ਪ੍ਰਿੰ. ਸਰਵਣ ਸਿੰਘ
ਪਰਮਵੀਰ ਸਿੰਘ ਬਾਠ ਮੀਡੀਏ ਦੀ ਬੁਲੰਦ ਅਵਾਜ਼ ਹੈ। ਵੱਡੀ ਗਿਣਤੀ ਵਿਚ ਲੋਕ ਉਸ ਨੂੰ ਪੜ੍ਹਦੇ-ਸੁਣਦੇ ਹਨ। ਉਹਦੇ ਸ਼ਬਦ ਪ੍ਰਿੰਟ ਮੀਡੀਏ ‘ਚ ਛਪਦੇ ਤੇ ਬੋਲ ਬਿਜਲਈ ਮੀਡੀਏ ‘ਤੇ ਗੂੰਜਦੇ ਰਹਿੰਦੇ ਹਨ। ਉਹ ਰੇਡੀਓ/ਟੀ. ਵੀ. ਤੋਂ ਮਿਣਵੀਂ-ਤੋਲਵੀਂ ਸ਼ਬਦਾਵਲੀ ‘ਚ ਤਬਸਰਾ ਕਰ ਰਿਹਾ ਹੁੰਦੈ। ਉਹਦੀ ਬੋਲ-ਬਾਣੀ ਵਗਦੀ ‘ਵਾ ਵਾਂਗ ਤੇ ਵਹਿੰਦੇ ਵਹਿਣ ਵਾਂਗ ਰਵਾਂ ਹੈ। ਉਸ ਨੇ ਖੇਡ ਕਾਲਮ ਵੀ ਲਿਖੇ ਤੇ ਕਬੱਡੀ ਮੈਚਾਂ ਦੀ ਕੁਮੈਂਟਰੀ ਵੀ ਕੀਤੀ। 2005 ਵਿਚ ਉਸ ਨੇ ‘ਗੱਲਾਂ ਖੇਡ ਮੈਦਾਨ ਦੀਆਂ’ ਪੁਸਤਕ ਛਪਵਾ ਕੇ ਪੰਜਾਬੀ ਖੇਡ ਸਾਹਿਤ ਵਿਚ ਪਹਿਲੀ ਵੱਡੀ ਛਾਲ ਮਾਰੀ। ਉਹਦੀ ਖੇਡ ਲੇਖਣੀ ਦਾ ਮੁੱਖ ਉਦੇਸ਼ ਨੌਜੁਆਨਾਂ ਨੂੰ ਚੰਗੇਰੇ ਪਾਸੇ ਲਾਉਣਾ, ਖੇਡ ਖੇਤਰ ਵਿਚ ਸੁਧਾਰ ਲਿਆਉਣਾ ਅਤੇ ਖਿਡਾਰੀਆਂ ਨੂੰ ਚੈਂਪੀਅਨ ਬਣਨ ਦੇ ਰਾਹ ਪਾਉਣਾ ਹੈ। ਉਹ ਖੇਡਾਂ ਤੇ ਖਿਡਾਰੀਆਂ ਦਾ ਸੁ਼ਭਚਿੰਤਕ ਅਤੇ ਖੇਡ ਸਰਗਰਮੀਆਂ ਦਾ ਸੁਹਿਰਦ ਆਲੋਚਕ ਹੈ।
ਉਹਦਾ ਪਿੰਡ ਭੋਗਪੁਰ ਕੋਲ ਗੜੀ ਬਖਸ਼ਾ ਹੈ। ਡਾਕਘਰ ਪਚਰੰਗਾ, ਜਿਲਾ ਜਲੰਧਰ। ਪਿੰਡ ਦਾ ਜੰਮਪਲ ਹੋਣ ਕਰਕੇ ਕਿਸਾਨੀ ਬੋਲ-ਚਾਲ ਨਾਲ ਓਤ-ਪੋਤ ਹੈ। ਕੱਟੀਆਂ-ਵੱਛੀਆਂ, ਕੁੱਕੜ-ਕੁੱਕੜੀਆਂ, ਨੀਰੇ-ਪੱਠਿਆਂ, ਗੱਡੇ-ਗਡੀਰਿਆਂ, ਬਲਦਾਂ-ਬੋਤਿਆਂ, ਭੰਡਾਂ-ਮਰਾਸੀਆਂ, ਹਾਸੇ-ਮਖੌਲਾਂ ਤੇ ਟਰੈਕਟਰਾਂ-ਟਰਾਲੀਆਂ ਦੀਆਂ ਗੱਲਾਂ ਨਾਲ ਉਹ ਸਰੋਤਿਆਂ ਦਾ ਧਿਆਨ ਖਿੱਚੀ ਰੱਖਦਾ ਹੈ। ਉਹਦੀਆਂ ਗੱਲਾਂਬਾਤਾਂ ਦਿਲਚਸਪ ਲੱਗਦੀਆਂ ਹਨ। ਪਿੰਡ ਦੇ ਸਕੂਲ ਅਤੇ ਟਾਂਡਾ ਉੜਮੁੜ ਦੇ ਕਾਲਜ ਵਿਚ ਪੜ੍ਹਨ ਵੇਲੇ ਤੋਂ ਹੀ ਚੰਗੀ ਹੋਣਹਾਰੀ ਵਿਖਾ ਰਿਹੈ। ਅੱਠ ਸਾਲ ਉਹ ਪੰਜਾਬੀ ਸਾਹਿਤ ਸਭਾ, ਭੋਗਪੁਰ ਦਾ ਜਨਰਲ ਸਕੱਤਰ ਤੇ ਤਿੰਨ ਸਾਲ ਪ੍ਰਧਾਨ ਰਿਹਾ। ਤੇਰਾਂ ਸਾਲਾਂ ਤੋਂ ਯੂਥ ਵੈਲਫੇਅਰ ਅਤੇ ਰਿਸਰਚ ਸੁਸਾਇਟੀ ਦੇ ਕੋਆਰਡੀਨੇਟਰ ਵਜੋਂ ਨੌਜੁਆਨਾਂ ‘ਚ ਜਾਗ੍ਰਿਤੀ ਲਿਆਉਣ ਦੀਆਂ ਸਰਗਰਮੀਆਂ ਵਿਚ ਲੱਗਾ ਹੋਇਐ। ਉਸ ਨੇ ਗਿਆਨੀ ਕਰਤਾਰ ਸਿੰਘ ਸਰਕਾਰੀ ਕਾਲਜ ਟਾਂਡਾ ਉੜਮੁੜ ਤੋਂ ਬੀ. ਏ. ਆਨਰਜ਼ ਨਾਲ ਹਿੰਦੀ ਦੀ ਐੱਮ. ਏ. ਕੀਤੀ। ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਤੋਂ ਪੱਤਰਕਾਰੀ ਦਾ ਡਿਪਲੋਮਾ, ਬੀ. ਐੱਡ, ਐੱਮ. ਐੱਡ ਤੇ ਐੱਮ. ਫਿਲ ਵਰਗੀਆਂ ਕਈ ਡਿਗਰੀਆਂ ਹਾਸਲ ਕੀਤੀਆਂ। ਫਿਰ ਵੀ ਕੋਈ ਚੱਜ ਦੀ ਨੌਕਰੀ ਨਾ ਮਿਲੀ। ਤਬਸਰੇ ਤਾਂ ਫਿਰ ਕਰਨੇ ਹੀ ਸਨ!
ਕਾਲਜ ਵਿਚ ਪੜ੍ਹਦਿਆਂ ਉਹ ਕਾਵਿ ਉਚਾਰਨ, ਲੇਖ ਰਚਨਾ ਤੇ ਨਾਟਕਾਂ ਚੇਟਕਾਂ ਦੇ ਮੁਕਾਬਲਿਆਂ ‘ਚ ਭਾਗ ਲੈਂਦਾ ਰਿਹਾ। ਇਨਾਮ ਜਿੱਤ ਕੇ ਆਪਣਾ ਤੇ ਕਾਲਜ ਦਾ ਨਾਂ ਚਮਕਾਉਂਦਾ ਰਿਹਾ। ਸਟੇਜੀ ਕਲਾਕਾਰ ਹੋਣ ਕਾਰਨ ਖੇਡ ਮੈਦਾਨਾਂ ਦੀਆਂ ਰਗੜਾਂ ਖਾਣੋਂ ਬਚਿਆ ਰਿਹਾ। ਫਿਰ ਤਿੰਨ ਕੁ ਸਾਲ ਟਾਂਡਾ ਕਾਲਜ ਵਿਚ ਠੇਕੇ ਦੀ ਛੇ ਮਹੀਨਿਆਂ ਵਾਲੀ ਟੁੱਟਵੀਂ ਨੌਕਰੀ ‘ਤੇ ਪੜ੍ਹਾਉਣ ਪਿੱਛੋਂ ਆਖਰ ਮੀਡੀਆਕਾਰੀ ਦੇ ਰਾਹ ਪੈ ਗਿਆ। ਇਨ੍ਹੀਂ ਦਿਨੀਂ ਉਹ ਪ੍ਰਾਈਮ ਏਸ਼ੀਆ ਟੀ. ਵੀ. ਦੇ ਸੱਦੇ ‘ਤੇ ਕੈਨੇਡਾ ਵਿਚ ਡਿਊਟੀ ਨਿਭਾ ਰਿਹੈ ਤੇ ਨਾਂ ਕਮਾ ਰਿਹੈ।
ਉਸ ਦੇ ਪੰਜਾਬੀ ਵਿਚ ਅੱਠ ਕੁ ਸੌ ਤੇ ਹਿੰਦੀ ਵਿਚ ਤਿੰਨ ਕੁ ਸੌ ਲੇਖ ਛਪ ਚੁਕੇ ਹਨ। ਉਹਦੀਆਂ ਕਿਤਾਬਾਂ ਦੇ ਨਾਂ ਹਨ: ਗੱਲਾਂ ਖੇਡ ਮੈਦਾਨ ਦੀਆਂ, ਵਰਤਮਾਨ ‘ਚ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਤੇ ਉਨ੍ਹਾਂ ਦੇ ਸਾਰਥਕ ਹੱਲ, ਪੰਜਾਬੀਆਂ ਦਾ ਗੈਰ ਕਾਨੂੰਨੀ ਪਰਵਾਸ ਤੇ ਤਪਦੀ ਮਿੱਟੀ ਪਿਆਸੇ ਲੋਕ। 2014 ਤੋਂ ਉਹ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਰੇਡੀਓਜ਼ ਤੋਂ ਪੰਜਾਬ ਅਤੇ ਦੇਸ਼-ਵਿਦੇਸ਼ ਦੇ ਮੁੱਦਿਆਂ ਉਤੇ ਰੋਜ਼ਾਨਾ ਲਾਈਵ ਚਰਚਾ ਤੇ ਤਬਸਰਾ ਕਰਦਾ ਆ ਰਿਹੈ। ਪ੍ਰਾਈਮ ਏਸ਼ੀਆ ਟੀ. ਵੀ. ਤੋਂ ਭਖਦੇ ਮੁੱਦਿਆਂ ਉਤੇ ਉਹ ਅੱਠ ਸੌ ਤੋਂ ਵੱਧ ਪ੍ਰੋਗਰਾਮ ਦੇ ਚੁਕੈ। ਉਹ ਮੀਡੀਆਕਾਰੀ ਤੇ ਸੈਰ ਸਪਾਟੇ ਕਰਦਿਆਂ ਰਾਜਸਥਾਨ, ਲੇਹ ਲੱਦਾਖ, ਮਹਾਰਾਸ਼ਟਰ ਦੇ ਸੋਕਾ-ਗ੍ਰਸਤ ਖੇਤਰ, ਮੁੰਬਈ, ਉੜੀਸਾ, ਉੱਤਰਾਖੰਡ ਦੇ ਪਹਾੜੀ ਇਲਾਕੇ, ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕੇ, ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ, ਐਡਮੰਟਨ, ਕੈਲਗਰੀ, ਟੋਰਾਂਟੋ, ਵਿਨੀਪੈਗ, ਮੌਰੀਸ਼ੀਅਸ, ਦੁੱਬਈ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ ਤੇ ਇੰਡੋਨੇਸ਼ੀਆ ਦੇ ਸ਼ਹਿਰ ਗਾਹੁੰਦਿਆਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਸਿੱਖ ਖੇਡਾਂ-2019 ਦੀ ਕਵਰੇਜ ਵੀ ਕਰ ਚੁਕੈ।
ਉਸ ਨੇ ਆਪਣੀ ਪਹਿਲੀ ਪੁਸਤਕ ‘ਗੱਲਾਂ ਖੇਡ ਮੈਦਾਨ ਦੀਆਂ’ ਹਿੰਦ-ਪਾਕਿ ਦੋਸਤੀ ਮੰਚ ਨੂੰ ਸਮਰਪਿਤ ਕੀਤੀ, ਜਿਸ ਨੇ ਦੋਹਾਂ ਦੇਸ਼ਾਂ ਵਿਚਕਾਰ ਅਮਨ ਬਹਾਲੀ ਲਈ ਲੋਕ ਲਹਿਰ ਪੈਦਾ ਕਰਨ ਦਾ ਬੀੜਾ ਉਠਾਇਆ ਹੋਇਐ। ਪੁਸਤਕ ਦੇ ਅਰੰਭ ਵਿਚ ਉਹ ਲਿਖਦੈ: ਜੀਵਨ ਦੇ ਟੇਢੇ-ਮੇਢੇ ਰਸਤੇ `ਤੇ ਤੁਰਦਿਆਂ ਮਨੁੱਖ ਦਰੱਖਤ ਤੋਂ ਡਿੱਗੇ ਪੱਤੇ ਵਾਂਗ ਵਿਚਰਦਾ ਹੈ। ਕਦੇ ਕਿਸੇ ਦੇ ਪੈਰਾਂ ਹੇਠ ਆ ਕੇ ਦੱਬੇ ਜਾਣ ਦਾ ਦਰਦ ਵੀ ਉਸ ਨੂੰ ਸਹਿਣਾ ਪੈਂਦਾ ਹੈ ਤੇ ਕਦੇ ਉਸ ਉਪਰ ਪਈ ਤ੍ਰੇਲ ਦੀ ਬੂੰਦ `ਤੇ ਪੈਂਦੀ ਸੂਰਜੀ ਲਿਸ਼ਕੋਰ ਨਵੀਆਂ ਉਮੀਦਾਂ ਤੇ ਤਰੰਗਾਂ ਵੀ ਜਗਾਉਂਦੀ ਹੈ। ਸੰਸਾਰਕ ਹਵਾ ਦੇ ਬੁੱਲਿਆਂ `ਤੇ ਪੱਤੇ ਵਾਂਗ ਉਡਦਾ ਮਨੁੱਖ ਆਪਣੀ ਨਿਰਧਾਰਿਤ ਕੀਤੀ ਮੰਜਿ਼ਲ ਵੱਲ ਵਧਣ ਲਈ ਯਤਨਸ਼ੀਲ ਵੀ ਰਹਿੰਦਾ ਹੈ…।
ਪੰਜਾਬ ਵਿਚ ਕੁਝ ਗਿਣਤੀ ਦੇ ਵੱਡੇ ਵਿਸ਼ਵ ਕਬੱਡੀ ਕੱਪਾਂ ਵਰਗੇ ਖੇਡ ਮੇਲਿਆਂ ਲਈ ਧਨ ਤੇ ਸਾਧਨਾਂ ਦੀ ਕੋਈ ਘਾਟ ਨਹੀਂ, ਪਰ ਅਸਲੀ ਸੰਘਰਸ਼ ਤਾਂ ਉਨ੍ਹਾਂ ਹਜ਼ਾਰਾਂ ਖੇਡ ਮੇਲਿਆਂ ਦੇ ਪ੍ਰਬੰਧਕਾਂ ਨੂੰ ਕਰਨਾ ਪੈ ਰਿਹਾ ਹੈ, ਜੋ ਪਿੰਡਾਂ ਦੇ ਛੋਟੇ-ਵੱਡੇ ਖੇਡ ਮੇਲਿਆਂ ਦਾ ਪ੍ਰਬੰਧ ਕਰ ਕੇ ਪੰਜਾਬ ਦੇ ਖੇਡ ਵਿਰਸੇ ਨੂੰ ਸਹੀ ਅਰਥਾਂ ਵਿਚ ਜਿਉਂਦਾ ਰੱਖ ਰਹੇ ਹਨ। ਮੈਂ ਅਜਿਹੇ ਖੇਡ ਮੇਲਿਆਂ ਦਾ ਆਯੋਜਨ ਕਰਦੇ ਪ੍ਰਬੰਧਕ ਜਨਤਾ ਦੇ ਹਾਸੇ-ਠੱਠੇ ਦਾ ਸਿ਼ਕਾਰ ਹੁੰਦੇ ਤੱਕੇ ਵੀ ਤੇ ਇਨ੍ਹਾਂ ਹਾਸੇ ਠੱਠਿਆਂ ਦਾ ਖੁਦ ਵੀ ਸਿ਼ਕਾਰ ਹੋਇਆ ਹਾਂ। ਪੈਸੇ ਦੇਣ ਦਾ ਵਾਇਦਾ ਕਰ ਕੇ ਮੁੱਕਰਦੇ ਲੋਕਾਂ ਨਾਲ ਵੀ ਵਾਹ ਪਿਆ ਤੇ ਪਿੰਡਾਂ ਦੇ ਘੜੰਮ ਚੌਧਰੀਆਂ ਵੱਲੋਂ ਡਾਹੇ ਜਾਂਦੇ ਅੜਿੱਕਿਆਂ ਨੂੰ ਵੀ ਨੇੜਿਓਂ ਤੱਕਿਆ। ਇਸੇ ਕਰਕੇ ਮੈਂ ਵੱਡੇ ਕਬੱਡੀ ਕੱਪਾਂ ਨੂੰ ਕਵਰ ਕਰਨ ਦੀ ਥਾਂ ਆਪਣੀ ਕਲਮ ਦਾ ਫੋਕਸ ਛੋਟੇ ਪੇਂਡੂ ਖੇਡ ਮੇਲਿਆਂ ‘ਤੇ ਹੀ ਰੱਖਿਆ ਹੈ।
‘ਗੱਲਾਂ ਖੇਡ ਮੈਦਾਨ ਦੀਆਂ’ ਪੁਸਤਕ ਵਿਚ ਛਪੇ ਲੇਖਾਂ ਦੇ ਕੁਝ ਸਿਰਲੇਖ ਹਨ: ਪੇਂਡੂ ਰਹਿਤਲ ਅਤੇ ਖੇਡ ਮੇਲੇ, ਦੋਸਤੀ ਦੇ ਅਹਿਮ ਸਫਰ ਦਾ ਦੂਜਾ ਪੜਾਅ, ਮਜ਼ਬੂਤ ਆਰਥਕਤਾ ਦੇ ਬਾਵਜੂਦ ਖੜੋਤ ਵਿਚ ਹੈ ਕਬੱਡੀ, ਖੇਡਾਂ ਦੇ ਸੰਦਰਭ ਵਿਚ ਸੌੜੀ ਸਿਆਸਤ ਦਾ ਤਿਆਗ ਕੀਤਾ ਜਾਵੇ, ਭਾਰਤ ਜਿਥੇ ਖਿਡਾਰੀਆਂ ਨਾਲ ਕੈਦੀਆਂ ਤੋਂ ਵੀ ਘਟੀਆ ਸਲੂਕ ਹੁੰਦਾ ਹੈ, ਖੇਡ-ਖੇਡ ਵਿਚ ਬਦਲੇਗੀ ਦੋਵਾਂ ਦੇਸ਼ਾਂ ਦੀ ਨੁਹਾਰ, ਹੇਠਲੀ ਪੱਧਰ `ਤੇ ਖਿਡਾਰੀਆਂ ਨੂੰ ਉਤਸ਼ਾਹ ਦੇਣ ਦੀ ਜ਼ਰੂਰਤ, ਸਿਆਸਤ ਤੋਂ ਮੁਕਤੀ ਮੰਗਦੀਆਂ ਖੇਡਾਂ, ਖਜੂਰ `ਤੇ ਲਟਕਦੀ ਹਾਕੀ, ਬਿਖੜੇ ਪੈਂਡੇ ਤੈਅ ਕਰਨ ਜਾ ਰਹੀ ਹੈ ਭਾਰਤੀ ਹਾਕੀ, ਭਾਰਤੀ ਖੇਡ ਨੀਤੀ ਦੀ ਖਿੱਦੋ `ਚੋਂ ਲੀਰਾਂ ਬਾਹਰ ਆਈਆਂ ਅਤੇ ਕਿਹੋ ਜਿਹਾ ਹੈ ਭਾਰਤ ਵਿਚ ਰਗਬੀ ਫੁੱਟਬਾਲ ਦਾ ਭਵਿੱਖ? ਪੇਸ਼ ਹਨ ਉਹਦੇ ਦੋ ਖੇਡ ਤਬਸਰੇ:
ਹੁਕਮਰਾਨ ਸਾਰੀਆਂ ਖੇਡਾਂ ਨੂੰ ਇੱਕ ਅੱਖ ਨਾਲ ਵੇਖਣ
ਵੈਸੇ ਤਾਂ ਇਸ ਪਦਾਰਥਵਾਦੀ ਯੁੱਗ ਵਿਚ ਬਹੁਗਿਣਤੀ ਲੋਕਾਂ ਅੰਦਰ ਖੁਦਗਰਜ਼ੀ ਦਾ ਤੱਤ ਭਾਰੂ ਹੁੰਦਾ ਜਾ ਰਿਹਾ ਹੈ। ਆਪਣੇ ਆਪ ਨੂੰ ਅਗਾਂਹ ਲੈ ਜਾਣ ਲਈ ਦੂਸਰੇ ਦਾ ਸ਼ੋਸ਼ਣ ਜਾਂ ਵਿਨਾਸ਼ ਕਰਨ ਤੱਕ ਦੀ ਸੋਚ ਨੂੰ ਜਾਇਜ਼ ਮੰਨਣਾ ਸਾਧਾਰਨ ਗੱਲ ਹੋ ਗਈ ਹੈ, ਪਰ ਜੇ ਇਹ ਸਭ ਗੱਲਾਂ ਉਸ ਵਿਅਕਤੀ ਨਾਲ ਸਬੰਧਤ ਹੋਣ ਜੋ ਘਰ ਤੋਂ ਕੰਮ ਤੇ ਕੰਮ ਤੋਂ ਘਰ ਤੱਕ ਸੀਮਤ ਹੈ ਤਾਂ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ। ਜਦੋਂ ਕਰੋੜਾਂ ਲੋਕਾਂ ਲਈ ਨੀਤੀਆਂ ਨਿਰਧਾਰਤ ਕਰਨ ਵਾਲੇ, ਫੈਸਲੇ ਲੈਣ ਵਾਲੇ ਹਾਕਮ ਵੀ ਨਿੱਜਵਾਦ ਵਿਚ ਬੁਰੀ ਤਰ੍ਹਾਂ ਗ੍ਰਸਤ ਹੋ ਜਾਣ ਤਾਂ ਮੱਥੇ ਉੱਪਰ ਚਿੰਤਾ ਦੀਆਂ ਲਕੀਰਾਂ ਗਹਿਰੀਆਂ ਹੋ ਹੀ ਜਾਂਦੀਆਂ ਹਨ।
ਸਾਡੇ ਸੱਤਾਧਾਰੀ ਨੇਤਾਵਾਂ ਨੇ, ਹਰ ਖੇਤਰ ਨੂੰ ਚਾਹੇ ਉਹ ਧਰਮ ਹੋਵੇ, ਖੇਡਾਂ ਹੋਣ, ਸੱਭਿਆਚਾਰ ਹੋਵੇ-ਸਭ ਨੂੰ ਆਪਣੀ ਘਟੀਆ ਰਾਜਨੀਤੀ ਦਾ ਅਖਾੜਾ ਬਣਾ ਲਿਆ ਹੈ, ਜਿਸ ਦਾ ਬਹੁਤ ਵੱਡਾ ਨੁਕਸਾਨ ਇਨ੍ਹਾਂ ਖੇਤਰਾਂ ਨੂੰ ਹੋਇਆ ਹੈ। ਲੋੜ ਤਾਂ ਇਹ ਸੀ ਕਿ ਰਾਜਨੀਤੀ ਕੇਵਲ ਰਾਜਨੀਤੀ ਤੱਕ ਸੀਮਤ ਰਹਿੰਦੀ, ਪਰ ਸਾਡੇ ਦੇਸ਼ ਵਿਚ ਗੰਧਲੀ ਰਾਜਨੀਤੀ ਨੇ ਉਪਰੋਕਤ ਦਰਸਾਏ ਸਿਹਤਮੰਦ ਤੇ ਉਸਾਰੂ ਖੇਤਰਾਂ ਨੂੰ ਵੀ ਜ਼ਬਰਦਸਤੀ ਆਪਣੀ ਜੰਗ ਦਾ ਖੇਤਰ ਬਣਾ ਲਿਆ ਹੈ। ਖੇਡ ਖੇਤਰ ਦਾ ਤਾਂ ਨੇਤਾਵਾਂ ਦੀ ਸੰਕਰੀਨ ਸੋਚ ਕਰਕੇ ਸਭ ਤੋਂ ਵਧੇਰੇ ਤੇ ਤੇਜ਼ੀ ਨਾਲ ਨੁਕਸਾਨ ਹੋਇਆ ਹੈ। ਆਪਣੇ ਸੀਮਤ ਗਿਆਨ ਨੇ ਕੇਵਲ ਸੱਤਾ ਪ੍ਰਾਪਤੀ ਵਰਗੇ ਉਦੇਸ਼ਾਂ ਨਾਲ ਪੂਰੀ ਤਰ੍ਹਾਂ ਲੈਸ ਹੋ ਕੇ ਸਾਡੇ ਰਾਜਨੇਤਾਵਾਂ ਨੇ ਸੱਤਾ ਹਥਿਆਈ ਰੱਖਣ ਲਈ ਖੇਡ ਖੇਤਰ ਨੂੰ ਪੂਰੀ ਸ਼ਿੱਦਤ ਤੇ ਬੇਦਰਦੀ ਨਾਲ ਵਰਤਿਆ ਹੈ। ਇਹੀ ਕਾਰਨ ਹੈ ਕਿ ਅੱਜ ਭਾਰਤੀ ਖੇਡ ਖੇਤਰ ਨਾਲ ਸਬੰਧਤ 5 ਫੀਸਦੀ ਲੋਕ ਤਾਂ ਮਾਲਾਮਾਲ ਹਨ ਤੇ ਬਾਕੀ 95 ਫੀਸਦੀ ਲੋਕ ਕੱਖੋਂ ਹੌਲੇ ਕਰਨ ਦੇ ਇੱਕੋ-ਇੱਕ ਉਦੇਸ਼ ਨੇ ਖੇਡ ਖੇਤਰ ਉੱਤੇ ਖਰਚੇ ਜਾਂਦੇ ਧਨ ਨੂੰ ਪੱਖਪਾਤ ਦੀ ਗਹਿਰੀ ਦਲਦਲ ਵਿਚ ਧੱਕ ਛੱਡਿਆ ਹੈ।
ਖੇਡ ਐਸੋਸੀਏਸ਼ਨਾਂ ਤੇ ਫੈਡਰੇਸ਼ਨਾਂ ‘ਤੇ ਕਬਜ਼ੇ ਕਰਨ ਲਈ ਰਾਜਨੀਤਕ ਪਾਰਟੀਆਂ ਦੇ ਆਧਾਰ ‘ਤੇ ਧੜੇ ਕਾਇਮ ਹਨ, ਜਿਨ੍ਹਾਂ ਨੇ ਖਿਡਾਰੀਆਂ ਦੀ ਚੋਣ ਸਮੇਂ ਸਿਆਸੀ ਦਖਲ ਅੰਦਾਜ਼ੀ ਕਾਰਨ ਸਾਧਾਰਨ ਘਰਾਂ ਦੇ ਹੋਣਹਾਰ ਖਿਡਾਰੀਆਂ ਨੂੰ ਉਤਸ਼ਾਹ ਨਾ ਦੇ ਕੇ ਖੇਡ ਖੇਤਰ ਦੇ ਜੜ੍ਹੀਂ ਤੇਲ ਦੇਣ ਦਾ ਕੰਮ ਕੀਤਾ ਹੈ। ਇਨ੍ਹਾਂ ਘਾਤਕ ਤੇ ਮਾਰੂ ਕਾਰਜਾਂ ਤੋਂ ਇਲਾਵਾ ਕ੍ਰਿਕਟ ਦੀ ਖੇਡ ਨੂੰ ਸਿਰ ‘ਤੇ ਬਿਠਾ ਰੱਖਣ ਤੇ ਬਾਕੀ ਖੇਡਾਂ ਨੂੰ ਜੁੱਤੀ ਦੀ ਨੋਕ `ਤੇ ਰੱਖਣ ਦੀ ਪ੍ਰਥਾ ਨੇ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ ਹੈ। ਇਸ ਦਾ ਅਰਥ ਇਹ ਨਹੀਂ ਕਿ ਸਾਡੇ ਹੁਕਮਰਾਨਾਂ ਨੂੰ ਕ੍ਰਿਕਟ ਦੀ ਖੇਡ ਨਾਲ ਪਿਆਰ ਜਾਂ ਲਗਾਓ ਹੈ, ਬਲਕਿ ਇਹ ਕੇਵਲ ਵੋਟ ਬੈਂਕ ਵਿਚ ਵਾਧਾ ਕਰਨ ਦਾ ਢੰਗ ਹੈ। ਜਨਤਾ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਤਰੀਕਾ ਹੈ। ਅੱਜ ਮੀਡੀਆ ਦੀ ਓਵਰ ਕਵਰੇਜ ਕਰਕੇ ਬਹੁਗਿਣਤੀ ਲੋਕ ਕ੍ਰਿਕਟ ਵੱਲ ਉਲਾਰ ਹੋਏ ਬੈਠੇ ਹਨ। ਕ੍ਰਿਕਟ ਦੇ ਸ਼ੌਕੀਨਾਂ ਦੀ ਨਜ਼ਰ ਵਿਚ ਆਉਣ ਲਈ ਹੁਕਮਰਾਨ ਕ੍ਰਿਕਟ ਦੇ ਇਕ-ਇਕ ਛੱਕੇ `ਤੇ ਵੀਹ-ਵੀਹ ਲੱਖ ਰੁਪਏ ਦੇ ਰਹੇ ਹਨ ਤੇ ਦੂਸਰੇ ਪਾਸੇ ਬਾਕੀ ਖੇਡਾਂ ਲਈ ਹੱਥ ਅਸਲੋਂ ਖਾਲੀ ਹੈ। ਫਿਰ ਜਦੋਂ ਏਸ਼ੀਆ ਜੇਤੂ ਹਾਕੀ ਟੀਮ ਦੇ ਖਿਡਾਰੀਆਂ ਨੂੰ ਆਪਣਾ ਬਣਦਾ ਹੱਕ ਲੈਣ ਲਈ ਧਰਨੇ ਦੇਣ ਦੀ ਧਮਕੀ ਦੇਣੀ ਪੈਂਦੀ ਹੈ ਤੇ ਉਸ ਤੋਂ ਬਾਅਦ ਸਰਕਾਰਾਂ ਕੁਝ ਕੁ ਲੱਖ ਦੇ ਇਨਾਮਾਂ ਦੀ ਘੋਸ਼ਣਾ ਕਰਦੀਆਂ ਹਨ ਤਾਂ ਇਨ੍ਹਾਂ ਸਰਕਾਰਾਂ ਨੂੰ ਚਲਾਉਣ ਵਾਲਿਆਂ ਦੀ ਸੋਚ ਦੀ ਅਸਲੀਅਤ ਆਪੇ ਸਾਹਮਣੇ ਆ ਜਾਂਦੀ ਹੈ।
ਕ੍ਰਿਕਟ ਤੋਂ ਬਿਨਾ ਬਾਕੀ ਮਾਣ-ਮੱਤੀਆਂ ਖੇਡਾਂ ਨਾਲ ਸਬੰਧਤ ਖਿਡਾਰੀ ਇਨ੍ਹਾਂ ਤੰਗਦਿਲ ਤੇ ਸੰਕੀਰਨ ਸੋਚ ਵਾਲੇ ਨੇਤਾਵਾਂ ਕਰਕੇ ਜ਼ਲਾਲਤ ਭਰੇ ਦੌਰ ਵਿਚੋਂ ਗੁਜ਼ਰ ਰਹੇ ਹਨ। ਭਾਰਤੀ ਖੇਡ ਖੇਤਰ ਦੇ ਵਰਤਮਾਨ ਹਾਲਾਤ ਤੋਂ ਇਹ ਸਾਫ ਹੈ ਕਿ ਕ੍ਰਿਕਟ ਤੋਂ ਇਲਾਵਾ ਹੋਰਨਾਂ ਖੇਡਾਂ ਵਿਚੋਂ ਜੇਕਰ ਕੋਈ ਟਰਾਫੀ ਜਾਂ ਤਮਗਾ ਹਾਸਲ ਹੁੰਦਾ ਹੈ ਤਾਂ ਉਥੇ ਖਿਡਾਰੀਆਂ ਅਤੇ ਕੋਚਾਂ ਦੀ ਆਪਣੀ ਨਿੱਜੀ ਮਿਹਨਤ ਹੀ ਕੰਮ ਕਰਦੀ ਹੈ। ਰਾਜਨੇਤਾਵਾਂ ਦਾ ਉਸ ਪਿੱਛੇ ਕੋਈ ਰੋਲ ਨਹੀਂ ਹੁੰਦਾ। ਜੇ ਅਥਲੈਟਿਕਸ, ਫੁੱਟਬਾਲ, ਵਾਲੀਬਾਲ, ਬੈਡਮਿੰਟਨ ਵਰਗੀਆਂ ਖੇਡਾਂ ਕੇਵਲ ਸ਼ੌਕ ਤੱਕ ਸੀਮਤ ਹੋ ਕੇ ਖਤਮ ਹੋ ਰਹੀਆਂ ਹਨ ਤਾਂ ਇਸ ਦੇ ਪਿੱਛੇ ਇਨ੍ਹਾਂ ਨੇਤਾਵਾਂ ਦੀ ਕੁਰਸੀ ਦਾ ਹੱਥ ਹੈ। ਆਪਣੀ ਸੱਤਾ ਦਾ ਚੁੱਲ੍ਹਾ ਬਾਲਣ ਲਈ ਖੇਡ ਖੇਤਰ ਨੂੰ ਲੱਕੜੀ ਵਾਂਗ ਵਰਤ ਰਹੇ ਇਨ੍ਹਾਂ ਰਾਜਨੀਤਕ ਲੋਕਾਂ ਦਾ ਖੇਡ ਪ੍ਰੇਮੀਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ। ਸਾਡੇ ਤੁਹਾਡੇ ਦੁਆਰਾ ਟੈਕਸਾਂ ਰਾਹੀਂ ‘ਕੱਠਾ ਕੀਤਾ ਧਨ ਇਨ੍ਹਾਂ ਨੂੰ ਕੇਵਲ ਕ੍ਰਿਕਟ ਲਈ ਵਰਤਣ ਦਾ ਕੋਈ ਹੱਕ ਨਹੀਂ।
ਸਾਡੀ ਮਾਂ-ਖੇਡ ਕਬੱਡੀ, ਰਾਸ਼ਟਰੀ ਖੇਡ ਹਾਕੀ ਤੇ ਬਾਕੀ ਸਭ ਖੇਡਾਂ ਨੂੰ ਵੀ ਬਣਦਾ ਹੱਕ ਮਿਲਣਾ ਚਾਹੀਦਾ ਹੈ। ਆਉ, ਰਲ-ਮਿਲ ਕੇ ਆਪੋ-ਆਪਣੇ ਵਸੀਲਿਆਂ ਅਨੁਸਾਰ ਕੋਸ਼ਿਸ਼ਾਂ ਕਰੀਏ ਤਾਂ ਜੋ ਇਨ੍ਹਾਂ ਛੋਟੀ ਸੋਚ ਦੇ ਮਾਲਕ ਲੋਕਾਂ ਹੱਥੋਂ ਖੇਡ-ਖੇਤਰ ਨੂੰ ਮਰਨ ਤੋਂ ਬਚਾਇਆ ਜਾ ਸਕੇ। ਜੋ ਹੁਕਮਰਾਨ ਵੀਹਾਂ-ਪੱਚੀਆਂ ਖੇਡਾਂ ਨੂੰ ਬਰਾਬਰ ਹੱਕ ਨਹੀਂ ਦੇ ਸਕਦੇ, ਉਹ ਸਾਡੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਕਿੰਨੇ ਕੁ ਬਰਾਬਰ ਦੇ ਹੱਕ ਦੇਣਗੇ? ਇਹ ਸੋਚਣ ਵਾਲੀ ਗੱਲ ਹੈ। ਜਨਤਕ ਦਬਾਉ ਬਣਾ ਕੇ ਸਿਆਸੀ ਲੋਕਾਂ ਨੂੰ ਇਸ ਗੱਲ ਲਈ ਮਜਬੂਰ ਕਰਨਾ ਹੀ ਪਵੇਗਾ ਕਿ ਉਹ ਖੇਡ ਖੇਤਰ ਨੂੰ ਆਪਣੀ ਸੱਤਾ ਦੇ ਘੋਲ ਦਾ ਅਖਾੜਾ ਬਣਾਉਣ ਤੋਂ ਗੁਰੇਜ਼ ਕਰਨ। ਸਾਰੀਆਂ ਖੇਡਾਂ ਨੂੰ ਪੂਰੀ ਤਰ੍ਹਾਂ ਬਰਾਬਰੀ ਤੇ ਬਿਨਾ ਕਿਸੇ ਭੇਦ-ਭਾਵ ਦੇ ਸਰਕਾਰੀ ਸਹਾਇਤਾ ਦਿੱਤੀ ਜਾਵੇ। ਖੇਡ ਐਸੋਸੀਏਸ਼ਨਾਂ ਵਿਚ ਬੇਲੋੜਾ ਸਿਆਸੀ ਦਖਲ ਬੰਦ ਹੋਵੇ, ਖਿਡਾਰੀਆਂ ਦੀ ਚੋਣ ਸਮੇਂ ਹੁੰਦੀ ਸਿਫਾਰਸ਼ਬਾਜ਼ੀ ਤੇ ਕੋਚਾਂ ਨਾਲ ਹੁੰਦੀ ਧੱਕੇਸ਼ਾਹੀ ਵੀ ਬੰਦ ਹੋਵੇ, ਇਹ ਸਮੇਂ ਦੀ ਫੌਰੀ ਲੋੜ ਹੈ। ਤਦ ਹੀ ਸਾਡੇ ਖਿਡਾਰੀ ਹੜਤਾਲਾਂ ਧਰਨਿਆਂ ਵੱਲੋਂ ਧਿਆਨ ਹਟਾ ਕੇ, ਜ਼ਲਾਲਤ ਭਰੀ ਸਥਿਤੀ ‘ਚੋਂ ਬਾਹਰ ਨਿਕਲ ਕੇ ਸੰਸਾਰ ਪੱਧਰ ਦੇ ਮੁਕਾਬਲਿਆਂ ਵਿਚ ਜਿੱਤਾਂ ਪ੍ਰਾਪਤ ਕਰਨ ਵੱਲ ਵੱਧ ਸਕਣਗੇ।
ਹੇਠਲੀ ਪੱਧਰ ਤੇ ਖਿਡਾਰੀਆਂ ਨੂੰ ਉਤਸ਼ਾਹ ਦੇਣ ਦੀ ਲੋੜ
ਸਾਡੇ ਦੇਸ਼ ਦੀ ਤ੍ਰਾਸਦੀ ਰਹੀ ਹੈ ਕਿ ਅਸੀਂ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਖੇਡਾਂ ਦੇ ਖੇਤਰ ਵਿਚ ਕੋਈ ਅਜਿਹੀ ਮੱਲ ਨਹੀਂ ਮਾਰ ਸਕੇ, ਜਿਸ ਨੂੰ ਖੇਡ ਇਤਿਹਾਸ ਵਿਚ ਯਾਦ ਰੱਖਿਆ ਜਾ ਸਕੇ। ਬੇਸ਼ਕ ਹਾਕੀ ਦੀ ਖੇਡ ਵਿਚ ਕਿਸੇ ਵੇਲੇ ਅਸੀਂ ਸਿਰਮੌਰ ਰਹੇ ਹਾਂ, ਪਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਅਸੀਂ ਪਛੜੇ ਤੋਂ ਵੀ ਫਾਡੀ ਹਾਂ। ਸਾਡੇ ਖਿਡਾਰੀਆਂ ਵਿਚੋਂ ਲੋੜੀਂਦਾ ਉਤਸ਼ਾਹ ਤੇ ਜਜ਼ਬਾ ਗਾਇਬ ਕਰ ਦਿੱਤਾ ਗਿਐ ਅਤੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਅਸੀਂ ਲਗਾਤਾਰ ਪੱਛੜਦੇ ਜਾ ਰਹੇ ਹਾਂ। ਅਜਿਹੀ ਸਥਿਤੀ ਵਿਚ ਸੋਚਣਾ ਵਿਚਾਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਕਮੀ ਕਿੱਥੇ ਰਹਿ ਰਹੀ ਹੈ? ਕਿਸ ਧਿਰ ਵੱਲੋਂ ਵਾਅਦਾ ਖਿਲਾਫੀ ਕੀਤੀ ਜਾ ਰਹੀ ਹੈ? ਇਹ ਵੀ ਇੱਕ ਸੱਚਾਈ ਹੈ ਕਿ ਖੇਡਾਂ ‘ਚ ਅਤਿ-ਪੱਛੜੇ ਹੋਣ ਦੇ ਬਾਵਜੂਦ ਸਾਡੇ ਮੀਡੀਆ ‘ਚ ਖੇਡ ਵਿਵਾਦ ਸਭ ਤੋਂ ਵਧੇਰੇ ਉੱਠਦੇ ਹਨ। ਕਦੇ ਵਿਦੇਸ਼ੀ ਕੋਚਾਂ ਨੂੰ ਲੈ ਕੇ, ਕਦੇ ਖਿਡਾਰੀਆਂ ਦੀ ਗਲਤ ਚੋਣ ਸਬੰਧੀ, ਕਦੇ ਜੇਤੂ ਹਾਕੀ ਖਿਡਾਰੀਆਂ ਨੂੰ ਟੀਮ ‘ਚੋਂ ਬਾਹਰ ਕਰਨ ਕਰਕੇ ਤੇ ਕਦੇ ਖੇਡ ਫੰਡਾਂ ਦੀ ਦੁਰਵਰਤੋਂ ਕਰਕੇ ਸਾਡੇ ਦੇਸ਼ ਵਿਚ ਖੇਡ ਵਿਵਾਦ ਗਰਮਾਉਂਦੇ ਹੀ ਰਹਿੰਦੇ ਹਨ।
ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਥਿਤੀ ਪਹਿਲਾਂ ਤੋਂ ਸੁਧਰ ਚੁਕੀ ਹੈ, ਕਿਉਂਕਿ ਹੁਣ ਸਾਡੀਆਂ ਸਰਕਾਰਾਂ ਜੇਤੂ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਇਨਾਮ ਦੇ ਕੇ ਨਿਵਾਜ ਰਹੀਆਂ ਹਨ। ਕੌਮਾਂਤਰੀ ਪੱਧਰ ‘ਤੇ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਤਾਂ ਕੇਂਦਰ ਤੇ ਰਾਜ ਸਰਕਾਰਾਂ ਆਪੋ ਆਪਣੇ ਤੌਰ ‘ਤੇ ਲੱਖਾਂ ਰੁਪਏ ਦੇ ਇਨਾਮਾਂ ਨਾਲ ਕਈ ਹੋਰ ਸਹੂਲਤਾਂ ਵੀ ਉਪਲਬਧ ਕਰਵਾਉਂਦੀਆਂ ਹਨ। ਅਸੀਂ ਇਸ ਦਾ ਸਵਾਗਤ ਕਰਦੇ ਹਾਂ; ਪਰ ਪੌੜੀ ਦੇ ਉਪਰਲੇ ਡੰਡੇ ਮਜ਼ਬੂਤ ਕਰਦਿਆਂ ਹੇਠਲੇ ਡੰਡਿਆਂ ਵੱਲ ਵੀ ਧਿਆਨ ਦੇਣਾ ਬਣਦਾ ਹੈ। ਇਹ ਨਾ ਹੋਵੇ ਕਿ ਅਸੀਂ ਛੱਤ ਨੂੰ ਲਾਈ ਪੌੜੀ ਦੇ ਸਭ ਤੋਂ ਉਪਰਲੇ ਡੰਡੇ ਨੂੰ ਤਾਂ ਕਿੱਲਾਂ ਲਾ ਕੇ ਮਜ਼ਬੂਤ ਕਰਦੇ ਰਹੀਏ, ਪਰ ਉਸ ਤੋਂ ਹੇਠਲੇ ਡੰਡਿਆਂ ਨੂੰ ਰੱਖ ਰਖਾਅ ਦੀ ਘਾਟ ਕਾਰਨ ਟੁੱਟਦੇ ਰਹਿਣ ਦੇਈਏ।
ਜਦੋਂ ਤੱਕ ਸਰਕਾਰਾਂ ਹੇਠਲੀ ਪੱਧਰ ਉਤੇ ਖਿਡਾਰੀਆਂ ਨੂੰ ਉਤਸ਼ਾਹ ਨਹੀਂ ਦੇਣਗੀਆਂ, ਉਦੋਂ ਤੱਕ ਉਪਰਲੇ ਡੰਡੇ ਭਾਵ ਜੇਤੂ ਖਿਡਾਰੀਆਂ ‘ਤੇ ਲਾਇਆ ਗਿਆ ਚੋਖਾ ਧਨ ਵੀ ਸਾਰਥਕ ਸਿੱਟੇ ਨਹੀਂ ਕੱਢੇਗਾ; ਕਿਉਂਕਿ ਛੱਤ ਉਤੇ ਚੜ੍ਹਨ ਲਈ ਪੌੜੀ ਦੇ ਉਪਰਲੇ ਡੰਡੇ ਤੋਂ ਵਧੇਰੇ ਮਹੱਤਵਪੂਰਨ ਭੂਮਿਕਾ ਹੇਠਲੇ ਡੰਡੇ ਨਿਭਾਉਂਦੇ ਹਨ। ਖੇਡ ਖੇਤਰ ਦੀਆਂ ਮੂਹਰਲੀਆਂ ਸਫਾਂ ‘ਚ ਵਿਚਰ ਰਹੇ ਦੇਸ਼ਾਂ ਦੀ ਸਫਲਤਾ ਦਾ ਸੂਤਰ ਇਹੀ ਹੈ ਕਿ ਉਹ ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਖੇਡ ਸਿਖਲਾਈ ਦੇਣੀ ਅਰੰਭ ਕਰ ਦਿੰਦੇ ਹਨ। ਇਸੇ ਕਰਕੇ ਉਹ ਸਤਾਰਾਂ-ਅਠਾਰਾਂ ਸਾਲ ਦੀ ਉਮਰ ਤੱਕ ਵਿਸ਼ਵ ਪੱਧਰ ਦੇ ਖਿਡਾਰੀ ਬਣ ਜਾਂਦੇ ਹਨ, ਪਰ ਸਾਡੇ ਭਾਰਤ ਮਹਾਨ ਵਿਚ ਚੋਟੀ ਦਾ ਖਿਡਾਰੀ ਬਣਨ ਲਈ ਜੋ ਕੁਝ ਕਰਨਾ ਹੁੰਦਾ ਹੈ, ਉਹ ਖਿਡਾਰੀ ਵੱਲੋਂ ਆਪਣੇ ਤੌਰ ‘ਤੇ ਹੀ ਕਰਨਾ ਪੈਂਦਾ ਹੈ।
ਵਿਦਿਆਰਥੀ ਜੀਵਨ ‘ਚ ਖੇਡ ਸਿਖਲਾਈ ਮਿਲਣੀ ਅਤਿ-ਜ਼ਰੂਰੀ ਹੈ, ਪਰ ਸਾਡੇ ਪਬਲਿਕ ਸਕੂਲਾਂ ‘ਚ ਕਿਤਾਬਾਂ ਦੇ ਢੇਰ ‘ਚ ਬੱਚਿਆਂ ਨੂੰ ਖਿਡਾਉਣ ਵਾਲਾ ਕੋਈ ਨਹੀਂ ਹੁੰਦਾ। ਇਨ੍ਹਾਂ ਮੁਢਲੇ ਸਾਲਾਂ ‘ਚ ਕਿਸੇ ਵੱਲੋਂ ਵੀ ਬਾਂਹ ਨਾ ਫੜੇ ਜਾਣ ਕਾਰਨ ਫੁੱਟ ਰਹੇ ਪੁੰਗਾਰਿਆਂ ਨੂੰ ਮਧੋਲ ਦਿੱਤਾ ਜਾਂਦਾ ਹੈ। ਖੇਡ ਖੇਤਰ ਵਿਚ ਸਿਖਲਾਈ ਤੇ ਜੋਰ ਅਜ਼ਮਾਈ ਕਰਨ ਦੀ ਇਕ ਵਿਸ਼ੇਸ਼ ਉਮਰ ਹੁੰਦੀ ਹੈ, ਪਰ ਭਾਰਤੀ ਖਿਡਾਰੀਆਂ ਨੂੰ ਉਸ ਉਮਰ ਤੋਂ ਅਗਾਂਹ ਜਾ ਕੇ ਹੀ ਖੇਡ ਦੀਆਂ ਬਾਰੀਕੀਆਂ ਦਾ ਗਿਆਨ ਹੁੰਦਾ ਹੈ। ਫਿਰ ਉਹ ਦੋ-ਚਾਰ ਸਾਲਾਂ ‘ਚ ਵਿਤੋਂ ਬਾਹਲਾ ਜੋਰ ਲਾ ਕੇ ਹੰਭ ਹਾਰ ਕੇ ਬੈਠ ਜਾਂਦੇ ਹਨ। ਮਿਲਖਾ ਸਿੰਘ ਵਰਗਿਆਂ ਨੇ ਦੌੜ ਦੀ ਸਿਖਲਾਈ ਉਦੋਂ ਸ਼ੁਰੂ ਕੀਤੀ ਸੀ, ਜਦੋਂ ਉਨ੍ਹਾਂ ਦੇ ਹਮਉਮਰ ਵਿਦੇਸ਼ੀ ਖਿਡਾਰੀ ਓਲੰਪਿਕ ਮੈਡਲ ਜਿੱਤਣ ਲੱਗ ਪਏ ਸਨ। ਦੁੱਖ ਦੀ ਗੱਲ ਤਾਂ ਇਹ ਹੈ ਕਿ ਅੱਜ ਇਨ੍ਹਾਂ ਕਾਰਨਾਂ ਦਾ ਪਤਾ ਹੋਣ ਦੇ ਬਾਵਜੂਦ ਅਸੀਂ ਕਿਸੇ ਠੋਸ ਨੀਤੀ ਦਾ ਨਿਰਮਾਣ ਨਹੀਂ ਕਰ ਸਕੇ, ਜਿਸ ਤਹਿਤ ਖਿਡਾਰੀਆਂ ਨੂੰ ਛੋਟੀ ਉਮਰ ਤੋਂ ਹੀ ਸੰਭਾਲ ਕੇ ਤਰਾਸ਼ਿਆ ਜਾ ਸਕੇ। ਖੇਡਾਂ ਅਤੇ ਵਿੱਦਿਆ ਭਾਰਤ ਵਿਚ ਦੋ ਅਜਿਹੇ ਖੇਤਰ ਹਨ, ਜਿਨ੍ਹਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਬਿਨਾ ਅਧਿਐਨ ਕੀਤੇ ਆਧਾਰਹੀਣ ਯੋਜਨਾਵਾਂ ਇਨ੍ਹਾਂ ਦੋਹਾਂ ਖੇਤਰਾਂ ‘ਤੇ ਲਾਗੂ ਕੀਤੇ ਜਾਣ ਕਰਕੇ ਦੋਹਾਂ ਖੇਤਰਾਂ ਦਾ ਭੱਠਾ ਬੈਠ ਗਿਆ।
ਸਰਕਾਰਾਂ ਬਦਲਣ ਸਮੇਂ ਕਿਸੇ ਨਵੀਂ ਖੇਡ ਨੀਤੀ ਦਾ ਐਲਾਨ ਢੋਲ ਢਮੱਕਿਆਂ ਨਾਲ ਕੀਤਾ ਜਾਂਦਾ ਹੈ, ਪਰ ਪੁਰਾਣੇ ਪ੍ਰਚਾਰ ਬੋਰਡ ਬਦਲਣ ਤੋਂ ਬਿਨਾ ‘ਜੈਸੇ ਥੇ’ ਵਾਲੀ ਸਥਿਤੀ ਬਰਕਰਾਰ ਰਹਿੰਦੀ ਹੈ। ਖੇਡ ਮੈਦਾਨਾਂ ਵਿਚ ਲੱਕ-ਲੱਕ ਉਗਿਆ ਘਾਹ ਭਾਰਤੀ ਖੇਡ ਪ੍ਰਤਿਭਾ ਨੂੰ ਡੀਕ ਲਾ ਕੇ ਪੀਂਦਾ ਰਹਿੰਦਾ ਹੈ। ਅਜੇ ਵੀ ਜੇ ਸਾਡੀਆਂ ਸਰਕਾਰਾਂ ਇਸ ਪਾਸੇ ਕੁਝ ਕਰਨ ਲਈ ਸੁਹਿਰਦ ਹਨ ਤਾਂ ਸਕੂਲ ਪੱਧਰ ਤੋਂ ਖਿਡਾਰੀਆਂ ਨੂੰ ਉਤਸ਼ਾਹ ਦੇਣ ਦੀ ਪ੍ਰਕ੍ਰਿਆ ਅਰੰਭ ਕਰਨੀ ਚਾਹੀਦੀ ਹੈ। ਇਕ ਚੰਗਾ ਕੋਚ ਸਕੂਲ ਵਿਚ ਉਪਲੱਬਧ ਹੋਵੇ ਤੇ ਕੋਚ ਦੀ ਤਰੱਕੀ, ਉਹਦੇ ਅਧੀਨ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਮੁੱਖ ਰੱਖ ਕੇ ਕੀਤੀ ਜਾਵੇ। ਵਧੀਆ ਨਤੀਜੇ ਦੇਣ ਵਾਲੇ ਕੋਚਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ। ਸਭ ਤੋਂ ਜ਼ਰੂਰੀ ਹੈ ਕਿ ਖੁਰਾਕ ਦੀ ਘਾਟ ਦੂਰ ਕਰਨ ਲਈ ਖਿਡਾਰੀਆਂ ਦੇ ਵਜ਼ੀਫਿਆਂ `ਚ ਵਾਧਾ ਕੀਤਾ ਜਾਵੇ ਅਤੇ ਸਪੋਰਟਸ ਸਕੂਲਾਂ ਦੀ ਦਾਖਲਾ ਪ੍ਰਕ੍ਰਿਆ `ਚ ਸਰਲੀਕਰਣ ਲਿਆਂਦਾ ਜਾਵੇ। ਜਦੋਂ ਖਿਡਾਰੀਆਂ ਦੀ ਆਪਣੇ ਕੋਚ ਤੇ ਖੁਰਾਕ ਸਬੰਧੀ ਚਿੰਤਾ ਖਤਮ ਹੋਵੇਗੀ ਤਾਂ ਉਨ੍ਹਾਂ ਦੇ ਦਿਮਾਗ `ਚ ਆਪਣਾ ਖੇਡ ਪ੍ਰਦਰਸ਼ਨ ਸੁਧਾਰਨ ਦਾ ਨਿਸ਼ਾਨਾ ਹੀ ਬਾਕੀ ਰਹਿ ਜਾਵੇਗਾ। ਐਸੀ ਸਥਿਤੀ ਵਿਚ ਉਨ੍ਹਾਂ ਦਾ ਤਰੱਕੀ ਕਰਨਾ ਸ਼ਰਤੀਆ ਹੈ। ਖੇਡ ਮੈਦਾਨਾਂ ਦੀ ਉਚਿਤ ਸਾਂਭ-ਸੰਭਾਲ ਤੇ ਖੇਡ ਸਮਾਨ ਦੀ ਉਪਲਬਧੀ ਵੀ ਸਰਕਾਰਾਂ ਨੂੰ ਆਪਣੇ ਮੁਢਲੇ ਫਰਜ਼ਾਂ `ਚ ਸ਼ਾਮਿਲ ਕਰਨੀ ਚਾਹੀਦੀ ਹੈ।
ਸਕੂਲ ਪੱਧਰ ਤੋਂ ਅਗਾਂਹ ਖਿਡਾਰੀਆਂ ਦੀ ਬਾਂਹ ਫੜਨੀ ਵੀ ਸਰਕਾਰਾਂ ਦਾ ਜ਼ਿੰਮਾ ਹੈ। ਅਕਸਰ ਵੇਖਣ ‘ਚ ਆਉਂਦਾ ਹੈ ਕਿ ਸਕੂਲੀ ਪੱਧਰ ‘ਤੇ ਵੱਡੀਆਂ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਅੱਗੇ ਕੋਈ ਰਾਹਦਸੇਰਾ ਨਾ ਮਿਲਣ ਕਰਕੇ ਦਿਸ਼ਾਹੀਣ ਹੋ ਖੇਡਾਂ ਵੱਲੋਂ ਮੂੰਹ ਮੋੜਨਾ ਪੈਂਦਾ ਹੈ। ਸਕੂਲ ਪੱਧਰ ਤੋਂ ਅੱਗੇ ਇਹ ਨਿਸ਼ਚਿਤ ਬਣਾਇਆ ਜਾਵੇ ਕਿ ਕਿਸੇ ਤਰ੍ਹਾਂ ਦਾ ਆਰਥਕ ਭਾਰ ਖਿਡਾਰੀਆਂ ਦੇ ਮੋਢਿਆਂ ‘ਤੇ ਨਹੀਂ ਪਵੇਗਾ। ਨੌਕਰੀ ਦੀ ਚਿੰਤਾ ਖਿਡਾਰੀਆਂ ਦੀ ਥਾਂ ਸਰਕਾਰ ਕਰੇਗੀ। ਖਿਡਾਰੀ ਦੂਰ-ਦਰਾਜ ਦੇ ਖੇਡ ਮੁਕਾਬਲਿਆਂ ‘ਚ ਕਿਰਾਏ ਦੇ ਦੁੱਖੋਂ ਖੇਡਣ ਜਾਣ ਤੋਂ ਰਹਿ ਨਾ ਜਾਵੇ, ਸੱਟ-ਫੇਟ ਦੀ ਹਾਲਤ ਵਿਚ ਅਪਾਹਜ ਨਾ ਹੋ ਜਾਵੇ, ਅਜਿਹੀਆਂ ਚਿੰਤਾਵਾਂ ਤੋਂ ਮੁਕਤ ਕਰ ਕੇ ਹੀ ਅਸੀਂ ਆਪਣੇ ਖਿਡਾਰੀਆਂ ਨੂੰ ਵਿਸ਼ਵ ਪੱਧਰ ਉਤੇ ਵਧੀਆ ਨਤੀਜੇ ਲਿਆਉਂਦੇ ਵੇਖ ਸਕਦੇ ਹਾਂ। ਅਵਾਮ ਦੀ ਜਿ਼ੰਮੇਵਾਰੀ ਬਣਦੀ ਹੈ ਕਿ ਖੇਡ ਖੇਤਰ ਦੀ ਅਣਦੇਖੀ ਕਰ ਰਹੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦਾ ਅਹਿਸਾਸ ਕਰਵਾਈਏ। ਸਰਕਾਰਾਂ ਵੱਲੋਂ ਖੇਡਾਂ ਵਾਸਤੇ ਵਿਸ਼ਵ ਸੰਗਠਨਾਂ ਤੋਂ ਲਏ ਜਾਂਦੇ ਕਰਜ਼ੇ ਦਾ ਭਾਰ ਅੰਤ ਲੋਕਾਂ ਉਤੇ ਹੀ ਪੈਂਦਾ ਹੈ। ਇਨ੍ਹਾਂ ਕਰਜ਼ਿਆਂ ਦੀ ਵਾਪਸੀ ਸਾਡੀਆਂ ਜੇਬਾਂ ਵਿਚੋਂ ਹੀ ਹੁੰਦੀ ਹੈ। ਫਿਰ ਕਿਉਂ ਨਾ ਅਸੀਂ ਖੇਡ ਖੇਤਰ ਲਈ ਰਾਖਵੇਂ ਰੱਖੇ ਧਨ ਦਾ ਪੂਰਾ-ਪੂਰਾ ਹਿਸਾਬ ਲਈਏ? ੳਾਪੋ-ਆਪਣੇ ਹਲਕੇ ਤੇ ਨੇਤਾਵਾਂ ਨੂੰ ਇਸ ਗੱਲ ਲਈ ਮਜ਼ਬੂਰ ਕਰੀਏ ਕਿ ਉਹ ਖਿਡਾਰੀਆਂ ਨੂੰ ਹੇਠਲੀ ਪੱਧਰ `ਤੇ ਉਤਸ਼ਾਹ ਦੇਣ ਦੇ ਉਪਰਾਲੇ ਕਰਨ ਬਿਨਾ ਵੋਟਾਂ ਮੰਗਣ ਨਾ ਆਉਣ।
ਜੇ ਭਾਰਤ ਦੇ ਲੋਕ ਹੇਠਲੀ ਪੱਧਰ ‘ਤੇ ਖਿਡਾਰੀਆਂ ਨੂੰ ਉਤਸ਼ਾਹ ਦਿਵਾਉਣ ‘ਚ ਕਾਮਯਾਬ ਹੋ ਜਾਂਦੇ ਹਨ ਤਾਂ ਇਸ ਦਾ ਸਿੱਧਾ ਅਰਥ ਇਹ ਹੋਵੇਗਾ ਕਿ ਉਹ ਇਕ ਮਜ਼ਬੂਤ ਦੇਸ਼, ਮਜ਼ਬੂਤ ਸਮਾਜਕ ਤਾਣੇ-ਬਾਣੇ ਦਾ ਨਿਰਮਾਣ ਕਰ ਰਹੇ ਹੋਣਗੇ। ਖਿਡਾਰੀਆਂ ਦੀ ਪਨੀਰੀ ਪੱਧਰ ‘ਤੇ ਇਕ ਤਕੜੀ ਫੌਜ ਤਿਆਰ ਹੋਣ ਨਾਲ ਅਜਿਹਾ ਮਾਹੌਲ ਉਸਰੇਗਾ, ਜਿਸ ਵਿਚ ਸਰੀਰਕ ਫਿੱਟਨੈੱਸ ਨੂੰ ਮੁੱਖ ਰੱਖ ਕੇ ਆਮ ਜਨਤਾ ਵੀ ਇਸ ਪੱਖ ਵੱਲ ਗੰਭੀਰਤਾ ਨਾਲ ਰੁਚਿਤ ਹੋਵੇਗੀ। ਫਿਰ ਸਰੀਰਕ ਤੌਰ ‘ਤੇ ਤਾਕਤਵਰ ਲੋਕਾਂ ਦਾ ਦੇਸ਼ ਹਰ ਖੇਤਰ ‘ਚ ਬੁਲੰਦੀਆਂ ਹਾਸਲ ਕਰਨ ਵੱਲ ਵਧਣਾ ਅਰੰਭ ਕਰ ਦੇਵੇਗਾ। ਸਿਆਣੇ ਸੱਚ ਕਹਿੰਦੇ ਹਨ ਕਿ ਖੇਡਾਂ ਵਿਚ ਫਿੱਟ ਲੋਕ ਸਭਨਾਂ ਕੰਮਾਂ ਲਈ ਫਿੱਟ ਹੁੰਦੇ ਹਨ। ਜਿਹੜਾ ਦੇਸ਼ ਖੇਡਾਂ ਵਿਚ ਜਿੱਤਦਾ ਹੈ, ਉਹ ਫਿਰ ਕਿਸੇ ਵੀ ਖੇਤਰ ਵਿਚ ਨਹੀਂ ਹਾਰਦਾ।