ਹਰਗੁਣਪ੍ਰੀਤ ਸਿੰਘ ਪਟਿਆਲਾ
ਫੋਨ: +91-94636-19353
ਵਿਸ਼ਵ ਪ੍ਰਸਿੱਧ ਸ਼ਖਸੀਅਤ ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਸਮੁੱਚੀ ਮਾਨਵਤਾ ਲਈ ਰਾਹ ਦਸੇਰੇ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਕੇਵਲ ਉਨਤਾਲੀ ਸਾਲਾਂ ਦੀ ਛੋਟੀ ਉਮਰ ਵਿਚ ਹੀ ਕਈ ਪ੍ਰਕਾਰ ਦੀਆਂ ਸਰੀਰਕ, ਸਮਾਜਕ ਤੇ ਆਰਥਕ ਸਮੱਸਿਆਵਾਂ ਦੇ ਬਾਵਜੂਦ ਉੱਚ ਵਿੱਦਿਆ ਪ੍ਰਾਪਤ ਕੀਤੀ ਅਤੇ ਵਿਸ਼ਵ ਨੂੰ ਭਾਰਤੀ ਧਰਮ, ਦਰਸ਼ਨ ਅਤੇ ਸੱਭਿਆਚਾਰ ਦੀ ਮਹਾਨਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਮਨੁੱਖਤਾ ਨੂੰ ਆਪਣੇ ਅੰਦਰ ਸਵੈ ਵਿਸ਼ਵਾਸ ਜਗਾਉਣ, ਉੱਚ ਆਚਰਣ ਦੇ ਧਾਰਨੀ ਬਣਨ ਅਤੇ ਲੋਕ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਆ।
ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਦਾ ਮੁੱਖ ਆਦਰਸ਼ ਧਰਮ ਹੈ, ਜੋ ਇਸ ਦੀ ਜ਼ਿੰਦਗੀ ਦਾ ਸੰਗੀਤ ਹੈ। ਆਪਣੇ ਅਧਿਆਤਮਕ ਜੀਵਨ ਨੂੰ ਉੱਚਾ ਚੁੱਕ ਕੇ ਹੀ ਸਮਾਜਕ ਅਤੇ ਰਾਜਨੀਤਕ ਸੁਧਾਰ ਦੀ ਕਲਪਨਾ ਕੀਤੀ ਜਾ ਸਕਦੀ ਹੈ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਪੁਰਾਣਾਂ ਅਤੇ ਉਪਨਿਸ਼ਦਾਂ ਦੇ ਸੰਦੇਸ਼ ਨੂੰ ਮੱਠਾਂ ਵਿਚੋਂ ਬਾਹਰ ਕੱਢ ਕੇ ਹਰ ਘਰ, ਖੇਤਰ, ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਹਰ ਦਿਸ਼ਾ ਵੱਲ ਫੈਲਾਉਣਾ ਬਹੁਤ ਜ਼ਰੂਰੀ ਹੈ।
ਸਵਾਮੀ ਜੀ ਦਾ ਇਹ ਵੀ ਮੰਨਣਾ ਸੀ ਕਿ ਪਹਿਲਾਂ ਆਪਣੇ ਆਪ ਉੱਤੇ ਵਿਸ਼ਵਾਸ ਅਤੇ ਫਿਰ ਪਰਮਾਤਮਾ ਉਤੇ ਵਿਸ਼ਵਾਸ ਰੱਖਣ ਨਾਲ ਹੀ ਅਸਲ ਵਿਕਾਸ ਸੰਭਵ ਹੈ। ਪੁਰਾਣੇ ਧਰਮ ਮੁਤਾਬਿਕ ਉਹ ਵਿਅਕਤੀ ਨਾਸਤਿਕ ਮੰਨਿਆ ਜਾਂਦਾ ਸੀ, ਜੋ ਰੱਬ ਵਿਚ ਵਿਸ਼ਵਾਸ ਨਹੀਂ ਸੀ ਰੱਖਦਾ, ਪਰ ਆਧੁਨਿਕ ਧਰਮ ਅਨੁਸਾਰ ਉਹ ਵਿਅਕਤੀ ਪੱਕਾ ਨਾਸਤਿਕ ਹੈ, ਜੋ ਆਪਣੇ ਆਪ ਵਿਚ ਵਿਸ਼ਵਾਸ ਨਹੀਂ ਰੱਖਦਾ। ਤੇਤੀ ਕਰੋੜ ਦੇਵੀ ਦੇਵਤਿਆਂ ਉੱਪਰ ਭਰੋਸਾ ਰੱਖ ਕੇ ਵੀ ਜੇ ਆਪਣੇ ਆਪ ਉੱਪਰ ਭਰੋਸਾ ਨਹੀਂ ਰੱਖਣਾ ਤਾਂ ਮੁਕਤੀ ਦੀ ਪ੍ਰਾਪਤੀ ਕਦੇ ਸੰਭਵ ਨਹੀਂ ਹੋ ਸਕਦੀ। ਆਪਣਾ ਆਤਮ ਵਿਸ਼ਵਾਸ ਗੁਆਉਣ ਦਾ ਅਰਥ ਹੀ ਪਰਮਾਤਮਾ ਵਿਚ ਵਿਸ਼ਵਾਸ ਗੁਆਉਣ ਸਮਾਨ ਹੁੰਦਾ ਹੈ।
ਪਰਮਾਤਮਾ ਉਸ ਵਿਅਕਤੀ ਨੂੰ ਤਾਂ ਮੁਆਫ ਕਰ ਦੇਵੇਗਾ, ਜੋ ਆਪਣੀ ਤਰਕ ਸ਼ਕਤੀ ਕਰਕੇ ਨਾਸਤਿਕ ਬਣਿਆ ਹੈ, ਪਰ ਉਸ ਨੂੰ ਕਦੇ ਮੁਆਫ ਨਹੀਂ ਕਰੇਗਾ, ਜੋ ਅੰਧਵਿਸ਼ਵਾਸ ਪਾਲ ਕੇ ਰੱਖਦਾ ਹੈ। ਉਹ ਅਕਸਰ ਕਿਹਾ ਕਰਦੇ ਸਨ ਕਿ ਭਾਰਤ ਵਾਸੀਆਂ ਨੂੰ ਸਭ ਦੇਵੀ-ਦੇਵਤਿਆਂ ਨੂੰ ਆਪਣੇ ਮਨਾਂ ਵਿਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਆਪਣੀ ਜਨਮ ਭੂਮੀ ਨੂੰ ਹੀ ਪਰਮਾਤਮਾ ਸਮਾਨ ਸਮਝ ਕੇ ਸਭ ਤੋਂ ਪਹਿਲਾਂ ਆਪਣੇ ਦੇਵਤਾ ਸਰੂਪ ਦੇਸ਼ ਵਾਸੀਆਂ ਦੀ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ। ਸਾਡੇ ਵਿਕਾਸ ਲਈ ਸਭ ਤੋਂ ਪਹਿਲਾਂ ਸਾਡਾ ਸਰੀਰਕ ਤੌਰ ਉਤੇ ਤਾਕਤਵਰ ਹੋਣਾ ਜ਼ਰੂਰੀ ਹੈ। ‘ਗੀਤਾ’ ਦਾ ਪਾਠ ਕਰਨ ਦੀ ਥਾਂ ਫੁੱਟਬਾਲ ਦੀ ਖੇਡ ਖੇਡਣ ਨਾਲ ਸਵਰਗ ਦੇ ਹੋਰ ਨੇੜੇ ਪਹੁੰਚਿਆ ਜਾ ਸਕਦਾ ਹੈ। ਆਪਣੇ ਪੱਠਿਆਂ ਅਤੇ ਡੌਲਿਆਂ ਨੂੰ ਥੋੜ੍ਹਾ ਹੋਰ ਮਜ਼ਬੂਤ ਬਣਾ ਕੇ ਹੀ ਗੀਤਾ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਸੰਸਾਰ ਵਿਚ ਕਮਜ਼ੋਰੀ ਹੀ ਸਭ ਤੋਂ ਵੱਡਾ ਪਾਪ ਹੈ ਅਤੇ ਜਿਹੜਾ ਕੰਮ ਸਾਨੂੰ ਸਰੀਰਕ ਤੇ ਮਾਨਸਿਕ ਤੌਰ ਉੱਤੇ ਕਮਜ਼ੋਰ ਕਰੇ, ਉਹ ਹੀ ਸਭ ਤੋਂ ਵੱਡਾ ਪਾਪ ਹੈ।
ਸਵਾਮੀ ਜੀ ਦੇ ਵਿਚਾਰ ਸਨ ਕਿ ਸਾਨੂੰ ਉੱਠ-ਜਾਗ ਕੇ ਆਪਣੀ ਮੰਜ਼ਿਲ ਤੱਕ ਨਾ ਪਹੁੰਚ ਜਾਣ ਤੱਕ ਨਿਰੰਤਰ ਬਿਨਾ ਰੁਕੇ ਚੱਲਦੇ ਰਹਿਣਾ ਚਾਹੀਦਾ ਹੈ। ਸਾਡੇ ਵਿਚੋਂ ਕੋਈ ਵੀ ਕਮਜ਼ੋਰ ਨਹੀਂ ਹੈ, ਕਿਉਂਕਿ ਸਾਡੀ ਆਤਮਾ ਅਸੀਮ, ਸਰਬ ਸ਼ਕਤੀਮਾਨ ਅਤੇ ਸਰਬ ਕਲਾ ਸਮਰੱਥ ਹੈ। ਇਸ ਲਈ ਆਪਣੇ ਅੰਦਰਲੇ ਪਰਮਾਤਮਾ ਨੂੰ ਵੇਖਣ ਦੀ ਜ਼ਰੂਰਤ ਹੈ। ਸਾਨੂੰ ਇਨਸਾਨ ਬਣਾਉਣ ਵਾਲੇ ਰੱਬ ਦੀ ਜ਼ਰੂਰਤ ਹੈ, ਇਨਸਾਨ ਬਣਾਉਣ ਵਾਲੀ ਭਾਸ਼ਾ ਦੀ ਜ਼ਰੂਰਤ ਹੈ ਅਤੇ ਇਨਸਾਨ ਬਣਾਉਣ ਵਾਲੇ ਉਦੇਸ਼ਾਂ ਦੀ ਜ਼ਰੂਰਤ ਹੈ। ਸਾਨੂੰ ਸਿਰਫ ਲੋੜ ਹੈ ਜੋਸ਼ੀਲੇ ਅਤੇ ਆਤਮ ਵਿਸ਼ਵਾਸੀ ਜਵਾਨਾਂ ਦੀ, ਬਾਕੀ ਸਭ ਆਪਣੇ ਆਪ ਸੰਭਵ ਹੋ ਜਾਵੇਗਾ। ਜੇ ਅਜਿਹੇ ਸੌ ਅਣਖੀਲੇ ਨੌਜਵਾਨ ਮਿਲ ਜਾਣ ਤਾਂ ਦੁਨੀਆ ਵਿਚ ਕ੍ਰਾਂਤੀ ਆ ਜਾਵੇਗੀ।
ਉਨ੍ਹਾਂ ਅਨੁਸਾਰ ਜੇ ਸਾਡਾ ਵਰਤਮਾਨ ਸਾਡੇ ਅਤੀਤ ਦੇ ਕਰਮਾਂ ਦਾ ਫਲ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਅੱਜ ਦੇ ਕਰਮ ਹੀ ਸਾਡੇ ਭਵਿੱਖ ਦੇ ਨਿਰਮਾਤਾ ਹਨ। ਇਸ ਲਈ ਕਰਮ ਕਰਨ ਦੀ ਸਹੀ ਜਾਚ ਹੀ ਉੱਤਮ ਫਲ ਪ੍ਰਦਾਨ ਕਰਦੀ ਹੈ। ਭਾਵੇਂ ਤਾਰੇ ਆਕਾਸ਼ ਵਿਚੋਂ ਅਸਤ ਹੋ ਜਾਣ ਅਤੇ ਭਾਵੇਂ ਸਾਰਾ ਵਿਸ਼ਵ ਸਾਡੇ ਵਿਰੋਧ ਵਿਚ ਖੜ੍ਹਾ ਹੋ ਜਾਵੇ, ਪਰ ਹਮੇਸ਼ਾ ਡਟੇ ਰਹੋ ਅਤੇ ਸੰਘਰਸ਼ ਜਾਰੀ ਰੱਖੋ। ‘ਸੰਘਰਸ਼’ ਇਕ ਮਹਾਨ ਸ਼ਬਦ ਹੈ, ਜੋ ਸਾਡੇ ਜੀਵਨ ਦਾ ਮੂਲ ਤੱਤ ਹੈ। ਸਾਨੂੰ ਸਾਰਿਆਂ ਨੂੰ ਹੀ ਸੰਘਰਸ਼ ਵਿਚੋਂ ਲੰਘਣਾ ਪੈਂਦਾ ਹੈ। ਜੇ ਸਵਰਗ ਨੂੰ ਕੋਈ ਰਾਹ ਜਾਂਦਾ ਹੈ ਤਾਂ ਨਰਕ ਵਿਚੋਂ ਦੀ ਹੋ ਕੇ ਹੀ ਜਾਂਦਾ ਹੈ। ਸੱਚਾਈ, ਪਵਿੱਤਰਤਾ ਅਤੇ ਨਿਰਸੁਆਰਥਤਾ ਜਿਸ ਇਨਸਾਨ ਅੰਦਰ ਮੌਜੂਦ ਹੈ, ਬ੍ਰਹਿਮੰਡ ਦੀ ਕੋਈ ਸ਼ਕਤੀ ਉਸ ਨੂੰ ਰੋਕ ਨਹੀਂ ਸਕਦੀ। ਜੇ ਸਾਡੇ ਕਰਮ ਚੰਗੇ ਅਤੇ ਉੱਤਮ ਹਨ ਤਾਂ ਸਮਾਜ ਨੂੰ ਸਾਡਾ ਲੋਹਾ ਮੰਨਣਾ ਹੀ ਪਵੇਗਾ, ਭਾਵੇਂ ਸਦੀਆਂ ਬਾਅਦ ਹੀ ਮੰਨੇ। ਇਸ ਲਈ ਹਮੇਸ਼ਾ ਦ੍ਰਿੜਤਾ ਨਾਲ ਡਟੇ ਰਹੋ ਅਤੇ ਈਰਖਾ ਤੇ ਨਿਜੀ ਸੁਆਰਥ ਤੋਂ ਬਚ ਕੇ ਰਹੋ।
ਸਵਾਮੀ ਜੀ ਅਕਸਰ ਕਹਿੰਦੇ ਹੁੰਦੇ ਸਨ ਕਿ ਮਨੁੱਖਤਾ ਦੇ ਵਿਕਾਸ ਲਈ ਫਿਰਕਾਪ੍ਰਸਤੀ ਬਹੁਤ ਖਤਰਨਾਕ ਹੈ। ਉਹ ਆਪਣੇ ਭਾਸ਼ਣਾਂ ਵਿਚ ਨਾ ਸਿਰਫ ਹਿੰਦੂ ਧਰਮ ਸਗੋਂ ਹੋਰਨਾਂ ਧਰਮਾਂ ਦੇ ਪੈਗੰਬਰਾਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੀ ਵੀ ਪ੍ਰਸ਼ੰਸਾ ਕਰਦੇ ਸਨ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਆਧੁਨਿਕ ਭਾਰਤ ਦੇ ਨਿਰਮਾਤਾ’ ਅਤੇ ‘ਮਹਾਨ ਹੀਰੋ’ ਦਾ ਦਰਜਾ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਨਮਸਕਾਰ ਕਰਦਿਆਂ ਅਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਕਰਦਿਆਂ ਕਿਹਾ ਸੀ ਕਿ ਪੰਜਾਬ ਸੂਰਬੀਰਾਂ ਦੀ ਉਹ ਧਰਤੀ ਹੈ, ਜਿਸ ਨੂੰ ਸਭ ਤੋਂ ਪਹਿਲਾਂ ਆਪਣੀ ਹਿੱਕ ‘ਤੇ ਜ਼ਾਲਮਾਨਾ ਹਮਲਿਆਂ ਖਿਲਾਫ ਲੜਨਾ ਤੇ ਅੜਨਾ ਪਿਆ। ਇਹ ਉਹ ਧਰਤੀ ਹੈ, ਜਿਸ ਨੇ ਇੰਨੇ ਦੁੱਖ ਝੱਲਣ ਦੇ ਬਾਵਜੂਦ ਆਪਣੀ ਆਨ, ਬਾਨ ਤੇ ਸ਼ਾਨ ਨੂੰ ਗਵਾਇਆ ਨਹੀਂ। ਇੱਥੇ ਹੀ ਰਹਿਮ ਦਿਲ ਗੁਰੂ ਨਾਨਕ ਨੇ ਸਾਰੇ ਸੰਸਾਰ ਨੂੰ ਅਦਭੁੱਤ ਪਿਆਰ ਦਾ ਸੁਨੇਹਾ ਦਿੱਤਾ ਅਤੇ ਆਪਣੇ ਵਿਸ਼ਾਲ ਹਿਰਦੇ ਨਾਲ ਸਾਰੇ ਜਗਤ ਨੂੰ ਗਲੇ ਨਾਲ ਲਾਇਆ; ਸਿਰਫ ਹਿੰਦੂਆਂ ਨੂੰ ਹੀ ਨਹੀਂ, ਮੁਸਲਮਾਨਾਂ ਨੂੰ ਵੀ।
ਇਸੇ ਧਰਤੀ ਉਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ, ਆਪਣੇ ਸਭ ਤੋਂ ਪਿਆਰਿਆਂ ਅਤੇ ਨੇੜਲਿਆਂ ਦਾ ਖੂਨ ਵਹਾਏ ਜਾਣ ਮਗਰੋਂ ਤੇ ਜਿਨ੍ਹਾਂ ਲਈ ਖੂਨ ਵਹਾਇਆ ਸੀ, ਜਦੋਂ ਉਹ ਵੀ ਸਾਥ ਛੱਡ ਗਏ ਤਾਂ ਉਹ ਬਿਨਾ ਕਿਸੇ ਗਿਲੇ ਸ਼ਿਕਵੇ ਦੇ, ਬਿਨਾ ਕਿਸੇ ਖਿਲਾਫ ਇਕ ਵੀ ਸ਼ਬਦ ਉਚਾਰੇ, ਦੱਖਣ ਵੱਲ ਨੂੰ ਚਲੇ ਗਏ। ਗੁਰੂ ਜੀ ਨੇ ਹਾਰੀ ਅਤੇ ਦੁਰਕਾਰੀ ਹੋਈ ਭਾਰਤੀ ਲੋਕਾਈ ਵਿਚ ਅਣਖ ਤੇ ਸਵੈਮਾਣ ਨਾਲ ਜਿਊਣ ਦੀ ਨਵੀਂ ਰੂਹ ਫੂਕੀ। ਇਸ ਲਈ ਭਾਰਤ ਦੇ ਗੌਰਵ ਅਤੇ ਮਹਿਮਾ ਨੂੰ ਮੁੜ ਸੁਰਜੀਤ ਕਰਨ ਲਈ ਹਰੇਕ ਇਨਸਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸ਼ਰਧਾਲੂ ਬਣਨਾ ਚਾਹੀਦਾ ਹੈ।