ਚੰਡੀਗੜ੍ਹ: ਕਿਸਾਨ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਛੇੜੇ ਅੰਦੋਲਨ ਦੌਰਾਨ ਕਾਰਪੋਰੇਟਾਂ ਨੂੰ ਨਿਸ਼ਾਨੇ ‘ਤੇ ਰੱਖਿਆ ਜਾ ਰਿਹਾ ਹੈ ਅਤੇ ਕਾਰਪੋਰੇਟ ਅਦਾਰਿਆਂ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਗਿਆ ਹੈ, ਪਰ ਸਰਕਾਰਾਂ ਤੇ ਸਿਆਸੀ ਆਗੂਆਂ ਦੀ ਕਾਰਪੋਰੇਟਾਂ ਨਾਲ ਲਿਹਾਜ਼ਦਾਰੀ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸਿਆਸੀ ਲੋਕ ਨਿੱਜੀ ਜਾਇਦਾਦਾਂ ਕਾਰਪੋਰੇਟਾਂ ਨੂੰ ਕਿਰਾਏ ‘ਤੇ ਦੇ ਕੇ ਹੱਥ ਰੰਗਦੇ ਹਨ ਜਦਕਿ ਸਰਕਾਰੀ ਜਾਇਦਾਦ ਨੂੰ ਮਿੱਟੀ ਦੇ ਭਾਅ ਕਾਰਪੋਰੇਟਾਂ ਹਵਾਲੇ ਕਰ ਦਿੱਤਾ ਜਾਂਦਾ ਹੈ।
ਅਮਰੀਕੀ ਕੰਪਨੀ ਦੇ ਖੁੱਲ੍ਹੇ ਗੱਫੇ ਨੇ ਪੰਜਾਬ ਦੇ ਇਕ ਵੱਡੇ ਘਰਾਣੇ ਨੂੰ ਨਿਹਾਲ ਕਰ ਦਿੱਤਾ ਹੈ। ਬਹੁਕੌਮੀ ਕੰਪਨੀ ਵਾਲਮਾਰਟ ਵੱਲੋਂ ਇਸ ਸਿਆਸੀ ਘਰਾਣੇ ਨੂੰ ਸਾਲਾਨਾ 7.77 ਕਰੋੜ ਰੁਪਏ ਕਿਰਾਇਆ ਦਿੱਤਾ ਜਾ ਰਿਹਾ। ਮਤਲਬ ਕਿ ਇਸ ਘਰਾਣੇ ਦੀ ਪੁਰਾਣੀ ਕੰਪਨੀ ਨੂੰ ਰੋਜ਼ਾਨਾ ਦਾ ਔਸਤਨ 2.12 ਲੱਖ ਰੁਪਏ ਕਿਰਾਇਆ ਮਿਲ ਰਿਹਾ ਹੈ। ‘ਤਾਜ ਟਰੈਵਲਜ਼ ਪ੍ਰਾਈਵੇਟ ਲਿਮਟਿਡ` ਵੱਲੋਂ ਬਠਿੰਡਾ-ਚੰਡੀਗੜ੍ਹ ਕੌਮੀ ਸੜਕ ਮਾਰਗ `ਤੇ (ਭੁੱਚੋ ਮੰਡੀ ਲਾਗੇ) 7 ਕਨਾਲ 7 ਮਰਲੇ ਜਗ੍ਹਾ (ਕਰੀਬ 40 ਹਜ਼ਾਰ ਵਰਗ ਫੁੱਟ) ਵਾਲਾ ਕੰਪਲੈਕਸ ‘ਵਾਲਮਾਰਟ ਇੰਡੀਆ ਪ੍ਰਾਈਵੇਟ ਲਿਮਟਿਡ` ਨੂੰ 30 ਵਰ੍ਹਿਆਂ ਲਈ ਲੀਜ `ਤੇ ਦਿੱਤਾ ਹੋਇਆ ਹੈ। ਜੁਆਇੰਟ ਸਬ ਰਜਿਸਟਰਾਰ ਨਥਾਣਾ ਦੇ ਦਫਤਰ ਵਿਚ ਇਹ ਲੀਜ ਡੀਡ ਵਸੀਕਾ ਨੰਬਰ 1352 ਮਿਤੀ 6 ਅਗਸਤ 2014 ਨੂੰ ਰਜਿਸਟਰਡ ਹੋਈ।
ਕਰੀਬ ਇਕ ਏਕੜ ਤੋਂ ਘੱਟ ਇਸ ਜਗ੍ਹਾ ਦਾ ‘ਤਾਜ ਟਰੈਵਲਜ਼` ਨੂੰ ਲੰਘੇ ਛੇ ਵਰ੍ਹਿਆਂ ਵਿੱਚ 46.62 ਕਰੋੜ ਰੁਪਏ ਕਿਰਾਇਆ ਪ੍ਰਾਪਤ ਹੋ ਚੁੱਕਾ ਹੈ। ਲੀਜ਼ ਦੀ ਮਿਆਦ ਵਾਲੇ 30 ਵਰ੍ਹਿਆਂ ਵਿਚ ਇਸ ਕੰਪਲੈਕਸ ਦੇ ਕਿਰਾਏ ਵਜੋਂ ਵੱਡੇ ਘਰਾਣੇ ਨੂੰ ਵਾਲਮਾਰਟ ਤੋਂ 233.10 ਕਰੋੜ ਰੁਪਏ ਕਿਰਾਇਆ ਮਿਲੇਗਾ। ‘ਤਾਜ ਟਰੈਵਲਜ਼ ਲਿਮਟਿਡ` ਦਾ ਜੋ ਮੈਨੇਜਿੰਗ ਡਾਇਰੈਕਟਰ ਹੈ, ਉਹ ਔਰਬਿਟ ਰਿਜੌਰਟ ਦਾ ਐਮ.ਡੀ ਅਤੇ ਔਰਬਿਟ ਐਵੀਏਸ਼ਨ, ਡੱਬਵਾਲੀ ਟਰਾਂਸਪੋਰਟ, ਇੰਡੋ ਕੈਨੇਡੀਅਨ ਟਰਾਂਸਪੋਰਟ ਕੰਪਨੀ ਸਮੇਤ 14 ਕੰਪਨੀਆਂ ਦਾ ਡਾਇਰੈਕਟਰ ਵੀ ਹੈ। ‘ਤਾਜ ਟਰੈਵਲਜ਼ ਪ੍ਰਾਈਵੇਟ ਲਿਮਟਿਡ` ਦਾ ਇਕ ਡਾਇਰੈਕਟਰ ਦੂਸਰੀ ਹੋਰ ਕੰਪਨੀ ‘ਸਰਾਇਆ ਐਵੀਏਸ਼ਨ` ਵਿਚ ਗੁਰਮੇਹਰ ਸਿੰਘ ਮਜੀਠੀਆ ਦੇ ਨਾਲ ਡਾਇਰੈਕਟਰ ਹੈ। ਤਾਜ ਟਰੈਵਲਜ਼ ਦਾ ਦੂਸਰਾ ਡਾਇਰੈਕਟਰ ‘ਔਰਬਿਟ ਰਿਜੌਰਟ` ਅਤੇ ‘ਇੰਡੋ ਕੈਨੇਡੀਅਨ ਕੰਪਨੀ` ਸਮੇਤ 11 ਹੋਰ ਕੰਪਨੀਆਂ ਵਿੱਚ ਵੀ ਡਾਇਰੈਕਟਰ ਹੈ।
ਵੇਰਵਿਆਂ ਅਨੁਸਾਰ ਵਾਲਮਾਰਟ ਦੇ ਪੰਜਾਬ ਵਿਚ ‘ਬੈਸਟ ਪ੍ਰਾਈਸ ਮਾਡਰਨ ਹੌਲਸੇਲ` ਦੇ ਨਾਂ ਹੇਠ ਪੰਜ ਕੰਪਲੈਕਸ ਹਨ। ਮੌਜੂਦਾ ਕੈਪਟਨ ਸਰਕਾਰ ਨਾਲ ਵਾਲਮਾਰਟ ਨੇ ਜੂਨ 2017 ਵਿੱਚ ਪੰਜਾਬ ਵਿੱਚ 10 ਹੋਰ ‘ਬੈਸਟ ਪ੍ਰਾਈਸ` ਖੋਲ੍ਹਣ ਦੇ ਐਮ.ਓ.ਯੂ. `ਤੇ ਦਸਤਖਤ ਵੀ ਕੀਤੇ ਹਨ। ਪੰਜਾਬ ਦੇ ਸਿਆਸੀ ਘਰਾਣੇ ਦੇ ਰਿਲਾਇੰਸ ਇੰਫੋਟੈੱਕ ਅਤੇ ਰਿਲਾਇੰਸ ਇੰਡਸਟਰੀਜ਼ ਨਾਲ ਦੋ ਹੋਰ ਰੈਂਟਲ ਐਗਰੀਮੈਂਟ ਹਨ। ਭਾਵੇਂ ਇਸ `ਚ ਕੁਝ ਵੀ ਗੈਰਕਾਨੂੰਨੀ ਨਹੀਂ, ਪਰ ਲੋਕ ਨੇਤਾ ਵਜੋਂ ਵਿਚਰਨ ਵਾਲਿਆਂ `ਤੇ ਉਂਗਲ ਉੱਠਣੀ ਸੁਭਾਵਿਕ ਹੈ। ਖਾਸ ਕਰਕੇ ਉਦੋਂ ਜਦੋਂ ਕਾਰਪੋਰੇਟਾਂ ਦੀ ਲੁੱਟ ਦਾ ਰੌਲਾ ਕਿਸਾਨ ਜ਼ੋਰ-ਸ਼ੋਰ ਨਾਲ ਪਾ ਰਹੇ ਹੋਣ। ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਦੀ ਕਰੀਬ 1,300 ਏਕੜ ਜ਼ਮੀਨ `ਤੇ ਡਰੱਗ ਪਾਰਕ ਸਥਾਪਤ ਕਰਨਾ ਹੈ। ਸੂਬਾ ਸਰਕਾਰ ਵੱਲੋਂ ਹਾਲ ਹੀ ਵਿਚ ਇਹ ਜ਼ਮੀਨ ਇਕ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲੀਜ਼ ਦੇਣ ਦੀ ਪ੍ਰਾਈਵੇਟ ਕੰਪਨੀਆਂ ਨੂੰ ਪੇਸ਼ਕਸ਼ ਕੀਤੀ ਗਈ ਹੈ।
___________________________
ਸਨਅਤਕਾਰਾਂ ਦਾ 2.37 ਲੱਖ ਕਰੋੜ ਦਾ ਕਰਜ਼ਾ ਮੁਆਫ!
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਕੁਝ ਸਨਅਤਕਾਰਾਂ ਦਾ 2.37 ਲੱਖ ਕਰੋੜ ਰੁਪਏ ਦਾ ਕਰਜਾ ਮੁਆਫ ਕੀਤਾ ਹੈ ਜਦਕਿ ਇੰਨੀ ਰਕਮ ਨਾਲ ਦੇਸ਼ ਦੇ 11 ਹਜ਼ਾਰ ਕਰੋੜ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਸਕਦੀ ਸੀ। ਉਨ੍ਹਾਂ ਟਵੀਟ ਕੀਤਾ, ‘2,37,876 ਕਰੋੜ ਰੁਪਏ ਦਾ ਕਰਜਾ ਇਸ ਸਾਲ ਮੋਦੀ ਸਰਕਾਰ ਨੇ ਕੁਝ ਸਨਅਤਕਾਰਾਂ ਨੂੰ ਮੁਆਫ ਕੀਤਾ ਹੈ। ਇਸ ਰਕਮ ਨਾਲ ਕੋਵਿਡ-19 ਦੇ ਮੁਸ਼ਕਿਲ ਸਮੇਂ `ਚ 11 ਕਰੋੜ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦਿੱਤੇ ਜਾ ਸਕਦੇ ਸਨ।` ਉਨ੍ਹਾਂ ਵਿਅੰਗ ਕੀਤਾ, ‘ਇਹੀ ਮੋਦੀ ਜੀ ਦੇ ਵਿਕਾਸ ਦੀ ਅਸਲੀਅਤ ਹੈ।`