ਰਵਿੰਦਰ ਚੋਟ, ਫਗਵਾੜਾ
ਫੋਨ: 91-98726-73703
ਭਾਰਤ ਦੇ ਲੋਕਾਂ ਲਈ ਖੇਤੀ ਉਤਪਾਦਨ ਬਹੁਤ ਮਹੱਤਵ ਰੱਖਦਾ ਹੈ। ਪੰਜਾਬ ਸਣੇ ਦੇਸ਼ ਦੇ ਸਾਰੇ ਕਿਸਾਨਾਂ ਨੂੰ ਖੇਤੀ, ਜ਼ਮੀਨ, ਉਪਜ ਦੀ ਵੇਚ-ਖਰੀਦ ਅਤੇ ਭੰਡਾਰਨ ਸਬੰਧੀ ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਚੱਕਰਵਿਊ ਵਿਚ ਫਸਾਇਆ ਗਿਆ ਹੈ। ਪੰਜਾਬ, ਜਿਸ ਨੂੰ ਇਸ ਚੱਕਰਵਿਊ ਦੇ ਸੜਨ ਤੇ ਵੱਧ ਸੇਕ ਲੱਗਣ ਦਾ ਖਦਸ਼ਾ ਹੀ ਨਹੀਂ ਸਗੋਂ ਯਕੀਨ ਹੈ, ਨੇ ਇਸ ਦੇ ਵਿਰੋਧ ਵਿਚ ਸਭ ਤੋਂ ਪਹਿਲਾਂ ਝੰਡਾ ਚੁਕਿਆ ਹੈ। ਸੱਠਵਿਆਂ ਦੌਰਾਨ ਜਦੋਂ ਲਾਲ ਬਹਾਦਰ ਸ਼ਾਸ਼ਤਰੀ ਅਤੇ ਇੰਦਰਾ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਉਦੋਂ ਦੇਸ਼ ਵਾਸੀਆਂ ਦੀ ਭੁੱਖ ਨੇ ਇਹ ਹਾਲ ਕਰ ਛੱਡਿਆ ਸੀ ਕਿ ਅਸੀਂ ਠੂਠਾ ਫੜ ਕੇ ਵੱਡੇ ਸਰਮਾਏਦਾਰ ਦੇਸ਼ਾਂ ਦੇ ਦਰ `ਤੇ ਅਲਖ ਜਗਾਉਣ ਲਈ ਮਜ਼ਬੂਰ ਸਾਂ।
ਭੁੱਖ ਦੀ ਵੰਗਾਰ ਨੂੰ ਸਵੀਕਾਰ ਕਰਦਿਆਂ ਖੇਤੀ ਵਿਗਿਆਨੀਆਂ ਨੇ ਉੱਨਤ ਦੇਸ਼ਾਂ ਦੀ ਤਰਜ਼ `ਤੇ ਨਵੇਂ ਢੰਗਾਂ ਦੀ ਖੇਤੀ ਕਰ ਕੇ ਭੁੱਖ ਪੂਰੀ ਕਰਨ ਲਈ ਬਰਾਬਰ ਦੀ ਪੈਦਾਵਾਰ ਦੀ ਸਕੀਮ ਬਣਾਈ। ਅਖੌਤੀ ਉੱਨਤ ਕਹੇ ਜਾਂਦੇ ਦੇਸ਼ਾਂ ਦੇ ਢੰਗ-ਤਰੀਕਿਆਂ ਦੀ ਘੋਖ ਕੀਤੀ ਗਈ। ਫਿਰ ਸਾਰੇ ਦੇਸ਼ ਦੀ ਜ਼ਮੀਨ ਦਾ ਸਰਵੇਖਣ ਕੀਤਾ ਗਿਆ, ਇਹ ਦੇਖਣ ਲਈ ਕਿ ਦੇਸ਼ ਦੇ ਕਿਹੜੇ ਹਿੱਸੇ ਦੀ ਜ਼ਮੀਨ ਨਵੇਂ ਢੰਗਾਂ ਲਈ ਯੋਗ ਹੈ।
ਪੰਜਾਬ (ਪੰਜਾਬ ਅਤੇ ਹਰਿਆਣਾ ਇਕੱਠੇ ਹੀ ਸਨ) ਦੀ ਜ਼ਮੀਨ ਸਭ ਤੋਂ ਯੋਗ ਸਮਝੀ ਗਈ। ਨਵੇਂ ਵਿਦੇਸ਼ੀ ਬੀਜ, ਨਵੀਂ ਮਸ਼ੀਨਰੀ, ਰਸਾਇਣਕ ਖਾਦਾਂ, ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਦੀ ਮਹਿੰਗਾਈ ਦਾ ਭਾਰ ਪੰਜਾਬ ਦੇ ਕਿਸਾਨ `ਤੇ ਆ ਪਿਆ। ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਦੀ ਧਰਤੀ ਜਰਖੇਜ਼ ਹੋਣ ਕਰਕੇ ਘਰ ਦੇ ਪਸੂਆਂ ਦੇ ਗੋਹੇ ਦੀ ਸਾਦੀ ਰੂੜੀ ਦੇ ਢੇਰ ਨਾਲ ਅਤੇ ਸਾਦੇ ਸੰਦਾਂ-ਢੰਗਾਂ ਨਾਲ ਹੀ ਪੰਜਾਬ ਆਪਣਾ ਢਿੱਡ ਭਰ ਰਿਹਾ ਸੀ। ਖੇਤੀ ਦੀ ਪੈਦਾਵਾਰ ਭਾਵੇਂ ਘੱਟ ਸੀ, ਪਰ ਖਰਚੇ ਵੀ ਬਹੁਤ ਘੱਟ ਸਨ। ਸਾਰੇ ਦੇਸ਼ ਦੀ ਭੁੱਖ ਮਿਟਾਉਣ ਲਈ ਘੁੱਗ ਵਸਦੇ ਪੰਜਾਬ ਨੂੰ ਹਰੀ ਕ੍ਰਾਂਤੀ ਲਈ ਬਲੀ ਦਾ ਬੱਕਰਾ ਬਣਾਇਆ ਗਿਆ। ਖੇਤੀ ਵਿਗਿਆਨੀਆਂ ਨੂੰ ਭਾਵੇਂ ਹਰੀ ਕ੍ਰਾਂਤੀ ਦੇ ਦੂਰਗਾਮੀ ਸਿੱਟਿਆਂ ਅਤੇ ਪ੍ਰਭਾਵਾਂ ਦਾ ਪਤਾ ਸੀ, ਪਰ ਉਨ੍ਹਾਂ ਨੇ ਵੀ ਦੇਸ਼ ਦੀ ਭੁੱਖ ਅੱਗੇ ਗੋਡੇ ਟੇਕ ਕੇ ਚੁੱਪ ਵੱਟ ਰੱਖੀ। ਪੰਜਾਬ ਨੇ ਸਾਰੇ ਦੇਸ਼ ਨੂੰ ਤਾਂ ਭੁੱਖ ਦੇ ਖੂਹ ਵਿਚੋਂ ਬਾਹਰ ਕੱਢ ਲਿਆਂਦਾ, ਪਰ ਆਪ ਹਰ ਤਰ੍ਹਾਂ ਅਪਾਹਜ ਹੋ ਕੇ ਬੀਮਾਰੀਆਂ ਸਹੇੜ ਲਈਆਂ। ਇਥੋਂ ਦੀ ਜ਼ਮੀਨ, ਪਾਣੀ ਅਤੇ ਹਵਾ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਏ। ਇਸ ਹਰੀ ਕ੍ਰਾਂਤੀ ਦਾ ਖਮਿਆਜ਼ਾ ਪਤਾ ਨਹੀਂ ਪੰਜਾਬ ਦੀਆਂ ਆਉਣ ਵਾਲੀਆਂ ਕਿੰਨੀਆਂ ਪੀੜ੍ਹੀਆਂ ਭੁਗਤਣਗੀਆਂ! ਪੰਜਾਬ ਦੀ ਕੁਰਬਾਨੀ ਦਾ ਮੋੜ ਕੇਂਦਰ ਸਰਕਾਰ ਨੇ ਇਹ ਕਾਲੇ ਕਾਨੂੰਨ ਲਿਆ ਕੇ ਮੋੜਿਆ ਹੈ। ਅੱਜ ਦਾ ਕਿਸਾਨੀ ਅੰਦੋਲਨ ਵੀ ਇਸੇ ਦਾ ਸਿੱਟਾ ਹੈ।
ਇਹ ਅੰਦੋਲਨ ਆਮ ਵਿਰੋਧ ਤੋਂ ਆਪਣੇ ਹੱਕਾਂ ਲਈ ਸੰਸਾਰ ਪੱਧਰ ਦਾ ਸੰਘਰਸ਼ ਬਣ ਗਿਆ ਹੈ। ਇਹ ਸੰਘਰਸ਼ ਆਮ ਜਨਤਾ ਦਾ ਜਨਤਾ ਵਲੋਂ ਥਾਪੇ ਬਾਦਸ਼ਾਹਾਂ ਵਲੋਂ ਕੀਤੇ ਜਾ ਰਹੇ ਧੱਕੇ ਦੇ ਵਿਰੋਧ ਵਿਚ ਹੈ। ਪੰਜਾਬ ਵਿਚ ਪਿਛਲੇ ਪੰਜ ਹਜ਼ਾਰ ਸਾਲਾਂ ਤੋਂ ਚਲੇ ਆ ਰਹੇ ਖੇਤੀ ਦੇ ਕੁਦਰਤੀ ਮਾਡਲ ਨੂੰ ਤਹਿਸ-ਨਹਿਸ ਕਰਕੇ ਲਿਆਂਦੇ ਗਏ ਸਰਮਾਏਦਾਰੀ ਦੇ ਖੇਤੀ ਮਾਡਲ ਨੇ ਕਿਸਾਨ ਦੀਆਂ ਆਰਥਕ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਹਨ। ਕਿਸਾਨ ਦਾ ਭਵਿਖ ਤਾਂ ਪਹਿਲਾਂ ਹੀ ਧੁੰਦਲਾਂ ਹੋ ਗਿਆ ਸੀ-ਇਨ੍ਹਾਂ ਨਵੇਂ ਕਾਨੂੰਨਾਂ ਨੇ ਹੋਰ ਵੀ ਬਲਦੀ `ਤੇ ਤੇਲ ਪਾ ਦਿੱਤਾ ਹੈ। ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸਾਨਾਂ ਨੇ ਆਰਥਕ ਮੁੱਦਿਆਂ `ਤੇ ਦੇਸ਼ ਦੇ ਸਾਰੇ ਵਰਗਾਂ ਨੂੰ ਇਕੱਠਿਆਂ ਅਵਾਜ਼ ਬੁਲੰਦ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਕਾਨੂੰਨ ਸਿਰਫ ਕਿਸਾਨੀ ਦੇ ਹੀ ਵਿਰੁੱਧ ਨਹੀਂ ਹਨ, ਸਗੋਂ ਸਮੁੱਚੀ ਭਾਰਤੀ ਜਨਤਾ ਦੇ ਹਿੱਤਾਂ ਉਤੇ ਅਸਿੱਧੇ ਤੌਰ `ਤੇ ਡਾਕਾ ਹੈ। ਮੁੱਦਤਾਂ ਬਾਅਦ ਭਾਰਤ ਦੇ ਬਹੁਤ ਸਾਰੇ ਰਾਜਾਂ ਦੇ ਲੋਕ ਪੰਜਾਬ ਦੇ ਸੰਘਰਸ਼ੀ ਝੰਡੇ ਹੇਠ ਇਕੱਠੇ ਹੋ ਕੇ ਇਨ੍ਹਾਂ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਤੁਰੇ ਹੋਏ ਹਨ। ਇਸ ਦੇ ਨਤੀਜੇ ਹੁਣ ਭਾਵੇਂ ਕੁਝ ਵੀ ਨਿਕਲਣ, ਪਰ ਇਸ ਅੰਦੋਲਨ ਦਾ ਸਾਡੇ ਦੇਸ਼ ਦੀ ਸਿਆਸਤ `ਤੇ ਅਸਰ ਤਾਂ ਹੋਣਾ ਹੀ ਹੈ, ਇਸ ਦੇ ਨਾਲ ਨਾਲ ਸੰਸਾਰ ਭਰ ਵਿਚ ਸਰਮਾਏਦਾਰੀ ਅਤੇ ਕਾਰਪੋਰੇਟ ਸੈਕਟਰ ਦੀ ਲੁੱਟ ਵਿਰੁੱਧ ਇਕ ਲਹਿਰ ਜਨਮ ਲਵੇਗੀ। ਜਿਸ ਤਰ੍ਹਾਂ ਇਸ ਲਹਿਰ ਨੇ ਪੰਜਾਬ ਤੋਂ ਸ਼ਰੂ ਹੋ ਕੇ ਭਾਰਤ ਦੇ ਬਹੁਤੇ ਰਾਜ, ਜਿਥੇ ਮੰਡੀਕਰਨ ਅਤੇ ਐਮ. ਐਸ. ਪੀ. ਨਹੀਂ ਸੀ, ਲੁੱਟ ਵਿਰੁੱਧ ਉਨ੍ਹਾਂ ਦੀ ਜ਼ਮੀਰ ਨੂੰ ਜਾਗਰੂਕ ਕੀਤਾ, ਉਸੇ ਤਰ੍ਹਾਂ ਸੰਸਾਰ ਪੱਧਰ `ਤੇ ਵੀ ਇਸ ਦਾ ਸਾਰਥਕ ਪ੍ਰਭਾਵ ਉਘੜੇਗਾ।
ਇਸ ਸੰਘਰਸ਼ ਦੀ ਸਭ ਤੋਂ ਵੱਡੀ ਵਿਲਖੱਣਤਾ ਇਹ ਹੈ ਕਿ ਇਸ ਵਿਚ ਜਾਤ-ਪਾਤ, ਧਰਮ ਵਿਸ਼ੇਸ਼, ਸਿਆਸਤੀ ਪਾਰਟੀਬਾਜ਼ੀ ਲਈ ਕੋਈ ਥਾਂ ਨਹੀਂ ਹੈ। ਇਹ ਨਿਰੋਲ ਮਨੁੱਖੀ ਹੋਂਦ ਲਈ ਲੜਾਈ ਹੈ। ਮਨੁੱਖ ਦੀ ਰੋਜ਼ੀ ਰੋਟੀ ਲਈ ਲੜੀ ਜਾ ਰਹੀ ਲੜਾਈ ਹੈ। ਆਪਣੀ ਹੋਂਦ ਦਾ ਮੋਹ ਹੀ ਲੋਕ ਪੱਖੀ ਜਨਤਕ ਲਹਿਰਾਂ ਨੂੰ ਜਨਮ ਦਿੰਦਾ ਹੈ। ਸਾਰੇ ਦੇਸ਼ ਵਿਚ ਇਸ ਲੜਾਈ ਨੇ ਸਰਮਾਏਦਾਰੀ ਅਤੇ ਅਸਿੱਧੇ ਤੌਰ `ਤੇ ਕਾਰਪੋਰੇਟ ਸੈਕਟਰ ਦੀ ਮਾਰ ਹੇਠ ਗਰੀਬੀ ਨਾਲ ਝੰਬੀ ਹੋਈ ਜ਼ਮੀਰ ਨੂੰ ਜਾਗਰੂਕ ਕਰਕੇ ਪ੍ਰਚੰਡ ਕੀਤਾ ਹੈ। ਜਿਸ ਤਰ੍ਹਾਂ ਇਸ ਅੰਦੋਲਨ ਨੂੰ ਸ਼ਾਂਤਮਈ ਵਿਉਂਤਬੰਦੀ ਨਾਲ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਏਕਾ ਕਾਇਮ ਕਰਕੇ ਸਿਖਰ `ਤੇ ਪੁਹੰਚਾਇਆ, ਉਸ ਤੋਂ ਰਾਜਾਂ ਦੀਆਂ ਅਤੇ ਕੇਂਦਰ ਦੀਆਂ ਰਾਜਸੀ ਪਾਰਟੀਆਂ ਨੂੰ ਸਬਕ ਸਿਖਣਾ ਚਾਹੀਦਾ ਹੈ। ਸਾਰੀਆਂ ਰਾਜਸੀ ਪਾਰਟੀਆਂ ਨੂੰ ਚਾਹੀਦਾ ਸੀ ਕਿ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਖੁੱਲ੍ਹੇ ਦਿਲ ਨਾਲ ਇਸ ਲੋਕ ਘੋਲ ਦੀ ਮਦਦ ਕਰਦੀਆਂ, ਪਰ ਉਹ ਸਭ ਅਜੇ ਵੀ ਵੋਟ ਬੈਂਕ ਦੀ ਸਿਆਸਤ ਦਾ ਮੋਹ ਨਹੀਂ ਛੱਡ ਸਕੀਆ, ਜਦੋਂ ਕਿ ਇਹ ਸੰਘਰਸ਼ ਹੁਣ ਬਹੁਤ ਹੀ ਖਤਰਨਾਕ ਮੋੜ `ਤੇ ਪਹੁੰਚ ਚੁਕਾ ਹੈ।
ਇਹ ਅੰਦੋਲਨ ਹੋਸ਼ ਅਤੇ ਜੋਸ਼ ਦਾ ਸੁਮੇਲ ਹੈ, ਪਰ ਅਖੀਰ ਤਕ ਸਾਂਤੀ ਬਣਾਈ ਰੱਖਣ ਦੀ ਸਖਤ ਲੋੜ ਹੈ, ਜਿਸ `ਤੇ ਕਿਸਾਨ ਆਗੂ ਪੂਰਾ ਪਹਿਰਾ ਦੇ ਰਹੇ ਹਨ। ਪੰਜਾਬ ਵਿਚ ਇਹ ਅੰਦੋਲਨ ਕਰੀਬ ਚਾਰ ਮਹੀਨਿਆਂ ਤੋਂ ਪੜਾਅ-ਦਰ-ਪੜਾਅ ਚਲ ਰਿਹਾ ਹੈ। ਇਸ ਦੀ ਵਿਉਂਤਬੰਦੀ ਲਾਮਬੰਦੀ ਵਾਂਗ ਬਹੁਤ ਹੀ ਸੁਚੱਜੇ ਹੱਥਾਂ ਵਿਚ ਹੈ। ਇਸ ਵਿਚ ਬੱਚੇ, ਬਜੁਰਗ, ਔਰਤਾਂ, ਨੌਜਵਾਨ, ਅਨਪੜ੍ਹ, ਪੜ੍ਹੇ-ਲਿਖੇ, ਲੇਖਕ, ਬੁੱਧੀਜੀਵੀ, ਪੱਤਰਕਾਰ, ਸਮਾਜ ਸੇਵਕ, ਪ੍ਰੋਫੈਸਰ-ਅਧਿਆਪਕ, ਮਜ਼ਦੂਰ, ਮਸ਼ੀਨਰੀ ਦੇ ਕਾਰੀਗਰ, ਗਾਇਕ, ਅਭਿਨੇਤਾ, ਖਿਡਾਰੀ ਅਤੇ ਚੌਂਤੀ-ਪੈਂਤੀ ਕਿਸਾਨਾਂ ਦੀਆਂ ਜਥੇਬੰਦੀਆਂ ਸ਼ਾਮਲ ਹਨ। ਇੰਨੇ ਵਖਰੇਵੇਂ ਹੋਣ ਦੇ ਬਾਵਜੂਦ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਾਬਤੇ ਵਿਚ ਆਪਣੀ ਆਪਣੀ ਡਿਊਟੀ ਨਿਭਾ ਰਹੇ ਹਨ। ਭਾਵੇਂ ਸਰਕਾਰਾਂ ਨੇ ਇਨ੍ਹਾਂ ਵਿਚ ਅਰਾਜਕਤਾ ਪੈਦਾ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ, ਪਰ ਸਫਲ ਨਹੀ ਹੋਏ। ਸਾਰੇ ਵਰਗ ਆਪਣੀ ਸਲਾਮਤੀ ਦੀ ਜੰਗ ਨੂੰ ਰੂਹ ਨਾਲ ਲੜ ਰਹੇ ਹਨ।
ਪੰਜਾਬ ਦੇ ਨੌਜਵਾਨਾਂ ਨੇ ਆਪਣੇ `ਤੇ ਲੱਗੇ ਨਸ਼ੇਬਾਜ਼ੀ ਤੇ ਵਿਹਲੜਪੁਣੇ ਦੇ ਦੂਸ਼ਣਾਂ ਨੂੰ ਇਸ ਲਹਿਰ ਵਿਚ ਸੱਚੇ ਮਨ ਨਾਲ ਕੰਮ ਕਰਕੇ ਧੋਣ ਦੀ ਕੋਸ਼ਿਸ਼ ਕੀਤੀ ਹੈ। ਮਾਂਵਾਂ ਆਪਣੇ ਬੱਚਿਆਂ ਨੂੰ ਸੰਘਰਸ਼ ਦੇ ਟੈਂਟਾਂ ਵਿਚ ਆਨਲਾਈਨ ਪੜ੍ਹਾਈ ਕਰਵਾ ਰਹੀਆਂ ਹਨ। ਇਸਾਈ ਭਾਈਚਾਰੇ ਦੇ ਲੋਕਾਂ ਨੇ ਕਿਸਾਨ ਭਾਈਚਾਰੇ ਦੀ ਹਮਾਇਤ ਕਰਦਿਆਂ ਕ੍ਰਿਸਮਸ ਉਨ੍ਹਾਂ ਨਾਲ ਆ ਕੇ ਮਨਾਈ। ਸਿੱਖ ਭਾਈਚਾਰੇ ਲਈ ਦਸੰਬਰ ਦਾ ਆਖਰੀ ਹਫਤਾ ਸ਼ਹੀਦਾਂ ਨੂੰ ਸਮਰਪਿਤ ਹੈ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਵੀ ਮੋਰਚੇ `ਤੇ ਹੀ ਮਨਾਏ ਗਏ ਹਨ। ਅੰਗਹੀਣ ਲੋਕ ਵੀ ਪੂਰੇ ਹੌਸਲੇ ਨਾਲ ਸੈਂਕੜੇ ਮੀਲ ਟਰਾਈ-ਸਾਈਕਲ ਚਲਾ ਕੇ ਪਹੁੰਚੇ ਹੋਏ ਹਨ। ਵਾਲੀਬਾਲ ਦੇ ਖਿਡਾਰੀਆਂ ਨੇ ਆਪਣਾ ਨੈਟ ਮੋਰਚੇ ਵਿਚ ਹੀ ਗੱਡਿਆ ਹੋਇਆ ਹੈ। ਬਾਕਸਰ ਆਪਣੇ ਕੋਚਾਂ ਤੋਂ ਮੋਰਚੇ ਵਿਚ ਹੀ ਟਰੇਨਿੰਗ ਲੈ ਰਹੇ ਹਨ। ਕੜਾਕੇ ਦੀ ਠੰਡ ਵਿਚ ਕੁੰਡਲੀ ਬਾਰਡਰ ਉੱਤੇ ਲੱਗੇ ਮੋਰਚੇ ਵਿਚ ਜੀ. ਟੀ. ਰੋਡ `ਤੇ ਮੈਟ ਵਿਛਾ ਕੇ ਲੜਕੀਆਂ ਦੇ ਕਬੱਡੀ ਮੈਚ ਕਰਵਾਏ ਗਏ।
ਪਿੰਡਾਂ ਤੋਂ ਹੁਣ ਵੀ ਵੀਹ ਵੀਹ ਕੁਇੰਟਲ ਪਿੰਨੀਆਂ, ਲੰਗਰ ਲਈ ਹਰ ਤਰ੍ਹਾਂ ਦੀ ਰਸਦ ਅਤੇ ਠੰਡ ਤੋਂ ਬਚਣ ਲਈ ਕੰਬਲ ਰਜਾਈਆਂ ਲਗਾਤਾਰ ਭੇਜੇ ਜਾ ਰਹੇ ਹਨ। ਲੰਗਰ ਲਈ ਹਰ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾ ਰਹੇ ਹਨ। ਲੱਖਾਂ ਦੀ ਗਿਣਤੀ ਵਿਚ ਮੋਰਚੇ ਤੋਂ ਬਾਹਰਲੀਆਂ ਸੰਗਤਾਂ ਸਮੇਤ ਲੰਗਰ ਛਕ ਰਹੀਆਂ ਹਨ। ਇਸ ਤੋਂ ਵੱਡੀ ਸਹਿਜਤਾ ਕੀ ਹੋ ਸਕਦੀ ਹੈ! ਸਰਕਾਰ ਨਾਲ ਸੱਤਵੀਂ ਮੀਟਿੰਗ ਵੀ ਬੇਸਿੱਟਾ ਰਹਿਣ ਦੇ ਬਾਵਜੂਦ ਕਿਸਾਨ ਇਸ ਅੰਦੋਲਨ ਲਈ ਇੰਨੇ ਪੱਕੇ ਸ਼ਿੱਦਤ ਤੇ ਇਰਾਦੇ ਨਾਲ ਦਿੱਲੀ ਦੇ ਬਾਡਰ `ਤੇ ਬੈਠੇ ਹਨ ਕਿ ਉਹ ਆਪਣੇ ਘਰ ਵਾਲਿਆਂ ਨੂੰ ਆਪਣਾ ਅਡਰੈਸ ਵੀ ਦਿੱਲੀ ਦੇ ਮੈਟਰੋ ਪਿੱਲਰਾਂ ਦੇ ਨੰਬਰ ਦੇ ਰਹੇ ਹਨ, ਜਿੱਥੇ ਉਹ ਡੇਰਾ ਜਮਾਈ ਬੈਠੇ ਹਨ। ਪੰਜਾਬ ਵਿਚ ਔਰਤਾਂ ਨੇ ਆਪਣੇ ਬ੍ਰਿਗੇਡ ਬਣਾ ਲਏ ਹਨ, ਜਿਹੜੇ ਘਰ ਘਰ ਜਾ ਕੇ ਔਰਤਾਂ, ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਇਨ੍ਹਾਂ ਖੇਤੀ ਬਿੱਲਾਂ ਬਾਰੇ ਜਾਗਰੂਕ ਕਰ ਰਹੇ ਹਨ। ਵੱਖ ਵੱਖ ਸ਼ਹਿਰਾਂ, ਪਿੰਡਾਂ ਵਿਚ ਔਰਤਾਂ ਭੁੱਖ ਹੜਤਾਲਾਂ ਕਰ ਰਹੀਆਂ ਹਨ। ਸਾਹਿਤ ਸਭਾਵਾਂ ਆਪਣੀਆਂ ਮੀਟਿੰਗਾਂ ਕਿਸਾਨ ਸੰਘਰਸ਼ ਨੂੰ ਸਮਰਪਿਤ ਕਰ ਰਹੀਆਂ ਹਨ। ਸਾਬਕਾ ਫੌਜੀਆਂ, ਰਿਟਾਇਰਡ ਆਹਲਾ ਅਫਸਰਾਂ ਨੇ ਮੋਰਚਿਆਂ ਵਿਚ ਜਾ ਕੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜਿਆ ਹੈ। ਇਲੈਕਟ੍ਰੌਨਿਕ ਵੱਡੀਆਂ ਸਕਰੀਨਾਂ, ਵਾਕੀ-ਟਾਕੀ ਅਤੇ ਹਾਈ ਪਾਵਰ ਸਪੀਕਰਾਂ ਨੇ ਮੀਲਾਂ ਲੰਬੇ ਮੋਰਚਿਆਂ ਨੂੰ ਜੋੜ ਕੇ ਰੱਖਿਆ ਹੋਇਆ ਹੈ।
ਇਸ ਸਭ ਕੁਝ ਨੇ ਮਿਲ ਕੇ ਹੀ ਤਾਨਾਸ਼ਾਹੀ ਸਰਕਾਰ ਨੂੰ ਗੱਲਬਾਤ ਲਈ ਟੇਬਲ `ਤੇ ਬੈਠਣ ਲਈ ਮਜ਼ਬੂਰ ਕੀਤਾ ਹੈ, ਨਹੀ ਤਾਂ ਹੁਣ ਤਕ ਇਸ ਮੋਰਚੇ ਦਾ ਹੱਲ ਇਸ ਸਰਕਾਰ ਨੇ ਆਪਣੇ ਹਿਸਾਬ ਨਾਲ ਹੀ ਕਰਨਾ ਸੀ। ਹੁਣ ਤਕ ਹੋਈਆਂ ਮੀਟਿੰਗਾਂ ਵਿਚ ਕਿਸਾਨਾਂ ਨੂੰ ਅੰਸ਼ਕ ਸਫਲਤਾ ਮਿਲੀ ਹੈ-ਆਸ ਕਰਦੇ ਹਾਂ ਸਰਕਾਰ ਜਿੰਨਾ ਮਰਜ਼ੀ ਅੜੀਆਂ ਕਰ ਲਵੇ, ਜਿੱਤ ਸੰਘਰਸ਼ ਦੀ ਹੀ ਹੋਵੇ। ਦੁਨੀਆਂ ਭਰ ਵਿਚ ਭਵਿਖ `ਚ ਆਪਣੇ ਹੱਕਾਂ ਲਈ ਉੱਠਣ ਵਾਲੀਆਂ ਲਹਿਰਾਂ ਇਸ ਸੰਘਰਸ਼ ਤੋਂ ਕੁਝ ਨਾ ਕੁਝ ਸੇਧ ਲੈਣਗੀਆਂ।