ਕਿਸਾਨੀ ਸਭਿਆਚਾਰ ਦਾ ਤਿਉਹਾਰ: ਲੋਹੜੀ

ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਵਟਸਐਪ: 91-97798-53245
ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਅੱਗ ਮਚਾ ਕੇ ਮਨਾਇਆ ਜਾਂਦਾ ਹੈ, ਭਾਵ ਇਹ ਮਾਘ ਮਹੀਨੇ ਦੀ ਸੰਗਰਾਂਦ ਦੀ ਪੂਰਵ ਸੰਧਿਆ ਨੂੰ ਮਨਾਇਆ ਜਾਂਦਾ ਹੈ। ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਇਹ 12-13 ਜਨਵਰੀ ਨੂੰ ਹੁੰਦਾ ਹੈ। ਜਿੱਥੇ ਦੀਵਾਲੀ ਸਰਦ-ਰੁੱਤ ਦਾ ਆਗਮਾਨੀ-ਤਿਉਹਾਰ ਮੰਨਿਆ ਜਾਂਦਾ ਹੈ, ਉਥੇ ਲੋਹੜੀ ਨੂੰ ਸਰਦੀ ਦੀ ਚਰਮ-ਸੀਮਾ ਦਾ ਤਿਉਹਾਰ ਕਿਹਾ ਜਾ ਸਕਦਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਲੋਹੜੀ ਪੰਜਾਬ ਵਿਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵਤੇ ਦੀ ਕੀਤੀ ਜਾਂਦੀ ਪੂਜਾ ਦਾ ਹੀ ਰਹਿੰਦ ਹੈ।

ਇਨ੍ਹਾਂ ਮਹੀਨਿਆਂ ਵਿਚ ਸੂਰਜ ਧਰਤੀ ਤੋਂ ਕਾਫੀ ਦੂਰ ਹੁੰਦਾ ਹੈ ਅਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਆਦਿ ਵਾਸੀ ਮਾਨਵ ਇਸ ਪ੍ਰਕ੍ਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ ਅਤੇ ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਮਚਾਈ ਜਾਂਦੀ ਸੀ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਲੋਹੜੀ ਸ਼ਬਦ ਤਿਲ ਅਤੇ ਰੋੜੀ ਦੇ ਸੁਮੇਲ ਤੋਂ ਬਣਿਆ ਭਾਸਦਾ ਹੈ। ਇਸ ਦਿਨ ਲੋਕ ਤਿਲ ਅਤੇ ਗੁੜ ਦੀ ਰੋੜੀ ਖਾਂਦੇ ਤੇ ਵੰਡਦੇ ਸਨ। ਸ਼ਾਇਦ ਇਸ ਦਿਨ ਨੂੰ ‘ਤਿਲਰੋੜੀ’ ਕਿਹਾ ਜਾਂਦਾ ਹੋਵੇ, ਜੋ ਹੌਲੀ ਹੌਲੀ ‘ਲੋਹੜੀ’ ਬਣ ਗਿਆ।
ਡਾ. ਨਵਰਤਨ ਕਪੂਰ ਅਨੁਸਾਰ ‘ਲੋਹੜੀ’ ਸ਼ਬਦ ਦਾ ਨਿਕਾਸ ‘ਲੋਂਹਡੀ’ ਤੋਂ ਹੋਇਆ ਲੱਗਦਾ ਹੈ। ਮੁਖ-ਸੁਖ ਕਾਰਨ ਲੋਂਹਡੀ ਦੀ ਬਿੰਦੀ ਲੋਪ ਹੋ ਗਈ ਅਤੇ ‘ਡ’ ਵੀ ‘ੜ’ ਵਿਚ ਬਦਲ ਗਿਆ। ਗੋਪਾਲ ਸਿੰਘ ਦੇ ‘ਬਾਰਾਮਾਹ ਦਿਉਰ ਭਾਬੀ’ ਵਿਚ ਵੀ ਇਸ ਤਰ੍ਹਾਂ ਦਾ ਜ਼ਿਕਰ ਹੈ,
ਰਾਤੀਂ ਤਿਲ ਲੋਂਹਡੀ ਵਿਚ ਪਾਈਏ
ਮਾਘ ਮਹੀਨਾ ਆਇਆ ਈ,
ਜਾਵੀਂ ਦਿਉਰਾ ਤਿਲ ਲਿਆਵੀਂ
ਮਾਘ ਮਹੀਨਾ ਆਇਆ ਈ।
ਇਸ ਵਿਚ ਕੋਈ ਸੰਦੇਹ ਨਹੀਂ ਕਿ ਇਸ ਤਿਉਹਾਰ ਦੇ ਨਾਮਕਰਣ ਬਾਰੇ ਕੁਝ ਵੀ ਅੰਤਿਮ ਨਹੀਂ ਕਿਹਾ ਜਾ ਸਕਦਾ, ਪਰ ਇਹ ਸੱਚ ਹੈ ਕਿ ਲੋਹੜੀ ਦਾ ਸਬੰਧ ਅਗਨੀ-ਪੂਜਾ ਨਾਲ ਹੈ। ਪੁਰਾਣੇ ਜ਼ਮਾਨਿਆਂ ਵਿਚ ਮਨੁੱਖ ਦੀ ਸਭ ਤੋਂ ਵੱਡੀ ਜ਼ਰੂਰਤ ਅਤੇ ਸਹੂਲਤ ਅੱਗ ਸੀ। ਘਰਾਂ ਵਿਚ ਅੱਗ ਵਰਤਣ ਤੋਂ ਬਾਅਦ ਇਸ ਤਰ੍ਹਾਂ ਦੱਬ ਦਿੱਤੀ ਜਾਂਦੀ ਸੀ ਕਿ ਉਹ ਜ਼ਿੰਦਾ ਰਹੇ ਅਤੇ ਜਦੋਂ ਮਨ ਚਾਹੇ ਫੇਰ ਮਘਾ ਲਈ ਜਾਵੇ; ਪਰ ਕਈ ਵਾਰ ਜਦ ਕਿਤੇ ਦੱਬੀ ਅੱਗ ਸੌਂ ਜਾਵੇ ਜਾਂ ਮਰ ਜਾਵੇ ਤਾਂ ਅੱਗ ਗੁਆਂਢੀਆਂ ਕੋਲੋਂ ਮੰਗਣੀ ਪੈਂਦੀ ਸੀ, ਜੋ ਬਦਸ਼ਗਨੀ ਸਮਝੀ ਜਾਂਦੀ ਸੀ- ਦੇਵਤੇ ਨਾਰਾਜ਼ ਹੁੰਦੇ ਸਨ। ਅੱਗ ਦੀ ਸਭ ਤੋਂ ਵੱਧ ਜ਼ਰੂਰਤ ਵੀ ਸਰਦੀਆਂ ਵਿਚ ਹੀ ਹੁੰਦੀ ਸੀ ਅਤੇ ਅੱਗ ਬੁੱਝਦੀ-ਮਰਦੀ ਵੀ ਜ਼ਿਆਦਾ ਸਰਦੀਆਂ ਵਿਚ ਹੀ ਸੀ। ਇਸ ਲਈ ਪਿੰਡ ਵਿਚ ਸਾਂਝੇ ਤੌਰ `ਤੇ ਬਾਲਣ ਇਕੱਠਾ ਕਰਕੇ ਵੱਡੀ ਅਗਨੀ ਬਾਲੀ ਜਾਂਦੀ ਸੀ। ਖਾਸ ਤੌਰ `ਤੇ ਉਨ੍ਹਾਂ ਘਰਾਂ ਵਿਚ ਲੋਹੜੀ ਮੰਗੀ ਜਾਂਦੀ ਸੀ, ਜਿਨ੍ਹਾਂ ਘਰਾਂ ਵਿਚ ਕੁਦਰਤ ਨੇ ਖੁਸ਼ੀਆਂ ਬਖਸ਼ੀਆਂ ਹੋਣ: ਮੁੰਡੇ ਦਾ ਵਿਆਹ ਹੋਇਆ ਹੋਵੇ ਜਾਂ ਉਸ ਘਰ ਲੜਕੇ ਦੀ ਦਾਤ ਆਈ ਹੋਵੇ। ਰਾਤ ਦੇਰ ਗਏ ਤੱਕ ਸਾਰੇ ਜਣੇ ਅੱਗ ਸੇਕਦੇ ਗੀਤ/ਗਾਣੇ ਗਾਉਂਦੇ, ਭੰਗੜੇ ਪਾਏ ਜਾਂਦੇ ਅਤੇ ਗੁੜ, ਭੁੱਜੇ ਦਾਣੇ, ਮੂੰਗਫਲੀ, ਤਿਲ ਆਦਿ ਖਾਧੇ/ਚੱਬੇ ਜਾਂਦੇ; ਅਤੇ ਫਿਰ ਅੱਗ ਦਬਾ ਦਿੱਤੀ ਜਾਂਦੀ। ਅਗਲੇ ਦਿਨ ਤੱਕ ਜਦੋਂ ਕੋਈ ਚਾਹੇ ਏਥੋਂ ਅੱਗ ਲਿਜਾ ਸਕਦਾ ਸੀ। ਲੋਹੜੀ ਦੇ ਭੁੱਗੇ ਦੀ ਅੱਗ ਘਰ ਲਿਜਾਣ ਦੀ ਪਰੰਪਰਾ ਅੱਜ ਵੀ ਤੁਰੀ ਆਉਂਦੀ ਹੈ।
ਲੋਹੜੀ ਦਾ ਸਮੂਹਿਕ ਤੌਰ `ਤੇ ਮਨਾਉਣਾ ਕਈ ਪੱਖਾਂ ਤੋਂ ਵੈਦਿਕ ਸਮਿਆਂ ਵਿਚ ਕੀਤੇ ਜਾਂਦੇ ਯੱਗਾਂ ਦੇ ਤੱਤਾਂ ਦੀ ਮੌਜੂਦਗੀ ਪੱਖੋਂ ਵੀ ਵਿਚਾਰਿਆ ਜਾ ਸਕਦਾ ਹੈ। ਗ੍ਰਹਿਸਥੀ ਮਨੁੱਖ ਲਈ ਨਿਸ਼ਚਿਤ ਕੀਤੇ ਯੱਗਾਂ ਦੇ ਕਈ ਤੱਤ ਲੋਹੜੀ ਦੇ ਮਘਾਉਣ ਵਿਚ ਮੌਜੂਦ ਹਨ। ਵੇਦਾਂ ਵਿਚ ਅਗਨੀ-ਯੁੱਗ ਕਰਨੇ, ਉਨ੍ਹਾਂ ਨੂੰ ਸਰਦੇ-ਬਣਦੇ ਦੀ ਆਹੂਤੀ ਦੇਣੀ ਜਿਵੇਂ ਘਿਉ, ਚੌਲ, ਤਿਲ ਆਦਿ। ਯੱਗ ਵਿਚ ਸਭ ਨੂੰ ਸ਼ਾਮਲ ਕਰਨਾ ਅਤੇ ਪ੍ਰਸ਼ਾਦ ਛਕਾਉਣਾ ਆਦਿ ਸਭ ਕੁਝ ਹੀ ਲੋਹੜੀ-ਕੁੰਡ ਵਿਚ ਸ਼ਾਮਲ ਹੁੰਦਾ ਹੈ। ਲੋਹੜੀ ਮੰਗਣ ਵਿਚ, ਬਾਲਣ ਵਿਚ, ਸੇਕਣ ਵਿਚ ਅਤੇ ਮੂੰਗਫਲੀ, ਦਾਣੇ ਆਦਿ ਚੱਬਣ ਵਿਚ ਸਾਰਾ ਪਿੰਡ ਸ਼ਾਮਲ ਹੁੰਦਾ ਹੈ।
ਲੋਹੜੀ ਵਾਲੇ ਦਿਨ ਕੁੜੀਆਂ-ਮੁੰਡਿਆਂ ਦੀਆਂ ਟੋਲੀਆਂ ਗੀਤ ਗਾ ਕੇ ਖੁਸ਼ੀ ਵਾਲੇ ਘਰੋਂ ਲੋਹੜੀ ਮੰਗਦੀਆਂ ਹਨ। ਇਹ ਲੋਹੜੀ ਪਹਿਲੇ ਸਮਿਆਂ ਵਿਚ ਭੁੱਜੇ ਹੋਏ ਮੱਕੀ ਦੇ ਦਾਣੇ ਅਤੇ ਗੁੜ ਦੇ ਰੂਪ ਵਿਚ ਦਿੱਤੀ ਜਾਂਦੀ ਸੀ। ਸਮਾਂ ਬਦਲਣ ਨਾਲ ਮੱਕੀ ਦੇ ਫੁੱਲਿਆਂ ਦੀ ਥਾਂ ਮੂੰਗਫਲੀ ਨੇ ਲੈ ਲਈ ਅਤੇ ਗੁੜ ਦੀ ਥਾਂ ਰਿਉੜੀਆਂ ਨੇ। ਕਈ ਪਿੰਡਾਂ ਵਿਚ ਕੁੜੀਆਂ-ਮੁੰਡੇ ਲੋਹੜੀ ਤੋਂ ਹਫਤਾ-ਦੱਸ ਦਿਨ ਪਹਿਲਾਂ ਤੋਂ ਕੱਚੀ ਲੋਹੜੀ ਮੰਗਣ ਲੱਗਦੇ। ਕੁੜੀਆਂ ਤੇ ਮੁੰਡਿਆਂ ਵੱਲੋਂ ਗਾਏ ਜਾਂਦੇ ਗੀਤਾਂ ਤੋਂ ਸਾਫ ਜਾਹਰ ਹੈ ਕਿ ਲੋਹੜੀ ਸ਼ੁਰੂਆਤੀ ਦਿਨਾਂ ਵਿਚ ਜ਼ਰੂਰੀ ਹੀ ਕਿਸਾਨੀ-ਘਰਾਂ ਤੋਂ ਮੰਗੀ ਜਾਂਦੀ ਹੋਵੇਗੀ।
ਹੋਰ ਕਾਰੋਬਾਰ ਕਰਨ ਵਾਲੇ ਆਪਣੀਆਂ ਲੋੜਾਂ ਲਈ ਕਿਸਾਨਾਂ `ਤੇ ਨਿਰਭਰ ਸਨ। ਠੰਡ ਤੋਂ ਬਚਣ ਲਈ ਬਾਲਣ ਅਤੇ ਖਾਣ-ਪੀਣ ਵਾਲੀਆਂ ਸਭ ਵਸਤੂਆਂ ਦਾ ਸ੍ਰੋਤ ਕਿਸਾਨ ਹੀ ਸੀ। ਲੱਕੜਾਂ ਅਤੇ ਪਾਥੀਆਂ ਵੀ ਕਿਸਾਨ ਘਰੋਂ ਹੀ ਮਿਲਣੀਆਂ ਹੁੰਦੀਆਂ ਸਨ ਅਤੇ ਸਰਦੀਆਂ ਵਿਚ ਖਾਣ-ਚੱਬਣ ਵਾਲੀਆਂ ਚੀਜਾਂ ਜਿਵੇਂ ਗੁੜ, ਸ਼ੱਕਰ, ਫੁੱਲੇ, ਤਿਲ, ਮੂੰਗਫਲੀ ਸਿਰਫ ਜੱਟ/ਕਿਸਾਨ ਦੇ ਘਰੋਂ ਹੀ ਉਪਲਬਧ ਸਨ। ਇੱਕ ਲੋਕ-ਗੀਤ ਵਿਚ ਅਜਿਹੇ ਖਾਧ-ਪਦਾਰਥ ਦੀ ਮੰਗ ਗੀਤ ਗਾ ਕੇ ਏਦਾਂ ਕੀਤੀ ਗਈ ਹੈ,
ਹਰਨ ਮਾਰੀ ਛਾਲ, ਦੇ ਪੜੋਪੀ ਦਾਲ
ਹਰਨ ਮਾਰੀ ਚੁੰਗੀ, ਦੇ ਪੜੋਪੀ ਮੁੰਗੀ
ਹਰਨ ਮਾਰੀ ਟੱਕਰ, ਦੇ ਮਾਈ ਸ਼ੱਕਰ
ਹਰਨ ਪਿਆ ਬੋਲੇ, ਦੇ ਮਾਈ ਫੁੱਲੇ
ਹਰਨ ਮਾਰਿਆ ਨਿਓਲ, ਦੇ ਪੜੋਪੀ ਚਾਓਲ
ਹਰਨ ਮਾਰੀ ਬਿੱਲੀ, ਟੁਰ ਗਏ ਨੇ ਦਿੱਲੀ।
ਅੰਨ-ਉਤਪਾਦਕ ਹਮੇਸ਼ਾ ਤੋਂ ਸਖੀ ਰਿਹੈ, ਇਸ ਲਈ ਉਸ ਦੇ ਅਹਿਸਾਨਮੰਦ ਹੋਣਾ ਇਖਲਾਕੀ ਫਰਜ਼ ਬਣਦਾ ਹੈ ਭਾਵੇਂ ਕਿ ਇਹ ਵੀ ਸੱਚ ਹੈ ਕਿ ਅੰਨ-ਉਤਪਾਦਕ ਖੁਦ ਅਸਲੀ ਅੰਨ ਦਾਤੇ ਦਾ, ਦਿੱਤੀਆਂ ਫਸਲਾਂ ਲਈ ਸ਼ੁਕਰ-ਗੁਜ਼ਾਰ ਹੁੰਦੈ। ਲੋਹੜੀ ਮੰਗਣ ਵੇਲੇ ਕਿਸਾਨ ਦੇ ਕੁਨਬੇ ਦੀਆਂ ਸੱਤੇ ਖੈਰਾਂ ਮੰਗੀਆਂ ਜਾਂਦੀਆਂ ਹਨ,
ਲੋਹੜੀ ਬਈ ਲੋਹੜੀ ਏ
ਕਲਮਦਾਨ ਵਿਚ ਘਿਉ
ਜੀਵੇ ਮੁੰਡੇ ਦਾ ਪਿਉ
ਕਲਮਦਾਨ ਵਿਚ ਕਾਂ
ਜੀਵੇ ਮੁੰਡੇ ਦੀ ਮਾਂ
ਕਲਮਦਾਨ ਵਿਚ ਕਾਨਾ
ਜੀਵੇ ਮੁੰਡੇ ਦਾ ਨਾਨਾ
ਕਲਮਦਾਨ ਵਿਚ ਕਾਨੀ
ਜੀਵੇ ਮੁੰਡੇ ਦੀ ਨਾਨੀ
ਲੋਹੜੀ ਬਈ ਲੋਹੜੀ
ਦਿਉ ਬੀਬੀਓ ਲੋਹੜੀ।
ਲੋਹੜੀ ਮੰਗਣ ਵਾਲਿਆਂ ਨੂੰ ਪਤਾ ਹੁੰਦੈ ਕਿ ਫਸਲਾਂ ਦੇ ਮਾਲਕ ਦੇ ਘਰ ਵੰਡਣ ਲਈ ਬਹੁਤ ਕੁਝ ਹੁੰਦੈ, ਪਰ ਲੁਟਾਉਣ ਲਈ ਨਹੀਂ। ਇਸ ਲਈ ਸੁਆਣੀ ਨੇ ਸੋਚ-ਸਮਝ ਕੇ ਹੀ ਵੰਡਣਾ ਹੁੰਦੈ। ਸਾਰੇ ਦਿਨ ਵਿਚ ਕੁੜੀਆਂ-ਮੁੰਡਿਆਂ ਦੀਆਂ ਦਰਜਨਾਂ ਹੀ ਟੋਲੀਆਂ ਮੰਗਣ ਲਈ ਚੜ੍ਹੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਦਰਜ-ਬ-ਦਰਜਾ ਖੁਸ਼ ਰੱਖਣਾ ਹੁੰਦਾ ਹੈ, ਪਰ ਨਾਲ ਹੀ ਪਰਮਾਤਮਾ ਦੇ ਮਿਹਰ-ਕਰਮ ਨਾਲ ਆਈਆਂ ਫਸਲਾਂ ਲਈ ਹਰ ਕਿਸੇ ਦੀ ਅਸੀਸ ਵੀ ਲੈਣੀ ਹੁੰਦੀ ਹੈ। ਇਸ ਕਮਜ਼ੋਰੀ ਨੂੰ ਮੰਗਣ ਵਾਲੇ ਵੀ ਜਾਣਦੇ ਹੁੰਦੇ ਹਨ। ਇੱਕ ਗੀਤ ਤੋਂ ਪਤਾ ਲੱਗਦੈ ਕਿ ਕਿਸਾਨ-ਘਰ ਵਿਚ ਕੀ ਕੁਝ ਪਿਆ ਹੈ, ਵੰਡਣ ਲਈ,
ਜਿਹੜਾ ਦੇਵੇ ਗੰਨਾ
ਉਹਦਾ ਪੁੱਤਰ ਲੰਮਾ,
ਜਿਹੜਾ ਦੇਵੇ ਕਣਕ ਜੁਆਰ
ਉਹਦਾ ਪੁੱਤਰ ਠਾਣੇਦਾਰ,
ਜਿਹੜਾ ਦੇਵੇ ਪਾਥੀ
ਉਹਦਾ ਪੁੱਤਰ ਹਾਥੀ,
ਜਿਹੜਾ ਦੇਵੇ ਗੋਹਟਾ
ਉਹਦਾ ਪੁੱਤਰ ਚੋਹਟਾ,
ਜਿਹੜਾ ਦੇਵੇ ਲੱਪ ਜਵੈਣ
ਉਹਦਾ ਪੁੱਤਰ ਹਾਫੂ ਡੈਣ।
ਕਿਸਾਨ ਦੇ ਘਰ ਤੋਂ ਹਰ ਕਿਸੇ ਨੂੰ ਆਸ ਹੁੰਦੀ ਹੈ। ਲੋੜਵੰਦਾਂ ਵਿਚ ਮਨੁੱਖਾਂ ਤੋਂ ਬਿਨਾਂ ਪਸੂ-ਪੰਛੀ, ਜੀ-ਜਿਤਰੂ, ਸਭ ਸ਼ਾਮਲ ਹੁੰਦੇ ਹਨ। ਕਿਸਾਨ ਕਦੀ ਨਹੀਂ ਚਾਹੁੰਦਾ ਕਿ ਉਹਦੇ ਘਰੋਂ ਕੋਈ ਬੇ-ਜ਼ੁਬਾਨਾਂ ਵੀ ਭੁੱਖਾ ਜਾਵੇ। ਲੜਕੀਆਂ ਦੀ ਇੱਕ ਟੋਲੀ ਲੋਹੜੀ ਮੰਗਣ ਸਮੇਂ ਕਿੰਨੀ ਸੰਵੇਦਨਸ਼ੀਲਤਾ ਵਿਖਾਉਂਦੀਆਂ ਹਨ ਕਿ ਆਪਣੀ ਮੰਗ ਦੇ ਨਾਲ ਹੀ ਬੇ-ਜ਼ੁਬਾਨੇ ਦੀ ਮੰਗ ਪ੍ਰਤੀ ਵੀ ਘਰ-ਮਾਲਕਣ ਨੂੰ ਸੁਚੇਤ ਕਰ ਦਿੰਦੀਆਂ ਹਨ,
ਪਾ ਮਾਈ ਪਾ
ਕਾਲੇ ਕੁੱਤੇ ਨੂੰ ਵੀ ਪਾ,
ਕਾਲਾ ਕੁੱਤਾ ਦਈ ਦੁਆਈਂ
ਤੇਰੀ ਜੀਵੇ ਮੱਝੀ ਗਾਈਂ,
ਮੱਝੀ ਗਾਈਂ ਦਿੱਤਾ ਦੁੱਧ
ਤੇਰੇ ਜੀਵਣ ਸੱਤੇ ਪੁੱਤ,
ਸੱਤਾਂ ਪੁੱਤਾਂ ਦੀ ਵਧਾਈ
ਥਾਲ ਭਰਕੇ ਲਿਆਈਂ,
ਨਾਲ ਗੁੜ ਵੀ ਲਿਆਈਂ
ਲੋਹੜੀ ਬਈ ਲੋਹੜੀ
ਦਿਉ ਬੀਬੀਓ ਲੋਹੜੀ।
ਕਿੰਨੇ ਅਫਸੋਸ ਦੀ ਗੱਲ ਹੈ ਕਿ ਦੇਸ਼ ਵਾਸੀਆਂ ਦੀਆਂ ਸਾਰੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਾਲਾ, ਲੋਹੜੀਆਂ ਮੰਗਣ ਵਾਲਿਆਂ ਦੀਆਂ ਝੋਲੀਆਂ ਭਰਣ ਵਾਲਾ ਹਿੰਦੁਸਤਾਨ ਦਾ ਕਿਸਾਨ ਅਤੇ ਖਾਸ ਤੌਰ `ਤੇ ਉੱਤਰੀ ਭਾਰਤ ਦਾ ਕਿਸਾਨ ਅੱਜ ਸੜਕਾਂ `ਤੇ ਰੁਲ ਰਿਹੈ। ਇਨ੍ਹਾਂ ਸੱਤਾਧਾਰੀਆਂ ਨੂੰ ਕੋਈ ਯਾਦ ਕਰਾਵੇ ਕਿ ਕਿਸਾਨ ਆਪਣਾ ਖੇਤ ਤਿਆਰ ਕਰਕੇ, ਬੀਜ ਪਾਉਣ ਤੋਂ ਪਹਿਲਾਂ ਪਤੈ ਕੀ ਅਰਦਾਸ ਕਰਦੈ?
ਜੀਅ ਜੰਤ ਦੇ ਭਾਗੀਂ
ਆਏ-ਗਏ ਦੇ ਭਾਗੀਂ
ਚਿੜੀ-ਚੜੁੰਗੇ ਦੇ ਭਾਗੀਂ
ਡੰਗਰ-ਵੱਛੇ ਦੇ ਭਾਗੀਂ
ਰਾਹੀ-ਪਾਂਧੀ ਦੇ ਭਾਗੀਂ
ਹਾਲੀ-ਪਾਲੀ ਦੇ ਭਾਗੀਂ
ਸੀਰੀ-ਸਾਂਝੀ ਦੇ ਭਾਗੀਂ
ਸਕੇ-ਸਬੰਧੀ ਦੇ ਭਾਗੀਂ ਤੇ
(ਅਖੀਰ ਵਿਚ) ਘਰ-ਪਰਿਵਾਰ ਦੇ ਭਾਗੀਂ।
ਸੱਤਾਧਾਰੀਆਂ ਨੂੰ ਇਹ ਵੀ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੀਆਂ ਸੁੱਖਾਂ ਮੰਗਣ ਵਾਲਾ ਜਦ ਬਦ-ਦੁਆਵਾਂ ਦੇਣ `ਤੇ ਆਉਂਦਾ ਹੈ ਤਾਂ ਪਰਮਾਤਮਾ ਉਸ ਦੀ ਬੜੀ ਨੇੜੇ ਹੋ ਕੇ ਸੁਣਦਾ ਹੈ। ਕਿਸਾਨ ਬਾਖੂਬੀ ਜਾਣਦਾ ਹੈ ਕਿ ਉਸ ਪਰਮਾਤਮਾ ਦੇ ਘਰ ਦੇਰ ਤਾਂ ਹੈ ਪਰ ਅੰਧੇਰ ਨਹੀਂ ਹੈ।