ਗੁਲਜ਼ਾਰ ਸਿੰਘ ਸੰਧੂ
ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦੀ ਸਰਕਾਰ ਵਿਚ ਚੱਲ ਰਹੇ ਰੇੜਕੇ ਨੇ ਮੈਨੂੰ 1914 ਵਾਲੇ ਕਾਮਾਗਾਟਾਮਾਰੂ ਦੀ ਲਾਮਿਸਾਲ ਘਟਨਾ ਚੇਤੇ ਕਰਵਾ ਦਿੱਤੀ ਹੈ। ਦੋਹਾਂ ਧਿਰਾਂ ਦੇ ਸਿੰਗ ਫਸਿਆਂ ਸਵਾ ਮਹੀਨਾ ਹੋ ਗਿਆ ਹੈ ਤੇ ਸਰਕਾਰ ਅਸਲ ਮਸਲੇ `ਤੇ ਗੱਲ ਕਰਨ ਦੀ ਥਾਂ ਉਰਲੀਆਂ-ਪਰਲੀਆਂ ਗੱਲਾਂ ਦੇ ਸਹਾਰੇ ਡੰਗ ਟਪਾ ਰਹੀ ਹੈ। ਕਹਿਰਾਂ ਦੇ ਕੋਰੇ ਤੇ ਠੰਢ ਵਿਚ ਬੈਠੇ ਕਿਸਾਨਾਂ ਦਾ ਦਮ ਦੇਖਣ ਉਤੇ ਤੁਲੀ ਹੋਈ ਹੈ। ਚਾਰ ਦਰਜਣ ਤੋਂ ਵਧ ਕਿਸਾਨਾਂ ਦੀਆਂ ਜਾਨਾਂ ਜਾ ਚੱੁਕੀਆਂ ਹਨ, ਫੇਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਕ ਸਦੀ ਪਹਿਲਾਂ 1914 ਵਿਚ ਬਰਤਾਨੀਆਂ ਦੀ ਸਰਕਾਰ ਨੇ 400 ਮੁਸਾਫਿਰਾਂ ਦੇ ਭਰੇ ਕਾਮਾਗਾਟਾਮਾਰੂ ਜਹਾਜ ਨੂੰ ਦੋ ਮਹੀਨੇ ਵੈਨਕੂਵਰ ਦੀ ਬੰਦਰਗਾਹ ਦੇ ਬਾਹਰ ਰੋਕੀ ਰੱਖਿਆ ਸੀ।
ਕੈਨੇਡਾ ਦੇ ਪੱਛਮ ਵਿਚ ਸ਼ਾਂਤ ਮਹਾਸਾਗਰ ਦੇ ਬ੍ਰਿਟਿਸ਼ ਕੋਲੰਬੀਆ ਵਿਚ ਪੈਂਦਾ ਵੈਨਕੂਵਰ ਇਹ ਸ਼ਹਿਰ ਕਾਮਾਗਾਟਾਮਾਰੂ ਸਾਕੇ ਦਾ ਕੇਂਦਰ ਬਿੰਦੂ ਰਿਹਾ।
ਅੰਤ 14 ਅਪਰੈਲ ਤੋਂ ਜਹਾਜ ਦੇ ਅੰਦਰ ਤੂੜੇ 340 ਸਿੱਖ, 12 ਹਿੰਦੂ ਤੇ 24 ਮੁਸਲਮਾਨਾਂ ਵਿਚੋਂ ਸਿਰਫ 24 ਮੁਸਾਫਿਰਾਂ, ਜਹਾਜ ਦੇ ਡਾਕਟਰ ਦਾ ਪਰਿਵਾਰ ਤੇ ਇੰਡੀਆ ਤੋਂ ਕੈਨੇਡਾ ਪਰਤਣ ਵਾਲੇ ਕੈਨੇਡੀਅਨ ਬਾਕੀ ਸਾਰਿਆਂ ਨੂੰ 23 ਜੁਲਾਈ ਵਾਲੇ ਦਿਨ ਵਾਪਸ ਚਾਲੇ ਪਾਉਣ ਲਈ ਮਜਬੂਰ ਕਰ ਦਿੱਤਾ। ਇਸ ਸਾਕੇ ਨਾਲ ਸਬੰਧਤ ਬਾਬਾ ਸੋਹਣ ਸਿੰਘ ਭਕਨਾ, ਮੌਲਾਨਾ ਬਰਕਤ ਉਲਾਹ ਤੇ ਹਸਨ ਰਹੀਮ ਹੀ ਨਹੀਂ, ਅਨੇਕਾ ਮਰਜੀਵੜੇ ਸਨ।
ਕਾਮਾਗਾਟਾਮਾਰੂ ਦੇ ਮੁਸਾਫਿਰ ਸਵਾ ਤਿੰਨ ਮਹੀਨੇ ਜਹਾਜ ਵਿਚ ਕੈਦ ਰਹਿਣ ਪਿਛੋਂ ਵਾਪਸ ਪਰਤ ਕੇ ਕਲਕੱਤਾ ਦੀ ਬਜਬਜ ਘਾਟ ਉਤੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ, ਉਨ੍ਹਾਂ ਨੇ ਸ਼ਕਤੀਸ਼ਾਲੀ ਗੋਰੀ ਸਰਕਾਰ ਦੇ ਪੈਰਾਂ ਥਲਿਓਂ ਮਿੱਟੀ ਖਿੱਚ ਲਈ। ਕਿਸਾਨ ਅੰਦੋਲਨ ਦੀਆਂ ਸ਼ਹੀਦੀਆਂ ਕੇਂਦਰ ਦੀ ਸਰਕਾਰ ਦੀਆਂ ਚੂਲਾਂ ਵਿਚ ਕਿੰਨਾ ਤੇਲ ਚੋਂਦੀਆਂ ਹਨ, ਸਮੇਂ ਨੇ ਦਸਣਾ ਹੈ।
ਹੁਣ ਥੋੜ੍ਹਾ ਸਮਾਂ ਪਹਿਲਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦੀਆਂ ਚੋਣਾਂ ਵਿਚ ਪੰਜਾਬੀਆਂ ਦੇ ਚੋਖੀ ਗਿਣਤੀ ਵਿਚ ਜਿੱਤਣ ਅਤੇ ਫਿਰ ਉਨ੍ਹਾਂ ਵਿਚੋਂ ਕਈਆਂ ਦੇ ਮੰਤਰੀ ਬਣਨ ਦੀਆਂ ਹੁਲਾਸ ਭਰੀਆਂ ਖਬਰਾਂ ਦਾ ਅਖਬਾਰਾਂ ਅਤੇ ਮੀਡੀਆਂ ਵਿਚ ਚੰਗਾ ਜ਼ਿਕਰ ਹੋ ਚੁਕਾ ਹੈ। ਇਸੇ ਕੜੀ ਵਿਚ ਇਕ ਹੋਰ ਵੱਡੀ ਖਬਰ ਹੈ, ਰਾਜ ਚੌਹਾਨ ਦਾ ਉੱਥੋਂ ਦੀ ਅਸੈਂਬਲੀ ਦੇ ਸਪੀਕਰ ਵਜੋਂ ਚੁਣਿਆ ਜਾਣਾ।
ਰਾਜ ਚੌਹਾਨ, 1973 ਵਿਚ ਪਰਵਾਸੀ ਬਣ ਕੇ ਪੰਜਾਬ ਤੋਂ ਕੈਨੇਡਾ ਗਿਆ ਸੀ। ਸਪੀਕਰ ਚੁਣੇ ਜਾਣ ’ਤੇ ਰਾਜ ਚੌਹਾਨ ਨੂੰ ਵਧਾਈ ਦਿੰਦਿਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਰੋਰਗਨ ਨੇ ਕਿਹਾ ਕਿ ਨਾ ਸਿਰਫ ਬੀ. ਸੀ. ਸਗੋਂ ਸਮੱੁਚੇ ਕੈਨੇਡਾ ਵਿਚ ਤੇ ਸ਼ਾਇਦ ਬਾਕੀ ਮੁਲਕਾਂ ਵਿਚ ਵੀ, ਸਪੀਕਰ ਦੇ ਮਾਣਮੱਤੇ ਪਦ ਉੱਤੇ ਪਹੰੁਚਣ ਵਾਲਾ ਰਾਜ ਚੌਹਾਨ ਪਹਿਲਾ ਪੰਜਾਬੀ ਹੈ। ਅਸੈਂਬਲੀ ਵਿਚ ਆਪਣੇ ਧੰਨਵਾਦੀ ਭਾਸ਼ਨ ਵਿਚ ਰਾਜ ਚੌਹਾਨ ਨੇ ਵੀ ਕਾਮਾਗਾਟਾਮਾਰੂ ਕਾਂਡ ਦੇ ਹਵਾਲੇ ਨਾਲ ਉਨ੍ਹਾਂ ਬਜੁਰਗਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਕੀਤਾ, ਜੋ ਕੈਨੇਡਾ ਦੀ ਧਰਤੀ ’ਤੇ ਪੈਰ ਜਮਾਉਣ ਲਈ ਸੰਘਰਸ਼ ਕਰਦੇ ਰਹੇ ਸਨ। ਉਸ ਨੇ ਕੈਨੇਡਾ ਪਹੰੁਚਣ ’ਤੇ ਸ਼ੁਰੂ ਵਿਚ ਖੁਦ ਫਾਰਮ ਵਰਕਰ ਵਜੋਂ ਕੰਮ ਕੀਤਾ ਅਤੇ ਫਿਰ ਟਰੇਡ ਯੂਨੀਅਨ ਵਿਚ ਸਰਗਰਮ ਹੋ ਗਿਆ ਤੇ ਅੱਸੀਵਿਆਂ ਵਿਚ ਬਣੀ ਕੈਨੇਡਾ ਦੇ ਫਾਰਮ ਵਰਕਰਾਂ ਦੀ ਯੂਨੀਅਨ ਦਾ ਬਾਨੀ ਪ੍ਰਧਾਨ ਬਣਿਆ। ਸਾਲ 2005 ਵਿਚ ਉਹ ਪਹਿਲੀ ਵਾਰ ਐਡਮੰਡ ਬਰਨਬੀ ਹਲਕੇ ਤੋਂ ਅਸੈਂਬਲੀ ਮੈਂਬਰ ਚੁਣਿਆ ਗਿਆ ਅਤੇ ਉਸ ਤੋਂ ਮਗਰੋਂ ਲਗਾਤਾਰ ਚਾਰ ਵਾਰ ਚੋਣ ਜਿੱਤਣਾ ਹੈ। ਉਸ ਦੇ ਦੇ ਦੋ ਭਰਾ ਕ੍ਰਮਵਾਰ ਲੁਧਿਆਣਾ ਤੇ ਮੋਹਾਲੀ ਵਿਖੇ ਪੰਜਾਬ ਵਿਚ ਵਕਾਲਤ ਕਰ ਰਹੇ ਹਨ।
ਪੰਜਾਬੀਆਂ ਦੀ ਕੇਂਦਰ ਨਾਲ ਅਜੋਕੀ ਟੱਕਰ ਦੇ ਨਤੀਜੇ ਤਾਂ ਸਮੇਂ ਨੇ ਕੱਢਣੇ ਹਨ, ਪਰ ਏਸ ਘੋਲ ਨੇ ਅੱਜ ਦੇ ਦਿਨ ਪੰਜਾਬ ਤੋਂ ਬਾਹਰ ਦੇ ਕਿਸਾਨਾਂ ਦੀ ਹੀ ਨਹੀਂ, ਦੁਨੀਆਂ ਭਰ ਦੇ ਕਿਸਾਨਾਂ ਦੀ ਹਮਦਰਦੀ ਜਿੱਤੀ ਹੈ। ਹਰਿਆਣਾ ਦੇ ਜਾਟਾਂ ਤੇ ਮਲੇਰਕੋਟਲਾ ਦੇ ਮੁਸਲਮਾਨਾਂ ਸਮੇਤ ਪ੍ਰਤੱਖ ਹੈ ਕਿ ਆਉਣ ਵਾਲੇ ਸਮਿਆਂ ਵਿਚ ਇਨ੍ਹਾਂ ਬਜੁਰਗਾਂ ਦੀ ਔਲਾਦ ਭਾਰਤੀ ਰਾਜਨੀਤੀ ਵਿਚ ਅਹਿਮ ਹਿੱਸਾ ਪਾਏਗੀ।
ਮਸਲਾ ਏਨਾ ਗੰੁਝਲਦਾਰ ਨਹੀਂ, ਜਿੰਨਾ ਕਾਰਪੋਰੇਟ ਘਰਾਣਿਆਂ ਤੋਂ ਮਾਇਕ ਲਾਹਾ ਲੈਣ ਲਈ ਬਣਾਇਆ ਜਾ ਰਿਹਾ ਹੈ। ਜੇ ਕੇਂਦਰ ਦੀ ਸਰਕਾਰ ਕੋਲ ਭਾਰਤੀ ਕਿਸਾਨਾਂ ਵਲੋਂ ਪੈਦਾ ਕੀਤੀ ਜਾ ਰਹੀ ਕਣਕ ਤੇ ਝੋਨੇ ਲਈ ਯੋਗ ਭੰਡਾਰਨ ਤੇ ਵਿਤਰਣ ਪ੍ਰਣਾਲੀ ਦੀ ਸੁਵਿਧਾ ਨਹੀਂ ਤੇ ਸਾਰੇ ਕਿਸਾਨਾਂ ਨੂੰ ਫਲ ਤੇ ਸਬਜ਼ੀਆਂ ਪੈਦਾ ਕਰਨ ਲਈ ਪ੍ਰੇਰਨਾ ਚਾਹੰੁਦੀ ਹੈ ਤਾਂ ਇਨ੍ਹਾਂ ਲਈ ਵੀ ਘਟੋ ਘਟ ਸਮਰਥਨ ਮੱੁਲ ਦੀ ਸੁਵਿਧਾ ਦੇ ਸਕਦੀ ਹੈ। ਅੰਦੋਲਨਕਾਰੀਆਂ ਦਾ ਮੰਤਵ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਚੰੁਗਲ ਵਿਚ ਫਸਾਉਣ ਤੋਂ ਬਚਾਉਣ ਦਾ ਹੈ। ਇਹ ਘਰਾਣੇ ਦੋ ਤਿੰਨ ਸਾਲ ਤਾਂ ਕਿਸਾਨਾਂ ਨੂੰ ਸਬਜ਼ ਬਾਗ ਦਿਖਾਉਣਗੇ, ਪਰ ਫੇਰ ਉਨ੍ਹਾਂ ਦੀ ਜ਼ਮੀਨ ਹੜੱਪ ਜਾਣਗੇ। ਜੇ ਕਿਸਾਨ ਨਵੇਂ ਕਾਨੂੰਨ ਨਹੀਂ ਚਾਹੰੁਦੇ ਤਾਂ ਕੇਂਦਰ ਵੱਲੋਂ ਇਨ੍ਹਾਂ ਦਾ ਠੋਸੇ ਜਾਣਾ ਸਰਾਸਰ ਗਲਤ ਹੈ। ਖਾਸ ਕਰਕੇ ਇਸ ਲਈ ਕਿ ਭਾਰਤੀ ਸੰਵਿਧਾਨ ਅਨੁਸਾਰ ਇਹ ਵਿਸ਼ਾ ਰਾਜ ਸਰਕਾਰਾਂ ਦਾ ਹੈ, ਕੇਂਦਰ ਦਾ ਨਹੀਂ। ਏਡਾ ਵੱਡਾ ਧੱਕਾ ਤਾਨਾਸ਼ਾਹੀ ਨਹੀਂ ਤਾਂ ਹੋਰ ਕੀ ਹੈ?
ਤੇਰਾ ਸਿੰਘ ਚੰਨ ਦੇ ਵਾਰਿਸਾਂ ਦਾ ਅੰਤਰ-ਜਾਤੀ ਵਿਆਹਾਂ ’ਤੇ ਪਹਿਰਾ: ਇਪਟ ਦੇ ਰੰਗਕਰਮੀ, ਅਭਿਨੇਤਾ ਤੇ ਸਰਪ੍ਰਸਤ ਅਤੇ ਰਹਿ ਚੁਕੇ ਅਗਾਂਹਵਧੂ ਸੋਚ ਨੂੰ ਪ੍ਰਨਾਏ ਤੇਰਾ ਸਿੰਘ ਚੰਨ ਨੇ ਹੁਣ ਸਾਲ 100 ਦਾ ਹੋ ਜਾਣਾ ਸੀ। ਜਿਹਲਮ (ਹੁਣ ਪਾਕਿਸਤਾਨ) ਦੇ ਜੰਮਪਲ ਇਸ ਜਿਊੜੇ ਦਾ ਜਨਮ ਛੇ ਜਨਵਰੀ 1920 ਦਾ ਹੈ। ਉਸ ਨੇ ਜ਼ਿੰਦਗੀ ਭਰ ਅਗਾਂਹਵਧੂ ਕਦਰਾਂ ਕੀਮਤਾਂ ਉੱਤੇ ਹੀ ਪਹਿਰਾ ਨਹੀਂ ਦਿੱਤਾ, ਆਪਣੇ ਪਰਿਵਾਰ ਵਿਚ ਵੀ ਅਜਿਹੀ ਰੂਹ ਫੂਕੀ ਕਿ ਪਰਿਵਾਰ ਦੇ ਤਿਹਾਈ ਮੈਂਬਰਾਂ ਨੇ ਅੰਤਰ-ਜਾਤੀ ਤੇ ਅੰਤਰ-ਧਰਮੀ ਕੀਤੇ ਹਨ। ਚੰਨ ਹੁਰਾਂ ਦੀ ਵੱਡੀ ਧੀ ਸੁਲੇਖਾ ਨੇ ਟੇਲਰ ਮਾਸਟਰ ਘਰਾਣੇ ਦੇ ਰਾਜਬੀਰ ਸਿੰਘ ਸਿਰਜਣਾ ਨੂੰ ਆਪਣਾ ਹਮਸਫਰ ਚੁਣਿਆ ਤੇ ਦੋਹਾਂ ਦੀ ਅਮਰੀਕਾ ਨਿਵਾਸੀ ਬੇਟੀ ਸਿਰਜਣਾ ਨੇ ਬਾਣੀਆਂ ਦੇ ਰਾਹੁਲ ਬਿੰਦਲਿਸ਼ ਨਾਲ ਵਿਆਹ ਕਰਵਾਇਆ। ਸਿਰਫ ਬ੍ਰਿਟਿਸ਼ ਕੋਲੰਬੀਆਂ ਦੇ ਮੰਤਰੀ ਮੰਡਲ ਦਾ ਮੈਂਬਰ ਬਣੀ ਰਚਨਾ ਸਿੰਘ ਦਾ ਪਤੀ ਗੁਰਮੀਤ ਸਿੰਘ ਸਹਿਗਲ ਹੈ, ਆਪਣੇ ਸਹੁਰੇ ਤੇਰਾ ਸਿੰਘ ਚੰਨ ਦੇ ਚੱਢਾ ਗੋਤ ਵਾਂਗ ਖੱਤਰੀ ਪਰਿਵਾਰ ਵਿਚੋਂ।
ਸਵਰਗੀ ਚੰਨ ਦੀ ਦੂਜੀ ਧੀ ਨਿਤਾਸ਼ਾ ਨੇ ਖੁਖਰੈਣ ਬਰਾਦਰੀ ਦੇ ਜਸਬੀਰ ਕੋਹਲੀ ਨੂੰ ਚੁਣਿਆ ਤੇ ਉਨ੍ਹਾਂ ਦੇ ਬੇਟੇ ਸੁਮੀਤ ਨੇ ਪੰਡਿਤਾਂ ਦੀ ਧੀ ਸੁਚੇਤਾ ਚਤੁਰਵੇਦੀ ਨੂੰ। ਤੀਜੀ ਧੀ ਮਮਤਾ ਨੇ ਤੇਜਵਿੰਦਰ ਸਿੰਘ ਅਰੋੜਾ ਨਾਲ ਸ਼ਾਦੀ ਕੀਤੀ ਹੈ, ਸਗੋਂ ਉਨ੍ਹਾਂ ਦੀ ਬੇਟੀ ਮਨਪ੍ਰੀਤ ਨੇ ਰਾਹੁਲ ਪਾਠਕ ਨਾਂ ਦੇ ਪੰਡਿਤ ਨਾਲ। ਚੰਨ ਹੁਰਾਂ ਦੇ ਵੱਡੇ ਬੇਟੇ ਮਨਦੀਪ ਸਿੰਘ ਨੇ ਵਿਰਕ ਜੱਟਾਂ ਦੀ ਧੀ ਅਮਰਜੀਤ ਕੌਰ ਨੂੰ ਜੀਵਨ ਸਾਥਣ ਬਣਾਇਆ, ਜਿਨ੍ਹਾਂ ਦੀ ਨੂੰਹ ਸ਼ਰਮਾ ਪਰਿਵਾਰ ਤੋਂ ਹੈ ਤੇ ਜਵਾਈ ਖੱਤਰੀ। ਦੂਜੇ ਬੇਟੇ ਦਿਲਦਾਰ ਸਿੰਘ ਦੀ ਪਤਨੀ ਮੁਸਲਿਮ ਸੁਲਤਾਨਾ ਹੈ ਤੇ ਬੇਟੀ ਸੰਦਲੀ ਦਾ ਪਤੀ ਨਵਜੀਵਨ ਜੱਟ ਸਿੱਖ ਥੀਏਟਰ ਹਸਤੀ ਕੰਵਲਜੀਤ ਢਿੱਲੋਂ ਦਾ ਬੇਟਾ ਹੈ। ਤੀਜੇ ਬੇਟੇ ਜਨਮੀਤ ਸਿੰਘ ਦੀ ਪਤਨੀ ਜਸਬੀਰ ਕੌਰ ਅਰੋੜਿਆਂ ਦੀ ਧੀ ਹੈ ਤੇ ਉਨ੍ਹਾਂ ਦੀ ਧੀ ਸੁਗੰਧੀ ਕਪੂਰ ਘਰਾਣੇ ਵਿਚ ਵਿਆਹੀ ਗਈ ਹੈ। ਹੈ ਕਿਧਰੇ ਇਹੋ ਜਿਹੇ ਅੰਤਰ-ਜਾਤੀ ਵਿਆਹ ਬਾਰੇ ਪਹਿਰੇ ਵਾਲੀ ਸਾਂਝ! ਇਹ ਵਰਤਾਰਾ ਅਜੋਕੇ ਕਿਸਾਨ ਅੰਦੋਲਨ ਵਿਚ ਤਾਂ ਵੇਖਣ ਨੂੰ ਮਿਲਦਾ ਹੈ, ਪਰ ਇਹ ਕਿਸੇ ਇੱਕ ਪਰਿਵਾਰ ਦਾ ਨਹੀਂ। ਇਹ ਵੀ ਅੰਦੋਲਨ ਹੈ।
ਅੰਤਿਕਾ: ਫੈਜ਼ ਅਹਿਮਦ ਫੈਜ਼
ਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ
ਜੋ ਕੁਛ ਹੈ ਲਗਾਦੋ ਡਰ ਕੈਸਾ,
ਜੋ ਜੀਤ ਗਏ ਤੋ ਜੀਤ ਗਏ
ਹਾਰੇ ਭੀ ਤੋ ਬਾਜ਼ੀ ਮਾਤ ਨਹੀਂ।