ਕਬੱਡੀ ਖਿਡਾਰੀ ਕਾਲੇ ਸੰਘਿਆਂ ਵਾਲਾ ਮੋਹਣਾ

ਇਕਬਾਲ ਸਿੰਘ ਜੱਬੋਵਾਲੀਆ
ਕਾਲੇ ਸੰਘਿਆਂ ਦਾ ਜਿ਼ਕਰ ਆਉਂਦੇ ਹੀ ਇਸ ਪਿੰਡ ਕਈ ਮਹਾਨ ਕਬੱਡੀ ਖਿਡਾਰੀ ਦਿਲ ਦਿਮਾਗ `ਤੇ ਛਾ ਜਾਂਦੇ ਨੇ, ਜਿਨ੍ਹਾਂ `ਚੋਂ ਇਕ ਖਿਡਾਰੀ ਹੈ ਮੋਹਣ ਸਿੰਘ ਮੋਹਣਾ, ਜੋ ਕਬੱਡੀ ਜਗਤ ਵਿਚ ਮੋਹਣੇ ਸੰਘੇ ਨਾਲ ਮਸ਼ਹੂਰ ਹੋਇਐ, ਜਿਸ ਨੇ ਵਧੀਆ ਕਬੱਡੀ ਖੇਡੀ ਤੇ ਉਹਦੀ ਖੇਡ ਨੂੰ ਲੋਕ ਅੱਜ ਵੀ ਯਾਦ ਕਰਦੇ ਨੇ।

ਇੰਗਲੈਂਡ ਜਾਣ ਤੋਂ ਪਹਿਲਾਂ ਮੋਹਣੇ ਨੇ ਸਕੂਲਾਂ, ਕਾਲਜਾਂ ਤੋਂ ਹੁੰਦੇ ਹੋਏ ਇਲਾਕੇ ਦੇ ਵੱਖ ਵੱਖ ਹਿੱਸਿਆਂ `ਚ ਕਬੱਡੀ ਖੇਡੀ ਅਤੇ ਪਹਿਲਵਾਨੀ ਕਰਕੇ ਪਿੰਡ ਅਤੇ ਮਾਤਾ-ਪਿਤਾ ਦਾ ਨਾਂ ਉਚਾ ਕੀਤਾ। ਚੱਕ ਕਲਾਂ, ਨਕੋਦਰ, ਵੱਡਾ ਰੁੜਕਾ, ਛੋਟਾ ਰੁੜਕਾ, ਟਿੱਬੇ (ਰੱਤੂ ਟਿੱਬੇ ਦਾ ਪਿੰਡ), ਸਿੱਧਵਾਂ, ਰਾਏਪੁਰ ਬੱਲਾਂ, ਅਤੇ ਕਈ ਹੋਰ ਕਲੱਬਾਂ ਨਾਲ ਮੈਚ ਖੇਡੇ। ਪਿੰਡ ਦੀ ਟੀਮ `ਚ ਰੋਡਾ, ਗੀਤਾ, ਮੱਖਣ, ਇਕਬਾਲ, ਟੋਨੀ ਜਾਫੀ ਹੁੰਦੇ ਸਨ, ਜਦੋਂ ਕਿ ਰੇਡਰਾਂ `ਚ ਮੋਹਣਾ, ਪੱਪੂ, ਕੀਕਾ ਤੇ ਪੱਪੂ ਪੰਛੀ ਸਨ।
ਉਨ੍ਹਾਂ ਆਈ. ਟੀ. ਆਈ. ਤਲਵਾੜਾ ਵਲੋਂ ਖੇਡਦਿਆਂ ਆਈ. ਟੀ. ਆਈ. ਪੰਜਾਬ ਦੀਆਂ ਸਾਰੀਆਂ ਟੀਮਾਂ ਹਰਾਈਆਂ। ਆਈ. ਟੀ. ਆਈ. ਦੇ ਖਿਡਾਰੀਆਂ `ਚ ਖੁਦ ਮੋਹਣਾ, ਸਰੂਪਾ, ਸੇਮਾਂ ਲਾਂਬੜਾ, ਕੀਪਾ ਗਾਜ਼ੀਪੁਰ ਰੇਡਰ ਅਤੇ ਗੁਰਦੀਪ ਗੀਤਾ, ਸੋਖਾ ਨਿੱਝਰ ਤੇ ਤੋਖਾ ਰਹੀਮਪੁਰ ਜਾਫੀ ਸ਼ਾਮਲ ਸਨ। ਪਿੰਡਾਂ ਦੇ ਮੈਚ ਨਕੋਦਰ, ਸਿਕਰੀ, ਢੱਡਾ, ਕੁੱਕੜ ਪਿੰਡ, ਮਿੱਠਾਪੁਰ ਅਤੇ ਹੋਰ ਨਾਮਵਰ ਟੀਮਾਂ ਨਾਲ ਖੇਡੇ।
ਆਈ. ਟੀ. ਆਈ. ਤਲਵਾੜਾ ਵਲੋਂ ਲੁਧਿਆਣੇ ਮੈਚਾਂ `ਚ ਖੇਡਣ ਗਏ। ਲੁਧਿਆਣਾ ਦੀ ਟੀਮ ਦੇ ਵੀ ਤਕੜੇ ਖਿਡਾਰੀ ਸਨ। ਜ਼ਬਰਦਸਤ ਟੱਕਰਾਂ ਹੋਈਆਂ। ਸ. ਸਰਦੂਲ ਸਿੰਘ ਰੰਧਾਵਾ ਕੋਚ ਉਹਦੀ ਖੇਡ ਦਾ ਬੜਾ ਕਦਰਦਾਨੀ ਤੇ ਹਮੇਸ਼ਾ ਥਾਪੜਾ ਦੇਣ ਵਾਲਾ ਇਨਸਾਨ ਸੀ।
ਰਾਏਪੁਰ ਬੱਲਾਂ ਇਕ ਵਾਰ ਮੈਚ ਖੇਡਣ ਗਏ। ਜਿੱਤ ਦੀ ਆਸ ਨਾਲ ਰਾਏਪੁਰ ਬੱਲਾਂ ਵਾਲਿਆਂ ਆਪਣੇ ਪਿੰਡ ਦੀ ਟੀਮ ਨੂੰ ਵਾਜੇ-ਗਾਜੇ ਨਾਲ ਗਰਾਊਂਡ ਵਿਚ ਉਤਾਰਿਆ। ਮੈਚ ਵੇਖਣ ਲਈ ਦੂਰੋਂ ਦੂਰੋਂ ਲੋਕ ਢੁੱਕੇ ਹੋਏ ਸਨ। ਅੱਡੀਆਂ ਚੁੱਕ ਚੁੱਕ ਦਰਸ਼ਕ ਮੈਚ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਸੂਰਜ ਦੇਵਤਾ ਵੀ ਢਲਣ ਕਿਨਾਰੇ ਜਾ ਰਿਹਾ ਸੀ। ਵਿਰੋਧੀ ਟੀਮ `ਚ ਨੇਕੀ ਸਿੱਧਵਾਂ, ਜੋਗਾ ਚਮਿਆਰਾ, ਬੱਲੂ ਭਾਣੋਂਕੀ ਤੇ ਤੋਖਾ ਰਹੀਮਪੁਰ ਮੰਨੇ ਜਾਫੀ ਸਨ। ਮੋਹਣੇ ਨੇ ਲਗਾਤਾਰ ਸੱਤ ਰੇਡਾਂ ਪਾਈਆਂ ਤੇ ਸੱਤਾਂ ਰੇਡਾਂ `ਚੋਂ ਸਿਰਫ ਇਕ ਵਾਰ ਤਕੜੇ ਜਾਫੀ ਨੇਕੀ ਕੋਲੋਂ ਰੁਕਿਆ। ਮੋਹਣੇ ਵੱਲ ਗੁਰਦੀਪ ਗੀਤਾ ਤੇ ਸੋਖੇ ਨਿੱਝਰ ਵਰਗੇ ਤਕੜੇ ਖਿਡਾਰੀ ਸਨ।
ਖੁਸ਼ ਹੋ ਕੇ ਰਾਏਪੁਰ ਬੱਲਾਂ ਦੀ ਪ੍ਰਬੰਧਕ ਕਮੇਟੀ ਨੇ ਮੋਹਣਾ, ਗੀਤਾ ਤੇ ਸਰੂਪੇ-ਤਿੰਨਾਂ ਖਿਡਾਰੀਆਂ ਨੂੰ ਢਾਈ-ਢਾਈ ਤੋਲੇ ਦੇ ਸੋਨੇ ਦੇ ਮੈਡਲ, ਨਕਦ ਮਾਇਆ ਤੇ ਟਰਾਫੀ ਭੇਟ ਕੀਤੀ। ਪੈਸੇ ਤੇ ਟਰਾਫੀ ਨਾਲ ਬੜੀ ਖੁਸ਼ੀ ਹੋਈ ਤੇ ਮੈਡਲਾਂ ਨਾਲ ਖੁਸ਼ੀ ਦੁਗਣੀ-ਚੌਗੁਣੀ ਹੋ ਗਈ। ਉਹ ਮੁੜ ਮੁੜ ਮੈਡਲਾਂ ਨੂੰ ਚੁੰਮੀ ਤੇ ਵੇਖੀ ਜਾਣ। ਉਸ ਪਿੰਡ ਦੇ ਵਿਦੇਸ਼ ਰਹਿੰਦੇ ਸ. ਜੋਗਿੰਦਰ ਸਿੰਘ ਨੇ ਇਹ ਸਾਰਾ ਮਾਣ-ਤਾਣ ਕੀਤਾ ਸੀ। ਸੋਨੇ ਦੇ ਮੈਡਲ ਤੇ ਮਾਇਆ ਰੱਖ ਲਈ ਤੇ ਟਰਾਫੀ ਬਾਬਾ ਕਾਹਨ ਦਾਸ ਮਹਾਂ-ਪੁਰਸ਼ਾਂ ਦੇ ਡੇਰੇ `ਤੇ ਪਹਿਲਾਂ ਹੀ ਸੁਖਣਾ ਸੁਖੀ ਹੋਈ ਕਰਕੇ ਚੜ੍ਹਾ ਦਿੱਤੀ।
1983 `ਚ ਰਾਮਪੁਰਾ ਫੂਲ ਚੈਂਪੀਅਨਸ਼ਿਪ ਦੇ ਸੈਮੀ-ਫਾਈਨਲ ਮੁਕਾਬਲੇ `ਚ ਲੁਧਿਆਣੇ ਦਾ ਪਹਿਲਾ, ਜਦੋਂ ਕਿ ਮੋਹਣੇ ਹੁਰੀਂ ਦੂਜੇ ਸਥਾਨ `ਤੇ ਰਹੇ। ਖਿਡਾਰੀਆਂ `ਚ ਮੋਹਣਾ, ਜਰਨੈਲ ਜੈਲਾ ਤੇ ਅਖਤਰ ਧਾਵੀ ਸਨ ਤੇ ਜਾਫੀਆਂ `ਚ ਕੀਪਾ, ਰੋਡਾ ਤੇ ਰਸ਼ੀਦ ਸਨ। ਇਕ ਵਾਰ ਸ. ਜਸਵੰਤ ਸਿੰਘ ਕੰਵਲ ਦੇ ਪਿੰਡ ਢੁਡੀਕੇ ਮੈਚ ਖੇਡਣ ਦਾ ਮੌਕਾ ਮਿਲਿਆ। ਕਬੱਡੀ `ਚ ਵੱਡੇ ਇਨਾਮਾਂ ਵਾਲੇ ਪਿੰਡ ਔਜਲੇ ਖੇਡਣ ਗਏ। ਔਜਲਿਆਂ ਦੀ ਤਕੜੀ ਟੀਮ ਨੂੰ ਬੜੇ ਜੋਰ ਨਾਲ ਜਿੱਤਿਆ ਤੇ ਵੱਡੇ ਇਨਾਮਾਂ ਨਾਲ ਮਾਣ ਖੱਟਿਆ।
1991 `ਚ ਉਹ ਆਪਣੇ ਨਾਨਕੇ ਪਿੰਡ ਦੁਸਾਂਝ ਕਲਾਂ ਖੇਡਣ ਗਿਆ। ਬੜੀ ਰੂਹ ਨਾਲ ਨਾਨਕੀਂ ਕਬੱਡੀ ਖੇਡੀ। ਦੋਹਤੇ, ਭਾਣਜੇ ਨੇ ਨਾਨਕਿਆਂ ਦੇ ਪਿੰਡ ਦੁਸਾਂਝ ਕਲਾਂ ਦੀ ਬੱਲੇ ਬੱਲੇ ਕਰਾਈ। ਇਨਾਮਾਂ ਦੀ ਵੰਡ ਕਰਨ ਆਏ ਪੱਦੀ ਜਗੀਰ ਵਾਲੇ ਪਹਿਲਵਾਨ ਅਤੇ ਪੁਲਿਸ ਅਫਸਰ ਸ. ਸੁਖਵੰਤ ਸਿੰਘ ਨੇ ਘੁੱਟ ਕੇ ਜੱਫੀ ਪਾਈ।
ਕਾਲੇ ਸੰਘਿਆਂ ਦੇ ਜੀਤਾ ਮੌੜ, ਜਵਾਹਰਾ, ਤੋਚੀ ਕੈਨੇਡਾ ਵੀ ਨਾਮਵਰ ਕਬੱਡੀ ਖਿਡਾਰੀ ਰਹਿ ਚੁਕੇ ਹਨ। ਉਸੇ ਪਿੰਡ ਦਾ 82-83 ਸਾਲਾਂ ਦਾ ਕੈਨੇਡਾ ਰਹਿੰਦਾ ਭਜਨ ਸਿੰਘ ਆਪਣੇ ਸਮੇਂ ਦਾ ਤਕੜਾ ਕਬੱਡੀ ਖਿਡਾਰੀ ਰਿਹੈ, ਜਦੋਂ ਕਿ ਉਹਦਾ ਭਰਾ ਕ੍ਰਿਪਾਲ ਸਿੰਘ ਪਾਲਾ ਪਹਿਲਵਾਨ ਰਹਿ ਚੁਕੈ। ਮਹਿੰਦਰ ਮੌੜ ਹੁਰੀਂ ਪੰਜੇ ਭਰਾ ਘੁੱਲਦੇ ਸਨ।
ਕਬੱਡੀ ਦੇ ਨਾਲ ਨਾਲ ਮੋਹਣੇ ਨੇ ਪਹਿਲਵਾਨੀ ਵੀ ਕੀਤੀ। ਕਾਲੇ-ਸੰਘਿਆਂ ਛਿੰਝ `ਚ ਰਾਣੇ ਮੱਖੂ ਨਾਲ ਛੋਟੀ ਕੁਸ਼ਤੀ ਲੜੀ ਸੀ, ਜਦੋਂ ਕਿ ਵੱਡੀ ਕੁਸ਼ਤੀ `ਚ ਪਹਿਲਵਾਨ ਬਲਵੀਰ ਸਿੰਘ ਸ਼ੀਰੀ ਸੱਘਵਾਲ ਆਇਆ ਹੋਇਆ ਸੀ। ਇਕ ਵਾਰ ਸਪੋਰਟਸ ਵਿੰਗ ਕਪੂਰਥਲਾ ਵਲੋਂ ਘੁਲਦਿਆਂ ਸ਼ੰਕਰ ਛਿੰਝ `ਚ ਘੁੱਲਣ ਦਾ ਮੌਕਾ ਮਿਲਿਆ। ਘੁਲਦਿਆਂ ਘੁਲਦਿਆਂ ਉਹਦੇ ਕੋਲੋਂ ਐਸਾ ਦਾਅ ਵੱਜਾ ਕਿ ਵਿਰੋਧੀ ਪਹਿਲਵਾਨ ਦੇ ਧੌਣ `ਚ ਕਸੂਤੀ ਸੱਟ ਵੱਜ ਗਈ ਸੀ। ਪਰਮਾਤਮਾ ਨੇ ਬਚਾ ਕਰ`ਤਾ, ਨਹੀਂ ਤਾਂ ਵਿਰੋਧੀ ਪਹਿਲਵਾਨ ਦੇ ਲੱਗੀ ਸੱਟ ਦਾ ਮੋਹਣੇ ਨੂੰ ਸਾਰੀ ਉਮਰ ਪਛਤਾਵਾ ਰਹਿਣਾ ਸੀ। ਗੁਰਦਾਵਰ ਪਹਿਲਵਾਨ ਵੀ ਉਸ ਵੇਲੇ ਉਥੇ ਸੀ। ਇਹ ਵਾਰਤਾ ਸੰਨ 1979-80 ਦੀ ਹੈ।
ਸਪੋਰਟਸ ਵਿੰਗ ਵਿਚ ਕਬੱਡੀ ਖੇਡਦਿਆਂ ਉਹਦੇ ਨਾਲ ਲਹਿੰਬਰ ਲੰਬੜ ਕੈਲੀਫੋਰਨੀਆ ਤੇ ਪੰਡੋਰੀ ਫੱਗੂਵਾਲ ਵਾਲਾ ਅਵਤਾਰ ਸਿੰਘ ਪੱਪੂ ਨਾਲ ਖਿਡਾਰੀ ਹੁੰਦੇ ਸਨ। ਅਵਤਾਰ ਪੱਪੂ ਕਬੱਡੀ ਦਾ ਤਕੜਾ ਖਿਡਾਰੀ ਸੀ ਤੇ ਪੁਲਿਸ ਵਿਭਾਗ ਵਿਚੋਂ ਡੀ. ਐਸ. ਪੀ. ਰਿਟਾਇਰ ਹੋਇਐ।
1984 `ਚ ਮੋਹਣਾ ਤੇ ਕਿਸ਼ਨ ਮਹਿੰਦਰ ਮੌੜ ਦੇ ਸੱਦੇ `ਤੇ ਇੰਗਲੈਂਡ ਖੇਡਣ ਗਏ। ਇੰਗਲੈਂਡ ਜਾ ਕੇ ਨਾਮਵਰ ਖਿਡਾਰੀਆਂ ਨਾਲ ਮੈਚ ਲਾਏ। ਮੈਚ ਵੀ ਖੇਡਦਾ ਰਿਹਾ ਤੇ ਘਰ ਦੇ ਖਰਚੇ ਚਲਾਉਣ ਲਈ ਮਹਿੰਦਰ ਮੌੜ ਵਲੋਂ ਚਲਾਈ ਜਾਂਦੀ ‘ਮੌੜ ਡੇਅਰੀ’ ਉਤੇ ਉਹ ਤੇ ਲੁਧਿਆਣੇ ਵਾਲਾ ਮੇਜ਼ੀ ਲੋਕਾਂ ਦੇ ਘਰਾਂ `ਚ ਦੁੱਧ ਪਾਉਣ ਜਾਂਦੇ ਰਹੇ। 1986 `ਚ ਮੋਹਣੇ ਦਾ ਛੋਟਾ ਭਰਾ ਮੇਜਰ ਵੀ ਮੌੜ ਨੇ ਕਬੱਡੀ ਖੇਡਣ ਇੰਗਲੈਂਡ ਸੱਦ ਲਿਆ ਸੀ।
1986 ਤੇ 87 `ਚ ਪਾਕਿਸਤਾਨ ਦੀ ਟੀਮ ਇੰਗਲੈਂਡ ਖੇਡਣ ਗਈ। ਧਾਵੀਆਂ `ਚ ਮੋਹਣਾ, ਮੇਜ਼ੀ ਲੁਧਿਆਣਾ ਤੇ ਭੱਜੀ ਸਨ ਅਤੇ ਜਾਫੀਆਂ `ਚ ਜਸਵੀਰ ਘੁੱਗੀ, ਸ਼ਿੰਦਾ ਅਮਲੀ, ਚੁੰਨੀ ਪੱਤੜ ਤੇ ਦੇਬੂ ਗੁਰਦਾਸਪੁਰ ਸਨ। 1987 `ਚ ਕਾਮਰੇਡਾਂ ਵਲੋਂ ਕਰਵਾਏ ਜਾਂਦੇ ਟੋਰਾਂਟੋ ਮੈਚ ਖੇਡਣ ਗਏ। ਰੋਡਾ ਪਹਿਲਵਾਨ ਵੀ ਨਾਲ ਸੀ। ਇਸੇ ਤਰ੍ਹਾਂ ਹੀ ਵੈਨਕੂਵਰ ਜਾ ਕੇ ਵੀ ਕਬੱਡੀ ਕੱਪ ਖੇਡਿਆ।
1989 `ਚ ਇੰਗਲੈਂਡ ਵਲੋਂ ਅਮਰੀਕਾ ਖੇਡਣ ਗਏ। 1990 `ਚ ਇੰਗਲੈਂਡ ਦੀ ਟੀਮ ਨਾਲ ਪੰਜਾਬ ਖੇਡਣ ਗਿਆ। ਉਸੇ ਸਾਲ ਜਿਲਿਆਂ ਦੇ ਮੈਚ ਖੇਡੇ। ਸ. ਸਰਦੂਲ ਸਿੰਘ ਰੰਧਾਵਾ ਕੋਚ ਨੇ ਮਾਈਕ `ਤੇ ਉਹਦੀ ਬੜੀ ਬੱਲੇ ਬੱਲੇ ਕਰਾਈ, “ਔਹ ਜਾਂਦੈ ਹੱਥ ਲਾ ਕੇ ਭੱਜਿਆ…ਮੇਰਾ ਸ਼ਾਗਿਰਦ…ਮੇਰਾ ਪੱਠਾ। ਮਾਣ ਹੈ ਮੋਹਣੇ `ਤੇ…ਸ਼ਾਬਾਸ਼ ਜੁਆਨਾਂ…ਖਿੱਚੀ ਰੱਖ।”
ਪੁਰਾਣੇ ਖਿਡਾਰੀਆਂ ਦੀ ਵੀ ਉਹ ਬੜੀ ਕਦਰ ਕਰਦੈ, ਜਿਨ੍ਹਾਂ `ਚ ਬੋਲਾ ਪੱਤੜ, ਜਸਵੀਰ ਘੁੱਗੀ (ਮੌੜ ਦਾ ਭਤੀਜਾ), ਪ੍ਰੀਤਾ ਨਡਾਲਾ, ਜੀਤੀ ਖੈਰਾ, ਮਹਿੰਦਰ ਢੁੱਡੀਆਂ ਵਾਲਾ, ਵੀਰ੍ਹਾ ਚਮਿਆਰਾ, ਬਲਕਾਰ ਸਿੰਘ ਬਲਕਾਰਾ, ਭੱਜੀ ਖੀਰਾਂ ਵਾਲੀ, ਬੰਸਾਂ, ਬਿੰਦਰ ਘੱਲ ਕਲਾਂ, ਮੇਜ਼ੀ ਲੁਧਿਆਣਾ, ਦੇਬੂ ਗੁਰਦਾਸਪੁਰ, ਜੱਸਾ, ਸੁਲੱਖਣ ਖੈੜਿਆਂ ਵਾਲਾ, ਸ਼ੀਰਾ ਸ਼ੰਮੀਪੁਰੀਆ, ਸ਼ਿੰਦਰ ਲੈਸਟਰ, ਰਛਪਾਲ ਬਿੱਲਾ, ਧੀਰਾ ਡੱਡਵਿੰਡੀ ਤੇ ਹੋਰ। ਮੋਹਣੇ ਦੇ ਦੱਸਣ ਅਨੁਸਾਰ ਅਜਿਹੇ ਖਿਡਾਰੀਆਂ ਨੂੰ ਵੇਖ ਚਾਅ ਚੜ੍ਹਦਾ ਸੀ। ਉਹ ਬੋਲੇ ਦੀ ਖੇਡ ਅਤੇ ਸਰੀਰ ਤੋਂ ਬੜਾ ਪ੍ਰਭਾਵਿਤ ਸੀ।
ਉਹਦਾ ਆਪਣੇ ਬਾਬੇ ਨਾਲ ਦਿਲੀ ਪਿਆਰ ਹੋਣ ਕਰਕੇ ਹਰ ਗੱਲ ਦਾ ਸ਼ੁਗਲ ਕਰ ਲੈਣਾ। ਬਾਬੇ ਨੇ ਹਮੇਸ਼ਾ ਚੰਗੀ ਖੇਡ, ਨਸ਼ਿਆਂ ਤੋਂ ਬਚਣ ਅਤੇ ਹਮੇਸ਼ਾ ਚੰਗੀਆਂ ਨਸੀਹਤਾਂ ਦੇਣੀਆਂ। ਮੋਹਣ ਸਿੰਘ ਆਪਣੀ ਜਿ਼ੰਦਗੀ `ਚ ਕੋਚ ਸਰਦੂਲ ਸਿੰਘ ਅਤੇ ਮਹਿੰਦਰ ਮੌੜ ਦਾ ਵੱਡਾ ਹੱਥ ਸਮਝਦਾ ਹੈ। ਮੋਹਣਾ ਅਤੇ ਉਹਦਾ ਸਾਰਾ ਪਰਿਵਾਰ ਮਹਿੰਦਰ ਮੌੜ ਦੀ ਬਦੌਲਤ ਯੂ. ਕੇ. ਵਿਚ ਸੈਟਲ ਹੈ। ਆਪਣੇ ਆਪ ਨੂੰ ਉਹ ਬੜਾ ਖੁਸ਼ ਕਿਸਮਤ ਸਮਝਦਾ ਹੈ, ਜਿ਼ੰਦਗੀ ਦਾ ਜਿਸ ਨੂੰ ਬਹੁਤ ਸਮਾਂ ਅੰਕਲ ਮੌੜ ਨਾਲ ਗੁਜ਼ਾਰਨ ਦਾ ਮੌਕਾ ਮਿਲਿਆ।
ਮਹਿੰਦਰ ਮੌੜ ਦੀ ਮੌਤ ਤੋਂ ਬਾਅਦ ਖੇਡ ਪ੍ਰੋਮੋਟਰਾਂ, ਸਹਿਯੋਗੀਆਂ ਅਤੇ ਯਾਰਾਂ-ਬੇਲੀਆਂ ਦੇ ਸਹਿਯੋਗ ਨਾਲ ਮੋਹਣ ਸਿੰਘ ਮੋਹਣੇ ਦੀ ਇਹੀ ਕੋਸ਼ਿਸ਼ ਹੈ ਕਿ ਇੰਗਲੈਂਡ ਦੀਆਂ ਸਾਰੀਆਂ ਕਲੱਬਾਂ ਇਕ ਹੋ ਜਾਣ। ਬੜੇ ਸਾਲਾਂ ਤੋਂ ਮੌੜ ਦਾ ਸਾਥੀ ਤੇ ਕਬੱਡੀ ਪ੍ਰੋਮੋਟਰ ਸ. ਸੁਰਜਨ ਸਿੰਘ ਚੱਠਾ ਦੀ ਸੋਚ ਨੂੰ ਸਲਾਮ ਹੈ, ਜਿਨ੍ਹਾਂ ਦੁਖੀ ਹਿਰਦੇ ਨਾਲ ਕਿਹਾ ਕਿ ਮਹਿੰਦਰ ਮੌੜ ਬਣਨਾ ਬੜਾ ਮੁਸ਼ਕਿਲ ਹੈ, ਪਰ ਕੋਸ਼ਿਸ਼ ਜਾਰੀ ਰਹੇਗੀ ਕਿ ਸਾਰੇ ਇਕੋ ਪਲੈਟਫਾਰਮ `ਤੇ `ਕੱਠੇ ਹੋ ਜਾਣ। ਮਹਿੰਦਰ ਮੌੜ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।
ਪਿਤਾ ਸ. ਸੁੱਚਾ ਸਿੰਘ ਅਤੇ ਮਾਤਾ ਸ੍ਰੀਮਤੀ ਨਛੱਤਰ ਕੌਰ ਦਾ ਖਿਡਾਰੀ ਤੇ ਪਹਿਲਵਾਨ ਪੁੱਤ ਮੋਹਣਾ 1984 `ਚ ਕੋਟਲਾ ਨੇੜੇ ਕੁਲਾਰਾਂ ਦੀ ਮਨਜੀਤ ਕੌਰ ਨਾਲ ਵਿਆਹ ਦੇ ਬੰਧਨ `ਚ ਬੰਨ੍ਹਿਆ ਗਿਐ। ਪਰਮਾਤਮਾ ਨੇ ਦੋ ਬੇਟਿਆਂ ਦੀ ਦਾਤ ਬਖਸ਼ੀ। ਦੋਨੋਂ ਬੇਟੇ ਆਪੋ ਆਪਣੀ ਜਗ੍ਹਾ ਸੈਟ ਨੇ। ਭਰਾ ਮੇਜਰ ਸਿੰਘ ਉਹਦੇ ਕੋਲ ਇੰਗਲੈਂਡ ਰਹਿੰਦਾ ਹੈ। ਇਕਲੌਤੀ ਭੈਣ ਬਲਵਿੰਦਰ ਕੌਰ ਪਰਿਵਾਰ ਸਮੇਤ ਇਟਲੀ ਰਹਿ ਰਹੀ ਹੈ। ਮਾਤਾ ਨਛੱਤਰ ਕੌਰ ਜਿਲਾ ਕਪੂਰਥਲੇ ਦੇ ਚੇਅਰਪਰਸਨ ਰਹਿ ਚੁਕੇ ਨੇ। ਚੰਗੀ ਸੂਝ-ਬੂਝ, ਉਚ ਸਿੱਖਿਆ ਅਤੇ ਜਿ਼ੰਦਗੀ ਦੇ ਹਰ ਪੱਖ ਨੂੰ ਮੱਦੇਨਜ਼ਰ ਰੱਖਦੇ ਸਰਕਾਰ ਵਲੋਂ ਇਹ ਅਹੁਦਾ ਬਖਸ਼ਿਸ਼ ਕੀਤਾ ਗਿਆ ਸੀ। ਉਸ ਵੇਲੇ ਦੇ ਐਮ. ਐਲ. ਏ. ਸ. ਰਘਵੀਰ ਸਿੰਘ ਨਾਲ ਪਰਿਵਾਰਕ ਸਾਂਝ ਹੈ। ਬਰਤਾਨੀਆ ਰਹਿੰਦਾ ਉਹ ਵੀ ਵਧੀਆ ਜਿ਼ੰਦਗੀ ਜੀਅ ਰਿਹੈ। ਖੇਡ ਜਿੰ਼ਦਗੀ ਨੂੰ ਯਾਦ ਕਰਕੇ ਖੁਸ਼ ਰਹਿੰਦੈ, ਪਰ ਮੌੜ ਸਾਹਿਬ ਦੀ ਘਾਟ ਹਮੇਸ਼ਾ ਮਹਿਸੂਸ ਕਰਦੈ। ਸਲਾਮ ਹੈ ਮਹਿੰਦਰ ਮੌੜ ਵਰਗੇ ਇਨਸਾਨਾਂ ਨੂੰ, ਜਿਨ੍ਹਾਂ ਕਬੱਡੀ ਨੂੰ ਉਚਾ ਚੁਕਣ ਲਈ ਕਾਲੇ ਸੰਘਿਆਂ ਦਾ ਨਾਂ ਸਾਰੀ ਦੁਨੀਆਂ `ਚ ਰੌਸ਼ਨ ਕੀਤਾ।
ਜ਼ਬਰਦਸਤ ਟੱਕਰਾਂ ਵੇਖਣ ਲਈ,
ਗਰਾਊਂਡ ਦੁਆਲੇ ਲੋਕ ਬਹਿਣ ਲੱਗਦੇ।
ਬੱਲੇ ਬੱਲੇ ਕਰਾ`ਤੀ ਮੋਹਣ ਸਿੰਹਾਂ,
ਉਚੀ ਉਚੀ ਲੋਕ ਕਹਿਣ ਲੱਗਦੇ।
ਸਲਾਮਤ ਲੇਖਣੀ ‘ਇਕਬਾਲ ਜੱਬੋਵਾਲੀਏ’ ਦੀ,
ਮਹਾਨ ਖਿਡਾਰੀਆਂ ਦੀਆਂ ਕੌਡੀਆਂ
ਕਲਮਾਂ ਨਾਲ ਪਾਉਣ ਲੱਗਦੇ।