ਦੁੱਲਾ ਭੱਟੀ ਜਿਸ ਦਾ ਅਸਲ ਨਾਂ ਅਬਦੁੱਲਾ ਭੱਟੀ ਸੀ, ਪੰਜਾਬ ਦਾ ਅਜਿਹਾ ਨਾਇਕ ਹੈ ਜਿਸ ਨੇ ਵਕਤ ਦੇ ਹਾਕਮਾਂ ਦੀ ਈਨ ਨਹੀਂ ਮੰਨੀ ਅਤੇ ਉਨ੍ਹਾਂ ਨੂੰ ਸਿੱਧੇ ਹੋ ਕੇ ਵੰਗਾਰਿਆ ਤੇ ਉਹ ਆਮ ਬੰਦੇ ਦੇ ਹੱਕ ਖੜ੍ਹਿਆ। ਉਘੇ ਲਿਖਾਰੀ ਧਰਮ ਗੋਰਾਇਆ ਨੇ ਆਪਣੇ ਇਸ ਲੇਖ ਵਿਚ ਇਸ ਨਾਇਕ ਦੀ ਵਾਰਤਾ ਸੁਣਾਈ ਹੈ। ਖੁੱਲ੍ਹੀ ਚਿੱਠੀ ਦੇ ਰੂਪ ਵਿਚ ਲਿਖੇ ਇਸ ਲੇਖ ਦੇ ਲਿਖਾਰੀ ਨੇ ਪੰਜਾਬ ਦੀ ਨਾਬਰੀ ਦੀ ਕਥਾ ਬਿਆਨ ਕੀਤੀ ਹੈ ਅਤੇ ਦੁੱਲੇ ਦੀ ਵਾਰਤਾ ਨੂੰ ਅੱਜ ਦੇ ਕਿਸਾਨ ਸੰਘਰਸ਼ ਨਾਲ ਜੋੜਿਆ ਹੈ, ਜੋ ਅੱਜ ਦੀ ਦਿੱਲੀ ਸਰਕਾਰ ਖਿਲਾਫ ਬੇਖੌਫ ਚੱਲ ਰਿਹਾ ਹੈ।
-ਸੰਪਾਦਕ
ਧਰਮ ਗੋਰਾਇਆ
ਫੋਨ: 301-653-7029
ਮੇਰੇ ਦਿਲੋਂ ਅਜ਼ੀਜ਼ ਪੰਜਾਬੀਓ,
ਸਭ ਨੂੰ ਸਲਾਮ ਸਤਿ ਸ੍ਰੀ ਅਕਾਲਾ!
ਤੁਸੀਂ ਸੋਚੋਗੇ, ਇਸ ਨੂੰ ਰੁਖਸਤ ਹੋਇਆਂ ਚਾਰ ਸੌ ਤੀਹ ਵਰ੍ਹੇ ਬੀਤ ਗਏ, ਫਿਰ ਇਹ ਕਿਧਰੋਂ ਆਣ ਟਪਕਿਆ ਹੈ? ਓ ਨਹੀਂ ਯਾਰ! ਮੈਂ ਕਿਧਰੇ ਗਿਆ ਹੀ ਨਹੀਂ ਸਾਂ। ਤੁਹਾਡੇ ਹੀ ਆਲੇ-ਦੁਆਲੇ ਤੁਰਿਆ ਫਿਰਦਾਂ। ਖੈਰ, ਚਲੋ ਆਉ ਕੰਮ ਦੀ ਗੱਲ ਕਰਦੇ ਹਾਂ।
ਮੈਂ ਜਦ ਲਾਹੌਰ ਕਿਲ੍ਹੇ ਸੰਗ ਮੱਥਾ ਲਾਇਆ, ਲੋਕ ਸਮਝਦੇ ਸਨ, ਚਲੋ ਕੋਈ ਨਹੀਂ, ਇਨ੍ਹਾਂ ਦੀ ਬਾਦਸ਼ਾਹ ਨਾਲ ਖਾਨਦਾਨੀ ਦੁਸ਼ਮਣੀ ਹੈ, ਆਪੇ ਪਏ ਨਜਿੱਠਣ ਪਰ ਅਸਲੀ ਮਸਲਾ ਕੁਝ ਹੋਰ ਹੀ ਸੀ। ਜਦ ਮੇਰੇ ਬਾਪ-ਦਾਦੇ ਨੂੰ ਲਾਹੌਰ ਦੇ ਦਰਬਾਰੀ ਫੜ ਕੇ ਲੈ ਗਏ। ਲੋਕ ਚੁੱਪ ਸਨ। ਜਦ ਉਨ੍ਹਾਂ ਨੂੰ ਸ਼ਾਹੀ ਕਿਲ੍ਹੇ ਅੰਦਰ ਫਾਂਸੀ ‘ਤੇ ਚਾੜ੍ਹ ਦਿੱਤਾ, ਲੋਕ ਉਦਂੇ ਵੀ ਚੁੱਪ ਸਨ। ਕੋਈ ਅੱਖ ਨਹੀਂ ਸੀ ਰੋਈ। ਹਾਂ, ਪਿੰਡ ਭੱਟੀਆ ਅੰਦਰ ਚੁੱਲਿਆ ਵਿਚ ਅੱਗ ਨਹੀਂ ਸੀ ਬਲੀ। ਮੈਂ ਤਾਂ ਅੱਬਾ ਦੇ ਮਰਨ ਤੋਂ ਤਿੰਨ ਮਹੀਨੇ ਬਾਅਦ ਪਿੰਡ ਚੂਚਕ ਵਿਚ ਜੰਮਿਆ ਸਾਂ। ਮੈਨੂੰ ਜਵਾਨ ਹੋਣ ਲਈ 12-13 ਵਰ੍ਹੇ ਤਾਂ ਲੱਗਣੇ ਹੀ ਸਨ ਪਰ ਲੋਕਾਂ ਦੇ ਤਾਹਨਿਆਂ-ਮਿਹਣਿਆਂ ਨੇ ਮੈਨੂੰ ਉਮਰੋਂ ਪਹਿਲਾਂ ਜਵਾਨ ਕਰ ਦਿੱਤਾ।
ਇਹ ਉਹ ਵਕਤ ਸੀ, ਜਦ ਵਾਹੀ-ਜੋਤੀ ਦਾ ਮੰਦੜਾ ਹਾਲ ਸੀ। ਬਹੁਤੇ ਲੋਕ ਗਰੀਬੀ ਵਾਸਾ ਹੀ ਹੰਢਾ ਰਹੇ ਸਨ। ਉਨ੍ਹਾਂ ਲਈ ਹਾਕਮਾਂ ਨੂੰ ਜ਼ਮੀਨ ਦਾ ਮਾਲੀਆ ਦੇਣਾ ਬੜਾ ਔਖਾ ਸੀ। ਹਲਕਾਰੇ ਆਉਂਦੇ, ਮਾਲੀਆ ਮੰਗਦੇ ਪਰ ਅੱਗੋਂ ਕੁਝ ਨਾ ਮਿਲਦਾ। ਅਖੀਰ ਲੋਕਾਂ ਨੂੰ ਉਨ੍ਹਾਂ ਦੀਆਂ ਚਾਬਕਾਂ ਖਾਣੀਆਂ ਪੈਦੀਆਂ। ਉਹ ਆਪਣੀਆਂ ਬਹੂ-ਬੇਟੀਆਂ ਦੀ ਬੇਇਜ਼ਤੀ ਹੁੰਦੀ ਦੇਖਦੇ। ਲੋਕ ਫਰਿਆਦੀ ਬਣ ਕੇ ਸਾਡੀ ਹਵੇਲੀ ਆਉਂਦੇ। ਮੇਰੇ ਦਾਦਾ ਬਾਪ ਉਨ੍ਹਾਂ ਦੀ ਬਾਂਹ ਫੜਦੇ। ਮੇਰੇ ਵੱਡਿਆਂ ਕੋਲ ਚੰਗੇ ਪਸ਼ੂ ਤੇ ਜ਼ਮੀਨਾਂ ਸਨ। ਸਾਡੀ ਹਵੇਲੀ ਅੰਦਰ ਘੋੜੀਆਂ, ਊਠ, ਮੱਝਾਂ, ਗਾਵਾਂ ਤੇ ਹੋਰ ਪਤਾ ਨਹੀਂ ਕੀ-ਕੀ ਸੀ।
ਫਰਿਆਦੀ ਧੜਾ-ਧੜ ਆਉਂਦੇ। ਹਵੇਲੀ ਅੰਦਰ ਮਜਲਸਾਂ ਹੋਣ ਲੱਗੀਆਂ। ਲਾਗਲੇ ਪਿੰਡ ਵਿਚ ਨੌਜਵਾਨਾਂ ਨੂੰ ਬੁਲਾ ਕੇ ਸਾਰੀ ਕਹਾਣੀ ਸਮਝਾਈ ਗਈ। ਇੰਜ ਕਹਿ ਲਉ, ਲਾਹੌਰ ਤਖਤ ਦੇ ਨੱਕ ਹੇਠ ਇਕ ਹੋਰ ਤਖਤ ਬਣ ਚੁੱਕਾ ਸੀ। ਇਨ੍ਹਾਂ ਨੌਜਵਾਨਾਂ ਦੇ ਛਾਪਾਮਾਰ ਦਸਤੇ ਬਣਾਏ ਗਏ। ਇਨ੍ਹਾਂ ਨੂੰ ਘੋੜ-ਸਵਾਰੀ ਅਤੇ ਹਥਿਆਰ ਚਲਾਉਣੇ ਸਿਖਾਏ ਗਏ। ਮੁਗਲਸ਼ਾਹੀ ਦੇ ਜੂਹੋ-ਜੂਹ ਕੁਦਾੜਦੇ ਘੋੜਿਆਂ ਦੀਆਂ ਲਗਾਮਾਂ ਨੂੰ ਹੱਥ ਪੈਣ ਲੱਗੇ। ਘੋੜਿਆਂ ਦੀਆਂ ਛੱਟਾਂ ਖਾਲੀ ਲਾਹੌਰ ਨੂੰ ਜਾਂਦੀਆਂ ਤੇ ਅੱਗੇ ਇਨ੍ਹਾਂ ਦੇ ਸਵਾਰਾਂ ਨੂੰ ਮੂੰਹ ਭਰ-ਭਰ ਗਾਲਾਂ ਦਾ ਇਨਾਮ ਮਿਲਦਾ।
ਮੇਰੇ ਦਾਦਾ ਬਿਜਲੀ ਖਾਨ ਆਪਣੇ ਪੁੱਤਰ, ਮੇਰੇ ਬਾਪ ਫਰੀਦ ਖਾਂ ਭੱਟੀ ਨਾਲ ਸਾਂਦਲ ਬਾਰ ਦੀਆਂ ਆਖਰੀ ਹੱਦਾਂ ਤੱਕ ਆਪਣੇ ਪਿੰਡਾਂ ਦੇ ਲੋਕਾਂ ਦੀ ਸਾਰ ਲੈਂਦੇ। ਫਸਲ ਮਾਰੀ ਜਾਂਦੀ ਜਾਂ ਘੱਟ ਹੁੰਦੀ, ਕੋਈ ਮਾਲੀਆ ਨਹੀਂ ਸੀ ਉਗਰਾਇਆ ਜਾਂਦਾ ਪਸ਼ੂਆਂ ਦੀਆਂ ਚੋਰੀਆਂ ਰੋਕਣ ਲਈ ਸਖਤ ਪਹਿਰੇਦਾਰੀ ਸ਼ੁਰੂ ਕੀਤੀ। ਸੁਆਣੀਆਂ ਦੀ ਇੱਜ਼ਤ-ਆਬਰੂ ਦਾ ਖਾਸ ਖਿਆਲ ਰੱਖਿਆ ਜਾਂਦਾ। ਭੱਟੀਆਂ ਨੇ ਹਲਕਾਰਿਆ ਰਾਹੀਂ ਸਭਨੀਂ ਪਿੰਡੀ ਮੁਨਿਆਦੀ ਕਰਾ ਰੱਖੀ ਸੀ ਕਿ ਲਗਾਨ-ਮਾਲੀਆ ਲਾਹੌਰ ਨਹੀਂ ਜਾਣਾ ਚਾਹੀਦਾ। ਜਿਸ ਕੋਲੋਂ ਜਿੰਨਾ ਸਰਦਾ-ਬਣਦਾ ਹੋਏ, ਪਿੰਡੀ ਪਹੁੰਚਾ ਦਿਓ। ਤੁਹਾਡੇ ਜਾਨ-ਮਾਲ ਦੀ ਰਾਖੀ ਪਿੰਡੀ ਦੇ ਸੂਰਬੀਰ ਕਰਨਗੇ।
ਲਾਹੌਰ-ਦਿੱਲੀ ਦੀ ਮੁਗਲਈ ਹਾਕਮਸ਼ਾਹੀ ਵੱਲੋਂ ਨਿੱਤ ਨਵੇਂ ਜ਼ੁਲਮੋ-ਸਿਤਮ ਢਾਹੇ ਜਾਂਦੇ ਸਨ। ਜੋ ਵੀ ਹਕੂਮਤ ਵਿਰੁਧ ਬਗਾਵਤ ਕਰਦਾ, ਉਸ ਨੁੰ ਸਜ਼ਾ-ਇ-ਮੌਤ ਹੁੰਦੀ। ਮੇਰੇ ਬਾਪ-ਦਾਦੇ ਨਾਲ ਵੀ ਇਹੀ ਕੁਝ ਵਾਪਰਿਆ। ਲਾਹੌਰ ਦਰਬਾਰ ਨੇ ਸ਼ਰਤ ਰੱਖੀ ਕਿ ਜਾਂ ਤਾਂ ਮੂਗਲ ਹਕੂਮਤ ਦੀ ਈਨ ਮੰਨੋ ਜਾਂ ਸਿਰ ਕਲਮ ਹੋਣਗੇ। ਸਿਰ ਨੀਵੇਂ ਨਾ ਹੋਏ, ਕੱਟੇ ਜ਼ਰੂਰ ਗਏ। ਇਹ ਹੁੰਦਾ ਆਇਆ ਤੇ ਹੋਣਾ ਨਿਸਚਿਤ ਸੀ। ਹਮੇਸ਼ਾ ਦੋ ਧੜੇ ਰਹੇ। ਇਕ ਸਥਾਪਤੀ ਦੀ ਜੀ ਹਜ਼ੂਰੀ, ਤੇ ਦੂਜਾ ਉਸ ਦੀਆਂ ਜੜ੍ਹਾਂ ਪੁੱਟਣ ਵਾਲਾ। ਜ਼ਾਲਮਾਂ ਦਾ ਤੁਖਮ ਬਰਬਾਦ ਕਰਨ ਵਾਲਾ। ਮੈਂ ਬਾਰ ਦੇ ਸੂਰਮਿਆਂ ਦੀਆਂ ਗਾਥਾਵਾਂ ਸੁਣਦਾ-ਸੁਣਦਾ ਜਵਾਨ ਹੋਇਆ। ਖੁੱਲ੍ਹਾ ਖਾਣ-ਪੀਣ, ਦੂਰ-ਨੇੜੇ ਲਈ ਚੜ੍ਹਨ ਨੂੰ ਘੋੜੀਆਂ। ਆਪਣੇ ਯਾਰਾਂ-ਬੇਲੀਆਂ ਨਾਲ ਅਸੀਂ ਝਨਾਂ ਤੇ ਰਾਵੀ ਦਾ ਸਾਰਾ ਜੰਗਲ ਗਾਹ ਮਾਰਦੇ। ਨਿੱਤ ਸ਼ਿਕਾਰ ਖੇਡਦੇ ਤੇ ਮਨਚਾਹੀਆਂ ਅਠਖੇਲੀਆਂ ਕਰਦੇ। ਕਿਸੇ ਰੱਬ ਦੀ ਪਰਵਾਹ ਨਹੀਂ ਸੀ ਕਰਦੇ।
ਅਚਾਨਕ ਇਕ ਦਿਨ ਮੱਥੇ ਟਿੱਕਾ ਲਾਈ ਬ੍ਰਾਹਮਣ ਮਿਲ ਪਿਆ। ਸਾਡੀਆਂ ਖਰਮਸਤੀਆਂ ਸ਼ਾਇਦ ਉਸ ਨੂੰ ਨਾ ਭਾਈਆਂ। ਕਹਿਣ ਲੱਗਾ, “ਮੁੰਡਿਓ, ਕੋਈ ਚੰਗੇ ਕੰਮ ਕਰ ਲਿਆ ਕਰੋ। ਦੁਨੀਆ ਯਾਦ ਰੱਖੂ। ਮਸ਼ਹੂਰ ਹੋ ਜਾਵੋਗੇ।” ਮੈਂ ਕਿਹਾ, “ਪੰਡਤ ਜੀ, ਛੇਤੀ ਮਸ਼ਹੂਰ ਕਿੰਜ ਹੋਸੀ।” ਅੱਗੋਂ ਕਹਿੰਦਾ- “ਮਾੜੇ ਕੰਮਾਂ ਨਾਲ ਮਸ਼ਹੂਰੀ ਛੇਤੀ ਹੁੰਦੀ ਏ।” ਅਗਲੇ ਦਿਨ ਮੈਂ ਮਸੀਤੇ ਮੌਲਵੀ ਕੋਲ ਪੜ੍ਹਨ ਗਏ ਨੇ ਉਸ ਨੂੰ ਕੁੱਟ ਸੁੱਟਿਆ। ਚਾਰ-ਚੁਫੇਰੇ ਹਾਹਾਕਾਰ ਮੱਚ ਗਈ। ਹਰ ਪਾਸੇ ਦੁੱਲਾ-ਦੁੱਲਾ ਹੋਣ ਲੱਗਾ। ਸੋਚਿਆ, ਚਲੋ ਦੇਖਦੇ ਹਾਂ ਮਸ਼ਹੂਰ ਕਿੰਜ ਬਣਸੀ।
ਖੂਹੀਆਂ ਤੋਂ ਪਾਣੀ ਦੇ ਘੜੇ ਭਰਦੀਆਂ ਕੁੜੀਆਂ ਉਪਰ ਅਸੀਂ ਹੱਥੀਂ ਬਣਾਏ ਗੁਲੇਲਿਆਂ ਨਾਲ ਹਮਲਾ ਕਰਦੇ। ਉਨ੍ਹਾਂ ਦੇ ਘੜੇ ਤੋੜ ਕੇ ਮਸਤੀ ਕਰਦੇ। ਝੂਠ-ਮੂਠ ਆਪਸ ਵਿਚ ਲੜਾਈ ਲੜਦੇ। ਕੀ ਪਤਾ ਸੀ, ਕਿਸਮਤ ਵਿਚ ਮੈਦਾਨੇ-ਜੰਗ ਅੰਦਰ ਵੀ ਮੁਗਲਾਂ ਨਾਲ ਦੋ-ਦੋ ਹੱਥ ਕਰਨੇ ਲਿਖਿਆ ਸੀ। ਸਾਡੀਆਂ ਮਸਤੀਆਂ ਸਾਡੇ ਘਰਾਂ ਅੰਦਰ ਤਾਹਨੇ ਮਿਹਣੇ ਬਣਨ ਲੱਗੇ। ਕੋਈ ਕਹਿੰਦਾ ਤੇਰੇ ਵੱਡ-ਵਡੇਰੇ ਤਾਂ ਤੇਰੇ ਜੈਸੇ ਨਹੀਂ ਸਨ। ਕੋਈ ਕਹਿੰਦਾ, ਇਹ ਜ਼ਰੂਰ ਬਾਪ-ਦਾਦੇ ਦਾ ਨਾ ਰੌਸ਼ਨ ਕਰੂ। ਕੋਈ ਕਹਿੰਦਾ, ਜੇ ਏਡਾ ਹੀ ਸੂਰਮਾ ਏ ਤਾਂ ਆਪਣੇ ਬਾਪ-ਦਾਦੇ ਦਾ ਬਦਲਾ ਕਿਉਂ ਨਹੀਂ ਲੈਂਦਾ। ਮੇਰੀ ਜਾਣਦੀ ਬਲਾ, ਕਾਹਦਾ ਬਦਲਾ, ਕਿਹਦੇ ਕੋਲੋਂ? ਅਖੀਰ ਜਦ ਸੁਣ-ਸੁਣ ਕੰਨ ਪੱਕਣ ਲੱਗੇ ਤਾਂ ਇਕ ਦਿਨ ਮਾਈ ਲੱਧੀ ਮੂਹਰੇ ਗੁੱਸੇ ਨਾਲ ਜਾ ਪੁਛਿਆ, “ਪਿਓ-ਦਾਦੇ ਨਾਲ ਕੀ ਭਾਣਾ ਵਾਪਰਿਆ ਸੀ?” ਕਹਿੰਦੀ, “ਤੇਰੇ ਪਿਓ-ਦਾਦੇ ਤੇਰੇ ਜੈਸੇ ਨਾ ਸੀ।” ਫਿਰ ਮਾਈ ਨੇ ਸਾਰੀ ਵਿਥਿਆ ਕਹਿ ਸੁਣਾਈ। ਉਸ ਦੀਆਂ ਅੱਖਾਂ ਵਿਚੋਂ ਜਿਵੇਂ ਝਨਾਂ ਦਾ ਨੀਰ ਵਹਿ ਰਿਹਾ ਸੀ।
ਮਾਈ ਨੇ ਵੱਡੇ-ਵੱਡੇ ਜਿੰਦਰਿਆਂ ਦੀਆਂ ਚਾਬੀਆਂ ਮੇਰੇ ਅੱਗੇ ਲਿਆ ਸੁਟੀਆਂ। ਸਾਲਾਂ ਬੱਧੀ ਬੰਦ ਪਈਆਂ ਇਨ੍ਹਾਂ ਕੋਠੀਆਂ ਅੰਦਰ ਜਾਲੇ ਹੀ ਜਾਲੇ ਸਨ। ਅੰਦਰ ਹਰ ਕਿਸਮ ਦੇ ਹਥਿਆਰ ਪਏ ਸਨ। ਅੰਦਰ ਦੀ ਝਾੜ ਪੂੰਝ ਕਰ ਕੇ ਹਥਿਆਰ ਸਾਫ ਕੀਤੇ। ਅਸੀਂ ਆਪਣੇ ਸਿਰ ਝੁਕਾ ਕੇ ਇਨ੍ਹਾਂ ਨੂੰ ਆਪਣੀਆਂ ਹਿੱਕਾਂ ਨਾਲ ਲਾਇਆ। ਬੱਸ ਕਹਿ ਲਉ, ਜਿਵੇਂ ਤੁਹਾਡੇ ਕਲਗੀਆਂ ਵਾਲੇ ਨੇ ਸ਼ਸਤਰ ਦਾ ਸਨਮਾਨ ਕਰਨਾ ਕਿਹਾ ਸੀ; ਕਿਉਂਕਿ ਹਰ ਮੁਸੀਬਤ ਵਿਚ ਦੋ ਹੀ ਚੀਜ਼ਾਂ ਕੰਮ ਆਉਂਦੀਆਂ ਨੇ- ਇਕ ਤੁਹਾਡੇ ਪੱਲੇ ਸੱਚ ਹੋਵੇ ਤੇ ਦੂਜਾ ਡੁਹਾਡੇ ਕਲੋ ਚੰਗੇ ਹਥਿਆਰ ਹੋਵਣ। ਪਿੰਡੀ ਭੱਟੀਆਂ ਦੇ ਲੁਹਾਰਾਂ ਦੀਆਂ ਭੱਠੀਆਂ ਵਿਚ ਕਿੱਕਰਾਂ ਟਾਹਲੀਆਂ ਦੇ ਮੋਛੇ ਅੱਗ ਦੇ ਭਾਂਬੜ ਬਣ ਉਠੇ। ਭੱਠੀਆਂ ਅੰਦਰ ਲੋਹਾ ਢਲਣ ਲੱਗਾ। ਉਨ੍ਹਾਂ ਉਤੇ ਹਥੌੜੇ ਚੱਲਣ ਲੱਗੇ। ਪੁਰਾਣੇ ਹਥਿਆਰਾਂ ਨੂੰ ਸਾਣ ਲਾ ਕੇ ਉਨ੍ਹਾਂ ਦੀਆਂ ਧਾਰਾਂ ਨੂੰ ਚਮਕਦੇ ਸੂਰਜ ਵਾਂਗ ਕੀਤਾ ਗਿਆ।
ਝਨਾਂ ਦੇ ਪੱਤਣੀਂ ਰੌਣਕਾਂ ਲੱਗੀਆਂ ਰਹਿੰਦੀਆਂ। ਲਾਹੌਰ ਤੋਂ ਪੇਸ਼ਾਵਰ ਲਈ ਇਹ ਸਿੱਧਾ ਰਸਤਾ ਸੀ। ਬਹੁਤੇ ਵਪਾਰ ਲੋਕ ਘੋੜਿਆਂ ਊਠਾਂ, ਖੱਚਰਾਂ, ਖੋਤਿਆਂ ਰਾਹੀਂ ਸਮਾਨ ਲੱਦ ਕੇ ਸਾਡੇ ਪਿੰਡੋਂ ਲੰਘਦਿਆਂ ਬਾਹਰਵਾਰ ਆਪਣਾ ਪੜਾਅ ਜ਼ਰੂਰ ਕਰਦੇ। ਪਿੰਡ ਵੱਡਾ ਸੀ। ਦਰੱਖਤਾਂ ਦੀ ਸੰਘਣੀ ਛਾਂ, ਪਾਣੀ-ਚਾਰਾ ਆਮ ਸੀ। ਸਰਸਬਜ਼ ਚਾਰਗਾਹਾਂ ਕਰ ਕੇ ਸਾਡਾ ਇਲਾਕਾ ਮਸ਼ਹੂਰ ਹੋ ਚੁੱਕਾ ਸੀ।
ਹੁਣ ਸਾਨੂੰ ਆਪਣੀ ਜਿ਼ੰਦਗੀ ਦੇ ਮਕਸਦ ਦੀ ਪੂਰੀ ਸੂਝ ਆ ਚੁੱਕੀ ਸੀ। ਅਸੀਂ ਸੱਜਣਾ, ਯਾਰਾਂ, ਬੇਲੀਆਂ ਨਾਲ ਬੈਠ ਕੇ ਤੈਅ ਕਰ ਲਿਆ ਸੀ ਕਿ ਲਾਹੌਰ ਦੇ ਸ਼ਾਹੀ ਕਿਲ੍ਹੇ ਅੱਗੇ ਜਾ ਕੇ ਇਸ ਮੁਗਲਸ਼ਾਹੀ ਨੂੰ ਲਲਕਾਰਾਂਗੇ। ਜੇ ਇਸ ਜਰਵਾਣੀ ਹਕੂਮਤ ਨੇ ਆਮ ਗਰੀਬ ਕਿਸਾਨਾਂ ਤੋਂ ਜਬਰੀ ਵਸੂਲੀ ਬੰਦ ਨਾ ਕੀਤੀ, ਤਾਂ ਫਿਰ ਇਸ ਦੇ ਸਿਪਾਹ ਸਲਾਰਾਂ ਦਾ ਪਿੱਛਾ ਕਰਾਂਗੇ। ਅਸੀਂ ਇਨ੍ਹਾਂ ਦੇ ਖੈਰਖਾਹਾਂ ਨੂੰ ਲੁੱਟਾਂਗੇ, ਮਾਰਾਂਗੇ, ਜੂਹ ਬੰਦ ਵੀ ਕਰਾਂਗੇ ਤੇ ਫਿਰ ਇਹ ਸਿਲਸਲਾ ਸ਼ੁਰੂ ਹੋਇਆ।
ਅਸਾਂ ਵੱਖ-ਵੱਖ ਗੁਰੀਲਾ ਟੋਲੇ ਬਣਾ ਕੇ ਉਨ੍ਹਾਂ ਨੂੰ ਹਰ ਪੰਜ-ਪੰਜ ਕੋਹ ‘ਤੇ ਤਾਇਨਾਤ ਕੀਤਾ। ਉਹ ਉਥੇ ਰਹਿੰਦੇ, ਸੌਂਦੇ, ਪਕਾਉ਼ਦੇ, ਖਾਂਦੇ। ਨਮਾਜ਼ ਪੜ੍ਹਨ ਵਾਲੇ ਨਮਾਜ਼ ਪੜ੍ਹਦੇ, ਆਪਣੇ ਰੱਬ ਨੂੰ ਸਿਜਦਾ ਕਰਦੇ। ਮੀਟ ਖਾਣ ਵਾਲੇ ਸ਼ਿਕਾਰ ਕਰ ਕੇ ਆਪਣਾ ਹਲਕ ਪੂਰਾ ਕਰਦੇ ਅਤੇ ਸ਼ਰਾਬ ਪੀਣ ਵਾਲੇ ਆਪਣਾ ਬੰਦੋਬਸਤ ਕਰਦੇ ਪਰ ਇਕ ਗੱਲ ਸਭ ਨੂੰ ਪਤਾ ਸੀ ਕਿ ਕਿੰਜ ਅਕੀਦੇ ਵਿਚ ਰਹਿਣਾ, ਕਿੰਜ ਕਿਸੇ ‘ਤੇ ਐਵੇਂ ਵਧੀਕੀ ਨਹੀਂ ਕਰਨੀ। ਹਾਂ, ਕਿਤੇ ਗਰੀਬ ਗੁਰਬੇ ‘ਤੇ ਜ਼ੁਲਮ ਹੁੰਦਾ ਹੋਵੇ, ਤਾਂ ਬੇਸ਼ਕ ਮੌਕੇ ‘ਤੇ ਆਰ-ਪਾਰ ਕਰ ਦਿਉ।
ਸਾਡੇ ਪਹਿਲੇ ਟੋਲੇ ਦਾ ਸ਼ਿਕਾਰ ਮੁਗਲ ਦਰਬਾਰੀ ਅਮੀਰ ਬੇਗ ਮਾਨਕੇਰਾ ਹੋਇਆ। ਇਕ ਤਾਂ ਇਸ ਦਾ ਸ਼ਾਹੀ ਸਮਾਨ ਲੁੱਟਿਆ ਤੇ ਦੂਜਾ ਸਿਰ ਧੜ ਤੋਂ ਵੱਖ ਕਰ ਕੇ ਬੋਰੇ ਵਿਚ ਬੰਦ ਕੀਤਾ ਅਤੇ ਮਬਦਾ ਖੱਤਰੀ ਦੇ ਹੱਥ ਮੁਗਲ ਦਰਬਾਰ ਵਿਚ ਸੁਗਾਤ ਵਜੋਂ ਭੇਜਿਆ ਗਿਆ। ਨਾਲ ਇਹ ਵੀ ਕਹਿ ਘੱਲਿਆ ਕਿ ਬਾਦਸ਼ਾਹ ਨੂੰ ਕਹਿਣਾ, ਇਹ ਦੁੱਲਾ ਭੱਟੀ ਵੱਲੋਂ ਨਜ਼ਰਾਨਾ ਹੈ। ਸਾਡੇ ਟੋਲੇ ਅਮੀਰ ਲੋਕਾਂ ਨੂੰ ਲੁੱਟਦੇ ਜਿਨ੍ਹਾਂ ਵਿਚ ਵਪਾਰੀ, ਸਰਕਾਰੀ ਅਹਿਲਕਾਰ ਤੇ ਤਕੜੇ ਜਗੀਰਦਾਰ ਹੁੰਦੇ। ਅਸੀਂ ਪਹਿਲਾਂ ਆਪਣੇ ਨੌਜਵਾਨਾਂ ਦੀਆਂ ਜ਼ਰੂਰਤਾਂ, ਉਨ੍ਹਾਂ ਦੇ ਘਰਾਂ ਦੀਆਂ ਬੇਫਿਕਰੀਆਂ ਦੂਰ ਕਰਦੇ। ਚੰਗੇ ਘੋੜੇ, ਉਨ੍ਹਾਂ ਉਤੇ ਵਧੀਆ ਕਾਠੀਆਂ ਜੋ ਸਾਡੇ ਹੀ ਪਿੰਡ ਬਣਦੀਆਂ, ਵਧੀਆ ਹਥਿਆਰ, ਦੁੱਧ ਘਿਉ ਦਾ ਬੰਦੋਬਸਤ ਕਰਦੇ। ਇਸ ਤੋਂ ਬਾਅਦ ਬਚਿਆ ਪੈਸਾ ਤੇ ਰਸਦ ਅਸੀਂ ਗਰੀਬਾਂ ਵਿਚ ਤਕਸੀਮ ਕਰਦੇ। ਲੋਕ ਸਾਡੇ ਤੱਕ ਆ ਕੇ ਫਰਿਆਦਾਂ ਕਰਦੇ। ਕਿਸੇ ਤੋਂ ਜਬਰੀ ਲਗਾਨ, ਕਿਸੇ ਦੇ ਪਸ਼ੂ ਚੋਰੀ, ਕਿਸੇ ਦੀ ਧੀ ਚੁੱਕੀ ਜਾਣੀ, ਕਿਸੇ ਦੀ ਫਸਲ ਦਾ ਉਜਾੜਾ ਤੇ ਕਿਸੇ ਨਾਲ ਜ਼ਬਰਦਸਤੀ।
ਅਸੀਂ ਜਿੰਨੇ ਜੋਗੇ ਹੁੰਦੇ, ਤੁਰੰਤ ਨਿਬੇੜਾ ਕਰਦੇ। ਨਿਬੇੜਾ ਕਰਨ ਵੇਲੇ ਕਦੇ-ਕਦੇ ਅਸੀਂ ਜੋਸ਼ ਵਿਚ ਵੱਧ-ਘੱਟ ਵੀ ਕਰ ਜਾਂਦੇ। ਔਲੇ ਦਾ ਖਾਧਾ ਅਤੇ ਸਿਆਣੇ ਦਾ ਆਖਿਆ ਭੁੱਲ ਜਾਂਦੇ। ਖਦੇ-ਕਦੇ ਸਾਈਂ ਸ਼ਾਹ ਹੁਸੈਨ ਆਪਣੇ ਟੋਲੇ ਨਾਲ ਚੱਲਦੇ-ਫਿਰਦੇ ਸਾਨੂੰ ਮਿਲ ਜਾਂਦੇ। ਇਸ਼ਾਰਿਆਂ ਨਾਲ ਬੜਾ ਕੁਝ ਦੱਸ ਜਾਂਦੇ ਪਰ ਅਸੀਂ ਬਹੁਤਾ ਧਿਆਨ ਨਾ ਕਰਦੇ। ਕਿਥੇ ਜਵਾਨੀ ਦਾ ਨਸ਼ਾ ਤੇ ਕਿਥੇ ਫਕੀਰੀ ਦੀਆਂ ਗੱਲਾਂ!
ਅਕਬਰ ਦੇ ਦਰਬਾਰ ਭੇਜਿਆ ਸਾਡਾ ਨਜ਼ਰਾਨਾ ਜਲਦ ਹੀ ਰੰਗ ਲੈ ਆਇਆ। ਲਾਹੌਰ ਤੋਂ ਮੁਗਲਾਂ ਦੇ ਫੌਜੀ ਸਾਡੇ ਇਲਾਕੇ ਨੂੰ ਘੇਰ ਕੇ ਪ੍ਰੇਸ਼ਾਨ ਕਰਦੇ। ਸਾਡੇ ਲੜਾਕੇ ਯੋਧੇ ਘਾਤ ਲਾ ਕੇ ਉਨ੍ਹਾਂ ‘ਤੇ ਟੁੱਟ ਪੈਂਦੇ। ਅਸੀਂ ਉਨ੍ਹਾਂ ਨੂੰ ਮਾਰ ਭਜਾਉਂਦੇ। ਆਪਣੇ ਬੰਦਾ ਸਿੰਘ ਬਹਾਦਰ ਨੇ ਵੀ ਤਾਂ ਇੰਜ ਹੀ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤੇ ਯੁੱਧ ਬਹੁਤ ਚਲਾਕ ਤੇ ਦਗਾਬਾਜ਼ ਪਹਾੜੀ ਰਾਜਿਆਂ ਖਿਲਾਫ ਹੀ ਲੜੇ। ਅੱਜ ਦੇ ਹਿੰਦੋਸਤਾਨ ਦੇ ਹਾਕਮ ਆਪਣੀਆਂ ਨੀਤੀਆਂ-ਰਣਨੀਤੀਆਂ ਨਾਲ ਤੁਹਾਡੇ ਚੁੱਲ੍ਹੇ-ਚੌਕਿਆਂ ਤੱਕ ਆਣ ਅੱਪੜੇ ਹਨ ਤੇ ਜੇ ਅਜੇ ਵੀ ਤੁਸੀਂ ਸਾਰੇ ਇਕ ਹੋ ਕੇ ਇਨ੍ਹਾਂ ਵਿਰੁਧ ਨਾ ਲੜੇ ਤਾਂ ਤੁਹਾਡੀ ਹੋਂਦ ਮਲੀਆਮੇਟ ਹੋ ਜਾਵੇਗੀ।
ਪੰਜਾਬ ਦੇ ਸਪੂਤੋ! ਅੱਜ ਤੱਕ ਤੁਸੀਂ ਕੋਈ ਮੈਦਾਨ ਨਹੀਂ ਹਾਰਿਆ। ਅੱਜ ਇਹ ਜ਼ਾਲਮ ਹਾਕਮ ਤੁਹਾਡੀ ਧਰਤੀ ਹੜੱਪਣ ਤੱਕ ਆਣ ਪਹੁੰਚੇ ਨੇ। ਇਕ ਵਾਰ ਤੁਹਾਡੀ ਜ਼ਮੀਨ ‘ਤੇ ਇਨ੍ਹਾਂ ਵੱਡੇ ਘਰਾਣਿਆਂ ਦਾ ਕਬਜ਼ਾ ਹੋ ਗਿਆ, ਤਾਂ ਸਮਝ ਲਿਓ, ਤੁਹਾਡਾ ਸਭ ਕੁਝ ਲੁੱਟ ਹੋ ਗਿਆ। ਆਪਣੀ ਜ਼ਮੀਨ, ਫਸਲ ਅਤੇ ਨਸਲ ਬਚਾਉਣ ਲਈ ਤੁਸਾਂ ਦਿੱਲੀ ਤਖਤ ਨੂੰ ਸਾਰੇ ਪਾਸਿਓਂ ਘੇਰਾ ਘੱਤਿਆ ਹੋਇਆ ਹੈ। ਅੰਤਾਂ ਦੀ ਹੱਡ ਚੀਰਵੀਂ ਠੰਢ ਤੇ ਮੀਂਹ ਵਿਚ ਵੀ ਬਜ਼ੁਰਗਾਂ, ਮਾਵਾਂ, ਭੈਣਾਂ, ਭਰਾਵਾਂ, ਬੱਚਿਆਂ ਦੇ ਹੌਸਲੇ ਬੁਲੰਦ ਨੇ। ਤੁਸਾਂ ਅੱਜ ਪੂਰੇ ਮਲਕ ਦੇ ਕਿਸਾਨਾਂ, ਮਜ਼ਦੂਰਾਂ, ਗ਼ਰੀਬਾਂ, ਦੁਕਾਨਦਾਰਾਂ ਨੂੰ ਹੱਕਾਂ ਲਈ ਲੜਨ ਮਰਨ ਦਾ ਬਲ ਦਿੱਤਾ ਹੈ; ਕਦੇ ਬੰਦਾ ਸਿੰਘ ਬਹਾਦਰ ਨੇ, ਕਦੇ ਤੇਜਾ ਸਿੰਘ ਸਤੰਤਰ ਨੇ, ਤੇ ਰਹਿੰਦੀ ਕਸਰ ਅੱਜ ਤੁਸੀਂ ਉਹੀ ਕੁਝ ਕਰ ਰਹੇ ਹੋ ਜੋ ਕਿਧਰੇ ਅਧੂਰਾ ਰਹਿ ਗਿਆ ਸੀ।
ਅੱਜ ਦਾ ਸ਼ਾਤਰ ਹਾਕਮ ਸੱਚ ਤੋਂ ਕੋਹਾਂ ਦੂਰ ਜਾ ਚੁੱਕਾ ਹੈ। ਉਹ ਅਮੀਰਾਂ ਦਾ ਹੋ ਕੇ ਰਹਿ ਗਿਆ ਹੈ। ਉਸ ਨੂੰ ਅੰਨਦਾਤਾ ਨਹੀਂ ਦਿਸ ਰਿਹਾ। ਵਾਰ-ਵਾਰ ਤਾਕਤ ਵਿਚ ਕਿੰਜ ਆਉਣਾ, ਕਿੰਜ ਕੋਝੇ ਹੱਥਕੰਡੇ ਵਰਤਣੇ, ਬਸ ਇਹੀ ਹੈ ਉਸ ਦੀ ਚੱਤੋ ਪਹਿਰ ਦੀ ਸੋਚ। ਹਰ ਹੱਕ ਸੱਚ ਦੀ ਆਵਾਜ਼ ਉਹ ਬੰਦ ਕਰੇਗਾ, ਉਹ ਤੁਹਾਡੇ ਉਪਰ ਬੰਬ ਬਾਰੂਦ ਵਰਤੇਗਾ, ਉਹ ਤੁਹਾਨੂੰ ਲਾਲਚ ਦੇਵੇਗਾ, ਤੁਹਾਡੇ ਅੰਦਰ ਫੁੱਟ ਪੈਦਾ ਕਰੇਗਾ ਪਰ ਤੁਹਾਨੂੰ ਅਡੋਲ ਰਹਿਣਾ ਪਵੇਗਾ। ਤੁਹਾਡਾ ਨਿਸ਼ਾਨਾ ਬਹੁਤ ਉਚਾ ਹੈ। ਦੇਖਣਾ, ਕਿਧਰੇ ਤੁਹਾਡੇ ਚੁੱਲ੍ਹਿਆਂ ਵਿਚ ਘਾਹ ਨਾ ਉੱਗ ਆਵੇ!
ਪੰਜਾਬ ਦੇ ਸਪੂਤੋ, ਤੁਹਾਡਾ ਵਿਰਸਾ ਦੁਨੀਆ ਭਰ ਵਿਚ ਵਿਲੱਖਣ ਹੈ ਤੇ ਵਿਲੱਖਣ ਰਹੇਗਾ।
ਇਹ ਗੱਲ ਮੈਨੂੰ ਪਤਾ, ਤੁਸੀਂ ਮੈਨੂੰ ਲੋਹੜੀ ਮੌਕੇ ਯਾਦ ਕਰਦੇ ਹੋ ਪਰ ਮੈਂ ਤਾਂ ਹਰ ਘੜੀ, ਹਰ ਪਲ ਹੀ ਤੁਹਾਡੇ ਵਿਚ ਰਹਿੰਦਾ ਹਾਂ ਅਤੇ ਪੰਜਾਬ ਦੀਆਂ ਧੀਆਂ, ਭੈਣਾਂ, ਭਰਾਵਾਂ ਦੀ ਸਲਾਮਤੀ ਲਈ ਦੁਆ ਕਰਦਾ ਰਹਿੰਦਾ ਹਾਂ। ਇਸ ਦਾ ਗਵਾਹ ਸ਼ਾਹ ਹੁਸੈਨ ਆਪ ਹੈ ਜਿਸ ਨੇ ਮੈਨੂੰ ਜਾਂਦੇ-ਜਾਂਦੇ ਕਿਹਾ ਸੀ:
ਯਾ ਦਿਲਵਰ ਯਾ ਸਿਰ ਕਰ ਪਿਆਰਾ।
ਜੇ ਤੂੰ ਹੈਂ ਮੁਸ਼ਤਾਕ ਯਗਾਨਾ।
ਸਿਰ ਦੇਵਣ ਦਾ ਛੋਡਿ ਬਹਾਨਾ।
ਦੁੱਲੇ ਦੇ ਲਾਲ ਲਬਾਂ ਦੇ ਲਾਰੇ।
ਸੂਲੀ ਉਪਰ ਚੜ੍ਹ ਲੈ ਹੁਲਾਰੇ।