ਮੇਰੀ ਕਾਲਮਨਵੀਸੀ ਦਾ ਗੁਰੂ ਖੁਸ਼ਵੰਤ ਸਿੰਘ

ਗੁਲਜ਼ਾਰ ਸਿੰਘ ਸੰਧੂ
ਖੁਸ਼ਵੰਤ ਸਿੰਘ ਕਾਲਮਨਵੀਸੀ ਦਾ ਸ਼ਾਹ ਸਵਾਰ ਹੈ। ਸੱਤ ਸਮੁੰਦਰ ਪਾਰ ਤੱਕ। ਉਸ ਦੇ ਕਾਲਮ ਛੇ ਦਰਜਨ ਪੱਤਰਾਂ ਵਿਚ ਛਪਦੇ ਰਹੇ ਹਨ। ਕੁੱਝ ਪੱਤਰ ਅਜਿਹੇ ਵੀ ਹਨ ਜਿਨ੍ਹਾਂ ਨੂੰ ਉਸ ਦਾ ਲਿਖਿਆ ਉਸ ਦੀ ਰਿਹਾਇਸ਼ ਤੋਂ ਬੰਦਾ ਭੇਜ ਕੇ ਮੰਗਵਾਉਣਾ ਪੈਂਦਾ ਹੈ। ਮੈਨੂੰ ਉਸ ਦੀ ਆਤਸ਼ਬਾਜ਼ੀ ਪਸੰਦ ਹੈ। ਉਹ ਇਸ ਨੂੰ ਮਘਦੀ ਰੱਖਣ ਲਈ ਇਤਿਹਾਸ ਤੇ ਮਿਥਿਹਾਸ ਨੂੰ ਰਲਗੱਡ ਵੀ ਕਰ ਸਕਦਾ ਹੈ। ਉਸ ਦੀ ਸਿਰਜਣਾ ਸ਼ਕਤੀ ਦਾ ਕੋਈ ਜਵਾਬ ਨਹੀਂ। ਇਹ ਖੇਲ ਛੇ ਦਹਾਕੇ ਤੋਂ ਜਾਰੀ ਹੈ। ਹੁਣ ਜਦ ਉਸ ਦੀ ਸਿਹਤ ਨਿਯਮ ਪਾਲਣ ਦੀ ਆਗਿਆ ਨਹੀਂ ਦਿੰਦੀ ਤਾਂ ਕਈ ਸਮਾਚਾਰ ਪੱਤਰ ਕਦੀ ਕਦਾਈਂ ਲਿਖੇ ਕਾਲਮ ਨੂੰ ਆਪਣੇ ਐਤਵਾਰੀ ਅੰਕ ਵਿਚ ਛਾਪ ਕੇ ਉਸ ਦੇ ਪਾਠਕਾਂ ਦੀ ਪਿਆਸ ਬੁਝਾਉਂਦੇ ਹਨ। ਉਹ ਮੇਰਾ ਗੁਰੂ ਹੈ। ਮੈਂ ਉਸ ਨੂੰ ਗੁਰੂ ਧਾਰਨ ਵੇਲੇ ਪਗੜੀ ਜਾਂ ਪਤਾਸਿਆਂ ਦੀ ਦਖਸ਼ਣਾ ਨਹੀਂ ਸੀ ਦਿੱਤੀ। ਚੁਪ ਚੁਪੀਤੇ ਹੀ ਧਾਰ ਲਿਆ ਸੀ। ਪਗੜੀ ਦੀ ਗੱਲ ਹੋਰ ਹੈ। ਉਹ ਵੀ ਕਰਾਂਗੇ।
ਜਦੋਂ ਮੈਂ ਕੁਲ-ਵਕਤੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਤਾਂ ਮੈਂ ਆਪਣਾ ਰੁਝੇਵਾਂ ਬਣਾਈ ਰੱਖਣ ਲਈ ਕਾਲਮਨਵੀਸੀ ਕਰਨ ਦੀ ਸੋਚੀ। ਕੋਈ ਇਕ ਵਿਸ਼ਾ ਮੇਰੀ ਪਕੜ ਵਿਚ ਨਹੀਂ ਸੀ ਆ ਰਿਹਾ। ਮੈਂ ਉਸ ਦੀ ਨਕਲ ਮਾਰੀ। ਪਹਿਲਾ ਪੀਸ ਉਸ ਦੀ ਭੰਗ ਦੇ ਪਕੌੜਿਆਂ ਤੇ ਪੌਦਿਆਂ ਦੀ ਉਤਸੁਕਤਾ ਬਾਰੇ ਲਿਖਿਆ। ਉਹ ਭੰਗ ਦੇ ਨਸ਼ੇ ਤੇ ਪੌਦਿਆ ਦੀ ਬਣਤਰ ਤੋਂ ਅਣਜਾਣ ਸੀ। ਇਹ ਗੱਲ ਉਸ ਨੇ ਮੈਨੂੰ ਕੁਰੂਕਸ਼ੇਤਰ ਇਕ ਸਮਾਗਮ ‘ਤੇ ਜਾਂਦਿਆਂ ਦੱਸੀ ਸੀ। ਮੈਂ ਡਰਾਈਵਰ ਨੂੰ ਕਾਰ ਰੋਕਣ ਲਈ ਕਿਹਾ ਤੇ ਖੇਤਾਂ ਵਿਚ ਪੌਦੇ ਲੱਭਣ ਗਿਆ। ਇੱਕ, ਦੋ, ਤਿੰਨ ਕਿਸੇ ਥਾਂ ਨਾ ਮਿਲੇ। ਮੈਂ ਹਾਰ ਮੰਨ ਲਈ ਤੇ ਵਚਨ ਦਿੱਤਾ ਕਿ ਜਦੋਂ ਕਦੀ ਪੰਜਾਬ ਗਿਆ ਤਾਂ ਉਥੋਂ ਪੌਦਾ ਲੈ ਆਵਾਂਗਾ। ਉਹ ਮੇਰਾ ਮਿੱਤਰ ਹੀ ਨਹੀਂ, ਮੇਰੀ ਭਾਰਤੀ ਨਗਰ ਵਾਲੀ ਰਿਹਾਇਸ਼ ਦੇ ਬਹੁਤ ਨੇੜੇ ਹੋਣ ਕਾਰਨ ਮੇਰਾ ਗਵਾਂਢੀ ਵੀ ਸੀ। ਇੱਕ ਮੀਂਹ ਕਣੀ ਵਾਲੇ ਦਿਨ ਮੈਂ ਸ਼ਾਮ ਗੁਜ਼ਾਰਨ ਉਸ ਦੇ ਘਰ ਨੂੰ ਪੈਦਲ ਜਾ ਰਿਹਾ ਸਾਂ ਤਾਂ ਕੀ ਦੇਖਦਾ ਹਾਂ ਕਿ ਉਸ ਦੇ ਘਰ ਦੇ ਬਾਹਰ ਭੰਗ ਦੇ ਪੌਦਿਆਂ ਦਾ ਅੰਤ ਹੀ ਨਹੀਂ। ਮੈਂ ਇੱਕ ਪੌਦਾ ਪੁਟਿਆ ਤੇ ਗੁਰਦੁਆਰੇ ਦੇ ਨਲਕੇ ਤੋਂ ਉਸ ਦੀਆਂ ਜੜ੍ਹਾਂ ਦੀ ਮਿੱਟੀ ਲਾਹ ਕੇ ਉਸ ਨੂੰ ਜਾ ਫੜਾਇਆ। ਉਹ ਬੜਾ ਹੈਰਾਨ ਕਿ ਜਿਸ ਪੌਦੇ ਦੀ ਭਾਲ ਵਿਚ ਉਸ ਨੂੰ ਆਪਣੀ ਕਾਰ ਕੁਰੂਕਸ਼ੇਤਰ ਦੇ ਖੇਤਾਂ ਵਿਚ ਰੋਕਣੀ ਪਈ ਸੀ ਉਸ ਦੇ ਘਰ ਦੀ ਬੁੱਕਲ ਵਿਚ ਲਹਿਲਹਾ ਰਿਹਾ ਸੀ। ਮੈਂ ਇਸ ਗੱਲ ਨਾਲ ਇਕ-ਦੋ ਗੱਲਾਂ ਹੋਰ ਜੋੜ ਕੇ ਆਪਣੀ ਲਿਖਤ ਨੂੰ ‘ਨਿੱਕ ਸੁੱਕ’ ਦਾ ਨਾਂ ਦਿੱਤਾ ਤੇ ਪੰਜਾਬੀ ਦੀਆਂ ਪ੍ਰਮੁੱਖ ਅਖਬਾਰਾਂ ਨੂੰ ਮਿਤੀ ਬੱਧ ਸ਼ਰਤ ਲਾ ਕੇ ਭੇਜ ਦਿੱਤਾ। ਮੇਰੀ ਇਹ ਲਿਖਤ ਕੇਵਲ ‘ਅਜੀਤ’ ਨੇ ਵਰਤੀ ਅਤੇ ਨਾਲ ਹੀ ਮੈਨੂੰ ਲਿਖਦੇ ਰਹਿਣ ਲਈ ਵੀ ਕਿਹਾ। ਮੇਰੀ ਇੱਛਾ ਤੇ ਉਨ੍ਹਾਂ ਦੀ ਮੰਗ ਨੂੰ ਅਜਿਹਾ ਬੂਰ ਪਿਆ ਕਿ ਮੈਨੂੰ ਇਸ ਦਾ ਫ਼ਲ ਖਾਂਦਿਆਂ ਬਾਰਾਂ ਸਾਲ ਹੋਣ ਵਾਲੇ ਨੇ। ਅੱਜ ਮੇਰੀ ਲਿਖਤ ਵੇਖਣ ਪੜ੍ਹਨ ਵਾਲੇ ਜੰਮੂ-ਕਸ਼ਮੀਰ, ਪੁਡੂਚੇਰੀ, ਮਨੀਪੁਰ ਤੇ ਗੋਆ ਤੱਕ ਦੇ ਰਾਜਪਾਲ ਹੀ ਨਹੀਂ ਪੰਜਾਬ-ਹਰਿਆਣਾ ਤੇ ਕੇਂਦਰ ਦੇ ਮੰਤਰੀ ਵੀ ਹਨ। ਇੱਕ 103 ਸਾਲਾ ਸੇਵਾ ਮੁਕਤ ਪੀ ਆਰ  ਓ  ਕੇæ ਐਸ਼ ਸੰਧੂ ਤੇ  ਪ੍ਰਿੰਸੀਪਲ ਨਿਸ਼ਾਨ ਸਿੰਘ ਢਿੱਲੋਂ ਤਾਂ ਮੇਰਾ ਲਿਖਿਆ ਪੜ੍ਹ ਕੇ ਸੁਤੰਤਰਤਾ ਸੰਗਰਾਮ ਹੀ ਨਹੀਂ ਭਲੇ ਸਮਿਆਂ ਦੀਆਂ ਫਿਲਮਾਂ, ਦੀਵਾਨ ਸਿੰਘ ਕਾਲੇ ਪਾਣੀ ਦੀ ਔਲਾਦ ਮਰਹੂਮ ਸੰਸਦ ਮੈਂਬਰ ਦੇਵਿੰਦਰ ਗਰਚਾ ਆਦਿ ਦੀਆਂ ਗੱਲਾਂ ਵੀ ਛੇੜ ਲੈਂਦੇ ਹਨ, ਉਨ੍ਹਾਂ ਦੀਆਂ ਜੋ ਢਿਲੋਂ ਦੇ ਵਿਦਿਆਰਥੀ ਰਹੇ ਸਨ।
ਹੁਣ ਪਗੜੀ ਦੀ ਗੱਲ। 2004 ਵਿਚ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਨੇ ਖੁਸ਼ਵੰਤ ਸਿੰਘ ਦੀ ਸਵੈ-ਜੀਵਨੀ ‘ਮੌਜ ਮੇਲਾ’ ਦੇ ਰਿਲੀਜ਼ ਸਮਾਗਮ ਤੇ ਖੁਸ਼ਵੰਤ ਸਿੰਘ ਨੂੰ ਪ੍ਰੈਸ ਕਲੱਬ ਸੱਦ ਲਿਆ। ਉਹ ਕਸੌਲੀ ਤੋਂ ਤੁਰਨ ਲਗਿਆ ਤਾਂ ਉਥੇ ਉਹਦੇ ਕੋਲ ਆਪਣੀ ਇੱਕ ਵੀ ਪਗੜੀ ਨਹੀਂ ਮਿਲੀ। ਚੰਡੀਗੜ੍ਹ ਪਹੁੰਚ ਕੇ ਮੇਰੀਆਂ ਪੱਗਾਂ ਵਿਚੋਂ ਜਿਹੜੀ ਪੱਗ ਚੁਣ ਕੇ ਬੰਨ੍ਹੀ ਸਮਾਗਮ ਸਮੇਂ ਦੀਆਂ ਸਭ ਤਸਵੀਰਾਂ ਉਸ ਪੱਗ ਵਾਲੀਆਂ ਸਨ। ਟ੍ਰਿਬਿਊਨ ਵਾਲਿਆਂ ਤਾਂ ਉਸ ਦਿਨ ਤੋਂ ਉਸ ਦੇ ਕਾਲਮ ਨਾਲ ਮੇਰੀ ਪੱਗ ਵਾਲੀ ਤਸਵੀਰ ਹੀ ਛਾਪੀ ਹੈ। ਮੈਂ ਨਹੀਂ ਸੀ ਸੋਚਿਆ ਕਿ ਜਿਸ ਹਸਤੀ ਨੂੰ ਗੁਰੂ ਧਾਰਨ ਵੇਲੇ ਮੈਂ ਪਗੜੀ ਦੀ ਦਖਸ਼ਣਾ ਨਹੀਂ ਸੀ ਦਿੱਤੀ ਉਸ ਦੇ ਸਿਰ ਉਤੇ ਮੇਰੀ ਪਗੜੀ ਸੁੱਤੇ ਸਿੱਧ ਹੀ ਜਾ ਪਹੁੰਚੇਗੀ। ਉਹ ਵੀ ਘੜੀ ਪਲ ਵਾਸਤੇ ਨਹੀਂ ਸਗੋਂ ਸਥਾਈ ਤੌਰ ‘ਤੇ। ਪਗੜੀ ਤਾਂ ਉਸ ਦੇ ਪਾਠਕ ਇੱਕ ਦਹਾਕੇ ਤੋਂ ਵੇਖ ਰਹੇ ਸਨ, ਪਤਾਸੇ ਕਦੀ ਕਦਾਈਂ ਖਾਂਦੇ ਹਾਂ। ਆਰਕ ਦੇ ਰੂਪ ਵਿਚ। ਵਾਰਸ ਸ਼ਾਹ ਲੁਕਾਵੀਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਵੀਏ ਜੀ। ਇੰਸ਼ਾ ਅੱਲ੍ਹਾ ਇਹ ਸਿਲਸਿਲਾ ਬਣਿਆ ਰਹੇ।
ਹਿਮਾਲਾ ਵਿਚ ਕੁਦਰਤ ਦੀ ਕਰੋਪੀ
ਜਦੋਂ ਹਿਮਾਲੀਆ ਪਰਬਤ ਦੀ ਤਬਾਹੀ ਦੀਆਂ ਖਬਰਾਂ ਮਿਲ ਰਹੀਆਂ ਸਨ, ਮੈਂ ਸੋਲਨ ਦੇ ਨੇੜੇ ਕੁਮਾਰਹੱਟੀ ਠਹਿਰਿਆ ਹੋਇਆ ਸਾਂ। ਬੱਦਲ ਫਟਣ ਨਾਲ ਪਾਣੀ ਦੀ ਲਪੇਟ ਵਿਚ ਆਏ ਮਹਿਲ, ਅੰਦਰ ਤੇ ਮਾਨਵ ਅਣਕਿਆਸਿਆ ਦੁੱਖ ਭੋਗ ਰਹੇ ਸਨ ਅਤੇ ਕਈ ਲੁਟੇਰੇ ਸਾਧੂਆਂ ਦਾ ਵੇਸ ਵਟਾ ਕੇ ਮੰਦਰਾਂ ਦੀਆਂ ਤਿਜੌਰੀਆਂ ਤੇ ਗੋਲਕਾਂ ਵਿਚੋਂ ਲੱਖਾਂ ਕਰੋੜਾਂ ਦੀ ਲੁੱਟ ਮਚਾ ਰਹੇ ਸਨ। ਪਰਬਤ ਜਾਇਆਂ ਦੀ ਸ਼ਰਧਾ ਦਾ ਇਹ ਹਾਲ ਕਿ ਇਨ੍ਹਾਂ ਦੀ ਦਿਨਾਂ ਵਿਚ ਸੋਲਨ ਤੇ ਆਸ-ਪਾਸ ਦੀ ਪੂਰੀ ਵਸੋਂ  ਸ਼ੂਲਿਨੀ ਮਾਂ ਦੀ ਉਸਤਤ ਵਿਚ ਤਿੰਨ ਰੋਜ਼ਾ ਸ਼ੂਲਿਨੀ ਮੇਲਾ ਰਚਾ ਕੇ ਭਜਨ ਬੰਦਗੀ ਵੀ ਕਰ ਰਹੇ ਸਨ ਤੇ ਪ੍ਰਸਿੱਧ ਕਲਾਕਾਰਾਂ ਦੇ ਰਚਾਏ ਸਭਿਆਚਾਰਕ ਨਾਚ ਗਾਣਿਆਂ ਦਾ ਅਨੰਦ ਮਾਨਣ ਲਈ ਵੀ ਹੁਮ ਹੁਮਾ ਕੇ ਆਏ ਹੋਏ ਸਨ। ਹਰ ਰੋਜ਼ ਰਾਜ ਸਰਕਾਰ ਦਾ ਕੋਈ ਮੰਤਰੀ ਉਸ ਦਿਨ ਦੀਆਂ ਰੰਗ-ਰਲੀਆਂ ਦਾ ਉਦਘਾਟਨ ਕਰਨ ਆਉਂਦਾ ਸੀ। ਤੇ ਲੋਕ ਇਸ ਸਭ ਕਾਸੇ ਨੂੰ ‘ਰੱਬ ਦੇ ਰੰਗ’ ਦਾ ਨਾਂ ਦੇ ਰਹੇ ਸਨ। ਸਾਡੀ ਹਮਦਰਦੀ ਤਾਂ ਪੀੜਤਾਂ ਨਾਲ ਹੈ। ਰੱਬ ਤਾਂ ਕਿਧਰੇ ਹਾਜ਼ਰ ਹੀ ਨਹੀਂ ਸੀ।
ਪੰਜਾਬੀ ਨਾਟਕ ਦੇ ਸੌ ਸਾਲ
ਪੰਜਾਬੀਆਂ ਨੂੰ ਰੰਗ ਮੰਚ ਦੀ ਚੇਟਕ ਲਾਉਣ ਵਾਲੀ ਯੂਰਪੀ ਮਹਿਲਾ ਨੋਰ੍ਹਾ ਰਿਚਰਡ ਸੀ। ਉਸ ਦੀ ਪ੍ਰੇਰਨਾ ਨਾਲ ਈਸ਼ਵਰ ਚੰਦਰ ਨੰਦਾ ਨੇ ਪਹਿਲਾ ਨਾਟਕ 1913 ਵਿਚ ਖੇਡਿਆ ਸੀ। ਹੁਣ ਸੌ ਸਾਲ ਪਿੱਛੋਂ ਡਾæ ਸਾਹਿਬ ਸਿੰਘ ਦੇ ਅਦਾਕਾਰ ਮੰਚ ਮੋਹਾਲੀ ਨੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਪੰਜਾਬੀ ਨਾਟਕ ਦੀ ਸ਼ਤਾਬਦੀ ਮਨਾਈ ਹੈ। ਇਸ ਵਿਚ ਆਈ ਸੀ ਨੰਦਾ, ਹਰਚਰਨ ਸਿੰਘ ਤੇ ਬਲਵੰਤ ਗਾਰਗੀ ਆਦਿ ਪੁਰਾਣੇ ਮਹਾਰਥੀਆਂ ਤੋਂ ਇਲਾਵਾ ਗੁਰਚਰਨ ਸਿੰਘ ਜਸੂਜਾ, ਹਰਸ਼ਰਨ ਸਿੰਘ ਤੇ ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਨਾਲ ਨਾਲ ਸਾਹਿਬ ਸਿੰਘ ਨੇ ਆਪਣਾ ਨਾਟਕ ਵੀ ਖੇਡਿਆ। ਨਾਟਕਾਂ ਦੀ ਪੇਸ਼ਕਾਰੀ ਤੇ ਵਿਉਂਤਬੰਦੀ ਦੀ ਸ਼ਲਾਘਾ ਹੋਈ। ਅੰਤਲੇ ਦਿਨ ਪੰਜਾਬੀ ਨਾਟਕ ਦੇ ਸੌ ਸਾਲਾਂ ਬਾਰੇ ਸੈਮੀਨਾਰ ਵੀ ਹੋਇਆ ਜਿਸ ਵਿਚ ਨੋਰ੍ਹਾ ਰਿਚਰਡ ਦੀ ਦੇਣ ਦਾ ਜ਼ਿਕਰ ਸੀ। ਫੇਰ ਵੀ ਅਸੀਂ ਚਾਹੁੰਦੇ ਸਾਂ ਕਿ ਨੋਰ੍ਹਾ ਰਿਚਰਡ ਦੀ ਹਾਜ਼ਰੀ ਮੰਚ ਉਤੇ ਵੀ ਲਗ ਜਾਂਦੀ ਤਾਂ ਬਹੁਤ ਚੰਗੀ ਗੱਲ ਹੁੰਦੀ ਭਾਵੇਂ ਮੰਚ ਦੇ ਕਿਸੇ ਢੁਕਵੇਂ ਸਥਾਨ ਉਤੇ ਉਸ ਦੀ ਤਸਵੀਰ ਹੀ ਕਿਉਂ ਨਾ ਲਾਈ ਜਾਂਦੀ। ਕੁੱਲ ਮਿਲਾ ਕੇ ਇਹ ਉਦਮ ਬਹੁਤ ਵਧੀਆ ਸੀ।
ਅੰਤਿਕਾ:
(ਸੁਰਿੰਦਰ ਗਿੱਲ ਦੀ ‘ਰਸੀਆਂ ਨਿੰਮੋਲੀਆਂ’ ਵਿਚੋਂ)
ਸਾਉਣ ਮਹੀਨੇ ਰੰਗਲੀ ਰੁੱਤੇ ਤੂੰ ਪ੍ਰਦੇਸਣ ਹੋਈ,
ਧੁਖਦੇ ਦਿਲ ਦੀ ਦਰਦ ਕਹਾਣੀ ਕਿਸ ਨੂੰ ਆਖ ਸੁਣਾਵਾਂ।
ਕਰਾਂ ਉਡੀਕਾਂ ਮੇਰਾ ਸਾਵਣ ਸੁੱਕਾ ਨਾ ਲੰਘ ਜਾਵੇ,
ਉਤਰ, ਪੂਰਬ, ਗੁੱਠੋਂ ਉਠੀਆਂ ਅਹੁ ਘਣਘੋਰ ਘਟਾਵਾਂ।

Be the first to comment

Leave a Reply

Your email address will not be published.