪੰਜਾਬਣ ਮਾਈ ਹੋਣ ਕਰ ਕੇ ਅਸੀਂ ਉਹਦੀ ਇੱਜ਼ਤ ਕਰਦੇ ਸੀ। ਆਂਟੀ ਆਪਣੇ ਆਪ ਨੂੰ ਢੱਕਦੀ ਤੇ ਲੋਕਾਂ ਨੂੰ ਬੇਪਰਦ ਕਰਨੋਂ ਨਾ ਹਟਦੀ। ਆਂਟੀ ਨੇ ਕਦੇ ਆਪਣੇ ਪਿੰਡ ਦਾ ਨਾਂ ਨਹੀਂ ਸੀ ਦੱਸਿਆ। ਇਹੀ ਕਹਿ ਦਿੰਦੀ ਸੀ ਕਿ ਸਾਨੂੰ ਨਕੋਦਰ ਸ਼ਹਿਰ ਲੱਗਦਾ ਹੈ। ਅੰਕਲ ਕਿਸੇ ਕੰਪਨੀ ਵਿਚ ਰਾਤ ਦੀ ਡਿਊਟੀ ਕਰਦਾ ਸੀ। ਆਂਟੀ ਦਾ ਵੱਡਾ ਮੁੰਡਾ ਤੇ ਨੂੰਹ ਪਿੰਡ ਸਨ। ਛੋਟਾ ਮੁੰਡਾ ਵੀ ਇੱਥੇ ਕਿਸੇ ਗੈਸ ਸਟੇਸ਼ਨ ‘ਤੇ ਕੰਮ ਕਰਦਾ ਸੀ। ਆਂਟੀ ਬੈਠੀ ਹੀ ਕਿਸੇ ਕੰਪਨੀ ਤੋਂ ਪੈਸੇ ਲੈ ਰਹੀ ਸੀ, ਕਿਉਂਕਿ ਆਂਟੀ ਦੇ ਸੱਟ ਲੱਗ ਗਈ ਸੀ। ਅੰਕਲ ਸਾਨੂੰ ਬਹੁਤ ਘੱਟ ਮਿਲਦਾ, ਮੁੰਡੇ ਨਾਲ ਕਦੇ ਕਦਾਈਂ ‘ਹੈਲੋ ਹਾਏ’ ਹੋ ਜਾਂਦੀ ਸੀ। ਫਿਰ ਆਂਟੀ ਬਿਨਾਂ ਦੱਸਿਆਂ ਹੀ ਮੁੰਡੇ ਦਾ ਵਿਆਹ ਕਰਨ ਇੰਡੀਆ ਚਲੀ ਗਈ। ਦੋ ਮਹੀਨਿਆਂ ਪਿੱਛੋਂ ਆਈ ਆਂਟੀ ਸਾਡੇ ਨਾਲ ਸਿੱਧੇ ਮੂੰਹ ਗੱਲ ਨਾ ਕਰੇ। ਛੇ ਮਹੀਨਿਆਂ ਪਿੱਛੋਂ ਆਂਟੀ ਦੀ ਨੂੰਹ ਰਾਣੀ ਆ ਗਈ। ਆਂਟੀ ਦੇ ਘਰ ਭੰਗੜੇ ਪੈਣ। ਮਹਿਮਾਨ ਸੱਦੇ ਹੋਏ ਸਨ ਕਿ ਨੂੰਹ ਆਈ ਹੈ ਪਰ ਸਾਨੂੰ ਆਂਟੀ ਨੇ ਇਕ ਵਾਰ ਵੀ ਨਹੀਂ ਕਿਹਾ ਕਿ ਕੁਲਾਰ ਅਜ ਦਾ ਖਾਣਾ ਅਸਾਂ ਦੇ ਘਰ ਹੈ। ਜਦੋਂ ਨੂੰਹ ਰਾਣੀ ਦਾ ਚਾਅ ਮੱਠਾ ਜਿਹਾ ਹੋਇਆ, ਆਂਟੀ ਨੇ ਬਾਰਡਰ ‘ਤੇ ਮੋਰਚਾ ਫਿਰ ਗੱਡ ਦਿੱਤਾ।
ਆਂਟੀ ਦੀ ਨੂੰਹ ਵੀ ਆਂਟੀ ਨਾਲ ਸੈਰ ਕਰਨ ਲੱਗ ਪਈ। ਮਹੀਨੇ ਪਿੱਛੋਂ ਹੀ ਉਹਨੇ ਚੁੰਨੀ ਕਿੱਲੀ ‘ਤੇ ਟੰਗ ਦਿੱਤੀ ਅਤੇ ਟਾਪ ਤੇ ਜੀਨ ਪਾਉਣ ਲੱਗ ਪਈ। ਫਿਰ ਆਂਟੀ ਉਹਦੇ ਕੰਮ ਵਾਸਤੇ ਮੈਨੂੰ ਕਹਿਣ ਲੱਗੀ, “ਵੇ ਕੁਲਾਰ, ਨੂੰਹ ਬੀæਏæ ਪੜ੍ਹੀ ਹੈ, ਕੋਈ ਕੰਮ ਦੱਸ। ਅੰਗਰੇਜ਼ੀ ਵੀ ਆਉਂਦੀ ਹੈ।” ਮੈਂ ਕਹਿ ਦਿੰਦਾ, “ਚੰਗਾ ਆਂਟੀ, ਲੱਭਾਂਗੇ।” ਆਂਟੀ ਬਾਹਰ ਗੇੜੇ ਕੱਢੀ ਜਾਂਦੀ, ਨੂੰਹ ਰਾਣੀ ਖਿੜਕੀ ਦੇ ਪਰਦੇ ਚੁੱਕ ਕੇ ਆਂਉਂਦੇ ਜਾਂਦੇ ਦੇਖੀ ਜਾਂਦੀ। ਨੂੰਹ ਰਾਣੀ ਦਾ ਜੀਅ ਲਵਾਉਣ ਵਾਸਤੇ ਉਹਨੂੰ ਲੈਪਟਾਪ ਲੈ ਕੇ ਦਿੱਤਾ ਹੋਇਆ ਸੀ। ਅਸੀਂ ਤਾਂ ਲੰਘਣ ਲੱਗੇ ਨੀਵੀਂ ਪਾ ਲੈਂਦੇ ਪਰ ਨੂੰਹ ਰਾਣੀ ਯੂਟਿਊਬ ‘ਤੇ ਗਾਣੇ ਸੁਣਦੀ ਆਵਾਜ਼ ਉੱਚੀ ਕਰ ਦਿੰਦੀ। ਹੌਲੀ-ਹੌਲੀ ਨੂੰਹ ਰਾਣੀ ਨੂੰ ਬਾਹਰ ਦੀ ਹਵਾ ਲੱਗ ਗਈ। ਉਹਨੇ ਕਾਰ ਦਾ ਲਾਇਸੰਸ ਵੀ ਲੈ ਲਿਆ ਤੇ ਉਹਦਾ ਗਰੀਨ ਕਾਰਡ ਵੀ ਆ ਗਿਆ।
ਸੰਧੂ ਮੈਨੂੰ ਕਹਿੰਦਾ, “ਬਾਈ ਕੁਲਾਰ, ਲੱਗਦਾ ਆਂਟੀ ਦੀ ਨੂੰਹ ਬਹੁਤਾ ਚਿਰ ਟਿਕਦੀ ਨਹੀਂ। ਮੈਨੂੰ ਦਾਲ ਵਿਚ ਕੁਝ ਕਾਲਾ ਲੱਗਦਾ ਹੈ।”
“ਇੰਜ ਨਹੀਂ ਕਹੀਦਾ।” ਮੈਂ ਸੰਧੂ ਨੂੰ ਕਿਹਾ।
ਪਰ ਆਂਟੀ ਵਿਚਾਰੀ ਨੂੰ ਕੀ ਪਤਾ ਸੀ ਕਿ ਉਹਦੇ ਨਾਲ ਇੰਜ ਹੀ ਹੋਣੀ ਹੈ! ਆਂਟੀ ਕਿਸੇ ਦਾ ਘਰ ਪੱਟਣ ਲਈ ਤੁਰੀ ਰਹਿੰਦੀ ਸੀ, ਆਂਟੀ ਦਾ ਘਰ ਖੁਦ ਪੱਟਿਆ ਗਿਆ। ਕਿਸੇ ਦੇ ਵਿਆਹ ਦੀ ਪਾਰਟੀ ‘ਤੇ ਜਾਣ ਲਈ ਤਿਆਰ ਹੋ ਰਹੀ ਨੂੰਹ ਸਭ ਕੁਝ ਲੈ ਕੇ ਕਿਸੇ ਨਾਲ ਭੱਜ ਗਈ। ਸਾਨੂੰ ਤਾਂ ਚਾਰ ਦਿਨ ਬਾਅਦ ਪਤਾ ਲੱਗਿਆ, ਜਦੋਂ ਬੂਹਾ ਖੋਲ੍ਹ ਕੇ ਸੋਫੇ ‘ਤੇ ਬੈਠੀ ਆਂਟੀ ਨੇ ਮੈਨੂੰ ਤੇ ਬਾਜਵੇ ਨੂੰ ਹਾਕ ਮਾਰ ਕੇ ਅੰਦਰ ਸੱਦਿਆ, “ਵੇ ਕੁਲਾਰ, ਮੈਂ ਤਾਂ ਪੱਟੀ ਗਈ, ਉਹ ਸਾਰਾ ਕੁਝ ਲੁੱਟ ਕੇ ਲੈ ਗਈ। ਅਸੀਂ ਤਾਂ ਨਾਗਣੀ ਵਿਆਹ ਲੈ ਆਏ। ਸਾਨੂੰ ਡੰਗ ਕੇ ਤੁਰ’ਗੀ। ਆਪਣਾ ਗਹਿਣਾ ਗੱਟਾ ਵੀ, ਤੇ ਮੇਰਾ ਵੀ, ਸਭ ਲੈ ਗਈ। ਮੈਂ ਤਾਂ ਖਾਲੀ ਹੋ ਗਈ।” ਅਸੀਂ ਆਂਟੀ ਮਸਾਂ ਚੁੱਪ ਕਰਾਈ, ਪਰ ਹੁਣ ਕੁਝ ਹੋ ਨਹੀਂ ਸਕਦਾ ਸੀ। ਉਹ ਆਪਣੀ ਮਰਜ਼ੀ ਨਾਲ ਤੁਰ ਗਈ ਸੀ।
“ਆਂਟੀ ਜੀ, ਜਿਹੜਾ ਬਾਰਡਰ ਉਥੇ ਬਣਾ ਕੇ ਬੈਠ ਜਾਂਦੇ ਸੀ, ਉਹ ਬਾਰਡਰ ਘਰੇ ਬਣਾਉਣਾ ਸੀ! ਜਿਹੜੀ ਗਸ਼ਤ ਅਪਾਰਟਮੈਂਟਾਂ ਵਿਚ ਕਰਦੇ ਸੀ, ਉਹ ਘਰੇ ਕਰਨੀ ਸੀ!! ਸਮੇਂ ਅਨੁਸਾਰ ਦੁੱਧ ਦਾ ਉਬਾਲ ਸਾਂਭਿਆ ਜਾਂਦਾ ਹੈ ਪਰ ਤੁਸੀਂ ਤਾਂ ਸਾਡੇ ਮਗਰ ਹੀ ਪਏ ਰਹੇ। ਤੁਹਾਡੇ ਨਾਲ ਤਾਂ ਉਸ ਚੌਕੀਦਾਰ ਵਾਂਗ ਹੋਈ, ਲੋਕਾਂ ਨੂੰ ਜਗਾਈ ਗਿਆ ਤੇ ਆਪਣੇ ਘਰ ਚੋਰੀ ਕਰਵਾ ਬੈਠਾ।” ਮੈਂ ਆਂਟੀ ਨੂੰ ਦਿਲ ਦੀਆਂ ਕਹਿ ਦਿੱਤੀਆਂ। ਆਂਟੀ ਨੇ ਰੋ ਰੋ ਕੇ ਬਾਜਵੇ ਦਾ ਮੋਢਾ ਗਿੱਲਾ ਕਰ ਦਿੱਤਾ। ਫਿਰ ਮਹੀਨੇ ਪਿੱਛੋਂ ਹੀ ਆਂਟੀ ਛਾਉਣੀ ਬਦਲ ਗਈ। ਕਈ ਦਿਨ ਸਾਨੂੰ ਆਂਟੀ ਦੇ ਭੁਲੇਖੇ ਪੈਂਦੇ ਰਹੇ। ਹੁਣ ਪਤਾ ਲੱਗਿਆ ਸੀ ਕਿ ਆਂਟੀ ਪਿੰਡ ਗਈ ਸੁਰਗਵਾਸ ਹੋ ਗਈ। ਮੁੰਡਾ ਇੱਥੇ ਹੀ ਘਰਵਾਲੀ ਦੇ ਵਿਯੋਗ ਵਿਚ ਦਾਰੂ ਪੀਈ ਜਾਂਦਾ ਹੈ। ਆਂਟੀ ਦੀ ਖ਼ਬਰ ਸੁਣ ਕੇ ਅਸੀਂ ਸਾਰੇ ਹੀ ਬੜਾ ਰੋਏ ਜਿਹਨੇ ਸਾਡੇ ਉਤੇ ਮਾਂਵਾਂ ਨਾਲੋਂ ਵੱਧ ਪਹਿਰਾ ਰੱਖਿਆ ਪਰ ਆਪਣਾ ਘਰ ਨਾ ਬਚਾ ਸਕੀ!
Leave a Reply