ਅਮਰਜੀਤ ਸਿੰਘ ਮੁਲਤਾਨੀ
80ਵੇਂ ਦਹਾਕੇ ਦੀ ਗੱਲ ਹੈ, ਜਦੋਂ ਮੈਨੂੰ ਪੰਜਾਬੀ ਅਖਬਾਰ ‘ਅਜੀਤ’ ਜਲੰਧਰ ਨਾਲ ਕਲਕੱਤੇ ਤੋਂ ਵਪਾਰਕ ਪ੍ਰਤੀਨਿਧੀ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਉਸ ਵੇਲੇ ਕਲਕੱਤਾ, ਬੰਬਈ, ਦਿੱਲੀ, ਮਦਰਾਸ, ਬੰਗਲੌਰ ਅਤੇ ਹੈਦਰਾਬਾਦ ਸ਼ਹਿਰ ਅਖਬਾਰਾਂ ਵਿਚ ਇਸ਼ਤਿਹਾਰ ਦੇਣ ਦੇ ਮੁੱਖ ਕੇਂਦਰ ਹੁੰਦੇ ਸਨ। ਇਸ਼ਤਿਹਾਰ ਦੇਣ ਵਾਲੀਆਂ ਐਡ ਏਜੰਸੀਆਂ ਵੀ ਇਨ੍ਹਾਂ ਸ਼ਹਿਰਾਂ ਵਿਚ ਹੀ ਸਥਿਤ ਹੁੰਦੀਆਂ ਸਨ। ਉਸ ਵੇਲੇ ਇਲੈਕਟ੍ਰੌਨਿਕ ਮੀਡੀਆ ਦਾ ਇੱਕੋ ਇਕ ਮੁੱਖ ਸਰੋਤ ਦੂਰ ਦਰਸ਼ਨ ਹੀ ਸੀ।
ਰੇਡੀਓ ਵੀ ਉਨ੍ਹੀਂ ਦਿਨੀਂ ਐਡ ਦੇਣ ਦਾ ਇਕ ਸਸ਼ਕਤ ਮਾਧਿਅਮ ਸੀ। ਪੰਜਾਬ ਤੋਂ ਛਪਦੀ ਹਿੰਦੀ ਭਾਸ਼ਾ ਦੀ ਅਖਬਾਰ ‘ਪੰਜਾਬ ਕੇਸਰੀ’ ਦੀ ਉਸ ਵੇਲੇ ਸਾਰੇ ਹੀ ਵਿਗਿਆਪਨ ਕੇਂਦਰਾਂ `ਤੇ ਪੂਰੀ ਚੜ੍ਹਤ ਸੀ। ਐਡ ਏਜੰਸੀਆਂ ਦੇ ਮੀਡੀਆ ਪਲੈਨ ਵਿਚ ਪੰਜਾਬ ਰਾਜ ਦੇ ਪ੍ਰਤੀਨਿਧੀ ਅਖਬਾਰ ਵਜੋਂ ਪੰਜਾਬ ਕੇਸਰੀ ਦੀ ਹੀ ਸ਼ਮੂਲੀਅਤ ਹੁੰਦੀ ਸੀ। ਉਨ੍ਹੀਂ ਦਿਨੀਂ ਐਡ ਏਜੰਸੀਆਂ ਦਾ ਦਬਦਬਾ ਬਹੁਤ ਸੀ। ਕਲਾਇੰਟ ਏਜੰਸੀਆਂ ਵੱਲੋਂ ਸੁਝਾਈ ਮੀਡੀਆ ਲਿਸਟ `ਤੇ ਬਹੁਤ ਭਰੋਸਾ ਕਰਦੇ ਹੁੰਦੇ ਸਨ। ਐਡ ਏਜੰਸੀਆਂ ਵਿਚ ਮੀਡੀਆ ਪਲੈਨਿੰਗ ਵਿਭਾਗ, ਜਿਸ ਵਿਚ ਮੀਡੀਆ ਪਲੈਨਰ, ਮੀਡੀਆ ਕੰਟ੍ਰੋਲਰ, ਮੀਡੀਆ ਸਰਵੀਸਿੰਗ, ਕਲਾਇੰਟ ਐਗਜ਼ੇਕਿਉਟਿਵ ਅਤੇ ਸਰਵੀਸਿੰਗ ਵਿਭਾਗ ਬਹੁਤ ਖਾਸ ਹੁੰਦੇ ਸਨ। ਕਲਾਇੰਟ ਨਾਲ ਮੀਟਿੰਗਾਂ ਕਰਕੇ ਉਸ ਦੀ ਵਪਾਰਕ ਲੋੜ ਨੂੰ ਪੂਰਾ ਕਰਦਾ ਸਾਲਾਨਾ ਮੀਡੀਆ ਪਲੈਨ ਬਣਾਉਂਦੇ ਸਨ। ਹਰ ਐਡ ਏਜੰਸੀ ਵਿਚ ਮੀਡੀਆ ਮੈਨੇਜਰ ਇੱਕ ਅਹਿਮ ਪੋਸਟ ਹੁੰਦੀ ਸੀ।
ਸਾਰੀਆਂ ਹੀ ਅਖਬਾਰਾਂ ਦੇ ਮਾਲਕ ਜਾਂ ਐਡ ਮੈਨੇਜਰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਐਡ ਏਜੰਸੀਆਂ ਵਿਚ ਸਾਲਾਨਾ ਦੋ ਵਾਰ ਜ਼ਰੂਰ ਜਾਂਦੇ ਸਨ। ਇੱਕ ਵਾਰ ਮਾਰਚ-ਅਪਰੈਲ `ਚ, ਜਦੋਂ ਹਰ ਵੱਡੇ ਕਲਾਇੰਟ ਦਾ ਸਾਲਾਨਾ ਐਡ ਕੰਪੇਨ ਬਣਦਾ ਹੁੰਦਾ ਸੀ। ਦੂਜੀ ਵਾਰ ਜਦੋਂ ਦੀਵਾਲੀ ਸਮੇਤ ਤਿਉਹਾਰਾਂ ਦਾ ਸੀਜ਼ਨ ਹੁੰਦਾ ਸੀ। ਅਖਬਾਰਾਂ ਦੇ ਮਾਲਕ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਇਨ੍ਹਾਂ ਦੌਰਿਆਂ ਵੇਲੇ ਉਨ੍ਹਾਂ ਦੀ ਅਖਬਾਰ ਨੂੰ ਐਡ ਬਿਜਨਸ ਦੇਣ ਵਾਲੀਆਂ ਏਜੰਸੀਆਂ ਦੇ ਮੁੱਖ ਤੌਰ `ਤੇ ਮੀਡੀਆ ਮੈਨੇਜਰ ਤੇ ਮੀਡੀਆ ਵਿਭਾਗਾਂ ਨੂੰ ਲੰਚ/ਡਿਨਰ ਦਿੰਦੇ ਅਤੇ ਮੀਡੀਆ ਮੈਨੇਜਰ ਨੂੰ ਵੱਖਰੇ ਤੌਰ `ਤੇ ਗਿਫਟ ਯਾਂ ਕੈਸ਼ ਪੈਸੇ ਵੀ ਦਿਆ ਕਰਦੇ ਸਨ।
ਪੰਜਾਬ ਕੇਸਰੀ ਅਖਬਾਰ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਥਾਪਤ ਕਰ ਚੁਕਾ ਸੀ। ਲਾਲਾ ਜਗਤ ਨਰਾਇਣ ਦੇ ਦੋ ਬੇਟੇ ਵੱਡਾ ਰਮੇਸ਼ ਚੋਪੜਾ ਅਤੇ ਵਿਜੇ ਚੋਪੜਾ ਵੀ ਅਖਬਾਰ ਦੇ ਕੰਮਾਂ ਵਿਚ ਪੈ ਗਏ ਸਨ। ਰਮੇਸ਼ ਚੋਪੜਾ ਵਧੇਰੇ ਕਰਕੇ ਬਿਜਨਸ ਲਈ ਸਾਰੇ ਵਪਾਰਕ ਕੇਂਦਰਾਂ ਦਾ ਦੌਰਾ ਕਰਦੇ ਸਨ। ਉਨ੍ਹਾਂ ਨੇ ਸਾਰੇ ਸੈਂਟਰਾਂ ਦੇ ਮੀਡੀਆ ਮੈਨੇਜਰਾਂ ਨੂੰ ਪੰਜਾਬ ਕੇਸਰੀ ਨਾਲ ਚੰਗੀ ਤਰ੍ਹਾਂ ਬੰਨ੍ਹਿਆ ਹੋਇਆ ਸੀ। ਸਾਰੇ ਭਾਰਤ ਵਿਚ ਸਾਰੀਆਂ ਐਡ ਏਜੰਸੀਆਂ ਵਿਚ ਪੰਜਾਬ ਕੇਸਰੀ ਦੀ ਤੂਤੀ ਬੋਲਦੀ ਸੀ। ਉਸ ਵੇਲੇ ਪੰਜਾਬ ਦੀ ਪ੍ਰਤੀਨਿਧੀ ਅਖਬਾਰ ਵਜੋਂ ਪੰਜਾਬ ਕੇਸਰੀ ਨੂੰ ਹੀ ਇਹ ਮਾਣ ਪ੍ਰਾਪਤ ਸੀ।
ਜਦੋਂ ਮੈਨੂੰ ਰੋਜ਼ਾਨਾ ਅਜੀਤ ਲਈ ਵਪਾਰਕ ਪ੍ਰਤੀਨਿਧੀ ਬਣਨ ਦਾ ਮੌਕਾ ਮਿਲਿਆ, ਉਸ ਵੇਲੇ ਕਲਕੱਤਾ ਦੀ ਐਡ ਮਾਰਕੀਟ ਵਿਚ ਵੀ ਪੰਜਾਬ ਕੇਸਰੀ ਦੀ ਹੀ ਚੱਲਦੀ ਸੀ। ਇੱਥੇ ਮੈਂ ਇਹ ਦੱਸ ਦਿਆਂ ਕਿ ਪੰਜਾਬੀ ਜ਼ੁਬਾਨ ਦਾ ਸ਼ੁਰੂ ਤੋਂ ਰੱਬ ਹੀ ਰਾਖਾ ਰਿਹਾ ਹੈ। ਮੈਂ ਜਦੋਂ ਪਹਿਲੀ ਵਾਰ ਐਡ ਏਜੰਸੀਆਂ ਵਿਚ ਅਜੀਤ ਦੇ ਵਪਾਰਕ ਪ੍ਰਤੀਨਿਧੀ ਵਜੋਂ ਸ਼ੁਰੂਆਤ ਕੀਤੀ, ਤਾਂ ਐਡ ਏਜੰਸੀਆਂ ਦਾ ਇੱਕੋ ਇੱਕ ਘੜਿਆ ਘੜਾਇਆ ਉੱਤਰ ਹੁੰਦਾ ਜੀ, ਪੰਜਾਬ ਨੂੰ ਕਵਰ ਕਰਨ ਵਾਸਤੇ ਪੰਜਾਬ ਕੇਸਰੀ ਅਖਬਾਰ ਹੈ, ਜਿਸ ਦੀ ਸਰਕੂਲੇਸ਼ਨ ਵੀ ਅਜੀਤ ਤੋਂ ਵੱਧ ਹੈ। ਦਿਲ ਰੱਖਣ ਲਈ ਉਨ੍ਹਾਂ ਦਾ ਜਵਾਬ ਹੁੰਦਾ ਸੀ ਕਿ ਹਾਂ ਜੇ ਕਲਾਇੰਟ ਕੋਲ ਐਕਸਟਰਾ ਬਜਟ ਹੋਇਆ ਤਾਂ ਫਿਰ ਅਜੀਤ ਬਾਰੇ ਸੋਚਾਂਗੇ। ਹਰ ਪਾਸੇ ਇੱਕੋ ਜਿਹਾ ਜਵਾਬ ਸੁਣ ਕੇ ਮੈਨੂੰ ਲੱਗਾ ਕਿ ਇਨ੍ਹਾਂ ਨੇ ਇੰਜ ਨਹੀਂ ਮੰਨਣਾ। ਮੇਰੇ ਵਾਸਤੇ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਸੀ, ਪੰਜਾਬ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ, ਉਹਦੀ ਪ੍ਰਤੀਨਿਧਤਾ ਹਿੰਦੀ ਭਾਸ਼ਾ ਦੀ ਅਖਬਾਰ ਕਿਵੇਂ ਕਰ ਸਕਦੀ ਹੈ? ਮੈਂ ਪੰਜਾਬ ਕੇਸਰੀ ਦੀ ਸਥਾਪਤ ਪੁਜ਼ੀਸ਼ਨ ਅਤੇ ਵੱਧ ਸਰਕੂਲੇਸ਼ਨ ਦੀ ਕਾਟ ਕਰਨ ਲਈ, ਉਸ ਵੇਲੇ ਦੇ ਪੰਜਾਬ ਰਾਜ ਦੇ ਕੇਂਦਰ ਸਰਕਾਰ ਵੱਲੋਂ ਤਿਆਰ ਕੀਤੇ ਸਰਕਾਰੀ ਮਾਨਕਾਂ ਨੂੰ ਇੱਕਠਾ ਕਰਨਾ ਸ਼ੁਰੂ ਕੀਤਾ। ਉਨ੍ਹੀਂ ਦਿਨੀਂ ਪੰਜਾਬ ਦੀ ਪ੍ਰਤੀ ਜੀਅ ਔਸਤ ਆਮਦਨ ਭਾਰਤ ਦੇ ਦੂਜੇ ਰਾਜਾਂ ਦੇ ਮੁਕਾਬਲੇ ਕਿਤੇ ਵੱਧ ਸੀ। ਇੰਜ ਹੀ ਪੰਜਾਬ ਦੂਜੇ ਕੇਂਦਰੀ ਮਾਨਕਾਂ ਵਿਚ ਆਪਣੇ ਸਮਕਾਲੀ ਰਾਜਾਂ ਤੋਂ ਅੱਗੇ ਸੀ। ਦੂਜਾ ਇਹ ਕਿ ਹਰੀ ਕ੍ਰਾਂਤੀ, ਜਿਸ ਦੀਆਂ ਧੁੰਮਾਂ ਸਾਰੇ ਭਾਰਤ ਵਿਚ ਸਨ, ਉਹ ਤਾਂ ਪੰਜਾਬ ਦਿਆਂ ਪੇਂਡੂ ਖੇਤਰਾਂ ਵਿਚ ਹੋਈ ਹੈ, ਸੋ ਇਸ ਕਰਕੇ ਪਿੰਡ ਦਿਆਂ ਲੋਕਾਂ ਦੀ ਖਰੀਦ ਸ਼ਕਤੀ ਆਪਣੇ ਸਮਕਾਲੀ ਸ਼ਹਿਰੀਆਂ ਨਾਲੋਂ ਵੱਧ ਸੀ। ਪੰਜਾਬ ਦੇ ਪਿੰਡਾਂ ਵਿਚ ਤਾਂ ਸਿਰਫ ਪੰਜਾਬੀ ਹੀ ਪੜ੍ਹੀ ਜਾਂਦੀ ਹੈ।
ਇਨ੍ਹਾਂ ਸਾਰਿਆਂ ਤੱਥਾਂ ਨੂੰ ਮੈਂ ਇਕ ਦਸਤਾਵੇਜ਼ ਬਣਾ ਕੇ ਸਾਰੀਆਂ ਐਡ ਏਜੰਸੀਆਂ ਮੂਹਰੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਕਿ ਜਦੋਂ ਸਾਰੇ ਕੇਂਦਰੀ ਮਾਨਕਾਂ ਅਨੁਸਾਰ ਪੰਜਾਬ ਭਾਰਤ ਦਾ ਨੰਬਰ ਇੱਕ ਰਾਜ ਹੈ। ਮੈਂ ਹੋਰ ਅੱਗੇ ਦੱਸਿਆ ਕਿ ਪੰਜਾਬ ਦੀ ਸਾਰੀ ਖੁਸ਼ਹਾਲੀ ਦਾ ਇੱਕੋ ਇੱਕ ਮੂਲ ਕਾਰਨ ਤਾਂ ‘ਹਰੀ ਕ੍ਰਾਂਤੀ’ ਹੀ ਹੈ ਅਤੇ ਇਸ ਦਾ ਮੁੱਖ ਪਿੜ ਹੈ, ਪੇਂਡੂ ਇਲਾਕਾ। ਪੇਂਡੂ ਭਾਈਚਾਰੇ ਦੀ ਜ਼ੁਬਾਨ ਹੈ ਪੰਜਾਬੀ, ਤੇ ਉਹ ਪੜ੍ਹਦਾ ਵੀ ਪੰਜਾਬੀ ਹੈ। ਪੰਜਾਬ ਦੀ ਜਨਸੰਖਿਆ ਦਾ ਵੱਡਾ ਹਿੱਸਾ ਵੀ ਪਿੰਡਾਂ ਵਿਚ ਰਹਿੰਦਾ ਹੈ। ਮੈਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਜਦੋਂ ਹਰ ਰਾਜ ਵਿਚ ਤੁਸੀਂ ਉੱਥੋਂ ਦੀ ਮਾਤਰੀ ਭਾਸ਼ਾ ਦੀਆਂ ਅਖਬਾਰਾਂ ਮੀਡੀਆ ਪਲੈਨ ਵਿਚ ਜ਼ਰੂਰੀ ਰੱਖਦੇ ਹੋ ਤਾਂ ਫਿਰ ਪੰਜਾਬ ਰਾਜ ਦੀ ਪ੍ਰਤੀਨਿਧੀ ਅਖਬਾਰ ਹਿੰਦੀ ਦੀ ਪੰਜਾਬ ਕੇਸਰੀ ਕਿਉਂ? ਦੁਜਾ ਇਹ ਕਿ ਪੈਸਾ ਤਾਂ ਪੰਜਾਬ ਦੇ ਕਿਸਾਨਾਂ ਪਾਸ ਹੈ, ਅਤੇ ਉਹ ਪੜ੍ਹਦੇ ਹਨ ਪੰਜਾਬੀ ਅਖਬਾਰ। ਇਸ ਦੇ ਉਲਟ ਪੰਜਾਬ ਕੇਸਰੀ ਦੇ ਵੱਡੀ ਗਿਣਤੀ ਵਿਚ ਪਾਠਕ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆਏ ਪਰਵਾਸੀ ਮਜ਼ਦੂਰ ਹਨ। ਪਿੰਡਾਂ ਦੇ ਕਿਸਾਨ ਖੁਸ਼ਹਾਲ ਹਨ ਅਤੇ ਇਨ੍ਹਾਂ ਦੀ ਖਰੀਦ ਸ਼ਕਤੀ ਵੀ ਵੱਧ ਹੈ। ਦੂਜੇ ਪਾਸੇ ਦਿਹਾੜੀਦਾਰ ਮਜ਼ਦੂਰ ਹਨ। ਮੈਂ ਉਨ੍ਹਾਂ ਨੂੰ ਸਵਾਲ ਕਰਦਾ ਸਾਂ ਕਿ ਤੁਹਾਡੇ ਕਲਾਇੰਟਾਂ ਦਾ ਸਮਾਨ ਇਹ ਪੈਸੇ ਵਾਲੇ ਲੋਕ ਖਰੀਦਣਗੇ ਜਾਂ ਦਿਹਾੜੀਦਾਰ ਮਜ਼ਦੂਰ?
ਮੈਂ ਆਪਣੇ ਇਨ੍ਹਾਂ ਯਤਨਾਂ ਵਿਚ ਬਹੁਤ ਸਫਲ ਰਿਹਾ। 2006 ਵਿਚ ਜਦੋਂ ਮੈਂ ਅਜੀਤ ਅਖਬਾਰ ਦਾ ਕੰਮ ਛੱਡਿਆ, ਅਖਬਾਰ ਨੂੰ ਕਲਕੱਤੇ ਤੋਂ ਬਹੁਤ ਵਧੀਆ ਐਡ ਬਿਜਨਿਸ ਆ ਰਿਹਾ ਸੀ। ਉਪਰੋਕਤ ਕਹਾਣੀ ਦੱਸਣ ਪਿੱਛੇ ਮੇਰਾ ਮਕਸਦ ਅੱਜ ਦੀ ਪੀੜ੍ਹੀ ਨੂੰ ਉਨ੍ਹਾਂ ਦਿਨਾਂ ਵਿਚ ਪੰਜਾਬ ਦੀ ਭਾਰਤ ਵਿਚ ਚੌਧਰ ਦਾ ਗੁਣਗਾਨ ਕਰਨਾ ਹੈ। ਆਜ਼ਾਦੀ ਤੋਂ ਫੌਰਨ ਬਾਅਦ ਦੇ ਦਹਾਕਿਆਂ ਦੌਰਾਨ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਵੀ ਦੱਸਣਾ ਮੇਰੇ ਮਕਸਦ ਵਿਚ ਸ਼ਾਮਲ ਹੈ। ਆਜ਼ਾਦੀ ਤੋਂ ਬਾਅਦ ਸ਼ਰਨਾਰਥੀ ਬਣ ਕੇ ਆਈ ਪੀੜ੍ਹੀ ਨੇ ਕਿੰਨੀ ਸਖਤ ਮਿਹਨਤ ਕੀਤੀ ਸੀ, ਜਿਨ੍ਹਾਂ ਸਦਕਾ ਪੰਜਾਬ ਦੇਸ਼ ਦੀ ਨੰਬਰ ਵੰਨ ਸਟੇਟ ਬਣ ਸਕਿਆ ਸੀ, ਪਰ ਹੁਣ ਹਾਲਾਤ ਬਿਲਕੁਲ ਉਲਟ ਦਿਸ਼ਾ ਵੱਲ ਨੂੰ ਚਲੇ ਗਏ ਹਨ।
ਅਜੇ ਕੱਲ੍ਹ ਦੀ ਹੀ ਗੱਲ ਹੈ ਕਿ ਭਾਰਤ ਦਾ ਮਸ਼ਹੂਰ ਅਤੇ ਗਿਆਨੀ ਟੀ. ਵੀ. ਐਂਕਰ ਪੁਨਿਆ ਪ੍ਰਸੂਨ ਵਾਜਪਾਈ ਭਾਰਤ ਵਿਚ ਚੱਲ ਰਹੇ ਇਤਿਹਾਸਕ ਕਿਸਾਨ ਅੰਦੋਲਨ ਬਾਰੇ ਜਿ਼ਕਰ ਕਰਦਿਆਂ ਦੱਸਦਾ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਿੰਘੂ ਬਾਰਡਰ `ਤੇ ਬੈਠੇ ਪੰਜਾਬੀ ਕਿਸਾਨਾਂ ਦੀ ਦਿੱਖ ਨੂੰ ਸਾਰੇ ਪੰਜਾਬੀ ਕਿਸਾਨਾਂ ਦੀ ਵਾਸਤੂ ਸਥਿਤੀ ਨਾ ਸਮਝੀ ਜਾਏ। ਉਸ ਦਾ ਕਹਿਣਾ ਹੈ ਕਿ ਪੰਜਾਬ ਦੀ ਵਧੇਰੀ ਕਿਸਾਨੀ ਹਾਸ਼ੀਏ `ਤੇ ਹੈ। ਉਸ ਨੇ ਦੱਸਿਆ ਕਿ ਕਦੇ ਦੇਸ਼ ਦੀ ਨੰਬਰ ਵੰਨ ਸਟੇਟ ਅੱਜ ਪੂਰੇ ਦੇਸ਼ ਵਿਚ ਕੇਂਦਰੀ ਮਾਨਕਾਂ ਅਨੁਸਾਰ 16ਵੇਂ ਸਥਾਨ `ਤੇ ਹੈ। ਸਾਡੇ ਅਪਨੇ ਹੱਥੀਂ ਜਮਾਏ ਹਰਿਆਣਾ/ਹਿਮਾਚਲ ਪ੍ਰਦੇਸ਼ ਕਈ ਕੇਂਦਰੀ ਮਾਨਕਾਂ ਵਿਚ ਪੰਜਾਬ ਤੋਂ ਅੱਗੇ ਹਨ। ਵਾਜਪਾਈ ਨੇ ਹੋਰ ਅੰਕੜੇ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਕਿਰਸਾਨੀ ਕਿੰਨੀ ਵੱਡੀ ਗਿਣਤੀ ਵਿਚ ਕਰਜ਼ਈ ਹੈ। ਕਿਵੇਂ ਪੰਜਾਬ ਦੇ ਕਿਸਾਨ ਵੀ ਕਰਜ਼ੇ ਦਾ ਬੋਝ ਨਾ ਝੱਲਦੇ ਹੋਏ ਖੁਦਕਸ਼ੀਆ ਕਰ ਰਹੇ ਹਨ।
ਸਿੰਘੂ ਬਾਰਡਰ `ਤੇ ਇਸ ਵੇਲੇ ਜੋ ਦ੍ਰਿਸ਼ ਨਜ਼ਰ ਆ ਰਹੇ ਹਨ, ਉਨ੍ਹਾਂ ਦਾ ਅਰਥ ਇਹੀ ਹੈ ਕਿ ਕਿਰਸਾਨ ਆਪਨੇ ਜਿਉਂਦੇ ਰਹਿਣ ਦੀ ਲੜਾਈ ਲੜ ਰਹੇ ਹਨ। ਇੱਥੇ ਕਿਸਾਨੀ ਸੰਘਰਸ਼ ਨੂੰ ਪੰਜਾਬੀ ਕਿਸਾਨ ਅਗਵਾਈ ਦੇ ਰਹੇ ਹਨ। ਕਈ ਜਥੇਬੰਦੀਆਂ ਦੇ ਆਪਸ ਵਿਚ ਵਿਚਾਰਕ ਮਤਭੇਦ ਹਨ, ਪਰ ਇਸ ਸੰਘਰਸ਼ ਵਿਚ ਉਹ ਇਕੱਠੇ ਹਨ। ਬੜੀ ਸਿਆਣਪ ਨਾਲ ਪੰਜਾਬੀ ਕਿਸਾਨੀ ਲੀਡਰਸਿ਼ਪ ਨੇ ਹੋਰਨਾਂ ਰਾਜਾਂ ਦੇ ਕਿਸਾਨੀ ਆਗੂਆਂ ਨੂੰ ਆਪਣੇ ਨਾਲ ਜੋੜਿਆ ਹੈ। ਕਿਸਾਨਾਂ ਨੇ ਇਹ ਜੰਗ ਜਿੱਤ ਲੈਣੀ ਹੈ, ਕਿਉਂਕਿ ਸਰਕਾਰ ਦੇ ਕਦਮ ਗਲਤ ਹਨ। ਉਹ ਬੜੀ ਚਲਾਕੀ ਨਾਲ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਕਹਿੰਦੇ ਹਨ, ਇਹ ਖੇਤੀ ਸੁਧਾਰ ਬਿੱਲ ਕੋਈ ਨਵੇਂ ਨਹੀਂ ਹਨ। ਇਨ੍ਹਾਂ ਸੁਧਾਰਾਂ `ਤੇ ਪਹਿਲੀਆਂ ਸਰਕਾਰਾਂ ਵੀ ਗੱਲਾਂ ਕਰਦੀਆਂ ਰਹੀਆਂ ਹਨ। (ਪਰ ਮੋਦੀ ਤੋਂ ਪਹਿਲੀਆਂ ਸਰਕਾਰਾਂ `ਤੇ ਵੀ ਕੌਮਾਂਤਰੀ ਬੈਂਕਾਂ ਦਾ ਖੇਤੀ ਸੁਧਾਰ ਕਰਨ ਲਈ ਦਬਾਉ ਹੁੰਦਾ ਸੀ, ਪਰ ਉਨ੍ਹਾਂ ਕਦੇ ਵੀ ਅਜਿਹਾ ਕਰਨ ਦੀ ਹਿਮਾਕਤ ਨਹੀਂ ਸੀ ਕੀਤੀ)।
ਅਸਲੀਅਤ ਵਿਚ 2014 ਦੀਆਂ ਚੋਣਾਂ ਵਿਚ ਪ੍ਰਚਾਰ ਵੇਲੇ ਨਰਿੰਦਰ ਮੋਦੀ ਨੇ ਥੋਕ ਦੇ ਭਾਅ ਝੂਠ ਅਤੇ ਸਿਰਫ ਝੂਠ ਹੀ ਬੋਲਿਆ ਸੀ। ਰਾਹੁਲ ਗਾਂਧੀ ਵਲੋਂ ਆਰਡੀਨੈਂਸ ਪਾੜਨ ਨਾਲ ਆਮ ਜਨਤਾ ਵਿਚ ਮਨਮੋਹਨ ਸਿੰਘ ਸਰਕਾਰ ਪ੍ਰਤੀ ਇੱਕ ਨਾਂਹ ਪੱਖੀ ਸੰਦੇਸ਼ ਗਿਆ। ਦੂਸਰਾ, ਰਾਬਰਟ ਵਾਡਰਾ ਦੇ ਜ਼ਮੀਨੀ ਸੌਦਿਆ ਨੇ ਵੀ ਲੋਕਾਂ ਵਿਚ ਗਲਤ ਸੰਦੇਸ਼ ਗਏ ਸਨ। ਇਸ ਤਰ੍ਹਾਂ ਮੋਦੀ ਝੂਠ ਦੀ ਲਹਿਰ `ਤੇ ਸਵਾਰ ਹੋ ਕੇ ਸੱਤਾ ਵਿਚ ਆ ਗਿਆ। ਉਸ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਭੁਲਾ ਦਿੱਤਾ। ਰਾਜ ਕਰਨ ਦੀ ਜਾਣਕਾਰੀ ਤੇ ਤਜਰਬੇ ਦੀ ਘਾਟ ਅਤੇ ਲੋਕਾਂ ਵੱਲੋਂ ਉਸ ਦੇ ਬੋਲੇ ਝੂਠ ਦਾ ਨੋਟਿਸ ਨਾ ਲੈਣ ਕਾਰਨ ਉਸ ਨੂੰ ਇੰਨਾ ਗਿਆਨ ਜ਼ਰੂਰ ਹੋ ਗਿਆ ਕਿ ਭਾਰਤ ਦੀ ਕੁਲ ਜਨਸੰਖਿਆ ਦਾ ਵੱਡਾ ਹਿੱਸਾ ਅਕਲ ਤੇ ਗਿਆਨ ਦੇ ਮਾਮਲੇ ਵਿਚ ਹਲਕਾ ਹੈ। ਇਨ੍ਹਾਂ ਨੂੰ ਕਿਵੇਂ ਪਰਚਾਣਾ ਹੈ, ਉਹ ਜਾਣ ਗਿਆ ਸੀ ਕਿ ਜਿੰਨਾ ਮਰਜ਼ੀ ਝੂਠ ਬੋਲੀ ਜਾਉ, ਇਸ ਅਨਪੜ੍ਹ ਵਰਗ ਦੀ ਸਮਝ ਵਿਚ ਕੁਝ ਵੀ ਨਹੀਂ ਆਉਣਾ। ਇਸੇ ਲਈ ਉਸ ਨੇ ਪਹਿਲਾਂ ਤੋਂ ਹੀ ਪ੍ਰਚਲਿਤ ਸਕੀਮਾਂ ਦੇ ਨਾਮ ਬਦਲ ਕੇ ਮੁੜ ਪੇਸ਼ ਕੀਤੀਆਂ। ਨਾਲੋਂ ਨਾਲ ਉਸ ਨੇ ਹਿੰਦੂਤਵਾ ਦਾ ਪੱਤਾ ਖੇਡਣਾ ਜਾਰੀ ਰੱਖਿਆ। ਵਿਰੋਧੀ ਧਿਰ ਦਾ ਭੋਗ ਪੈ ਗਿਆ ਸੀ। ਨਰਿੰਦਰ ਮੋਦੀ ਦੇ ਹੌਸਲੇ ਬੁਲੰਦ ਹੁੰਦੇ ਗਏ ਅਤੇ ਮੌਜੂਦਾ ਤਿੰਨ ਕਿਰਸਾਨੀ ਬਿੱਲ ਉਸੇ ਹੌਸਲੇ ਦਾ ਨਤੀਜਾ ਹਨ।
ਨੋਟ ਕਰਨ ਵਾਲੀ ਗੱਲ ਹੈ ਕਿ ਜਦੋਂ ਅਡਾਨੀ ਗਰੁਪ ਨੇ ਵੱਡੇ ਪੱਧਰ `ਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਵਿਸ਼ਾਲ ਗੋਦਾਮ ਬਣਾਉਣੇ ਸ਼ੁਰੂ ਕਰ ਦਿੱਤੇ, ਕਿਸੇ ਨੇ ਵੀ ਅਡਾਨੀ ਦੇ ਇਸ ਕਦਮ ਦਾ ਨੋਟਿਸ ਨਹੀਂ ਲਿਆ। ਦਰਅਸਲ ਅੰਦਰਖਾਤੇ ਇਨ੍ਹਾਂ ਤਿੰਨ ਖੇਤੀ ਬਿੱਲਾਂ ਦੀ ਜ਼ਮੀਨ ਉਦੋਂ ਤੋਂ ਹੀ ਤਿਆਰ ਹੋਣੀ ਸ਼ੁਰੂ ਹੋ ਗਈ ਸੀ। ਕਰੋਨਾ ਕਾਲ ਦੌਰਾਨ ਜਦੋਂ ਸਭ ਕੁਝ ਠਹਿਰ ਜਿਹਾ ਗਿਆ ਸੀ, ਨਰਿੰਦਰ ਮੋਦੀ ਦੇ ਚੁਸਤ ਸ਼ਰਾਰਤੀ ਦਿਮਾਗ ਨੂੰ ਇਹ ਲੱਗਾ ਕਿ ਇਹੋ ਸਹੀ ਮੌਕਾ ਹੈ, ਇਨ੍ਹਾਂ ਬਿੱਲਾਂ ਨੂੰ ਕਾਨੂੰਨ ਬਣਾਉਣ ਦਾ। ਲੋਕ ਸਭਾ ਵਿਚ ਤਾਂ ਬਹੁਮਤ ਸੀ ਅਤੇ ਲੋਕ ਸਭਾ ਵਿਚ ਸਵਾਲਾਂ ਦੇ ਸਮੇਂ ਵਿਚ ਕਟੌਤੀ ਕਰਕੇ ਅਜਿਹਾ ਪ੍ਰਬੰਧ ਕੀਤਾ ਗਿਆ ਕਿ ਸਭ ਕੁਝ ਤੁਰੰਤ ਹੋ ਜਾਵੇ। ਰਾਜ ਸਭਾ ਵਿਚ ਇਹ ਬਿੱਲ ਕਿਵੇਂ ਗਲਤ ਢੰਗ ਨਾਲ ਪਾਸ ਹੋਏ ਹਨ, ਅਸਾਂ ਸਾਰਿਆਂ ਨੇ ਵੇਖਿਆ ਹੀ ਹੈ।
ਮੋਦੀ ਨੂੰ ਆਪਣੇ ਆਪ `ਤੇ ਲੋੜ ਨਾਲੋਂ ਵੱਧ ਯਕੀਨ ਸੀ ਕਿ ਉਹ ਇਨ੍ਹਾਂ ਬਿੱਲਾਂ ਦੀ ਵਿਰੋਧਤਾ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਕੇ ਜੁਮਲੇਬਾਜੀ ਨਾਲ ਠੰਡਾ ਕਰ ਲਵੇਗਾ। ਇਸੇ ਕਰਕੇ ਉਸ ਨੇ ਪੰਜਾਬ ਦੇ ਸ਼ੁਰੂਆਤੀ ਅੰਦੋਲਨ ਨੂੰ ਗੰਭੀਰਤਾ ਨਾਲ ਨਹੀਂ ਲਿਆ, ਸਗੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਸਿਫਰ ਕਰਨ ਲਈ ਕੇਂਦਰ ਸਰਕਾਰ ਵੱਲੋਂ ਵਿਖਾਈ ਹੈਂਕੜਬਾਜੀ ਨੇ ਇਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਆਤਮਿਕ ਮਜ਼ਬੂਤੀ ਦਿੱਤੀ। ਦੂਜਾ ਮੋਦੀ ਸਿੱਖਾਂ ਦੇ ਇਤਿਹਾਸ ਨੂੰ ਨਹੀਂ ਜਾਣਦਾ ਸੀ, ਕਿਵੇਂ ਇਹ ਕੌਮ ਜਦੋਂ ਇੱਕ ਵਾਰ ਕਿਸੇ ਮੁਹਿੰਮ `ਤੇ ਨਿਕਲਦੀ ਹੈ ਤਾਂ ਫਤਹਿ ਕਰ ਕੇ ਹੀ ਮੁੜਦੀ ਹੈ। ਬੱਸ ਇਥੇ ਹੀ ਮੋਦੀ ਦੇ ਲੋੜ ਤੋਂ ਵੱਧ ਆਤਮ ਵਿਸ਼ਵਾਸ ਨੇ ਪੁਆੜੇ ਪਾ ਦਿੱਤੇ। ਮੋਦੀ ਨੂੰ ਪੂਰਾ ਭਰੋਸਾ ਸੀ ਕਿ ਇਸ ਵਾਰ ਵੀ ਕਵੱਲੀਆਂ ਸਿੱਧੀਆਂ ਪੈਣਗੀਆਂ, ਪਰ ਹੋਇਆ ਕਿ ਹਰ ਚਾਲ ਮੋਦੀ ਨੂੰ ਹੀ ਪੁੱਠੀ ਪਈ। ਸੁਪਰੀਮ ਕੋਰਟ ਨੇ ਵੀ ਇਸ ਵਾਰ ਸਰਕਾਰ ਨੂੰ ਪੱਲਾ ਨਹੀਂ ਫੜਾਇਆ।
ਸਭ ਤੋਂ ਵੱਧ ਪ੍ਰਭਾਵਸ਼ਾਲੀ ਜੋ ਇਸ ਕਿਰਸਾਨੀ ਅੰਦੋਲਨ ਵਿਚ ਵੇਖਣ ਨੂੰ ਮਿਲਿਆ, ਉਹ ਹੈ ਪੰਜਾਬੀਆਂ ਦੀ ਏਕਤਾ। ਕਿਰਸਾਨੀ ਨਾਲ ਸਿੱਧੇ ਜਾਂ ਅਸਿੱਧੇ ਤੌਰ `ਤੇ ਜੁੜੇ ਹਰ ਵਰਗ ਨੇ ਇਸ ਅੰਦੋਲਨ ਵਿਚ ਸ਼ਾਮਲ ਹੋ ਕੇ ਹਿੱਸਾ ਪਾਇਆ ਹੈ। ਪੰਜਾਬੀ ਸਮਾਜ ਦੇ ਹਰ ਹਿੱਸੇ ਨੇ ਆਪਣੇ ਹਿਸਾਬ ਨਾਲ ਇਸ ਅੰਦੋਲਨ ਵਿਚ ਸਿ਼ਰਕਤ ਕੀਤੀ ਹੈ। ਪੰਜਾਬੀ ਬੁੱਧੀਜੀਵੀਆਂ, ਮਨੋਰੰਜਨ ਸਨਅਤ ਨਾਲ ਜੁੜੇ ਕਲਾਕਾਰਾਂ, ਖੇਤੀ ਸਨਅਤ ਨਾਲ ਜੁੜੇ ਤਕਨੀਕੀ ਕਾਰੀਗਰਾਂ ਨੇ ਵੀ ਆਪਣੀ-ਆਪਣੀ ਹਾਜ਼ਰੀ ਲਵਾਈ ਹੈ। ਰਵੀ ਸਿੰਘ ਵੱਲੋਂ ਸੰਚਾਲਿਤ ਖਾਲਸਾ ਏਡ ਨੇ ਵੱਡੇ ਪੱਧਰ `ਤੇ ਇਸ ਅੰਦੋਲਨ ਵਿਚ ਸਿ਼ਰਕਤ ਕਰਨ ਵਾਲਿਆਂ ਦੇ ਖਾਣ-ਪੀਣ, ਰਹਿਣ-ਸਹਿਣ ਦਾ ਵੱਡਾ ਪ੍ਰਬੰਧ ਕੀਤਾ ਹੈ। ਜਿਸ ਢੰਗ ਨਾਲ ਅੰਦੋਲਨਕਾਰੀ ਕਿਰਸਾਨ ਸੜਕਾਂ ਦੇ ਦੋਵਾਂ ਪਾਸੇ ਰਹਿਣ ਵਾਲੇ ਸਥਾਨਕ ਲੋਕਾਂ ਨਾਲ ਤਾਲ-ਮੇਲ ਬਿਠਾ ਲਿਆ ਹੈ, ਇਹ ਬਹੁਤ ਸ਼ਲਾਘਾਯੋਗ ਹੈ। ਇਸ ਅੰਦੋਲਨ ਦੀ ਸਫਲਤਾ ਵਿਚ ਸੋਸ਼ਲ ਮੀਡੀਏ, ਐਨ. ਡੀ. ਟੀ. ਵੀ. ਅਤੇ ਯੂ ਟਿਊਬ ਜਿਹੀਆਂ ਵੱਡੀਆਂ ਚੈਨਲਾਂ ਦਾ ਵੀ ਵੱਡਾ ਹੱਥ ਹੈ। ਇਨ੍ਹਾਂ ਚੈਨਲਾਂ ਨੇ ਸਰਕਾਰੀ ਭੰਡੀ ਪ੍ਰਚਾਰ ਦਾ ਵੀ ਮੂੰਹ ਤੋੜਵਾਂ ਜੁਆਬ ਦਿੱਤਾ ਅਤੇ ‘ਨਾਨਕ ਓੜਕ ਸੱਚ ਰਹੀ’ ਨੂੰ ਕ੍ਰਿਤਾਰਥ ਕੀਤਾ ਹੈ।
ਆਸ ਹੈ ਕਿ ਇਸ ਫੈਸਲਾਕੁਨ ਲੜਾਈ ਵਿਚ ਕਿਸਾਨ ਹੀ ਜੇਤੂ ਹੋਣਗੇ, ਪਰ ਇਸ ਤੋਂ ਬਾਅਦ ਕੀ ਪੰਜਾਬ ਦੀ ਕਿਰਸਾਨੀ ਦੇ ਸਾਰੇ ਦੁੱਖ ਕੱਟੇ ਜਾਣਗੇ? ਹਾਸ਼ੀਏ `ਤੇ ਆਈ ਕਿਰਸਾਨੀ ਵਾਸਤੇ ਤਾਂ ਆਮ ਹਾਲਾਤਾਂ ਵਿਚ ਕੁਝ ਵੀ ਫਰਕ ਨਹੀਂ ਪੈਣਾ। ਉਸ ਨੂੰ ਤਾਂ ਆਪਣੀਆਂ ਨਿੱਤ ਦੀਆਂ ਲੋੜਾਂ ਲਈ ਪਹਿਲਾਂ ਵਾਂਗ ਹੀ ਜੂਝਣਾ ਪੈਣਾ ਹੈ। ਇਸ ਕਿਰਸਾਨੀ ਸੰਘਰਸ਼ ਵਿਚ ਪੰਜਾਬੀ ਦਾਨਵੀਰਾਂ ਵੱਲੋਂ ਵਿਖਾਈ ਦਰਿਆਦਿਲੀ ਕਾਬਿਲੇ ਤਾਰੀਫ ਹੈ। ਬੜੀਆਂ ਵੱਡੀਆਂ ਰਕਮਾਂ ਇਹ ਸਾਰੇ ਦਾਨਵੀਰ ਖਰਚ ਰਹੇ ਹਨ। ਮੇਰੀ ਇਨ੍ਹਾਂ ਪੰਜਾਬੀ ਦਾਨਵੀਰਾਂ ਅਤੇ ਸਿੱਖ ਦਾਨਿਸ਼ਵਰਾਂ ਨੂੰ ਬੇਨਤੀ ਹੈ ਕਿ ਉਨ੍ਹਾਂ ਨੂੰ ਕੁਝ ਅਜਿਹੀਆਂ ਸਿਰਜਣਾਵਾਂ ਕਰਨੀਆਂ ਚਾਹੀਦੀਆਂ ਹਨ ਕਿ ਪੰਜਾਬ ਵਿਚ ਖੇਤੀ ਪੈਦਾਵਾਰ ਨੂੰ ਸੰਭਾਲਨਾ ਅਤੇ ਮੁੜ ਇਸ ਦੀ ਤਿਜਾਰਤ ਕਰਨ ਲਈ ਕੁਝ ਕੁ ਅਜਿਹੇ ਵਪਾਰਕ ਅਦਾਰੇ ਕਾਇਮ ਕੀਤੇ ਜਾਣ ਤਾਂ ਜੋ ਹਾਸ਼ੀਏ `ਤੇ ਬੈਠੀ ਕਿਰਸਾਨੀ ਨੂੰ ਠੁੰਮਣਾ ਦਿੱਤਾ ਜਾ ਸਕੇ। ਪੰਜਾਬੀ ਕਿਰਸਾਨੀ ਦੀ ਸਰਕਾਰਾਂ `ਤੇ ਨਿਰਭਰਤਾ ਵੀ ਖਤਮ ਹੋਏ।
ਮੈਨੂੰ ਬੇਪਨਾਹ ਵਿਸ਼ਵਾਸ ਹੈ ਕਿ ਗੁਰੂ ਨਾਨਕ ਦੇ ਵਰਸੋਏ ਸਿੱਖਾਂ ਦੇ ਜ਼ਰਖੇਜ਼ ਦਿਮਾਗ ਜ਼ਰੂਰ ਅਜਿਹੇ ਵਪਾਰਕ ਢੰਗ ਤਰੀਕੇ ਈਜਾਦ ਕਰ ਸਕਦੇ ਹਨ, ਜੋ ਪੰਜਾਬ ਦੀ ਕਿਰਸਾਨੀ ਨੂੰ ਸਰਕਾਰ ਦੇ ਰਹਿਮ `ਤੇ ਨਾ ਛੱਡ ਕੇ ਕੋਈ ਅਜਿਹੇ ਵਪਾਰਕ ਨਿਜ਼ਾਮ ਦੀ ਖੋਜ ਕਰਨ, ਜੋ ਪੰਜਾਬ ਦੀ ਵੱਖ-ਵੱਖ ਕਿਰਸਾਨੀ ਉਪਜ ਨੂੰ ਲਾਭਦਾਇਕ ਮੁੱਲ ਦੇ ਦੇ ਕੇ ਖਰੀਦੇ, ਭੰਡਾਰਨ ਕਰੇ ਅਤੇ ਫਿਰ ਦੇਸ਼ ਵਿਦੇਸ਼ ਦੀਆਂ ਮੰਡੀਆਂ ਵਿਚ ਇਨ੍ਹਾਂ ਉਤਪਾਦਕਾਂ ਨੂੰ ਵੇਚੇ। ਪੰਜਾਬ ਵਿਚ ਵੱਧ ਤੋਂ ਵੱਧ ਐਗਰੋ ਪ੍ਰੋਸੈਸਿੰਗ ਪਲਾਂਟ ਲਾ ਕੇ ਦਰਮਿਆਨੀ ਕਿਰਸਾਨੀ ਨੂੰ ਰਵਾਇਤੀ ਫਸਲਾਂ ਦੇ ਚੱਕਰ ਵਿਚੋਂ ਕੱਢ ਕੇ ਦੂਜੀਆਂ ਲਾਭਕਾਰੀ ਖੇਤੀ ਉਤਪਾਦਾਂ ਵੱਲ ਨੂੰ ਮੋੜਿਆ ਜਾ ਸਕੇ। ਵਿਦੇਸ਼ੀ ਧਨਾਢ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਕਿਰਸਾਨੀ ਨੂੰ ਦੁਪਾਸੜ ਲਾਭਕਾਰੀ ਦਰਾਂ `ਤੇ ਰਿਣ ਮੁਹੱਈਆ ਕਰਵਾਉਣ ਵਾਸਤੇ ਫੰਡਾਂ ਦੀ ਸਥਾਪਨਾ ਕਰਨ। ਜੇ ਸਿੱਖ ਕੁਝ ਅਜਿਹੇ ਹੀ ਗੁਰੂ ਨਾਨਕ ਦੇ ਆਸ਼ੇ ਅਨੁਸਾਰ ‘ਵੰਡ ਛਕਣ’ ਵਾਲੇ ਕਦਮ ਚੁੱਕਣਗੇ ਤਾਂ ਇਹ ਉਨ੍ਹਾਂ ਵੱਲੋਂ ਆਪਣੇ ਇਸ਼ਟ ‘ਗੁਰੂ ਨਾਨਕ’ ਪ੍ਰਤੀ ਸੱਚੀ ਸ਼ਰਧਾ ਦਾ ਪ੍ਰਗਟਾਵਾ ਅਤੇ ਸਜਦਾ ਹੋਵੇਗਾ।