ਬੱਚਿਆਂ ਲਈ ਸਰੀਰਕ ਖੇਡਾਂ ਵੀ ਜ਼ਰੂਰੀ

ਪਿੰ੍ਰæ ਸਰਵਣ ਸਿੰਘ
ਇੱਕੀਵੀਂ ਸਦੀ ਨੂੰ ਕੰਪਿਊਟਰ, ਮੋਬਾਈਲ ਤੇ ਇੰਟਰਨੈਟ ਦਾ ਯੁਗ ਕਿਹਾ ਜਾ ਰਿਹੈ। ਇਸ ਦੌਰ ਦੀਆਂ ਖੇਡਾਂ ਵੀ ਕੰਪਿਊਟਰੀ ਬਣਦੀਆਂ ਜਾ ਰਹੀਆਂ ਨੇ। ਬੱਚੇ ਬੈਠੇ ਬਿਠਾਏ ਕੰਪਿਊਟਰੀ ਖੇਡਾਂ ਵਿਚ ਮਸਤ ਹੋ ਰਹੇ ਨੇ। ਬਹੁਤ ਸਾਰੇ ਮਾਪੇ ਵੀ ਆਪਣੇ ਬੱਚਿਆਂ ਨੂੰ ਅਜਿਹੀਆਂ ਖੇਡਾਂ ਵਿਚ ਮਸਤ ਵੇਖ ਕੇ ਮਸਤ ਨੇ। ਅਖੇ ਸਾਡਾ ਬੱਚਾ ਸਮੇਂ ਦੇ ਹਾਣ ਦਾ ਹੋ ਰਿਹੈ! ਇਨਫਰਮੇਸ਼ਨ ਟੈਕਨਾਲੋਜੀ ਦੇ ਲੜ ਲੱਗ ਰਿਹੈ। ਇਹਦੇ ਵਿਚ ਈ ਇਹਦਾ ‘ਕੈਰੀਅਰ’ ਏ। ਕੀ ਲੈਣੈ ਇਹਨੇ ਸਰੀਰਕ ਖੇਡਾਂ ਤੋਂ? ਕਿਉਂ ਸਮਾਂ ਜ਼ਾਇਆ ਕਰੇ ਜ਼ੋਰ ਲਾਉਣ ਵਾਲੀਆਂ ਖੇਡਾਂ ‘ਤੇ? ਕਿਉਂ ਹੋਵੇ ਮੁੜ੍ਹਕੋ-ਮੁੜ੍ਹਕੀ? ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਸਰੀਰ ਨਾਲ ਹੀ ਦਿਮਾਗ ਹੈ। ਸਿਆਣਿਆਂ ਨੇ ਬਹੁਤ ਪਹਿਲਾਂ ਕਿਹਾ ਸੀ ਕਿ ਤੇਜ਼ ਦਿਮਾਗ ਦਾ ਵਾਸ ਤਕੜੇ ਸਰੀਰ ਵਿਚ ਹੀ ਹੋ ਸਕਦੈ। ਸਿਹਤ ਨਹੀਂ ਤਾਂ ਕੁਝ ਵੀ ਨਹੀਂ। ਸਰੀਰੋਂ ਮਾੜੇ ਬਿਮਾਰ ਬੰਦੇ ਲਈ ਧਨ ਦੌਲਤ, ਹੁਸਨ ਇਸ਼ਕ, ਖੁਸ਼ੀ ਖੇੜੇ ਤੇ ਪ੍ਰਸੰਨ ਲੰਮੀ ਉਮਰ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਜਾਨ ਨਾਲ ਈ ਜਹਾਨ ਐ। ਜਾਨਦਾਰ ਬੰਦੇ ਨੂੰ ਹੀ ਦੁਨੀਆ ਸੋਹਣੀ ਲੱਗਦੀ ਐ।
ਹਰ ਬੱਚੇ ਅੰਦਰ ਹਾਕੀ ਦਾ ਬਲਬੀਰ ਸਿੰਘ ਪਿਆ ਹੁੰਦਾ ਹੈ ਤੇ ਹਰੇਕ ਅੰਦਰ ਫਲਾਈਂਗ ਸਿੱਖ ਮਿਲਖਾ ਸਿੰਘ। ਕਿਸੇ ਅੰਦਰੋਂ ਜਾਗ ਪੈਂਦੈ, ਕਿਸੇ ਅੰਦਰ ਸੁੱਤਾ ਪਿਆ ਰਹਿੰਦੈ। ਕੋਈ ਜਗਾਉਂਦਾ ਈ ਨਹੀਂ। ਊਧਮ ਸਿੰਘ, ਬਿਸ਼ਨ ਸਿੰਘ ਬੇਦੀ, ਜਰਨੈਲ ਸਿੰਘ, ਪ੍ਰਿਥੀਪਾਲ ਸਿੰਘ, ਕਰਤਾਰ ਸਿੰਘ, ਪਰਗਟ ਸਿੰਘ ਤੇ ਅਭਿਨਵ ਬਿੰਦਰਾ ਵਰਗੇ ਖਿਡਾਰੀ ਬੱਚਿਆਂ ਅੰਦਰੋਂ ਜਾਗ ਕੇ ਹੀ ਵੱਡੇ ਹੁੰਦੇ ਰਹੇ ਹਨ। ਉਨ੍ਹਾਂ ਦੀ ਮਹਿਮਾ ਦੂਰ ਦੂਰ ਤਕ ਪਹੁੰਚੀ। ਹਰ ਬੱਚਾ ਗੁਣਾਂ ਦੀ ਖਾਣ ਹੁੰਦੈ। ਉਸ ਨੂੰ ਯੋਗ ਹਾਲਾਤ ਮਿਲ ਜਾਣ ਤਾਂ ਉਹ ਕੁਝ ਵੀ ਕਰ ਸਕਦੈ। ਉਹ ਚੈਂਪੀਅਨ ਖਿਡਾਰੀ ਬਣ ਸਕਦੈ, ਨਾਮੀ ਕਲਾਕਾਰ, ਡਾਕਟਰ, ਵਕੀਲ, ਇੰਜੀਨੀਅਰ, ਸਿਆਸਤਦਾਨ ਤੇ ਵੱਡਾ ਵਿਦਵਾਨ ਯਾਨਿ ਕੁਝ ਵੀ ਬਣ ਕੇ ਵਿਖਾ ਸਕਦੈ। ਨਾ ਧਿਆਨ ਦੇਈਏ ਤਾਂ ਚੋਰ ਡਾਕੂ ਵੀ ਬਣ ਸਕਦੈ। ਬੱਚੇ ਅੰਦਰ ਕੁਝ ਵੀ ਬਣਨ ਦੀਆਂ ਅਥਾਹ ਸੰਭਾਵਨਾਵਾਂ ਹੁੰਦੀਆਂ ਹਨ। ਪਹਿਲੀ ਲੋੜ ਉਨ੍ਹਾਂ ਨੂੰ ਪਛਾਣਨ ਦੀ ਹੈ ਤੇ ਦੂਜੀ ਉਨ੍ਹਾਂ ਨੂੰ ਸਾਣ ਚਾੜ੍ਹਨ ਦੀ।
ਅਜੋਕੇ ਦੌਰ ‘ਚ ਆਮ ਮਾਪਿਆਂ ਦੇ ਸਿਰਾਂ ਉਤੇ ਆਪਣੇ ਬੱਚਿਆਂ ਦਾ ‘ਕੈਰੀਅਰ’ ਬਣਾਉਣ ਦਾ ਭੂਤ ਸਵਾਰ ਹੈ। ਕੈਰੀਅਰ ਬਣਾਉਂਦਿਆਂ ਉਨ੍ਹਾਂ ਨੇ ਬੱਚਿਆਂ ਦਾ ਬਚਪਨ ਖੋਹ ਲਿਆ ਹੈ ਤੇ ਜੁਆਨਾਂ ਦੀ ਜੁਆਨੀ। ਖੇਡਣ ਮੱਲ੍ਹਣ ਵਾਲੇ ਬਚਪਨ ਨੂੰ ਪੜ੍ਹਾਈ ਲਿਖਾਈ ਦੇ ਬਸਤਿਆਂ ‘ਚ ਦੱਬ ਦਿੱਤਾ ਹੈ ਤੇ ਵਿਆਹ ਸ਼ਾਦੀ ਵਾਲੀ ਜੁਆਨੀ ਕੈਰੀਅਰ ਦੀਆਂ ਮੰਜ਼ਿਲਾਂ ਮਾਰਨ ਦੇ ਲੇਖੇ ਲਾ ਦਿੱਤੀ ਹੈ। ਵਿਆਹ ਸ਼ਾਦੀਆਂ ਹੁਣ ਢਲੀ ਜੁਆਨੀ ‘ਚ ਹੋਣ ਲੱਗੀਆਂ ਹਨ ਤੇ ਬੁਢੇਪਾ ਜੁਆਨੀ ਦੇ ਝੋਰੇ ਝੁਰਦਿਆਂ ਲੰਘਦਾ ਹੈ। ਜਿਸ ਜੀਵਨ ਵਿਚ ਨਾ ਬਚਪਨ ਮਾਣਿਆਂ ਜਾ ਸਕੇ ਨਾ ਜੁਆਨੀ, ਉਹ ਕਾਹਦਾ ਜੀਵਨ! ਕੁਦਰਤੀ ਵਹਾਅ ਦੇ ਉਲਟ ਵਹਿਣ ਦਾ ਨਤੀਜਾ ਵੀ ਉਲਟ ਈ ਨਿਕਲਦੈ। ਅਨੇਕਾਂ ਬੱਚਿਆਂ ਨੂੰ ਪੜ੍ਹਾਈ ਲਿਖਾਈ ਦੇ ਬੋਝ ਥੱਲੇ ਏਨਾ ਦੱਬ ਦਿੱਤਾ ਜਾਂਦੈ ਕਿ ਸਰੀਰਕ ਖੇਡਾਂ ਖੇਡਣ ਦਾ ਕੋਈ ਵਕਤ ਈ ਨਹੀਂ ਬਚਦਾ। ਕੋਈ ਕਸਰਤ ਨਹੀਂ ਹੁੰਦੀ, ਕੋਈ ਜ਼ੋਰ ਨਹੀਂ ਲੱਗਦਾ, ਜਿਸ ਕਰਕੇ ਸਰੀਰ ਨਾ ਜ਼ੋਰਾਵਰ ਬਣਦੈ ਨਾ ਹੰਢਣਸਾਰ। ਅਜਿਹੇ ਬੱਚੇ ਪੜ੍ਹਾਈ ਲਿਖਾਈ ਵਿਚ ਤਾਂ ਚੰਗੇ ਨੰਬਰ ਲੈ ਜਾਂਦੇ ਨੇ ਪਰ ਸਿਹਤ ਪੱਖੋਂ ਨਿੱਘਰ ਜਾਂਦੇ ਨੇ।
ਜੇਕਰ ਕੈਰੀਅਰ ਬਣਾਉਣ ਦੀ ਗੱਲ ਹੀ ਕਰਨੀ ਹੋਵੇ ਤਾਂ ਪੜ੍ਹਾਈ ਲਿਖਾਈ ਦੇ ਨਾਲ ਜ਼ੋਰ ਲੁਆਉਣ ਵਾਲੀਆਂ ਖੇਡਾਂ ਖੇਡ ਕੇ ਕੈਰੀਅਰ ਹੋਰ ਵੀ ਚੰਗਾ ਬਣ ਸਕਦੈ। ਅਜਿਹੇ ਸੁਆਲ ਅਕਸਰ ਪੁੱਛੇ ਜਾਂਦੇ ਨੇ ਕਿ ਬੱਚਿਆਂ ਨੂੰ ਕਿਹੜੀਆਂ ਖੇਡਾਂ ਵਿਚ ਪਾਈਏ? ਖੇਡਾਂ ਬਹੁਤ ਹਨ ਤੇ ਹਰ ਖੇਡ ਦੀ ਆਪਣੀ ਅਹਿਮੀਅਤ ਹੈ। ਕਈ ਖੇਡਾਂ ਨਿਰੀਆਂ ਦਿਮਾਗੀ ਹੁੰਦੀਆਂ ਹਨ ਤੇ ਕਈ ਦਿਮਾਗੀ ਹੋਣ ਦੇ ਨਾਲ ਜਿਸਮਾਨੀ ਵੀ ਹੁੰਦੀਆਂ ਹਨ। ਬੱਚਿਆਂ ਨੂੰ ਦੋਹਾਂ ਤਰ੍ਹਾਂ ਦੀਆਂ ਖੇਡਾਂ ਪਸੰਦ ਹਨ। ਅਖਬਾਰੀ ਬੁਝਾਰਤਾਂ, ਕੰਪਿਊਟਰ ਤੇ ਆਈ ਪੌਡ ਆਦਿ ਦੀਆਂ ਖੇਡਾਂ ਨਿਰੋਲ ਦਿਮਾਗੀ ਹਨ। ਜਿਸਮ ਦਾ ਇਨ੍ਹਾਂ ਵਿਚ ਕੋਈ ਜ਼ੋਰ ਨਹੀਂ ਲੱਗਦਾ ਜਿਸ ਕਰਕੇ ਸਰੀਰਕ ਕਸਰਤ ਨਹੀਂ ਹੁੰਦੀ। ਆਮ ਵੇਖਿਆ ਗਿਐ ਕਿ ਜਿਹੜੇ ਬੱਚੇ ਸਰੀਰਕ ਜ਼ੋਰ ਲੁਆਉਣ ਵਾਲੀਆਂ ਖੇਡਾਂ ਨਹੀਂ ਖੇਡਦੇ ਉਹ ਸਿਹਤ ਪੱਖੋਂ ਕਮਜ਼ੋਰ ਰਹਿ ਜਾਂਦੇ ਨੇ ਤੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਨੇ। ਉਨ੍ਹਾਂ ਨੂੰ ਨਾ ਪੂਰੀ ਭੁੱਖ ਲੱਗਦੀ ਹੈ ਤੇ ਨਾ ਪੂਰੀ ਨੀਂਦ ਆਉਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਕੁਦਰਤੀ ਜਜ਼ਬੇ ‘ਨੱਚਣ ਕੁੱਦਣ ਮਨ ਕਾ ਚਾਓ’ ਅਨੁਸਾਰ ਬੱਚਿਆਂ ਨੂੰ ਦੌੜਨ ਕੁੱਦਣ ਵਾਲੀਆਂ ਖੇਡਾਂ ਖੇਡਣ ਦੇ ਵੀ ਮੌਕੇ ਦਿੱਤੇ ਜਾਣ। ਬੱਚਿਆਂ ਦੀ ਬਿਹਤਰ ਸਿਹਤ ਤੇ ਚੰਗੇ ਕੈਰੀਅਰ ਬਣਾਉਣ ਲਈ ਸੰਤੁਲਤ ਪਹੁੰਚ ਅਪਨਾਉਣ ਦੀ ਲੋੜ ਹੈ ਨਾ ਕਿ ਇਕੋ ਪਾਸੇ ਉਲਾਰ ਹੋਣ ਦੀ। ਹੁਣ ਤਾਂ ਜੋæਰ ਵਾਲੀਆਂ ਖੇਡਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਲਈ ਵਜ਼ੀਫੇ ਵੀ ਹਨ, ਵਿਸ਼ੇਸ਼ ਕੋਰਸਾਂ ਵਿਚ ਦਾਖਲੇ ਲਈ ਰਿਜ਼ਰਵ ਸੀਟਾਂ ਵੀ ਤੇ ਮਹਿਕਮਿਆਂ ਵਿਚ ਰਾਖਵੀਆਂ ਨੌਕਰੀਆਂ ਵੀ। ਹੁਣ ਖੇਡਾਂ ਵਿਚ ਲੱਖਾਂ ਨਹੀਂ ਕਰੋੜਾਂ ਦੇ ਇਨਾਮ ਹਨ ਤੇ ਮਾਨ ਸਨਮਾਨ ਵਾਧੂ ਦੇ। ਕੋਈ ਅੱਗੇ ਵਧ ਕੇ ਤਾਂ ਵਿਖਾਵੇ!
ਬੱਚਿਆਂ ਨੂੰ ਖੇਡਾਂ ਵਿਚ ਪਾਉਣ ਲਈ ਕੋਈ ਬਹੁਤਾ ਤਰੱਦਦ ਵੀ ਨਹੀਂ ਕਰਨਾ ਪੈਂਦਾ ਕਿਉਂਕਿ ਉਨ੍ਹਾਂ ਵਿਚ ਖੇਡਾਂ ਖੇਡਣ ਦੀ ਖਿੱਚ ਕੁਦਰਤੀ ਹੁੰਦੀ ਹੈ। ਦਿਮਾਗੀ ਖੇਡਾਂ ਲਈ ਵੀ ਤੇ ਸਰੀਰਕ ਖੇਡਾਂ ਲਈ ਵੀ। ਮੈਥੋਂ ਅਕਸਰ ਪੁੱਛਿਆ ਜਾਂਦੈ ਕਿ ਬੱਚਿਆਂ ਨੂੰ ਫਿਰ ਕਿਹੜੀਆਂ ਸਰੀਰਕ ਖੇਡਾਂ ਵਿਚ ਪਾਈਏ? ਅੱਜ ਕੱਲ੍ਹ ਕਿਹੜੀ ਖੇਡ ਦੀ ਕਦਰ ਵੱਧ ਹੈ? ਕਿਹੜੀ ਖੇਡ ‘ਚ ਬੱਚੇ ਦਾ ਕੈਰੀਅਰ ਵਧੀਆ ਬਣ ਸਕਦੈ? ਆਮ ਵੇਖਿਆ ਜਾਂਦੈ ਕਿ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਕੋਰਸਾਂ ਦੀ ਚੋਣ ਵੀ ਇਹ ਵੇਖ ਕੇ ਕਰਦੇ ਨੇ ਕਿ ਕਿਸ ਕੋਰਸ ਦੀ ਵਧੇਰੇ ਕਦਰ ਹੈ? ਮਤਲਬ ਕਿਹੜਾ ਕੋਰਸ ਕਰਨ ਨਾਲ ਚੰਗੀ ਨੌਕਰੀ ਮਿਲ ਸਕਦੀ ਹੈ? ਬੱਚੇ ਦੀ ਰੁਚੀ ਵੇਖਣ ਦੀ ਥਾਂ ਅਕਸਰ ਏਹੋ ਆਖਿਆ ਜਾਂਦੈ, “ਰੁਚੀ-ਰਚੀ ਨੂੰ ਛੱਡੋ ਜੀ, ਬੱਚੇ ਦਾ ਕੈਰੀਅਰ ਦੇਖੋ, ਫਿਊਚਰ ਦੇਖੋæææ।” ਪੜ੍ਹਾਈ ਹੋਵੇ ਜਾਂ ਖੇਡ, ਬੱਚੇ ਦੀ ਰੁਚੀ ਦੇ ਉਲਟ ਚੱਲਣ ਨਾਲ ਨਤੀਜਾ ਉਮੀਦ ਦੇ ਉਲਟ ਈ ਨਿਕਲਦੈ।
ਬੱਚੇ ਦੀ ਜਿਸ ਖੇਡ ਵਿਚ ਰੁਚੀ ਨਾ ਹੋਵੇ ਜਾਂ ਬੱਚੇ ਦਾ ਜੁੱਸਾ ਉਸ ਖੇਡ ਦੇ ਅਨੁਕੂਲ ਨਾ ਹੋਵੇ ਤਾਂ ਉਸ ਖੇਡ ਵਿਚ ਪਾਇਆ ਬੱਚਾ ਚੰਗੇ ਨਤੀਜੇ ਨਹੀਂ ਦੇ ਸਕਦਾ। ਚਾਹੁਣ ਨੂੰ ਤਾਂ ਸਭ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਿਰੇ ਦਾ ਖਿਡਾਰੀ ਹੋਵੇ ਤੇ ਏਸ਼ੀਆ ਜਾਂ ਓਲੰਪਿਕ ਖੇਡਾਂ ਦਾ ਚੈਂਪੀਅਨ ਬਣੇ। ਬਣ ਵੀ ਸਕਦੈ ਪਰ ਇਹਦੇ ਲਈ ਹਾਲਾਤ ਵੇਖਣੇ ਚਾਹੀਦੇ ਨੇ ਤੇ ਬੱਚੇ ਦੀ ਸਰੀਰਕ ਸਮਰੱਥਾ ਦਾ ਵੀ ਅੰਦਾਜ਼ਾ ਲਾਉਣਾ ਚਾਹੀਦੈ। ਖੇਡਾਂ ਵਿਚ ਵਿਕਸਤ ਮੁਲਕਾਂ ਨੇ ਐਸੇ ਟੈਸਟ ਵਿਕਸਤ ਕਰ ਲਏ ਨੇ ਜਿਨ੍ਹਾਂ ਰਾਹੀਂ ਬੱਚੇ ਦੀ ਕਿਸੇ ਖੇਡ ਲਈ ਸਮਰੱਥਾ ਅੰਕ ਲਈ ਜਾਂਦੀ ਹੈ। ਫਿਰ ਉਸ ਨੂੰ ਮੁੱਢ ਤੋਂ ਹੀ ਉਤਮ ਖੇਡ ਸਿਖਲਾਈ ਦੇ ਕੇ ਮਨਇੱਛਤ ਨਤੀਜੇ ਹਾਸਲ ਕੀਤੇ ਜਾਂਦੇ ਹਨ। ਪਹਿਲਾਂ ਸੋਵੀਅਤ ਰੂਸ ਨੇ ਤੇ ਫਿਰ ਚੀਨ ਨੇ ਅਜਿਹਾ ਕੀਤਾ ਹੈ ਤੇ ਉਲੰਪਿਕ ਖੇਡਾਂ ਵਿਚ ਸਭ ਤੋਂ ਵੱਧ ਮੈਡਲ ਜਿੱਤ ਵਿਖਾਏ ਹਨ।
ਕਿਸੇ ਨੂੰ ਅਥਲੈਟਿਕਸ, ਕਿਸੇ ਨੂੰ ਤੈਰਾਕੀ, ਕਿਸੇ ਨੂੰ ਕੁਸ਼ਤੀ, ਮੁੱਕੇਬਾਜ਼ੀ, ਕਿਸੇ ਨੂੰ ਸ਼ੂਟਿੰਗ, ਬੈਡਮਿੰਟਨ, ਟੈਨਿਸ, ਵੇਟਲਿਫਟਿੰਗ, ਗੱਲ ਕੀ ਵਿਦਿਆਰਥੀ ਦੀ ਪ੍ਰਤਿਭਾ ਤੇ ਸੌਖ ਨਾਲ ਮਿਲਣ ਵਾਲੀ ਸਹੂਲਤ ਨੂੰ ਵੇਖਦਿਆਂ ਕਿਸੇ ਵੀ ਖੇਡ ਵਿਚ ਪਾਇਆ ਜਾ ਸਕਦੈ। ਲੰਮੇ ਕੱਦ ਵਾਲਿਆਂ ਲਈ ਬਾਸਕਟਬਾਲ ਤੇ ਵਾਲੀਬਾਲ, ਮਧਰੇ ਕੱਦ ਵਾਲਿਆਂ ਲਈ ਜਿਮਨਾਸਟਿਕਸ, ਹੌਲੇ ਵਜ਼ਨ ਵਾਲਿਆਂ ਲਈ ਛਾਲਾਂ ਤੇ ਲੰਮੀਆਂ ਦੌੜਾਂ ਅਤੇ ਕੱਦਾਵਰ ਭਾਰੇ ਵਜ਼ਨ ਵਾਲਿਆਂ ਲਈ ਗੋਲਾ ਡਿਸਕਸ ਵਰਗੀਆਂ ਸੁੱਟਾਂ ਵਧੇਰੇ ਜੱਚਵੀਆਂ ਹਨ। ਕੋਸ਼ਿਸ਼ ਹੋਵੇ ਕਿ ਕਿਸੇ ਵੀ ਖੇਡ ਦੀ ਮੁਢਲੀ ਸਿਖਲਾਈ ਮਾਹਿਰ ਕੋਚ ਤੋਂ ਮਿਲੇ ਤਾਂ ਕਿ ਖੇਡਣ ਦੀ ਕੋਈ ਗਲਤ ਆਦਤ ਨਾ ਪੱਕੇ। ਜਦੋਂ ਕਿਸੇ ਨੂੰ ਅਜਿਹੀ ਖੇਡ ਵਿਚ ਪਾਉਂਦੇ ਹਾਂ ਜਿਸ ਅਨੁਸਾਰ ਉਹਦਾ ਜੁੱਸਾ ਹੀ ਨਹੀਂ ਹੁੰਦਾ ਤਾਂ ਉਹ ਉਸ ਖੇਡ ਦੇ ਸਿਖਰ ਉਤੇ ਨਹੀਂ ਪੁੱਜ ਸਕਦਾ। ਮੇਰਾ ਆਪਣਾ ਜੁੱਸਾ ਗੋਲਾ ਸੁੱਟਣ ਵਾਲਾ ਨਹੀਂ ਸੀ ਜਿਸ ਕਰਕੇ ਮੈਂ ਯੂਨੀਵਰਸਿਟੀ ਦਾ ਚੈਂਪੀਅਨ ਬਣਨ ਤੋਂ ਅੱਗੇ ਨਾ ਵਧ ਸਕਿਆ। ਜੇਕਰ ਜੈਵਲਿਨ ਸੁੱਟਣ ਲੱਗਦਾ ਤਾਂ ਸੰਭਵ ਸੀ ਨਤੀਜਾ ਬਿਹਤਰ ਦਿੰਦਾ।
ਬੱਚੇ ਲਈ ਖੇਡ ਦੀ ਚੋਣ ਕਰਨੀ ਬੇਸ਼ਕ ਖੇਡ ਮਾਹਿਰਾਂ ਦਾ ਕੰਮ ਹੈ ਪਰ ਬੱਚੇ ਨੂੰ ਖੇਡਾਂ ਵਿਚ ਪਾਉਣਾ ਤਾਂ ਹਰ ਮਾਪੇ ਤੇ ਸਕੂਲ ਦੀ ਜ਼ਿੰਮੇਵਾਰੀ ਹੈ। ਜੇਕਰ ਮਾਪੇ ਆਪਣੇ ਬੱਚਿਆਂ ਨੂੰ ਤਕੜੇ, ਨਰੋਏ ਤੇ ਖੁਸ਼ ਵੇਖਣਾ ਚਾਹੁੰਦੇ ਹਨ, ਖੇਡਾਂ ਰਾਹੀਂ ਕਿੱਤਾਕਾਰੀ ਕੋਰਸਾਂ ਦੀਆਂ ਖਿਡਾਰੀ-ਵਿਦਿਆਰਥੀਆਂ ਵਾਲੀਆਂ ਸੀਟਾਂ ਲੈਣੀਆਂ ਲੋਚਦੇ ਹਨ, ਖੇਡਾਂ ਦੇ ਸਿਰ ‘ਤੇ ਨੌਕਰੀਆਂ ਅਤੇ ਨਾਂ ਤੇ ਨਾਵਾਂ ਕਮਾਉਣਾ ਚਾਹੁੰਦੇ ਹਨ ਤਾਂ ਬੱਚਿਆਂ ਦੀ ਪੜ੍ਹਾਈ ਲਿਖਾਈ ਕਰਾਉਣ ਦੇ ਨਾਲ ਉਨ੍ਹਾਂ ਨੂੰ ਖੇਡਾਂ ਵਿਚ ਵੀ ਪਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕਿਸੇ ਵੀ ਮੁਲਕ ਜਾਂ ਕੌਮ ਦੀ ਅਗਲੀ ਪੀੜ੍ਹੀ ਕਿਸੇ ਵੀ ਕੰਮ ਲਈ ਵਧੇਰੇ ਫਿੱਟ ਰੱਖੀ ਜਾ ਸਕਦੀ ਹੈ। ਫਿੱਟ ਜੁੱਸੇ ਨਾਲ ਦੀ ਰੀਸ ਨਹੀਂ। ਸਿਆਣਿਆਂ ਨੇ ‘ਹੈਲਥ ਇਜ਼ ਵੈਲਥ’ ਐਵੇਂ ਨਹੀ ਕਿਹਾ।

Be the first to comment

Leave a Reply

Your email address will not be published.