ਹਰਜੀਤ ਦਿਉਲ, ਬਰੈਂਪਟਨ
ਅਕਸਰ ਕੁਦਰਤ ਦੇ ਰਹੱਸਮਈ ਅਤੇ ਅਨੋਖੇ ਵਰਤਾਰਿਆਂ ਦਾ ਜਿ਼ਕਰ ਸੰਕੇਤਕ ਰੂਪ ਵਿਚ ਧਰਮ ਗ੍ਰੰਥਾਂ ਵਿਚ ਵੀ ਮਿਲਦਾ ਹੈ, ਜਿਸ ਨੂੰ ਸਮਝਣ ਲਈ ਮਨੁੱਖ ਹਮੇਸ਼ਾ ਹੀ ਤਤਪਰ ਰਿਹਾ ਹੈ। ਤੇਜੀ ਨਾਲ ਹੋਏ ਵਿਗਿਆਨਕ ਵਿਕਾਸ ਸਦਕਾ ਅਸੀਂ ਕੁਦਰਤ ਦੇ ਇਸ ਰਹੱਸ ਲਈ ਸੰਸਾਰ ਅੰਦਰ ਝਾਤੀ ਮਾਰ ਬਹੁਤ ਕੁਝ ਸਮਝਣ ਵਿਚ ਸਫਲ ਹੋਏ ਹਾਂ। ਧਰਤੀ ਉਪਰ ਪਲਰਿਆ ਜੀਵਨ ਇੱਕ ਐਸੇ ਈਕੋ ਸਿਸਟਮ ਵਿਚ ਬੱਝਾ ਹੈ, ਜਿਸ ਦਾ ਅਧਿਐਨ ਕਰ ਵਿਗਿਆਨੀ ਲਗਾਤਾਰ ਗਿਆਨ ਦੀ ਦੁਨੀਆਂ ‘ਚ ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ।
ਸਾਡੇ ਆਲੇ-ਦੁਆਲੇ ਅਤੀ ਸੂਖਮ ਜੀਵਾਂ ਦਾ ਬੜਾ ਅਨੋਖਾ ਅਤੇ ਦਿਲਚਸਪ ਵਪਾਰ ਚਲਦਾ ਰਹਿੰਦਾ ਹੈ, ਇਹ ਸਭ ਅਣਗੌਲਿਆ ਹੀ ਰਹਿ ਜਾਂਦਾ ਹੈ, ਜਦ ਤੱਕ ਸਿਰੜੀ ਵਿਗਿਆਨੀ ਆਪਣੀ ਡੂੰਘੀ ਘੋਖ ਪੜਤਾਲ ਨਾਲ ਇਸ ਦਾ ਖੁਲਾਸਾ ਸਾਡੇ ਸਾਹਮਣੇ ਨਹੀਂ ਕਰਦੇ।
ਇਨ੍ਹਾਂ ਅਣਗਿਣਤ ਵਰਤਾਰਿਆਂ ਵਿਚੋਂ ਇੱਕ ਹੈ ਕੀੜੀਆਂ ਅਤੇ ਬਿਰਛ ਬੂਟਿਆਂ ਦੀ ਅਨੋਖੀ ਸਾਂਝ-ਭਿਆਲੀ। ਸ਼ਾਇਦ ਹੀ ਅਸੀਂ ਕਦੇ ਨੀਝ ਲਾ ਕੇ ਕੀੜੀਆਂ ਦੀ ਅਸਚਰਜਨਕ ਜੀਵਨ ਪ੍ਰਣਾਲੀ ਵੱਲ ਦੇਖਿਆ ਹੋਵੇ, ਪਰ ਇਨ੍ਹਾਂ ਦਾ ਕਾਰ-ਵਿਹਾਰ ਮਨੁੱਖਾਂ ਨਾਲੋਂ ਘੱਟ ਸਮਾਜਕ ਨਹੀਂ। ਧਰਤੀ ਉਪਰ ਕਰੀਬ 12,000 ਪ੍ਰਜਾਤੀ ਦੀਆਂ ਕੀੜੀਆਂ ਪਾਈਆਂ ਗਈਆਂ ਹਨ। ਇੱਕ ਕੀੜੀ ਆਪਣੇ ਵਜਨ ਨਾਲੋਂ 20 ਗੁਣਾ ਵਜਨ ਚੁੱਕ ਸਕਦੀ ਹੈ, ਜਿਵੇਂ ਕਿ ਇੱਕ 200 ਪੌਂਡ ਵਜਨ ਵਾਲਾ ਮਨੁੱਖ ਇੱਕ ਛੋਟੀ ਕਾਰ ਸਿਰ ਉਪਰ ਚੁੱਕ ਲਵੇ। ਕੀੜੀਆਂ ਦਾ ਸਮਾਜ ਸਖਤ ਅਨੁਸ਼ਾਸਨ ਅਤੇ ਵਿਵਸਥਾ ਅਧੀਨ ਕੰਮ ਕਰਦਾ ਹੈ। ਸ਼ਕਤੀਸ਼ਾਲੀ ਕੈਮਰਿਆਂ ਰਾਹੀਂ ਕੀਤੀਆਂ ਖੋਜਾਂ ਦੱਸਦੀਆਂ ਹਨ ਕਿ ਬਿਰਛ ਬੂਟਿਆਂ ‘ਤੇ ਬਸੇਰਾ ਕਰਨ ਵਾਲੀਆਂ ਕੀੜੀਆਂ ਦਾ ਆਪਣੇ ਸ਼ਰਣਦਾਤਾ ਬਿਰਖਾਂ ਨਾਲ ਬੜਾ ਅਦਭੁਤ ਨਾਤਾ ਹੁੰਦਾ ਹੈ।
ਕੋਸਟਾ ਰੀਕਾ ਵਿਖੇ ਇੱਕ ਤਰ੍ਹਾਂ ਦੀਆਂ ਕੀੜੀਆਂ ਆਪਣੀ ਰਿਹਾਇਸ਼ ਬਣੇ ਬਿਰਖ `ਤੇ ਚੜ੍ਹਦੀ ਕਿਸੇ ਵੀ ਤਰ੍ਹਾਂ ਦੀ ਵੇਲ ਨੂੰ ਕੁਤਰ ਦਿੰਦੀਆਂ ਹਨ ਤਾਂ ਜੋ ਇਹ ਵੇਲ ਉਸ ਨੂੰ ਢਕ ਉਸ ਨੂੰ ਨੁਕਸਾਨ ਨਾ ਪਹੁੰਚਾ ਸਕੇ। ਅਫਰੀਕਾ ‘ਚ ਇੱਕ ਪ੍ਰਜਾਤੀ ਦੀਆਂ ਕੀੜੀਆਂ ਆਪਣੇ ਰਿਹਾਇਸ਼ੀ ਦਰੱਖਤ ਦੇ ਪੱਤਿਆਂ ਉਤੇ ਦਿੱਤੇ ਤਿਤਲੀ ਦੇ ਆਂਡਿਆਂ ਨੂੰ ਖਤਮ ਕਰ ਦਿੰਦੀਆਂ ਹਨ, ਕਿਉਂਕਿ ਇਨ੍ਹਾਂ ਆਂਡਿਆਂ ਵਿਚੋਂ ਨਿਕਲੇ ਲਾਰਵਾ ਪੱਤਿਆਂ ਨੂੰ ਚਟਮ ਕਰ ਜਾਂਦੇ ਹਨ। ਇਸੇ ਤਰਜ਼ ‘ਤੇ ਇਹ ਹੋਰ ਪੱਤੇ ਖਾਣ ਵਾਲੇ ਕੀਟਾਂ ਦਾ ਵੀ ਸਫਾਇਆ ਕਰਦੀਆਂ ਰਹਿੰਦੀਆਂ ਹਨ। ਹੋਰ ਤਾਂ ਹੋਰ ਕੁਝ ਪ੍ਰਜਾਤੀਆਂ ਆਪਣੇ ਆਸਿ਼ਆਨੇ ਦੇ ਕੱਦ ਕਾਠ ਦੀ ਸਲਾਮਤੀ ਲਈ ਉਸ ਦੇ ਫੁੱਲਾਂ ਨੂੰ ਨਾਕਾਰਾ ਕਰ ਦਿੰਦੀਆਂ ਹਨ ਤਾਂ ਜੋ ਉਨ੍ਹਾਂ ਦੀ ਪ੍ਰਜਨਨ ਸ਼ਕਤੀ ਦਾ ਇਸਤੇਮਾਲ ਬਿਰਛ ਦੇ ਆਕਾਰ ਨੂੰ ਵਧਾਉਣ ਲਈ ਹੋ ਸਕੇ, ਪਰ ਦੂਜੀ ਪ੍ਰਜਾਤੀ ਦੀਆਂ ਕੀੜੀਆਂ ਆਪਣੇ ਭਾਈਵਾਲ ਪੇੜ ਦੇ ਫੁੱਲਾਂ ਦੀ ਰਾਖੀ ਕਰ ਉਸ ਦੀ ਵੰਸ਼ ਵੇਲ ਵਧਾਉਣ ‘ਚ ਸਹਾਈ ਹੁੰਦੀਆਂ ਹਨ।
ਦਰੱਖਤ ਵੀ ਕੀੜੀਆਂ ਦੀ ਇਹ ਸੇਵਾ ਮੁਫਤ ਨਹੀਂ ਲੈਂਦੇ, ਸਗੋਂ ਬਦਲੇ ਵਿਚ ਉਨ੍ਹਾਂ ਨੂੰ ਸੁਆਦਿਸ਼ਟ ਭੋਜਨ ਉਪਲਬਧ ਕਰਾਉਂਦੇ ਹਨ। ਕੁਝ ਬਿਰਛਾਂ ਦੀਆਂ ਟਹਿਣੀਆਂ ‘ਤੇ ਗਾਜਰ ਵਰਗੇ ਛੋਟੇ ਛੋਟੇ ਮੂੰਗਰੇ ਜਿਹੇ ਲੱਗਦੇ ਹਨ, ਜੋ ਕੀੜੀਆਂ ਸ਼ੌਕ ਨਾਲ ਖਾਂਦੀਆਂ ਹਨ। ਕੁਝ ਦਰੱਖਤ ਗਾੜ੍ਹੇ ਤਰਲ ਪਦਾਰਥ ਦੀਆਂ ਬੂੰਦਾਂ ਛੱਡਦੇ ਹਨ, ਜੋ ਇਨ੍ਹਾਂ ਜੀਵਾਂ ਦਾ ਭੋਜਨ ਬਣਦਾ ਹੈ। ਇਹ ਹੈ ਇੱਕ ਛੋਟਾ ਜਿਹਾ ਵੇਰਵਾ, ਜੋ ਸਾਨੂੰ ਕੁਦਰਤੀ ਜੀਵਾਂ ਦੀ ਸਾਂਝ-ਭਿਆਲੀ ਦਾ ਅਦਭੁਤ ਨਜ਼ਾਰਾ ਪੇਸ਼ ਕਰ ਇਸ ਦੀ ਵਿਸ਼ਾਲਤਾ ਦੇ ਦਰਸ਼ਨ ਕਰਾਉਂਦਾ ਹੈ।