ਟੈਕਸਸ ਬਣਿਆ ਸਭ ਤੋਂ ਜ਼ਿਆਦਾ ਸਜ਼ਾ-ਏ-ਮੌਤ ਦੇਣ ਵਾਲਾ ਸੂਬਾ

ਹਿਊਸਟਨ: ਅਮਰੀਕੀ ਸੂਬੇ ਟੈਕਸਸ ਵਿਚ 1982 ਵਿਚ ਸਜ਼ਾ-ਏ-ਮੌਤ ਬਹਾਲ ਕੀਤੇ ਜਾਣ ਤੋਂ ਬਾਅਦ ਬੀਤੇ ਦਿਨ 500ਵੇਂ ਦੋਸ਼ੀ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੇ ਘਾਟ ਉਤਾਰਿਆ ਗਿਆ। ਇਸ ਦੇ ਨਾਲ ਹੀ ਟੈਕਸਸ ਮੌਤ ਦੀਆਂ ਸਭ ਤੋਂ ਵੱਧ ਸਜ਼ਾਵਾਂ ਦੇਣ ਵਾਲਾ ਅਮਰੀਕੀ ਸੂਬਾ ਬਣ ਗਿਆ ਹੈ ਹਾਲਾਂਕਿ ਅਮਰੀਕਾ ਵਿਚ ਆਮ ਤੌਰ ‘ਤੇ ਇਸ ਰੁਝਾਨ ਵਿਚ ਕਮੀ ਆਈ ਹੈ।
ਟੈਕਸਸ ਵਿਚ ਸਜ਼ਾ-ਏ-ਮੌਤ ਦੀ 500ਵੀਂ ਸ਼ਿਕਾਰ ਕੁਕੀਨ ਦੀ ਇਕ ਨਸ਼ੇੜੀ ਤੇ ਘਰੇਲੂ ਸਿਹਤ ਸੰਭਾਲ ਸੇਵਕਾ 52 ਸਾਲਾ ਕਿੰਬਰਲੇ ਮੈਕਾਰਥੀ ਬਣੀ ਜਿਸ ਨੇ ਡਲਾਸ ਦੀ ਇਕ 71 ਸਾਲਾ ਔਰਤ ਡੋਰਥੀ ਬੂਥ ਦਾ ਲੁੱਟ-ਖੋਹ ਲਈ ਕਤਲ ਕੀਤਾ ਸੀ। ਸੂਬੇ ਦੇ ਫੌਜਦਾਰੀ ਨਿਆਂ ਵਿਭਾਗ ਮੁਤਾਬਕ ਉਸ ਨੂੰ ਹੰਟਸਵਿਲੇ ਜੇਲ੍ਹ ਵਿਚ ਜ਼ਹਿਰ ਦਾ ਟੀਕਾ ਲਾਇਆ ਗਿਆ। ਇਸ ਮੌਕੇ ਜੇਲ੍ਹ ਦੇ ਬਾਹਰ ਦਰਜਨਾਂ ਮੁਜ਼ਾਹਰਾਕਾਰੀਆਂ ਨੇ ਸਜ਼ਾ-ਏ-ਮੌਤ ਬੰਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕੀਤਾ। ਮੈਕਾਰਥੀ ਸੂਬੇ ਵਿਚ ਸਜ਼ਾ ਦੀ ਬਹਾਲੀ ਤੋਂ ਬਾਅਦ ਇਹ ਸਜ਼ਾ ਹਾਸਲ ਕਰਨ ਵਾਲੀ ਚੌਥੀ ਔਰਤ ਸੀ। ਇਸ ਤੋਂ ਪਹਿਲਾਂ ਟੈਕਸਸ ਦੀ ਫੌਜਦਾਰੀ ਅਪੀਲੀ ਅਦਾਲਤ ਦੇ ਦੋ ਦਿਨਾਂ ਵਿਚ ਦੂਜੀ ਵਾਰ ਉਸ ਨੂੰ ਸਜ਼ਾ ਸੁਣਾਉਣ ਵਾਲੀ ਜਿਊਰੀ ਦੀ ਬਣਤਰ ਵਿਚਲੀਆਂ ਖਾਮੀਆਂ ਸਬੰਧੀ ਮੈਕਾਰਥੀ ਦੀ ਦੂਜੀ ਅਪੀਲ ਖਾਰਜ ਕਰਕੇ ਉਸ ਨੂੰ ਮੌਤ ਦੇ ਘਾਟ ਉਤਰੇ ਜਾਣ ਦਾ ਰਾਹ ਸਾਫ ਕਰ ਦਿੱਤਾ ਸੀ। ਮੁਜਰਮ ਔਰਤ ਨੇ ਦੋਸ਼ ਲਾਇਆ ਸੀ ਕਿ ਡਲਾਸ ਦੇ ਪ੍ਰਾਸੀਕਿਊਟਰਾਂ ਨੇ ਉਸ ਦੇ ਕੇਸ ਸਬੰਧੀ ਜਿਊਰੀ ਵਿਚੋਂ ਤਿੰਨ ਅਫਰੀਕੀ-ਅਮਰੀਕੀ (ਸਿਆਹਫਾਮ) ਮੈਂਬਰਾਂ ਨੂੰ ਕੱਢ ਕੇ ਉਸ ਨਾਲ ਨਸਲੀ ਵਿਤਕਰਾ ਕੀਤਾ ਸੀ।
ਗੌਰਤਲਬ ਹੈ ਕਿ ਮੈਕਾਰਥੀ ਅਫਰੀਕੀ ਮੂਲ ਦੀ ਔਰਤ ਸੀ ਤੇ ਉਸ ਦੇ ਕੇਸ ਨਾਲ ਸਬੰਧਤ ਜਿਊਰੀ ਵਿਚ ਸਿਰਫ ਇਕ ਹੀ ਅਫਰੀਕੀ-ਅਮਰੀਕੀ ਨੂੰ ਸ਼ਾਮਲ ਕੀਤਾ ਗਿਆ ਸੀ। ਉਸ ਨੇ ਆਪਣੀ ਗੁਆਂਢਣ ਤੇ ਯੂਨੀਵਰਸਿਟੀ ਦੀ ਰਿਟਾਇਰਡ ਪ੍ਰਫੈਸਰ ਬੀਬੀ ਬੂਥ ਨੂੰ ਅੱਠ ਜੁਲਾਈ 1997 ਵਿੱਚ ਛੁਰਾ ਮਾਰ ਕੇ ਕਤਲ ਕਰ ਦੇਣ ਦੀ ਦੋਸ਼ੀ ਕਰਾਰ ਦਿੱਤਾ ਗਿਆ ਸੀ।

Be the first to comment

Leave a Reply

Your email address will not be published.