ਡਾ. ਬਲਦੇਵ ਸਿੰਘ ਧਾਲੀਵਾਲ
ਸਾਲ 2020 ਦੀ ਪੰਜਾਬੀ ਕਹਾਣੀ ਬਾਰੇ ਸੋਚਦਿਆਂ ਜਿਹੜਾ ਨੁਕਤਾ ਸਭ ਤੋਂ ਵੱਧ ਧਿਆਨ ਖਿਚਦਾ ਹੈ, ਉਸ ਦਾ ਸਬੰਧ ਪੰਜਾਬੀ ਕਹਾਣੀ ਵਿਚ ਵਾਪਰੇ ਅਜਿਹੇ ਗੁਣਾਂਤਮਕ ਰੂਪਾਂਤਰਨ ਨਾਲ ਹੈ, ਜੋ ਪੰਜਵੇਂ ਪੜਾਅ ਦੀ ਸਪੱਸ਼ਟ ਨਿਸ਼ਾਨਦੇਹੀ ਕਰਨ ਵਾਲਾ ਹੈ। ਉਸ ਨੁਕਤੇ ਬਾਰੇ ਹੋਰ ਚਰਚਾ ਕਰਨ ਤੋਂ ਪਹਿਲਾਂ ਦੋ ਅਹਿਮ ਗੱਲਾਂ ਸਪੱਸ਼ਟ ਕਰ ਦੇਣੀਆਂ ਲਾਜ਼ਮੀ ਹਨ। ਪਹਿਲੀ ਤਾਂ ਇਹ ਕਿ ਨਵੇਂ ਪੜਾਅ ਦਾ ਇਹ ਅਰਥ ਹਰਗਿਜ਼ ਨਹੀਂ ਹੁੰਦਾ ਕਿ ਇਸ ਦੀ ਪ੍ਰਤੀਨਿਧਤਾ ਕਰਨ ਵਾਲੀ ਨਵੀਂ ਪੰਜਾਬੀ ਕਹਾਣੀ ਪਹਿਲੇ ਪੜਾਵਾਂ ਦੀ ਕਹਾਣੀ ਨਾਲੋਂ ਕਲਾਤਮਕ ਤੌਰ ’ਤੇ ਲਾਜ਼ਮੀ ਹੀ ਬਿਹਤਰ ਹੋਵੇਗੀ, ਹਾਂ ਵੱਖਰੀ ਜਾਂ ਵਿਲੱਖਣ ਸੁਭਾਅ ਵਾਲੀ ਜ਼ਰੂਰ ਹੋਵੇਗੀ।
ਦੂਜੇ ਸ਼ਬਦਾਂ ਵਿਚ ਇਹ ਨਵੀਂ ਕਹਾਣੀ ਆਪਣੇ ਸਮਕਾਲੀ ਵਸਤੂ-ਯਥਾਰਥ ਦੀ ਪਛਾਣ ਕਰ ਸਕਣ ਅਤੇ ਉਸ ਦੀ ਪੇਸ਼ਕਾਰੀ ਕਰਨ ਵਿਚ ਵਧੇਰੇ ਸਮਰੱਥਾਵਾਨ ਹੋਵੇਗੀ। ਦੂਜੀ ਗੱਲ ਇਹ ਕਿ ਸਿਰਫ ਇੱਕ ਸਾਲ ਦੀ ਕਹਾਣੀ-ਸਮੱਗਰੀ ਨਾਲ ਪੰਜਵੇਂ ਪੜਾਅ ਦੇ ਸਾਰੇ ਨਕਸ਼ੋ-ਨਿਗਾਰ ਸਮੱਗਰਤਾ ਵਿਚ ਉਜਾਗਰ ਕਰ ਸਕਣੇ ਸੰਭਵ ਨਹੀਂ, ਇਸ ਲਈ ਇਸ਼ਾਰੇ-ਮਾਤਰ ਗੱਲ ਹੀ ਸੰਭਵ ਹੋ ਸਕੇਗੀ।
ਨਵੇਂ ਨੇ ਹਮੇਸ਼ਾ ਪੁਰਾਣੇ ਦੀ ਕੁੱਖ ਵਿਚੋਂ ਹੀ ਪੈਦਾ ਹੋਣਾ ਹੁੰਦਾ ਹੈ, ਇਸ ਲਈ ਪੰਜ-ਛੇ ਸਾਲ ਪਹਿਲਾਂ ਚੌਥੇ ਪੜਾਅ ਦੀ ਕਹਾਣੀ ਵਿਚੋਂ ਹੀ ਅਜਿਹੇ ਗੁਣਾਂ-ਲੱਛਣਾਂ ਦੀ ਆਹਟ ਸੁਣਾਈ ਦੇਣ ਲੱਗ ਪਈ ਸੀ। ਇਸੇ ਕਰਕੇ ਅਜਿਹੀਆਂ ਕੁਝ ਕਹਾਣੀਆਂ ਦੇ ਸੰਗ੍ਰਹਿ ਦਾ ਨਾਂ ਵੀ ਮੈਂ ਸੋਚ-ਸਮਝ ਕੇ ‘ਆਹਟ’ ਹੀ ਰੱਖਿਆ ਸੀ। ਚੌਥੇ ਪੜਾਅ ਦੇ ਕੁਝ ਵਧੇਰੇ ਸੁਜੱਗ ਕਹਾਣੀਕਾਰ ਵਸਤੂ-ਚੋਣ ਵਜੋਂ ਉਸ ‘ਨਿਊ ਨਾਰਮਲ’ ਦੀ ਪਛਾਣ ਕਰਨ ਲੱਗ ਪਏ ਸਨ, ਜਿਸ ਨੇ ਪੰਜਵੇਂ ਪੜਾਅ ਦੀ ਬੁਨਿਆਦ ਬਣਨਾ ਸੀ। ਮਿਸਾਲ ਵਜੋਂ ਨਵ-ਨਾਰੀਵਾਦ ਦੇ ਪ੍ਰਸੰਗ ਵਿਚ ਵੇਖਣਾ ਹੋਵੇ ਤਾਂ 2017 ਵਿਚ ਛਪੀ ਹਰਪ੍ਰੀਤ ਸੇਖਾ ਦੀ ਕਹਾਣੀ ‘ਹਾਊਸ ਵਾਈਫ’ ਨੂੰ ਪੜ੍ਹਿਆ, ਵਾਚਿਆ ਜਾ ਸਕਦਾ ਹੈ, ਜਿਸ ਵਿਚ ਪਰਵਾਸ ਦੀਆਂ ਪ੍ਰਸਥਿਤੀਆਂ ਦੇ ਦਬਾਅ ਅਧੀਨ ਮਰਦ ਆਪਣੀ ਨਵੀਂ ਨਾਰੀਮੁਖੀ ਭੂਮਿਕਾ ਨਾਲ ਇਕਸੁਰ ਹੋਣ ਦੀ ਜੱਦੋ-ਜਹਿਦ ਕਰ ਰਿਹਾ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਕਿਸਾਨੀ ਦੇ ਹਵਾਲੇ ਨਾਲ ਗੱਲ ਸਮਝਣੀ ਹੋਵੇ ਤਾਂ ਬਲਵਿੰਦਰ ਸਿੰਘ ਗਰੇਵਾਲ ਦੀ ਕਹਾਣੀ ‘ਡਬੋਲੀਆ’ ਦਾ ਕਿਸਾਨੀ-ਅਵਚੇਤਨ ਵਾਲਾ ਨੌਜਵਾਨ ਪਾਤਰ ਨਹਿਰ ’ਚੋਂ ਲਾਸ਼ਾਂ ਲੱਭਣ ਵਾਲਾ ਗੋਤਾਖੋਰ ਬਣ ਕੇ ਨਵੀਂ ਜੀਵਨ-ਜਾਚ ਦਾ ਹੱਥ ਫੜੀ ਰੱਖਣ ਲਈ ਹੰਭਲੇ ਮਾਰ ਰਿਹਾ ਦਿਸਦਾ ਹੈ।
ਵਿਸ਼ਵੀਕਰਨ ਦੇ ਮੂੰਹ-ਜ਼ੋਰ ਵਰਤਾਰੇ ਸਾਹਵੇਂ ਚੌਥੇ ਪੜਾਅ ਦੇ ਅਜਿਹੇ ਸੁਜੱਗ ਕਹਾਣੀਕਾਰ ਇਹ ਸੁਨੇਹਾ ਦਿੰਦੇ ਜਾਪਦੇ ਸਨ ਕਿ ਪੰਜਾਬੀਓ ਜੇ ਨਵ-ਬਸਤੀਵਾਦ ਜਾਂ ਵਿਸ਼ਵੀਕਰਨ ਦਾ ਪ੍ਰਤੀਉੱਤਰ ਪੈਦਾ ਕਰਨ ਦੀ ਥਾਂ ਉਸ ਦੇ ‘ਰਉਂ-ਰੁਖ’ ਹੀ ਚੱਲਣਾ ਹੈ ਤਾਂ ਇਸ ‘ਨਿਊ ਨਾਰਮਲ’ ਨੂੰ ਵੀ ਝੇਲਣਾ ਪਵੇਗਾ। ਜੇ ਇਹ ਨਹੀਂ ਝੇਲਣਾ ਤਾਂ ਇਸ ‘ਨਿਊ ਨਾਰਮਲ’ ਨੂੰ ਪਛਾਣ ਕੇ ਕਿਸੇ ਚੰਗੇ ਬਦਲ ਦੀ ਤਲਾਸ਼ ਕਰਨੀ ਪਵੇਗੀ, ਤਾਂ ਹੀ ਜ਼ਿੰਦਗੀ ਗੌਰਵਮਈ ਬਣ ਸਕੇਗੀ।
ਪਰਿਵਰਤਨ ਦਾ ਇਹ ਜਾਣਿਆ-ਪਛਾਣਿਆ ਸਿਧਾਂਤ ਹੈ ਕਿ ਜਦੋਂ ਪ੍ਰਸਥਿਤੀਆਂ ਬਦਲਣ ਲਗਦੀਆਂ ਹਨ ਤਾਂ ਗਿਣਾਂਤਮਕ (ਕੁਆਂਟੀਟੇਟਿਵ) ਵਖਰੇਵੇਂ ਨਜ਼ਰ ਆਉਣ ਲੱਗ ਜਾਂਦੇ ਹਨ। ਫਿਰ ਇਕ ਸਿਖਰ `ਤੇ ਪਹੁੰਚ ਕੇ ਉਹ ਵਖਰੇਵੇਂ, ਪਾਣੀ ਦੇ ਭਾਫ ਬਣਨ ਵਾਂਗ, ਗੁਣਾਂਤਮਕ (ਕੁਆਲੀਟੇਟਿਵ) ਤਬਦੀਲੀ ਦੇ ਵਾਹਕ ਬਣ ਜਾਂਦੇ ਹਨ ਤਾਂ ਯੁਗ-ਪਰਿਵਰਤਨ ਦੀ ਬੁਨਿਆਦ ਬਣ ਜਾਂਦੇ ਹਨ। ਯੁਗ-ਪਰਿਵਰਤਨ ਨਾਲ ਨਵਾਂ ਯੁਗ-ਚਿੰਤਨ ਉਭਰਦਾ ਹੈ, ਜਿਸ ਨਾਲ ਮਨੁੱਖ ਅਤੇ ਸਮਾਜ ਦੀ ਵਿਸ਼ਵ-ਦ੍ਰਿਸ਼ਟੀ ਬਦਲ ਜਾਂਦੀ ਹੈ। ਮਿਸਾਲ ਵਜੋਂ ਪਿਛਲੇ ਕੁਝ ਸਾਲਾਂ ਤੋਂ ਵਿਸ਼ਵੀਕਰਨ ਦੇ ਅੰਤ ਦੀ ਚਰਚਾ ਹੋਣ ਲੱਗੀ ਹੈ। ਪ੍ਰਸਿੱਧ ਚਿੰਤਕ ਡਾ. ਭੁਪਿੰਦਰ ਬਰਾੜ ਦਾ ਆਪਣੇ ਲੇਖ ‘ਵਰਤਮਾਨ ਸਮਾਂ ਅਤੇ ਬੁੱਧੀਜੀਵੀ ਦੀ ਭੂਮਿਕਾ’ (ਹੁਣ, ਜਨਵਰੀ-ਅਪਰੈਲ 2020) ਵਿਚ ਇਹ ਕਹਿਣਾ ਹੈ ਕਿ ਇਹ ਦੌਰ ਗਲੋਬਲਾਈਜੇਸ਼ਨ ਦਾ ਨਹੀਂ। ਇਹਨੂੰ ਕਿਹਾ ਜਾਂਦੈ ਡੀ-ਗਲੋਬਲਾਈਜੇਸ਼ਨ। ਅਮਰੀਕਾ ਅਤੇ ਹੋਰ ਕਈ ਮੁਲਕਾਂ ਵਿਚ ਹੁਣ ਅਤਿ ਉਤਸ਼ਾਹੀ ਆਰਥਕ ਰਾਸ਼ਟਰਵਾਦ ਫੇਰ ਤੋਂ ਹੰਭਲੇ ਮਾਰ ਰਿਹੈ।…ਇਹ ਵੀ ਵਿਸ਼ਵਵਿਆਪੀ ਸੋਚ ਬਣ ਗਈ ਐ, ਰਾਸ਼ਟਰ ਦੀ ਰਾਖੀ ਦੇ ਨਾਂ ਤੇ ਹਰ ਚੀਜ਼ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਵੇਖਣਾ।…ਹਰ ਚੀਜ ਦਾ ‘ਸੁਰੱਖਿਆਤਮੀਕਰਨ’ ਇਸ ਸਮੇਂ ਦੀ ਇਹ ਸੋਚ, (ਸੱਤਾ ਦੀ) ਸੋਚ ਦਾ ਹਿੱਸਾ ਬਣਦੀ ਜਾ ਰਹੀ ਐ।
ਵਿਸ਼ਵੀਕਰਨ ਦਾ ਮਾਨਵੀ ਰੂਪ ਵਾਲਾ ਚਿਹਰਾ ਕਿ ਇਸ ਨਾਲ ਸੰਸਾਰ ਵਿਚ ਸਹਿਭਾਵੀ ਆਦਾਨ-ਪ੍ਰਦਾਨ ਵਧੇਗਾ, ਨੰਗਾ ਹੋ ਚੁਕਾ ਹੈ। ਅਸਲ ਰੂਪ ਵਿਚ ਵਿਸ਼ਵੀਕਰਨ ਸਰਮਾਏਦਾਰ ਪੱਛਮੀ ਮੁਲਕਾਂ ਲਈ ਇਕਪਾਸੜ ਵਿਕਾਸ ਦਾ ਧਾਰਨੀ, ਨਵ-ਬਸਤੀਵਾਦ ਹੀ ਸੀ, ਜਿਸ ਨੇ ਅੰਤ ਨੂੰ ਕੇਂਦਰ-ਮੁੱਖ ਨਵ-ਰਾਸ਼ਟਰਵਾਦ ਦੀ ਵਿਸ਼ਵ-ਦ੍ਰਿਸ਼ਟੀ ਨੂੰ ਹੀ ਉਭਾਰਨਾ ਸੀ। ਉਹੀ ਵਾਪਰਿਆ ਜਿਸ ਦਾ ਡਰ ਸੀ, ਪਰ ਹੁਣ ਇਸ ਸੱਜੇ-ਪੱਖੀ ਵਿੰਗ ਦੇ ਪਾਪੂਲਿਸਟ ਅਤੇ ਉਤਸ਼ਾਹੀ ਆਰਥਕ ਰਾਸ਼ਟਰਵਾਦ ਦੇ ਵਿਰੁੱਧ ਉਤਰ-ਬਸਤੀਵਾਦੀ ਜਾਂ ਧਰਤ-ਮੁੱਖ ਤੇ ਬਹੁਵੰਨੇ ਸਭਿਆਚਾਰਕ ਵਿਕਾਸ ਦਾ ਲੋਕ-ਪੱਖੀ ਮਾਡਲ ਵੀ ਤੇਜੀ ਨਾਲ ਉਭਰ ਰਿਹਾ ਪ੍ਰਤੱਖ ਨਜ਼ਰ ਆਉਂਦਾ ਹੈ। ਇਨਾਂ ਦੋਹਾਂ ਵਿਸ਼ਵ-ਦ੍ਰਿਸ਼ਟੀਆਂ ਦੀ ਤਿੱਖੀ ਕਸ਼ਮਕਸ਼ ਵਿਚੋਂ ਹੀ ਅਜੋਕਾ ਸਾਹਿਤਕ ਪ੍ਰਵਚਨ, ਜਿਸ ਵਿਚ ਪੰਜਵੇਂ ਪੜਾਅ ਦੀ ਪੰਜਾਬੀ ਕਹਾਣੀ ਵੀ ਇਕ ਅਹਿਮ ਵੰਨਗੀ ਵਜੋਂ ਸ਼ਾਮਿਲ ਹੈ, ਪੈਦਾ ਹੋ ਰਿਹਾ ਹੈ।
ਅਜੋਕੀ ਪੰਜਾਬੀ ਕਹਾਣੀ ਪ੍ਰਮੁੱਖ ਤੌਰ ’ਤੇ ਉਦਾਰੀਕਰਨ ਦੇ ਦੌਰ ਦੀ ਉਪਜ, ਮੱਧਵਰਗੀ ਵਿਸ਼ਵ-ਦ੍ਰਿਸ਼ਟੀ ਰਾਹੀਂ ਲਿਖੀ ਜਾ ਰਹੀ ਹੈ। ਇਹ ਨਵਾਂ ਮੱਧਵਰਗ ਨਿਰੋਲ ਉਪਭੋਗੀ ਜਾਂ ਪਰਜੀਵੀ ਨਹੀਂ, ਜਿਵੇਂ ਕਿ ਕੱਟੜ ਮਾਰਕਸੀ ਨਜ਼ਰੀਏ ਤੋਂ ਇਸ ਨੂੰ ਪਰਿਭਾਸ਼ਤ ਕੀਤਾ ਜਾਂਦਾ ਰਿਹਾ ਹੈ, ਸਗੋਂ ਇਸ ਦੇ ਉਲਟ ਭਰੀ-ਪੂਰੀ ਜ਼ਿੰਦਗੀ ਨੂੰ ਜਿਓਣ ਦੀ ਲੋਚਾ ਰੱਖਣ ਵਾਲਾ ਉੱਦਮੀ, ਭਵਿੱਖਮੁਖੀ ਅਤੇ ਉਦਾਰਵਾਦੀ ਮਾਨਵਵਾਦ ਦਾ ਧਾਰਨੀ ਵਰਗ ਹੈ। ਆਪਣੀ ਅਜਿਹੀ ਹਾਂ-ਪੱਖੀ ਪਰਿਭਾਸ਼ਾ ਇਹ ਵਰਗ ਮਹਿਜ਼ ਸਵੈ-ਕਥਨੀ ਬਿਰਤਾਂਤ ਦੁਆਰਾ ਨਹੀਂ, ਸਗੋਂ ਆਪਣੇ ਵਿਹਾਰਕ ਕਾਰਜਾਂ ਰਾਹੀਂ ਉਭਾਰ ਰਿਹਾ ਹੈ। ਨਵ-ਨਾਰੀਵਾਦ, ਨਵ-ਦਲਿਤਵਾਦ, ਪਾਰ-ਰਾਸ਼ਟਰਵਾਦ ਤਾਂ ਪਹਿਲਾਂ ਹੀ ਇਸ ਨਵੇਂ ਮੱਧਵਰਗ ਦੀ ਬਿਰਤਾਂਤ-ਚੇਤਨਾ ਦਾ ਭਰਵਾਂ ਅੰਗ ਬਣੇ ਹੋਏ ਹਨ, ਹੁਣ ਕਿਸਾਨੀ ਸੰਘਰਸ਼ ਨੇ ਮਜ਼ਦੂਰ-ਕਿਸਾਨ ਦੇ ਨਵੇਂ ਰਾਜਸੀ ਅਵਚੇਤਨ ਅਤੇ ਮਾਨਵੀ ਸਰੋਕਾਰਾਂ ਨੂੰ ਵੀ ਨਵੇਂ ਸਿਰਿਉਂ ਪਰਿਭਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਕਰੋਨਾ-ਕਾਲ ਦੇ ਸੰਕਟ ਨੇ ਨਵੇਂ ਮੱਧਵਰਗ ਨੂੰ ਧਰਤ-ਮੁੱਖ ਜਾਂ ਕੁਦਰਤ-ਮੁੱਖ ਹੋਣ ਲਈ ਨਵੇਂ ਪ੍ਰੇਰਕ ਦਿੱਤੇ ਹਨ ਅਤੇ ਹੁਣ ਰਾਜਸੀ ਚੇਤਨਾ ਵਾਲੇ ਕਿਸਾਨ ਸੰਘਰਸ਼ ਨੇ ਇਸ ਨੂੰ ਬਹੁ-ਪਰਿਪੇਖੀ (ਮਲਟੀ ਪਰਸਪੈਕਟਿਵਨੈੱਸ) ਜੀਵਨ-ਜਾਚ ਦਾ ਮਾਡਲ ਦੇ ਦਿੱਤਾ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦੇ ਇਕ ਪਰਿਪੇਖੀ ਕੇਂਦਰਵਾਦ, ਭਾਵੇਂ ਉਹ ਰਾਜਸੀ, ਸਮਾਜਿਕ, ਧਾਰਮਿਕ, ਸਭਿਆਚਾਰਕ ਆਦਿ ਕਿਸੇ ਵੀ ਪ੍ਰਕਾਰ ਦਾ ਹੋਵੇ, ਵਿਰੁੱਧ ਨਾਬਰ ਹੋ ਕੇ ਸੋਚਣ ਅਤੇ ਸੰਘਰਸ਼ਸ਼ੀਲ ਹੋਣ ਨੂੰ ਬਲ ਮਿਲਿਆ ਹੈ।
ਇਸ ਪ੍ਰਕਾਰ ਦੀ ਪ੍ਰਗਤੀਸ਼ੀਲ ਮੱਧਵਰਗੀ ਰਚਨਾ-ਦ੍ਰਿਸ਼ਟੀ ਵਾਲੇ ਸਮਰੱਥ ਨਵੇਂ ਪੰਜਾਬੀ ਕਹਾਣੀਕਾਰਾਂ, ਜਿਨ੍ਹਾਂ ਨਾਲ ਪੰਜਵੇਂ ਪੜਾਅ ਦੀ ਪੰਜਾਬੀ ਕਹਾਣੀ ਨੂੰ ਹੁਲਾਰਾ ਮਿਲਿਆ ਹੈ, ਵਿਚ ਪ੍ਰਮੁੱਖ ਨਾਂ ਹਨ: ਸਾਂਵਲ ਧਾਮੀ, ਤ੍ਰਿਪਤਾ ਕੇ ਸਿੰਘ, ਦੀਪਤੀ ਬਬੂਟਾ, ਸਰਘੀ, ਅਰਵਿੰਦਰ ਕੌਰ ਧਾਲੀਵਾਲ, ਪਵਿੱਤਰ ਕੌਰ ਮਾਟੀ, ਸੁਖਪਾਲ ਸਿੰਘ ਥਿੰਦ, ਗੁਰਮੀਤ ਪਨਾਗ, ਸੰਦੀਪ ਸਮਰਾਲਾ, ਸੁਰਿੰਦਰ ਸੋਹਲ, ਖਾਲਿਦ ਫਰਹਾਦ ਧਾਰੀਵਾਲ, ਸਾਬਿਰ ਅਲੀ ਸਾਬਿਰ, ਗੁਰਮੀਤ ਆਰਿਫ, ਦੀਪ ਦੇਵਿੰਦਰ ਆਦਿ।
ਉਪਰੋਕਤ ਸਮੁੱਚੇ ਸੰਦਰਭ ਨੂੰ ਧਿਆਨ ਵਿਚ ਰਖਦਿਆਂ ਮੈਂ ਇਸ ਸਾਲ ਪ੍ਰਕਾਸ਼ਿਤ ਹੋਏ ਕੁਝ ਇਕ ਕਹਾਣੀ-ਸੰਗ੍ਰਹਿਆਂ ਦਾ ਰਤਾ ਉਚੇਚ ਨਾਲ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ‘ਆਪਣੇ ਆਪਣੇ ਮਰਸੀਏ’ (ਸਰਘੀ) ਸੰਗ੍ਰਹਿ ਦੀਆਂ ਕਹਾਣੀਆਂ ਨਾਰੀ ਦੇ ਪ੍ਰਸੰਗ ਵਿਚ ‘ਨਿਊ ਨਾਰਮਲ’ ਨੂੰ ਚੁਣੌਤੀਪੂਰਨ ਢੰਗ ਨਾਲ ਨਿਹਾਰਨ ਵਾਲੀਆਂ ਹਨ। ਇਨ੍ਹਾਂ ਨਾਲ ਪੰਜਾਬੀ ਨਾਰੀਵਾਦ ਦਾ ਨਵਾਂ ਮੁਹਾਂਦਰਾ ਉਜਾਗਰ ਹੁੰਦਾ ਹੈ। ਮਰਦ-ਵਿਰੋਧ ਦੀ ਥਾਂ ਉਹ ਔਰਤ-ਮਰਦ ਦੋਹਾਂ ਨੂੰ ਹੀ ਪਿਤਰਕੀ ਕੇਂਦਰਵਾਦ ਦਾ ਮੱਕੜਜਾਲ ਤੋੜਨ ਲਈ ਵੰਗਾਰਦੀ ਹੈ ਅਤੇ ਗੌਰਵਮਈ ਸਵੈ-ਪਛਾਣ ਦਾ ਵਿਹਾਰਕ ਮਾਡਲ ਸੁਝਾਉਂਦੀ ਹੈ।
‘ਫੁੱਲਾਂ ਦੀ ਫਸਲ’ (ਸੁਖਪਾਲ ਸਿੰਘ ਥਿੰਦ) ਨਵੇਂ ਮੱਧਵਰਗੀ ਪੰਜਾਬੀ ਬੰਦੇ ਦੀ ਮਾਨਵਮੁਖੀ ਭਾਂਤ ਦੇ ਨਵੇਂ ਪਰਿਵਰਤਨ ਲਈ ਛਟਪਟਾਹਟ ਦਾ ਬਿਰਤਾਂਤ ਸਿਰਜਣ ਵਾਲੀਆਂ ਕਹਾਣੀਆਂ ਦਾ ਸੰਗ੍ਰਹਿ ਹੈ। ਅਜੋਕੀਆਂ ਰਾਜਸੀ ਪਾਰਟੀਆਂ ਦੀ ਨਵ-ਪੂੰਜੀਵਾਦੀ ਤਰਜ਼ ਦੀ ਮੌਕਾਪ੍ਰਸਤੀ ਵਾਲੀ ਰਾਜਸੀ ਘੜਮੱਸ ਵਿਚ ਕਿਸੇ ਨਵੇਂ ਬਦਲ ਦੀ ਚਾਹਤ ਨਾਲ ਲਬਰੇਜ਼ ਉਸ ਦੇ ਪਾਤਰ ਇਕ ਪਾਸੇ ਸਵੈ-ਨਿਰੀਖਣ ਦੀ ਕੁਠਾਲੀ ’ਚ ਤਪ ਤਪ ਨਿਖਰਦੇ ਹਨ ਅਤੇ ਦੂਜੇ ਪਾਸੇ ਨਵੇਂ ਜਿਉਣ-ਜੋਗ ਰਾਹਾਂ ਦੀ ਖੋਜ ਵਿਚ ਨਿਰੰਤਰ ਭਟਕਦੇ ਹੋਏ ਉੱਦਮ ਦਾ ਪੱਲਾ ਵੀ ਫੜੀ ਰਖਦੇ ਹਨ।
‘ਉਰਫ ਰੋਸ਼ੀ ਜੱਲਾਦ’ (ਜਸਵੀਰ ਸਿੰਘ ਰਾਣਾ) ਦੀਆਂ ਕਹਾਣੀਆਂ ‘ਦਮਿਤ ਚੇਤਨਾ’ ਦੇ ਪ੍ਰਤੀਨਿਧ ਹਾਸ਼ੀਆਗਤ ਪਾਤਰ੍ਹਾਂ ਦੀ ਸਥਾਪਤੀ ਵਿਰੁੱਧ ਘਿਰਣਾ ਅਤੇ ਘੁਟਨ ਨੂੰ ਇਸ ਤਰ੍ਹਾਂ ਪੇਸ਼ ਕਰਦੀਆਂ ਹਨ ਕਿ ਪਾਠਕ ਨੂੰ ‘ਨਿਊ ਨਾਰਮਲ’ ਦੌਰਾਨ ਕੁਝ ਵੀ ਜਿਓਣ-ਜੋਗ ਨਜ਼ਰ ਆਉਣੋਂ ਹਟ ਜਾਂਦਾ ਹੈ। ਵਿਵਸਥਾ ਦਾ ‘ਜੱਲਾਦਪੁਣਾ’ ਨਿਮਨ ਵਰਗਾਂ ਦੇ ਪੈਰਾਂ ਹੇਠੋਂ ਆਖਰੀ ਫੱਟਾ ਖਿੱਚ ਰਿਹਾ ਨਜ਼ਰ ਆਉਂਦਾ ਹੈ। ਮੋੜਵੇਂ ਰੂਪ ਵਿਚ ਪਾਠਕ ਅੰਦਰ ਇਸ ਸਭ ਕੁਝ ਨੂੰ ਬਦਲਨ ਦੀ ਜੁਸਤਜੂ ਹੋਣ ਲਗਦੀ ਹੈ।
‘ਹਾਰੀਂ ਨਾ ਬਚਨਿਆਂ’ (ਗੁਰਮੀਤ ਕੜਿਆਲਵੀ) ਰਾਹੀਂ ਕਹਾਣੀਕਾਰ ਪੰਜਾਬ ਦੇ ਪੇਂਡੂ ਦਲਿਤ ਅਤੇ ਨਿਮਨ ਕਿਸਾਨੀ ਵਰਗਾਂ ਦੇ ਤਣਾਅ ਅਤੇ ਅਕ੍ਰੋਸ਼ ਨੂੰ ਗਾਲ੍ਹ ਜਿਹੀ ਗਲਪੀ ਸ਼ੈਲੀ ਰਾਹੀਂ ਪੇਸ਼ ਕਰਕੇ, ਬੇਸ਼ਰਮੀ ਦੀ ਹੱਦ ਤੱਕ ਢੀਠ ਅਤੇ ਮੱਕਾਰ ਹੋ ਚੁੱਕੀ ਸ਼ਾਸ਼ਕ-ਸ਼੍ਰੇਣੀ ਨੂੰ ਝੰਜੋੜਨ ਦਾ ਯਤਨ ਕਰਦਾ ਹੈ।
‘ਸਿਆਸਤ ਖੇਡ, ਸਿਆਸਤ’ (ਜਿੰਦਰ) ਦੀਆਂ ਕਹਾਣੀਆਂ ‘ਨਿਊ ਨਾਰਮਲ’ ਦੀ ਚਾਦਰ ਨਾਲ ਇਕੋ ਸਮੇਂ ਪੈਰ ਅਤੇ ਸਿਰ ਢਕ ਸਕਣ ਦੀ ਵਿਅਰਥ ਕੋਸ਼ਿਸ਼ ਕਰ ਰਹੇ ਮੱਧਵਰਗੀ ਪਾਤਰ੍ਹਾਂ ਦੀ ਤਰਲੋਮੱਛੀ ਮਾਨਸਿਕਤਾ ਦਾ ਬਿਰਤਾਂਤ ਸਿਰਜਦੀਆਂ ਹਨ।
‘ਮਿਲ ਗਿਆ ਨੈਕਲਸ’ (ਕੁਲਜੀਤ ਮਾਨ) ਦੀਆਂ ਕਹਾਣੀਆਂ ਪਰਵਾਸੀ ਸੰਵੇਦਨਾ ਦੇ ਪ੍ਰਸੰਗ ਵਿਚ ਬਹੁਪੱਖੀ ਪਛਾਣਾਂ ਨਾਲ ਦੋ-ਚਾਰ ਹੁੰਦਿਆਂ ਆਪਣੇ ਜੀਵਨ ਦੇ ਕੇਂਦਰੀ ਫੋਕਸ ਤੋਂ ਥਿੜਕ ਰਹੇ ਬੰਦੇ ਦੀ ਹੋਂਦ ਅਤੇ ਹੋਣੀ ਦੇ ਮਸਲਿਆਂ ਨੂੰ ਉਜਾਗਰ ਕਰਦੀਆਂ ਹਨ।
ਸਮੁੱਚੇ ਤੌਰ ’ਤੇ ਇਨਾਂ ਸੰਗ੍ਰਹਿਆਂ ਵਿਚਲੀਆਂ ਕਹਾਣੀਆਂ ਕਿਸੇ ਇਕ ਜਾਂ ਦੂਜੇ ਪੱਖੋਂ ਪੰਜਾਬੀ ਸਮਾਜ ਦੇ ‘ਨਿਊ ਨਾਰਮਲ’ ਜਾਂ ਨਵੀਆਂ ਬੇਤਰਤੀਬ ਪ੍ਰਸਥਿਤੀਆਂ ਦੇ ਪ੍ਰਸੰਗ ਵਿਚ ਗੌਰਵਮਈ ਮਨੁੱਖੀ ਪਛਾਣ ਨਾਲ ਜਿਉਂ ਸਕਣ ਲਈ ਦਿਨੋਂ-ਦਿਨ ਘਟ ਰਹੀ ਸਪੇਸ ਨੂੰ ਵੱਖ ਵੱਖ ਕੋਣਾਂ ਤੋਂ ਖੜ੍ਹ ਕੇ ਨਿਹਾਰਦੀਆਂ ਹਨ। ਘਰ ਤੋਂ ਲੈ ਕੇ ਵਿਸ਼ਵ ਤੱਕ ਹਰੇਕ ਪੱਧਰ ਉੱਤੇ ਕੇਂਦਰਵਾਦੀ ਸੱਤਾ ‘ਨਿਊ ਨਾਰਮਲ’ ਨੂੰ ਕੁਦਰਤੀ ਬਣਾ ਕੇ ਆਪਣਾ ਰਾਜਸੀ ਪ੍ਰਵਚਨ ਉਸਾਰਦੀ ਹੈ, ਪਰ ਪੰਜਵੇਂ ਪੜਾਅ ਦੀ ਕਥਾ-ਦ੍ਰਿਸ਼ਟੀ ਉਸ ਬਦਲਾਵ ਨੂੰ ਸਿਆਸੀ ਅਤੇ ਵਿਚਾਰਧਾਰਕ ਸਿੱਧ ਕਰਦਿਆਂ ਡੀਕੋਡ ਕਰਨ ਦਾ ਯਤਨ ਵੀ ਕਰਦੀ ਹੈ ਅਤੇ ਵਿਰੋਧ ’ਚ ਨਾਬਰੀ ਦਾ ਪ੍ਰਵਚਨ ਵੀ ਸਿਰਜਦੀ ਹੈ।
ਇਨ੍ਹਾਂ ਤੋਂ ਇਲਾਵਾ ਜਿਹੜੇ ਕੁਝ ਹੋਰ ਉਲੇਖਯੋਗ ਕਹਾਣੀ-ਸੰਗ੍ਰਹਿ ਪ੍ਰਕਾਸਿ਼ਤ ਹੋਏ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਮੈਂ ਗੌਤਮ ਨਹੀਂ ਹਾਂ (ਬਲਵੀਰ ਕੌਰ ਰੀਹਲ), ਰੰਗ ਮਜੀਠੀ (ਰਾਕੇਸ਼ ਰਮਨ), ਇਸ਼ਕ ਮਲੰਗੀ (ਖਾਲਿਦ ਹੁਸੈਨ), ਸਿਲਸਿਲੇ (ਕਿਰਪਾਲ ਕਜ਼ਾਕ), ਹੋਣੀਆਂ ਅਣਹੋਣੀਆਂ (ਸਰਵਣ ਮਿਨਹਾਸ), ਬੰਦਾ ਸਮੁੰਦਰ ਨਹੀਂ ਹੁੰਦਾ (ਜੋਗੇ ਭੰਗਲ), ਤੇਰਾਂ ਚਿਰਾਗ (ਬਲਜੀਤ ਸਿੰਘ ਢਿੱਲੋਂ), ਦਿਸ਼ਾ ਬਦਲਦੀ ਹਵਾ, ਖੁਰਦੀਆਂ ਪੈੜਾਂ (ਹਰਭਜਨ ਸਿੰਘ ਖੇਮਕਰਨੀ), ਪੂਰਨ ਅਪੂਰਨ (ਕੁਲਦੀਪ ਸਿੰਘ ਬੇਦੀ), ਛਿਕਲੀ (ਰਾਜਵਿੰਦਰ ਸਿੰਘ ਰਾਜਾ), ਨਾਈਨ ਵੰਨ ਵੰਨ (ਸੁਰਿੰਦਰ ਕੌਰ ਬਿੰਨਰ), ਮੁੱਠੀ ’ਚੋਂ ਕਿਰਦੀ ਰੇਤ (ਮਨਮੋਹਨ ਸਿੰਘ ਬਾਸਰਕੇ), ਸੱਜਰੇ ਸੂਰਜ ਦੀ ਲਾਲੀ (ਯੱਸ਼ਪਾਲ ਗੁਲਾਟੀ), ਬੇਬੇ ਤੂੰ ਭੁਲਦੀ ਨੀ (ਕਮਲਜੀਤ ਸਿੰਘ ਬਨਵੈਤ), ਅੰਧੇ ਕਾ ਨਾਉ ਪਾਰਖੂ (ਹਮਦਰਦਵੀਰ ਨੌਸ਼ਹਿਰਵੀ), ਘੋੜਾ ਡਾਕਟਰ (ਅਵਤਾਰ ਐੱਸ. ਸੰਘਾ), ਇਕ ਟੱਕ ਹੋਰ (ਸੁਰਿੰਦਰ ਸਿੰਘ ਰਾਏ), ਬੋਸਕੀ ਦਾ ਪਜਾਮਾ (ਕਰਮ ਸਿੰਘ ਮਾਨ), ਹਨੇਰੇ ਵਿਚਲਾ ਚਾਨਣ (ਗਗਨਦੀਪ ਸ਼ਰਮਾ), ਸੁਫਨੇ ਦੇ ਕੈਦੀ (ਅਲੀ ਅਨਵਰ ਅਹਿਮਦ), ਜੋਗੀ ਸੱਪ ਤਰ੍ਹਾਂਹ (ਨੈਨ ਸੁਖ), ਖਰਾ ਸੱਚ (ਮਲਿਕ ਸ਼ਾਹ ਸਵਾਰ ਨਾਸਿਰ), ਉਡੀਕ (ਡਾ. ਐਮ. ਅਬਰਾਰ), ਭੁੱਖ (ਸਾਬਿਰ ਅਲੀ ਸਾਬਿਰ) ਆਦਿ।
ਇਸ ਸਾਲ ਜਿਨ੍ਹਾਂ ਕੁਝ ਕਹਾਣੀਆਂ ਨੇ ਆਪਣੇ ਨਿਵੇਕਲੇ ਗਲਪੀ ਹੁਨਰ ਕਰਕੇ ਮੇਰਾ ਉਚੇਚਾ ਧਿਆਨ ਖਿਚਿਆ, ਉਨ੍ਹਾਂ ਦਾ ਜ਼ਿਕਰ ਕੁਝ ਵਿਸਥਾਰ ਨਾਲ ਕਰਦੇ ਹਾਂ:
ਹਰਪ੍ਰੀਤ ਸਿੰਘ ਚਨੂੰ ਦੀ ਕਹਾਣੀ ‘ਸੱਥਰ’ (ਸਿਰਜਣਾ, ਅਪਰੈਲ-ਜੂਨ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਪੰਜਾਬ ਦੇ ‘ਨਿਊ ਨਾਰਮਲ’ ਦਾ ਬਿਰਤਾਂਤ ਬੜੇ ਵਿਸ਼ਾਲ ਕੈਨਵਸ ਰਾਹੀਂ ਸਿਰਜਦੀ ਹੈ। ਕਹਾਣੀ ਲੰਬੜਦਾਰ ਅਮਰ ਸਿੰਘ ਦੇ ਖਾਨਦਾਨ ਅਤੇ ਕਿਲਾ-ਨੁਮਾ ਹਵੇਲੀ ਦੇ ਪੋਟਾ ਪੋਟਾ ਕਰਕੇ ਖਤਮ ਹੋ ਜਾਣ ਦੀ ਹਿਰਦੇਵੇਧਕ ਵਾਰਤਾ ਹੈ। ਇਸ ਪਤਨ ਦੇ ਵੰਨ-ਸੁਵੰਨੇ ਕਾਰਨਾਂ ਦਾ ਬਿਆਨ ਕਰਨ ਵਾਲੇ ਅਨੇਕਾਂ ਉਪ-ਕਥਾਨਕ ਹਨ, ਪਰ ਸਭ ਤੋਂ ਬੁਨਿਆਦੀ ਵਜ੍ਹਾ ਹੈ ਕਿ ਅਰਧ-ਜਗੀਰੂ ਸੋਚ ਵਾਲੀ ਪੰਜਾਬੀ ਜੀਵਨ-ਜਾਚ ਨੇ ਨਵ-ਪੂੰਜੀਵਾਦੀ ਵਿਵਸਥਾ ਦੀਆਂ ਫੇਟਾਂ ਅੱਗੇ ਠਹਿਰ ਨਹੀਂ ਸੀ ਸਕਣਾ। ਸੋ ਕਹਾਣੀ ਦੇ ਵੇਰਵਿਆਂ ਅਨੁਸਾਰ ਪੰਜਾਬ ਦਾ ਓਨਾ ਕੁ ਹਿੱਸਾ ਜਾਂ ਜੀਵਨ ਹੀ ਬਚਦਾ ਹੈ, ਜਿੰਨਾ ਕੁ ਸਮੇਂ ਨਾਲ ਬਦਲ ਕੇ ਨਵੀਂ ਜੀਵਨ-ਜਾਚ ਅਪਨਾਉਣ ਵਿਚ ਸਫਲ ਹੋ ਜਾਂਦਾ ਹੈ। ‘ਸੱਥਰ’ ਦਾ ਮੈਟਾਫਰ ਜਿਵੇਂ ਬਿਰਤਾਂਤਕਾਰ ਨੇ ਸਮੁੱਚੀ ਕਹਾਣੀ ਵਿਚ ਫੈਲਾਇਆ ਹੈ, ਉਹ ਉਸ ਦੀ ਬਿਰਤਾਂਤਕਾਰੀ ਦਾ ਸਿਖਰੀ ਹਾਸਿਲ ਹੈ। ਫਰੀਦ ਬਾਣੀ ਦੀ ਤਰਜ਼ ਉੱਤੇ ਤੁਸੀਂ ਇਸ ਕਹਾਣੀ ਵਿਚ ਮਹਿਸੂਸ ਕਰਦੇ ਹੋ ਕਿ ਕਾਲ ਕਿਵੇਂ ਸਭ ਪ੍ਰਾਣਵੰਤਾਂ ਨੂੰ ਮੌਤ ਵਿਚ ਬਦਲਦਾ ਤੁਰਿਆ ਜਾਂਦਾ ਹੈ। ਵੇਰਵੇ (ਡਿਟੇਲ) ਕਿਵੇਂ ਕਹਾਣੀ ਬੁਣਤਰ ਦੀ ਜਾਨ ਜਾਂ ਆਤਮਾ ਬਣਦੇ ਹਨ, ਇਹ ਪ੍ਰਯੋਗ ਇਸ ਕਹਾਣੀ ਦੀ ਬਿਰਤਾਂਤਕਾਰੀ ਦਾ ਹੁਨਰੀ ਜਲਵਾ ਹੈ।
ਹਰਪ੍ਰੀਤ ਸੇਖਾ ਦੀ ਕਹਾਣੀ ‘ਉਹ ਰਾਤ’ (ਪ੍ਰਵਚਨ, ਜਨਵਰੀ-ਮਾਰਚ) ਉਤਮ-ਪੁਰਖੀ ਨਾਰੀ-ਰੂਪ ਬਿਰਤਾਂਤਕਾਰ ਰਾਹੀਂ ਪੰਜਾਬ ਦੇ ਵਿਦਿਆਰਥੀ-ਪਰਵਾਸ ਨਾਲ ਜੁੜੇ ਇਕ ਅਹਿਮ ਮੁੱਦੇ ਦਾ ਬਿਰਤਾਂਤ ਸਿਰਜਦੀ ਹੈ। ਇਹ ਮੁੱਦਾ ਜੋਬਨ-ਰੁੱਤ ਦੇ ਭਾਵੁਕ ਵਿਗੋਚਿਆਂ ਦਾ ਹੈ। ਪੰਜਾਬ/ਭਾਰਤ ਦੀ ਰਾਜਸੀ ਵਿਵਸਥਾ ਦੁਆਰਾ ਮੂਲੋਂ ਅਣਗੌਲੇ ਕੀਤੇ ਗਏ ਵਿਦਿਆਰਥੀ-ਰੁਜ਼ਗਾਰ ਦੇ ਮਸਲੇ ਕਾਰਨ ਮੱਧਵਰਗੀ ਨੌਜਵਾਨ ਪੀੜ੍ਹੀ ਆਪਣੇ ਨਿੱਜੀ ਯਤਨਾਂ ਨਾਲ ਚੰਗੀ ਰੋਟੀ ਦਾ ਆਹਰ ਤਾਂ ਕਿਵੇਂ ਨਾ ਕਿਵੇਂ ਕਰ ਲੈਂਦੀ ਹੈ, ਪਰ ਇਸ ਦੀ ਕੀਮਤ ਵਜੋਂ ਉਸ ਨੂੰ ਆਪਣੇ ਅਤੀ ਕਰੀਬੀ ਰਿਸ਼ਤਿਆਂ ਦੀ ਬਲੀ ਵੀ ਦੇਣੀ ਪੈਂਦੀ ਹੈ। ਇਸ ਕਹਾਣੀ ਦੀ ਖੂਬੀ ਇਹ ਬਣਦੀ ਹੈ ਕਿ ਪਰਵਾਸੀ ਮੁਟਿਆਰ ਪਾਤਰ ਦੇ ਅਵਚੇਤਨੀ ਸੰਸਾਰ ਵਿਚ ਰਿਝਦੇ-ਤੜਪਦੇ ਵਲਵਲਿਆਂ ਅਤੇ ਡਰਾਂ, ਵਿਗੋਚਿਆਂ ਨੂੰ ਬਹੁਤ ਹੀ ਮਨੋਵਿਗਿਆਨਕ ਛੋਹਾਂ ਵਾਲੀ ਗਲਪੀ-ਭਾਸ਼ਾ ਰਾਹੀਂ ਪ੍ਰਗਟਾਇਆ ਗਿਆ ਹੈ।
ਜਤਿੰਦਰ ਹਾਂਸ ਦੀ ਕਹਾਣੀ ‘ਗੰਦਲਾਂ’ (ਸਿਰਜਣਾ, ਅਕਤੂਬਰ-ਦਸੰਬਰ) ਵਿਚ ਉਤਮਪੁਰਖੀ ਧੀ-ਰੂਪੀ ਬਿਰਤਾਂਤਕਾਰ ਰਾਹੀਂ ਉਸ ਦੇ ‘ਡੈਡੀ’ ਦੀ ਅਧਖੜ ਉਮਰੇ ਵਿਖਾਈ ਦੋਹਰੀ ਪਿਆਰ-ਚਾਹਤ ਨਾਲ ਤਿੜਕੇ ਪਰਿਵਾਰਕ ਰਿਸ਼ਤਿਆਂ ਦਾ ਦੁਖਾਂਤ ਪੇਸ਼ ਕੀਤਾ ਗਿਆ ਹੈ। ਕਹਾਣੀ ਦੀ ਬਿਰਤਾਂਤਕਾਰੀ ਦਾ ਸਭ ਤੋਂ ਉਘੜਵਾਂ ਲੱਛਣ ਪਾਤਰਾਂ ਦੇ ਵਿਹਾਰ ਨੂੰ ਉਨ੍ਹਾਂ ਦੀਆਂ ਮਨੋਗੁੰਝਲਾਂ ਦੇ ਪ੍ਰਸੰਗ ਵਿਚ ਚਿਤਰਨਾ ਹੈ। ਬਿਆਨ ਦੀ ਨਾਟਕੀਅਤਾ ਵੀ ਕਹਾਣੀ ਨੂੰ ਦਿਲਕਸ਼ ਬਣਾਉਂਦੀ ਹੈ।
ਬਲਬੀਰ ਪਰਵਾਨਾ ਦੀ ਕਹਾਣੀ ‘ਕਤਰਾ ਕਤਰਾ ਮੌਤ’ (ਰਾਗ, ਜਨਵਰੀ-ਅਪਰੈਲ) ਉਤਮ-ਪੁਰਖੀ ਪੱਤਰਕਾਰ-ਰੂਪੀ ਬਿਰਤਾਂਤਕਾਰ ਰਾਹੀਂ ਉਸ ਦੇ ਸਹਿਕਰਮੀ, ਆਮ ਵਰਕਰ ਗੁਰਦੀਸ਼ ਦੀ ਘੁਟਨ ਭਰੀ ਪਰਿਵਾਰਕ ਜ਼ਿੰਦਗੀ ਅਤੇ ਅੰਤ ਗੁਰਦੀਸ਼ ਦੀ ਮੌਤ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਸ ਦੀ ਬਿਰਤਾਂਤਕਾਰੀ ਦਾ ਸੁਹਜ ਪ੍ਰਸਥਿਤੀਆਂ ਦੇ ਢੁੱਕਵੇਂ ਪ੍ਰਸੰਗ ਵਿਚ ਕੀਤੀ ਗੁਰਦੀਸ਼ ਦੀ ਚਰਿਤਰ-ਉਸਾਰੀ ਵਿਚੋਂ ਝਲਕਦਾ ਹੈ।
ਸਰਘੀ ਦੀ ਕਹਾਣੀ ‘ਰਬਾਬ’ (ਰਾਗ, ਮਈ-ਦਸੰਬਰ) ਉਤਮਪੁਰਖੀ, ਨਾਨਕ ਦੇ ਸੱਚੇ ਨਾਮ-ਲੇਵਾ ਅਤੇ ਮਰਦਾਨੇ ਦੀ ਬਰਾਦਰੀ ਨਾਲ ਸਬੰਧਿਤ ਪੜ੍ਹੇ-ਲਿਖੇ ਜ਼ਹੀਨ ਵਿਅਕਤਿਤਵ ਵਾਲੇ ਨੌਜਵਾਨ, ਬਿਰਤਾਂਤਕਾਰ ਰਾਹੀਂ ਅਕਾਦਮਿਕ ਅਦਾਰਿਆਂ ਵਿਚਲੇ ਭ੍ਰਿਸ਼ਟ ਮਾਹੌਲ ਦਾ ਬਿਰਤਾਂਤ ਸਿਰਜਦੀ ਹੈ। ਨਿਸਚੇ ਹੀ ਅਜਿਹੇ ਮਾਹੌਲ ਵਿਚ ਨੌਜਵਾਨ ਨੂੰ ਬੇਆਬਰੂ ਹੋ ਕੇ ਜਿਉਣਾ ਪੈਂਦਾ ਹੈ। ਵਿਅੰਗ-ਕਥਨੀ ਭਾਵੇਂ ਕਿਤੇ ਕਿਤੇ ਬਿਰਤਾਂਤ ਦੇ ਦਾਰਸ਼ਨਿਕ ਅਤੇ ਰਮਜ਼ੀ ਸੁਭਾਅ ਨੂੰ ਠੇਸ ਪਹੁੰਚਾਉਣ ਵਾਲੀ ਹੈ, ਪਰ ਕਹਾਣੀ ਵਿਚ ਨਾਨਕ-ਮਰਦਾਨੇ ਦੇ ਜੀਵਨ-ਫਲਸਫੇ ਨੂੰ ਉਜਾਗਰ ਕਰਨ ਵਾਲੇ ਲੋਕ-ਬਿਰਤਾਂਤ ਦੀ ਸਬ-ਟੈਕਸਟ (ਅੰਤਰ-ਪਾਠਮੂਲਕਤਾ) ਵਜੋਂ ਵਰਤੋਂ ਦਾ ਸਫਲਤਾ ਨਾਲ ਕੀਤਾ ਗਿਆ ਪ੍ਰਯੋਗ ਕਹਾਣੀ ਦੀ ਸ਼ਕਤੀ ਬਣਦਾ ਹੈ।
ਗੁਰਮੀਤ ਕੜਿਆਲਵੀ ਦੀ ਕਹਾਣੀ ‘ਦਰੋਣਾਚਾਰੀਆ’ (ਸਿਰਜਣਾ, ਜੂਨ-ਮਾਰਚ) ਉਤਮ-ਪੁਰਖੀ, ਅਧਿਆਪਕ-ਰੂਪ ਪਾਤਰ ਰਾਹੀਂ ਪੰਜਾਬ ਦੇ ਅਕਾਦਮਿਕ ਅਦਾਰਿਆਂ ਵਿਚ ਫੈਲੇ ਜਾਤ-ਪਾਤੀ ਮਾਨਸਿਕਤਾ ਦੇ ਕੋਹੜ ਦਾ ਬਿਰਤਾਂਤ ਪੇਸ਼ ਕਰਦੀ ਹੈ। ਆਪਣੀ ਕਥਿਤ ਜੱਟਵਾਦੀ ਸੋਚ ਅਤੇ ਵਿਹਾਰ ਰਾਹੀਂ ਇੱਕ ਕੰਮਚੋਰ ਅਧਿਆਪਕ ਕੁਲਵੰਤ ਸਿੰਘ ਸਾਰੇ ਸਕੂਲ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰਦਾ ਹੈ। ਪਰ ਵਿਅੰਗ ਦੀ ਗੱਲ ਇਹ ਹੈ ਕਿ ਪੰਦਰਾਂ ਅਗਸਤ ਨੂੰ ਦਲਿਤ ਭਾਈਚਾਰੇ ਦੇ ਇਕ ਕੁਸ਼ਲ ਅਤੇ ਮਿਹਨਤੀ ਅਧਿਆਪਕ ਦੀ ਥਾਂ ਸਰਕਾਰੀ ਸਨਮਾਨ ਕੁਲਵੰਤ ਸਿੰਘ ਨੂੰ ਮਿਲਦਾ ਹੈ। ਵਿਅੰਗ-ਕਥਨੀ ਅਤੇ ਅਤਿਕਥਨੀ ਦੇ ਅੰਸ਼ਾਂ ਵਾਲੀ ਪਾਤਰ-ਉਸਾਰੀ ਭਾਵੇਂ ਬਿਰਤਾਂਤ ਨੂੰ ਕੁਝ ਉੱਚੀ ਸੁਰ ਵਾਲਾ ਬਣਾਉਂਦੀ ਹੈ, ਪਰ ਦਲਿਤ-ਦਮਨ ਦੇ ਭਖਦੇ ਮੁੱਦੇ ਨੂੰ ਲੋੜੀਂਦੇ ਇਤਿਹਾਸਕ-ਮਿਥਿਹਾਸਕ ਗਲਪੀ ਵੇਰਵਿਆਂ ਨਾਲ ਉਭਾਰਨ ਦੀ ਜੁਗਤ ਕਹਾਣੀ ਦੀ ਸ਼ਕਤੀ ਬਣਦੀ ਹੈ।
ਗੁਰਮੀਤ ਪਨਾਗ ਦੀ ਕਹਾਣੀ ‘ਆਹੌਤ ਰੂਥ’ (ਰਾਗ, ਮਈ-ਦਸੰਬਰ) ਉਤਮ-ਪੁਰਖੀ, ਕੈਨੇਡਾ ਵਾਸੀ ਪੰਜਾਬੀ ਔਰਤ, ਬਿਰਤਾਂਤਕਾਰ ਰਾਹੀਂ ਇੱਕ ‘ਫਕੀਰ ਰੂਹ’ ਵਾਲੀ ਬਜੁਰਗ ਰੂਥ ਦਾ ਬਿਰਤਾਂਤ ਪੇਸ਼ ਕਰਦੀ ਹੈ। ਜਰਮਨ ਨਾਜੀਵਾਦ ਦੇ ਨਸਲੀ ਪ੍ਰਕੋਪ ਦਾ ਸ਼ਿਕਾਰ ਹੋਈ ਯਹੂਦੀ ਰੂਥ ਭਾਵੇਂ ਜਲਾਵਤਨੀ ਦੌਰਾਨ ਆਪਣਾ ਬਹੁਤ ਕੁਝ ਗੁਆ ਚੁਕੀ ਹੈ, ਪਰ ਸੰਕਟ ਸਮੇਂ ਵੀ ਭਰਾਤਰੀਭਾਵ ਵਾਲੀ ਮਾਨਵਵਾਦੀ ਸੋਚ ਨੂੰ ਉਸ ਨੇ ਬਚਾ ਰੱਖਿਆ ਹੈ ਅਤੇ ਇਸ ਸੋਚ ਰਾਹੀਂ ਹੀ ਉਹ ਵਿਸ਼ਵ ਵਿਚੋਂ ਨਸਲੀ-ਭੇਦਭਾਵ ਮਿਟਾਉਣ ਨੂੰ ਆਪਣਾ ਜੀਵਨ-ਉਦੇਸ਼ ਬਣਾ ਲੈਂਦੀ ਹੈ। ਕਹਾਣੀ ਦੀ ਸ਼ਕਤੀ ਜਿੱਥੇ ਇਕ ਪਾਸੇ ਪਾਰ-ਰਾਸ਼ਟਰੀ ਮਾਨਵੀ ਸਰੋਕਾਰਾਂ ਨੂੰ ਉਭਾਰਨ ਵਿਚ ਹੈ, ਉਥੇ ਦੂਜੇ ਪਾਸੇ ਰੂਥ ਜਿਹੀ ਜਟਿਲ ਪਾਤਰ ਦੀ ਬਹੁ-ਪਰਤੀ ਚਰਿਤਰ-ਉਸਾਰੀ ਕਰਕੇ ਵੀ ਹੈ।
ਹਰਜੀਤ ਅਟਵਾਲ ਦੀ ਕਹਾਣੀ ‘ਵਰੇ ਗੰਢ’ (ਪ੍ਰਵਚਨ, ਜਨਵਰੀ-ਮਾਰਚ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੰਗਲੈਂਡ ਵਸਦੇ ਇੱਕ ਪਰਵਾਸੀ ਬਜੁਰਗ ਜੋੜੇ ਦੇ ਅੰਤਲੇ ਕਸ਼ਟਮਈ ਪੜਾਅ ਦਾ ਬਿਰਤਾਂਤ ਪੇਸ਼ ਕਰਦੀ ਹੈ। ਪਦਾਰਥਮੁਖੀ ਸੋਚ ਵਾਲੇ ਨੂੰਹ-ਪੁੱਤ ਨੂੰ ਮਾਪਿਆਂ ਦੀ ਸਾਂਭ-ਸੰਭਾਲ ਨਾਲੋਂ ਵੱਧ ਫਿਕਰ ਜੱਦੀ ਘਰ ਨੂੰ ਆਪਣੇ ਨਾਂ ਕਰਵਾ ਲੈਣ ਦਾ ਹੈ, ਪਰ ਬਜੁਰਗ ਪੂਰੇ ਦ੍ਰਿੜ ਇਰਾਦੇ ਨਾਲ ਉਨ੍ਹਾਂ ਦੀ ਸਵਾਰਥੀ ਚਾਲ ਨੂੰ ਫੇਲ੍ਹ ਕਰਦਿਆਂ ‘ਘਰ’ ਨੂੰ ਆਪਣਾ ਬੁਢਾਪਾ ਸੁਖਾਲਾ ਕਰਨ ਲਈ ਵਰਤਣ (ਹੈਲਥ ਕੇਅਰ ਵਾਲਿਆਂ ਨੂੰ ਦੇਣ) ਦਾ ਫੈਸਲਾ ਕਰਦਾ ਹੈ। ਕਹਾਣੀ ਦੀ ਸ਼ਕਤੀ ਇੱਕ ਪਾਸੇ ਬਜੁਰਗਾਂ ਦੇ ਨਵੇਂ ਨਜ਼ਰੀਏ ਰਾਹੀਂ ਵਸਤੂ-ਯਥਾਰਥ ਨੂੰ ਨਿਹਾਰਨ ਵਿਚ ਹੈ ਤਾਂ ਦੂਜੇ ਪਾਸੇ ਪਰਵਾਸੀ ਜੀਵਨ ਨਾਲ ਸਬੰਧਿਤ ਢੁਕਵੇਂ ਵੇਰਵਿਆਂ ਰਾਹੀਂ ਸਹਿਜ-ਸੁਭਾਵਕ ਸਰੂਪ ਵਾਲਾ ਬਿਰਤਾਂਤ ਸਿਰਜਣ ਵਿਚ ਹੈ।
ਤੌਕੀਰ ਚੁਗਤਾਈ ਦੀ ਕਹਾਣੀ ‘ਮੈਂ ਤਿਲਕ ਗਿਆ ਸਾਂ’ (ਸਮਕਾਲੀ ਸਾਹਿਤ, ਅਪਰੈਲ-ਜੂਨ) ਉਤਮ-ਪੁਰਖੀ, ਅਧਖੜ ਉਮਰ ਦੇ ਪਾਕਿਸਤਾਨੀ ਪੰਜਾਬੀ, ਬਿਰਤਾਂਤਕਾਰ ਰਾਹੀਂ ਜ਼ਿੰਦਗੀ ਦੇ ਇਕ ਅਹਿਮ ਮੋੜ ਦਾ ਬਿਰਤਾਂਤ ਸਿਰਜਦੀ ਹੈ। ਉਮਰ ਦੇ ਇਸ ਪੜਾਅ ਉੱਤੇ ਪਹੁੰਚ ਕੇ ਮਨੁੱਖ ਦੇ ਆਲੇ-ਦੁਆਲੇ ਬਹੁਤ ਕੁਝ ਉਸ ਨੂੰ ਰੁਆਉਣ ਵਾਲਾ ਵਾਪਰਦਾ ਹੈ, ਪਰ ਬੇਝਿਜਕ ਰੋਣ ਲਈ ਕੋਈ ਹਮਦਰਦ-ਮੋਢਾ ਨਹੀਂ ਮਿਲਦਾ। ਅਵਾਜ਼ਾਰੀ ਦਾ ਅਹਿਸਾਸ ਭੋਗ ਰਹੇ ਪਾਤਰ ਨੂੰ ਆਪਣੀ ਪੰਜ-ਛੇ ਵਰ੍ਹਿਆਂ ਦੀ ਬਾਲੜੀ ਦਾ, ਮਾਂ ਜਾਂ ਦਾਦੀ ਵਰਗਾ, ਹਮਦਰਦ-ਮੋਢਾ ਮਿਲਦਾ ਹੈ ਤਾਂ ਉਹ ਰੋ ਕੇ ਹਲਕਾ ਮਹਿਸੂਸ ਕਰਦਾ ਹੈ। ਅਤੀ ਸੰਖੇਪ ਬਿਰਤਾਂਤਕ ਫੈਲਾਅ ਵਾਲੀ ਇਸ ਕਹਾਣੀ ਦਾ ਸਲਾਹੁਣਯੋਗ ਪੱਖ ਬੰਦੇ ਦੇ ਅਹਿਮ ਅਸਤਿੱਤਵੀ ਸਰੋਕਾਰਾਂ ਵੱਲ ਝਾਤ ਪੁਆਉਣ ਨਾਲ ਸਬੰਧਿਤ ਹੈ।
ਸਾਂਵਲ ਧਾਮੀ ਦੀ ਕਹਾਣੀ ‘ਮਹਿਕਦੀ ਚੂੰਢੀ’ (ਚਿਰਾਗ, ਅਪਰੈਲ-ਸਤੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਪਨਾਹਗੀਰ ਬਜੁਰਗ ਗੁਰਮੀਤ ਸਿੰਘ ਢੇਸੀ ਦਾ ਬਿਰਤਾਂਤ ਪੇਸ਼ ਕਰਦੀ ਹੈ। ਉਸ ਦੇ ਅਵਚੇਤਨ ਵਿਚ ਇੱਕੋ ਸਮੇਂ, ਸੰਤਾਲੀ ਦੀ ਵੰਡ ਦੇ ਹਵਾਲੇ ਨਾਲ, ਅੰਗਰੇਜ਼ ਹਕੂਮਤ ਵੱਲੋਂ ਦਿੱਤਾ ਦਰਦ ਪਿਆ ਹੈ, ਪਰ ਨਾਲ ਹੀ ਇਕ ਮੇਮ ਮੁਟਿਆਰ ਵੱਲੋਂ, ਪਿਆਰ ਭਰੀ ਚੂੰਢੀ ਨਾਲ, ਦਿੱਤਾ ਸੁਖਦ ਅਹਿਸਾਸ ਵੀ ਸ਼ਾਮਿਲ ਹੈ। ਯਾਦ ਦੀ ਕਥਾ-ਜੁਗਤ ਨਾਲ ਸਿਰਜੀ ਇਹ ਬਹੁਤ ਸੂਖਮ ਕਹਾਣੀ ਬੜੀ ਸਮਰੱਥਾ ਨਾਲ ਜ਼ਿੰਦਗੀ ਦੇ ਮੂਲ ਸੱਚ ਕਿ ਜ਼ਿੰਦਗੀ ਦੁੱਖ-ਸੁਖ ਦਾ ਮਿਲਗੋਭਾ ਹੀ ਹੈ, ਵੱਲ ਸੰਕੇਤ ਕਰਦੀ ਹੈ। ਮਨੁੱਖੀ ਅਵਚੇਤਨ ’ਚ ਬਹੁਤ ਡੂੰਘੇ ਉਤਰ ਕੇ ਹੀ ਅਜਿਹੇ ਸੱਚ ਤੱਕ ਪਹੁੰਚਣਾ ਸੰਭਵ ਹੁੰਦਾ ਹੈ।
ਇਨ੍ਹਾਂ ਉਪਰੋਕਤ ਵਰਣਿਤ ਕਹਾਣੀਆਂ ਤੋਂ ਇਲਾਵਾ ਕੁਝ ਹੋਰ ਵੀ ਉਲੇਖਯੋਗ ਕਹਾਣੀਆਂ ਹਨ, ਜਿਵੇਂ ਚੱਲ ਟਿਮ ਹੌਰਟਨ ਚੱਲੀਏ (ਗੁਰਮੀਤ ਕੜਿਆਲਵੀ, ਹੁਣ, ਜਨਵਰੀ-ਅਪਰੈਲ), ਛਣ-ਛਣ (ਭਗਵੰਤ ਰਸੂਲਪੁਰੀ, ਕਹਾਣੀ ਧਾਰਾ, ਅਕਤੂਬਰ-ਦਸੰਬਰ), ਜ਼ੀਰਾ ਆਲੂ (ਬਲਬੀਰ ਪਰਵਾਨਾ, ਪ੍ਰਵਚਨ, ਜੁਲਾਈ-ਸਤੰਬਰ), ਵਰਜਿਤ ਫਲ (ਕੁਲਜੀਤ ਮਾਨ, ਪ੍ਰਵਚਨ, ਜਨਵਰੀ-ਮਾਰਚ), ਕ੍ਰਿਸਮਿਸ ਈਵ (ਸੰਤੋਖ ਧਾਲੀਵਾਲ, ਪ੍ਰਵਚਨ, ਜਨਵਰੀ-ਮਾਰਚ), ਭਾਰ (ਬਲਬੀਰ ਕੌਰ ਸੰਘੇੜਾ, ਪ੍ਰਵਚਨ, ਜਨਵਰੀ-ਮਾਰਚ), ਦੂਰੀਆਂ (ਜਿੰਦਰ, ਸ਼ਬਦ, ਜਨਵਰੀ-ਮਾਰਚ), ਗਤੀ (ਸੰਦੀਪ ਸਮਰਾਲਾ, ਸ਼ਬਦ, ਅਪਰੈਲ-ਜੂਨ), ਚੀਸ (ਅਨੇਮਨ ਸਿੰਘ, ਸ਼ਬਦ, ਅਪਰੈਲ-ਜੂਨ), ਮਸਤ (ਹਰਜੀਤ ਅਟਵਾਲ, ਸ਼ਬਦ, ਜੁਲਾਈ-ਸਤੰਬਰ), ਬੇਅਦਬੀ (ਬਲਦੇਵ ਢੀਂਡਸਾ, ਸ਼ਬਦ, ਜੁਲਾਈ-ਸਤੰਬਰ), ਨੋਵਲ ਕਮੀਨਾ ਵਾਇਰਸ (ਕੇਸਰਾ ਰਾਮ, ਸਿਰਜਣਾ, ਜੁਲਾਈ-ਸਤੰਬਰ), ਰੀਟ੍ਰੀਟ (ਹਰਪ੍ਰੀਤ ਸੇਖਾ, ਸਿਰਜਣਾ, ਜੁਲਾਈ-ਸਤੰਬਰ), ਇਕ ਸੱਚੇ ਕਾਮਰੇਡ ਦਾ ਇਕਲਾਪਾ (ਬਲਬੀਰ ਪਰਵਾਨਾ, ਸਿਰਜਣਾ, ਅਕਤੂਬਰ-ਦਸੰਬਰ), ਮੈਂ ਕੋਈ ਚਾਬੁਕ ਨਹੀਂ (ਹਰਜੀਤ ਅਟਵਾਲ, ਅੱਖਰ, ਨਵੰਬਰ-ਦਸੰਬਰ), ਗੜੀ ਪਠਾਣਾ (ਅਜਮੇਰ ਸਿੱਧੂ, ਰਾਗ, ਮਈ-ਦਸੰਬਰ), ਸ਼ਾਇਦ ਦਿਨ ਚੜ੍ਹ ਜਾਂਦਾ (ਪਵਿੱਤਰ ਮਾਟੀ, ਅੱਖਰ, ਨਵੰਬਰ-ਦਸੰਬਰ) ਆਦਿ।
ਇਸ ਸਾਲ ਦੀ ਕਹਾਣੀ ਪੜ੍ਹਦਿਆਂ ਜਿਹੜੇ ਕੁਝ ਹੋਰ ਤੱਥ ਉੱਭਰ ਕੇ ਸਾਹਮਣੇ ਆਏ, ਉਹ ਇਸ ਤਰ੍ਹਾਂ ਹਨ:
-ਇਸ ਸਾਲ ਤੀਜੇ ਪੜਾਅ ਦੇ ਮੁਹਤਬਰ ਕਹਾਣੀਕਾਰਾਂ ਦੀਆਂ ਕਹਾਣੀਆਂ ਕਾਫੀ ਮਾਤਰਾ ’ਚ ਛਪੀਆਂ ਹਨ, ਜਿਵੇਂ ਗਰਦਾਵਰੀ, ਜੂਲੀ ਦੇ ਵੱਸ (ਪ੍ਰੇਮ ਪ੍ਰਕਾਸ਼), ਸ਼ਬਦ, ਜਨਵਰੀ-ਮਾਰਚ, ਜੁਲਾਈ-ਸਤੰਬਰ), ਰੇਸ਼ੂ ਨੰਬਰ ਵੰਨ (ਪ੍ਰੇਮ ਗੋਰਖੀ, ਸਿਰਜਣਾ, ਜਨਵਰੀ-ਮਾਰਚ), ਗੁੱਡ ਮਾਰਨਿੰਗ (ਜਰਨੈਲ ਸਿੰਘ ਸੇਖਾ, ਸਿਰਜਣਾ, ਅਕਤੂਬਰ-ਦਸੰਬਰ), ਜਿਸ ਤਨ ਲਾਗੈ (ਪ੍ਰੇਮ ਮਾਨ, ਸਿਰਜਣਾ, ਅਕਤੂਬਰ-ਦਸੰਬਰ), ਊਧਮ ਸਿੰਘ ਦੀ ਜੱਸੀ (ਮਨਮੋਹਨ ਬਾਵਾ, ਪ੍ਰਵਚਨ, ਅਪਰੈਲ-ਜੂਨ), ਸਾਡੇ ਹਿੱਸਾ ਦਾ ਹਿੰਦੁਸਤਾਨ (ਅਤਰਜੀਤ, ਪ੍ਰਵਚਨ, ਅਪਰੈਲ-ਜੂਨ), ਹੈਲੋ ਪੈਡੀ (ਜਸਬੀਰ ਭੁੱਲਰ, ਸਮਕਾਲੀ ਸਾਹਿਤ, ਅਪਰੈਲ-ਜੂਨ), ਮੋਰ-ਘੁੱਗੀਆਂ (ਮੁਖਤਾਰ ਗਿੱਲ, ਸਾਹਿਤਕ ਏਕਮ, ਜਨਵਰੀ-ਮਾਰਚ), ਕੀੜਿਆਂ ਦਾ ਭੌਣ (ਕਿਰਪਾਲ ਕਜ਼ਾਕ, ਹੁਣ, ਜਨਵਰੀ-ਅਪਰੈਲ), ਮਦਾਰੀ (ਸੁਰਿੰਦਰ ਉਬਰਾਏ, ਆਬਰੂ, ਅਕਤੂਬਰ-ਦਸੰਬਰ), ਡੈਡ ਨਹੀਂ ਫਾਦਰ (ਸੰਤੋਖ ਧਾਲੀਵਾਲ, ਅੱਖਰ, ਨਵੰਬਰ-ਦਸੰਬਰ), ਭਾਰਤ ਰਤਨ (ਗੁਰਦੇਵ ਰੁਪਾਣਾ, ਹੁਣ, ਜਨਵਰੀ ਅਪਰੈਲ) ਆਦਿ। ਇਹ ਹੌਸਲਾ-ਵਧਾਊ ਗੱਲ ਹੈ ਕਿ ਤੀਜੇ ਪੜਾਅ ਦੇ ਇਹ ਸਾਡੇ ਮਾਣਯੋਗ ਕਹਾਣੀਕਾਰ ਵੀ ਅਜੇ ਪੂਰੀ ਸਰਗਰਮੀ ਨਾਲ ਲਿਖ ਰਹੇ ਹਨ ਅਤੇ ਇਨ੍ਹਾਂ ਕੋਲ ਪ੍ਰੋਢ ਗਲਪੀ ਹੁਨਰ ਵੀ ਹੈ, ਪਰ ਵਸਤੂ-ਚੋਣ ਤੋਂ ਪਤਾ ਲਗਦਾ ਹੈ ਕਿ ਅਨੁਭਵ ਵਿਚ ਸੱਜਰਾਪਣ ਨਹੀਂ ਰਿਹਾ। ਇਉਂ ਜਾਪਦਾ ਹੈ ਜਿਵੇਂ ਪੁਰਾਣੀਆਂ ਯਾਦਾਂ ਨੂੰ ਹੀ ਮਾੜੀ-ਮੋਟੀ ਗਲਪੀ ਰੰਗਣ ਦੇ ਕੇ ਸਾਂਝੀਆਂ ਕਰ ਰਹੇ ਹੋਣ।
-ਸਾਡੇ ਕੁਝ ਅਹਿਮ ਕਹਾਣੀਕਾਰ ਇਸ ਸਾਲ ਸਦੀਵੀ ਵਿਛੋੜਾ ਦੇ ਗਏ ਹਨ। ਵੇਰਵਾ ਇਸ ਤਰ੍ਹਾਂ ਹੈ: ਇੰਦਰ ਸਿੰਘ ਖਾਮੋਸ਼, ਦਿਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕੰਵਲ, ਜ਼ੋਰਾ ਸਿੰਘ ਸੰਧੂ, ਹਮਦਰਦਵੀਰ ਨੌਸ਼ਹਿਰਵੀ, ਆਮੀਨ ਮਲਿਕ, ਰਾਜ ਕੁਮਾਰ ਗਰਗ, ਰਾਕੇਸ਼ ਰਮਨ, ਭੂਰਾ ਸਿੰਘ ਕਲੇਰ ਅਤੇ ਸ਼ਰਨਜੀਤ ਕੌਰ।
-ਮੇਰੇ ਅਜ਼ੀਜ਼, ਨਾਮਵਰ ਪਾਕਿਸਤਾਨੀ ਪੰਜਾਬੀ ਚਿੰਤਕ ਅਤੇ ਕਹਾਣੀਕਾਰ ਡਾ. ਕਰਾਮਤ ਮੁਗਲ ਦੁਆਰਾ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਸ ਵਰੇ ਓਧਰ ਅੱਧੀ ਦਰਜਨ ਦੇ ਕਰੀਬ ਮੌਲਿਕ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ ਅਤੇ ਇੱਕ ਸੰਪਾਦਿਤ ਕਹਾਣੀ-ਸੰਗ੍ਰਹਿ ‘ਰੰਗ ਬਰੰਗੀ ਕਹਾਣੀ’ (ਸੰਪਾਦਕ ਮਲਿਕ ਸ਼ਾਹ ਸਵਾਰ ਨਾਸਿਰ) ਵੀ ਛਪਿਆ ਹੈ। ਢਾਹਾਂ ਪੁਰਸਕਾਰ ਦੀ ਹੌਸਲਾ ਅਫਜਾਈ ਨਾਲ ਓਧਰ ਕਾਫੀ ਸਰਗਰਮੀ ਵਧੀ ਹੈ।
-ਪਾਕਿਸਤਾਨੀ ਪੰਜਾਬੀ ਕਹਾਣੀ ਨਾਲੋ ਨਾਲ ਲਿਪੀਅੰਤਰ ਹੋ ਕੇ ਅਜੇ ਅਲਪਮਾਤਰ ਹੀ ਗੁਰਮੁਖੀ ਵਿਚ ਪਹੁੰਚਦੀ ਹੈ, ਪਰ ਇਸ ਸਾਲ ਬੈਲਜੀਅਮ ਵਸਦੇ ਨਾਮਵਰ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਆਗ਼ਾ ਅਲੀ ਮੁਦੱਸਰ ਦਾ ਮਹੱਤਵਪੂਰਨ ਕਹਾਣੀ-ਸੰਗ੍ਰਹਿ ‘ਕਾਵਾਂ ਦੇ ਅੱਥਰੂ’ ਗੁਰਮੁਖੀ ਵਿਚ ਵੀ ਛਪਿਆ ਹੈ, ਜਿਸ ਦਾ ਲਿਪੀਅੰਤਰ ਨੌਜਵਾਨ ਚਿੰਤਕ ਡਾ. ਪਰਮਜੀਤ ਸਿੰਘ ਮੀਸ਼ਾ ਨੇ ਕੀਤਾ ਹੈ।
-ਪਰਵਾਸੀ ਪੰਜਾਬੀ ਕਹਾਣੀ ਦਾ ਸੰਸਾਰ, ਕੈਨੇਡਾ ਤੋਂ ਬਾਹਰ, ਭਾਵੇਂ ਤੇਜੀ ਨਾਲ ਸੁੰਗੜਨਾ ਸ਼ੁਰੂ ਹੋ ਚੁਕਾ ਹੈ, ਪਰ ਇਸ ਵਰ੍ਹੇ ਕਰਮ ਸਿੰਘ ਮਾਨ (ਅਮਰੀਕਾ) ਦਾ ਕਹਾਣੀ ਸੰਗ੍ਰਹਿ ‘ਬੋਸਕੀ ਦਾ ਪਜਾਮਾ’ ਅਤੇ ਹਰਜੀਤ ਅਟਵਾਲ (ਯੂ. ਕੇ.) ਦੀਆਂ ਇਕੱਠੀਆਂ ਤਿੰਨ ਕਹਾਣੀਆਂ ਛਪਣਾ ਇਸ ਪੱਖੋਂ ਕੁਝ ਢਾਰਸ ਦੇਣ ਵਾਲਾ ਹੈ।
-2019 ਲਈ ਢਾਹਾਂ ਪੁਰਸਕਾਰ ਜਿਨ੍ਹਾਂ ਦੋ ਕਹਾਣੀ ਸੰਗ੍ਰਹਿਆਂ ਦੇ ਹਿੱਸੇ ਆਇਆ ਉਨ੍ਹਾਂ ਦੇ ਰਚਨਹਾਰ ਕੇਸਰਾ ਰਾਮ (ਜਨਾਨੀ ਪੌਦ), ਜ਼ੁਬੈਰ ਅਹਿਮਦ (ਪਾਣੀ ਦੀ ਕੰਧ) ਵਧਾਈ ਦੇ ਹੱਕਦਾਰ ਹਨ।
-ਇਸੇ ਤਰ੍ਹਾਂ ਸਾਹਿਤਯ ਅਕਾਦਮੀ ਦਾ ਪੁਰਸਕਾਰ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਪ੍ਰਾਪਤ ਹੋਇਆ, ਜੋ ਕਹਾਣੀ ਖੇਤਰ ਲਈ ਵੱਡੇ ਮਾਣ ਵਾਲੀ ਗੱਲ ਹੈ।
-ਇਸ ਵਰੇ ਕਰੋਨਾ ਦੀ ਕ੍ਰੋਪੀ ਕਰਕੇ ‘ਹੁਣ’ ਵਰਗੇ ਕੁਝ ਚੰਗੇ ਰਿਸਾਲਿਆਂ ਦੇ ਅੰਕ ਜਾਂ ਛਪ ਨਹੀਂ ਸਕੇ ਜਾਂ ਬਹੁਤ ਪਛੜ ਕੇ ਛਪ ਸਕੇ। ਇਸ ਕਰਕੇ ਚੰਗੀਆਂ ਕਹਾਣੀਆਂ ਬਹੁਤ ਘੱਟ ਮਾਤਰਾ ਵਿਚ ਪ੍ਰਾਪਤ ਹੋ ਸਕੀਆਂ, ਪਰ ਸੰਕਟ ਸਮੇਂ ਵੀ ਰਿਸਾਲੇ ‘ਪ੍ਰਵਚਨ’ ਨੇ ਡਲਹੌਜੀ ਕਹਾਣੀ ਗੋਸ਼ਟੀ: ਵਿਸ਼ੇਸ਼ ਅੰਕ (ਜਨਵਰੀ-ਮਾਰਚ) ਛਾਪ ਕੇ ਆਪਣੀ ਸਿਹਤਮੰਦ ਪਿਰਤ ਨੂੰ ਜਾਰੀ ਰੱਖਿਆ ਹੈ।
-ਸ਼ਾਹਕਾਰ ਕਹਾਣੀਆਂ ਲਿਖਣ ਵਾਲੇ ਹਰਪ੍ਰੀਤ ਸਿੰਘ ਚਨੂੰ ਨੇ ਪੈਂਤੀ-ਚਾਲੀ ਸਾਲਾਂ ਦੇ ਵਕਫੇ ਮਗਰੋਂ ਇਸ ਸਾਲ ਕਹਾਣੀ ‘ਸੱਥਰ’ ਨਾਲ ਮੁੜ ਭਰਵੀਂ ਦਸਤਕ ਦੇ ਕੇ ਖੂਬ ਪ੍ਰਸ਼ੰਸਾ ਹਾਸਿਲ ਕੀਤੀ ਹੈ, ਖੁਸ਼ਆਮਦੀਦ ਕਹਿਣਾ ਬਣਦਾ ਹੈ।
-ਇਸ ਸਾਲ ਕਰੋਨਾ ਦੇ ਬਾਵਜੂਦ ਕਹਾਣੀ-ਸੰਗ੍ਰਹਿ ਸੰਪਾਦਿਤ ਕਰਨ ਵਿਚ ਬਹੁਤ ਸਰਗਰਮੀ ਵੇਖਣ ਨੂੰ ਮਿਲੀ। ਕੁਝ ਉਲੇਖਯੋਗ ਸੰਗ੍ਰਹਿ ਹਨ: ਸਰਵੋਤਮ ਸਮਕਾਲੀ ਪੰਜਾਬੀ ਕਹਾਣੀ, (ਨੈਸ਼ਨਲ ਬੁੱਕ ਟਰੱਸਟ), ਟੂਣੇਹਾਰੀ ਰੁੱਤ-ਇੱਕੀਵੀਂ ਸਦੀ ਦੀ ਚੋਣਵੀਂ ਪੰਜਾਬੀ ਕਹਾਣੀ, ਨਵੀਂ ਰੁੱਤ ਦੇ ਸੁਪਨੇ-ਸਾਲ 2019 ਦੀ ਸਰਵੋਤਮ ਪੰਜਾਬੀ ਕਹਾਣੀ (ਸੰਪਾਦਕ ਬਲਦੇਵ ਸਿੰਘ ਧਾਲੀਵਾਲ), ਸੰਕਟਨਾਮਾ ਪੰਜਾਬ-ਪੰਜਾਬ ਸੰਕਟ ਦੀ ਚੋਣਵੀਂ ਪੰਜਾਬੀ ਕਹਾਣੀ (ਸੰਪਾਦਕ ਬਲਦੇਵ ਸਿੰਘ ਧਾਲੀਵਾਲ ਅਤੇ ਸੁਰਜੀਤ ਸਿੰਘ), ਕਮਰਾ ਨੰਬਰ 302 ਅਤੇ ਹੋਰ ਕਹਾਣੀਆਂ-ਵਿਦਿਆਰਥੀ ਲੇਖਕਾਂ ਦੀਆਂ 26 ਕਹਾਣੀਆਂ (ਸੰਪਾਦਕ ਬਲਵੀਰ ਕੌਰ ਰੀਹਲ, ਕੁਲਵਿੰਦਰ ਸਿੰਘ ਸੱਗੀ), 31 ਦਲਿਤ ਕਹਾਣੀਆਂ (ਸੰਪਾਦਕ ਅਨੇਮਨ ਸਿੰਘ), ਸ਼ਾਇਦ ਦਿਨ ਚੜ੍ਹ ਜਾਂਦਾ-ਕਿਸਾਨੀ ਜੀਵਨ ’ਤੇ ਕੇਂਦਰਿਤ 25 ਕਹਾਣੀਆਂ (ਸੰਪਾਦਕ ਰਵੇਲ ਸਿੰਘ), 2019 ਦੀਆਂ ਬੇਹਤਰੀਨ ਕਹਾਣੀਆਂ (ਭਾਗ-1), 2019 ਦੀਆਂ ਚੋਣਵੀਆਂ ਕਹਾਣੀਆਂ (ਭਾਗ-2) (ਸੰਪਾਦਕ ਸੁਸ਼ੀਲ ਦੁਸਾਂਝ), 2019 ਦੀਆਂ ਪ੍ਰਤੀਨਿਧ ਕਹਾਣੀਆਂ (ਸੰਪਾਦਕ ਸੁਕੀਰਤ)। ਵਿਸ਼ੇਮੂਲਕ ਵੰਨਗੀ ਦੇ ਕਹਾਣੀ-ਸੰਗ੍ਰਹਿ ਤਿਆਰ ਕਰਨਾ ਬਹੁਤ ਵਧੀਆ ਪਿਰਤ ਹੈ ਤੇ ਜਾਰੀ ਰਹਿਣੀ ਚਾਹੀਦੀ ਹੈ, ਪਰ ਸੰਪਾਦਕਾਂ ਨੂੰ ਆਪਣੀ ਸੰਪਾਦਨ-ਦ੍ਰਿਸ਼ਟੀ ਸਬੰਧੀ ਰਤਾ ਹੋਰ ਗੰਭੀਰ ਹੋਣ ਦੀ ਜ਼ਰੂਰਤ ਹੈ। ਸੰਪਾਦਨ-ਕਾਰਜ ਬਹੁਤ ਮਿਹਨਤ ਅਤੇ ਖੋਜ-ਕੁਸ਼ਲਤਾ ਦੀ ਮੰਗ ਕਰਦਾ ਹੈ, ਇਸ ਲਈ ਇਹ ਕਾਰਜ ਨਿਰੋਲ ਮੰਡੀ ਦੀਆਂ ਲੋੜਾਂ ਪੂਰੀਆਂ ਕਰਨ ਜਾਂ ਨਿਜੀ ਹਉਮੈ ਨੂੰ ਸੰਤੁਸ਼ਟ ਕਰਨ ਲਈ ਨਹੀਂ ਹੋਣਾ ਚਾਹੀਦਾ।
ਪੰਜਾਬੀ ਕਹਾਣੀ ਦੇ ਖੇਤਰ ਦੀਆਂ ਇਨ੍ਹਾਂ ਸਮੂਹ ਸਰਗਰਮੀਆਂ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਕਰੋਨਾ ਦੇ ਆਫਤੀ ਦੌਰ ਵਿਚ ਵੀ ਇਹ ਸੁਖਦ ਅਹਿਸਾਸ ਦੇਣ ਵਾਲੀ ਗੱਲ ਹੈ ਕਿ ਪੰਜਾਬੀ ਕਹਾਣੀਕਾਰ ਇਤਿਹਾਸਕ ਚੁਣੌਤੀ ਨੂੰ ਸਮਝਦਿਆਂ ਪੂਰੇ ਉਤਸ਼ਾਹ ਨਾਲ ਅਜੋਕੇ ‘ਨਿਊ ਨਾਰਮਲ’ ਦੀ ਪਛਾਣ ਕਰਨ ਅਤੇ ਉਸ ਨੂੰ ਗਲਪ-ਬਿੰਬ ਰਾਹੀਂ ਪੇਸ਼ ਕਰਨ ਵਿਚ ਜੁਟੇ ਰਹੇ ਹਨ। ਬਹੁਤੀ ਅਜੋਕੀ ਪੰਜਾਬੀ ਕਹਾਣੀ ਉਤਮ-ਪੁਰਖੀ ਬਿਰਤਾਂਤਕਾਰ ਦੀ ਵਿਧੀ ਨਾਲ ਲਿਖੀ ਜਾ ਰਹੀ ਹੈ, ਪਰ ਉਤਮ-ਪੁਰਖੀ ਬਿਰਤਾਂਤਕਾਰ ਰਾਹੀਂ ਕਹਾਣੀ ਕਹਿਣ ਦੇ ਪ੍ਰਸੰਗ ਵਿਚ ਪੰਜਾਬੀ ਕਹਾਣੀਕਾਰਾਂ ਨੇ ਇਸ ਵਾਰ ਵੀ ਗੰਭੀਰ ਉਕਾਈਆਂ ਕੀਤੀਆਂ ਹਨ। ਇਸ ਗੱਲ ਵੱਲੋਂ ਉਹ ਅਕਸਰ ਅਵੇਸਲੇ ਹੋ ਜਾਂਦੇ ਹਨ ਕਿ ਉਤਮ-ਪੁਰਖੀ ਬਿਰਤਾਂਤਕਾਰ ਪਾਤਰ-ਰੂਪ ਹੁੰਦਾ ਹੈ, ਇਸ ਲਈ ਉਸ ਦੀ ਭਾਸ਼ਾ ਅਤੇ ਵਿਅਕਤਿਤਵ ਉਸ ਪਾਤਰ-ਵਿਸ਼ੇਸ਼ ਦੇ ਅਨੁਕੂਲ ਹੀ ਹੋਣਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿਚ ਉਤਮ-ਪੁਰਖੀ ਬਿਰਤਾਂਤਕਾਰ ਲੇਖਕ ਦਾ ਧੁਤੂ ਨਹੀਂ ਹੁੰਦਾ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਵੇਂ ਪੜਾਅ ਦੇ ਸਪੱਸ਼ਟ ਨਕਸ਼ਾਂ ਵਾਲੀ ਪੰਜਾਬੀ ਕਹਾਣੀ ਨੇ ਭਾਵੇਂ ਅਜੇ ਨਵੀਆਂ ਸਿਖਰਾਂ ਤਾਂ ਅਗਲੇ ਸਾਲਾਂ ਵਿਚ ਛੋਹਣੀਆਂ ਹਨ, ਪਰ ਆਪਣੀ ਬੁਨਿਆਦ ਬਹੁਤ ਮਜ਼ਬੂਤ ਢੰਗ ਨਾਲ ਰੱਖੀ ਹੈ। ਇਸ ਲਈ ਇਨ੍ਹਾਂ ਨਵੇਂ ਹੋਣਹਾਰ ਕਹਾਣੀਕਾਰਾਂ ਦਾ ਭਰਵਾਂ ਸੁਆਗਤ ਕਰਨਾ ਬਣਦਾ ਹੈ।