ਮੋਦੀ ਸੋਚਦਾ ਤਾਂ ਹੋਣੈ ਕਿ ਕਿਸਾਨੀ ਸੰਘਰਸ਼਼ ਪਿਛੇ ਕਿਹੜੀਆਂ ਤਾਕਤਾਂ ਹਨ?

ਜਸਵਿੰਦਰ ਸਿੰਘ ਭੁਲੇਰੀਆ
ਫੋਨ: 91-75891-55501
ਪੋਹ ਦੀਆਂ ਠੰਡੀਆਂ ਰਾਤਾਂ, ਠੰਡੀਆਂ ਹਵਾਵਾਂ ਦੇ ਵਗਦੇ ਬੁੱਲੇ, ਘਰਾਂ ਤੋਂ ਬਾਹਰ ਤੇ ਸੜਕਾਂ ਕਿਨਾਰੇ ਗਰਜ਼ਦੇ ਕਿਸਾਨ। ਕੋਈ ਪ੍ਰਵਾਹ ਨਹੀਂ ਕਿਸੇ ਨੂੰ, ਨਾ ਮਰਨ ਦਾ ਡਰ, ਨਾ ਭੁੱਖ ਪਿਆਸ ਦਾ ਡਰ, ਹੌਸਲੇ ਬੁਲੰਦ। ਇੱਕੋ ਇੱਕ ਮਿਸ਼ਨ ਕਿ ਦਿੱਲੀ ਜਿੱਤ ਕੇ ਹੀ ਘਰ ਪਰਤਾਂਗੇ। ਜੇ ਕਨੂੰਨ ਰੱਦ ਨਹੀਂ ਹੋਣਗੇ ਤੇ ਸੰਘਰਸ਼ ਵੀ ਖਤਮ ਨਹੀਂ ਹੋਵੇਗਾ। ਇਹ ਅਵਾਜ਼ ਸਾਰੇ ਕਿਸਾਨ ਆਵਾਮ ਦੀ ਸਭ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਜੋ ਸਰਕਾਰ ਸੋਚ ਰਹੀ ਹੈ ਕਿ ਇਨ੍ਹਾਂ ਪਿਛੇ ਕਿਹੜੀਆਂ ਤਾਕਤਾਂ ਦਾ ਹੱਥ ਹੈ, ਆਉ ਉਸ ਬਾਰੇ ਵੀ ਥੋੜ੍ਹਾ ਜਿਹਾ ਚਾਨਣਾ ਪਾ ਲਈਏ। ਪੰਜਾਬ ਦੀ ਜ਼ਮੀਨ, ਪੰਜਾਬ ਦੇ ਵਿਰਸੇ, ਪੰਜਾਬ ਦੀ ਧਰਤੀ `ਤੇ ਪਲੀ ਸਿੱਖ ਕੌਮ ਤੋਂ ਨਾ-ਵਾਕਿਫ ਲੋਕਾਂ ਲਈ ਇਹ ਸਵਾਲ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।

ਮੋਦੀ ਮਹਿਕਮਾ ਹੈਰਾਨ ਹੈ ਕਿ ਅਨਪੜ੍ਹ ਕਿਸਾਨਾਂ ਨੂੰ ਜੰਗੀ ਕਾਫਲੇ ਵਾਂਗ ਤੁਰਨ ਦੀ ਟਰੇਨਿੰਗ ਕਿਸ ਨੇ ਦਿੱਤੀ ਹੈ? ਇਨ੍ਹਾਂ ਕੋਲ ਖਾਣ ਪੀਣ ਦੀ ਰਸਦ ਕਿਥੋਂ ਆ ਰਹੀ ਹੈ? ਇਨ੍ਹਾਂ ਲੋਕਾਂ ਦਾ ਭੋਜਨ ਕੌਣ ਤਿਆਰ ਕਰ ਰਿਹਾ ਹੈ? ਇਹ ਠੰਡ ਵਿਚ ਕਿਵੇਂ ਜੀਅ ਰਹੇ ਹਨ? ਇਹ ਘਰ-ਬਾਰ ਕਿਵੇਂ ਤਿਆਗ ਕੇ ਦਿੱਲੀ ਨੂੰ ਆਪਣਾ ਆਸ਼ੀਆਨਾ ਬਣਾ ਕੇ ਬੈਠੇ ਹਨ? ਇਨ੍ਹਾਂ ਦੇ ਘਰਦਿਆਂ ਦਾ ਖਿਆਲ ਕੌਣ ਰੱਖਦਾ ਹੈ? ਇਹ ਬਿਮਾਰ ਵੀ ਨਹੀਂ ਹੁੰਦੇ, ਕਿਹੜੇ ਵੇਲੇ ਰਾਤ ਨੂੰ ਸੌਂਦੇ ਹੋਣਗੇ? ਅੰਮ੍ਰਿਤ ਵੇਲੇ ਹੀ ਜੈਕਾਰੇ ਛੱਡਣ ਲੱਗ ਜਾਂਦੇ ਹਨ। ਇਨ੍ਹਾਂ ਦੇ ਫੋਨ ਚਾਰਜ ਕਿਵੇਂ ਹੋ ਰਹੇ ਹਨ। ਇਨ੍ਹਾਂ ਨੂੰ ਇਥੇ ਪਹੁੰਚਣ ਦਾ ਖਰਚਾ ਕਿਸ ਨੇ ਦਿੱਤਾ ਹੈ। ਇਨ੍ਹਾਂ ਉਤੇ ਠੰਡ ਦਾ ਕੋਈ ਅਸਰ ਵੀ ਨਹੀਂ ਦਿਸਦਾ। ਇਨ੍ਹਾਂ ਵਿਚ ਇਨ੍ਹਾਂ ਸਬਰ ਕਿਥੋਂ ਆਇਆ ਹੈ? ਇਕ ਮਹੀਨੇ ਤੋਂ ਵੱਧ ਹੋ ਗਿਆ ਹੈ, ਇਨ੍ਹਾਂ ਨੂੰ ਇਥੇ ਡਟਿਆ ਨੂੰ, ਨਾ ਇਹ ਅੱਕੇ ਹਨ, ਨਾ ਥੱਕੇ ਹਨ।
ਇਹ ਫੋਰਸਾਂ ਤੋਂ ਵੀ ਨਹੀਂ ਡਰਦੇ। ਇਹ ਅੰਗਰੇਜ਼ੀ ਕਿਵੇਂ ਬੋਲ ਲੈਂਦੇ ਹਨ? ਇਹ ਟਵਿਟਰ `ਤੇ ਕਿਵੇਂ ਛਾ ਗਏ ਹਨ? ਇਨ੍ਹਾਂ ਭਾਰਤੀ ਗੋਦੀ ਮੀਡੀਆ ਦਾ ਪ੍ਰਭਾਵ ਵੀ ਕਬੂਲ ਨਹੀਂ ਕੀਤਾ। ਇਨ੍ਹਾਂ ਨੇ ਆਪਣਾ ਮੀਡੀਆ ਕਿਵੇਂ ਸਥਾਪਤ ਕਰ ਲਿਆ ਹੈ। ਇਹ ਜੰਗਲ ਪਾਣੀ ਕਿਥੇ ਜਾਂਦੇ ਹੋਣਗੇ, ਇਹ ਨਹਾਉਂਦੇ ਕਿਵੇਂ ਹੋਣਗੇ? ਇਨ੍ਹਾਂ ਦੇ ਕੱਪੜੇ ਕੌਣ ਧੋ ਰਿਹਾ ਹੈ? ਸਭ ਤੋਂ ਵੱਡੀ ਗੱਲ ਕਿ ਇਹ ਸਾਰੇ ਇੱਕੋ ਜ਼ਬਾਨ ਕਿਵੇਂ ਬੋਲ ਰਹੇ ਹਨ? ਛੋਟੇ ਤੋਂ ਲੈ ਕੇ ਬਜੁਰਗ ਦੀ ਜ਼ਬਾਨ ਉਤੇ ਇੱਕੋ ਹੀ ਗੱਲ ਹੈ ਕਿ ਅਸੀਂ ਮੋਦੀ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਘਰ ਨੂੰ ਜਾਵਾਂਗੇ। ਉਚੇ ਉਚੇ ਟਾਵਰਾਂ `ਤੇ ਬਿਨਾ ਡਰ ਤੋਂ ਚੜ੍ਹ ਕੇ ਆਪਣੇ ਕਿਸਾਨੀ ਦੇ ਝੰਡੇ ਚੜ੍ਹਾ ਕੇ ਬੈਠੇ ਹਨ।
ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਸਵਾਲ ਇਨ੍ਹਾਂ ਦੇ ਦਿਮਾਗ ਉਤੇ ਘੁੰਮਦੇ ਹੋਣਗੇ। ਆਉ ਆਪਾਂ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਇਨ੍ਹਾਂ ਨੂੰ ਲੱਭ ਕੇ ਦੇ ਦਿੰਦੇ ਹਾਂ ਕਿ ਇਸ ਕਿਸਾਨੀ ਸੰਘਰਸ਼ ਪਿੱਛੇ ਕਿਹੜੀਆਂ ਕਿਹੜੀਆਂ ਤਾਕਤਾਂ ਖੜ੍ਹੀਆਂ ਹਨ! ਸਭ ਤੋਂ ਵੱਡੀ ਇਸ ਸੰਘਰਸ਼ ਨੂੰ ਜੋ ਤਾਕਤ ਮਿਲ ਰਹੀ ਹੈ, ਉਹ ਹੈ ਗੁਰੂ ਦਾ ਆਸਰਾ। ਅਰਦਾਸਾਂ ਕਰਕੇ ਤੁਰੇ ਜਥੇ ਕਦੇ ਮਰਨ ਤੋਂ ਨਹੀਂ ਡਰਦੇ। ਇਨ੍ਹਾਂ ਨੂੰ ਜੋਸ਼ ਉਸ ਦਿਨ ਮਿਲਿਆ, ਜਦੋਂ ਮੋਦੀ ਦੇ ਚਮਚੇ ਖੱਟਰ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਅਸੀਂ ਪੰਜਾਬ ਵਾਸੀਆਂ ਨੂੰ ਹਰਿਆਣੇ ਵਿਚੋਂ ਨਹੀਂ ਲੰਘਣ ਦਿਆਂਗੇ। ਦਿੱਲੀ ਦੀ ਗੱਲ ਤਾਂ ਦੂਰ, ਅੰਬਾਲਾ ਵੀ ਲੰਘਣ ਨਹੀਂ ਦਿਆਂਗਾ। ਫਿਰ ਕੀ ਹੋਇਆ! ਉਹ ਸਾਰੀ ਦੁਨੀਆਂ ਨੇ ਲਾਵੀਵ ਵੇਖਿਆ। ਕਿਸੇ ਤੋਂ ਲੁਕਿਆ ਛਿਪਿਆ ਨਹੀਂ ਰਿਹਾ।
ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਦਿੱਲੀ ਦੇ ਬਾਰਡਰਾਂ `ਤੇ ਪਹੁੰਚ ਗਏ। ਜੇ ਚਾਹੁੰਦੇ ਤਾਂ ਇਹ ਦਿੱਲੀ ਦੇ ਅੰਦਰ ਵੀ ਜਾ ਸਕਦੇ ਸਨ, ਪਰ ਨਹੀਂ! ਸੂਰਮੇ ਕਦੇ ਸੁੱਤੇ `ਤੇ ਵਾਰ ਨਹੀਂ ਕਰਦੇ, ਪਹਿਲਾਂ ਦੁਸ਼ਮਣ ਨੂੰ ਜਗਾਉਂਦੇ ਹਨ। ਫਿਰ ਉਸ ਨੂੰ ਪੁੱਛਦੇ ਹਨ ਕਿ ਤੂੰ ਤਿਆਰ ਹੈਂ? ਫਿਰ ਅਗਲਾ ਕਦਮ ਲੈਂਦੇ ਹਨ। ਪੰਜਾਬ ਦੇ ਪੁੱਤ ਕਦੇ ਵੀ ਦਿੱਲੀ ਹੱਥੋਂ ਹਾਰ ਨਹੀਂ ਦੇਖਣਾ ਚਾਹੁੰਦੇ। ਜੇ ਗੱਲ ਕਰੀਏ ਕਿ ਇਨ੍ਹਾਂ ਕਾਫਲਿਆਂ ਵਿਚ ਚੱਲਣ ਦੀ ਟ੍ਰੇਨਿੰਗ ਕਿਥੋਂ ਲਈ, ਉਹ ਵੀ ਦਸ ਦਿੰਦੇ ਹਾਂ।
ਸਾਲ ਵਿਚ ਕਈ ਕਈ ਵਾਰ ਹੋਲਾ ਮਹੱਲਾ, ਮਾਘੀ ਦਾ ਮੇਲਾ, ਵਿਸਾਖੀ ਦੇ ਇਕੱਠ, ਸ਼ਹੀਦੀ ਜੋੜ ਮੇਲ ਅਤੇ ਹੋਰ ਅਨੇਕਾਂ ਮੇਲੇ ਆਉਂਦੇ-ਜਾਂਦੇ ਹੀ ਰਹਿੰਦੇ ਹਨ। ਟਰਾਲੀਆਂ ਜੋੜਨੀਆਂ ਇਨ੍ਹਾਂ ਵਾਸਤੇ ਕੋਈ ਨਵਾਂ ਕੰਮ ਨਹੀਂ ਸੀ। ਪੋਹ ਦੇ ਮਹੀਨੇ ਫਤਿਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਪਹੁੰਚਣ ਵਾਲਿਆਂ ਵਾਸਤੇ ਕੋਈ ਦਿੱਲੀ ਦੂਰ ਨਹੀਂ ਸੀ। ਗੁਰਪੁਰਬਾਂ ਅਤੇ ਹੋਰ ਦਿਹਾੜਿਆਂ ਉਤੇ ਲੰਗਰ ਲਾਉਣ ਵਾਲਿਆਂ ਵਾਸਤੇ ਦਿੱਲੀ `ਚ ਲੰਗਰ ਲਾਉਣਾ ਕੋਈ ਵੱਡੀ ਗੱਲ ਨਹੀਂ ਹੈ।
ਗੁਰੂ ਨਾਨਕ ਦੇਵ ਜੀ ਨੇ ਜੋ ਵੰਡ ਕੇ ਛਕੋ, ਪੰਗਤ ਤੇ ਸੰਗਤ ਦੀ ਮਰਿਆਦਾ ਅਤੇ ਸਰਬਤ ਦਾ ਭਲਾ ਵਾਲੀ ਰੀਤ ਚਲਾਈ ਹੈ, ਹੁਣ ਅਸੀਂ ਉਸ ਨੂੰ ਕਿਵੇਂ ਭੁੱਲ ਸਕਦੇ ਹਾਂ। ਦੇਸ਼ ਦੁਨੀਆਂ ਦੇ ਅੰਦਰ ਕਿਧਰੇ ਵੀ ਕੋਈ ਆਫਤ ਆਉਂਦੀ ਹੈ ਤਾਂ ਪੰਜਾਬੀ ਸਭ ਤੋਂ ਪਹਿਲਾਂ ਉਥੇ ਮੋਰਚਾ ਸੰਭਾਲਦੇ ਹਨ। ਭਾਵੇਂ ਗੁਜਰਾਤ ਵਿਚ ਭੁਚਾਲ ਦੀ ਗੱਲ ਕਰੀਏ ਤੇ ਭਾਵੇਂ ਨੇਪਾਲ ਦੀ; ਭਾਵੇਂ ਇਸ ਸਮੇਂ ਦੁਨੀਆਂ ਵਿਚ ਕਰੋਨਾ ਦੇ ਕਹਿਰ ਦੀ-ਹਰ ਥਾਂ ਇਨ੍ਹਾਂ ਨੇ ਆਪਣਾ ਵੱਡਮੁਲਾ ਯੋਗਦਾਨ ਪਾਇਆ ਹੈ। ਭਾਵੇਂ ਕਿੰਨੀ ਵੀ ਆਰਥਕ ਮੰਦੀ ਵੀ ਕਿਉਂ ਨਾ ਹੋਵੇ, ਇਹ ਕੌਮ ਆਪਣਾ ਦਸਵੰਧ ਕੱਢ ਕੇ ਸੇਵਾ ਕਰਦੀ ਹੈ। ਅੱਜ ਵੀ ਦਸਵੰਧ ਇਸ ਕਿਸਾਨ ਅੰਦੋਲਨ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਿਹਾ ਹੈ।
ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ-ਸਭ ਇਤਿਹਾਸਕ ਘਟਨਾਵਾਂ ਇੱਕਲੇ ਇੱਕਲੇ ਕਿਸਾਨ ਨੂੰ ਹੌਸਲਾ ਦੇ ਰਹੀਆਂ ਹਨ। ਕਿਸਾਨ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਕਦੇ ਸਰੀਰਕ ਤੰਗੀਆਂ ਤੋਂ ਹਾਰ ਨਹੀਂ ਮੰਨਦੇ। ਜਿਨ੍ਹਾਂ ਦਾ ਪਿਤਾ ਮਾਛੀਵਾੜੇ ਦੇ ਜੰਗਲਾਂ ਵਿਚ ਕੰਡਿਆਂ ਦੀ ਸੇਜ `ਤੇ ਸੁੱਤਾ ਹੋਵੇ, ਭਲਾ ਉਸ ਦੇ ਪੁੱਤਰ ਨੂੰ ਦਿੱਲੀ ਦੀਆਂ ਸੜਕਾਂ `ਤੇ ਸੌਣਾ ਕੋਈ ਔਖਾ ਹੈ!
ਮੋਰਚੇ ਵਿਚ ਬਹੁਤ ਗਿਣਤੀ ਬਜੁਰਗਾਂ ਦੀ ਹੈ। ਬਜੁਰਗਾਂ ਨੂੰ ਨੌਵੇਂ ਪਾਤਸ਼ਾਹ ਦੀ ਚਾਂਦਨੀ ਚੌਕ ਵਿਖੇ ਦਿੱਤੀ ਸ਼ਹਾਦਤ ਪ੍ਰੇਰਨਾ ਦਿੰਦੀ ਹੈ। ਉਹ ਆਪਣੇ ਪੁੱਤਰਾਂ ਤੋਂ ਪਹਿਲਾਂ ਸ਼ਹੀਦ ਹੋਣ ਵਾਸਤੇ ਕਾਹਲੇ ਪੈ ਰਹੇ ਹਨ। ਰੁਪਿਆ ਰੁਪਿਆ ਜੋੜ ਕੇ ਪਿੰਡਾਂ ਦੇ ਗੁਰੂ ਘਰਾਂ ਵਿਚ ਇਕੱਠੇ ਕੀਤੇ ਬਰਤਨ ਅੱਜ ਦਿੱਲੀ ਦੀਆਂ ਸੜਕਾਂ `ਤੇ ਲੱਖਾਂ ਲੋਕਾਂ ਨੂੰ ਲੰਗਰ ਛਕਾ ਰਹੇ ਹਨ।
ਕਰੋੜਾਂ ਦੀ ਕਬੱਡੀ ਖੇਡਦੇ ਨੌਜਵਾਨ ਗੁਪਤ ਦਾਨ ਵਜੋਂ ਟਰੱਕ ਭਰ ਭਰ ਕੇ ਆਈਆਂ ਵਾਸਿ਼ੰਗ ਮਸ਼ੀਨਾਂ ਨਾਲ ਕੱਪੜੇ ਧੋਣ ਦੀ ਸੇਵਾ ਕਰ ਰਹੇ ਹਨ। ਅੱਧਿਓਂ ਵੱਧ ਨੌਜਵਾਨ ਆਈਲੈਟਸ ਦੀਆਂ ਕਲਾਸਾਂ ਲਾ ਕੇ ਅੰਗਰੇਜ਼ੀ ਸਿੱਖੀ ਫਿਰਦੇ ਹਨ, ਜੋ ਕੈਮਰੇ ਅੱਗੇ ਖੂਬ ਅੰਗਰੇਜ਼ੀ ਬੋਲ ਰਹੇ ਹਨ। ਇਨ੍ਹਾਂ ਨੂੰ ਸੀ ਕਿ ਅਨਪੜ੍ਹਾਂ ਦੇ ਪੁੱਤ ਅੰਗਰੇਜ਼ੀ ਕਿਵੇਂ ਬੋਲ ਸਕਦੇ ਹਨ? ਗੋਦੀ ਮੀਡੀਆ ਨੂੰ ਪਰੇ ਕਰਕੇ ਮੁੰਡਿਆਂ ਨੇ ਆਪਣੇ ਚੈਨਲ ਹੀ ਚਲਾ ਲਏ ਹਨ। ਏਸੇ ਏਕੇ ਨੇ ਦਿੱਲੀ ਦੇ ਸਾਰੇ ਰਾਹ ਬੰਦ ਕਰ ਦਿੱਤੇ ਹਨ। ਦਿੱਲੀ ਕੋਲ ਹੁਣ ਕੋਈ ਚਾਰਾ ਬਾਕੀ ਨਹੀਂ ਹੈ ਜਾਂ ਤਾਂ ਕਾਨੂੰਨ ਰੱਦ ਕਰੇਗੀ ਜਾਂ ਫਿਰ ਬਲ ਦਾ ਇਸਤੇਮਾਲ ਕਰੇਗੀ। ਕਿਸਾਨਾਂ ਦੇ ਦ੍ਰਿੜ੍ਹ ਇਰਾਦੇ ਅੱਗੇ ਮੋਦੀ ਨੂੰ ਝੁਕਣਾ ਹੀ ਪੈਣਾ ਹੈ-ਅੱਜ ਨਹੀਂ ਤਾਂ ਕੱਲ੍ਹ। ਗੁਰੂ ਓਟ ਆਸਰੇ ਦੇ ਨਾਲ ਚਲੇ ਕਿਸਾਨ ਜਿੱਤ ਦੀ ਆਸ ਲੈ ਕੇ ਬੈਠੇ ਹਨ। ਪਰਮਾਤਮਾ ਜਰੂਰ ਪੂਰੀ ਕਰੇਗਾ, ਇਹ ਵਿਸ਼ਵਾਸ ਇਨ੍ਹਾਂ ਦਾ ਪੱਕਾ ਹੈ।