ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 1-216-556-2080
ਇਹ ਜੋ ਬੈਠੇ ਨੇ, ਇਹ ਬੈਠੇ ਨਹੀਂ ਸਗੋਂ ਹੁਣ ਹੀ ਤਾਂ ਉਠੇ ਨੇ। ਹੁਣ ਹੀ ਇਨ੍ਹਾਂ ਦੀ ਜਾਗ ਖੁੱਲ੍ਹੀ ਹੈ, ਬੜੀ ਲੰਮੀ ਨੀਮ-ਬੇਹੋਸ਼ੀ ਤੋਂ ਬਾਅਦ। ਇਨ੍ਹਾਂ ਦੇ ਹੌਸਲਿਆਂ ਨੇ ਭਰੀ ਹੈ ਅੰਗੜਾਈ। ਇਨ੍ਹਾਂ ਦੀ ਸੋਚ ਵਿਚ ਉਗਿਆ ਏ ਨਵਾਂ ਸੂਰਜ, ਜਿਸ ਦੀ ਰੌਸ਼ਨੀ ਵਿਚ ਇਨ੍ਹਾਂ ਨੇ ਮੰਜਿ਼ਲਾਂ ਦੀ ਪੈੜ ਨੱਪਣੀ ਏ ਤੇ ਨਵੇਂ ਦਿੱਸਹੱਦਿਆਂ ਨੂੰ ਆਪਣੇ ਨਾਵੇਂ ਕਰਨਾ। ਮਸਾਂ ਮਸਾਂ ਤਾਂ ਇਹ ਜਾਗੇ ਨੇ ਆਪਣੇ ਹੱਕਾਂ ਦੀ ਰਾਖੀ ਲਈ, ਹੋ ਰਹੀਆਂ ਬੇਇਨਸਾਫੀਆਂ ਨੂੰ ਠੱਲ ਪਾਉਣ ਲਈ, ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਅਤੇ ਸਮੇਂ ਦੇ ਵਰਕਿਆਂ ‘ਤੇ ਹਸਤਾਖਰ ਉਕਰਨ ਲਈ। ਇਹ ਹੁਣ ਖੜ੍ਹੇ ਹੋ ਗਏ ਨੇ। ਉਮਡ ਆਇਆ ਏ ਇਨ੍ਹਾਂ ਦੇ ਕਦਮਾਂ ਵਿਚ ਉਤਸ਼ਾਹ ਅਤੇ ਪੈਰਾਂ ਦੀਆਂ ਬਿਆਈਆਂ ਨੂੰ ਹੈ ਖੁਦ `ਤੇ ਨਾਜ਼। ਇਨ੍ਹਾਂ ਦੇ ਹੱਥਾਂ ਦੇ ਪਏ ਰੱਟਣਾਂ ਦੀਆਂ ਕਹਾਣੀਆਂ, ਮਸਤਕ ਵਿਚ ਉਗ ਆਈਆਂ ਨੇ। ਇਸ ਦੀ ਇਬਾਰਤ ਨੇ ਬੀਤੇ ਇਤਿਹਾਸ ਨੂੰ ਮੁੜ ਤੋਂ ਦੁਹਰਾਉਣ ਅਤੇ ਨਵੀਂ ਤਹਿਜ਼ੀਬ ਸਿਰਜਣ ਲਈ ਹੱਲਾਸ਼ੇਰੀ ਬਣਨਾ ਏ।
ਇਹ ਜੋ ਬੈਠੇ ਨੇ, ਇਨ੍ਹਾਂ ਨੂੰ ਸਮੇਂ ਦੇ ਹਾਕਮਾਂ ਨੇ ਮਜਬੂਰ ਕਰ ਦਿੱਤਾ ਕਿ ਉਹ ਇਕਜੁੱਟ ਹੋ, ਫਿਰਕਿਆਂ ਤੇ ਜਾਤਾਂ ਤੋਂ ਉਪਰ ਉਠਣ। ਨਵੀਂ ਕਤਾਰਬੰਦੀ, ਹਰ ਮੂੰਹ ਵਿਚ ਪੈਂਦੀ ਬੁਰਕੀ ਨੂੰ ਸਲਾਮ ਕਹਿਣ ਲਈ ਅੱਗੇ ਆਈ ਏ। ਹਰੇਕ ਨੂੰ ਅੰਨਦਾਤਿਆਂ ਦੇ ਬਹੁਮੁੱਲੇ ਜੀਵਨ-ਦਾਨੀ ਰੁਤਬੇ ਨੂੰ ਮੁਖਾਤਬ ਹੋਣ ਲਈ ਪ੍ਰੇਰਤ ਕੀਤਾ ਏ।
ਇਹ ਜੋ ਚਿੱਟੀਆਂ ਦਾਹੜੀਆਂ ਵਾਲੇ ਬਾਬੇ ਬੈਠੇ ਨੇ, ਦਰਅਸਲ ਇਹ ਉਨ੍ਹਾਂ ਬਾਬਿਆਂ ਦੀਆਂ ਹੂਬਹੂ ਸ਼ਕਲਾਂ ਹਨ, ਜਿਨ੍ਹਾਂ ਨੇ ਕਦੇ ਜੱਲਿਆਵਾਲੇ ਬਾਗ ਨੂੰ ਖੂਨ ਨਾਲ ਰੰਗਿਆ ਸੀ। ਨਨਕਾਣੇ ਦੇ ਮਹੰਤ ਦੀ ਦਰਿੰਦਗੀ ਦਾ ਮੁਕਾਬਲਾ ਕੀਤਾ। ਗੁਰੂ ਕੇ ਬਾਗ, ਜੈਤੋ ਦੇ ਮੋਰਚਾ ਵਿਚ ਵਿਦੇਸ਼ੀ ਹੁਕਮਰਾਨਾਂ ਨੂੰ ਉਨ੍ਹਾਂ ਦੀ ਹੈਸੀਅਤ ਦਿਖਾਈ। ਇਹ ਤਾਂ ਉਹ ਬਾਬੇ ਨੇ, ਜਿਨ੍ਹਾਂ ਨੇ ਨੰਗੇ ਧੜ ਰੇਲ-ਗੱਡੀ ਨੂੰ ਰੋਕਿਆ, ਜੇਲ੍ਹਖਾਨਿਆਂ ਵਿਚ ਜਵਾਨੀ ਰੋਲੀ ਅਤੇ ਪਿਆਰੇ ਦੇਸ਼ ਲਈ ਜਾਨਾਂ ਦੀ ਆਹੂਤੀ ਦੇਣ ਲੱਗਿਆਂ ਕਦੇ ਪਿੱਠ ਨਹੀਂ ਦਿਖਾਈ। ਇਨ੍ਹਾਂ ਬਜੁਰਗਾਂ ਦੇ ਵਡੇਰੇ ਹੀ ਸਨ, ਜਿਨ੍ਹਾਂ ਨੇ ‘ਪੱਗੜੀ ਸੰਭਾਲ ਜੱਟਾ’ ਵਰਗੇ ਅੰਦੋਲਨ ਨਾਲ ਅੰਗਰੇਜੀ ਹਕੂਮਤ ਨੂੰ ਵੀ ਝੁਕਾ ਦਿੱਤਾ ਸੀ। ਇਨ੍ਹਾਂ ਦੀਆਂ ਰਗਾਂ ਵਿਚ ਆਪਣੇ ਗੁਰੂਆਂ ਦੀ ਕਰਤਾਰੀ ਸ਼ਕਤੀ ਦਾ ਪ੍ਰਵਾਹ ਚੱਲਦਾ ਹੈ। ਇਹ ਬਾਬੇ ਆਪਣੇ ਪੋਤਰਿਆਂ ਦੀ ਜ਼ਮੀਨ ਨੂੰ ਬਚਾਉਣ ਅਤੇ ਵਿਰਾਸਤ ਨੂੰ ਅੱਗੇ ਤੋਰਨ ਲਈ ਮੋਹਰੀ ਲਾਣੇਦਾਰ ਬਣੇ ਹੋਏ ਨੇ। ਇਹ ਬਾਬੇ ਆਪਣੀ ਮਾਂ ਵਰਗੀ ਜ਼ਮੀਨ ਨੂੰ ਬਚਾਉਣ ਆਏ ਨੇ, ਜਿਨ੍ਹਾਂ ਦੀ ਮਹਿਕ ਉਨ੍ਹਾਂ ਦੇ ਜੁੱਸੇ ਤੇ ਮੁੜਕੇ ਵਿਚ ਹੈ। ਉਨ੍ਹਾਂ ਦੇ ਦੀਦਿਆਂ ਵਿਚ ਮਿੱਟੀ ਦੀ ਰੰਗਤ। ਇਸ ਮਿੱਟੀ ਨੇ ਹੀ ਖਲਵਾਣਾਂ, ਖੂਹਾਂ ਅਤੇ ਖੇਤਾਂ ਨੂੰ ਭਾਗ ਲਾਏ। ਉਹ ਰੂਹ ਵਿਚ ਰਚੀ ਮਿੱਟੀ ਦੀ ਮਹਿਕ ਨੂੰ ਕਿਵੇਂ ਮਨਫੀ ਕਰ ਸਕਦੇ? ਬਾਬਿਆਂ ਦੀਆਂ ਅੱਖਾਂ ਵਿਚ ਤੈਰਦਾ ਹੈ, ਉਨ੍ਹਾਂ ਪਲਾਂ ਦਾ ਤਸੱਵਰ, ਜਦ ਉਹ ਜਿੱਤ ਕੇ ਆਪਣੇ ਘਰਾਂ ਤੇ ਖੇਤਾਂ ਨੂੰ ਪਰਤਣਗੇ ਅਤੇ ਖੇਤ ਦੀ ਮਿੱਟੀ ਮੱਥੇ ਨੂੰ ਲਾਉਣਗੇ।
ਇਹ ਜੋ ਚਾਂਦੀ ਰੰਗੇ ਵਾਲਾਂ ਵਾਲੀਆਂ ਬੈਠੀਆਂ ਨੇ, ਇਹ ਤਾਂ ਮਾਂਵਾਂ ਨੇ ਛਾਂਵਾਂ ਵੰਡਣ ਵਾਲੀਆਂ। ਦੁਆਵਾਂ ਨਾਲ ਆਪਣੀਆਂ ਨਸਲਾਂ ਨੂੰ ਅੱਗੇ ਵਧਾਉਣ ਵਾਲੀਆਂ। ਇਹ ਤਾਂ ਆਪਣੇ ਪੁੱਤਰਾਂ, ਪੋਤਿਆਂ ਅਤੇ ਆਰ-ਪਰਿਵਾਰ ਦੀਆਂ ਰੀਤਾਂ, ਰਿਵਾਜਾਂ ਅਤੇ ਰਵਾਇਤਾਂ ਨੂੰ ਅੱਗੇ ਤੋਰਨ ਲਈ ਹੀ ਮੋਹਰੀ ਬਣ ਕੇ ਆਈਆਂ ਨੇ। ਇਹ ਤਾਂ ਮਾਈ ਭਾਗੋ ਦੀਆਂ ਵਾਰਸ ਨੇ। ਇਹ ਉਨ੍ਹਾਂ ਮਾਂਵਾਂ ਦੀ ਕੁੱਖੋਂ ਜਾਈਆਂ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਗਲਾਂ ਵਿਚ ਪਵਾਏ, ਸਿਰਾਂ ਦੇ ਸਾਈਆਂ ਨੂੰ ਮੌਤ ਵਿਹਾਜਣ ਲਈ ਭੇਜਿਆ, ਦੇਸ਼ ਦੀ ਆਜ਼ਾਦੀ ਲਈ ਪੁੱਤਾਂ ਨੂੰ ਵਾਰਿਆ ਅਤੇ ਹੁਣ ਵੀ ਜਿਨ੍ਹਾਂ ਦੇ ਪੁੱਤ ਸਰਹੱਦਾਂ ‘ਤੇ ਸ਼ਹੀਦ ਹੋ ਰਹੇ ਨੇ। ਸ਼ਹੀਦਾਂ ਦੀਆਂ ਪਤਨੀਆਂ ਅਤੇ ਮਾਂਵਾਂ ਦੀ ਦਲੇਰੀ ਤੇ ਹੱਠ ਨੂੰ ਕੌਣ ਝੁਕਾ ਸਕਦਾ? ਮਾਂਵਾਂ ਨੂੰ ਆਪਣੀਆਂ ਕੁੱਖ `ਤੇ ਮਾਣ ਹੈ। ਇਨ੍ਹਾਂ ਮਾਂਵਾਂ ਦੀਆਂ ਅੱਖਾਂ ਵਿਚ ਉਗੀ ਹੋਈ ਲਿਸ਼ਕ ਤੇ ਚਿਹਰਿਆਂ ਦਾ ਨੂਰ ਦੇਖਣਾ! ਇਨ੍ਹਾਂ ਦੀਆਂ ਝੁਰੜੀਆਂ ਵਿਚ ਸਿਦਕ ਤੇ ਸਬਰ ਦੀ ਕਲਾ-ਨੱਕਾਸ਼ੀ ਨੂੰ ਪੜ੍ਹਨਾ ਤਾਂ ਪਤਾ ਲੱਗੇਗਾ, ਇਹ ਮਾਂਵਾਂ ਬੈਠਣ ਨਹੀਂ ਆਈਆਂ। ਸਗੋਂ ਇਹ ਆਪਣੇ ਲਾਣੇ ਦੇ ਕੱਫਣ ਲੈ ਕੇ ਹੀ ਆਈਆਂ ਨੇ। ਜਦ ਕੋਈ ਮਾਂ ਕੱਫਣ ਨੂੰ ਆਪਣੀ ਚੁੰਨੀ ਬਣਾ ਲਵੇ ਤਾਂ ਹਾਕਮਾਂ ਦੀ ਨੀਂਦ ਵੀ ਹੰਘਾਲੀ ਜਾਂਦੀ ਅਤੇ ਕੰਬ ਜਾਂਦੀਆਂ ਨੇ ਦਰਿੰਦਗੀ ਤੇ ਜੁਲਮ ਦੀਆਂ ਦੀਵਾਰਾਂ। ਇਹ ਮਾਂਵਾਂ ਹੱਥਾਂ ਦੀਆਂ ਪੱਕੀਆਂ ਰੋਟੀਆਂ ਦੇ ਨਾਲ ਨਾਲ, ਜਵਾਨ ਪੁੱਤਰਾਂ ਨੂੰ ਪਰੋਸਦੀਆਂ ਨੇ ਰੋਟੀ ਦੀ ਕਸਮ।
ਇਹ ਜੋ ਚੇਤੰਨ ਹੋ ਕੇ ਨੌਜਵਾਨ ਬੈਠੇ ਦਿੱਸਦੇ, ਦਰਅਸਲ ਇਹ ਉਹ ਨੇ, ਜਿਨ੍ਹਾਂ ਨੂੰ ਨੱਸ਼ਈ ਕਹਿ ਕੇ ਭੰਡਿਆ ਗਿਆ। ਇਨ੍ਹਾਂ ਨੇ ਆਪਣੇ ਜੋਸ਼ ਤੇ ਹੋਸ਼ ਨੂੰ ਜ਼ਰਬ ਦੇ ਕੇ ਆਪਣੀ ਤਾਕਤ ਬਣਾ ਲਿਆ ਏ। ਬਜੁਰਗਾਂ ਦੀ ਰਹਿਨੁਮਾਈ ਵਿਚ ਲੋਹੇ ਦੀ ਦਵਾਰ ਬਣ ਕੇ ਡਟੇ ਨੇ। ਇਨ੍ਹਾਂ ਦੀਆਂ ਰਗਾਂ ਵਿਚ ਭਗਤ ਸਿੰਘ ਅਤੇ ਸਰਾਭੇ ਦਾ ਹੀ ਖੂਨ ਦੌੜਦਾ ਹੈ। ਇਨ੍ਹਾਂ ਦੀ ਸੋਚ ਵਿਚ ਊਧਮ ਸਿੰਘ ਦੀ ਕਸਮ ਵੀ ਸ਼ਾਮਲ ਹੈ, ਜਿਹੜੀ ਉਨ੍ਹਾਂ ਨੇ ਜੱਲਿਆਂਵਾਲੇ ਬਾਗ ਦੀ ਮਿੱਟੀ ਨੂੰ ਚੁੰਮ ਕੇ ਚੁੱਕੀ ਸੀ ਅਤੇ ਕਈ ਸਾਲਾਂ ਬਾਅਦ ਲੰਡਨ ਵਿਚ ਜਾ ਕੇ ਪੂਰੀ ਕੀਤੀ ਸੀ। ਇਹ ਨੌਜਵਾਨ ਤਾਂ ਭਗਤ ਸਿੰਘ ਵਾਂਗ ਦਿੱਲੀ ਦੇ ਬੋਲੇ ਕੰਨਾਂ ਨੂੰ ਆਪਣੀ ਅਵਾਜ਼ ਸੁਣਾਉਣ ਆਏ ਨੇ। ਇਨ੍ਹਾਂ ਨੇ ਆਪਣੀਆਂ ਸੋਚਾਂ ਤੇ ਸੁਪਨਿਆਂ ਨੂੰ ਤਿੜਕਣ ਨਹੀਂ ਦੇਣਾ ਅਤੇ ਨਾ ਹੀ ਆਪਣੇ ਹਿੱਸੇ ਦੀ ਧਰਤੀ ਤੇ ਅਸਮਾਨ ਨੂੰ ਕਿਸੇ ਦੇ ਨਾਮ ਹੋਣ ਦੇਣਾ। ਇਹ ਤਾਂ ਉਸ ਕੌਮ ਦੇ ਵਾਰਸ ਆ, ਜਿਹੜੀ ਖੁਦ ਨੂੰ ਦਾਅ ‘ਤੇ ਲਾ, ਅਣਖ, ਗੈਰਤ ਅਤੇ ਇੱਜਤ ਨੂੰ ਦਾਗ ਨਹੀਂ ਲੱਗਣ ਦਿੰਦੀ। ਇਹ ਤਾਂ ਪੰਜਾਬ ਦੀ ਉਸ ਵਿਰਾਸਤ ਦੇ ਮਾਲਕ ਨੇ, ਜਿਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਦੱਰਾ ਖੈਬਰ, ਤਿੱਬਤ ਤੇ ਲਾਲ ਕਿਲੇ ਤੀਕ ਫੈਲੀਆਂ ਹੋਈਆਂ ਨੇ। ਇਹ ਤਾਂ ਉਨ੍ਹਾਂ ਸਾਹਿਬਜ਼ਾਦਿਆਂ ਦੀ ਤਾਸੀਰ ਦੇ ਮਾਲਕ ਨੇ, ਜਿਨ੍ਹਾਂ ਨੇ ਚਮਕੌਰ ਸਾਹਿਬ ਅਤੇ ਸਰਹਿੰਦ ਵਿਚ ਸਮੇਂ ਦੀ ਹਕੂਮਤ ਨੂੰ ਪੈਰਾਂ ਹੇਠ ਲਿਆੜਿਆ। ਇਨ੍ਹਾਂ ਦੇ ਮੱਥਿਆਂ ਵਿਚ ਉਗੇ ਹੋਏ ਸੂਰਜਾਂ ਦੇ ਤੱਪ-ਤੇਜ਼ ਸਾਹਵੇਂ ਫਿੱਕੀ ਏ ਰਾਜਸੀ ਪਿਲੱਤਣਾਂ ਵਿਚ ਡੁੱਬੀ ਹੋਈ ਕਮੀਨਗੀ। ਜਿੱਤ ਦੇ ਅਲੰਮਬਰਦਾਰ ਇਹ ਨੌਜਵਾਨ ਸੂਹੀ ਸੋਚ ਦੀ ਮਹਿੰਦੀ ਲਾ ਕੇ ਹੀ ਨਵੇਂ ਆਗਾਜ਼ ਦਾ ਪ੍ਰਤੀਕ ਨੇ। ਇਹ ਬੈਠੇ ਨਹੀਂ, ਸਗੋਂ ਇਹ ਉਹ ਚੱਲਦੀ ਵਹੀਰ ਨੇ, ਜਿਨ੍ਹਾਂ ਨੇ ਸਮਿਆਂ ਦੀਆਂ ਮੁਹਾਰਾਂ ਨੂੰ ਮੋੜਨਾ ਏ।
ਇਹ ਜੋ ਬੀਬੀਆਂ ਗੋਦੀਆਂ ਵਿਚ ਬਾਲ ਕੇ ਬੈਠੀਆਂ ਨਜ਼ਰ ਆਉਂਦੀਆਂ ਨੇ, ਅਸਲ ਵਿਚ ਇਹ ਆਪਣੇ ਬਾਲਕਾਂ ਨੂੰ ਗੁੜਤੀ ਦਿਵਾਉਣ ਆਈਆਂ ਨੇ ਕਿ ਕਿਵੇਂ ਇਤਿਹਾਸ ਸਿਰਜਿਆ ਜਾਂਦਾ ਹੈ? ਕਿਵੇਂ ਸੜਕਾਂ ਤੇ ਉਗਦੇ ਨੇ ਸ਼ਹਿਰ? ਕਿਵੇਂ ਸੜਕਾਂ ਦੇ ਕਿਨਾਰਿਆਂ ‘ਤੇ ਫੈਲਦੇ ਨੇ ਖੇਤ? ਕਿਵੇਂ ਸੁੰਨੀਆਂ ਜੂਹਾਂ ਵਿਚ ਵੀ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਜਾ ਸਕਦੀ? ਕਿਵੇਂ ਦੋ ਦਿਨ ਦੇ ਧਰਨੇ ਨੂੰ ਮਹੀਨਿਆਂ ਤੀਕ ਵਧਾਇਆ ਜਾ ਸਕਦਾ? ਕਿਵੇਂ ਹਮਦਰਦੀ, ਹਮਜੋਲਤਾ ਅਤੇ ਸਾਂਝੀ-ਵਾਲਤਾ ਵਿਚੋਂ ਇਕ ਦੂਜੇ ਲਈ ਸੁਖਨ ਤੇ ਸਹਿਜ ਉਪਜਾਇਆ ਜਾ ਸਕਦਾ? ਇਹ ਉਹ ਔਰਤਾਂ ਨੇ, ਜੋ ਸਿਰ ‘ਤੇ ਮੰਢਾਸਾ ਬੰਨ, ਟਰੈਕਟਰ ਵੀ ਚਲਾਉਂਦੀਆਂ, ਨੱਕੇ ਵੀ ਮੋੜਦੀਆਂ ਅਤੇ ਨਰਮਾ ਚੁਗਦੀਆਂ ਜੀਵਨ ਦੇ ਗੀਤ ਵੀ ਗਾਉਂਦੀਆਂ ਨੇ। ਇਨ੍ਹਾਂ ਦੀ ਰਗ ਰਗ ਵਿਚ ਜਿ਼ੰਦਗੀ ਮੌਲਦੀ। ਉਹ ਤਾਂ ਦੁਸ਼ਵਾਰੀਆਂ ਵਿਚੋਂ ਦੁਆਵਾਂ ਅਤੇ ਔਕੜਾਂ ਵਿਚੋਂ ਅਰਦਾਸਾਂ ਨੂੰ ਜਨਮ ਦਿੰਦੀਆਂ, ਨਵੀਆਂ ਪੇਸ਼ਬੰਦੀਆਂ ਦੀ ਪਰਿਕਰਮਾ ਕਰਦੀਆਂ ਨੇ। ਇਨ੍ਹਾਂ ਵਿਚੋਂ ਕਦੇ ਕੋਈ ਰਾਣੀ ਝਾਂਸੀ ਬਣੀ ਸੀ। ਇਨ੍ਹਾਂ ਦੀਆਂ ਸੁਲੱਖਣੀਆਂ ਕੁੱਖਾਂ ਨੇ ਹੀ ਭਵਿੱਖ ਦੇ ਸੂਰਬੀਰਾਂ ਤੇ ਯੋਧਿਆਂ ਲਈ ਜਨਮਦਾਤੀ ਬਣਨਾ ਏ, ਜਿਨ੍ਹਾਂ ਨੇ ਕਦੇ ਅਟਕ ਨੂੰ ਵੀ ਅਟਕਾਉਣਾ ਅਤੇ ਕਦੇ ਸਰਸਾ ਨਦੀ ਦੇ ਪਾਣੀ ਨੂੰ ਠਹਿਰ ਜਾਣ ਲਈ ਕਹਿਣਾ ਏ। ਇਨ੍ਹਾਂ ਜਾਗੀਆਂ ਔਰਤਾਂ ਨੇ ਹੁਣ ਨਹੀਂ ਸੌਣਾ। ਨਾ ਹੀ ਉਨ੍ਹਾਂ ਦੀ ਚੇਤਨਾ ਵਿਚੋਂ ਅਮੀਰ ਪਰੰਪਰਾਵਾਂ ਨੇ ਮਨਫੀ ਹੋਣਾ। ਇਤਿਹਾਸ ਦੇ ਵਰਕੇ ਫਰੋਲਦਿਆਂ, ਆਉਣ ਵਾਲੀਆਂ ਨਸਲਾਂ ਇਨ੍ਹਾਂ ਮਾਂਵਾਂ ‘ਤੇ ਫਖਰ ਜਰੂਰ ਕਰਿਆ ਕਰਨਗੀਆਂ।
ਇਹ ਜੋ ਸਾਬਕਾ ਫੌਜੀ ਸੀਨਿਆਂ ‘ਤੇ ਤਮਗੇ ਸਜਾ ਕੇ ਬੈਠੇ ਨੇ, ਕਦੇ ਇਨ੍ਹਾਂ ਦੇ ਦੀਦਿਆਂ ਵਿਚ ਝਾਕਣ ਦੀ ਹਿੰਮਤ ਕਰਨਾ! ਉਹ ਜਵਾਨੀ ਦੇਸ਼ ਲਈ ਅਰਪਿਤ ਕਰਨ ਤੋਂ ਬਾਅਦ ਹੁਣ ਆਪਣੀ ਹੀ ਜਮੀਂ ਦੀ ਰਾਖੀ ਲਈ ਆਏ ਨੇ। ਉਨ੍ਹਾਂ ਦੇ ਚੇਤਿਆਂ ਵਿਚ ਸੱਜਰਾ ਹੈ ਜਰਨਲ ਅਰੋੜਾ ਦੇ ਸਾਹਵੇਂ ਸਵਾ ਲੱਖ ਪਾਕਿਸਤਾਨੀ ਫੌਜੀਆਂ ਵਲੋਂ ਆਤਮ ਸਮਰਪਣ। ਇਹ ਤਾਂ ਅਜ਼ਾਦ ਹਿੰਦ ਫੌਜੀਆਂ ਦੀ ਕੁੱਲ ਵਿਚੋਂ ਨੇ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਹਿੱਤ, ਕਾਲੇ ਪਾਣੀਆਂ ਵਿਚ ਸੁਡੌਲ ਜਿੰਦਾਂ ਨੂੰ ਗਾਲਿਆ। ਇਨ੍ਹਾਂ ਨੂੰ ਸਿੱਖ ਜਰਨੈਲਾਂ ਦੀਆਂ ਉਹ ਕਹਾਣੀਆਂ ਹੁਣ ਵੀ ਯਾਦ ਨੇ ਕਿ ਕਿਵੇਂ `ਕੱਲੇ `ਕੱਲੇ ਜੰਗਜੂਆਂ ਨੇ ਸੈਂਕੜੇ ਦੁਸ਼ਮਣਾਂ ਨੂੰ ਚਿੱਤ ਕੀਤਾ? ਫੌਜੀਆਂ ਦਾ ਮਾਣਮੱਤਾ ਇਤਿਹਾਸ ਆਪਣੀ ਵਰਦੀ ‘ਤੇ ਉਕਰਾ ਅਤੇ ਖੁਦ ਨੂੰ ਦਾਅ `ਤੇ ਲਾਉਣ ਵਾਲਿਆਂ ਵਿਚੋਂ ਦਲੇਰੀ, ਅਣਖ, ਜਜ਼ਬਾਤ ਅਤੇ ਸਿਦਕਦਿਲੀ ਨੂੰ ਕਿਵੇਂ ਕਮਜ਼ੋਰ ਕੀਤਾ ਜਾ ਸਕਦਾ? ਬਰਫੀਲੀ ਵਾਦੀਆਂ ਵਿਚ ਸਰਹੱਦਾਂ `ਤੇ ਪਹਿਰੇ ਦੇਣ ਵਾਲਿਆਂ ਲਈ ਇਨ੍ਹਾਂ ਕਠਿਨਾਈਆਂ ਦੇ ਕੋਈ ਅਰਥ ਨਹੀਂ। ਇਹ ਤਾਂ ਮੁਸ਼ਕਿਲਾਂ ਵਿਚੋਂ ਹੀ ਜੀਵਨ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਦੇ ਆਦੀ ਨੇ।
ਇਹ ਜੋ ਨਿੱਕੇ ਨਿੱਕੇ ਜੁਆਕ ਆਪਣੇ ਮਾਪਿਆਂ ਨਾਲ ਬੈਠੈ ਦਿੱਸਦੇ ਨੇ, ਦਰਅਸਲ ਇਹ ਜਗਦੀਆਂ ਮਸ਼ਾਲਾਂ ਦੇ ਸੂਚਕ ਨੇ। ਇਨ੍ਹਾਂ ਦੇ ਅਵਚੇਤਨ ਵਿਚ ਇਸ ਇਕੱਠ ਨੇ ਕੁਝ ਅਜਿਹਾ ਧਰ ਦਿੱਤਾ ਏ, ਜਿਸ ਨੇ ਇਨ੍ਹਾਂ ਦੇ ਵਿਅਕਤੀਤਵ, ਵਰਤੋਂ-ਵਿਹਾਰ, ਚੱਜ-ਅਚਾਰ ਅਤੇ ਸਦਾਚਾਰ ਨੂੰ ਅਜਿਹਾ ਲਹਿਜ਼ਾ ਪ੍ਰਦਾਨ ਕਰਨਾ ਏ, ਜਿਸ ਨੇ ਨਵੇਂ ਸਮਾਜ ਦਾ ਸ਼ੀਸ਼ਾ ਬਣ ਜਾਣਾ। ਇਹ ਹੀ ਆਪਣੀ ਪੁਰਾਤਨ ਵਿਰਾਸਤ ਨੂੰ ਜਾਗਦੀ ਜ਼ਮੀਰ ਬਣਾ ਕੇ, ਆਉਣ ਵਾਲੀ ਸਦੀ ਦੇ ਨਾਮ ਕਰਨਗੇ। ਕੌਣ ਕੱਢ ਸਕਦਾ ਏ-ਇਨ੍ਹਾਂ ਦੇ ਮਨਾਂ ਵਿਚੋਂ ਮਾਪਿਆਂ ਵਲੋਂ ਇਸ ਸਮੇਂ ਦੌਰਾਨ ਹੰਢਾਈਆਂ ਤੰਗੀਆਂ ਤੇ ਤੁਰਸ਼ੀਆਂ? ਮਾਂ-ਪਿਉ ਦੇ ਮੁਖੜੇ ‘ਤੇ ਆਏ ਜਲਾਲ ਨੂੰ, ਚੜ੍ਹਦੀ ਕਲਾ ਵਿਚ ਰਹਿਣ ਨੂੰ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨੂੰ! ਇਨ੍ਹਾਂ ਬੱਚਿਆਂ ਨੂੰ ਸਦਾ ਯਾਦ ਰਹੇਗਾ ਕਿ ਕਿਵੇਂ ਬਜੁਰਗਾਂ ਨੇ ਪੁਲਿਸ ਕੋਲੋਂ ਲਾਠੀਆਂ ਖਾ ਕੇ ਵੀ ਉਨ੍ਹਾਂ ਨੂੰ ਭੁੱਖੇ ਸਮਝ ਕੇ ਲੰਗਰ ਛਕਾਇਆ? ਕਿਵੇਂ ਕਿਸੇ ਦੀ ਪੀੜਾ ਵਿਚ ਉਨ੍ਹਾਂ ਦੀਆਂ ਅੱਖਾਂ ਨਮ ਹੋਈਆਂ? ਕਿਵੇਂ ਚਾਰ ਜਣਿਆਂ ਨੇ ਇਕ ਰੋਟੀ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ ਰੱਜਤਾ ਦਾ ਡੱਕਾਰ ਮਾਰਿਆ? ਕਿਵੇਂ ਅੰਬਰ ਹੇਠ ਪੋਹ ਦੀਆਂ ਯੱਖ ਰਾਤਾਂ ਵਿਚ, ਹਮਉਮਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਕਥਾ ਸੁਣਦਿਆਂ, ਕਹਿਰ ਦੀ ਠੰਢ ਦਾ ਅਹਿਸਾਸ ਰੱਜ ਕੇ ਮਾਣਿਆ? ਇਹ ਬੱਚੇ ਹੀ ਇਸ ਇਤਿਹਾਸ ਦੇ ਚਸ਼ਮਦੀਦ ਗਵਾਹ ਹੋਣਗੇ ਅਤੇ ਖੋਜਕਾਰ ਇਨ੍ਹਾਂ ਬੱਚਿਆਂ ਵਿਚੋਂ ਇਸ ਅੰਦੋਲਨ ਦੀਆਂ ਕਈ ਪਰਤਾਂ ਦੀ ਨਿਸ਼ਾਨਦੇਹੀ ਕਰਨਗੀਆਂ।
ਇਹ ਜੋ ਬੈਠੇ ਲੱਗਦੇ ਆ, ਦਰਅਸਲ ਇਹ ਤਾਂ ਤੁਰ ਰਹੇ ਨੇ ਸੂਰਜੀ-ਸੋਚ ਦੇ ਮਾਰਗੀਂ। ਸਾਂਝੀਵਾਲਤਾ ਦੀ ਪੌੜੀ ਚੜ੍ਹਦੇ। ਇਨ੍ਹਾਂ ਨੂੰ ਪਤਾ ਹੈ ਕਿ ਸਫਰ ਸਦਾ ਜਾਰੀ ਰਹਿੰਦਾ। ਨਿਰੰਤਰਤਾ ਦੇ ਚਸ਼ਮਦੀਦ ਗਵਾਹ ਨੇ, ਬੈਠੇ ਹੋਏ ਨਜ਼ਰ ਆਉਂਦੇ ਇਹ ਅਦਭੁੱਤ ਲੋਕ।
ਇਹ ਜੋ ਬੈਠੇ ਹੋਏ ਨੇ, ਇਹ ਤਾਂ ਉਨ੍ਹਾਂ ਮਿੱਥਾਂ ਨੂੰ ਤੋੜਨ ਵੀ ਆਏ ਨੇ, ਜੋ ਸਮੇਂ ਦੇ ਹਾਕਮਾਂ ਨੇ ਲੋਕ-ਮਨਾਂ ਵਿਚ ਸਿਰਜ ਦਿੱਤੀਆਂ ਸਨ। ਉਸ ਪਾੜ ਨੂੰ ਮਿਟਾਉਣ ਆਏ ਨੇ, ਜੋ ਹਕੂਮਤ ਨੇ ਪਾਏ। ਇਨ੍ਹਾਂ ਨੇ ਕੁਰਸੀ ਦੇ ਪਾਵੇ ਬਣੇ ਲੋਕਾਂ ਨੂੰ ਨੰਗਿਆ ਕੀਤਾ ਏ, ਜੋ ਆਪਣੀ ਜਮੀਰ ਗਹਿਣੇ ਧਰ, ਖੁਦ ਦੀ ਬੋਲੀ ਲਾਉਂਦੇ ਆ। ਇਨ੍ਹਾਂ ਨੇ ਦਿਖਾ ਦਿੱਤਾ ਕਿ ਕਹਿਣੀ ਤੇ ਕਥਨੀ ਵਿਚ ਕਿੰਨਾ ਅੰਤਰ ਹੁੰਦਾ? ਕਿਵੇਂ ਮਿਰਗ-ਤ੍ਰਿਸ਼ਨਾ ਰਾਹੀਂ ਸਿਰਜੇ ਬਿੰਬ ਤਿੜਕਦੇ ਨੇ? ਕਿਵੇਂ ਸਪੱਸ਼ਟ ਹੋ ਜਾਂਦੀਆਂ ਨੇ ਕਿਸੇ ਵਿਸ਼ੇਸ਼ ਵਰਗ ਲਈ ਪੈਦਾ ਕੀਤੀਆਂ ਗਲਤਫਹਿਮੀਆਂ? ਇਨ੍ਹਾਂ ਨੇ ਸਮੇਂ ਨੂੰ ਇਹ ਵੀ ਦਰਸਾ ਦਿੱਤਾ ਕਿ ਸਭ ਤੋਂ ਅਹਿਮ ਹੁੰਦੇ ਨੇ ਲੋਕ ਅਤੇ ਇਨ੍ਹਾਂ ਦੀ ਅਗਵਾਈ ਵਿਚ ਨਿੱਜੀ ਰੋਸੇ, ਗਿੱਲੇ ਜਾਂ ਸਿ਼ਕਵੇ ਕੋਈ ਥਾਂ ਨਹੀਂ ਰੱਖਦੇ। ਇਨ੍ਹਾਂ ਤਾਂ ਇਹ ਵੀ ਦਰਸਾ ਦਿੱਤਾ ਕਿ ਸੰਘਰਸ਼ ਨੂੰ ਕੌਮਾਂ, ਮਜ਼ਹਬਾਂ ਜਾਂ ਖਿੱਤਿਆਂ ਵਿਚ ਵੰਡਿਆ ਨਹੀਂ ਜਾ ਸਕਦਾ। ਹੱਕਾਂ ਲਈ ਵਿਢਿਆ ਸੰਘਰਸ਼ ਸਿਰਫ ਲੋਕਾਂ ਦਾ ਅਤੇ ਲੋਕਾਂ ਲਈ ਹੀ ਹੁੰਦਾ।
ਇਹ ਜੋ ਨੀਲੇ ਬਾਣਿਆਂ ਤੇ ਦੁਮਾਲਿਆਂ ਵਿਚ ਸੱਜੇ ਬੈਠੇ ਨੇ, ਇਨ੍ਹਾਂ ਦੇ ਚਿਹਰਿਆਂ ‘ਤੇ ਸ਼ਾਂਤ ਰੋਹ ਦਾ ਜਲਾਲ ਹੈ। ਇਨ੍ਹਾਂ ਦੀ ਪਿੱਠ ‘ਤੇ ਹੈ ਚਮਕੌਰ ਦੀ ਗੜ੍ਹੀ, ਮੁਕਤਸਰ ਦੀ ਜੰਗ, ਛੋਟਾ ਤੇ ਵੱਡਾ ਘਲੂਘਾਰਾ, ਚੱਪੜਚਿੱੜੀ ਦੇ ਮੈਦਾਨ ਵਿਚ ਦਿਖਾਈ ਬਹਾਦਰੀ ਅਤੇ ਜ਼ਾਂਬਾਜ਼ੀ। ਇਨ੍ਹਾਂ ਦੇ ਘੋੜਿਆਂ ਦੀਆਂ ਟਾਪਾਂ ਸੁਣ ਕੇ ਹੁਣ ਵੀ ਗਜ਼ਨਵੀ ਅਤੇ ਅਬਦਾਲੀ ਦੀਆਂ ਪੀੜ੍ਹੀਆਂ ਤ੍ਰਭਕਦੀਆਂ ਨੇ। ਇਨ੍ਹਾਂ ਦੇ ਘੋੜਿਆਂ ਦੀਆਂ ਕਾਠੀਆਂ ਹੀ ਇਨ੍ਹਾਂ ਦਾ ਰੈਣ-ਬਸੇਰਾ ਅਤੇ ਛੋਲਿਆਂ ਦੀ ਮੁੱਠ ਚੱਬ ਕੇ ਜਿੰਦਾ ਰਹਿਣ ਦੀ ਜਿ਼ੰਦਾਦਿਲੀ, ਇਨ੍ਹਾਂ ਦੀ ਤਵਾਰੀਖ। ਇਨ੍ਹਾਂ ਦੀਆਂ ਉਚੀਆਂ ਨਜ਼ਰਾਂ ਵਿਚ ਅਬਦਾਲੀ ਵਲੋਂ ਅਗਵਾ ਕੀਤੀਆਂ ਧੀਆਂ-ਭੈਣਾਂ ਨੂੰ ਛੁਡਾ ਕੇ, ਆਦਰ-ਸਹਿਤ ਉਨ੍ਹਾਂ ਦੇ ਘਰੀਂ ਪਹੁੰਚਣ ਦਾ ਸ਼ਰਫ ਵੀ ਸ਼ਾਮਲ ਹੈ।
ਕਦੇ ਵੀ ਇਨ੍ਹਾਂ ਬੈਠੇ ਹੋਇਆਂ ਨੂੰ ਬੈਠੇ ਹੋਏ ਨਹੀਂ ਸਮਝਣਾ। ਇਹ ਤਾਂ ਸੁਚੇਤ ਹੋਏ ਉਹ ਲੋਕ ਨੇ ਜਿਨ੍ਹਾਂ ਨੇ ਬੋਲੇ ਕੰਨਾਂ ਨੂੰ ਲੋਕ-ਅਵਾਜ਼ ਸੁਣਨ ਲਈ ਮਜਬੂਰ ਕੀਤਾ। ਜਿਨ੍ਹਾਂ ਦੀ ਪੈੜਚਾਲ ਸੁਣ ਕੇ ਹਾਕਮ ਤ੍ਰਭਕ ਕੇ ਉਠਿਆ; ਜਿਨ੍ਹਾਂ ਦੀ ਗੂਫਤਗੂ ਸੁਣ ਕੇ ਹਾਕਮ ਨੂੰ ਪੈਰਾਂ ਹੇਠੋਂ ਜਮੀਂ ਖਿਸਕਦੀ ਨਜ਼ਰ ਆਈ; ਜਿਨ੍ਹਾਂ ਨੇ ਦੱਸ ਦਿੱਤਾ ਕਿ ਜਦ ਕੋਈ ਜਾਗਦਾ ਏ ਤਾਂ ਫਿਰ ਕੋਈ ਉਸ ਦੇ ਹੱਕਾਂ ਨੂੰ ਹਥਿਆ ਨਹੀਂ ਸਕਦਾ।
ਜਾਗਦੀ ਜਮੀਰ, ਜੋਸ਼, ਜਜ਼ਬਾਤ ਅਤੇ ਰੋਹੀਲੇ ਹੌਕਰਿਆਂ ਨਾਲ ਭਰੇ ਹੋਏ ਇਨ੍ਹਾਂ ਲੋਕਾਂ ਨੂੰ ਸਲਾਮ। ਇਤਿਹਾਸ ਸਦਾ ਇਨ੍ਹਾਂ ਦਾ ਸ਼ੁਕਰਗੁਜ਼ਾਰ ਰਹੇਗਾ, ਕਿਉਂਕਿ ਅਜਿਹੇ ਲੋਕਾਂ ਕਰਕੇ ਹੀ ਇਤਿਹਾਸ ਸਿਰਜੇ ਜਾਂਦੇ ਨੇ।
ਇਹ ਜੋ ਬੈਠੇ ਨੇ ਇਨ੍ਹਾਂ ਨੇ ਦਿਲ ਤੋਂ ਦਿੱਲੀ ਤੀਕ ਦਾ ਸਫਰ ਕਰ ਲਿਆ ਏ। ਇਸ ਸਫਰ ਨੇ ਹੀ ਜਿ਼ੰਦਗੀ ਦੀ ਤਵਾਰੀਖ ਨੂੰ ਨਵੇਂ ਅਰਥ ਦੇਣੇ ਨੇ।