ਜਸਪ੍ਰੀਤ ਸਿੰਘ ਪੱਡਾ
ਫਰਿਜ਼ਨੋ, ਕੈਲੀਫੋਰਨੀਆ।
ਫੋਨ: 415-519-8842
ਪੰਜਾਬੀ ਮੁੱਢ ਤੋਂ ਹੀ ਖੇਤੀ ਕਰਦੇ ਤੇ ਜ਼ਮੀਨ ਨੂੰ ਮਾਂ ਵਾਂਗ ਪਿਆਰ ਕਰਦੇ ਆ ਰਹੇ ਹਨ। ਏਨਾ ਪਿਆਰ ਇਹ ਜ਼ਮੀਨਾਂ ਨਾਲ ਕਰਦੇ ਹਨ ਕਿ ਕਿਸੇ ਦਾ ਜਾਂ ਆਪਣਾ ਲਹੂ ਵਹਾਉਣ ਲਗਿਆਂ ਵੀ ਸੋਚਦੇ ਨਹੀਂ। ਵੱਟ ਦੀ ਸੇਧ ਤਾਂ ਇਹ ਇੰਜ ਨਾਪਦੇ, ਜਿਵੇਂ ਕੋਈ ਲੇਜ਼ਰ ਮਸ਼ੀਨ ਹੋਣ। ਪੰਜਾਬੀ ਕਿਸਾਨ ਖੁੱਲ੍ਹੇ ਸੁਭਾਅ ਦੇ ਮਾਲਕ, ਮਿਹਨਤੀ, ਦਿਲ ਦੇ ਅਮੀਰ ਅਤੇ ਰੱਬ ਤੋਂ ਡਰਨ ਵਾਲੇ ਹਨ। ਪੰਜਾਬੀ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਕੌਡੀਆਂ ਦੇ ਭਾਅ ਸੁੱਟ ਕੇ, ਭਾਰਤ ਦੀ ਭੁੱਖ ਮਿਟਾਉਂਦਾ ਆ ਰਿਹਾ ਹੈ।
ਮੇਰਾ ਪਰਿਵਾਰ ਖੇਤੀ ਨਾਲ ਜੁੜਿਆ ਹੋਇਆ ਹੈ, ਭਾਵੇਂ ਹੁਣ ਜ਼ਮੀਨ ਪੀੜ੍ਹੀ ਦਰ ਪੀੜ੍ਹੀ ਹਿੱਸਿਆਂ ਵਿਚ ਵੰਡਦੀ, ਘਟਦੀ ਜਾ ਰਹੀ ਹੈ; ਪਰ ਅੱਜ ਵੀ ਪਿੰਡ ਵਾਲੀ ਜ਼ਮੀਨ ਨੂੰ ਦੇਖੇ ਬਿਨਾ ਮੁੜਿਆ ਨਹੀਂ ਜਾਂਦਾ। ਮੇਰਾ ਬਾਪ ਦੱਸਿਆ ਕਰਦਾ ਸੀ ਕਿ ਕਿਵੇਂ ਉਹ ਤੇ ਮੇਰੇ ਚਾਚੇ-ਤਾਏ ਇਸ ਜ਼ਮੀਨ `ਤੇ ਹਲ ਤੇ ਫਲੇ ਵਾਹੁੰਦੇ, ਲਾਗੇ ਪਈ ਵਿਹਲੀ ਮੈਰ ਵਿਚ ਪਸੂ ਚਾਰਦੇ ਸਨ। ਉਹ ਕਦੇ ਗੰਧਕ ਪਟਾਸ ਲਿਆ ਕੇ, ਮੱਕੀ ਦੇ ਖੇਤਾਂ ਵਿਚ ਸੂਰਾਂ ਦਾ ਸ਼ੌਕੀਆ ਤੌਰ `ਤੇ ਸ਼ਿਕਾਰ ਵੀ ਕਰਦੇ, ਤੇ ਫਿਰ ਦੂਸਰੇ ਪਿੰਡਾਂ ਨੂੰ ਦਾਵਤ ਦੇ ਦਿੰਦੇ। ਸ਼ਿਕਾਰ ਦੇ ਨਾਲ ਦੇਸੀ ਪੇਸ਼ ਕਰਨਾ ਸਰਦਾਰਾਂ ਦੀ ਨਿਸ਼ਾਨੀ ਮੰਨੀ ਜਾਂਦੀ ਸੀ। ਕਦੇ-ਕਦੇ ਉਹ ਰਾਤ ਨੂੰ ਲਾਗੇ ਦੇ ਪਿੰਡਾਂ ਵਿਚ ਘਰਦਿਆਂ ਤੋਂ ਚੋਰੀ, ਨੰਗੇ ਪੈਰੀਂ ਨਕਲਾਂ ਦੇਖਣ ਜਾਂਦੇ, ਪਰ ਦਾਦਾ ਜੀ ਸਰਕਾਰੀ ਅਧਿਆਪਕ ਹੋਣ ਕਰਕੇ, ਸਕੂਲ ਵੀ ਜਾਣਾ ਪੈਂਦਾ ਸੀ। ਕਦੇ-ਕਦੇ ਸ਼ਾਮ ਨੂੰ ਖਿਦੋ-ਖੂੰਡੀ ਵੀ ਖੇਡਦੇ। ਮੈਂ ਸੋਚ ਕੇ ਹੈਰਾਨ ਹੋ ਜਾਂਦਾ ਹਾਂ ਕਿ ਉਹ ਕਿੰਨਾ ਬੇ-ਫਿਕਰੀ ਵਾਲਾ ਮਾਹੌਲ ਸੀ।
ਮੇਰੇ ਚਾਚੇ ਦੱਸਦੇ ਹਨ ਕਿ ਕੋਈ ਪ੍ਰੇਸ਼ਾਨੀ ਨਹੀਂ ਸੀ, ਸਭ ਲੋਕ ਇੱਕੋ ਜਿਹੇ ਸਨ ਤੇ ਖੁਸ਼ ਸਨ। ਉਹ ਅੱਜ ਵੀ ਕਦੇ ਸ਼ਾਮ ਨੂੰ ਜਦੋਂ ਮਹਿਫਿਲ ਲਾਉਂਦੇ ਨੇ, ਤਾਂ ਉਸ ਜ਼ਮਾਨੇ ਦੀਆਂ ਗੱਲਾਂ ਵਾਰ-ਵਾਰ ਕਰਦੇ ਰਹਿੰਦੇ ਹਨ। ਮੇਰੇ ਮੁਤਾਬਿਕ ਉਨ੍ਹਾਂ ਦੀਆਂ ਲੋੜਾਂ ਬੜੀਆਂ ਸੀਮਤ ਸਨ ਅਤੇ ਭਾਈਚਾਰਕ ਸਾਂਝ ਮਜਬੂਤ ਸੀ।
ਕਿਸਾਨ ਕੋਲ ਤਾਂ ਪੈਸੇ ਉਦੋਂ ਵੀ ਨਹੀਂ ਸਨ, ਕਦੇ-ਕਦੇ ਜੱਟਾਂ ਦੀ 13ਵੇਂ ਮਹੀਨੇ ਕਣਕ ਮੁੱਕ ਜਾਂਦੀ ਸੀ ਤੇ ਮੁੱਲ ਲਿਆ ਕੇ ਗੁਜ਼ਾਰਾ ਕਰਦੇ ਸਨ। ਸਾਰੇ ਟੱਬਰ ਕੋਲ ਇਕ ਦੋ ਹੀ ਨਵੇਂ ਕੱਪੜੇ ਹੁੰਦੇ ਸਨ ਤੇ ਉਹੀ ਵਾਰੀ-ਵਾਰੀ ਸ਼ਹਿਰ ਜਾਂ ਵਾਂਢੇ ਜਾਣ ਲੱਗਿਆਂ ਫਸਾ ਲੈਂਦੇ, ਪਰ ਫੇਰ ਵੀ ਖੁਸ਼ੀ ਚਿਹਰਿਆਂ `ਤੇ ਹਰ ਵੇਲੇ ਰਹਿੰਦੀ ਸੀ।
ਲੋੜਾਂ ਪੂਰੀਆਂ ਕਰਨ ਲਈ ਜ਼ਮੀਨ ਤਾਂ ਉਦੋਂ ਵੀ ਜੱਟ ਗਹਿਣੇ ਰੱਖਦੇ ਸਨ, ਪਰ ਇਸ ਤਰ੍ਹਾਂ ਕੋਈ ਜਹਾਨ ਤੋਂ ਉਡਾਰੀ ਨਹੀਂ ਸੀ ਮਾਰਦਾ। ਆਖਿਰ ਕੀ ਹੋ ਗਿਆ ਕਿ ਸਾਡੇ ਢੱਗਿਆਂ ਵਰਗੇ ਸਿਰ ਸੁੱਟੀ ਜਾਂਦੇ ਆ।
ਸਰਕਾਰਾਂ ਦੀ ਗੱਲ ਕਰੀਏ, ਇਹ ਤਾਂ ਮੁੱਢ ਤੋਂ ਹੀ ਕਿਸਾਨ ਦੀਆਂ ਵੈਰੀ ਰਹੀਆਂ ਹਨ। ਆਖਿਰ ਸਰਕਾਰਾਂ ਨੇ ਮੋਟੇ ਢਿੱਡਾਂ ਵਾਲੇ ਸ਼ਾਹੂਕਾਰਾਂ ਨੂੰ ਵੀ ਮੌਕਾ ਦੇਣਾ ਹੈ, ਛਿੱਲ ਲਾਹੁਣ ਦਾ, ਤੇ ਫਿਰ ਅਖੀਰ ਬਿਹਾਰ ਤੇ ਉੜੀਸਾ ਦੇ ਗਰੀਬਾਂ ਤੋਂ ਵੀ ਵੋਟਾਂ ਲੈਣੀਆਂ ਹਨ।
ਸ਼ਾਇਦ ਕੁਝ ਸਾਡੇ ਆਲੇ-ਦੁਆਲੇ ਹੀ ਬਦਲ ਗਿਆ ਹੈ, ਜਿਹੜਾ ਜੱਟਾਂ ਨੂੰ ਜਿਊਣ ਨਹੀਂ ਦਿੰਦਾ। ਮੈਨੂੰ ਲੱਗਦਾ ਕਿ ਜੱਟ ਦਾ ਕੋਈ ਯਾਰ ਹੀ ਨਹੀਂ ਰਹਿ ਗਿਆ, ਜਿਹੜਾ ਕਹਿ ਦੇਵੇ, “ਤਕੜਾ ਹੋ ਮੈਂ ਜਿਊਂਦਾ।” ਸਾਡੇ ਟੱਬਰ ਛੋਟੇ ਹੋ ਗਏ ਹਨ, ਕੰਧਾਂ ਨੇ ਖੁੱਲ੍ਹੇ ਵਿਹੜਿਆਂ ਨੂੰ ਛੋਟੇ ਕਰ ਦਿੱਤਾ ਹੈ। ਇਨ੍ਹਾਂ ਕੰਧਾਂ ਤੋਂ ਹੁਣ ਜੱਟ ਏਨਾ ਡਰਦੈ ਕਿ ਨੇੜੇ ਜਾ ਕੇ ਦਿਲ ਹੌਲਾ ਵੀ ਨਹੀਂ ਕਰ ਸਕਦਾ। ਦੁਨੀਆਂ `ਤੇ ਫੈਲ ਗਏ ਨਿੱਜਵਾਦ ਨੇ ਸਾਡੇ ਦਿਲਾਂ ਵਿਚੋਂ ਮੌਤ ਅਤੇ ਰੱਬ ਦਾ ਡਰ ਹੀ ਵਿਸਾਰ ਦਿੱਤੈ। ਭਰਾਵਾਂ ਨੂੰ ਸ਼ਰੀਕ ਬਣਾ ਕੇ ਠੋਕਰਾਂ ਖਾਣ ਲਈ ਛੱਡ ਦਿੱਤਾ ਹੈ। ਇਹ ਕਿਹੜੀ ਤਰੱਕੀ ਹੈ, ਜਿਸ ਉੱਪਰ ਅਸੀਂ ਮਾਣ ਕਰ ਰਹੇ ਆਂ।
ਮੇਰੇ ਬਾਬੇ ਜਦੋਂ 1947 ਤੋਂ ਬਾਅਦ ਕਪੂਰਥਲੇ ਆਪਣੇ ਜੱਦੀ ਪਿੰਡ ਆ ਗਏ, ਤਾਂ ਬਾਬੇ ਇਕੱਠੇ ਹੀ ਰਹੇ, ਇਕੋ ਚੁੱਲ੍ਹੇ `ਤੇ ਸਾਰਾ ਟੱਬਰ ਰੋਟੀਆਂ ਖਾਂਦਾ ਰਿਹਾ ਅਤੇ ਕੋਈ ਕੰਧ ਕੱਢਣ ਦਾ ਡਰਾਉਣਾ ਸੁਫਨਾ ਵੀ ਨਹੀਂ ਆਇਆ ਕਿਸੇ ਨੂੰ। ਮੈਂ ਆਪਣੀ ਦਾਦੀ ਨੂੰ ਪੁੱਛਦਾ ਰਹਿੰਦਾ ਸੀ ਕਿ ਉਹਦੀ ਦਰਾਣੀ ਨਾਲ ਕਦੇ ਭੇੜ ਨਹੀਂ ਹੋਇਆ? ਉਹ ਕਹਿੰਦੀ, ਗੁੱਸੇ ਤਾਂ ਉਹ ਕਦੇ-ਕਦੇ ਹੋ ਜਾਂਦੀਆਂ ਸਨ, ਪਰ ਫਿਰ ਬੋਲ ਪੈਂਦੀਆਂ। ਉਹ ਗੁੱਸਾ ਬਸ ਆਪਣੇ ਦੋਹਾਂ ਤੱਕ ਹੀ ਸੀਮਿਤ ਰੱਖਦੀਆਂ।
ਸਾਡੇ ਅੱਜ ਦੇ ਪਰਿਵਾਰਾਂ ਨੂੰ ਪਤਾ ਨਹੀਂ ਕਿਹੜੀ ਪ੍ਰਾਈਵੇਸੀ ਚਾਹੀਦੀ ਆ ਕਿ ਚਾਚੇ-ਤਾਏ ਵੀ ਓਪਰੇ ਲੱਗਣ ਲੱਗ ਪਏ। ਜ਼ਿਆਦਾ ਸਾਂਝੇ ਘਰ, ਇਕੱਠੀ ਵਾਹੀ, ਹੀ ਜੱਟ ਨੂੰ ਬਚਾ ਸਕਦੇ ਹਨ। ਜੇ ਤੁਸੀਂ ਇਕੱਠੇ ਰਹਿੰਦੇ ਹੋ, ਤਾਂ ਇਕ ਦੂਸਰੇ ਨੂੰ ਦੁੱਖ ਦੱਸ ਸਕਦੇ ਹੋ ਤੇ ਜਿਸ ਨਾਲ ਕਈ ਤਰ੍ਹਾਂ ਦੇ ਹੱਲ ਨਿਕਲ ਸਕਦੇ ਹਨ। ਮਾਨਸਿਕ ਤੌਰ `ਤੇ ਵੀ ਬੜਾ ਹੌਸਲਾ ਮਿਲਦਾ, ਜਿਹੜਾ ਗੱਡੀ ਨੂੰ ਲੀਹੋਂ ਲੱਥਣ ਨਹੀਂ ਦਿੰਦਾ।
ਮੈਨੂੰ ਲੱਗਦੈ, ਗੁਰਬਾਣੀ ਦੇ ਅਰਥ ਜੇ ਬੁੱਝ ਲਏ ਜਾਣ ਤੇ ਸਾਡੇ ਹਿਰਦੇ ਵਿਚ ਵੱਸ ਜਾਣ, ਫਿਰ ਸ਼ਾਇਦ ਅਸੀਂ ਇੱਕ ਦੂਸਰੇ ਨਾਲ ਈਰਖਾ ਕਰਨੋਂ ਹਟ ਜਾਈਏ। ਸੱਚੇ ਸਾਧੂਆਂ, ਪ੍ਰਚਾਰਕਾਂ ਦੀ ਕਮੀ ਤੇ ਵਿਗਿਆਨ ਨਾਲ ਆਏ ਹੰਕਾਰ ਨੇ ਸਾਡੀ ਮੱਤ ਮਾਰ ਦਿੱਤੀ ਹੈ। ਅੱਜ-ਕੱਲ੍ਹ ਦੀ ਦੁਨੀਆਂ ਵਿਚ ਰੱਬ ਦਾ ਭੈਅ ਬਹੁਤ ਜ਼ਰੂਰੀ ਹੈ, ਜੇ ਅਸੀਂ ਨਿੱਜਵਾਦ ਤੇ ਆਪਣੇ ਅੰਦਰਲੇ ਸ਼ਰੀਕ ਨੂੰ ਮਾਰਨਾ ਹੈ।
ਕਿਸਾਨ ਵੀ ਵੱਡੇ ਖਰਚੇ ਕਰਨ ਲੱਗ ਪਏ ਹਨ, ਕੋਈ ਤੁਰ ਕੇ ਪੱਠੇ ਲੈਣ ਨਹੀਂ ਜਾਂਦਾ, ਕਾਰ ਰੱਖਣੀ ਜ਼ਰੂਰੀ ਹੋ ਗਈ ਹੈ, ਖਾਸ ਤੌਰ `ਤੇ ਵਿਆਹ ਜਾਣ ਲਈ ਆਦਿ। ਜੱਟਾਂ ਦੇ ਪੁੱਤ ਬਾਹਰਲੇ ਰੰਗਲੇ ਸੁਪਨਿਆਂ ਨੇ ਪੱਟ ਲਏ ਹਨ। ਮੈਨੂੰ ਲੱਗਦਾ ਕਿ ਪੰਜਾਬ ਦੇ ਕਿਸਾਨ ਜੇ ਅੱਡੇ ਫਾਹੇ ਨਾ ਲੈਣ, ਤਾਂ ਉਹ ਕਿਤੇ ਵਧੀਆ ਜ਼ਿੰਦਗੀ ਜੀਅ ਸਕਦੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਆਪਣੇ ਆਪ ਨੂੰ ਕਿਸਾਨ ਹੀ ਸਮਝਣ ਤਾਂ ਬਚ ਸਕਦੇ ਹਨ, ਨਹੀਂ ਤਾਂ ਨੀਂਦ ਤੇ ਚੈਨ ਨਹੀਂ ਮਿਲਣਾ। ਮੇਰੇ ਕਹਿਣ ਤੋਂ ਭਾਵ ਇਹ ਨਹੀਂ ਹੈ ਕਿ ਕਿਸਾਨ ਵੱਡੇ ਸੁਪਨੇ ਨਾ ਵੇਖੇ ਜਾਂ ਆਪਣੇ ਰਹਿਣ-ਸਹਿਣ ਨੂੰ ਉੱਚਾ ਨਾ ਚੁੱਕੇ।
ਖੇਤੀ ਇਕ ਜੀਵਨ ਜਾਚ ਦਾ ਨਾਂ ਹੈ, ਨਾ ਕਿ ਬੇਸ਼ੁਮਾਰ ਦੌਲਤ ਕਮਾਉਣ ਦਾ ਤਰੀਕਾ। ਖੇਤੀ ਸੱਚੀ-ਸੁੱਚੀ ਕਿਰਤ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ। ਮੇਰੀ ਬਸ ਇੰਨੀ ਬੇਨਤੀ ਹੈ ਕਿ ਬੇਲੋੜੀ ਜ਼ਿੱਦ ਲਈ ਜਾਂ ਟੌਹਰ ਦਿਖਾਉਣ ਲਈ ਕਰਜ਼ਾ ਨਾ ਲਉ।
ਮੈਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਖੇਤੀ ਕਦੇ ਵੀ ਲਾਹੇਵੰਦ ਸੌਦਾ ਨਹੀਂ ਰਿਹਾ। ਜੇ ਕਿਸਾਨ ਅਮੀਰ ਬਣਨਾ ਚਾਹੁੰਦਾ ਹੈ, ਤਾਂ ਉਸ ਨੂੰ ਵਪਾਰੀ ਬਣਨਾ ਪਵੇਗਾ ਤੇ ਆਪਣੀ ਫਸਲ ਨੂੰ ਮੰਡੀ ਵਿਚ ਸਿੱਟਣ ਦੀ ਥਾਂ ਵੱਖਰੇ-ਵੱਖਰੇ ਖਾਣ ਦੇ ਪ੍ਰੋਡਕਟ ਬਣਾ ਕੇ ਸਿੱਧਾ ਉਪਭੋਗਤਾ ਤੱਕ ਪਹੁੰਚਾਉਣੇ ਪੈਣਗੇ। ਇਹ ਕੰਮ ਅੱਜ-ਕੱਲ੍ਹ ਦੀ ਆਪਣੇ ਆਪ ਨੂੰ ਪੜ੍ਹਿਆ ਕਹਿਣ ਵਾਲੀ ਪੀੜ੍ਹੀ ਕਰ ਸਕਦੀ ਹੈ। ਇਸ ਵੱਡੇ ਪ੍ਰਬੰਧ ਲਈ ਪੈਸੇ ਦੀ ਲੋੜ ਹੈ, ਜਿਸ ਵਿਚ ਆਪਣੇ ਆਪ ਨੂੰ ਅਮੀਰ ਦੱਸਣ ਵਾਲੇ ਪਰਵਾਸੀ ਪੰਜਾਬੀ ਪੰਜਾਬ ਰਹਿੰਦੇ ਆਪਣੇ ਪਿੰਡ ਦੇ ਪੜ੍ਹੇ-ਲਿਖੇ ਨੌਜੁਆਨਾਂ ਦੀ ਮਦਦ ਕਰ ਸਕਦੇ ਹਨ।
ਕਿਸਾਨਾਂ ਨੂੰ ਆਪਣੀ ਫਸਲ ਦਾ ਪੂਰਾ ਮੁੱਲ ਵੱਟਣ ਲਈ, ਖੁਦ ਹੀ ਸਬਜ਼ੀ ਮੰਡੀਆਂ ਵਿਚ ਦੁਕਾਨਾਂ ਖੋਲ੍ਹਣੀਆਂ ਪੈਣਗੀਆਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨ ਨੂੰ ਲੇਖੇ-ਜੋਖੇ ਦਾ ਮਾਹਿਰ ਬਣਨਾ ਪਏਗਾ। ਅੱਜ-ਕੱਲ੍ਹ ਦੀ ਪੜ੍ਹੀ-ਲਿਖੀ ਪੀੜ੍ਹੀ ਅਕਾਊਂਟਿੰਗ ਸਿੱਖ ਕੇ ਇਹ ਮਸਲਾ ਹੱਲ ਕਰ ਸਕਦੀ ਹੈ। ਖੇਤੀ ਨੂੰ ਇਕ ਕਾਰਪੋਰੇਸ਼ਨ ਵਾਂਗ ਚਲਾਉਣਾ ਪਵੇਗਾ।
ਫਸਲੀ ਚੱਕਰ ਬਾਰੇ ਵੀ ਰੌਲਾ ਬੜੇ ਸਾਲਾਂ ਤੋਂ ਪੈ ਰਿਹਾ ਹੈ, ਪਰ ਮੇਰੇ ਖਿਆਲ ਨਾਲ ਇਸ ਲਈ ਨਾ ਤਾਂ ਕਿਸਾਨ ਤਿਆਰ ਹੈ, ਨਾ ਸਰਕਾਰਾਂ ਅਤੇ ਨਾ ਹੀ ਸਾਡੀ ਮੰਡੀਕਰਨ ਪਾਲਿਸੀ। ਕੇਂਦਰ ਸਰਕਾਰ ਨੂੰ ਵੀ ਪੰਜਾਬ ਨਾਲ ਮਤਰੇਆ ਵਿਹਾਰ ਬੰਦ ਕਰਨਾ ਚਾਹੀਦਾ ਹੈ। ਜੇ ਸਮਰਥਨ ਮੁੱਲ ਨਹੀਂ ਵਧਾ ਸਕਦੇ ਤਾਂ, ਕੋਈ ਸਬਸਿਡੀ ਦੇ ਕੇ ਕਿਸਾਨ ਨੂੰ ਬਣਦਾ ਮੁੱਲ ਦਿੱਤਾ ਜਾਵੇ। ਭਾਰਤ ਵਿਚ ਇਕ ਨਵਾਂ ਪਾਖੰਡ ਸ਼ੁਰੂ ਹੋ ਰਿਹਾ ਹੈ, ਜਿਸ ਵਿਚ ਵੱਡੇ ਉਦਯੋਗਿਕ ਘਰਾਣੇ ਸਾਨੂੰ ਖੇਤੀ ਕਰਨਾ ਸਿਖਾਉਣਗੇ ਤੇ ਸਰਕਾਰਾਂ ਆਸ ਕਰ ਰਹੀਆਂ ਹਨ ਕਿ ਇਸ ਨਾਲ ਸਭ ਠੀਕ ਹੋ ਜਾਵੇਗਾ। ਮੇਰੇ ਮੁਤਾਬਿਕ ਇਹ ਪਾਲਿਸੀ ਦੇਸ਼ ਤੇ ਕਿਸਾਨਾਂ ਲਈ ਘਾਤਕ ਸਿੱਧ ਹੋਵੇਗੀ, ਕਿਉਂਕਿ ਭਾਰਤ ਵਿਚ ਫੈਲੇ ਭ੍ਰਿਸ਼ਟਾਚਾਰ ਨੇ ਕੋਈ ਸਖਤ ਪਾਲਿਸੀ ਇਨ੍ਹਾਂ ਵੱਡੇ ਉਦਯੋਗਿਕ ਘਰਾਣਿਆਂ ਖਿਲਾਫ ਬਣਨ ਨਹੀਂ ਦੇਣੀ।
ਮੇਰੇ ਮੁਤਾਬਿਕ ਜੇ ਕਿਸੇ ਕਿਸਾਨ ਦੀ ਜਮੀਨ 10 ਏਕੜ ਤੋਂ ਘੱਟ ਹੈ, ਉਸ ਨੂੰ ਜ਼ਮੀਨ ਠੇਕੇ `ਤੇ ਦੇ ਦੇਣੀ ਚਾਹੀਦੀ ਹੈ ਤੇ ਆਪ ਕੋਈ ਹੋਰ ਕੰਮ/ਵਪਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਛੋਟੇ ਕਿਸਾਨ ਦੀ ਆਮਦਨ ਵਧੇਗੀ ਅਤੇ ਉਹ ਨਵੇਂ ਹੁਨਰ ਸਿੱਖ ਕੇ ਆਤਮ ਨਿਰਭਰ ਬਣ ਸਕੇਗਾ। ਇਸ ਨਾਲ ਵੱਡੇ ਕਿਸਾਨ ਉਭਰ ਕੇ ਸਾਹਮਣੇ ਆਉਣਗੇ ਤੇ ਖੇਤੀ ਪ੍ਰਬੰਧ ਵਿਚ ਕੁਸ਼ਲਤਾ ਆਵੇਗੀ। ਪਿੰਡਾਂ ਦੇ ਹੀ ਸਰਦੇ ਜਿ਼ਮੀਂਦਾਰ ਅਤੇ ਪਰਵਾਸੀ ਪੰਜਾਬੀ ਇਨ੍ਹਾਂ 10 ਏਕੜ ਤੋਂ ਘਟ ਜ਼ਮੀਨ ਵਾਲੇ ਕਿਸਾਨਾਂ ਦੀ ਜਮੀਨ ਠੇਕੇ `ਤੇ ਲੈ ਲੈਣ ਤਾਂ ਬਹੁਤ ਵਧੀਆ ਹੋਵੇਗਾ। ਸਰਕਾਰ ਨੂੰ ਵੱਡੀਆਂ ਕੰਪਨੀਆਂ ਨੂੰ ਸਿਧੇ ਤੌਰ `ਤੇ ਜਮੀਨ ਠੇਕੇ ਉਤੇ ਲੈਣ ਤੋਂ ਰੋਕਣ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ। ਇਸ ਦੇ ਨਾਲ ਨਾਲ ਛੋਟੇ ਤੇ ਵੱਡੇ ਜਿ਼ਮੀਂਦਾਰਾਂ ਦਰਮਿਆਨ ਕੰਟ੍ਰੈਕਟ ਛੋਟੇ ਕਿਸਾਨ ਦੇ ਹੱਕਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਜਾਣਾ ਚਾਹੀਦਾ ਹੈ।
ਵੱਡੇ ਜਿ਼ਮੀਂਦਾਰਾਂ ਨੂੰ ਛੋਟੇ ਜਿ਼ਮੀਂਦਾਰਾਂ ਨੂੰ ਸਮੇਂ ਸਿਰ ਠੇਕੇ ਦੀ ਬਣਦੀ ਰਕਮ ਦੇਣੀ ਕਾਨੂੰਨੀ ਤੌਰ `ਤੇ ਨਿਸ਼ਚਿਤ ਕਰਨੀ ਚਾਹੀਦੀ ਹੈ ਅਤੇ ਭੁਗਤਾਨ ਸਿਰਫ ਬੈਂਕਾਂ ਰਾਹੀਂ ਹੀ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਸਰਕਾਰ ਦੇ ਰੈਵੇਨਿਊ ਵਿਚ ਵੀ ਵਾਧਾ ਹੋਵੇਗਾ ਤੇ ਗੜ੍ਹੇ ਮਾਰੀ ਜਾਂ ਹੋਰ ਕੁਦਰਤੀ ਆਫਤਾਂ ਨਾਲ ਹੋਈ ਤਬਾਹੀ ਸਮੇਂ ਸਰਕਾਰ ਬੜੇ ਸੌਖੇ ਤੇ ਕੁਸ਼ਲ ਤਰੀਕੇ ਨਾਲ ਮਦਦ ਵੱਡੇ ਕਿਸਾਨਾਂ ਤਕ ਪਹੁੰਚਦੀ ਕਰ ਸਕਦੀ ਹੈ।
ਸਰਕਾਰਾਂ ਨੂੰ ਵੀ ਛੋਟੇ ਕਿਸਾਨਾਂ ਲਈ ਜ਼ਮੀਨ ਉੱਤੇ ਦਿੱਤੇ ਜਾਣ ਵਾਲੇ ਕਰਜ਼ੇ ਘਟਾਉਣੇ ਜਾਂ ਬੰਦ ਕਰਨੇ ਪੈਣਗੇ, ਇਸ ਨਾਲ ਸਰਕਾਰੀ ਸਬਸਿਡੀ ਦੀ ਦੁਰਵਰਤੋਂ ਕਿਸਾਨ ਨਹੀਂ ਕਰ ਸਕੇਗਾ। ਮੇਰੇ ਮੁਤਾਬਕ ਛੋਟੇ ਕਿਸਾਨਾਂ ਨੂੰ ਜ਼ਮੀਨ `ਤੇ ਮਿਲੇ ਕਰਜ਼ੇ ਨੂੰ ਸਿਰਫ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਨਾਲ ਜੁੜੇ ਕੰਮਾਂ `ਤੇ ਖਰਚਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਲੋੜ ਪੈਣ ਸਮੇਂ ਜ਼ਮੀਨ `ਤੇ ਮਿਲੇ ਕਰਜ਼ੇ ਦਾ ਭੁਗਤਾਨ ਸਿਰਫ ਵਿੱਦਿਅਕ ਅਦਾਰਿਆਂ ਜਾਂ ਸਿਹਤ ਕੇਂਦਰਾਂ, ਹਸਪਤਾਲਾਂ ਵਿਚ ਹੀ ਹੋਣਾ ਚਾਹੀਦਾ ਹੈ। ਛੋਟੇ ਕਿਸਾਨਾਂ ਲਈ ਇਸ ਕਰਜ਼ੇ ਦੀ ਵਿਆਜ਼ ਦਰ ਹੋਰ ਘਟਾਉਣ ਦੀ ਵੀ ਲੋੜ ਹੈ।
ਖੇਤੀ ਨਾਲ ਸਬੰਧਤ ਮਜਦੂਰਾਂ ਵਾਸਤੇ ਲੇਬਰ ਕਾਨੂੰਨ ਸਖਤ ਕਰਨੇ ਪੈਣਗੇ। ਵੱਡੇ ਕਿਸਾਨਾਂ ਨੂੰ ਖੇਤੀ ਮਜਦੂਰਾਂ ਨਾਲ ਕੰਟ੍ਰੈਕਟ ਕਰਨੇ ਪੈਣਗੇ ਤੇ ਉਨ੍ਹਾਂ ਦਾ ਬਣਦਾ ਮਿਹਨਤਾਨਾ ਸਮੇਂ ਸਿਰ ਵੱਡੇ ਕਿਸਾਨਾਂ ਨੂੰ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿਚ ਪਾਉਣਾ ਪਵੇਗਾ। ਪੰਜਾਬੀ ਲੇਬਰ ਸੰਸਥਾਵਾਂ ਨੂੰ ਮਜਬੂਤ ਕਰਨ ਦੀ ਲੋੜ ਹੈ।
ਖੇਤੀ ਵਿਭਾਗ ਵੱਲੋਂ ਕਿਸਾਨਾਂ ਨੂੰ ਫਸਲਾਂ ਬਾਰੇ ਜਾਣਕਾਰੀ ਦੇ ਨਾਲ ਨਾਲ ਸੈਲਫ ਮੈਨੇਜਮੈਂਟ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਖੇਤੀ ਨਾਲ ਜੁੜੇ ਪਰਿਵਾਰਾਂ ਦੀਆਂ ਔਰਤਾਂ ਨੂੰ ਵੀ ਸੰਸਾਰਕ ਪੜ੍ਹਾਈ ਦੇ ਨਾਲ ਗੁਰਬਾਣੀ ਨਾਲ ਜੋੜਨ ਦੀ ਲੋੜ ਹੈ। ਇਨ੍ਹਾਂ ਔਰਤਾਂ ਵਾਸਤੇ ਵਿਸ਼ੇਸ਼ ਸੈਮੀਨਾਰ ਹੋਣੇ ਚਾਹੀਦੇ ਹਨ, ਜੋ ਇਨ੍ਹਾਂ ਨੂੰ ਸੈਲਫ ਮੈਨੇਜਮੈਂਟ, ਚੰਗੀ ਸਿਹਤ, ਫੈਮਿਲੀ ਪਲਾਨਿੰਗ, ਉਚੇਰੀ ਵਿੱਦਿਆ, ਕੌਸਟ ਮੈਨੇਜਮੈਂਟ ਵਰਗੇ ਵਿਸ਼ਿਆਂ `ਤੇ ਜਾਣਕਾਰੀ ਦੇਣ।
ਪਰਵਾਸੀ ਪੰਜਾਬੀਆਂ ਨੂੰ ਵੀ ਸਿਆਣੇ ਬਣਨ ਦੀ ਬਹੁਤ ਲੋੜ ਹੈ, ਇਹ ਆਪਣੇ ਪੰਜਾਬ ਰਹਿੰਦੇ ਭਰਾਵਾਂ ਦਾ ਪਹਿਲਾਂ ਨਾਲੋਂ ਵੱਧ ਸਾਥ ਦੇਣ। ਪਰਵਾਸੀ ਪੰਜਾਬੀ ਪੰਜਾਬ ਜਾ ਕੇ ਫੋਕੀ ਬੱਲੇ ਬੱਲੇ ਕਰਾਉਣ ਤੋਂ ਗੁਰੇਜ਼ ਕਰਨ ਅਤੇ ਪੰਜਾਬ ਦੀ ਖੇਤੀ ਅਤੇ ਖੇਤੀ ਨਾਲ ਜੁੜੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਹਿੱਸੇਦਾਰ ਬਣ ਕੇ ਯੋਗਦਾਨ ਪਾਉਣ।
ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹੋ ਰਹੇ ਸੰਘਰਸ਼ ਨੂੰ ਦੇਖ ਕੇ ਕਾਫੀ ਆਸ ਬੱਝੀ ਹੈ। ਇਹ ਸੰਘਰਸ਼ ਦੁਨੀਆਂ `ਤੇ ਇਕ ਮਿਸਾਲ ਬਣ ਗਿਆ ਹੈ। ਸੰਘਰਸ਼ ਤੋਂ ਪਤਾ ਲੱਗਦਾ ਹੈ ਕੇ ਸਿੱਖ ਆਪਣੀ ਹਿੱਕ ਦੇ ਜ਼ੋਰ `ਤੇ ਅਜੇ ਵੀ ਦੇਸ਼ ਦੀਆਂ ਜੜ੍ਹਾਂ ਹਿਲਾ ਸਕਦੇ ਹਨ। ਸੰਘਰਸ਼ ਕਰਨਾ ਕਿਸਾਨ ਅਤੇ ਕਿਸੇ ਵੀ ਦੇਸ਼ ਦੇ ਨਾਗਰਿਕਾਂ ਦਾ ਮੁਢਲਾ ਹੱਕ ਹੈ। ਭਾਰਤੀ ਸਰਕਾਰ ਨੂੰ ਕਿਸਾਨਾਂ ਦੇ ਸੰਘਰਸ਼ ਨੂੰ ਸਮਝਣਾ ਚਾਹੀਦਾ ਹੈ ਤੇ ਸੰਘਰਸ਼ ਨੂੰ ਖਤਮ ਕਰਨ ਲਈ ਆਪਣੀਆਂ ਕੋਝੀਆਂ ਚਾਲਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ। ਨਵੇਂ ਕਾਨੂੰਨਾਂ ਨੂੰ ਜਲਦ ਰੱਦ ਕਰਕੇ, ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ, ਕਿਉਂਕਿ ਇਹ ਗੱਲ ਸਿਰਫ ਕਿਸਾਨਾਂ ਨਾਲ ਹੀ ਨਹੀਂ, ਸਗੋਂ ਅਤਿ ਜਰੂਰੀ ਦੇਸ਼ ਦੇ ਰੱਖਿਆ ਪ੍ਰਬੰਧ ਨਾਲ ਵੀ ਜੁੜੀ ਹੋਈ ਹੈ।
ਭਾਰਤ ਦੇ ਅੰਬਾਨੀ ਵਰਗੇ ਵਪਾਰੀਆਂ ਦੀ ਫਿਤਰਤ ਇਹ ਹੈ ਕਿ ਉਹ ਸਿਰਫ ਪ੍ਰਚੂਨ ਦੇ ਛੋਟੇ ਦੁਕਾਨਦਾਰ ਵਾਲੀ ਮਾਨਸਿਕਤਾ ਰੱਖਦੇ ਹਨ। ਇਹ ਭਾਰਤੀ ਵਪਾਰੀ ਅਮਰੀਕਾ ਅਤੇ ਦੂਸਰੇ ਵਿਕਸਿਤ ਦੇਸ਼ਾਂ ਦੇ ਵੱਡੇ ਵਪਾਰੀਆਂ ਦੇ ਗੁਲਾਮ ਹਨ। ਇਨ੍ਹਾਂ ਦੀ ਛੋਟੀ ਮਾਨਸਿਕਤਾ ਕਰਕੇ ਭਾਰਤ ਟੈਕਨੋਲੋਜੀ ਦੇ ਖੇਤਰ ਵਿਚ ਕਾਫੀ ਪਛੜ ਗਿਆ ਹੈ। 1991 ਤੋਂ ਬਾਅਦ ਭਾਰਤ ਵਿਚ ਪ੍ਰਾਈਵੇਟ ਕੰਪਨੀਆਂ ਨੇ ਸਮੇਂ ਦੀਆਂ ਸਰਕਾਰਾਂ ਨਾਲ ਮਿਲੀਭੁਗਤ ਅਤੇ ਭ੍ਰਿਸ਼ਟਾਚਾਰ ਕਰਕੇ ਹੀ ਤਰੱਕੀ ਕੀਤੀ ਹੈ। ਭਾਰਤੀ ਵਪਾਰੀਆਂ ਦੀ ਛੋਟੀ ਸੋਚ ਕਰਕੇ ਭਾਰਤ ਦੀ ਕੋਈ ਵੀ ਕੰਪਨੀ ਕੌਮਾਂਤਰੀ ਪੱਧਰ `ਤੇ ਧਾਕ ਨਹੀਂ ਪਾ ਸਕੀ। ਟੈਕਨੋਲੋਜੀ ਵਪਾਰੀ ਵੀ ਵਿਕਸਿਤ ਦੇਸ਼ਾਂ ਦਾ ਹੀ ਕੰਮ ਕਰਦੇ ਹਨ, ਕਿਉਂਕਿ ਭਾਰਤ ਵਿਚ ਟੈਕਨੀਕਲ ਲੇਬਰ ਸਸਤੀ ਹੈ।
ਸਾਰੇ ਵਿਕਸਿਤ ਦੇਸ਼ਾਂ ਨੇ ਭਾਰਤ ਵਰਗੇ ਗਰੀਬ ਜਾਂ ਵਿਕਾਸਸ਼ੀਲ ਦੇਸ਼ਾਂ ਨਾਲ ਗੁਪਤ ਸਮਝੌਤੇ ਕੀਤੇ ਹੋਏ ਹਨ ਅਤੇ ਵਿਕਸਿਤ ਦੇਸ਼ਾਂ ਨੂੰ ਭਾਰਤ ਵਰਗੀਆਂ ਵੱਡੀਆਂ ਮੰਡੀਆਂ ਦੀ ਲੋੜ ਹੈ। ਇਸ ਕਰਕੇ ਕੋਈ ਵੀ ਦੇਸ਼ ਕਿਸਾਨਾਂ ਜਾਂ ਸਿੱਖ ਮਸਲਿਆਂ ਦੇ ਹੱਕ ਵਿਚ ਖੁੱਲ੍ਹੇ ਤੌਰ `ਤੇ ਕੁਝ ਨਹੀਂ ਕਰ ਸਕਦਾ। ਯੂਨਾਈਟਿਡ ਨੇਸ਼ਨ ਵਰਗੀਆਂ ਸੰਸਥਾਵਾਂ ਵਿਚ ਪਟੀਸ਼ਨ ਪਾਉਣ ਨਾਲ ਕੁਝ ਨਹੀਂ ਬਣਨਾ, ਇਹ ਸਿਰਫ ਵਿਕਸਿਤ ਦੇਸ਼ਾਂ ਦੇ ਹੱਕ ਪੂਰਦੀਆਂ ਹਨ। ਇਹ ਗੁਪਤ ਸਮਝੌਤੇ ਕਿਸੇ ਵੀ ਦੇਸ਼ ਦੇ ਟੁਕੜੇ ਨਹੀਂ ਹੋਣ ਦੇਣਗੇ ਅਤੇ ਵਿਕਸਿਤ ਦੇਸ਼ ਸਿਰਫ ਬਾਹਰੀ ਤੌਰ `ਤੇ ਹੀ ਮਜ਼ਲੂਮਾਂ ਦੇ ਹੱਕ ਵਿਚ ਹੋਣ ਦਾ ਦਾਅਵਾ ਕਰਦੇ ਹਨ। ਇਸ ਲਈ ਮੇਰੀ ਬੇਨਤੀ ਹੈ ਕਿ ਸਾਡੇ ਪੰਜਾਬ ਵਸਦੇ ਭਰਾ ਕਿਸੇ ਵੀ ਮੁਹਿੰਮ, ਜੋ ਪੰਜਾਬ ਨੂੰ ਭਾਰਤ ਨਾਲੋਂ ਅੱਡ ਕਰਨਾ ਚਾਹੁੰਦੀ ਹੋਵੇ, ਉਸ ਦਾ ਸਾਥ ਨਾ ਦੇਣ। ਸਾਰਾ ਭਾਰਤ ਸਾਡਾ ਹੈ ਅਤੇ ਅਸੀਂ ਸਾਰੀ ਦੁਨੀਆਂ `ਤੇ ਰਾਜ ਕਰਨਾ ਹੈ। ਸਿੱਖਾਂ ਨੂੰ ਆਪਣੇ ਥਿੰਕ ਟੈਂਕ ਉਸਾਰਨੇ ਚਾਹੀਦੇ ਹਨ, ਜਿਨ੍ਹਾਂ ਦੇ ਮੈਂਬਰ ਅਰਥ ਸ਼ਾਸਤਰੀ, ਕਾਨੂੰਨੀ ਮਾਹਿਰ, ਖੇਤੀ ਮਾਹਿਰ, ਟੈਕਨੋਲੋਜੀ ਮਾਹਿਰ ਤੇ ਨੀਤੀ ਘਾੜੇ ਹੋਣ ਅਤੇ ਇਹ ਥਿੰਕ ਟੈਂਕ ਸਮੇਂ ਸਮੇਂ ਕੌਮ ਦੀ ਅਗਵਾਈ ਕਰਨ।
ਅਸੀਂ ਗੁਰੂ ਦੀ ਸਾਜੀ ਹੋਈ ਆਜ਼ਾਦ ਕੌਮ ਹਾਂ ਤੇ ਹੋਰ ਆਤਮ ਨਿਰਭਰ ਬਣੀਏ। ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਉਚੇਰੀ ਪੜ੍ਹਾਈ ਵੱਲ ਤੋਰੀਏ ਅਤੇ ਕੋਸ਼ਿਸ਼ ਕਰੀਏ ਕੇ ਉਹ ਵੱਡੇ ਵਪਾਰੀ ਬਣ ਸਕਣ। ਜਿਊਸ ਲੋਕਾਂ ਵਾਂਗ ਦੁਨੀਆਂ `ਤੇ ਸਰਦਾਰੀ ਅਤੇ ਖਾਲਸੇ ਦਾ ਰਾਜ ਤਾਂ ਹੀ ਹੋ ਸਕਦਾ ਹੈ, ਜੇ ਸਾਡੇ ਕੋਲ ਅਕਲ, ਪੈਸਾ ਅਤੇ ਹਿੱਕ ਵਿਚ ਜ਼ੋਰ ਹੈ। ਸਿੱਖ ਕੌਮ ਨੂੰ ਅਰਬੀ ਤੇਲ ਦੇ ਖੂਹਾਂ ਤੋਂ ਵੀ ਵੱਧ ਕਮਾਈ ਕਰਨੀ ਪਏਗੀ। ਪਰਵਾਸੀ ਸਿੱਖ ਵੀ ਪੜ੍ਹਾਈ ਅਤੇ ਟੈਕਨੋਲੋਜੀ ਵਪਾਰ ਨੂੰ ਤਰਜੀਹ ਦੇਣ ਤਾਂ ਜੋ ਵਿਦੇਸ਼ਾਂ ਵਿਚ ਲੇਬਰ ਦਾ ਹਿੱਸਾ ਬਣ ਕੇ ਹੀ ਨਾ ਰਹਿ ਜਾਣ।
ਫਿਰ ਸਾਨੂੰ ਆਪਣੇ ਹੱਕ ਕਿਸੇ ਸਰਕਾਰ ਕੋਲੋਂ ਮੰਗਣ ਨਹੀਂ ਜਾਣਾ ਪਏਗਾ ਤੇ ਗੁਰੂ ਦੇ ਬਚਨਾਂ ਮੁਤਾਬਿਕ ਸਾਰੀ ਦੁਨੀਆਂ `ਤੇ ਖਾਲਸੇ ਦਾ ਰਾਜ ਚੱਲੇਗਾ ਅਤੇ ਕਾਨੂੰਨ ਸਾਨੂੰ ਪੁੱਛ ਕੇ ਬਣਾਏ ਜਾਣਗੇ।